ਪੰਜਾਬੀਆਂ ਦਾ ਸਭਿਆਚਾਰ ਅਤੇ ਦਿੱਲੀ ਦਾ ਤਖਤ

ਪੰਜਾਬ ਦੇ ਕਿਸਾਨ ਕਈ ਮਹੀਨਿਆਂ ਤੋਂ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਸਰਗਰਮੀ ਕਰ ਰਹੇ ਹਨ। ਇਹ ਸਰਗਰਮੀ ਹੁਣ ਮੁਲਕ ਪੱਧਰ ‘ਤੇ ਆਪਣੀ ਹਾਜ਼ਰੀ ਲੁਆ ਰਹੀ ਹੈ। ਕਿਸਾਨਾਂ ਨੂੰ ਦਿੱਲੀ ਬੈਠਿਆਂ ਵੀ ਦੋ ਹਫਤੇ ਹੋ ਗਏ ਹਨ ਪਰ ਮੋਦੀ ਸਰਕਾਰ ਨੇ ਅਜੇ ਤਾਈਂ ਅੜੀ ਨਹੀਂ ਛੱਡੀ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫੈਸਰ ਰਾਜਿੰਦਰਪਾਲ ਸਿੰਘ ਬਰਾੜ ਨੇ ਇਸ ਸੰਘਰਸ਼ ਦਾ ਪ੍ਰਸੰਗ ਬੰਨ੍ਹ ਕੇ ਪੰਜਾਬੀਆਂ ਦੇ ਲੜਾਕੂ ਸੁਭਾਅ ਦੀ ਗੱਲ ਕੀਤੀ ਹੈ।

-ਸੰਪਾਦਕ

ਪ੍ਰੋ. ਰਾਜਿੰਦਰ ਪਾਲ ਸਿੰਘ ਬਰਾੜ
ਫੋਨ: +91-98150-50617
ਪੰਜਾਬ ਕਈ ਦਹਾਕਿਆਂ ਤੋਂ ਬਹੁਪੱਖੀ ਸੰਕਟਾਂ ਵਿਚੋਂ ਲੰਘ ਰਿਹਾ ਹੈ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਇੱਕ ਵਾਰ ਔਖੇ-ਸੌਖੇ ਪੰਜਾਬੀ ਵੰਡ ਦੀ ਮਾਰ ਝੱਲ ਗਏ ਸਨ। ਭੁੱਖਮਰੀ ਦੇ ਸ਼ਿਕਾਰ ਦੇਸ਼ ਨੂੰ ਆਨਾਜ ਦੀ ਲੋੜ ਸੀ, ਪੰਜਾਬੀਆਂ ਦੀ ਮਿਹਨਤ ਅਤੇ ਨਵੀਆਂ ਤਕਨੀਕਾਂ ਨਾਲ ਹਰੇ ਇਨਕਲਾਬ ਦੀ ਲਹਿਰ ਆਈ ਜਿਸ ਦਾ ਕੁਝ ਫਾਇਦਾ ਪੰਜਾਬੀਆਂ ਨੂੰ ਵੀ ਮਿਲਿਆ ਸੀ। ਪੰਜਾਬੀ ਸੂਬਾ ਬਣਨ ਨਾਲ ਇੱਕ ਵਾਰ ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਦੀ ਸਰਕਾਰੀ ਪੁੱਛ-ਗਿੱਛ ਵਧੀ ਅਤੇ ਪੰਜਾਬ ਵੱਧ ਆਮਦਨ ਵਾਲਾ ਮੋਹਰੀ ਸੂਬਾ ਬਣਿਆ ਪਰ ਬਾਅਦ ਵਿਚ ਹਰਾ ਇਨਕਲਾਬ ਪੀਲਾ ਪੈਣ ਲੱਗਿਆ। ਪਹਿਲਾਂ ਪੰਜਾਬ ਸੰਕਟ ਨੇ ਪੰਜਾਬ ਨੂੰ ਦੁੱਖਾਂ ਵਿਚ ਪਾਇਆ, ਉਪਰੋਂ ਸੰਸਾਰੀਕਰਨ ਅਧੀਨ ਨਿੱਜੀਕਰਨ ਅਤੇ ਵਪਾਰੀਕਰਨ ਦੀ ਲਹਿਰ ਨਾਲ ਪਿੰਡ ਕੇਂਦਰਤ ਸਭਿਆਚਾਰ ਟੁੱਟਣ ਲੱਗਿਆ। ਪੰਜਾਬੀ ਰਵਾਇਤੀ ਪਿੰਡ ਆਧਾਰਿਤ ਖੇਤੀਬਾੜੀ ਵਾਲੀ ਜੀਵਨ ਜਾਚ ਛੱਡਣ ਲੱਗੇ। ਸ਼ਹਿਰਾਂ ਅਤੇ ਵਿਦੇਸ਼ਾਂ ਵੱਲ ਪਰਵਾਸ ਵਧਿਆ। ਸਿੱਖਿਆ ਦਾ ਪਸਾਰ ਹੋਇਆ ਪਰ ਸਨਅਤ ਅਤੇ ਸੇਵਾ ਸੈਕਟਰ ਦਾ ਵਿਸਤਾਰ ਨਾ ਹੋਇਆ। ਇਸ ਨਾਲ ਬੇਰੁਜ਼ਗਾਰੀ ਵਧ ਗਈ, ਖਪਤ ਸਭਿਆਚਾਰ ਫੈਲ ਗਿਆ, ਨਸ਼ਿਆਂ ਦੀ ਭਰਮਾਰ ਹੋ ਗਈ। ਕੇਂਦਰ ਸਰਕਾਰ ਦੇ ਨੋਟਬੰਦੀ ਅਤੇ ਜੀ.ਐਸ਼ਟੀ. ਵਰਗੇ ਫੈਸਲਿਆਂ ਨੇ ਹਰ ਕਾਰੋਬਾਰ ਨੂੰ ਨੁਕਸਾਨ ਪਹੁੰਚਾਇਆ। ਪੰਜਾਬੀ ਅਜਿਹੇ ਝੰਬੇ ਕਿ ਇੱਕ ਵਾਰ ਤਾਂ ਲੱਗਣ ਲੱਗ ਪਿਆ ਕਿ ਪੰਜਾਬ ਦੀ ਰਵਾਇਤੀ ਗੁਣ ਹਿੰਮਤ, ਮਿਹਨਤ, ਆਪਣੇ ਹੀ ਨਹੀਂ, ਦੂਸਰਿਆਂ ਦੇ ਵੀ ਹੱਕਾਂ ਲਈ ਲੜਨ ਦਾ ਜਜ਼ਬਾ, ਜਬਰ ਨੂੰ ਸਬਰ ਨਾਲ ਸਹਿਣ ਦੀ ਸ਼ਕਤੀ, ਲੜਾਈ ਸਮੇਂ ਜਾਨ ਤਕ ਦੀ ਪ੍ਰਵਾਹ ਨਾ ਕਰਨਾ ਅਤੇ ਸਰਬੱਤ ਦਾ ਭਲਾ ਚਾਹੁਣ ਵਾਲੀਆਂ ਸਾਰੀਆਂ ਕਦਰਾਂ ਕੀਮਤਾਂ ਖਤਮ ਹੋ ਗਈਆਂ ਹਨ। ਕਰੋਨਾ ਕਾਲ ਦੌਰਾਨ ਤਿੰਨ ਖੇਤੀ ਬਿੱਲਾਂ ਨੇ ਪੰਜਾਬ ਨੂੰ ਜਗਾ ਦਿੱਤਾ ਅਤੇ ਉਹ ਲੰਮੇ ਸੰਘਰਸ਼ ਦੇ ਰਾਹ ਨਹੀਂ ਤੁਰਿਆ ਸਗੋਂ ਉਸ ਨੇ ਆਪਣੇ ਸਭਿਆਚਾਰਕ ਮੁੱਲਾਂ ਨੂੰ ਵੀ ਮੁੜ ਕਾਇਮ ਕਰ ਲਿਆ ਹੈ, ਪੰਜਾਬੀ ਆਪਣੇ ਹੱਕਾਂ ਲਈ ਲੰਮਾ ਆਪਾ ਵਾਰੂ ਸੰਘਰਸ਼ ਕਰ ਸਕਦੇ ਹਨ।
