ਕਿਸਾਨ ਅੰਦੋਲਨ ਨੇ ਵਿਖਾਏ ਪੰਜਾਬੀਆਂ ਦੇ ਸੰਘਰਸ਼ੀ ਰੰਗ

ਨਵੀਂ ਦਿੱਲੀ: ਕੁਰਬਾਨੀਆਂ ਭਰੇ ਇਤਿਹਾਸ ਅਤੇ ਸੰਘਰਸ਼ਸ਼ੀਲ ਪੈਂਡਿਆਂ ਦਾ ਪਾਂਧੀ ਰਿਹਾ ਪੰਜਾਬ ਨਵੀਂ ਸਦੀ ‘ਚ ਕਿਸਾਨ ਅੰਦੋਲਨ ਦੀ ਜਜ਼ਬੇ ਤੇ ਜੋਸ਼ ਭਰਪੂਰ ਅਗਵਾਈ ਕਰਕੇ ਇਕ ਵਾਰ ਫਿਰ ਪ੍ਰਭਾਵਸ਼ਾਲੀ ਸੂਬੇ ਵਜੋਂ ਉਭਰਨ ‘ਚ ਕਾਮਯਾਬ ਹੋਇਆ ਹੈ ਜਿਸ ਨੇ ਸੰਘਰਸ਼ ਦੌਰਾਨ ਕਈ ਦਿਸਹੱਦੇ ਤਾਂ ਸਿਰਜੇ ਹੀ ਹਨ ਸਗੋਂ ਸੂਬੇ ਦੇ ਸੁਨਹਿਰੀ ਭਵਿੱਖ ਦੀ ਆਸ ਵੀ ਪੈਦਾ ਕੀਤੀ ਹੈ।

ਖੇਤੀ ਕਾਨੂੰਨ ਪਾਸ ਹੋਣ ਮਗਰੋਂ ਕੇਂਦਰ ਸਰਕਾਰ ਖਿਲਾਫ ਸੁਚੱਜੇ ਅਤੇ ਸੰਜੀਦਾ ਢੰਗ ਨਾਲ ਪੰਜਾਬ ‘ਚ ਕਿਸਾਨ ਅੰਦੋਲਨ ਦੀ ਜਿਸ ਪ੍ਰਕਾਰ ਨਾਲ ਲਾਮਬੰਦੀ ਹੋਈ ਅਤੇ ਜਜ਼ਬਾ ਦਿਖਾਇਆ ਹੈ, ਉਸ ਨੇ ਇਕ ਵਾਰ ਮੁੜ ਪੰਜਾਬੀਆਂ ਦੀ ਮੂਹਰਲੀ ਭੂਮਿਕਾ ਨੂੰ ਅਸਰਦਾਰ ਤਰੀਕੇ ਨਾਲ ਸਾਬਤ ਕਰ ਦਿੱਤਾ ਹੈ। ਇਸ ਗੱਲ ਦੀ ਪੁਸ਼ਟੀ ਉਤਰ ਪ੍ਰਦੇਸ਼, ਗੁਜਰਾਤ, ਰਾਜਸਥਾਨ, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਹਰਿਆਣਾ, ਉੜੀਸਾ, ਤੇਲੰਗਾਨਾ, ਆਂਧਰਾ ਪ੍ਰਦੇਸ਼ ਆਦਿ ਸੂਬਿਆਂ ਤੋਂ ਆਏ ਕਿਸਾਨ ਆਗੂਆਂ ਤੇ ਹੋਰ ਵਰਗਾਂ ਨਾਲ ਸਬੰਧਤ ਲੋਕਾਂ ਵਲੋਂ ਕੀਤੀ ਗਈ ਹੈ ਕਿ ਪੰਜਾਬ ਦੇ ਇਤਿਹਾਸ ਬਾਰੇ ਸੁਣਿਆ-ਪੜ੍ਹਿਆ ਤਾਂ ਬਹੁਤ ਸੀ ਪਰ ਅੱਖੀਂ ਦੇਖਦੇ ਹੋਏ ਪੰਜਾਬੀਆਂ ਨੇ ਹੰਕਾਰੀ ਹੋਈ ਕੇਂਦਰ ਸਰਕਾਰ ਖਿਲਾਫ ਤਿੱਖੇ ਤੇ ਪ੍ਰਭਾਵਸ਼ਾਲੀ ਸੰਘਰਸ਼ ਦੀ ਅਗਵਾਈ ਕਰਕੇ ਮੁੜ ਉਨ੍ਹਾਂ ਦੇ ਵੱਡੇ ਭਰਾ ਵਜੋਂ ਅਹਿਮ ਭੂਮਿਕਾ ਨਿਭਾਈ ਹੈ। ਘੋਲ ਦੌਰਾਨ ਖੁੱਲ੍ਹੇ ਮਨ ਨਾਲ ਪੰਜਾਬ ਦਾ ਪ੍ਰਭਾਵ ਕਬੂਲ ਕਰਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬੀਆਂ ਨੇ ਹਮੇਸ਼ਾ ਹੀ ਦੇਸ਼ ਨੂੰ ਰਾਹ ਦਿਖਾਇਆ ਤੇ ਸੇਧ ਦਿੱਤੀ ਹੈ ਅਤੇ ਹੁਣ ਕਿਸਾਨ ਅੰਦੋਲਨ ਦੀ ਜਿੱਤ ਯਕੀਨੀ ਬਣਾਉਣ ਲਈ ਇਕ ਵਾਰ ਫਿਰ ਅੱਗੇ ਹੋ ਕੇ ਲੜਾਈ ਲੜੀ ਜਾ ਰਹੀ ਹੈ ਜੋ ਇਤਿਹਾਸ ਦੇ ਪੰਨਿਆਂ ਉੱਪਰ ਦਰਜ ਹੋਵੇਗੀ। ਉਥੇ ਹੀ ਦੂਜੇ ਪਾਸੇ ਕੇਂਦਰ ਸਰਕਾਰ ਵਲੋਂ ਅੰਦੋਲਨ ਨੂੰ ਅਸਰਹੀਣ ਕਰਨ ਲਈ ਗੁੰਦੀ ਗਈ ਵਿਉਂਤ ਤਹਿਤ ਇਕੱਲੇ ਪੰਜਾਬ ਦੇ ਕਿਸਾਨ ਆਗੂਆਂ ਨੇ ਹੀ ਤਵੱਜੋ ਦੇ ਕੇ ਦੇਸ਼ ਪੱਧਰੀ ਘੋਲ ਨੂੰ ਸੂਬਾ ਪੱਧਰ ਉਤੇ ਸਮੇਟਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਸੂਝਵਾਨ ਤੇ ਸਿਆਣੇ ਆਗੂਆਂ ਦੀ ਸਿਆਣਪ ਨਾਲ ਹੋਰਨਾਂ ਸੂਬਿਆਂ ਨੂੰ ਵੀ ਆਪਣੇ ਕਲਾਵੇ ‘ਚ ਲੈ ਕੇ ਪੰਜਾਬ ਦੀਆਂ ਜਥੇਬੰਦੀਆਂ ਨੇ ਭਾਵੇਂ ਸਾਰੇ ਸੂਬਿਆਂ ਨੂੰ ਬਰਾਬਰਤਾ ਦਾ ਅਧਿਕਾਰ ਦਿਵਾਉਂਦੇ ਹੋਏ ਕੇਂਦਰ ਨੂੰ ਮਜਬੂਰ ਕੀਤਾ ਕਿ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਕਿਸਾਨ ਆਗੂਆਂ ਨੂੰ ਲਿਖਤੀ ਸੱਦੇ ਪੱਤਰ ਭੇਜ ਕੇ ਖੇਤੀ ਕਾਨੂੰਨਾਂ ਸਬੰਧੀ ਹੋਣ ਵਾਲੀ ਮੀਟਿੰਗ ‘ਚ ਸ਼ਾਮਲ ਕੀਤਾ ਜਾਵੇ। ਕਿਸਾਨ ਅੰਦੋਲਨ ਦੌਰਾਨ ਦੇਸ਼ ‘ਚ ਵਸਦੇ ਪੰਜਾਬੀ ਤਾਂ ਹੁਣ ਪੂਰੀ ਸਰਗਰਮੀ ਦਿਖਾ ਹੀ ਰਹੇ ਹਨ ਜਦਕਿ ਦੂਜੇ ਪਾਸੇ ਵੱਖ-ਵੱਖ ਮੁਲਕਾਂ ‘ਚ ਵਸੇ ਪ੍ਰਵਾਸੀ ਪੰਜਾਬੀ ਵੀ ਪੂਰੀ ਸੰਜੀਦਗੀ ਨਾਲ ਜਿਥੇ ਕੇਂਦਰ ਸਰਕਾਰ ਖਿਲਾਫ ਰੋਸ ਮੁਜ਼ਾਹਰੇ, ਪ੍ਰਦਰਸ਼ਨ ਕਰ ਰਹੇ ਹਨ ਉਥੇ ਹੀ ਆਪਣੇ ਅੰਦੋਲਨ ‘ਚ ਆਪਣਾ ਸਹਿਯੋਗ ਭੇਜਣ ਦੇ ਨਾਲ ਪਿੰਡਾਂ ‘ਚ ਬੈਠੇ ਪਰਿਵਾਰਾਂ, ਰਿਸ਼ਤੇਦਾਰਾਂ ਨੂੰ ਸੰਘਰਸ਼ ‘ਚ ਵਧ ਚੜ੍ਹ ਕੇ ਸ਼ਾਮਿਲ ਹੋਣ ਲਈ ਵੀ ਪ੍ਰੇਰਿਤ ਕਰਕੇ ਅਹਿਮ ਭੂਮਿਕਾ ਨਿਭਾਅ ਰਹੇ ਹਨ।
