ਬਾਪ ਨੂੰ ਪਰਿਭਾਸ਼ਤ ਕਰਦਿਆਂ…

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਪਹਿਰਾਵੇ ‘ਚੋਂ ਪ੍ਰਗਟਦੀ ਪਛਾਣ ਦਾ ਜ਼ਿਕਰ ਛੇੜਦਿਆਂ ਕਿਹਾ ਸੀ, “ਪਹਿਰਾਵਾ ਸਿਰਫ ਲਿਬਾਸ ਹੀ ਨਹੀਂ ਹੁੰਦਾ, ਹੁਲਾਸ ਹੁੰਦਾ, ਆਤਮ-ਵਿਸ਼ਵਾਸ ਹੁੰਦਾ, ਦੁਨੀਆਂਦਾਰੀ ਵਿਚ ਵਿਚਰਨ ਦਾ ਵਿਸਮਾਦ ਹੁੰਦਾ ਅਤੇ ਪਰਿਵਾਰਕ ਪਰੰਪਰਾਵਾਂ ਨੂੰ ਪੀੜ੍ਹੀ-ਦਰ-ਪੀੜ੍ਹੀ ਅੱਗੇ ਤੋਰਨ ਦਾ ਸੁਚੇਤ ਅਭਿਆਸ ਹੁੰਦਾ।

…ਮਨੁੱਖ ਕੀ ਹੈ ਅਤੇ ਕੀ ਦਿਖਾਉਣਾ ਚਾਹੁੰਦਾ, ਲਿਬਾਸ ਤੋਂ ਪਤਾ ਲੱਗਦਾ।” ਹਥਲੇ ਲੇਖ ਵਿਚ ਡਾ. ਭੰਡਾਲ ਨੇ ਇਹ ਕਹਿ ਕੇ ਬਾਪ ਦੀ ਵਡਿਆਈ ਕੀਤੀ ਹੈ ਕਿ ਬਾਪ ਉਹ ਹੁੰਦਾ, ਜੋ ਛੱਤਹੀਣ ਹੁੰਦਿਆਂ ਵੀ ਬੱਚਿਆਂ ਲਈ ਛੱਤ ਹੁੰਦਾ। ਬਾਪ ਹੀ ਅਜਿਹਾ ਬਿਰਖ ਹੁੰਦਾ, ਜਿਸ ਦੀ ਛਾਂ ਵਿਚ ਧੁੱਪਾਂ ਠਰ ਜਾਂਦੀਆਂ ਹਨ। ਉਸ ਦੇ ਆਗੋਸ਼ ਵਿਚਲੇ ਨਿੱਘ ਨਾਲ ਸਰਦੀਆਂ ਨੂੰ ਵੀ ਤ੍ਰੇਲੀਆਂ ਆ ਜਾਂਦੀਆਂ ਨੇ। ਉਹ ਕਹਿੰਦੇ ਹਨ, “ਬਾਪ ਅਜਿਹਾ ਸ਼ਖਸ ਹੈ, ਜਿਸ ਦੀ ਘੂਰ ਵਿਚ ਹੁੰਦਾ ਏ ਬੱਚਿਆਂ ਲਈ ਲਾਡ-ਪਿਆਰ, ਝਿੜਕ ਵਿਚ ਹੁੰਦਾ ਏ ਦੁਲਾਰ ਅਤੇ ਨਸੀਹਤਾਂ ਵਿਚ ਹੁੰਦਾ ਏ ਬੱਚੇ-ਰੂਪੀ ਫੁੱਲ ਦੇ ਦੁਆਲੇ ਕੰਡਿਆਲੀ ਵਾੜ ਦਾ ਪਹਿਰਾ।” ਡਾ. ਭੰਡਾਲ ਦਾ ਨਜ਼ਰੀਆ ਹੈ, “ਬਾਪ ਉਹ ਆਦਮੀ ਹੈ, ਜਿਸ ਦੀਆਂ ਅਸਫਲਤਾਵਾਂ ਵਿਚ ਬੱਚਿਆਂ ਨੂੰ ਸਫਲਤਾਵਾਂ ਦਾ ਸਵਾਦ ਚੱਖਣ ਅਤੇ ਨਵੀਆਂ ਉਪਲਬੱਧੀਆਂ ਦਾ ਹਾਸਲ ਬਣਨ ਦਾ ਗਿਆਨ ਅਤੇ ਗੁੜਤੀ ਮਿਲਦੀ। ਹਾਰਾਂ ਵਿਚੋਂ ਜਿੱਤਾਂ ਦੇ ਦਿਸਹੱਦਿਆਂ ਨੂੰ ਬੱਚਿਆਂ ਦੇ ਮੱਥੇ ‘ਤੇ ਉਕਰਨ ਦਾ ਨਾਮ ਹੈ, ਬਾਪ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ

ਬਾਪ, ਅਲਾਹੀ ਅਲਾਪ, ਜਿੰ.ਦਗੀ ਦਾ ਜਾਪ, ਪ੍ਰਕਾਸ਼ ਦਾ ਪ੍ਰਤਾਪ, ਵਿਲੱਖਣ ਛਾਪ ਅਤੇ ਆਪਣੇ ਵਿਚੋਂ ਭਾਲਦਾ ਆਪ।
ਬਾਪ, ਸਿਰ ਦੀ ਛਾਂ, ਨਿੱਘ ਦਾ ਨਾਂ, ਮੋਹ ਦੀਆਂ ਮੰਨਤਾਂ, ਪਿਆਰ ਦੀ ਪੌਣ ਅਤੇ ਪਹਿਲ-ਪਗਡੰਡੀਆਂ ਸਿਰਜਣ ਦਾ ਚਾਹਵਾਨ।
ਬਾਪ, ਵਿਰਾਸਤ ਨੂੰ ਅੱਗੇ ਚਲਾਉਣ ਦੀ ਤਰਕੀਬ, ਜਿੰ.ਦਗੀ ਦੀ ਸੁੱਚਮ ਨਾਲ ਭਰਿਆ ਅਦੀਬ, ਖੁਦਾਈ ਦੇ ਸਭ ਤੋਂ ਕਰੀਬ ਅਤੇ ਜੀਵਨ ਦੀ ਸੇਧਮਈ ਤਰਤੀਬ।
ਬਾਪ ਉਹ ਹੁੰਦਾ, ਜੋ ਛੱਤਹੀਣ ਹੁੰਦਿਆਂ ਵੀ ਬੱਚਿਆਂ ਲਈ ਛੱਤ ਹੁੰਦਾ। ਅੰਬਰ ਹੇਠ ਸੌਂਦਿਆਂ ਵੀ ਤਾਰਿਆਂ ਤੋਂ ਰਹਿਨੁਮਾਈ ਮੰਗਦਾ ਅਤੇ ਚੰਨ-ਚਾਨਣੀ ਦੀ ਬੇਰੁਖੀ ਵਿਚ ਵੀ ਆਪਣੇ ਬੱਚਿਆਂ ਦੇ ਨਾਂ ਰੌਸ਼ਨੀ ਕਰਦਾ।
ਬਾਪ ਉਹ ਹੁੰਦਾ, ਜੋ ਮੁਸ਼ੱਕਤ ਕਰਦਿਆਂ, ਕੋਠੀਆਂ ਅਤੇ ਮਹੱਲ ਤਾਂ ਉਸਾਰਦਾ, ਪਰ ਉਸ ਦੀ ਕੁੱਲੀ ਨੂੰ ਪੱਕੀਆਂ ਇੱਟਾਂ ਨਾ ਮਿਲਦੀਆਂ। ਕੁੱਲੀ ਵਿਚ ਰਹਿੰਦਿਆਂ ਹੀ ਆਪਣੇ ਬੱਚਿਆਂ ਨੂੰ ਤੱਤੀ ਵਾਹ ਨਹੀਂ ਲੱਗਣ ਦਿੰਦਾ। ਸਮੇਂ ਦੀ ਕੇਹੀ ਤ੍ਰਾਸਦੀ ਕਿ ਕੋਠੀਆਂ ਬਣਾਉਣ ਵਾਲੇ ਨੂੰ ਬਾਅਦ ਵਿਚ ਕੋਠੀ ਵਿਚ ਪੈਰ ਪਾਉਣ ਤੋਂ ਵਰਜਿੱਤ ਕਰ ਦਿੱਤਾ ਜਾਂਦਾ।
ਬਾਪ ਹੀ ਹੁੰਦਾ, ਜਿਸ ਦੇ ਸਿਰ ‘ਤੇ ਘਾਹ ਦੀ ਪੰਡ ਹੇਠ ਥਿੜਕਦੀਆਂ ਲੱਤਾਂ ਵਿਚੋਂ ਹੀ ਉਸ ਦੇ ਬੱਚਿਆਂ ਨੂੰ ਸਿਦਕ ਅਤੇ ਸਿਰੜ ਨਾਲ ਜੀਵਨ-ਪੈਂਡਿਆਂ ਨੂੰ ਸਰ ਕਰਨ ਦੀ ਜਾਚ ਆਉਂਦੀ।
ਬਾਪ ਉਹ ਹੁੰਦਾ, ਜਿਸ ਦੇ ਪੈਰਾਂ ਦੀਆਂ ਫਟੀਆਂ ਬਿਆਈਆਂ ਵਿਚੋਂ ਨਜ਼ਰ ਆਉਂਦੇ ਨੇ ਲਾਡਲਿਆਂ ਦੇ ਪੈਰਾਂ ਵਿਚ ਪਾਏ ਹੋਏ ਲਿਸ਼ਕਦੇ ਬੂਟ, ਜੋ ਉਸ ਦੀ ਮਾਨਸਿਕ ਤੋਰ ਤੇ ਟੌਹਰ ਨੂੰ ਉਜਾਗਰ ਕਰਦੇ।
ਬਾਪ ਉਹ ਹੁੰਦਾ, ਜਿਸ ਦੇ ਹੱਥਾਂ ਦੇ ਰੱਟਣਾਂ ‘ਤੇ ਉਕਰੀ ਹੁੰਦੀ ਹੈ ਬੱਚਿਆਂ ਦੀਆਂ ਕਰਮ-ਰੇਖਾਵਾਂ ਦੀ ਕਲਾ-ਨਿਕਾਸ਼ੀ। ਇਹ ਰੱਟਣ ਹੀ ਹੁੰਦੇ, ਜੋ ਉਨ੍ਹਾਂ ਨੂੰ ਮਿਹਨਤੀ ਬਣਾ ਕੇ ਜ਼ਿੰਦਗੀ ਨੂੰ ਨਵੀਂ ਤਰਤੀਬ ਦੇਣ ਵੰਨੀਂ ਪ੍ਰੇਰਤ ਕਰਦੇ।
ਬਾਪ ਉਹ ਹੁੰਦਾ, ਜਿਸ ਦੀਆਂ ਘੱਟੇ ਨਾਲ ਅੱਟੀਆਂ ਹੋਈ ਸੁੱਕੀਆਂ ਪਿੰਨੀਆਂ ਵਿਚੋਂ ਝਾਤੀਆਂ ਮਾਰਦੀ ਏ ਪੈਂਡਿਆਂ ਦੀ ਦਾਸਤਾਨ ਵਿਚਲੀ ਘਾਲਣਾ। ਇਸ ਵਿਚੋਂ ਅੰਗੜਾਈ ਭਰਦਾ ਏ ਬੱਚਿਆਂ ਦੀਆਂ ਅੱਖਾਂ ਵਿਚ ਸੁਪਨ-ਸਫਰ ਦਾ ਆਗਾਜ਼।
ਬਾਪ ਦੀਆਂ ਉਨੀਂਦਰੇ ਭਰੀਆਂ ਅੱਖਾਂ ਵਿਚ ਉਸਲਵੱਟੇ ਲੈਂਦੀ ਏ ਬੱਚਿਆਂ ਦੀ ਭਵਿੱਖਤ ਅੰਬਰੀਂ ਪਰਵਾਜ਼, ਇਸ ਦਾ ਅਨਾਦੀ ਅੰਦਾਜ਼ ਅਤੇ ਕੁਝ ਵਿਕੋਲਿਤਰਾ ਕਰਨ ਤੇ ਸਿਰਜ ਕੇ ਬਣ ਜਾਣਾ ਸਿਰਤਾਜ।
ਬਾਪ ਉਹ ਹੁੰਦਾ, ਜਿਸ ਦੇ ਛਾਲੋ-ਛਾਲੇ ਹੋਏ ਉਂਗਲਾਂ ਦੇ ਪੋਟਿਆਂ ‘ਚ ਰੁਮਕਦੀ ਏ ਆਪਣੇ ਵਾਰਸਾਂ ਦੇ ਹੱਥਾਂ ਵਿਚ ਫੜੀ ਹੋਈ ਕਲਮ। ਇਸ ਵਿਚ ਮੌਲਦੀ ਹਰਫਾਂ ਦੀ ਹਰਫਨਮੌਲਤਾ।
ਬਾਪ ਉਹ ਹੁੰਦਾ, ਜਿਸ ਨੂੰ ਜਦ ਕਦੇ ਆਪਣੇ ਲਾਡਲੇ ਦੀ ਅਰਥੀ ਨੂੰ ਮੋਢਾ ਦੇਣ ਦੀ ਨੌਬਤ ਆਉਂਦੀ ਤਾਂ ਉਹ ਖੁਦ ਹੀ ਲਾਸ਼ ਬਣ ਕੇ ਕਬਰਾਂ ਵੰਨੀਂ ਤੁਰਿਆ ਜਾਂਦਾ ਅਤੇ ਬੱਚੇ ਦੇ ਸੋਗ ਵਿਚ ਧੁਖਦੀ ਧੂਣੀ ਵਰਗਾ ਧੁੱਖਦਾ ਸਿਵਾ ਹੀ ਬਣ ਜਾਂਦਾ।
ਬਾਪ ਉਹ ਹੁੰਦਾ, ਜੋ ਦੂਰ ਤੁਰ ਗਈ ਡੰਗੋਰੀ ਨੂੰ ਭਾਲਦਾ, ਪਿੰਡ ਵਿਚਲੇ ਘਰ ਦੇ ਦਰਾਂ ‘ਤੇ ਸਿਸਕਦੀ ਉਡੀਕ ਬਣ ਕੇ ਵੀ ਆਸ ਨੂੰ ਜਿਉਂਦੀ ਰੱਖਦਾ। ਆਖਰ ਆਪਣਿਆਂ ਨੂੰ ਉਡੀਕਦਿਆਂ-ਉਡੀਕਦਿਆਂ, ਆਪਣੀ ਕਬਰ ਪੁੱਟਣ ਲੱਗ ਪੈਂਦਾ ਏ।
ਬਾਪ ਉਹ ਹੁੰਦਾ, ਜੋ ਬਿਰਧ-ਘਰਾਂ ਵਿਚ ਲਾ-ਵਾਰਸੀ ਦੀ ਜੂਨ ਭੋਗਦਾ ਵੀ ਬੱਚਿਆਂ ਦੇ ਚੇਤਿਆਂ ਵਿਚੋਂ ਜਿਉਣ ਦੀ ਲਾਲਸਾ ਭਾਲਦਾ ਰਹਿੰਦਾ। ਆਪਣਿਆਂ ਦੀ ਬੇਵਫਾਈ ਹੀ ਬਾਪ ਨੂੰ ਚੁੱਲੀ ਭਰ ਪਾਣੀ ਵਿਚ ਡੁੱਬ ਮਰਨ ਲਈ ਮਜ਼ਬੂਰ ਕਰਦੀ।
ਬਾਪ ਉਹ ਹੁੰਦਾ, ਜੋ ਸਾਰੀ ਉਮਰ ਜ਼ਮੀਨਾਂ ਅਤੇ ਜਾਇਦਾਦਾਂ ਬਣਾਉਂਦਾ, ਉਮਰ ਦੇ ਆਖਰੀ ਪੜਾਅ ਵਿਚ ਬੇਦਖਲੀ ਦਾ ਨੋਟਿਸ ਬਣ ਕੇ, ਸਮਾਜ ਅਤੇ ਪਰਿਵਾਰ ਵਿਚੋਂ ਸਦੀਵੀ ਰੁਖਸਤਗੀ ਹੰਢਾਉਣ ਲਈ ਬੇਬੱਸ ਹੁੰਦਾ।
ਬਾਪ ਉਹ ਹੁੰਦਾ ਹੈ, ਜੋ ਮਰ ਕੇ ਵੀ ਆਪਣੇ ਬੱਚਿਆਂ ਦੀਆਂ ਆਦਤਾਂ, ਜੀਵਨ-ਸ਼ੈਲੀ ਅਤੇ ਅਦਾਵਾਂ ਵਿਚ ਜਿਉਂਦਾ ਰਹਿੰਦਾ, ਭਾਵੇਂ ਬੱਚੇ ਕਿੰਨੇ ਵੀ ਉਸ ਦੀ ਹਾਜ਼ਰੀ ਤੋਂ ਮੁਨਕਰ ਹੋ ਜਾਣ।
ਬਾਪ ਉਹ ਹੁੰਦਾ ਏ ਜਿਸਦੀਆਂ ਲੇਰਾਂ ਵਿਚ ਵੀ ਬੱਚਿਆਂ ਦੀ ਬਿਹਤਰੀ ਲਈ ਲਿੱਲਕੜੀ ਹੁੰਦੀ। ਦੁੱਖਾਂ ਵਿਚ ਬੱਚਿਆਂ ਲਈ ਦੁਆਵਾਂ ਅਤੇ ਉਦਾਸੀ ਵਿਚ ਵੀ ਬੱਚਿਆਂ ਲਈ ਅਰਦਾਸ ਹੁੰਦੀ ਏ।
ਬਾਪ ਉਹ ਹੁੰਦਾ ਏ, ਜਿਸ ਦੀ ਭੁੱਖ ਵਿਚੋਂ ਹੀ ਬੱਚਿਆਂ ਦਾ ਰੱਜ ਜਨਮ ਲੈਂਦਾ ਏ। ਉਸ ਦੀ ਪਿਆਸ ਵੀ ਬੱਚਿਆਂ ਦੇ ਪਿਆਸੇ ਹੋਠਾਂ ਲਈ ਪਾਣੀ ਦੀ ਬੂੰਦ ਬਣਦੀ ਏ।
ਬਾਪ ਉਹ ਹੀ ਹੁੰਦਾ ਏ, ਜਿਸ ਦੀ ਮੁੜ੍ਹਕੇ ਨਾਲ ਭਿੱਜੀ ਅਤੇ ਛਿੱਦੀ ਹੋਈ ਬੁਨੈਣ ਹੀ ਬੱਚਿਆਂ ਦੀ ਦੁੱਧ ਚਿੱਟੀ ਡਰੈਸ ਨਾਲ ਤੁਅੱਰਫ ਕਰਵਾਉਂਦੀ ਏ ਅਤੇ ਤਨ ਦਾ ਕੱਜਣ ਹੰਢਾਉਂਦੀ ਏ।
ਬਾਪ ਉਹ ਹੁੰਦਾ, ਜਿਸ ਦੇ ਸਿਰ ‘ਤੇ ਬੱਧੇ ਹੋਏ, ਪਾਟੇ ਪਰਨੇ ਵਿਚੋਂ ਲਿਸ਼ਕੋਰਦੀ ਹੈ ਬੱਚਿਆਂ ਨੂੰ ਸਰਦਾਰੀ ਬਖਸ਼ਣ ਵਾਲੀ ਦਸਤਾਰ, ਵਿਅਕਤੀਤਵ ਵਿਚਲਾ ਨਿਖਾਰ ਅਤੇ ਬੱਚੇ ਵਿਚੋਂ ਆਪਣੇ ਬਾਪ ਦਾ ਸਾਖਸ਼ਾਤ ਦੀਦਾਰ।
ਬਾਪ ਹੀ ਹੁੰਦਾ, ਜਿਸ ਦੀ ਉਗੜ ਦੁੱਗੜੀ ਤੇ ਵਿਰਲੀ ਦਾਹੜੀ ਵਿਚਲੀਆਂ ਚਾਂਦੀ ਰੰਗੀਆਂ ਤਾਰਾਂ ਕਰਦੀਆਂ ਨੇ ਬੱਚੜਿਆਂ ਦੀ ਬਾਦਸ਼ਾਹਤ ਅਤੇ ਸਿਰਾਂ ‘ਤੇ ਸਜਣ ਵਾਲੇ ਤਾਜਾਂ ਦੀ ਨਿਸ਼ਾਨਦੇਹੀ। ਦਾਹੜੀ ਹੀ ਬਣਦੀ ਏ ਬੱਚਿਆਂ ਦੀ ਦਿੱਖ ਦਾ ਦਸਤੂਰ।
ਬਾਪ ਹੀ ਹੁੰਦਾ, ਜਿਸ ਵਲੋਂ ਲਾਏ ਹੋਏ ਅੰਗੂਠੇ ‘ਤੇ ਸਿਆਹੀ ਦੀ ਛਾਪ ਹੀ ਬਣਦੀ ਏ ਬੱਚਿਆਂ ਦੇ ਕੀਤੇ ਜਾਣ ਵਾਲੇ ਹੁਕਮੀ ਹਸਤਾਖਰਾਂ ਦਾ ਮਾਣਮੱਤਾ ਜਲੌਅ। ਬਾਪ ਹੀ ਹੁੰਦਾ ਏ ਅਣਪੜਤਾ ਤੋਂ ਅੱਖਰ-ਬੋਧ ਦੇ ਸਿੱਖਰੀ ਸਫਰ ਦਾ ਸੰਚਾਲਕ।
ਬਾਪ ਹੀ ਹੁੰਦਾ ਏ, ਜਿਸ ਦੀਆਂ ਨੰਗੇ ਪੈਰਾਂ ਨਾਲ ਮਿਣੀਆਂ ਰਾਹਾਂ, ਪਗਡੰਡੀਆਂ ਅਤੇ ਪਹਿਆਂ ਦੀ ਪੈਮਾਇਸ਼ ਆਖਰ ਨੂੰ ਮਾਪਦੀ ਹੈ ਬੱਚਿਆਂ ਦੀਆਂ ਲੰਮੇਰੀਆਂ ਪੈੜਾਂ ਦੇ ਨਿਸ਼ਾਨ ਅਤੇ ਉਨ੍ਹਾਂ ਦੀ ਕਦਮ-ਚਾਲ ਨੂੰ ਨਿਹਾਰਦੀਆਂ ਨਜ਼ਰਾਂ।
ਬਾਪ ਹੀ ਹੁੰਦਾ, ਜੋ ਵਾਹਣ ਵਾਹੁੰਦਿਆਂ, ਅੱਡੀਆਂ ਨਾਲ ਢੀਮਾਂ ਫੇਂਹਦਾ ਜਾਂ ਰਾਤਾਂ ਨੂੰ ਸੱਪਾਂ ਦੀ ਸਿਰੀਆਂ ਨੱਪਦਾ, ਬੱਚਿਆਂ ਦੀ ਸਫਰ-ਸਾਧਨਾ ਨੂੰ ਸੁਖਾਵਾਂ ਅਤੇ ਸੁਖਾਲਾ ਬਣਾ ਕੇ, ਉਨ੍ਹਾਂ ਦੀਆਂ ਸਫਲਤਾਵਾਂ ਦਾ ਸਾਧਨ ਤੇ ਸਾਧਕ ਬਣਦਾ।
ਬਾਪ ਹੀ ਹੁੰਦਾ ਏ, ਜਿਸ ਦੀਆਂ ਚੁੰਨੀਆਂ ਅੱਖਾਂ ਵਿਚੋਂ ਸਵੇਰ ਦੀ ਲੋਅ ਵਾਂਗ ਉਗਦਾ ਏ ਬੱਚਿਆਂ ਦੇ ਹਿੱਸੇ ਦੇ ਅੰਬਰ ਦਾ ਸਿਰਨਾਵਾਂ, ਜਿਸ ਨੇ ਉਨ੍ਹਾਂ ਦੀ ਸ਼ਨਾਖਤ ਬਣ ਕੇ, ਸੰਸਾਰ ਦੀ ਰਾਹ-ਰੁਸ਼ਨਾਈ ਕਰਨੀ ਹੁੰਦੀ ਆ।
ਬਾਪ ਹੀ ਹੁੰਦਾ ਏ, ਜਿਸ ਦੇ ਦੀਦਿਆਂ ਵਿਚ ਅਧਮੋਈ ਜਿਹੀ ਆਸ ਅਤੇ ਮਰਨਹਾਰੇ ਸੁਪਨਿਆਂ ਦੀ ਚੀਸ ਵਿਚੋਂ ਹੀ ਹੁੰਗਾਰਾ ਭਰਦਾ ਏ ਬੱਚਿਆਂ ਦੇ ਸੰਦਲੀ ਸੁਪਨਿਆਂ ਦਾ ਸੁਗਮਮਈ ਸੰਦੇਸ਼।
ਬਾਪ ਹੀ ਹੁੰਦਾ ਏ, ਜਿਸ ਵਲੋਂ ਕੀਤੀ ਗਈ ਦਰਖਤਾਂ ਦੀ ਛਾਂਗ-ਛੰਗਾਈ ਵਿਚੋਂ ਆਪਣੇ ਬੱਚਿਆਂ ਦੀਆਂ ਤਰਜ਼ੀਹਾਂ, ਤਮੰਨਾਵਾਂ, ਤਦਬੀਰਾਂ ਤੇ ਤਕਦੀਰਾਂ ਨੂੰ ਦਿੱਤੀ ਜਾਣ ਵਾਲੀ ਸੇਧ ਅਤੇ ਸਮਰਪਿਤਾ ਦਾ ਸੁਨੇਹਾ ਹੀ ਅਗੰਮੀ ਆਦੇਸ਼ ਹੁੰਦਾ ਏ।
ਬਾਪ ਹੀ ਹੁੰਦਾ ਏ, ਜਿਸ ਦੇ ਹਲ ਨਾਲ ਵਾਹੇ ਸਿਆੜ, ਕੋਰੇ ਸਫਿਆਂ ਦੀਆਂ ਲਕੀਰਾਂ ਬਣ ਕੇ ਬੱਚਿਆਂ ਦੀਆਂ ਕਿਰਤ-ਕਲਾਵਾਂ ਦੀ ਕਾਮਨਾ ਕਰਦੇ। ਉਸ ਵਲੋਂ ਪਾਈਆਂ ਵੱਟਾਂ ਵਿਚੋਂ ਹੀ ਪ੍ਰਗਟਦੇ ਨੇ ਜਿਊਮੈਟਰੀ ਦੀਆਂ ਵੱਖ-ਵੱਖ ਸ਼ਕਲਾਂ ਅਤੇ ਆਕਾਰ।
ਬਾਪ ਉਹ ਸਮੁੰਦਰ ਦਾ ਸਮੁੱਚ ਹੈ, ਜਿਸ ਦੇ ਕਰਮ ਦੇ ਹਰ ਨਕਸ਼ ਵਿਚੋਂ ਉਘੜਦੀ ਏ ਆਪਣੇ ਲਾਡਲੇ ਦੀ ਕਿਸਮਤ-ਕੈਨਵਸ, ਜਿਸ ਨੇ ਕਿਰਨ-ਕਾਫਲਾ ਬਣ ਕੇ ਕਾਲਖੀ ਸਮਿਆਂ ਨੂੰ ਰੁਸ਼ਨਾਉਣਾ ਹੁੰਦਾ।
ਬਾਪ ਦੇ ਕੋਇਆਂ ਵਿਚ ਸੁੱਕ ਚੁੱਕੀ ਹਿੰਝ ਵਿਚੋਂ ਹੀ ਬੱਚਿਆਂ ਦੇ ਮਨਾਂ ਵਿਚ ਤਾਂਘ-ਤੜਫਣੀ ਬਣ ਕੇ, ਜੀਵਨ ਵਿਚ ਕੁਝ ਚੰਗੇਰਾ ਕਰਨ ਅਤੇ ਹਾਸਲਤਾ ਨੂੰ ਮਾਪਿਆਂ ਦੇ ਨਾਮ ਕਰਨ ਦੀ ਤਰਜ਼ੀਹ ਹੁੰਦੀ। ਇਹ ਪਰਮ-ਪੈਗਾਮ ਬਣ ਕੇ ਬੱਚਿਆਂ ਦੇ ਮਸਤਕ ਵਿਚ ਫੈਲ ਜਾਂਦੀ।
ਬਾਪ ਹੀ ਅਜਿਹਾ ਬਿਰਖ ਹੁੰਦਾ, ਜਿਸ ਦੀ ਛਾਂ ਵਿਚ ਧੁੱਪਾਂ ਠਰ ਜਾਂਦੀਆਂ ਹਨ। ਉਸ ਦੇ ਆਗੋਸ਼ ਵਿਚਲੇ ਨਿੱਘ ਨਾਲ ਸਰਦੀਆਂ ਨੂੰ ਵੀ ਤ੍ਰੇਲੀਆਂ ਆ ਜਾਂਦੀਆਂ ਨੇ।
ਬਾਪ ਅਜਿਹਾ ਹੁੰਦਾ, ਜਿਸ ਦੇ ਨੈਣਾਂ ਵਿਚੋਂ ਕਿਰੇ ਹੰਝੂਆਂ ਨੂੰ ਜਦ ਰੌਸ਼ਨੀ ਚੀਰਦੀ ਤਾਂ ਇਸ ਵਿਚੋਂ ਪੈਦਾ ਹੋਈ ਰੰਗਾਂ ਦੀ ਆਬਸ਼ਾਰ ਵਿਚ ਸਮੋਈ ਹੁੰਦੀ ਹੈ ਬੱਚੇ ਦੀ ਜੀਵਨ-ਸੱਤਰੰਗੀ।
ਬਾਪ ਅਜਿਹਾ ਸ਼ਖਸ ਹੈ, ਜਿਸ ਦੀ ਘੂਰ ਵਿਚ ਹੁੰਦਾ ਏ ਬੱਚਿਆਂ ਲਈ ਲਾਡ-ਪਿਆਰ, ਝਿੜਕ ਵਿਚ ਹੁੰਦਾ ਏ ਦੁਲਾਰ ਅਤੇ ਨਸੀਹਤਾਂ ਵਿਚ ਹੁੰਦਾ ਏ ਬੱਚੇ-ਰੂਪੀ ਫੁੱਲ ਦੇ ਦੁਆਲੇ ਕੰਡਿਆਲੀ ਵਾੜ ਦਾ ਪਹਿਰਾ।
ਬਾਪ ਵਲੋਂ ਅਚਾਰ ਅਤੇ ਗੰਢੇ ਨਾਲ ਸੁੱਕੀ ਰੋਟੀ ਖਾ ਕੇ ਮਿਟਾਈ ਜਾ ਰਹੀ ਭੁੱਖ ਵਿਚ ਹੁੰਦਾ ਏ ਬੱਚਿਆਂ ਦਾ ਲਈ ਸਬਰ, ਸੰਤੋਖ ਤੇ ਸਹਿਜ ਦਾ ਸਿਰਨਾਵਾਂ। ਕਈ ਵਾਰ ਤਾਂ ਭੁੱਖੇ ਪੇਟ ਸੋਣ ਵਿਚੋਂ ਹੀ ਹੁੰਦਾ ਏ ਬੱਚਿਆਂ ਦੀ ਭੁੱਖ-ਪੂਰਤੀ ਦਾ ਅਹਿਸਾਸ।
ਬਾਪ ਉਹ ਦਰਿਆ ਹੁੰਦਾ ਹੈ, ਜਿਸ ਦੀਆਂ ਲਹਿਰਾਂ ਆਪਣੇ ਬੱਚਿਆਂ ਲਈ ਮੁਸੀਬਤਾਂ ਨੂੰ ਪਾਰ ਕਰਨ ਦਾ ਸਬੱਬ ਹੁੰਦੀਆਂ। ਉਹ ਕਦੇ ਵੀ ਆਪਣੀ ਹਿੱਕ ਵਿਚ ਉਗਣ ਵਾਲੇ ਬਰੇਤਿਆਂ ਬਾਰੇ ਬੱਚਿਆਂ ਨੂੰ ਨਹੀਂ ਦੱਸਦਾ ਮਤਾਂ ਉਨ੍ਹਾਂ ਦੀ ਮਲੂਕ ਸੋਚ ਦੀ ਰਵਾਨਗੀ ਵਿਚ ਕੋਈ ਮਾਰੂਥਲ ਉਗ ਆਵੇ।
ਬਾਪ ਦੀ ਬੇਵਸੀ ਦਾ ਬਿਗਾਨੀਆਂ ਬਰੂਹਾਂ ‘ਤੇ ਦਰ-ਬ-ਦਰ ਹੋਣਾ ਹੀ ਸੰਕੇਤ ਹੁੰਦਾ ਏ ਬੱਚਿਆਂ ਦੀ ਸਿਰੜ-ਸਾਧਨਾ ਵਿਚੋਂ ਭਵਿੱਖ ਦੇ ਮੁੱਖ ‘ਤੇ ਸੂਰਜ ਉਗਾਉਣਾ, ਬੇਵਸੀ ਨੂੰ ਆਪਣੀ ਤਾਕਤ ਬਣਾਉਣਾ ਅਤੇ ਗੁਰਬਤ ਨੂੰ ਸ਼ਿਦਤ ਨਾਲ ਹਰਾਉਣਾ।
ਬਾਪ ਹੀ ਉਹ ਹੁੰਦਾ ਏ, ਜਿਸ ਦੇ ਮੱਥੇ ਤੋਂ ਵੱਗ ਰਹੀਆਂ ਮੁੜ੍ਹਕੇ ਦੀਆਂ ਤਤੀਰੀਆਂ, ਮੁੱਖ ਦੀਆਂ ਘਰਾਲਾਂ ਬਣ ਕੇ ਬੱਚੇ ਦੀ ਮਾਣਮੱਤੀ ਆਭਾ ਦਾ ਸੁੱਚਾ ਸ਼ਗਨ ਹੁੰਦੀਆਂ ਨੇ। ਮੁੜ੍ਹਕੇ ਦੇ ਮੁਸ਼ਕ ਵਿਚੋਂ ਹੀ ਬੱਚਿਆਂ ਦੇ ਚੌਗਿਰਦੇ ਵਿਚ ਸੁਗੰਧੀਆਂ ਦੀਆਂ ਸਰਗੋਸ਼ੀਆਂ ਪੈਦਾ ਹੁੰਦੀਆਂ। ਮੁੜ੍ਹਕੇ ਤੋਂ ਮੋਤੀ ਤੀਕ ਦੇ ਸਫਰ ਦਾ ਸਿਹਰਾ ਏ ਬਾਪ।
