ਕਿਸਾਨ ਸੰਘਰਸ਼ ਨੇ ਪੰਜਾਬ ਦੀ ਜਵਾਨੀ ਬਾਰੇ ਪਏ ਸਭ ਭੁਲੇਖੇ ਦੂਰ ਕੀਤੇ

ਨਵੀਂ ਦਿੱਲੀ: ਪਿਛਲੇ 3 ਮਹੀਨਿਆਂ ਤੋਂ ਕਿਸਾਨ ਜਥੇਬੰਦੀਆਂ ਵਲੋਂ ਵਿੱਢੇ ਸੰਘਰਸ਼ ਦੀ ਚਰਚਾ ਜਿਥੇ ਕੌਮਾਂਤਰੀ ਪੱਧਰ ਉਤੇ ਹੋ ਰਹੀ ਹੈ, ਉਥੇ ਹੀ ਖਾਸ ਕਰਕੇ ਇਸ ਘੋਲ ‘ਚ ਨੌਜਵਾਨਾਂ ਵਲੋਂ ਨਿਭਾਈ ਗਈ ਅਹਿਮ ਭੂਮਿਕਾ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਥੋਂ ਤੱਕ ਕਿ ਸਰਕਾਰ ਨਾਲ ਸਬੰਧਤ ਲੋਕਾਂ ਨੇ ਵੀ ਅਨੁਸ਼ਾਸਿਤ ਕਿਸਾਨ ਅੰਦੋਲਨ ਦੀ ਸੂਝਬੂਝ ਤੇ ਜੋਸ਼ੀਲੇਪਣ ਦਾ ਪ੍ਰਭਾਵ ਕਬੂਲਿਆ ਹੈ। ਪਿਛਲੇ ਕੁਝ ਸਾਲਾਂ ਤੋਂ ਨਸ਼ਈ ਦੱਸੀ ਜਾ ਰਹੀ ਪੰਜਾਬ ਦੀ ਜਵਾਨੀ ਨੇ ਲੋਕਾਂ ਦੇ ਸਾਰੇ ਭੁਲੇਖੇ ਦੂਰ ਕਰ ਦਿੱਤੇ ਹਨ ਕਿ ਸਮਾਂ ਆਉਣ ਉਤੇ ਉਹ ਹਿੱਕਾਂ ਡਾਹੁਣਾ ਵੀ ਜਾਣਗੇ ਹਨ।

ਦਿੱਲੀ ਚਲੋ ਦੀ ਲਾਮਬੰਦੀ ਤੋਂ ਹੀ ਨੌਜਵਾਨ ਵਰਗ ਪਿੰਡਾਂ ‘ਚੋਂ ਲੋਕਾਂ ਨੂੰ ਆਪਣੇ ਹੱਕਾਂ ਦੀ ਰਾਖੀ ਲਈ ਸਰਕਾਰਾਂ ਖਿਲਾਫ ਡਟਣ ਦਾ ਹਲੂਣਾ ਦਿੰਦਾ ਹੋਇਆ ਨਜ਼ਰ ਆਇਆ ਤਾਂ ਲੱਖਾਂ ਦੀ ਤਾਦਾਦ ਵਿਚ ਆਪ ਮੁਹਾਰੇ ਹੀ ਨੌਜਵਾਨ ਟਰੈਕਟਰ-ਟਰਾਲੀਆਂ ਰਾਹੀਂ ਬੱਚੇ, ਬਜ਼ੁਰਗ ਤੇ ਮਾਤਾਵਾਂ ਨੂੰ ਨਾਲ ਲੈ ਕੇ ਬਿਨਾਂ ਕਿਸੇ ਡਰ ਦੇ ਦਿੱਲੀ ਨੂੰ ਚਾਲੇ ਪਾ ਦਿੱਤੇ। ਹਰਿਆਣਾ ਦੀ ਸਰਕਾਰ ਵਲੋਂ ਵਿਛਾਈ ਗਈ ਕੰਡਿਆਂ ਦੀ ਸੇਜ ਨੂੰ ਨੌਜਵਾਨਾਂ ਨੇ ਜੁਝਾਰੂਪਨ ਅਤੇ ਜੋਸ਼ੀਲੇਪਨ ਨਾਲ ਸਮੇਟਦੇ ਹੋਏ ਮਿਥੇ ਗਏ ਟੀਚੇ ਮੁਤਾਬਕ ਦਿੱਲੀ ਸਰਹੱਦ ਵਿਖੇ ਮੁਕੰਮਲ ਨਾਕਾਬੰਦੀ ਕਰ ਦਿੱਤੀ। ਅੰਦੋਲਨ ਦੌਰਾਨ ਨੌਜਵਾਨ ਕਿਸਾਨਾਂ ਦਾ ਹੀ ਜੋਸ਼ ਅਤੇ ਉਤਸ਼ਾਹ ਸੀ ਕਿ ਹਰਿਆਣਾ ਸਰਕਾਰ ਦੀਆਂ ਗੋਡਣੀਆਂ ਲਵਾਉਂਦੇ ਹੋਏ ਦਿੱਲੀ ਨੂੰ ਘੇਰਣ ਵਿਚ ਕਾਮਯਾਬ ਹੋ ਗਏ। ਸਿੰਘੂ ਸਰਹੱਦ ਤੋਂ ਇਲਾਵਾ ਹੋਰਨਾਂ ਮੋਰਚਿਆਂ ਤੇ ਡਟੇ ਨੌਜਵਾਨਾਂ ਵਲੋਂ ਜ਼ਾਬਤੇ ਦਾ ਜ਼ਬਰਦਸਤ ਨਮੂਨਾ ਪੇਸ਼ ਕੀਤਾ ਜਾ ਰਿਹਾ ਹੈ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਲੋਂ ਦਿੱਤੀਆਂ ਜਾ ਰਹੀਆਂ ਹਦਾਇਤਾਂ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਜਾ ਰਿਹਾ ਹੈ, ਜਿਸ ਦਾ ਨਤੀਜਾ ਹੈ ਕਿ ਜੋਸ਼ ਦੇ ਨਾਲ ਹੋਸ਼ ਦੇ ਸੁਮੇਲ ਨਾਲ ਪੰਜਾਬ ਤੋਂ ਸੂਬਾ ਪੱਧਰੀ ਸ਼ੁਰੂ ਹੋਇਆ ਅੰਦੋਲਨ ਕੌਮਾਂਤਰੀ ਪੱਧਰ ਉਤੇ ਆਪਣਾ ਦਬਦਬਾ ਕਾਇਮ ਕਰ ਚੁੱਕਾ ਹੈ।
ਜਿਵੇਂ-ਜਿਵੇਂ ਦਿਨ ਬਤੀਤ ਹੁੰਦੇ ਜਾ ਰਹੇ ਹਨ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਹੌਸਲੇ ਬੁਲੰਦ ਹੋ ਰਹੇ ਹਨ ਅਤੇ ਕੜਾਕੇ ਦੀਆਂ ਠੰਢੀਆਂ ਰਾਤਾਂ ਵਿਚ ਖੁੱਲ੍ਹੇ ਅਸਮਾਨ ਹੇਠ ਸੜਕਾਂ ਫੁੱਟਪਾਥਾਂ ਉਤੇ ਸੌ ਕੇ ਵੀ ਕਿਸਾਨਾਂ, ਮਜ਼ਦੂਰਾਂ ਦਾ ਆਤਮ ਵਿਸ਼ਵਾਸ ਸਿਖਰਾਂ ਉਪਰ ਹੈ।
______________________________________
ਡਾਕਟਰ ਚੁੱਕਣਗੇ ਸੰਘਰਸ਼ੀ ਯੋਧਿਆਂ ਦੇ ਇਲਾਜ ਦਾ ਖਰਚਾ
ਪਟਿਆਲਾ: ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਦੇ ਪਿੜ ‘ਚ ਨਿੱਤਰੇ ਕਿਸਾਨਾਂ ਦੀ ਹਮਾਇਤ ‘ਚ ਸੂਬੇ ਦੇ ਡਾਕਟਰ ਵੀ ਸਿੱਧੇ ਅਤੇ ਅਸਿੱਧੇ ਰੂਪ ‘ਚ ਯੋਗਦਾਨ ਪਾਉਣ ਲਈ ਲਾਮਬੰਦ ਹੋ ਰਹੇ ਹਨ। ਇਸ ਕਾਰਜ ਲਈ ਪਟਿਆਲਾ ਦੇ ਐਲੋਪੈਥਿਕ ਡਾਕਟਰਾਂ ਨੇ ਡਾਕਟਰਜ਼ ਫਾਰ ਫਾਰਮਰਜ਼ ਨਾਮ ਦਾ ਗਰੁੱਪ ਬਣਾਇਆ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਦੇ ਸਾਬਕਾ ਮੀਤ ਪ੍ਰਧਾਨ ਅਤੇ ਫੌਰੈਂਸਿਕ ਮਾਹਰ ਡਾ. ਡੀ.ਐਸ਼ ਭੁੱਲਰ ਨੂੰ ਇਸ ਗਰੁੱਪ ਦਾ ਆਰਜ਼ੀ ਕਨਵੀਨਰ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜੇਕਰ ਸੰਘਰਸ਼ ਵਿਚ ਭਾਗ ਲੈ ਰਹੇ ਕਿਸੇ ਵੀ ਕਿਸਾਨ ਨੂੰ ਕਿਸੇ ਕਾਰਨ ਡਾਕਟਰੀ ਸਹਾਇਤਾ ਦੀ ਲੋੜ ਪੈਂਦੀ ਹੈ ਤਾਂ ਪੀੜਤ ਕਿਸਾਨ ਦੇ ਸਾਰੇ ਇਲਾਜ ਦਾ ਖਰਚਾ ਡਾਕਟਰਾਂ ਦੇ ਨਵ-ਗਠਿਤ ਗਰੁੱਪ ਵੱਲੋਂ ਉਠਾਇਆ ਜਾਵੇਗਾ।