_____________________________________________
ਕਿਤਾਬ ਘਰ ਬਣਿਆ ਖਿੱਚ ਦਾ ਕੇਂਦਰ
ਨਵੀਂ ਦਿੱਲੀ: ਕਿਸਾਨ ਅੰਦੋਲਨ ਦੌਰਾਨ ਜੋਸ਼, ਜਜ਼ਬੇ, ਜਨੂਨ ਅਤੇ ਸਬਰ ਸੰਤੋਖ ਤੋਂ ਇਲਾਵਾ ਇਕ ਅਜਿਹਾ ਰੰਗ ਹੋਰ ਵੀ ਦੇਖਣ ਨੂੰ ਮਿਲ ਰਿਹਾ ਹੈ, ਜਿਸ ਨੇ ਖਾਸ ਕਰਕੇ ਕਿਸਾਨੀ ਘੋਲ ਲਈ ਪ੍ਰਚਾਰੀ ਜਾ ਰਹੀ ਧਾਰਨਾ ਉਤੇ ਕਰਾਰੀ ਚੋਟ ਕੀਤੀ ਹੈ। ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਵਿੱਢੇ ਗਏ ਸੰਘਰਸ਼ ਲਈ ਇਹ ਧਾਰਨਾ ਮੁਹਿੰਮ ਵਜੋਂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਕਿਸਾਨੀ ਖਿੱਤੇ ਨਾਲ ਸਬੰਧਤ ਲੋਕ ਘੱਟ ਪੜ੍ਹੇ-ਲਿਖੇ ਅਤੇ ਸਿੱਧ ਪੱਧਰੇ ਹਨ, ਜਿਨ੍ਹਾਂ ਨੂੰ ਸਿਆਸੀ ਪਾਰਟੀਆਂ ਵਰਗਲਾ ਰਹੀਆਂ ਹਨ ਪਰ ਸਿੰਘੂ ਸਰਹੱਦ ਦਿੱਲੀ ਵਿਖੇ ਜਿਥੇ ਕਰੀਬ 36 ਪ੍ਰਕਾਰ ਦੇ ਲੰਗਰ ਚੱਲ ਰਹੇ ਹਨ, ਉਥੇ ਹੀ ਪੰਜਾਬ ਦੇ ਜ਼ਿਲ੍ਹਾ ਮੋਗੇ ਨਾਲ ਸਬੰਧਤ ਪੜ੍ਹੇ-ਲਿਖੇ ਨੌਜਵਾਨਾਂ ਵਲੋਂ ਕਿਤਾਬਾਂ ਦਾ ਲੰਗਰ ਲਗਾ ਕੇ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਭਾਵੇਂ ਸਾਡੇ ਦਾਦੇ-ਬਾਬੇ ਅਣਭੋਲ ਅਤੇ ਪੜ੍ਹੇ-ਲਿਖੇ ਘੱਟ ਸਨ ਪਰ ਅਜੋਕੇ ਸਮੇਂ ਦੌਰਾਨ ਕਿਸਾਨੀ ਨਾਲ ਸਬੰਧਤ ਹਰੇਕ ਪਰਿਵਾਰ ਦੇ ਬੱਚੇ ਉਚ ਵਿੱਦਿਆ ਹਾਸਲ ਕਰਕੇ ਵਿਸ਼ਵ ਭਰ ਦੀ ਜਾਣਕਾਰੀ ਰੱਖਦੇ ਹਨ, ਜਿਨ੍ਹਾਂ ਨੂੰ ਵਰਗਲਾਉਣਾ ਹੁਣ ਕਿਸੇ ਦੇ ਵਸ ਦੀ ਗੱਲ ਨਹੀਂ ਰਹੀ ਹੈ। ਕਾਨਿਆਂ ਦੀਆਂ ਸੋਟੀਆਂ ਉਪਰ ਸ਼ਤੂਤ ਦੀ ਬਣੀ ਹੋਈ ਟੋਕਰੀ ਵਿਚ ਸਿੱਖ ਇਤਿਹਾਸ, ਇਨਕਲਾਬੀ ਯੋਧਿਆਂ ਦੀਆਂ ਜੀਵਨੀਆਂ, ਖੇਤੀ ਨਾਲ ਸਬੰਧਤ ਤੋਂ ਇਲਾਵਾ ਵਿਸ਼ਵ ਪੱਧਰੀ ਲੇਖਕਾਂ ਦੀਆਂ ਲਿਖਤਾਂ ਨੂੰ ‘ਕਿਤਾਬ ਘਰ’ ਦਾ ਸ਼ਿੰਗਾਰ ਬਣਾਇਆ ਹੋਇਆ ਹੈ।