ਬਾਪ ਉਹ ਕਾਮਾ ਏ, ਜਿਸ ਦਾ ਹਵੇਲੀ ਤੋਂ ਖੇਤ ਅਤੇ ਖੇਤ ਤੋਂ ਹਵੇਲੀ ਤੀਕ ਦੀ ਨਿਰੰਤਰ ਯਾਤਰਾ ਹੀ, ਬੱਚਿਆਂ ਲਈ ਵਿਦੇਸ਼ੀ ਸਫਰਨਾਮਿਆਂ ਦੀ ਇਬਾਰਤ ਬਣਦੀ। ਨੰਗੇ ਪੈਰਾਂ ਦੇ ਸਫਰ ਤੋਂ ਹਵਾਈ ਜਹਾਜ ਦੇ ਝੂਟਿਆਂ ਵਿਚਲੇ ਧਰਤ-ਅਸਮਾਨ ਜਿਹੇ ਫਰਕ ਮਿਟਾਉਣ ਦਾ ਸਿਰਜਣਹਾਰਾ ਸਿਰਫ ਬਾਪ ਹੁੰਦਾ।
ਬਾਪ ਸਿਰਫ ਬਾਪ ਹੀ ਹੁੰਦਾ ਅਤੇ ਬਾਪ ਹੀ ਹੋ ਸਕਦਾ ਏ। ਬਾਪ ਦੇ ਅਰਥਾਂ ਦੀ ਤਹਿ ਤੀਕ ਬੰਦਾ ਉਸ ਵੇਲੇ ਪਹੁੰਚਦਾ, ਜਦ ਉਹ ਆਪ ਬਾਪ ਬਣ ਕੇ, ਸਦਾ ਲਈ ਤੁਰ ਗਏ ਬਾਪ ਨੂੰ ਮੁੜ ਆਉਣ ਲਈ ਹਾਕਾਂ ਮਾਰਦਾ, ਪਰ ਦੁਨੀਆਂ ਦੀ ਸਾਰੀ ਦੌਲਤ ਲੁਟਾ ਕੇ ਬਾਪ ਕਦੇ ਵਾਪਸ ਨਹੀਂ ਪਰਤਦੇ।
ਬਾਪ ਉਹ ਸ਼ਖਸ ਹੈ, ਜੋ ਜਿਨ੍ਹਾਂ ਘਰਾਂ ਨੂੰ ਉਸਾਰਦਾ, ਉਨ੍ਹਾਂ ਵਿਚ ਰਹਿਣ ਦੀ ਇਜਾਜ਼ਤ ਨਹੀਂ ਹੁੰਦੀ। ਜਿਹੜੀ ਸੜਕ ਬਣਾਉਂਦਾ ਹੈ, ਕਦੇ ਕਦਾਈਂ ਉਸ ਸੜਕ ‘ਤੇ ਰੁਲਦੀ ਲਾਸ਼ ਹੁੰਦਾ। ਜਿਹੜੀ ਫਸਲ ਪੁੱਤਾਂ ਵਾਂਗ ਪਾਲਦਾ, ਉਸ ‘ਤੇ ਆਪਣੇ ਹੱਕ ਤੋਂ ਹੀ ਮਹਿਰੂਮ ਕਰ ਦਿੱਤਾ ਜਾਂਦਾ ਏ। ਜਿਸ ਘਰ ਵਿਚ ਨੌਕਰ ਹੁੰਦਾ, ਉਸ ਦੀ ਅਹਿਮੀਅਤ ਘਰ ਵਿਚ ਰੱਖੇ ਪਾਲਤੂ ਕੁੱਤੇ ਤੋਂ ਵੀ ਘੱਟ ਹੁੰਦੀ। ਉਸ ਦੇ ਹੱਥ ਲਾਉਣ ‘ਤੇ ਮਾਲਕ ਦੀ ਕਾਰ ਮੈਲੀ ਹੋ ਜਾਂਦੀ, ਪਰ ਉਹ ਦਿਨ ਦੀਵੀ ਸੁਪਨਿਆਂ ਵਿਚ ਆਪਣੇ ਬੱਚਿਆਂ ਨੂੰ ਕਾਰ ਵਿਚ ਬੈਠਿਆਂ ਜਰੂਰ ਚਿਤਵਦਾ।
ਬਾਪ ਉਹ ਹੁੰਦਾ ਹੈ, ਜਿਸ ਦੀ ਕਤਰੀ ਦਾਹੜੀ ਵਿਚੋਂ ਉਸ ਦੇ ਲਾਡਲੇ ਦੀ ਫੁੱਟਦੀ ਲੂਈਂ ਝਾਤੀਆਂ ਮਾਰਦੀ ਏ। ਬੱਚੇ ਦੇ ਨਕਸ਼ਾਂ ਵਿਚੋਂ ਬਾਪ ਦਾ ਮੁਹਾਂਦਰਾ ਝਲਕਦਾ।
ਬਾਪ ਉਹ ਹੁੰਦਾ ਏ, ਜਿਸ ਦੇ ਦਿਲ ਦੇ ਆਲ੍ਹਣੇ ਵਿਚ ਧੀਆਂ-ਧਿਆਣੀਆਂ ਦੀਆਂ ਗੁੱਡੀਆਂ ਪਟੋਲੇ ਆਪਣਾ ਘਰ ਬਣਾਉਂਦੇ। ਉਸ ਦੀ ਬਿਰਤੀ ਵਿਚ ਧੀਆਂ ਪਰਦੇਸਣਾਂ ਲਈ ਸ਼ੁਭ-ਇੱਛਾਵਾਂ ਦੀ ਅਰਾਧਨਾ ਗੂੰਜਦੀ।
ਪਰ ਕਈ ਵਾਰ ਬਾਪ ਅਜਿਹਾ ਬਦਨਸੀਬ ਵੀ ਹੁੰਦਾ ਏ ਕਿ ਉਸ ਦਾ ਅਫਸਰ ਪੁੱਤ ਆਪਣੇ ਦੋਸਤਾਂ ਸਾਹਮਣੇ, ਉਸ ਦੀ ਪਛਾਣ ਨੌਕਰ ਵਜੋਂ ਕਰਵਾਉਂਦਾ। ਉਸ ਦੀ ਜਗਾ ਘਰ ਦੇ ਨੌਕਰਾਂ ਲਈ ਬਣਾਏ ਕੁਆਟਰ ਵਿਚ ਹੁੰਦੀ ਅਤੇ ਉਹ ਆਪਣੇ ਪੁੱਤ ਨਾਲੋਂ ਨੌਕਰਾਂ ਦੇ ਜ਼ਿਆਦਾ ਕਰੀਬ ਹੁੰਦਾ।
ਬਾਪ ਉਹ ਚੀੜਾ ਵਿਅਕਤੀਤਵ ਏ, ਜੋ ਦਿਨ-ਰਾਤ ਪਰਿਵਾਰ ਦੀ ਖੈਰੀਅਤ ਅਤੇ ਖੁਸ਼ਹਾਲੀ ਦੇ ਖਬਤ ਵਿਚੋਂ ਜੀਵਨ ਦੀ ਸਾਰਥਕਤਾ ਨੂੰ ਕਿਆਸਦਾ, ਜਿਸ ਵਿਚੋਂ ਬੱਚਿਆਂ ਨੂੰ ਜੀਵਨ-ਪੰਧ ਦੌਰਾਨ ਕਦਮਾਂ ਵਿਚ ਪਕਿਆਈ, ਤਕੜਾਈ ਅਤੇ ਰਹਿਨੁਮਾਈ ਮਿਲਦੀ।
ਬਾਪ ਉਹ ਹੁੰਦਾ ਏ, ਜਿਸ ਦੇ ਲੀਰਾਂ-ਲੀਰਾਂ ਹੋਏ ਜ਼ਿੰਦਗੀ ਦੇ ਵਰਕੇ ਹੀ ਕਰਦੇ ਨੇ ਬੱਚਿਆਂ ਦੇ ਲੇਖ-ਸ਼ਿਲਾਲੇਖਾਂ ਦੀ ਇਮਾਰਤਸਾਜੀ ਅਤੇ ਮੀਨਾਕਾਰੀ।
ਬਾਪ ਉਹ ਹੁੰਦਾ, ਜਿਸ ਦੇ ਖਾਲੀ ਬੋਝੇ ਵਿਚ ਬੱਚਿਆਂ ਲਈ ਧਨ ਦੇ ਅੰਬਾਰ ਹੁੰਦੇ। ਉਸ ਦੀ ਗਰੀਬੀ ਵਿਚੋਂ ਹੀ ਬੱਚਿਆਂ ਨੂੰ ਅਮੀਰੀ ਦੇ ਮਾਅਨੇ ਯਾਦ ਹੋ ਜਾਂਦੇ ਅਤੇ ਉਹ ਫਿਰ ਅਮੀਰ ਹੋ ਕੇ ਵੀ ਸਦਾ ਗਰੀਬੀ ਭਰਿਆ ਮਾਣ ਹੁੰਦੇ।
ਬਾਪ ਉਹ ਹੁੰਦਾ ਏ, ਜਿਸ ਦੀ ਗੁਰਬਤ ਦੀ ਕੁਠਾਲੀ ਵਿਚੋਂ ਹੀਰਿਆਂ ਨੂੰ ਤਰਾਸ਼ਣ, ਲਿਸ਼ਕਣ ਅਤੇ ਚਮਕ ਨਾਲ ਸਮਾਜ ਦੇ ਨਾਂਵੇਂ ਨਵੀਂ ਨਕੋਰ ਲਿਸ਼ਕੋਰ ਕਰਨ ਦਾ ਸ਼ਰਫ ਮਿਲਦਾ।
ਬਾਪ ਉਹ ਮਾਨਵ ਹੈ, ਜਿਸ ਦੀ ਖਾਮੋਸ਼ੀ ਵਿਚੋਂ ਬੱਚਿਆਂ ਲਈ ਅਸੀਸਾਂ ਅਤੇ ਦੁਆਵਾਂ ਦੀ ਬਾਰਸ਼ ਹੁੰਦੀ; ਜਿਸ ਦੀ ਚੁੱਪ ਵਿਚ ਚਾਵਾਂ ਦੀ ਚੰਗੇਰ ਫੁੱਟਦੀ ਅਤੇ ਜਿਸ ਦੀ ਸੁੰਨ ਵਿਚ ਸਮਾਧੀ ਵਰਗੀ ਲੀਨਤਾ ਦਾ ਆਭਾਸ ਹੁੰਦਾ ਏ।
ਬਾਪ ਉਸ ਧਰਤੀ ਵਰਗਾ ਹੈ, ਜੋ ਕਦੇ ਅੰਬਰ ਬਣ ਕੇ ਤਾਰਿਆਂ ਸੰਗ ਆੜੀ ਪਵਾਉਂਦਾ ਅਤੇ ਕਦੇ ਰਸਾਤਲ ਭਰੀਆਂ ਜੀਵਨ ਦੁਸ਼ਵਾਰੀਆਂ ਨੂੰ ਵੀ ਬੱਚਿਆਂ ਦੀ ਮਾਨਸਿਕਤਾ ਵਿਚ ਟਿਕਾਉਂਦਾ ਏ।
ਬਾਪ ਉਹ ਆਦਮੀ ਹੈ, ਜਿਸ ਦੀਆਂ ਅਸਫਲਤਾਵਾਂ ਵਿਚ ਬੱਚਿਆਂ ਨੂੰ ਸਫਲਤਾਵਾਂ ਦਾ ਸਵਾਦ ਚੱਖਣ ਅਤੇ ਨਵੀਆਂ ਉਪਲਬੱਧੀਆਂ ਦਾ ਹਾਸਲ ਬਣਨ ਦਾ ਗਿਆਨ ਅਤੇ ਗੁੜਤੀ ਮਿਲਦੀ। ਹਾਰਾਂ ਵਿਚੋਂ ਜਿੱਤਾਂ ਦੇ ਦਿਸਹੱਦਿਆਂ ਨੂੰ ਬੱਚਿਆਂ ਦੇ ਮੱਥੇ ‘ਤੇ ਉਕਰਨ ਦਾ ਨਾਮ ਹੈ ਬਾਪ।
ਬਾਪ ਉਹ ਹੁੰਦਾ ਏ, ਜਿਸ ਦੀ ਦਿਨ ਭਰ ਦੀ ਥਕਾਵਟ ਵਿਚੋਂ ਬੱਚਿਆਂ ਨੂੰ ਨਵੀਂ ਊਰਜਾ, ਹੌਸਲਾ ਅਤੇ ਹਿੰਮਤ ਮਿਲਦੀ ਤਾਂ ਉਨ੍ਹਾਂ ਲਈ ਜੀਵਨ-ਜੁਗਤਾਂ ਨੂੰ ਜ਼ਿੰਦਗੀ ਦੀ ਸ਼ਾਹ-ਅਸਵਾਰੀ ਬਣਾਉਂਦਿਆਂ ਦੇਰ ਨਹੀਂ ਲੱਗਦੀ।
ਬਾਪ ਉਹ ਹੁੰਦਾ, ਜਿਸ ਦੀ ਪੀੜ ਵਿਚੋਂ ਹੀ ਬੱਚਿਆਂ ਵਿਚ ਦਰਦ ਨੂੰ ਸਮਝਣ, ਦਰਦ ਹਰਨ ਲਈ ਫੇਹੇ ਧਰਨ, ਮਰ੍ਹਮ ਲਾਉਣ ਅਤੇ ਟਕੋਰ ਕਰਨ ਦਾ ਆਦਤਨ-ਆਬੂਰ ਹੁੰਦਾ। ਇਹ ਹੀ ਬਾਪ ਦੀ ਵਰਸੋਈ ਅਮਾਨਤ ਹੁੰਦੀ।
ਬਾਪ ਹੀ ਹੁੰਦਾ, ਜਿਸ ਦੀ ਜ਼ਿੰਦਗੀ ਦੇ ਜ਼ਰਜ਼ਰੀ ਵਰਕਿਆਂ ਵਿਚੋਂ ਬੱਚਿਆਂ ਨੂੰ ਪੂਰਨ ਗ੍ਰੰਥ ਦੀ ਦੀਦਾਰ ਹੁੰਦੇ। ਇਸ ਨੂੰ ਪੜ੍ਹਦਿਆਂ ਹੀ ਉਹ ਜੀਵਨ ਦੀਆਂ ਵਿਭਿੰਨ ਪਰਤਾਂ ਨੂੰ ਪੜ੍ਹਨ ਅਤੇ ਤਹਿਆਂ ਨੂੰ ਬਾਰੀਕ-ਬੀਨੀ ਨਾਲ ਫਰੋਲਣ ਦੇ ਸਮਰੱਥ ਹੁੰਦੇ।
ਬਾਪ ਹੀ ਹੁੰਦਾ, ਜਿਸ ਦੇ ਕਸ਼ਟਾਂ ਕਾਰਨ ਫਿੱਕੇ ਪੈ ਗਏ ਰੰਗਾਂ ਨੂੰ ਆਪਣੀ ਹੋਂਦ ਅਤੇ ਹਸਤੀ ਦਾ ਹੱਕ ਉਸ ਦੀ ਔਲਾਦ ਵਿਚੋਂ ਮਿਲਦਾ। ਉਹ ਸੁਰਖ ਅਤੇ ਸੰਦਲੀ ਰੰਗਾਂ ਦੇ ਸੌਦਾਗਰ ਬਣ ਕੇ, ਜਿੰ.ਦਗੀ ਨੂੰ ਸੁੱਚੇ-ਸੱਚੇ ਰੰਗਾਂ ਨਾਲ ਭਰਦੇ।
ਬਾਪ ਹੀ ਬੰਦਗੀ ਤੇ ਬਾਪ ਬੰਦਿਆਈ
ਬਾਪ ਹੀ ਬ੍ਰਹਮ-ਗਿਆਨੀ
ਬਾਪ ਹੀ ਬਾਗ ਤੇ ਬਾਪ ਬਹਾਰਾਂ
ਬਾਪ ਹੀ ਬਹਿਸ਼ਤ-ਬਿਆਨੀ
ਬਾਪ ਹੀ ਬਹੁਲਤਾ ਤੇ ਬਾਪ ਬਿਰੰਗਤਾ
ਬਾਪ ਹੀ ਬਰਕਤ-ਦਾਨੀ
ਬਾਪ ਹੀ ਬਸਤਾ ਤੇ ਬਾਪ ਹੀ ਬਗਲੀ
ਬਾਪ ਬਿਬੇਕੀ-ਬਾਣੀ
ਬਾਪ ਹੀ ਬੰਦਿਸ਼ਾਂ ਤੇ ਬਾਪ ਬੇਫਿਕਰੀ
ਬਾਪ ਹੀ ਬੰਧਨ-ਤਾਣੀ
ਬਾਪ ਬੇਮੁਹਤਾਜਾ ਤੇ ਬਾਪ ਬੇਗਰਜ਼
ਬਾਪ ਹੀ ਰਾਜ-ਰਜਾਨੀ
ਬਾਪ ਹੀ ਬੋਝਾ ਤੇ ਬਾਪ ਬੁੱਚਕੀ
ਬਾਪ ਬੇਨਤੀ ਮਾਨੀ
ਬਾਪ ਹੀ ਬੱਚਾ ਤੇ ਬਾਪ ਬਜੁਰਗ
ਬਾਪ ਹੀ ਬਾਲਗ ਹਾਣੀ
ਬਾਪ ਹੀ ਬੋਧੀ ਤੇ ਬਾਪ ਬਿਰਖ
ਬਾਪ ਹੀ ਬੋਧ-ਕਹਾਣੀ।
ਬਾਪ ਉਸ ਤਿੱਤਰਖੰਭੀ ਵਰਗਾ ਹੁੰਦਾ, ਜੋ ਸੇਕ ਨੂੰ ਪਿੰਡੇ ‘ਤੇ ਜਰਦਾ, ਲੂਆਂ ਨੂੰ ਚੂਸਦਾ, ਪਰ ਆਪਣੇ ਬੱਚਿਆਂ ਲਈ ਵਿਰਲੀ ਵਿਰਲੀ ਛਾਂ ਜਰੂਰ ਕਰਦਾ।
ਬਾਪ ਉਹ ਆਤਮਾ ਹੁੰਦਾ, ਜਿਸ ਦੇ ਮੱਥੇ ਦੀਆਂ ਤਿੱੜਕੀਆਂ ਲਕੀਰਾਂ ਵਿਚ ਉਕਰੇ ਹੁੰਦੇ ਨੇ ਆਪਣੀ ਔਲਾਦ ਦੇ ਨਸੀਬ, ਕਿਉਂਕਿ ਬਾਪ ਹੀ ਰੱਬ ਨਾਲੋਂ ਜ਼ਿਆਦਾ ਨੇੜੇ ਅਤੇ ਹਾਜ਼ਰ-ਨਾਜ਼ਰ।
ਬਾਪ ਅਜਿਹੀ ਰੂਹ, ਜਿਸ ਦੇ ਫਾਕਿਆਂ ਵਿਚੋਂ ਬੱਚਿਆਂ ਨੂੰ ਚਰਨਾਮਿਤ ਮਿਲਦਾ, ਜਿਸ ਦੀ ਕਿਰਸ ਵਿਚੋਂ ਬੱਚਿਆਂ ਨੂੰ ਸੰਜਮ ਦੀ ਸਮਝ ਆਉਂਦੀ, ਜਿਸ ਦੀ ਕਿਰਤ-ਸੁੱਚਮ ਵਿਚੋਂ ਬੱਚਿਆਂ ਨੂੰ ਇਮਾਨਦਾਰੀ ਦਾ ਸਬਕ ਮਿਲਦਾ।
ਬਾਪ ਅਜਿਹਾ ਨੇਕ ਪੁਰਸ਼, ਜੋ ਸ਼ਾਹੂਕਾਰ ਦਾ ਕਰਜ਼ਾ ਉਤਾਰਦਾ, ਬੱਚਿਆਂ ਦੇ ਮਨਾਂ ਵਿਚ ਅਹਿਸਾਨਾਂ ਦਾ ਕਰਜ਼ਾ ਉਤਾਰਨ ਦੀ ਵਿਧੀ ਅਤੇ ਵਿਧਾਨ ਸਮਝਾ ਜਾਂਦਾ। ਬੱਚੇ ਇਸ ਨੂੰ ਹੀ ਆਪਣੀ ਜੀਵਨ-ਸ਼ੈਲੀ ਬਣਾ ਲੈਂਦੇ।
ਬਾਪ ਅਜਿਹਾ ਬਾ-ਕਮਾਲ ਘੜਨਹਾਰਾ ਹੁੰਦਾ, ਜਿਸ ਦੀ ਘਾੜਤ ਵਿਚੋਂ ਬੱਚਿਆਂ ਨੂੰ ਸੇਧਤ ਰੂਪ ਵਿਚ ਜ਼ਿੰਦਗੀ ਨੂੰ ਵਿਉਂਤਣ ਅਤੇ ਵਿਚਰਨ ਦਾ ਵਿਹਾਰੀ ਵਰਤਾਰਾ ਸਮਝ ਵਿਚ ਆਉਂਦਾ।
ਬਾਪ ਉਹ ਕਿਰਤੀ ਹੁੰਦਾ ਏ, ਜਿਸ ਦੇ ਹੱਥਾਂ ਦੀਆਂ ਮਿਟੀਆਂ ਲਕੀਰਾਂ ਹੀ ਹੁੰਦੀਆਂ ਨੇ ਬੱਚਿਆਂ ਦੀਆਂ ਹਸਤ ਰੇਖਾਵਾਂ ਵਿਚਲੇ ਕੀਰਤੀਮਾਨ ਅਤੇ ਉਨ੍ਹਾਂ ਦੀਆਂ ਤਲੀਆਂ ‘ਤੇ ਉਘੜਦੀ ਏ ਗੂੜ੍ਹੇ ਰੰਗਾਂ ਦੀ ਜੀਵਨ-ਇਬਾਰਤ।