ਸੰਘਰਸ਼ ਵਿਚ ਕਿਸਾਨ: ਹੁਣ ਖਾਲੀ ਹੱਥ ਵਾਪਸ ਨਹੀਂ ਮੁੜਨਾ!

ਗੋਦੀ ਮੀਡੀਆ ਇਤਿਹਾਸਕ ਕਿਸਾਨ ਸੰਘਰਸ਼ ਪਿੱਛੇ ਖਾਲਿਸਤਾਨੀ ਅਤੇ ਸਿਆਸੀ ਹੱਥ ਹੋਣ ਦਾ ਢੰਡੋਰਾ ਪਿੱਟ ਕੇ ਇਸ ਨੂੰ ਬਦਨਾਮ ਕਰਨ ਦੀ ਘਿਨਾਉਣੀ ਚਾਲ ਚੱਲ ਰਿਹਾ ਹੈ। ਸੰਘਰਸ਼ ਦੀ ਅਸਲ ਤਸਵੀਰ ਪੇਸ਼ ਕਰਨ ਦਾ ਫਰਜ਼ ਜ਼ਮੀਨੀ ਹਕੀਕਤ ਨਾਲ ਜੁੜੇ ਸੱਚੇ ਪੱਤਰਕਾਰ ਨਿਭਾ ਰਹੇ ਹਨ। ਜਨਚੌਕ ਪੋਰਟਲ ਦੀ ਦਿੱਲੀ ਚੀਫ ਵੀਨਾ ਜੋ ਵਿਅੰਗਕਾਰ ਅਤੇ ਦਸਤਾਵੇਜ਼ੀ ਫਿਲਮਸਾਜ਼ ਵੀ ਹਨ, ਦੀ ਇਹ ਰਿਪੋਰਟ ਸਾਨੂੰ ਅਸਲੀਅਤ ਦੇ ਰੂ-ਬ-ਰੂ ਕਰਦੀ ਹੈ ਜਿਸ ਦਾ ਪੰਜਾਬੀ ਅਨੁਵਾਦ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਹੈ।

-ਸੰਪਾਦਕ

ਵੀਨਾ
ਅਨੁਵਾਦ: ਬੂਟਾ ਸਿੰਘ

ਪਟਿਆਲਾ ਦੇ 70 ਸਾਲਾ ਕਿਸਾਨ ਹਰਦੀਪ ਸਿੰਘ ਨੂੰ ਦਿੱਲੀ ਦੀ ਦਿਲਦਾਰੀ ਨੇ ਮੋਹ ਲਿਆ ਹੈ। ਇਹ ਉਹ ਬਜ਼ੁਰਗ ਹਨ ਜਿਹਨਾਂ ਨੇ ਮੁਲਕ ਦੀ ਰਾਖੀ ਲਈ ਬਣਾਏ ਸਲਾਮਤੀ ਦਸਤਿਆਂ ਦੀਆਂ ਲਾਠੀਆਂ ਆਪਣੇ ਪਿੰਡਿਆਂ ‘ਤੇ ਝੱਲੀਆਂ। ਇਹਨਾਂ ਦੀ ਤਸਵੀਰ ਸੀ ਜੋ ਮੋਦੀ ਸਰਕਾਰ ਦੀ ਬੇਰਹਿਮੀ ਦੀ ਗਵਾਹ ਬਣੀ ਅਤੇ ਭਾਜਪਾ ਦੇ ‘ਝੂਠ ਫੈਲਾਓ ਸੈਲ’ ਦੇ ਮੁਖੀ ਨੇ ਜਿਸ ਨੂੰ ਪ੍ਰਾਪੇਗੰਡਾ ਕਰਾਰ ਦਿੱਤਾ ਸੀ।
8 ਦਸੰਬਰ ਨੂੰ ਭਾਰਤ ਬੰਦ ਦਾ ਐਲਾਨ ਹੁੰਦੇ ਹੀ ਗੋਦੀ ਮੀਡੀਆ ਨੇ ਦਿੱਲੀ ਦੇ ਬਾਸ਼ਿੰਦਿਆਂ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ। ਬਲੈਕਮੇਲ ਕਰਨ ਦੇ ਜੁਰਮ ‘ਚ ਜ਼ਮਾਨਤ ‘ਤੇ ਛੁੱਟੇ ਗ਼ੁਲਾਮ ਪੱਤਰਕਾਰ ਖਬਰਾਂ ਵੀ ਬਲੈਕਮੇਲਿੰਗ ਦੇ ਅੰਦਾਜ਼ ‘ਚ ਹੀ ਉਗਲਦੇ ਹਨ: “ਨੋਟ ਕਰ ਲਓ 8 ਦਸੰਬਰ ਨੂੰ ਕਿਸਾਨਾਂ ਨੇ ਭਾਰਤ ਬੰਦ ਦਾ ਐਲਾਨ ਕਰ ਦਿੱਤਾ ਹੈ; ਯਾਨੀ ਤੁਹਾਡਾ ਵੀਕਐਂਡ ਅਤੇ ਅਗਲਾ ਪੂਰਾ ਹਫਤਾ ਇਸ ਅੰਦੋਲਨ ਦੀ ਭੇਟ ਚੜ੍ਹ ਸਕਦਾ ਹੈ। ਚਾਹੇ ਤੁਸੀਂ ਦਿੱਲੀ ਵਿਚ ਰਹਿੰਦੇ ਹੋ ਜਾਂ ਭਾਰਤ ਦੇ ਕਿਸੇ ਹੋਰ ਸ਼ਹਿਰ-ਰਾਜ ਵਿਚ।”
ਸੁਧੀਰ ਚੌਧਰੀ ਐਂਡ ਪਾਰਟੀ ਅਨੁਸਾਰ ਕਿਸਾਨ ਦੋ ਤਰ੍ਹਾਂ ਦੇ ਹੁੰਦੇ ਹਨ: ਇਕ ਛੋਟੇ ਕਿਸਾਨ, ਜਿਹਨਾਂ ਨੂੰ ਇਹਨਾਂ ਦੀ ਜੀਭ ਤੋਂ ਅੰਨਦਾਤਾ ਕਹਾਉਣ ਦਾ ਸੁਭਾਗ ਹਾਸਲ ਹੈ; ਤੇ ਦੂਜੇ ਬੜੇ ਕਿਸਾਨ ਜੋ ਖੇਤੀ ਤੋਂ ਭਾਰੀ ਕਮਾਈ ਕਰਕੇ ਟੈਕਸ ਨਹੀਂ ਦਿੰਦੇ ਅਤੇ ਮੋਦੀ ਜੋ ਕਾਲਾ ਧਨ ਵਾਪਸ ਲਿਆਉਣਾ ਚਾਹੁੰਦੇ ਸਨ, ਉਸ ਤੋਂ ਵੀ ਜ਼ਿਆਦਾ ਕਾਲਾ ਧਨ ਇਹਨਾਂ ਨੇ ਮੁਲਕ ਦੇ ਅੰਦਰ ਇਕੱਠਾ ਕੀਤਾ ਹੋਇਆ ਹੈ। ਇਹਨਾਂ ਨੂੰ ਮੋਦੀ-ਅੰਬਾਨੀ-ਅਡਾਨੀ ਦੇ ਇਹ ਚੇਲੇ-ਚਾਟੜੇ ਪਾਣੀ ਪੀ ਪੀ ਕੋਸ ਰਹੇ ਹਨ। ਐਨੀ ਫਰਮਾਬਰਦਾਰੀ ਦੇਖ ਕੇ ਲੱਗਦਾ ਹੈ ਕਿ ਇਹਨਾਂ ਲਈ ਪਾਣੀ ਦਾ ਬਰੇਕ ਲੈਣਾ ਵੀ ਹਰਾਮ ਹੈ।
ਹੁਣ ਸਵਾਲ ਹੈ ਕਿ ਏਨੀ ਘਾਲਣਾ ਦਾ ਦਿੱਲੀ ਅਤੇ ਮੁਲਕ ਦਾ ਅਵਾਮ ਕੀ ਇਨਾਮ ਦੇ ਰਿਹਾ ਹੈ? ਚਿੱਟੀ ਦਾੜ੍ਹੀ ਵਾਲੇ, ਹੱਥ ‘ਚ ਝਾੜੂ ਦਾ ਡੰਡਾ ਫੜੀ ਹਰਦੀਪ ਸਿੰਘ ਨੂੰ ਜਦ ਮੈਂ ਭਾਰਤ ਬੰਦ, ਬਾਰਡਰ ਬੰਦ ਨਾਲ ਦਿੱਲੀ ਨੂੰ ਪ੍ਰੇਸ਼ਾਨ ਕਰਨ ਦੇ ਮੋਦੀ ਮੀਡੀਆ ਇਲਜ਼ਾਮ ਬਾਰੇ ਪੁੱਛਿਆ ਤਾਂ ਜਵਾਬ ਮਿਲਿਆ ਕਿ ਜਨਤਾ ਜਨਾਰਧਨ ਮੋਦੀ ਮੀਡੀਆ ਦੇ ਮੂੰਹ ਉਪਰ ਕਰਾਰੀ ਚਪੇੜ ਜੜ ਰਹੀ ਹੈ। ਹਰਦੀਪ ਸਿੰਘ ਕਹਿੰਦੇ ਹਨ ਕਿ ਹਰਿਆਣੇ ਦੇ ਸਾਡੇ ਭੈਣ-ਭਰਾ ਜਿੰਨਾ ਸਾਥ ਦੇ ਰਹੇ ਹਨ, ਅਸੀਂ ਉਹਨਾਂ ਦਾ ਦੇਣ ਕਿਵੇਂ ਦੇਵਾਂਗੇ। ਹਰਿਆਣਾ ਪਹਿਲਾਂ ਛੋਟਾ ਭਾਈ ਸੀ, ਹੁਣ ਬੜਾ ਭਾਈ ਬਣ ਗਿਆ ਹੈ।
ਦਿੱਲੀ ਦੀ ਸੁਣੋ। ਹਰਦੀਪ ਜੀ ਦੀ ਟੋਲੀ ਖੀਰ ਬਣਾ ਕੇ ਲੋਕਾਂ ਨੂੰ ਪਰੋਸ ਰਹੀ ਹੈ। ਉਹ ਦੱਸਦੇ ਹਨ ਕਿ ਜਦ ਅਸੀਂ ਖੀਰ ਦਾ ਸਮਾਨ ਲੈਣ ਦਿੱਲੀ ਗਏ ਤਾਂ ਦੁਕਾਨਦਾਰ ਨੇ ਪੁੱਛਿਆ ਕਿ ਕਿੱਥੇ ਲੈ ਕੇ ਜਾਣਾ ਹੈ। ਸਿੰਘੂ ਬਾਰਡਰ ਸੁਣ ਕੇ ਉਸ ਨੇ ਟੈਂਪੂ ਵੀ ਪੱਲਿਓਂ ਕਰ ਕੇ ਭੇਜਿਆ ਅਤੇ 10 ਹਜ਼ਾਰ ਰੁਪਏ ਦੇ ਸਮਾਨ ਦਾ ਇਕ ਪੈਸਾ ਵੀ ਨਹੀਂ ਲਿਆ। ਅੱਗੋਂ ਲਈ ਵੀ ਸੇਵਾ ਦਾ ਮੌਕਾ ਦੇਣ ਲਈ ਆਪਣਾ ਕਾਰਡ ਦੇ ਕੇ ਕਿਹਾ ਕਿ ਬਸ ਫੋਨ ਕਰ ਦਿਓ, ਸਮਾਨ ਉਥੇ ਪਹੁੰਚ ਜਾਵੇਗਾ। ਹਰਦੀਪ ਕਹਿੰਦੇ ਹਨ, ‘ਅਸੀਂ ਦਿੱਲੀ ਦੀ ਜਨਤਾ ਦਾ ਦੇਣ ਨਹੀਂ ਦੇ ਸਕਦੇ। ਮਦਦ ਕਰਦੇ ਹੋਏ ਕਹਿੰਦੇ ਹਨ, ‘ਸਰਦਾਰ ਜੀ ਜਾਇਓ ਨਾ, ਜੇ ਅੱਜ ਗੇਮ ਹਿੱਲਗੀ ਨਾ, ਫੇਰ ਇਸ (ਮੋਦੀ) ਨੇ ਕੁਛ ਨਹੀਂ ਦੇਣਾ। ਅੱਜ ਤੁਹਾਨੂੰ ਵੇਚ ਰਿਹੈ, ਭਲਕ ਨੂੰ ਸਾਨੂੰ ਵੇਚੇਗਾ।’ ਦਿੱਲੀ ਵਾਲੇ ਸਾਡੇ ਨਾਲ ਇਹ ਗੱਲਾਂ ਕਰਦੇ ਹਨ।
ਇਹ ਉਹੀ ਵਪਾਰੀ ਤਬਕਾ ਹੈ ਜੋ ਹਮੇਸ਼ਾ ਬੀ.ਜੇ.ਪੀ. ਦਾ ਰਿਹਾ ਹੈ। ਜੀ.ਐਸ਼ਟੀ., ਨੋਟਬੰਦੀ ਨੇ ਇਹਨਾਂ ਦਾ ਲੱਕ ਵੀ ਤੋੜਿਆ ਹੋਇਐ। ਦਰਦ ਦਾ ਅਹਿਸਾਸ ਹੁਣ ਇਹਨਾਂ ਨੂੰ ਜ਼ਿੰਮੇਵਾਰ ਨਾਗਰਿਕ ਬਣਨ ਲਈ ਮਜਬੂਰ ਕਰ ਰਿਹਾ ਹੈ। ਅੰਬਾਨੀ-ਅਡਾਨੀ ਨੇ ਮੁਲਕ ਦੇ ਭਾਗ ਲਿਖਣ ਵਾਲੇ ਨੂੰ ਆਪਣੇ ਘਰ ਮੁਲਾਜ਼ਮ ਰੱਖ ਲਿਆ ਤਾਂ ਮੋਦੀ ਕੀ ਕਰੇ?