ਪੰਜਾਬ ਦੀ ਇਹ ਪਰੰਪਰਾ ਰਹੀ ਹੈ ਕਿ ਛੇਤੀ ਕੀਤੇ ਛੋਟੇ ਧੱਕੇ ਨੂੰ ਅਣਗੌਲਿਆਂ ਕਰ ਜਾਂਦੇ ਹਨ। ਇਸ ਸੁਭਾਅ ਦਾ ਮੂਲ ਖੇਤੀ ਆਧਾਰਿਤ ਜੀਵਨ ਜਾਚ ਵਿਚ ਪਿਆ ਹੈ। ਖੇਤੀ ਵਿਚ ਵਪਾਰ ਵਾਂਗ ਤੁਰੰਤ ਨਫਾ ਨੁਕਸਾਨ ਨਹੀਂ ਸੋਚਿਆ ਜਾਂਦਾ ਅਤੇ ਨਾ ਹੀ ਸੋਚਿਆ ਜਾ ਸਕਦਾ ਹੈ। ਇੱਥੇ ਬਹੁਤ ਲੰਮੇ ਸਮੇਂ ਦੀ ਉਦਯੋਗਕ ਵਿਉਂਤਬੰਦੀ ਵੀ ਨਹੀਂ ਚੱਲਦੀ ਕਿਉਂਕਿ ਬਹੁਤ ਕੁਝ ਕੁਦਰਤ ਤੇ ਨਿਰਭਰ ਹੁੰਦਾ ਹੈ। ਇੱਕ ਫਸਲ ਪੱਕਣ ਵਿਚ ਔਸਤਨ, ਘੱਟੋ-ਘੱਟ ਅੱਧਾ ਸਾਲ ਲੈ ਜਾਂਦੀ ਹੈ। ਇਸ ਲਈ ਸਬਰ, ਸੰਤੋਖ ਅਤੇ ਛੋਟੀ ਗੱਲ ਨੂੰ ਬਹੁਤਾ ਦਿਲ ਤੇ ਨਾ ਲਾਉਣਾ ਖੇਤੀ ਕਿੱਤਾ ਕਰਨ ਵਾਲਿਆਂ ਦੀ ਨਹੀਂ ਅੱਗੋਂ ਹੋਰ ਕਿੱਤੇ ਵਾਲਿਆਂ ਦੇ ਨਾਲੋ-ਨਾਲ ਸਾਰੇ ਭਾਈਚਾਰੇ ਦਾ ਹੀ ਸੁਭਾਅ ਬਣ ਗਿਆ ਹੈ ਪਰ ਅਜਿਹੇ ਸਭਿਆਚਾਰ ਨੂੰ ਜਦੋਂ ਯਕੀਨ ਹੋ ਜਾਵੇ ਕਿ ਸਾਡੀ ਹੋਂਦ ਖਤਰੇ ਵਿਚ ਹੈ ਤੇ ਸਾਡੇ ਜੀਵਨ ਦਾ ਆਧਾਰ ਜ਼ਮੀਨ ਖੁੱਸਣ ਲੱਗੀ ਹੈ ਤਾਂ ਇਹ ਪੈਰ ਗੱਡ ਕੇ ਲੜਦਾ ਹੈ ਅਤੇ ਉਸ ਨੇ ਇਹ ਪੈਰ ਗੱਡਵੀਂ ਲੜਾਈ ਸ਼ੁਰੂ ਕਰ ਦਿੱਤੀ ਹੈ।
ਪੰਜਾਬੀਆਂ ਦੇ ਅਵਚੇਤਨ ਵਿਚ ਦਿੱਲੀ ਧੱਕਾ ਕਰਨ ਵਾਲੇ ਹਾਕਮਾਂ ਦੇ ਚਿੰਨ੍ਹ ਵਜੋਂ ਖੁੱਭੀ ਹੋਈ ਹੈ। ਪੰਜਾਬ ਦਾ ਬਾਗੀ ਨਾਇਕ ਦੁੱਲਾ ਲਲਕਾਰਦਾ ਹੈ- ਮੈਂ ਢਾਹਾਂ ਦਿੱਲੀ ਦੇ ਕਿੰਗਰੇ। ਪਹਿਲੇ ਗੁਰੂ ਸਾਹਿਬ ਨੂੰ ਜੇਲ੍ਹ ਵਿਚ ਬੰਦ ਕਰਨ ਤੇ ਪੰਜਾਬ ਨੂੰ ਲਤਾੜਨ ਵਾਲਾ ਬਾਬਰ ਦਿੱਲੀ ਦੀ ਮੁਗਲ ਹਕੂਮਤ ਦਾ ਬਾਨੀ ਸੀ। ਪੰਜਵੇਂ ਪਾਤਿਸ਼ਾਹ ਨੂੰ ਸ਼ਹੀਦ ਕਰਨ ਦੇ ਹੁਕਮ ਦੇਣ ਵਾਲਾ ਜਹਾਂਗੀਰ ਦਿੱਲੀ ਦੇ ਤਖਤ ਤੇ ਕਾਬਜ਼ ਸੀ। ਛੇਵੇਂ ਪਾਤਸ਼ਾਹ ਨੂੰ ਕੈਦ ਵੀ ਦਿੱਲੀ ਦੇ ਕਾਬਜ਼ ਮੁਗਲਾਂ ਨੇ ਕੀਤਾ ਸੀ। ਨੌਵੇਂ ਪਾਤਸ਼ਾਹ ਦੀ ਸ਼ਹੀਦੀ ਵੀ ਦਿੱਲੀ ਵਿਚ ਹੋਈ ਸੀ। ਦਸਮੇਸ਼ ਪਿਤਾ ਦੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨਾ ਵਾਲਾ ਵੀ ਦਿੱਲੀ ਦਾ ਤਾਬੇਦਾਰ ਸੀ। ਬੰਦਾ ਬਹਾਦਰ ਦੇ ਸਾਥੀਆਂ ਨੂੰ ਦਿੱਲੀ ਵਿਚ ਸ਼ਹੀਦ ਕੀਤਾ ਸੀ। ਮਿਸਲਾਂ ਬਣੀਆਂ ਤਾਂ ਪਹਿਲੀ ਵਾਰ ਸਿੰਘਾਂ ਨੇ ਦਿੱਲੀ ਜਿੱਤੀ ਸੀ। ਪੰਜਾਬੀਆਂ ਨੂੰ ਲੱਗਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਅੰਗਰੇਜ਼ਾਂ ਨਾਲ ਲੜਾਈ ਪੰਜਾਬ ਦੀ ਹਿੰਦ ਨਾਲ ਲੜਾਈ ਸੀ। ਅੰਗਰੇਜ਼ਾਂ ਦੀ ਗੁਲਾਮੀ ਸਮੇਂ ਭਗਤ ਸਿੰਘ ਨੂੰ ਅਸੈਂਬਲੀ ਵਿਚ ਬੋਲ਼ੇ ਕੰਨਾਂ ਤਕ ਸੁਣਾਉਣ ਲਈ ਦਿੱਲੀ ਬੰਬ ਸੁੱਟਣਾ ਪਿਆ ਸੀ। ਭਾਰਤ ਦੀ ਆਜ਼ਾਦੀ ਤੋਂ ਬਾਅਦ ਵੀ ਕਦੇ ਪੰਜਾਬੀ ਸੂਬਾ ਬਣਾਉਣ ਲਈ, ਕਦੇ ਐਮਰਜੈਂਸੀ ਦਾ ਵਿਰੋਧ ਕਰਨ ਲਈ, ਕਦੇ ਵੱਧ ਅਧਿਕਾਰਾਂ ਲਈ ਲਗਾਤਾਰ ਪੰਜਾਬ ਵੱਲੋਂ ਦਿੱਲੀ ਖਿਲਾਫ ਮੋਰਚੇ ਲੱਗਦੇ ਰਹੇ ਹਨ। ਇਸੇ ਵਿਚੋਂ ਪ੍ਰਕਾਸ਼ ਸਿੰਘ ਬਾਦਲ ਦਾ ਮਨਪਸੰਦ ਪੱਕਾ ਰਾਗ ‘ਕੇਂਦਰ ਧੱਕਾ ਕਰਦਾ’ ਨਿਕਲਿਆ ਸੀ; ਇਸੇ ਰਾਗ ਨੇ ਉਸ ਨੂੰ ਰਾਜ ਭਾਗ ਦਿਵਾਇਆ। ਜਦੋਂ ਰਾਗ ਛੱਡਿਆ, ਲੋਕਾਂ ਦੇ ਮਨੋਂ ਲਹਿ ਗਿਆ। ਹੁਣ ਮੁੜ ਉਸੇ ਰਾਗ ਦੀ ਤਲਾਸ਼ ਵਿਚ ਹੈ।
ਨਕਸਲਬਾੜੀ ਦੌਰ ਦਾ ਇਨਕਲਾਬੀ ਕਵੀ ਪਾਸ਼ ਆਖਦਾ ਹੈ: ‘ਸ਼ਹਿਰਾਂ ਵਿਚ ਮੈਂ ਥਾਂ ਥਾਂ ਕੋਝ ਦੇਖਿਆ/ਪ੍ਰਕਾਸ਼ਨਾਂ ਵਿਚ, ਕੈਫਿਆਂ ਵਿਚ/ਦਫਤਰਾਂ ਤੇ ਥਾਣਿਆਂ ਵਿਚ/ਅਤੇ ਮੈਂ ਦੇਖਿਆ, ਇਹ ਕੋਝ ਦੀ ਨਦੀ/ਦਿੱਲੀ ਦੇ ਗੋਲ ਪਰਬਤ ਵਿਚੋਂ ਸਿੰਮਦੀ ਹੈ/ਅਤੇ ਉਸ ਗੋਲ ਪਰਬਤ ਵਿਚ ਸੁਰਾਖ ਕਰਨ ਲਈ/ਮੈਂ ਕੋਝ ਵਿਚ ਵੜਿਆ/ਕੋਝ ਸੰਗ ਲੜਿਆ/ਤੇ ਕਈ ਲਹੂ ਲੁਹਾਨ ਵਰ੍ਹਿਆਂ ਕੋਲੋਂ ਲੰਘਿਆ/ਤੇ ਹੁਣ ਮੈਂ ਚਿਹਰੇ ਉਤੇ ਯੁੱਧ ਦੇ ਨਿਸ਼ਾਨ ਲੈ ਕੇ/ਦੋ ਘੜੀ ਲਈ ਪਿੰਡ ਆਇਆ ਹਾਂ’। ਇਕ ਹੋਰ ਇਨਕਲਾਬੀ ਸ਼ਾਇਰ ਸੰਤ ਰਾਮ ਉਦਾਸੀ ਆਖਦਾ ਹੈ: ‘ਦਿੱਲੀਏ ਦਿਆਲਾ ਦੇਖ ਦੇਗ ਵਿਚ ਉਬਲਦਾ, ਨੀ ਅਜੇ ਤੇਰਾ ਦਿਲ ਨਾ ਠਰੇ/ਪਿੰਡਾਂ ਵਿਚੋਂ ਤੁਰੇ ਹੋਏ ਪੁੱਤ ਨੀਂ ਬਹਾਦਰਾਂ ਦੇ, ਤੇਰੇ ਮਹਿਲੀਂ ਵੜੇ ਕਿ ਵੜੇ’। ਦਰਸ਼ਨ ਖਟਕੜ ਹੁਣ ਤਕ ਦਿੱਲੀ ਲਾਲ ਕਿਲ੍ਹੇ ਦੇ ਕਵੀ ਦਰਬਾਰ ਤੇ ਨਹੀਂ ਜਾਂਦਾ। ਸਭ ਤੋਂ ਨੇੜੇ ਦਾ ਦੁਖਾਂਤ ਹੈ ਕਿ ਦਿੱਲੀ ਦੀ ਕੇਂਦਰ ਸਰਕਾਰ ਨੇ ਹਰਿਮੰਦਰ ਸਾਹਿਬ ਤੇ ਹਮਲਾ ਕੀਤਾ ਤੇ ਬਾਅਦ ਵਿਚ ਹਮਲੇ ਲਈ ਜ਼ਿੰਮੇਵਾਰ ਸਮਝੀ ਗਈ ਇੰਦਰਾ ਗਾਂਧੀ ਦੇ ਕਤਲ ਬਾਅਦ ਦਿੱਲੀ ਕਤਲੇਆਮ ਹੋਇਆ।
ਸੋ, ਪੰਜਾਬੀਆਂ ਕੋਲ ਦਿੱਲੀ ਨਾਲ ਕੋਈ ਬਹੁਤਾ ਚੰਗਾ ਅਨੁਭਵ ਨਹੀਂ ਹੈ। ਗਿਆਨੀ ਜ਼ੈਲ ਸਿੰਘ ਦੇ ਰਾਸ਼ਟਰਪਤੀ ਬਣਨ ਨਾਲ ਕਈ ਪੰਜਾਬੀਆਂ ਨੂੰ ਦਿੱਲੀ ਆਪਣੀ ਲੱਗਣ ਲੱਗੀ ਸੀ ਤਾਂ ਦਿੱਲੀ ਕਤਲੇਆਮ ਨੇ ਸਭ ਕੁਝ ਖਤਮ ਕਰ ਦਿੱਤਾ। ਇੰਜ ਹੀ ਇੰਦਰ ਕੁਮਾਰ ਗੁਜਰਾਲ ਅਤੇ ਮਨਮੋਹਨ ਸਿੰਘ ਦੇ ਸਮੇਂ ਦਿੱਲੀ ਨਾਲ ਕੁਝ ਵਿਰੋਧ ਘਟਿਆ ਸੀ ਪਰ ਦਿੱਲੀ ਬੈਠੇ ਕੁਝ ਵਜ਼ੀਰਾਂ ਅਤੇ ਵੱਡੇ ਅਫਸਰਾਂ ਨੂੰ ਦਿੱਲੀ ਆਪਣੀ ਲੱਗਦੀ ਹੋ ਸਕਦੀ ਹੈ ਪਰ ਬਹੁਗਿਣਤੀ ਪੰਜਾਬੀਆਂ ਨੂੰ ਦਿੱਲੀ ਦਾ ਕਦੀ ਜ਼ਿਆਦਾ ਮੋਹ ਨਹੀਂ ਰਿਹਾ, ਭਾਵੇਂ ਦਿੱਲੀ ਵਿਚ ਪੰਜਾਬੀਆਂ ਦੀ ਕਾਫੀ ਵਸੋਂ ਹੈ। ਇਸ ਦੇ ਉਲਟ ਮੁਗਲ ਹਮਲਾਵਰ ਆਏ ਤਾਂ ਕਾਬਲ-ਕੰਧਾਰ (ਅਫਗਾਨਿਸਤਾਨ) ਵੱਲੋਂ ਸੀ ਪਰ ਪੰਜਾਬੀਆਂ ਨੂੰ ਪਾਕਿਸਤਾਨ ਤੋਂ ਕਦੇ ਡਰ ਨਹੀਂ ਲੱਗਿਆ ਸਗੋਂ ਨਨਕਾਣਾ ਸਾਹਿਬ, ਪੰਜਾ ਸਾਹਿਬ, ਕਰਤਾਰਪੁਰ, ਮੁਲਤਾਨ, ਕਸੂਰ ਨਾਲ ਤਾਂ ਸਾਡੇ ਗੁਰੂ ਪੀਰ ਜੁੜੇ ਹਨ ਸਗੋਂ ਲਾਹੌਰ ਨਾਲ ਰਾਜਭਾਗ ਵੀ ਜੁੜਿਆ ਹੋਇਆ ਹੈ। ਪਾਕਿਸਤਾਨ ਨਾਲ ਸਾਡੀਆਂ ਜੰਗਾਂ ਵੀ ਹੋਈਆਂ, ਭਾਰਤੀ ਪੰਜਾਬ ਦੇ ਪੰਜਾਬੀਆਂ ਨੇ ਹਿੱਕ ਡਾਹ ਕੇ ਲੜਾਈਆਂ ਲੜੀਆਂ ਪਰ ਇਹ ਸ਼ਰੀਕਾਂ ਵਾਲੀ ਲੜਾਈ ਹੈ। ਇੱਥੋਂ ਤਕ ਕਿ ਕਿਸਾਨ ਸੰਘਰਸ਼ ਦੌਰਾਨ ਵੀ ਇੱਕ ਪੰਜਾਬੀ ਜਵਾਨ ਸਰਹੱਦੀ ਗੋਲਾਬਾਰੀ ਵਿਚ ਜਵਾਨ ਸ਼ਹੀਦ ਹੋਇਆ ਜਿਸ ਦਾ ਬਾਪ ਕਿਸਾਨ ਮੋਰਚੇ ਵਿਚ ਗਿਆ ਹੋਇਆ ਸੀ।
ਦਿੱਲੀ ਪੰਜਾਬੀਆਂ ਲਈ ਜਾਬਰ, ਵਿਸ਼ਵਾਸਘਾਤੀ, ਚਲਾਕ ਵਜੋਂ ਚਿੰਨ੍ਹਤ ਹੈ। ਆਜ਼ਾਦੀ ਦਿਵਸ, ਗਣਤੰਤਰਤਾ ਦਿਵਸ ਦੀਆਂ ਪਰੇਡਾਂ ‘ਚ ਹਿੱਸੇਦਾਰੀ, ਕਵੀ ਦਰਬਾਰ ‘ਚ ਜਾਣਾ ਜਾਂ ਕੁਝ ਵਿਅਕਤੀਆਂ ਜਾਂ ਪਾਰਟੀ ਪੱਧਰ ਤੇ ਸਰਕਾਰੀ ਸੰਵਿਧਾਨਕ ਅਹੁਦੇਦਾਰੀਆਂ ਬਹੁਤੇ ਪੰਜਾਬੀਆਂ ਦੇ ਮਨਾਂ ਵਿਚ ਗੌਰਵ ਨਹੀਂ ਜਗਾਉਂਦੀਆਂ। ਇਸੇ ਸਿਆਸੀ ਅਚੇਤਨ ਕਾਰਨ ਹੀ ਪੰਜਾਬੀਆਂ ਨੇ ਅਮਰਿੰਦਰ ਸਿੰਘ ਨੂੰ ਪ੍ਰਵਾਨ ਕਰ ਲਿਆ ਕਿਉਂਕਿ ਉਸ ਨੇ ਪਹਿਲਾਂ ਬਲਿਊ ਸਟਾਰ ਸਮੇਂ ਅਸਤੀਫਾ ਦਿੱਤਾ, ਤੇ ਮਗਰੋਂ ਪਾਣੀਆਂ ਵਾਲੇ ਸਮਝੌਤੇ ਰੱਦ ਕੀਤੇ, ਹੁਣ ਖੇਤੀ ਕਾਨੂੰਨਾਂ ਖਿਲਾਫ ਖੜ੍ਹਾ ਹੈ। ਇਥੋਂ ਤਕ ਕਿ ਅੱਜ ਜਦੋਂ ਕਾਂਗਰਸ ਦਾ ਆਧਾਰ ਦੇਸ਼ ਵਿਚ ਘਟ ਰਿਹਾ ਹੈ ਤਾਂ ਪੰਜਾਬ ਵਿਚ ਪੈਰ ਜਮਾਈ ਬੈਠੀ ਹੈ। ‘ਆਪ’ ਦੀ ਦਿੱਲੀ ਸਰਕਾਰ ਅਤੇ ਕੇਂਦਰ ਸਰਕਾਰ ਨਾਲ ਕਦੇ ਵਿਰੋਧ ਅਤੇ ਕਿਤੇ ਭਿਆਲੀ ਨੇ ਪੰਜਾਬ ਵਿਚ ਪਾਰਟੀ ਲਈ ਸੰਕਟ ਖੜ੍ਹਾ ਕਰ ਦਿੱਤਾ। ਉਨ੍ਹਾਂ ਸਿਆਸੀ ਪ੍ਰਸੰਗਾਂ ਵਿਚ ਦਿੱਲੀ ਚਲੋ, ਦਿੱਲੀ ਘੇਰਨ, ਦਿੱਲੀ ਨੂੰ ਢਾਹਾਂਗੇ, ਦਿੱਲੀ ਜਿੱਤੋ, ਵਰਗੇ ਨਾਅਰੇ ਪੰਜਾਬੀਆਂ ਨੂੰ ਬੜਾ ਹੁਲਾਰਾ ਦਿੰਦੇ ਹਨ। ਅੱਜ ਵੀ ‘ਪੇਚਾ ਪੈ ਗਿਆ ਸੈਂਟਰ ਨਾਲ’, ‘ਇਕੱਠ ਤੈਨੂੰ ਦਿੱਲੀਏ ਪ੍ਰੇਸ਼ਾਨ ਕਰੂਗਾ, ਫਸਲਾਂ ਦੇ ਫੈਸਲੇ ਕਿਸਾਨ ਕਰੂਗਾ’, ‘ਉਠੇ ਕਿਸਾਨ ਪੰਜਾਬ ਦੇ ਸਿਰ ਬੰਨ੍ਹ ਦਮਾਲੇ, ਦਿੱਲੀ ਵੱਲ ਨੂੰ ਪਾ ਲਏ ਸ਼ੇਰਾਂ ਨੇ ਚਾਲੇ’ ਵਰਗੇ ਗੀਤ ਹੁਲਾਰਾ ਦਿੰਦੇ ਹਨ। ਪੰਜਾਬੀ ਜਦ ਦਿੱਲੀ ਨੂੰ ਤੁਰ ਪਏ ਸੀ ਤਾਂ ਉਸ ਨੂੰ ਰੋਕਣਾ ਸੰਭਵ ਨਹੀਂ ਸੀ, ਇਸ ਲਈ ਉਨ੍ਹਾਂ ਨੇ ਸਾਰੀਆਂ ਰੋਕਾਂ ਪਾਰ ਕਰ ਲਈਆਂ। ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜ੍ਹੀਆ ਅਤੇ ਬਘੇਲ ਸਿੰਘ ਦੀ ਰੂਹ ਸਭ ਵਿਚ ਆ ਜਾਂਦੀ ਹੈ।
ਪੰਜਾਬੀਆਂ ਦੇ ਮਾਨਸਿਕ ਚੱਕਰ ਵਿਚ ਪਹਿਲਾਂ ਸਬਰ, ਸਿਦਕ, ਸ਼ਹੀਦੀ ਵਾਲੀ ਅਹਿੰਸਾ ਭਾਰੂ ਰਹਿੰਦੀ ਪਰ ਜੇ ਅਤਿ ਹੋ ਜਾਵੇ ਤਾਂ ਦਿੱਲੀ ਜਿੱਤਣ ਦੀਆਂ ਗੱਲਾਂ ਵੀ ਤੁਰਨ ਲੱਗਦੀਆਂ ਹਨ। ਸਾਰੇ ਸਿਆਣੇ ਬੰਦੇ ਹਿੰਸਾ ਦੀ ਨਿਖੇਧੀ ਕਰਦੇ ਹਨ ਪਰ ਇਤਿਹਾਸ ਦੀ ਆਪਣੀ ਤੋਰ ਹੁੰਦੀ ਹੈ ਅਤੇ ਇਸੇ ਗੱਲ ਤੋਂ ਡਰ ਲੱਗਦਾ ਹੈ। ਤ੍ਰਾਸਦੀ ਹੈ ਕਿ ਕੇਂਦਰ ਸਰਕਾਰ ਇਸ ਇਤਿਹਾਸਕ ਚੱਕਰ ਨੂੰ ਸਮਝਣ ਤੋਂ ਅਸਮਰੱਥ ਹੈ। ਇਤਿਹਾਸ ਦੇਖੋ, ਸ਼ਾਤੀ ਪੁੰਜ ਪੰਜਵੇਂ ਪਾਤਿਸ਼ਾਹ ਨੇ ਸ਼ਹੀਦੀ ਦਿੱਤੀ, ਛੇਵੇਂ ਪਾਤਿਸ਼ਾਹ ਨੇ ਮੀਰੀ ਤੇ ਪੀਰੀ ਦੀਆਂ ਤਲਵਾਰਾਂ ਪਹਿਨੀਆਂ, ਨੌਵੇਂ ਪਾਤਿਸ਼ਾਹ ਨੇ ਸ਼ਹੀਦੀ ਦਿੱਤੀ, ਦਸਵੇਂ ਪਾਤਿਸ਼ਾਹ ਨੇ ਸ਼ਸਤਰਧਾਰੀ ਖਾਲਸਾ ਸਾਜਿਆ, ਸ਼ਾਂਤਮਈ ਪਗੜੀ ਸੰਭਾਲ ਜੱਟਾ ਲਹਿਰ ਚੱਲੀ, ਅਕਾਲੀ ਲਹਿਰ ਚੱਲੀ, ਜਲ੍ਹਿਆਂਵਾਲੇ ਬਾਗ ਵਿਚ ਕੁਰਬਾਨੀਆਂ ਦਿੱਤੀਆਂ, ਫਿਰ ਉਸ ਦੇ ਪਿੱਛੇ ਹੀ ਗਦਰ ਲਹਿਰ, ਬੱਬਰ ਅਕਾਲੀ ਲਹਿਰ ਅਤੇ ਭਗਤ ਸਿੰਘ, ਕਰਤਾਰ ਸਿੰਘ, ਊਧਮ ਸਿੰਘ ਵਰਗੇ ਖੜ੍ਹੇ ਨਜ਼ਰ ਆਏ। ਸੰਸਾਰ ਜੰਗ ਤੋਂ ਬਾਅਦ ਜਮਹੂਰੀਅਤ ਇਨਕਲਾਬ ਦਾ ਸਿਧਾਂਤ ਖਰੁਸ਼ਚੋਵ ਨੇ ਘੜਿਆ, ਬੰਗਾਲ ਵਿਚ ਰਾਜ ਭਾਗ ਆ ਗਿਆ, ਮਰਜ਼ੀ ਨਹੀਂ ਚੱਲੀ ਤਾਂ ਨਕਸਲਬਾੜੀ ਗਰਜ ਉਠੀ। ਇਹ ਗੂੰਜ ਉਦੋਂ ਪੰਜਾਬ ਵੀ ਆਈ। ਇੰਜ ਹੀ ਧਰਮ ਯੁੱਧ ਮੋਰਚੇ ਦੇ ਪਿੱਛੇ ਹੀ ਖਾੜਕੂ ਲਹਿਰ। ਕੇਂਦਰ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਕਿ ਹਰ ਸ਼ਾਂਤਮਈ ਅੰਦੋਲਨ ਨੂੰ ਜੇ ਟਰਕਾਇਆ ਜਾਵੇ ਜਾਂ ਦਬਾਇਆ ਜਾਵੇ ਤਾਂ ਹਿੰਸਕ ਲਹਿਰਾਂ ਖੜ੍ਹੀਆਂ ਹੋ ਜਾਂਦੀਆਂ ਹਨ ਜੋ ਜਾਬਰ ਲਈ ਵਿਅਕਤੀਗਤ ਪੱਧਰ ‘ਤੇ ਅਤੇ ਮਜ਼ਲੂਮਾਂ ਲਈ ਸਮੂਹਕ ਪੱਧਰ ‘ਤੇ ਮਾਰੂ ਹੁੰਦੀਆਂ ਹਨ। ਸਰਕਾਰਾਂ ਨੂੰ ਫੌਜ, ਪੁਲਿਸ ਦੇ ਆਸਰੇ ਇਹ ਸਰਗਰਮੀਆਂ ਦਬਾਉਣੀਆਂ ਸੌਖੀਆਂ ਲੱਗਦੀਆਂ ਪਰ ਇਥੇ ਹੀ ਇਨਕਲਾਬ ਦੇ ਬੀਜ ਪਏ ਹੁੰਦੇ ਹਨ। ਇਸ ਲਈ ਕੇਂਦਰ ਸਰਕਾਰ ਨੂੰ ਕੰਧ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਅਤੇ ਜਲਦੀ ਤੋਂ ਜਲਦੀ ਇਸ ਦਾ ਹੱਲ ਤਲਾਸ਼ਣਾ ਚਾਹੀਦਾ ਹੈ।