ਕਿਸਾਨਾਂ ਦੇ ‘ਦਿੱਲੀ ਚੱਲੋ ਅੰਦੋਲਨ’ ਦੇ ਰੌਚਕ ਤੇ ਉਸਾਰੂ ਪੱਖ

ਡਾ. ਸੁਖਦੇਵ ਸਿੰਘ ਝੰਡ
ਫੋਨ: 647-567-9128
ਪੰਜਾਬ ਅਤੇ ਹਰਿਆਣਾ ਵਿਚ ਕਾਫੀ ਸਮੇਂ ਤੋਂ ਚੱਲ ਰਿਹਾ ਕਿਸਾਨੀ-ਅੰਦੋਲਨ ਅੱਜ ਕੱਲ੍ਹ ਸਿਖਰ ‘ਤੇ ਹੈ। ਪਿਛਲੇ ਦੋ ਮਹੀਨਿਆਂ ਤੋਂ ਵੱਧ ਸ਼ੁਰੂ ਹੋਇਆ ਇਹ ਅੰਦੋਲਨ ਕਿਸਾਨ ਆਗੂਆਂ ਵੱਲੋਂ ਦਿੱਲੀ ਵੱਲ ਕੂਚ ਕਰਨ ਨਾਲ ਹੁਣ ਫੈਸਲਾਕੁਨ ਦੌਰ ਵਿਚ ਦਾਖਲ ਹੋ ਗਿਆ ਹੈ। ਉਹ ਲੱਖਾਂ ਦੀ ਗਿਣਤੀ ਵਿਚ ਆਪਣੇ ਟਰੈਕਟਰਾਂ-ਟਰਾਲੀਆਂ ਨੂੰ ਚੱਲਦੇ-ਫਿਰਦੇ ਆਰਜ਼ੀ ਘਰਾਂ ਦੇ ਰੂਪ ਵਿਚ ਬਦਲ ਕੇ ਚਾਰ-ਚਾਰ, ਪੰਜ-ਪੰਜ ਮਹੀਨਿਆਂ ਦਾ ਰਾਸ਼ਨ-ਪਾਣੀ ਲੈ ਕੇ ਇਕ-ਦੋ ਦਿਨ ਪਹਿਲਾਂ ਹੀ ਦਿੱਲੀ ਵੱਲ ਨੂੰ ਚੱਲ ਪਏ, ਕਿਉਂਕਿ ਉਨ੍ਹਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਉਨ੍ਹਾਂ ਨੂੰ ਰਾਹ ਵਿਚ ਕਈ ਰੁਕਾਵਟਾਂ ਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਸ ਅੰਦੋਲਨ ਵਿਚ ਬਹੁਤ ਸਾਰੇ ਰੌਚਕ ਅਤੇ ਉਸਾਰੂ-ਪੱਖ ਵੇਖਣ ਵਿਚ ਆਏ ਹਨ, ਜਿਨ੍ਹਾਂ ਦਾ ਜ਼ਿਕਰ ਕਰਨਾ ਜ਼ਰੂਰੀ ਹੈ। ਸਭ ਤੋਂ ਅਹਿਮ ਪਹਿਲੂ ਤਾਂ ਪੰਜਾਬ ਅਤੇ ਹਰਿਆਣੇ ਦੇ ਕਿਸਾਨਾਂ ਵਿਚ ਏਕਤਾ ਦੇ ਰੂਪ ਵਿਚ ਵੇਖਣ ਨੂੰ ਮਿਲਿਆ ਹੈ। ਪੰਜਾਬ ਦੇ ਕਿਸਾਨ ਜਦੋਂ ਹਰਿਆਣੇ ਦੀਆਂ ਹੱਦਾਂ ‘ਤੇ ਵੱਖ-ਵੱਖ ਥਾਂਵਾਂ ‘ਤੇ ਪਹੁੰਚੇ ਤਾਂ ਰਸਤਿਆਂ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਹਰਿਆਣੇ ਦੇ ਕਿਸਾਨਾਂ ਨੇ ਪੰਜਾਬੀ ਕਿਸਾਨਾਂ ਨਾਲ ਮਿਲ ਕੇ ਹੰਭਲਾ ਮਾਰਿਆ। ਹਰਿਆਣੇ ਵਿਚ ਹਰਿਆਣਾ-ਵਾਸੀਆਂ ਨੇ ਥਾਂ-ਥਾਂ ਲੰਗਰ ਲਾਏ ਅਤੇ ਪੰਜਾਬੀ ਕਿਸਾਨਾਂ ਨੂੰ ਲੰਗਰ ਤੇ ਫਲ-ਫਰੂਟ ਛਕਾਇਆ।