ਵੈਸੇ ਮਹਾਂ ਮੂਰਖ ਮੀਡੀਆ ਕੰਮ ਲੱਗਿਆ ਹੋਇਐ। ਸਰਕਾਰ ਨਾਲ ਤੀਸਰੇ ਗੇੜ ਦੀ ਮਹੱਤਵਪੂਰਨ ਮੀਟਿੰਗ ਦੇ ਨਤੀਜੇ ਤੋਂ ਪਹਿਲਾਂ ਹੀ ਕਿਸਾਨਾਂ ਨੇ 8 ਦਸੰਬਰ ਭਾਰਤ ਬੰਦ ਦਾ ਐਲਾਨ ਕਰ ਦਿੱਤਾ। ਖੈਰ, ਜਿਹਨਾਂ ਨੂੰ ਇਹ ਭੜਕਾਉਣਾ ਚਾਹ ਰਹੇ ਹਨ, ਉਹ ਅਜੇ ਭੜਕ ਨਹੀਂ ਰਹੇ ਅਤੇ ਤੀਜੀ ਮੀਟਿੰਗ ਵੀ ਪਹਿਲੀਆਂ ਵਾਂਗ ਸਿਫਰ ਰਹੀ। ਸੋ ਸ਼ਾਂਤਮਈ ਬੰਦ ਤੈਅ ਹੈ। ਆਖਿਰਕਾਰ ਇਹਨਾਂ ਸਿਲਸਿਲੇਵਾਰ ਬੇਸਿੱਟਾ ਮੀਟਿੰਗਾਂ ਦਾ ਮਕਸਦ ਕੀ ਹੈ? ਕੀ ਸਰਕਾਰ ਇਕ ਪਾਸੇ ਬੇਮਤਲਬ ਗੱਲਾਂ ਵਿਚ ਉਲਝਾ ਕੇ ਦੂਜੇ ਪਾਸੇ ਕੋਈ ਸਾਜ਼ਿਸ਼ ਰਚ ਰਹੀ ਹੈ। ਇਸ ਵਿਚ ਗੋਦੀ ਮੀਡੀਆ ਦੇ ਖਾਲਿਸਤਾਨੀ ਅਤੇ ਬਦੇਸ਼ੀ ਹੱਥ, ਪ੍ਰਧਾਨ ਮੰਤਰੀ ਦੀ ਜਾਨ ਨੂੰ ਖਤਰਾ ਆਦਿ ਹਾਲ-ਪਾਹਰਿਆ ਤੋਂ ਇਲਾਵਾ ਸਿੰਘੂ ਬਾਰਡਰ ਦੀ 10 ਦਿਨ ਦੀ ਅੰਦੋਲਨ ਬਸਤੀ ਵਿਚ ਚੱਲੀਆਂ ਜਾ ਰਹੀਆਂ ਘਿਨਾਉਣੀਆਂ ਚਾਲਾਂ ਵੀ ਚੱਲੀਆਂ ਜਾ ਰਹੀਆਂ ਹਨ।
ਅੰਦੋਲਨ ਬਸਤੀ ਦੇ ਬਾਸ਼ਿੰਦਿਆਂ ਅਨੁਸਾਰ ਕੁਛ ਲੜਕੀਆਂ ਨੂੰ ਰਾਤ ਨੂੰ ਜਾਣ-ਬੁੱਝ ਕੇ ਉਥੇ ਘੁਮਾਇਆ ਜਾ ਰਿਹਾ ਹੈ ਤਾਂ ਜੁ ਅੰਦੋਲਨ ਲਈ ਆਏ ਮਰਦਾਂ-ਨੌਜਵਾਨਾਂ ਉਪਰ ਇਲਜ਼ਾਮ ਲਗਾਏ ਜਾ ਸਕਣ। ਲੋਕਾਂ ਨੂੰ ਇੱਥੋਂ ਤੱਕ ਲੱਗ ਰਿਹਾ ਕਿ ਹੋ ਸਕਦਾ ਹੈ ਇਹ ਪੁਲਿਸ ਦੀਆਂ ਹੀ ਲੜਕੀਆਂ ਹੋਣ। ਇਹਨਾਂ ਦੇ ਨਾਲ ਆਦਮੀ ਵੀ ਹੁੰਦੇ ਹਨ। ਕਈਆਂ ਨੂੰ ਅਸੀਂ ਫੜਿਆ ਲੇਕਿਨ ਕੋਈ ਕਾਰਵਾਈ ਨਹੀਂ ਹੋਈ। ਅਸੀਂ ਚਾਹੁੰਦੇ ਹਾਂ, ਮੁਲਕ ਦੇ ਲੋਕਾਂ ਨੂੰ ਪਤਾ ਲੱਗੇ ਕਿ ਕੈਸੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ; ਲੇਕਿਨ ਅਸੀਂ ਇਸ ਅੰਦੋਲਨ ਦਾ ਹਸ਼ਰ ਹਰਿਆਣਾ ਦੇ ਜਾਟ ਅੰਦੋਲਨ ਵਰਗਾ ਨਹੀਂ ਹੋਣ ਦਿਆਂਗੇ। ਅਸੀਂ ਹਰ ਪੱਖੋਂ ਚੌਕਸ ਹਾਂ।
ਫਿਰ ਗੱਲਬਾਤ 9 ਦਸੰਬਰ ‘ਤੇ ਪਾ ਦਿੱਤੀ ਗਈ। ਸਿੰਘੂ ਬਾਰਡਰ ਉਪਰ ਪੁਲਿਸ, ਸਲਾਮਤੀ ਦਸਤਿਆਂ ਦੀ ਵਧ ਰਹੀ ਨਫਰੀ ਦੇਖ ਕੇ ਲੱਗਦਾ ਹੈ ਕਿ ਇਹ ਪਹਿਲਾਂ ਹੀ ਤੈਅ ਸੀ। ਕੀ ਖਾਲਿਸਤਾਨੀਆਂ ਜਾਂ ਕਰੋਨਾ ਜਾਂ ਕਿਸੇ ਹੋਰ ਬਹਾਨੇ ਅੰਦੋਲਨ ਉਪਰ ਕਹਿਰ ਵਰਤਾਇਆ ਜਾਵੇਗਾ? ਜਿਸ ਤਰ੍ਹਾਂ ਸਰਦੀ ਵਿਚ ਗੱਲਬਾਤ ਦੇ ਨਾਮ ‘ਤੇ ਫਾਲਤੂ ਦੀ ਬਕ-ਬਕ ਕਰ ਕੇ ਦਿਨ ਕਟੀ ਕੀਤੀ ਜਾ ਰਹੀ ਹੈ ਅਤੇ ਅੰਦੋਲਨ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ, ਉਸ ਤੋਂ ਸਰਕਾਰ ਦੇ ਇਰਾਦੇ ਨੇਕ ਨਹੀਂ ਲੱਗਦੇ।
ਹਰਦੀਪ ਸਿੰਘ ਕਹਿੰਦੇ ਹਨ, ‘ਮੋਦੀ ਆਖਦੈ, ਮੈਂ ਜੋ ਕਹਿ ਦਿੰਦਾ ਹਾਂ, ਵਾਪਸ ਨਹੀਂ ਲੈਂਦਾ। ਜੋ ਕੰਮ ਹੋ ਗਿਆ, ਸੋ ਹੋ ਗਿਆ। ਜੇ ਉਹ ਕਾਨੂੰਨ ਵਾਪਸ ਨਹੀਂ ਲਵੇਗਾ ਤਾਂ ਅਸੀਂ ਇੱਥੇ ਹੀ ਖਤਮ ਹੋ ਜਾਵਾਂਗੇ, ਇੱਥੇ ਹੀ ਮਰਾਂਗੇ। ਘਰ ਨਹੀਂ ਜਾਵਾਂਗੇ। ਘਰ ਜਾ ਕੇ ਕਰਨਾ ਵੀ ਕੀ ਹੈ, ਜਦ ਘਰ ਰਹਿਣਾ ਹੀ ਨਹੀਂ। ਸਾਲ-ਛੇ ਮਹੀਨੇ ਬਾਅਦ ਸੜਕਾਂ ਉਪਰ ਆਉਣਾ ਹੀ ਹੈ ਤਾਂ ਅੱਜ ਹੀ ਆ ਜਾਈਏ।’
ਮੈਂ ਉਸ ਨੂੰ ਕਿਹਾ ਕਿ ਸਾਨੂੰ ਗੋਦੀ ਮੀਡੀਆ ਦੱਸਦਾ ਹੈ ਕਿ ਕਿ ਤੁਸੀਂ ਕਾਲਾ ਧਨ ਜੋੜਨ ਵਾਲੇ ਧਨੀ ਕਿਸਾਨ ਹੋ ਅਤੇ ਗ਼ਰੀਬਾਂ ਨੂੰ ਬਹਿਕਾ ਰਹੇ ਹੋ। ਉਹ ਮੈਨੂੰ ਸਵਾਲ ਕਰਦਾ ਹੈ, ‘ਚੰਗਾ, ਇਹ ਦੱਸੋ, ਜੋ ਗਲ ‘ਚ ਰੱਸਾ ਪਾਉਂਦਾ ਉਹ ਦੁਖੀ ਹੋ ਕੇ ਕਰਦਾ ਜਾਂ ਖੁਸ਼ੀ ਨਾਲ? ਕੋਈ ਮੰਤਰੀ ਮਰਿਆ ਹੁਣ ਤੱਕ ਫਾਹਾ ਲੈ ਕੇ? ਕੋਈ ਦਵਾਈ ਪੀ ਕੇ ਮਰਿਆ? ਜੇ ਤਕਲੀਫ ਹੈ ਤਾਂ ਕਿਸਾਨ ਮਰ ਰਿਹਾ। ਸਾਡਾ ਸੜਕਾਂ ਉਪਰ ਸੌਣ, ਝਾੜੂ ਲਗਾਉਣ ਨੂੰ ਜੀਅ ਕਰਦਾ?’
ਕੋਈ ਹੋਰ ਕਹਿੰਦਾ ਹੈ, ‘ਇੱਥੇ ਰਾਤ ਨੂੰ ਆ ਕੇ ਦੇਖੋ। ਸਾਨੂੰ ਲਾਈਟ ਨਹੀਂ ਦੇ ਰਹੇ, ਪਾਣੀ ਨਹੀਂ ਦੇ ਰਹੇ। ਆਸ-ਪਾਸ ਦੇ ਲੋਕ ਮਦਦ ਕਰਦੇ ਹਨ। ਸਾਫ-ਸਫਾਈ ਅਸੀਂ ਆਪ ਕਰ ਰਹੇ ਹਾਂ। ਕੀ ਇਹ ਸਭ ਸਰਕਾਰ ਨੂੰ ਨਹੀਂ ਕਰਨਾ ਚਾਹੀਦੈ?’ ਝਾੜੂ ਲਗਾਉਂਦੇ 70 ਸਾਲ ਦੇ ਬਜ਼ੁਰਗ ਦਾ ਚਿਹਰਾ ਮੁੜਕੋ-ਮੁੜਕੀ ਹੋਇਆ ਪਿਆ। ਉਹ ਕਹਿੰਦਾ ਹੈ, ‘ਇਸ ਉਮਰ ‘ਚ ਤਾਂ ਘਰ ‘ਚ ਬੈਠ ਕੇ ਆਰਾਮ ਕਰਨਾ ਚਾਹੀਦਾ, ਅਸੀਂ ਸੜਕਾਂ ਉਪਰ ਸੌਂ ਰਹੇ ਹਾਂ। ਐਸੇ ਪ੍ਰਧਾਨ ਮੰਤਰੀ ਨੂੰ ਸ਼ਰਮ ਨਾਲ ਮਰ ਨਹੀਂ ਜਾਣਾ ਚਾਹੀਦਾ।’
ਮੈਂ ਕਿਹਾ ਕਰੋਨਾ ਦੇ ਬਹਾਨੇ ਤੁਹਾਨੂੰ ਉਠਾ ਦੇਣਗੇ। ਹਰਦੀਪ ਸਿੰਘ ਦਾ ਜਵਾਬ ਸੀ, ‘ਸਾਨੂੰ ਕੋਰੋਨਾ ਚਿੰਬੜਦਾ ਹੀ ਨਹੀਂ। ਗ਼ਰੀਬ ਦਾ ਕਰੋਨਾ ਕੀ ਵਿਗਾੜ ਲਵੇਗਾ? ਮੱਖੀ ਸਦਾ ਮਿੱਠੇ ਉਪਰ ਬੈਠਦੀ ਹੈ। ਜੇ ਸਾਡੇ ਵਿਚ ਮਾੜਾ-ਮੋਟਾ ਮਿੱਠਾ ਹੋਊ, ਫਿਰ ਹੀ ਸਾਡੇ ਉਪਰ ਮੱਖੀ-ਮੱਛਰ ਬੈਠੂ। ਸਾਡਾ ਤਾਂ ਇਸ ਨੇ ਲਹੂ ਹੀ ਸੁਕਾ ਦਿੱਤਾ। ਸਾਲ ‘ਚ ਛੇ ਹਜ਼ਾਰ ਦੇਣ ਦਾ ਵਾਅਦਾ ਕੀਤਾ ਸੀ, 12 ਮਹੀਨੇ ‘ਚ ਕੀ ਦਿੱਤਾ। ਇਕ ਵਾਰ ਦੇ ਕੇ ਵੋਟਾਂ ਲੈ ਲਈਆਂ।’
ਮੈਂ ਜਲ-ਤੋਪ ਬੰਦ ਕਰਨ ਵਾਲੇ ਲੜਕੇ ਉਪਰ 307 ਦਾ ਕੇਸ ਪਾਉਣ ਦੀ ਗੱਲ ਕੀਤੀ ਤਾਂ ਇਕ ਕਿਸਾਨ ਨੇ ਕਿਹਾ, ‘ਅੰਬਾਲਾ ਵਿਚ ਸਾਡੇ ਜਿਸ ਲੜਕੇ ਨੇ ਪਾਣੀ ਬੰਦ ਕੀਤਾ, ਉਸ ਉਪਰ ਕੇਸ ਪਾ ਦਿੱਤਾ ਅਤੇ ਸਾਡਾ 11 ਸਾਲ ਦਾ ਲੜਕਾ ਟਰਾਲੀ ਦੇ ਅੰਦਰ ਸੀ ਜਿਸ ਉਪਰ ਟੈਂਟ ਪਾੜ ਕੇ ਅੱਥਰੂ ਗੈਸ ਦਾ ਗੋਲਾ ਆ ਕੇ ਡਿਗਿਆ। ਮੁੰਡਾ ਬੇਸੁਰਤ ਹੋ ਗਿਆ। ਉਸ ਦੀ ਜ਼ਿੰਮੇਵਾਰੀ ਸਰਕਾਰ ਕਿਉਂ ਨਹੀਂ ਲੈਂਦੀ।’
ਮੈਂ ਪੁੱਛਿਆ, ਮੁਲਕ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ? ਇਕ ਕਿਸਾਨ ਹੱਥ ਜੋੜ ਕੇ ਕਹਿੰਦਾ ਹੈ, ‘ਅਸੀਂ ਕਿਸਾਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ, ਕਿਸਾਨਾਂ ਦਾ ਸਾਥ ਦਿਓ। ਜੇ ਕਿਸਾਨ ਖਤਮ ਹੋ ਗਿਆ ਤਾਂ ਸਾਰਾ ਹਿੰਦੁਸਤਾਨ ਖਤਮ ਹੋ ਜਾਣਾ। ਅੱਜ ਬਿਹਾਰ ਦਾ ਵੀਹ ਕਿੱਲੇ ਦਾ ਮਾਲਕ ਪੰਜਾਬ ਦੇ ਦੋ ਕਿੱਲਿਆਂ ਵਾਲੇ ਦੇ ਆ ਕੇ ਦਿਹਾੜੀ ਕਰ ਰਿਹਾ। ਜੇ ਇਹ ਕਾਨੂੰਨ ਪਾਸ ਹੋ ਗਿਆ ਤਾਂ ਪੰਜਾਬ ਵਾਲਿਆਂ ਨੂੰ ਵੀ ਇਹੀ ਕਰਨਾ ਪੈਣਾ। ਜੇ ਇਹ ਕਾਨੂੰਨ ਐਨੇ ਹੀ ਚੰਗੇ ਹਨ ਤਾਂ ਵੀਹ ਕਿੱਲਿਆਂ ਵਾਲੇ ਨੂੰ ਬਿਹਾਰ ‘ਚ ਅਮੀਰ ਬਣਾ ਲੈਂਦੇ ਫਿਰ ਪੰਜਾਬ-ਹਰਿਆਣਾ ਦੇ ਦੋ ਕਿੱਲੇ ਵਾਲੇ ਕੋਲ ਆਉਂਦੇ? ਬਿਹਾਰ ਵਾਲੇ ਤਾਂ ਪੰਜਾਬ ਆ ਜਾਂਦੇ ਹਨ ਅਸੀਂ ਕਿੱਥੇ ਜਾਵਾਂਗੇ? ਕੀ ਕਰੀਏ ਅਸੀਂ ਤਾਂ ਬਹੁਤ ਦੁਖੀ ਹਾਂ। ਅਸੀਂ ਆਰ-ਪਾਰ ਦੀ ਲੜਾਈ ਲੜਨ ਲਈ ਡਟੇ ਹੋਏ ਹਾਂ। ਕਾਨੂੰਨਾਂ ਦਾ ਟੈਂਟਾ ਮੁਕਾ ਕੇ ਹੀ ਘਰਾਂ ਨੂੰ ਮੁੜਾਂਗੇ।’
ਸਟੇਟ ਨੂੰ ਤਾਨਾਸ਼ਾਹੀ ਦੀ ਇਹ ਹਿੰਮਤ ਦੇਣ ਵਾਲੀ ਤਾਕਤ ਆਖਿਰ ਕੀ ਹੈ? ਆਰ-ਪਾਰ ਦੀ ਲੜਾਈ ਨੂੰ ਕੁਚਲਣ ਲਈ ਆਖਿਰ ਕਿਹਨਾਂ ਨੂੰ ਭੇਜਿਆ ਜਾਵੇਗਾ? ਪੁਲਿਸ-ਸਲਾਮਤੀ ਦਸਤਿਆਂ ਵਿਚ ਇਹਨਾਂ ਦੇ ਆਪਣੇ ਪੁੱਤਰ-ਭਰਾ, ਰਿਸ਼ਤੇਦਾਰ ਹੀ ਹਨ। ਫੌਜ ਵਿਚ ਲੜਨ ਵਾਲੇ ਅਤੇ ਪੁਲਿਸ ਦੇ ਡੰਡਾ ਚਲਾਉਣ ਵਾਲੇ ਵੀ ਤਾਂ ਇਹਨਾਂ ਵਿਚੋਂ ਹੀ ਆਉਂਦੇ ਹਨ। ਜੇ ਉਹਨਾਂ ਨੇ ਕਾਤਲ ਬਣਨ ਤੋਂ ਇਨਕਾਰ ਕਰ ਦਿੱਤਾ, ਫਿਰ?
ਅੰਬਾਨੀ-ਅਡਾਨੀ ਦੀਆਂ ਤਿਜੌਰੀਆਂ ‘ਚ ਭਰਿਆ ਮੁਲਕ ਦਾ ਲੁੱਟਿਆ-ਨਚੋੜਿਆ ਧਨ ਤਾਂ ਬਸ ਮੋਦੀ ਅਤੇ ਉਸ ਦੇ ਪ੍ਰਚਾਰ-ਤੰਤਰ ਦੀ ਖੋਜ ਹੀ ਕਰ ਸਕਦਾ ਹੈ। ਇਹ ਧਰਤੀ ਦੇ ਜ਼ਿੰਦਾ, ਉਪਜਾਊ ਮਜ਼ਦੂਰ-ਕਿਸਾਨ ਭਾਈਚਾਰਿਆਂ ਨੂੰ ਹਰਾ ਨਹੀਂ ਸਕਦਾ। ਦੇਖ ਰਹੇ ਹੋ ਕਾਰਲ ਮਾਰਕਸ! ਅੰਬਾਨੀਆਂ-ਅਡਾਨੀਆਂ ਦੀ ਪੂੰਜੀ ਤੁਹਾਡੀ ਪੂੰਜੀ ਸਾਹਮਣੇ ਗੋਡੇ ਟੇਕ ਰਹੀ ਹੈ। ਕੀ ਇਹਨਾਂ ਮੂਰਖ ਧਨ-ਪਸ਼ੂਆਂ ਨੂੰ ਧਰਤੀ ਨੂੰ ਖਤਮ ਕਰਨ ਦੇ ਮਨਸੂਬਿਆਂ ਨੂੰ ਅੰਜਾਮ ਦੇਣ ਤੋਂ ਪਹਿਲਾਂ ਨੱਥ ਪਾਈ ਜਾ ਸਕੇਗੀ?