ਅਹਿਮੀਅਤ ਦਿਨ ਦੀ ਜਾਂ ਸਿੱਖਾਂ ਨੂੰ ਗੁਰਬਾਣੀ ਨਾਲ ਜੋੜਨ ਦੀ!

‘ਕੱਤਕ ਕਿ ਵਿਸਾਖ’ ਦਾ ਮਾਮਲਾ
ਰਵਿੰਦਰ ਸਿੰਘ ਸੋਢੀ
ਦੂਸਰੇ ਧਰਮਾਂ ਦੇ ਮੁਕਾਬਲੇ ਸਿੱਖ ਧਰਮ ਬਹੁਤਾ ਪੁਰਾਣਾ ਨਹੀਂ। ਇਹ ਧਰਮ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋਇਆ, ਜਿਨ੍ਹਾਂ ਦਾ 551 ਪ੍ਰਕਾਸ਼ ਦਿਹਾੜਾ ਅਸੀਂ ਕੁਝ ਦਿਨ ਪਹਿਲਾਂ ਹੀ ਮਨਾਇਆ ਹੈ। ਸਾਢੇ ਪੰਜ ਸਦੀਆਂ ਦਾ ਸਮਾਂ ਬਹੁਤਾ ਜ਼ਿਆਦਾ ਨਹੀਂ ਹੁੰਦਾ। ਉਸ ਸਮੇਂ ਤੱਕ ਲਿਖਣ ਕਲਾ ਪੂਰੀ ਵਿਕਸਿਤ ਹੋ ਚੁਕੀ ਸੀ। ਮੁੱਖ ਮੁੱਖ ਘਟਨਾਕ੍ਰਮ ਜਾਂ ਇਤਿਹਾਸਕ ਘਟਨਾਵਾਂ ਨੂੰ ਲਿਖਤੀ ਰੂਪ ਵਿਚ ਸਾਂਭਣ ਦੀ ਰੁਚੀ ਵੀ ਪੈਦਾ ਹੋ ਗਈ ਸੀ। ਭਾਰਤ ਵਿਚ ਉਦੋਂ ਦੋ ਹੀ ਪ੍ਰਮੁੱਖ ਧਰਮ ਸਨ-ਹਿੰਦੂ ਅਤੇ ਇਸਲਾਮ। ਹਜ਼ਾਰਾਂ ਸਾਲ ਪਹਿਲਾਂ ਭਾਵੇਂ ਜੈਨ ਅਤੇ ਬੁੱਧ ਮੱਤ ਵੀ ਜਨਮ ਲੈ ਕੇ ਵਧੇ-ਫੁਲੇ ਹੀ ਨਹੀਂ ਸਨ, ਸਗੋਂ ਸਿਖਰ ‘ਤੇ ਪਹੁੰਚੇ ਅਤੇ ਅੱਧੋਗਤੀ ਵੱਲ ਲੁੜਕ ਕੇ ਖਤਮ ਹੋਣ ਦੇ ਕਿਨਾਰੇ ਵੀ ਪਹੁੰਚ ਚੁਕੇ ਸਨ। ਬੁੱਧ ਮੱਤ ਤਾਂ ਸਮਰਾਟ ਅਸ਼ੋਕ ਦੇ ਸਮੇਂ ਰਾਜ ਧਰਮ ਰਹਿ ਚੁਕਾ ਸੀ। ਪੰਦਰਵੀਂ ਸਦੀ ਤੱਕ ਹਿੰਦੂ, ਇਸਲਾਮ, ਜੈਨ ਅਤੇ ਬੁੱਧ ਧਰਮ ਸਬੰਧੀ ਕਾਫੀ ਕੁਝ ਲਿਖਿਆ ਜਾ ਚੁਕਾ ਸੀ।

ਜਦੋਂ ਕਾਗਜ਼ ਦੀ ਇਜਾਦ ਨਹੀਂ ਸੀ ਹੋਈ ਤਾਂ ਪੱਥਰਾਂ ‘ਤੇ ਲਿਖਿਆ ਜਾਂਦਾ ਸੀ। ਅਸ਼ੋਕਾ ਦੇ ਸਮੇਂ ਦੇ ਸ਼ਿਲਾਲੇਖ ਆਪਣੇ ਵਿਚ ਇਤਿਹਾਸ ਸਮੋਈ ਬੈਠੇ ਹਨ। ਉਸ ਤੋਂ ਬਾਅਦ ਪੱਤਿਆਂ ‘ਤੇ ਲਿਖਣ ਦਾ ਸਮਾਂ ਆਇਆ। ਕਾਗਜ਼ ਦੇ ਪ੍ਰਚਲਿਤ ਹੋਣ ਨਾਲ ਤਾਂ ਮਹਾਂਪੁਰਖਾਂ ਦੇ ਕਥਨਾ, ਵਿਦਵਾਨ ਦੇ ਵਿਚਾਰਾਂ ਅਤੇ ਸਮੇਂ ਸਮੇਂ ਵਾਪਰੀਆਂ ਘਟਨਾਵਾਂ ਨੂੰ ਕਲਮਬੱਧ ਕਰਨਾ ਬਹੁਤ ਅਸਾਨ ਹੋ ਗਿਆ।
ਕਰੀਬ ਹਰ ਧਰਮ ਵਿਚ ਹੀ ਸਮੇਂ ਸਮੇਂ ਕਈ ਰਲਾ ਹੁੰਦੇ ਰਹੇ ਹਨ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਹੀ ਕਲਮਬੱਧ ਨਹੀਂ ਸੀ ਕੀਤੀ, ਸਗੋਂ ਆਪਣੇ ਤੋਂ ਪਹਿਲਾਂ ਹੋ ਚੁਕੇ ਕੁਝ ਪ੍ਰਮੁੱਖ ਸੰਤਾ ਦੀ ਬਾਣੀ ਨੂੰ ਵੀ ਲਿਖ ਕੇ ਆਪਣੇ ਕੋਲ ਸਾਂਭਿਆ। ਹੈਰਾਨੀ ਇਸ ਗੱਲ ਦੀ ਹੈ ਕਿ ਉਨ੍ਹਾਂ ਦੇ ਜਨਮ ਦਿਹਾੜੇ ਸਬੰਧੀ ਹੀ ਭੁਲੇਖਾ ਚਲਿਆ ਆ ਰਿਹਾ ਹੈ। ਕਈ ਹੋਰ ਗੁਰੂਆਂ ਦੇ ਜੀਵਨ ਦੀਆਂ ਅਹਿਮ ਘਟਨਾਵਾਂ ਬਾਰੇ ਵੀ ਕਈ ਭੁਲੇਖੇ ਹਨ। ਸਿੱਖਾਂ ਸਬੰਧੀ ਆਮ ਕਹੀ ਜਾਣ ਵਾਲੀ ਗੱਲ ਵਿਚ ਕੋਈ ਝੂਠ ਨਹੀਂ ਕਿ ‘ਸਿੱਖ ਇਤਿਹਾਸ ਬਣਾ ਸਕਦੇ ਹਨ, ਸਾਂਭ ਨਹੀਂ ਸਕਦੇ।’
ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਕੱਤਕ ਦੀ ਪੂਰਨਮਾਸੀ ਨੂੰ ਮਨਾਇਆ ਜਾਂਦਾ ਹੈ, ਪਰ ਕਈ ਵਿਦਵਾਨਾਂ ਦਾ ਮੱਤ ਹੈ ਕਿ ਉਨ੍ਹਾਂ ਦਾ ਜਨਮ ਵਿਸਾਖ ਵਿਚ ਹੋਇਆ ਸੀ (15 ਵਿਸਾਖ)। ਪ੍ਰਸਿੱਧ ਇਤਿਹਾਸਕਾਰ ਕਰਮ ਸਿੰਘ (ਹਿਸਟੋਰੀਅਨ) ਨੇ ‘ਕੱਤਕ ਕਿ ਵਿਸਾਖ’ ਵਿਚ ਬੜੀ ਵਿਦਵਤਾ ਅਤੇ ਇਤਿਹਾਸਕ ਪ੍ਰਮਾਣ ਦੇ ਕੇ ਇਹ ਨਤੀਜਾ ਕੱਢਿਆ ਕਿ ਪਹਿਲੀ ਪਾਤਸ਼ਾਹੀ ਦਾ ਜਨਮ ਕੱਤਕ ਵਿਚ ਹੋਇਆ ਸੀ। ਇਕ ਵਿਦਵਾਨ ਦਾ ਲੇਖ ਪੜ੍ਹ ਰਿਹਾ ਸਾਂ, ਜਿਸ ਤੋਂ ਪਤਾ ਲੱਗਾ ਕਿ ਬਹੁਤ ਦੇਰ ਤੱਕ ਗੁਰੂ ਨਾਨਕ ਸਾਹਿਬ ਦਾ ਆਗਮਨ ਪੁਰਬ ਵਿਸਾਖ ਵਿਚ ਹੀ ਮਨਾਇਆ ਜਾਂਦਾ ਸੀ। ਇਹ ਤਾਂ ਇਕ ਸਾਜਿਸ਼ ਅਧੀਨ ਵਿਸਾਖ ਤੋਂ ਕੱਤਕ ਕਰ ਦਿੱਤਾ। ਇਸ ਦਾ ਸਾਰਾ ਦੋਸ਼ ਬ੍ਰਾਹਮਣੀ ਚਾਲਾਂ ਨੂੰ ਦਿੱਤਾ ਜਾਂਦਾ ਹੈ। ਕਹਿੰਦੇ ਹਨ ਕਿ ਹਿੰਦੂ ਧਰਮ ਅਨੁਸਾਰ ਕੱਤਕ ਦੀ ਪੂਰਨਮਾਸੀ ਵਾਲਾ ਦਿਨ ਬੜਾ ਨਹਿਸ਼ ਮੰਨਿਆ ਜਾਂਦਾ ਹੈ। ਸੋ ਬ੍ਰਾਹਮਣ, ਗੁਰੂ ਸਾਹਿਬ ਦੀ ਵਡਿਆਈ ਨੂੰ ਸਹਾਰ ਨਾ ਸਕੇ ਅਤੇ ਉਨ੍ਹਾਂ ਨੇ ਗੁਰੂ ਜੀ ਦਾ ਜਨਮ ਇਕ ਭੈੜੇ ਦਿਨ ਦਾ ਦੱਸ ਕੇ ਇਹ ਸਿੱਧ ਕਰਨ ਦਾ ਯਤਨ ਕੀਤਾ ਕਿ ਜਿਹੜਾ ਇਨਸਾਨ ਕਿਸੇ ਭੈੜੇ ਦਿਨ ਪੈਦਾ ਹੋਇਆ ਹੋਵੇ, ਉਹ ਮਹਾਂਪੁਰਸ਼ ਕਿਵੇਂ ਹੋ ਸਕਦਾ ਹੈ? ਵੈਸੇ ਇਹ ਕਾਰਨ ਦਿਲ ਨੂੰ ਜਚਦਾ ਤਾਂ ਨਹੀਂ, ਪਰ ਜੇ ਕੁਝ ਦੇਰ ਲਈ ਇਹ ਵਿਚਾਰ ਮੰਨ ਵੀ ਲਈਏ ਤਾਂ ਇਸ ਨਾਲ ਕਈ ਹੋਰ ਪ੍ਰਸ਼ਨ ਪੈਦਾ ਹੁੰਦੇ ਹਨ।
ਪਹਿਲੀ ਗੱਲ ਤਾਂ ਇਹ ਹੈ ਕਿ ਸਿੱਖ ਧਰਮ, ਹਿੰਦੂ ਧਰਮ ਨਾਲੋਂ ਕਈ ਪੱਖਾਂ ਤੋਂ ਅੱਡ ਹੈ। ਇਸ ਵਿਚ ਕੋਈ ਦੋ ਰਾਏ ਨਹੀਂ ਕਿ ਜਿਹੜੇ ਹਿੰਦੂਆਂ ਨੇ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਤੋਂ ਬਾਅਦ ਹੋਏ ਗੁਰੂ ਸਹਿਬਾਨ ਦੀ ਵਿਚਾਰਧਾਰਾ ਅਪਨਾਈ, ਉਹ ਸਿੱਖ ਬਣ ਗਏ; ਪਰ ਇਸ ਸਦੀਆਂ ਪੁਰਾਣੇ ਪਿਛੋਕੜ ਦੀ ਆੜ ਵਿਚ ਦੋਹਾਂ ਧਰਮਾਂ ਨੂੰ ਰਲਗਡ ਨਹੀਂ ਕੀਤਾ ਜਾ ਸਕਦਾ। ਦੋਹਾਂ ਧਰਮਾਂ ਦੀ ਆਪਸੀ ਸਦਭਾਵਨਾ ਬਣੀ ਰਹਿਣੀ ਚਾਹੀਦੀ ਹੈ।
ਹੁਣ ਕਰੀਏ ਗੱਲ ਨਹਿਸ਼ ਦਿਨ ਦੀ। ਜੇ ਹਿੰਦੂ ਜਾਂ ਕੋਈ ਹੋਰ ਧਰਮ ਕਿਸੇ ਖਾਸ ਦਿਨ ਨੂੰ ਚੰਗਾ ਜਾਂ ਮਾੜਾ ਮੰਨਦਾ ਹੈ ਤਾਂ ਸਾਨੂੰ ਸਿੱਖਾਂ ਨੂੰ ਇਸ ਨਾਲ ਕੀ ਫਰਕ ਪੈਂਦਾ ਹੈ? ਸਾਡੇ ਤਾਂ ਗੁਰੂਆਂ ਨੇ ਸਾਰੇ ਦਿਨਾਂ ਨੂੰ ਹੀ ਬਰਾਬਰ ਮੰਨਿਆ ਹੈ। ਸੋ ਜੇ ਗੁਰੂ ਸਾਹਿਬ ਦਾ ਜਨਮ ਦਿਹਾੜਾ ਬਦਲਣ ਦਾ ਕੰਮ ਬ੍ਰਾਹਮਣੀ ਚਾਲ ਹੈ ਤਾਂ ਸਾਨੂੰ ਇਸ ਵੱਲ ਧਿਆਨ ਹੀ ਨਹੀਂ ਦੇਣਾ ਚਾਹੀਦਾ। ਚਲੋ ਮੰਨ ਲਓ ਕਿ ਜਦੋਂ ਬ੍ਰਾਹਮਣਾਂ ਦੀ ਚੱਲ ਗਈ, ਉਨ੍ਹਾਂ ਸ਼ਰਾਰਤ ਕਰ ਦਿੱਤੀ, ਪਰ ਹੁਣ ਅਸੀਂ ਇਸ ਸ਼ਰਾਰਤ ਨੂੰ ਕਿਉਂ ਨਹੀਂ ਬਦਲ ਦਿੰਦੇ? ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਸਬੰਧੀ ਫੈਸਲਾ ਕਿਉਂ ਨਹੀਂ ਕਰਦੀ? ਅਕਾਲ ਤਖਤ ਸਾਹਿਬ ਦੇ ਜਥੇਦਾਰ, ਬਾਕੀ ਤਖਤਾਂ ਦੇ ਜਥੇਦਾਰ ਸਾਹਿਬਾਨ ਨਾਲ ਮਿਲ ਕੇ ਇਹ ਫੈਸਲਾ ਕਿਉਂ ਨਹੀਂ ਕਰਦੇ ਕਿ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਗੁਰਪੁਰਬ 15 ਵਿਸਾਖ ਨੂੰ ਮਨਾਉਣਾ ਹੈ? ਜੇ ਫਿਰ ਕਿਸੇ ਗੈਰ-ਧਰਮ ਵਾਲਿਆਂ ਨੇ ਰੌਲਾ ਪਾਇਆ ਤਾਂ ਉਨ੍ਹਾਂ ਤੋਂ ਪੁੱਛਿਆ ਜਾਵੇਗਾ ਕਿ ਤੁਸੀਂ ਕੌਣ ਹੁੰਦੇ ਹੋ ਸਾਡੇ ਮਾਮਲੇ ਵਿਚ ਦਖਲ ਦੇਣ ਵਾਲੇ?
ਇਥੇ ਇਕ ਮਿਸਾਲ ਦੇਣੀ ਚਾਹਵਾਂਗੇ ਕਿ ਗੁਰਦੁਆਰਾ ਸੁਧਾਰ ਲਹਿਰ ਤੋਂ ਪਹਿਲਾਂ ਸਿੱਖ ਵਿਆਹ ਵਿਚ ਵੀ ਫੇਰੇ ਹੁੰਦੇ ਸਨ। ਜਦੋਂ ਅੰਗਰੇਜ਼ ਹਕੂਮਤ ਨੇ ਹਿੰਦੂ, ਸਿੱਖ, ਮੁਸਲਮਾਨਾਂ ਨੂੰ ਲਾਲਚ ਦੇ ਕੇ ਇਸਾਈ ਬਣਾਉਣ ਦੀਆਂ ਕੋਝੀਆਂ ਚਾਲਾਂ ਸ਼ੁਰੂ ਕੀਤੀਆਂ ਤਾਂ ਹਿੰਦੂਆਂ ਵਿਚ ਆਰੀਆ ਸਮਾਜ ਲਹਿਰ, ਸਿੱਖਾਂ ਵਿਚ ਸਿੰਘ ਸਭਾ ਲਹਿਰ ਚੱਲੀ ਤਾਂ ਜੋ ਆਪਣੇ-ਆਪਣੇ ਧਰਮ ‘ਚੋਂ ਧਰਮ ਪਰਿਵਰਤਨ ਨੂੰ ਰੋਕਿਆ ਜਾ ਸਕੇ। ਸਿੰਘ ਸਭਾ ਲਹਿਰ ਦੇ ਆਗੂਆਂ ਨੇ ਹੀ ਫੇਰਿਆਂ ਦੀ ਜਗਾ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਲਾਵਾਂ ਦੀ ਪਰੰਪਰਾ ਸ਼ੁਰੂ ਕੀਤੀ। ਉਸ ਸਮੇਂ ਕੱਟੜ ਬ੍ਰਾਹਮਣਾਂ ਨੇ ਬਹੁਤ ਰੌਲਾ ਪਾਇਆ ਕਿ ਪਵਿੱਤਰ ਅਗਨੀ ਤੋਂ ਬਿਨਾ ਵਿਆਹ ਕਿਵੇਂ ਸੰਭਵ ਹੈ? ਪਰ ਸਿੰਘ ਸਭਾ ਦੇ ਆਗੂਆਂ ਨੇ ਬ੍ਰਾਹਮਣਵਾਦੀ ਸੋਚ ਦੀ ਕੋਈ ਪ੍ਰਵਾਹ ਨਾ ਕੀਤੀ ਅਤੇ ਲਾਵਾਂ ਦੀ ਰਸਮ ਚਲਾਈ। ਇਸੇ ਤਰ੍ਹਾਂ ਹੀ ਜੇ ਕੋਈ ਗੁਰੂ ਸਾਹਿਬਾਨ ਦੇ ਪ੍ਰਕਾਸ਼ ਦਿਹਾੜੇ ਬਾਰੇ ਰੌਲਾ ਪਾਵੇਗਾ ਤਾਂ ਉਸ ਦੀ ਮਰਜੀ। ਗੱਲ ਤਾਂ ਅਸਲ ਵਿਚ ਇਹ ਹੈ ਕਿ ਸਿੱਖਾਂ ਦੀ ਧਾਰਮਿਕ ਸੰਸਥਾ ਜਾਂ ਜਥੇਦਾਰ ਸਾਹਿਬਾਨ ਆਪ ਹੀ ਇਸ ਮਸਲੇ ਨੂੰ ਠੰਡੇ ਬਸਤੇ ਵਿਚੋਂ ਕੱਢਣਾ ਨਹੀਂ ਚਾਹੁੰਦੇ ਤੇ ਵਿਦਵਾਨ ਆਪਣੀ-ਆਪਣੀ ਸੋਚ ਮੁਤਾਬਿਕ ਆਪਣੇ ਵਿਚਾਰ ਪ੍ਰਗਟਾਉਣ ਵਿਚ ਲੱਗੇ ਹੋਏ ਹਨ।
ਇਕ ਹੋਰ ਇਤਿਹਾਸਕ ਤੱਥ ਨੂੰ ਧਿਆਨ ਵਿਚ ਰੱਖਿਆ ਜਾਣਾ ਚਾਹੀਦਾ ਹੈ। ਅੰਗਰੇਜੀ ਰਾਜ ਸਮੇਂ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਪ੍ਰਬੰਧਕ ਕਿਸੇ ਸਮੇਂ ਹਿੰਦੂ ਧਰਮ ਦੇ ਪ੍ਰਭਾਵ ਵਾਲੇ ਸਨ। ਹਿੰਦੂ ਧਰਮ ਕਿਉਂਕਿ ਮੂਰਤੀ ਪੂਜਾ ‘ਤੇ ਟੇਕ ਰੱਖਣ ਵਾਲਾ ਧਰਮ ਹੈ, ਇਸ ਲਈ ਉਨ੍ਹਾਂ ਪ੍ਰਬੰਧਕਾਂ ਦੀ ਮਿਲੀਭੁਗਤ ਕਾਰਨ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਦੁਆਲੇ ਕਈ ਮੂਰਤੀਆਂ ਟਿਕਦੀਆਂ ਗਈਆਂ। ਸਿੱਖ ਇਸ ਨਵੇਂ ਵਰਤਾਰੇ ਤੋਂ ਬੇਖਬਰ ਹੀ ਰਹੇ ਜਾਂ ਬਹੁਤਾ ਸੋਚਿਆ ਹੀ ਨਾ। ਪਰ ਜਦੋਂ ਸਿੰਘ ਸਭਾ ਲਹਿਰ ਨੇ ਜੋਰ ਪਕੜਿਆ ਤਾਂ ਕਈ ਸਿੱਖ ਆਗੂਆਂ ਨੇ ਮੁਹਿੰਮ ਚਲਾਈ ਕਿ ਦਰਬਾਰ ਸਾਹਿਬ ਵਿਚੋਂ ਮੂਰਤੀਆਂ ਚੁੱਕੀਆਂ ਜਾਣ। ਪ੍ਰਬੰਧਕਾਂ ਨੇ ਇਸ ਮੰਗ ਦਾ ਵਿਰੋਧ ਕੀਤਾ ਅਤੇ ਦਲੀਲ ਦਿੱਤੀ ਕਿ ਇਹ ਤਾਂ ਬਹੁਤ ਦੇਰ ਤੋਂ ਇਥੇ ਸੁਸ਼ੋਭਿਤ ਹਨ। ਸਿੰਘ ਸਭਾ ਵਾਲਿਆਂ ਦਾ ਤਰਕ ਸੀ ਕਿ ਸਿੱਖ ਮੱਤ ਵਿਚ ਮੂਰਤੀ ਪੂਜਾ ਦੀ ਕੋਈ ਪਰੰਪਰਾ ਨਹੀਂ।
ਜਦੋਂ ਝਗੜਾ ਜ਼ਿਆਦਾ ਵਧ ਗਿਆ ਤਾਂ ਅੰਮ੍ਰਿਤਸਰ ਦੇ ਉਸ ਸਮੇਂ ਦੇ ਡਿਪਟੀ ਕਮਿਸ਼ਨਰ ਨੂੰ ਫਿਕਰ ਪਿਆ ਕਿ ਗੱਲ ਹੱਥੋਂ ਬਾਹਰ ਨਾ ਚਲੀ ਜਾਵੇ। ਉਸ ਸਮੇਂ ਭਾਈ ਕਾਨ੍ਹ ਸਿੰਘ ਨਾਭਾ ਦੀ ਸਿੱਖ ਵਿਦਵਾਨ ਦੇ ਤੌਰ ‘ਤੇ ਬਹੁਤ ਪ੍ਰਸਿੱਧੀ ਹੋ ਚੁਕੀ ਸੀ। ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਇਸ ਮਾਮਲੇ ਸਬੰਧੀ ਆਪਣੀ ਰਾਏ ਦੇਣ। ਭਾਈ ਸਾਹਿਬ ਨੇ ਆਪਣੀ ਰਿਪੋਰਟ ਵਿਚ ਦੱਸਿਆ ਕਿ ਸਿੱਖ ਧਰਮ ਵਿਚ ਮੂਰਤੀ ਪੂਜਾ ਦੀ ਕੋਈ ਥਾਂ ਨਹੀਂ, ਇਸ ਲਈ ਮੂਰਤੀਆਂ ਚੁਕਵਾ ਦੇਣੀਆਂ ਚਾਹੀਦੀਆਂ ਹਨ। ਡਿਪਟੀ ਕਮਿਸ਼ਨਰ ਨੇ ਭਾਈ ਕਾਨ੍ਹ ਸਿੰਘ ਨਾਭਾ ਦੀ ਗੱਲ ਮੰਨਦਿਆਂ ਮੂਰਤੀਆਂ ਚੁਕਵਾਉਣ ਦਾ ਹੁਕਮ ਦੇ ਦਿੱਤਾ। ਭਾਵੇਂ ਕਈ ਪਾਸਿਉਂ ਇਸ ਦਾ ਵਿਰੋਧ ਹੋਇਆ, ਪਰ ਡਿਪਟੀ ਕਮਿਸ਼ਨਰ ਆਪਣੇ ਫੈਸਲੇ ‘ਤੇ ਅਟੱਲ ਰਿਹਾ। ਸੋ ਜੇ ਸ਼੍ਰੋਮਣੀ ਕਮੇਟੀ ਚਾਹਵੇ ਤਾਂ ਇਸ ਮਾਮਲੇ ਦਾ ਨਿਪਟਾਰਾ ਕਰ ਸਕਦੀ ਹੈ। ਇਹ ਗੱਲ ਯਕੀਨੀ ਹੈ ਕਿ ਕੋਈ ਧਾਰਮਿਕ ਮਾਮਲਾ ਹੋਵੇ, ਸਮਾਜਕ, ਰਾਜਸੀ ਜਾਂ ਕੋਈ ਹੋਰ-ਸਾਰੀਆਂ ਧਿਰਾਂ ਨੂੰ ਕਦੇ ਵੀ ਖੁਸ਼ ਨਹੀਂ ਕੀਤਾ ਜਾ ਸਕਦਾ। ਇਹ ਤਾਂ ਫੈਸਲਾ ਲੈਣ ਵਾਲਿਆਂ ਦੀ ਇੱਛਾ ਸ਼ਕਤੀ ‘ਤੇ ਨਿਰਭਰ ਕਰਦਾ ਹੈ ਕਿ ਉਹ ਗੱਲ ਮੰਨਵਾਉਣੀ ਚਾਹੁੰਦੇ ਹਨ ਜਾਂ ਲਟਕਾਉਣੀ!
ਜੇ ਪਹਿਲੇ ਗੁਰੂ ਸਾਹਿਬ ਦਾ ਜਨਮ ਦਿਹਾੜਾ ਕੱਤਕ ਦੀ ਥਾਂ ਵਿਸਾਖ ਵਿਚ ਮਨਾਇਆ ਜਾਣ ਲੱਗ ਪਵੇ ਜਾਂ ਚੱਲੀ ਆ ਰਹੀ ਪਰੰਪਰਾ ਅਨੁਸਾਰ ਹੀ ਮਨਾਇਆ ਜਾਵੇ ਤਾਂ ਗੁਰੂ ਸਾਹਿਬ ਦੀ ਬਾਣੀ ਦੀ ਮੂਲ ਵਿਚਾਰਧਾਰਾ ਤਾਂ ਉਹੀ ਰਹੇਗੀ। ਸਮੂਹ ਨਾਨਕ ਨਾਮ ਲੇਵਾ ਸੰਗਤ ਦਾ ਮੁੱਖ ਮਕਸਦ ਗੁਰੂ ਸਾਹਿਬ ਦੁਆਰਾ ਦਰਸਾਏ ਮਾਰਗ ‘ਤੇ ਚੱਲਣ ਦਾ ਹੋਣਾ ਚਾਹੀਦਾ ਹੈ। ਉਨ੍ਹਾਂ ਦੇ ਜੀਵਨ ਫਲਸਫੇ ਨੂੰ ਸਹੀ ਢੰਗ ਨਾਲ ਸਮਝਦਿਆਂ ਤੇ ਵਹਿਮਾਂ-ਭਰਮਾਂ ਦਾ ਤਿਆਗ ਕਰਦਿਆਂ ਹਰ ਲੋੜਮੰਦ ਦੀ ਮਦਦ ਲਈ ਤਿਆਰ ਰਹਿਣ ਦਾ ਹੋਣਾ ਚਾਹੀਦਾ ਹੈ। ਉਨ੍ਹਾਂ ਦੀ ਬਾਣੀ ਦੇ ਤੋਤਾ ਰਟਣ ਦੀ ਥਾਂ ਮੂਲ ਅਰਥਾਂ ਨੂੰ ਸਮਝਣ ਦਾ ਹੋਕਾ ਦੇਣਾ ਚਾਹੀਦਾ ਹੈ। ਜੇ ਗੁਰੂ ਸਾਹਿਬ ਦੀਆਂ ਸਿਖਿਆਵਾਂ ਅਨੁਸਾਰ ਅਸੀਂ ਆਪਣੇ ਰੋਜ਼ਾਨਾ ਦੇ ਜੀਵਨ ਨੂੰ ਢਾਲ ਲਈਏ ਤਾਂ ਹਰ ਨਵਾਂ ਦਿਨ ਗੁਰੂ ਸਾਹਿਬ ਦਾ ਜਨਮ ਦਿਹਾੜਾ ਬਣ ਜਾਵੇਗਾ, ਪਰ ਜੇ ਗੁਰਪੁਰਬ ਵਾਲੇ ਦਿਨ ਹੀ ਗੁਰੂਘਰ ਜਾ ਕੇ ਮੱਥਾ ਟੇਕ ਆਏ, ਕੜਾਹ ਪ੍ਰਸ਼ਾਦ ਦੀ ਦੇਗ ਕਰਵਾ ਦਿੱਤੀ, ਰਾਗੀ ਸਿੰਘਾਂ ਨੂੰ ਕੁਝ ਮਾਇਆ ਭੇਟ ਕਰਕੇ ਸੰਗਤ ਵਿਚ ਬੈਠ ਕੀਰਤਨ ਸ਼੍ਰਵਣ ਕਰ ਲਿਆ (ਸ਼ਬਦ ਦੇ ਅਰਥ ਭਾਵੇਂ ਸਮਝ ਨਾ ਹੀ ਆਉਣ) ਤਾਂ ਭਾਵੇਂ ਗੁਰਪੁਰਬ ਕੱਤਕ ਨੂੰ ਮਨਾ ਲਉ, ਵਿਸਾਖ ਜਾਂ ਕਿਸੇ ਹੋਰ ਦਿਨ-ਕੋਈ ਫਰਕ ਨਹੀਂ ਪੈਂਦਾ। ਵਿਦਵਾਨ ਜਾਂ ਕੁਝ ਅਖੌਤੀ ਵਿਦਵਾਨ ਕਾਗਜ਼ੀ ਘੋੜੇ ਜਿੰਨੇ ਮਰਜ਼ੀ ਦੌੜਾਈ ਜਾਣ, ਕੋਈ ਫਾਇਦਾ ਨਹੀਂ। ਗੁਰੂ ਸਾਹਿਬ ਨੇ ਤਾਂ ‘ਧੁਰ ਕੀ ਬਾਣੀ’ ਰਾਹੀਂ ਸਾਡਾ ਮਾਰਗ-ਦਰਸ਼ਨ ਕਰਦਿਆਂ ਸਾਡੇ ਜੀਵਨ ਪੰਧ ਨੂੰ ਸਹਿਜ ਅਤੇ ਸੁਖਾਲਾ ਬਣਾਉਣ ਦਾ ਯਤਨ ਕੀਤਾ ਹੈ।
ਸ਼੍ਰੋਮਣੀ ਕਮੇਟੀ ਅਤੇ ਧਾਰਮਿਕ ਮਾਮਲਿਆਂ ਵਿਚ ਅੰਤਿਮ ਫੈਸਲਾ ਦੇਣ ਵਾਲੇ ਪੰਜ ਤਖਤਾਂ ਦੇ ਜਥੇਦਾਰ ਸਾਹਿਬਾਨ ਨੂੰ ਸਿਰ ਜੋੜ ਕੇ ਬੈਠਣਾ ਚਾਹੀਦਾ ਹੈ ਕਿ ਗੁਰੂਆਂ ਨੂੰ ਮੰਨਣ ਵਾਲੀ, ਪਰ ਗੁਰੂਆਂ ਦੀ ਨਾ ਮੰਨਣ ਵਾਲੀ ਸਿੱਖ ਕੌਮ ਨੂੰ ਗੁਰੂਆਂ ਦੇ ਦਰਸਾਏ ਰਾਹ ‘ਤੇ ਕਿਵੇਂ ਤੋਰਨਾ ਹੈ। ਇਸ ਮਾਮਲੇ ‘ਤੇ ਵਿਚਾਰ ਕਰਨ ਵਿਚ ਪਹਿਲਾਂ ਹੀ ਬਹੁਤ ਦੇਰ ਹੋ ਚੁਕੀ ਹੈ। ਹੋਰ ਅਣਗਹਿਲੀ ਸਾਡੀ ਕੌਮ ਲਈ ਤਬਾਹਕੁਨ ਸਾਬਿਤ ਹੋਵੇਗੀ। ਕੱਤਕ ਅਤੇ ਵਿਸਾਖ ਤਾਂ ਬਹੁਤ ਹੀ ਸਧਾਰਨ ਮਾਮਲਾ ਹੈ।
ਅਕਾਲ ਤਖਤ ਦੇ ਮੌਜੂਦਾ ਜਥੇਦਾਰ ਨੂੰ ਰਾਜਸੀ ਨੇਤਾਵਾਂ ਜਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਇਸ਼ਾਰੇ ਦਾ ਇੰਤਜ਼ਾਰ ਨਹੀਂ ਕਰਨਾ ਚਾਹੀਦਾ, ਸਗੋਂ ਉਨ੍ਹਾਂ ਨੂੰ ਆਪਣਾ ਫੈਸਲਾ ਸੁਣਾਉਣਾ ਚਾਹੀਦਾ ਹੈ। ਉਨ੍ਹਾਂ ਦਾ ‘ਕੱਤਕ’ ਜਾਂ ‘ਵਿਸਾਖ’ ਦੇ ਹੱਕ ਵਿਚ ਦਿੱਤਾ ਦੋ ਟੁੱਕ ਫੈਸਲਾ ਸਮੇਂ ਦੀ ਲੋੜ ਹੈ ਤਾਂ ਜੋ ਇਸ ਤੋਂ ਬਾਅਦ ਹੋਰ ਅਹਿਮ ਮਾਮਲਿਆਂ ‘ਤੇ ਵਿਚਾਰ-ਵਟਾਂਦਰਾ ਹੋ ਸਕੇ।