ਇਸ ਅੰਦੋਲਨ ਦੀ ਵਿਲੱਖਣਤਾ ਹੈ ਕਿ ਇਸ ਵਿਚ ਪੰਜਾਬ ਅਤੇ ਹਰਿਆਣੇ ਦੇ ਕਿਸਾਨ “ਵੱਡੇ-ਭਰਾ” ਤੇ “ਛੋਟੇ ਭਰਾ” ਦੇ ਰੂਪ ਵਿਚ ਸਾਂਝੇ ਤੌਰ ‘ਤੇ ਵਿਚਰ ਰਹੇ ਹਨ ਅਤੇ ਇਹ ਪਹਿਲੀ ਨਵੰਬਰ 1966 ਨੂੰ ਹਰਿਆਣਾ ਬਣਨ ਤੋਂ ਬਾਅਦ ਪਹਿਲੀ ਵਾਰ ਹੀ ਵੇਖਣ ਵਿਚ ਆਇਆ ਹੈ। ਇਸ ਤੋਂ ਪਹਿਲਾਂ ਤਾਂ ਦੋਹਾਂ ਸੂਬਿਆਂ ਦੀਆਂ ਸਰਕਾਰਾਂ ਨੇ ਉਨ੍ਹਾਂ ਨੂੰ ‘ਸਤਲੁਜ-ਯਮਨਾ ਲਿੰਕ ਨਹਿਰ’ ਅਤੇ ਪਾਣੀ ਦੀ ਵੰਡ ਸਮੇਤ ਹੋਰ ਮਸਲਿਆਂ ਵਿਚ ਹੀ ਉਲਝਾਈ ਰੱਖਿਆ ਹੈ। ਦਿੱਲੀ ਦੇ ਨੇੜਲੇ ਹਰਿਆਣੇ ਦੇ ਪਿੰਡਾਂ ਵਿਚੋਂ ਦੁੱਧ, ਲੱਸੀ ਅਤੇ ਲੰਗਰ ਤਿਆਰ ਹੋ ਕੇ ਦਿੱਲੀ ਅਤੇ ਹਰਿਆਣੇ ਦੇ ਸਿੰਘੂ, ਕੁੰਡਲੀ ਤੇ ਟਿਕਰੀ ਬਾਰਡਰਾਂ ਉੱਪਰ ਕਿਸਾਨਾਂ ਲਈ ਧੜਾ-ਧੜ ਆ ਰਹੇ ਹਨ। ਭਾਵੇਂ ਕਿਸਾਨਾਂ ਨੇ ਪਹਿਲਾਂ ਹੀ ਆਪਣੇ ਕੋਲ ਕਈ ਮਹੀਨਿਆਂ ਲਈ ਰੋਟੀ-ਪਾਣੀ ਦਾ ਪੂਰਾ ‘ਜੁਗਾੜ’ ਕੀਤਾ ਹੋਇਆ ਹੈ ਤੇ ਉਹ ਸਵੇਰ ਵੇਲੇ ਆਲੂ-ਗੋਭੀ ਵਾਲੇ ਪਰੌਂਠੇ ਖੁਦ ਬਣਾ ਕੇ ਛਕ ਰਹੇ ਹਨ ਅਤੇ ਕਈਆਂ ਨੇ ਰੋਟੀ ਤੇ ਦਾਲ-ਭਾਜੀ ਪਾਣੀ ਬਣਾਉਣ ਲਈ ਆਪਣੇ ਨਾਲ ਹਲਵਾਈ ਵੀ ਲਿਆਂਦੇ ਹਨ, ਪਰ ਫਿਰ ਵੀ ਹਰਿਆਣੇ ਅਤੇ ਦਿੱਲੀ-ਵਾਸੀਆਂ ਵੱਲੋਂ ਲਗਾਤਾਰ ਆ ਰਿਹਾ ਲੰਗਰ ਉਨ੍ਹਾਂ ਦੀ ਵੱਡੀ ਹੌਸਲਾ ਅਫਜ਼ਾਈ ਕਰ ਰਿਹਾ ਹੈ। ਦਿੱਲੀ ਦੇ ਮੁਸਲਿਮ ਭਾਈਚਾਰੇ ਵੱਲੋਂ ਵੀ ਲੰਗਰ ਤਿਆਰ ਕਰਕੇ ਲਿਆਂਦਾ ਜਾ ਰਿਹਾ ਹੈ। ਕੌਮਾਂਤਰੀ ਜਥੇਬੰਦੀ ‘ਖਾਲਸ ਏਡ’ ਅਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਵੀ ਲੰਗਰ ਲਾਏ ਹੋਏ ਹਨ। ਕਈ ਗੁਰਦੁਆਰਾ ਸਾਹਿਬਾਨ ਤੋਂ ਵੀ ਲੰਗਰ ਆ ਰਿਹਾ ਹੈ। ‘ਯੂਨਾਈਟਿਡ ਸਿੱਖਸ’ ਨਾਂ ਦੀ ਜਥੇਬੰਦੀ ਵੱਲੋਂ ਕਿਸਾਨਾਂ ਲਈ ਦਵਾਈਆਂ ਅਤੇ ਮਰ੍ਹਮ-ਪੱਟੀ ਦੀ ਸੇਵਾ ਕੀਤੀ ਜਾ ਰਹੀ ਹੈ ਅਤੇ ਐਮਰਜੈਂਸੀ ਹਾਲਤ ਨੂੰ ਸਾਂਭਣ ਲਈ ਇਕ ਐਂਬੂਲੈਂਸ ਦਾ ਵੀ ਪ੍ਰਬੰਧ ਕੀਤਾ ਹੋਇਆ ਹੈ।
ਇਸ ਦੇ ਨਾਲ ਹੀ ਸੜਕਾਂ ਦੇ ਦੋਹੀਂ ਪਾਸੀਂ ਘਰਾਂ ਦੇ ਹਰਿਆਣਾ-ਨਿਵਾਸੀਆਂ ਨੇ ਆਪਣੇ ਘਰਾਂ ਦੇ ਬੂਹੇ ਇਨ੍ਹਾਂ ਕਿਸਾਨ ਧਰਨਾਕਾਰੀਆਂ ਲਈ ਖੋਲ੍ਹ ਦਿੱਤੇ ਹਨ। ਉਹ ਸਵੇਰੇ ਇਸ਼ਨਾਨ-ਪਾਣੀ ਲਈ ਉੱਥੇ ਉਨ੍ਹਾਂ ਦੇ ਬਾਥ-ਰੂਮ ਵੀ ਵਰਤ ਰਹੇ ਹਨ ਅਤੇ ਉਨ੍ਹਾਂ ਦੇ ਘਰਾਂ ਵਿਚ ਸਵੇਰੇ ਬੜੀ ਸ਼ਰਧਾ ਤੇ ਪਿਆਰ ਨਾਲ ਉਨ੍ਹਾਂ ਵੱਲੋਂ ਬਣਾਇਆ ਗਿਆ ਚਾਹ-ਪਾਣੀ ਵੀ ਪੀਂਦੇ ਹਨ। ਕਈਆਂ ਨੇ ਤਾਂ ਆਪਣੇ ਘਰਾਂ ਦੇ ਸਾਹਮਣੇ ਵੀ ਚਾਹ-ਪਾਣੀ ਅਤੇ ਬਰੈੱਡ-ਪਕੌੜਿਆਂ, ਆਦਿ ਦੇ ਲੰਗਰ ਵੀ ਲਾਏ ਹੋਏ ਹਨ। ਕਈ ਹੋਟਲਾਂ ਦੇ ਮਾਲਕਾਂ ਨੇ ਇਸ ਕਿਸਾਨੀ ਧਰਨੇ ਵਿਚ ਸ਼ਾਮਲ ਔਰਤਾਂ ਦੇ ਰਾਤ ਰਹਿਣ ਲਈ ਆਪਣੇ ਹੋਟਲਾਂ ਦੇ ਕਮਰੇ ਫਰੀ ਖੋਲ੍ਹ ਦਿੱਤੇ ਹਨ। ਉਹ ਸਵੇਰੇ ਕਿਸਾਨ-ਧਰਨਿਆਂ ਵਿਚ ਸ਼ਾਮਲ ਹੁੰਦੀਆਂ ਹਨ ਅਤੇ ਰਾਤ ਨੂੰ ਇੱਥੇ ਆਰਾਮ ਕਰਦੀਆਂ ਹਨ। ਧਰਨੇ ਵਿਚ ਸ਼ਾਮਲ ਇਕ ਨੌਜੁਆਨ ਦੱਸ ਰਿਹਾ ਸੀ ਕਿ ਉਸ ਦੇ ਫੋਨ ਦਾ ਚਾਰਜਰ ਖਰਾਬ ਹੋ ਗਿਆ ਅਤੇ ਉਹ ਜਦੋਂ ਨਵਾਂ ਫੋਨ-ਚਾਰਜਰ ਲੈਣ ਲਈ ਇਕ ਦੁਕਾਨ ‘ਤੇ ਗਿਆ ਤਾਂ ਦੁਕਾਨਦਾਰ ਨੇ ਉਸ ਨੂੰ ਫੋਨ-ਚਾਰਜਰ ਦਿੰਦਿਆਂ ਉਸ ਦੀ ਕੀਮਤ ਲੈਣ ਤੋਂ ਨਾਂਹ ਕਰ ਦਿੱਤੀ ਅਤੇ ਕਿਹਾ ਕਿ ਇਸ ਨੂੰ ਉਸ ਦੇ ਵੱਲੋਂ ਇਸ ਅੰਦੋਲਨ ਵਿਚ ਪਾਇਆ ਗਿਆ ‘ਯੋਗਦਾਨ’ ਹੀ ਸਮਝਿਆ ਜਾਵੇ।
ਪੰਜਾਬ ਅਤੇ ਹਰਿਆਣੇ ਦੇ ਕਿਸਾਨ ਤਾਂ ਇਸ ਅੰਦੋਲਨ ਵਿਚ ਇਕੱਠੇ ਹੋਏ ਹੀ ਹਨ ਅਤੇ ਉਨ੍ਹਾਂ ਦਾ ਸਾਥ ਦੇਣ ਲਈ ਉੱਤਰ ਪ੍ਰਦੇਸ਼, ਉੱਤਰਾ ਖੰਡ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ ਕਿਸਾਨ ਵੀ ਉਨ੍ਹਾਂ ਦੇ ਨਾਲ ਆ ਰਲੇ ਹਨ। ਇਹ ਵੱਖਰੀ ਗੱਲ ਹੈ ਕਿ ਉੱਤਰ ਪ੍ਰਦੇਸ਼ ਅਤੇ ਉੱਤਰਾ ਖੰਡ ਵੱਲੋਂ ਆਉਣ ਵਾਲੇ ਕਿਸਾਨਾਂ ਨੂੰ ਦਿੱਲੀ ਦੇ ਉੱਤਰ ਵਾਲੇ ਪਾਸੇ ਬਾਈਪਾਸ ਦੇ ਬਾਹਰਵਾਰ ਹੀ ‘ਬੁਰਾੜੀ’ ਦੇ ਖੁੱਲ੍ਹੇ ਮੈਦਾਨ, ਜਿਸ ਨੂੰ ਕਿਸਾਨਾਂ ਵੱਲੋਂ ‘ਖੁੱਲ੍ਹੀ-ਜੇਲ੍ਹ’ ਦਾ ਨਾਂ ਦਿੱਤਾ ਗਿਆ ਹੈ, ਵਿਚ ਜਬਰਦਸਤੀ ਡੱਕ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ।
ਕਿਸਾਨੀ ਅੰਦੋਲਨ ਦੀ ਤਾਜ਼ਾ ਸਥਿਤੀ ਇਹ ਹੈ ਕਿ ਇਸ ਅੰਦੋਲਨ ਵਿਚ ‘ਫੌਜਾਂ’ ਦੋਵੇਂ ਪਾਸੇ ਪੂਰੀ ਤਰ੍ਹਾਂ ਡਟੀਆਂ ਹੋਈਆਂ ਹਨ, ਕਿਸਾਨੀ ਫੌਜਾਂ ਅਤੇ ਸਰਕਾਰੀ ਫੌਜਾਂ। ਕੇਂਦਰ ਸਰਕਾਰ ਨੇ ਕਿਸਾਨ ਆਗੂਆਂ ਨਾਲ 3 ਦਸੰਬਰ ਨੂੰ ਗੱਲਬਾਤ ਕਰਨ ਲਈ ਸੱਦਾ ਦਿੱਤਾ ਹੋਇਆ ਹੈ, ਪਰ ਇਸ ਦੇ ਨਾਲ ਇਹ ਸ਼ਰਤ ਵੀ ਲਾਈ ਹੈ ਕਿ ਉਹ ਨੈਸ਼ਨਲ ਹਾਈਵੇ ਤੋਂ ਆਪਣੇ ਧਰਨੇ ਹਟਾ ਲੈਣ ਅਤੇ ਬੁਰਾੜੀ ਦੇ ਖੁੱਲ੍ਹੇ ਮੈਦਾਨ ਵਿਚ ਚਲੇ ਜਾਣ, ਜਿੱਥੇ ਸਰਕਾਰ ਵੱਲੋਂ ਉਨ੍ਹਾਂ ਲਈ ਪੋਰਟੇਬਲ-ਵਾਸ਼ਰੂਮਾਂ ਅਤੇ ਇਸ਼ਨਾਨ, ਪਾਣੀ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ; ਪਰ ਕਿਸਾਨ ਆਗੂਆਂ ਵੱਲੋਂ ਇਹ ਸੱਦਾ ਇਹ ਕਹਿ ਕੇ ਠੁਕਰਾ ਦਿੱਤਾ ਗਿਆ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਸ਼ਰਤ ਨਾਲ ਇਸ ਗੱਲਬਾਤ ਵਿਚ ਸਾਮਲ ਨਹੀਂ ਹੋਣਗੇ ਅਤੇ ਦਿੱਲੀ ਨੂੰ ਜਾਣ ਵਾਲੇ ਪੰਜੇ ਮੁੱਖ ਰਾਸਤਿਆਂ ਉੱਪਰ ਇੰਜ ਹੀ ਆਪਣੇ ਧਰਨੇ ਜਾਰੀ ਰੱਖਣਗੇ। ਉਨ੍ਹਾਂ ਅਨੁਸਾਰ ਇਨ੍ਹਾਂ ਥਾਂਵਾਂ ‘ਤੇ ਧਰਨੇ ਜਾਰੀ ਰੱਖਣ ਨਾਲ ਦਿੱਲੀ ਨੂੰ ਜਾਣ ਵਾਲੇ ਜ਼ਰੂਰੀ ਸਮਾਨ ਦੀ ਆਵਾਜਾਈ ਵਿਚ ਭਾਰੀ ਰੁਕਾਵਟ ਖੜ੍ਹੀ ਹੋਵੇਗੀ ਅਤੇ ਫਿਰ ਕੇਂਦਰ ਸਰਕਾਰ ਨੂੰ ਮਜਬੂਰ ਹੋ ਕੇ ਉਨ੍ਹਾਂ ਦੀਆਂ ਮੰਗਾਂ ਬਾਰੇ ਉਨ੍ਹਾਂ ਨਾਲ ਜਲਦੀ ਗੱਲਬਾਤ ਕਰਨੀ ਪਵੇਗੀ।
ਇੱਥੇ ਇਹ ਜ਼ਿਕਰਯੋਗ ਹੈ ਕਿ ਕਿਸਾਨਾਂ ਦੀਆਂ ਮੰਗਾਂ ਵਿਚ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਅਤੇ ਇਸ ਦੇ ਨਾਲ ਹੀ ਪਰਾਲੀ ਸਾੜਨ ਦੇ ਵਿਰੁੱਧ ਅਤੇ ਬਿਜਲੀ ਮਹਿੰਗੀ ਕੀਤੇ ਜਾਣ ਸਬੰਧੀ ਜਾਰੀ ਕੀਤੇ ਨਵੇਂ ਬਿਜਲੀ ਆਰਡੀਨੈਂਸ 2020 ਨੂੰ ਕੈਂਸਲ ਕਰਨਾ ਸ਼ਾਮਲ ਹੈ। ਇਨ੍ਹਾਂ ਤੋਂ ਇਲਾਵਾ ਹਰਿਆਣੇ ਤੋਂ ਦਿੱਲੀ ਆਉਂਦਿਆਂ ਰਸਤਿਆਂ ਵਿਚਲੀਆਂ ਰੁਕਾਵਟਾਂ ਨੂੰ ਦੂਰ ਕਰਨ ਸਬੰਧੀ ਕਿਸਾਨਾਂ ਉੱਪਰ ਦਰਜ ਕੀਤੇ ਗਏ ਵੱਖ-ਵੱਖ ਕੇਸ ਵਾਪਸ ਲੈਣਾ ਵੀ ਇਨ੍ਹਾਂ ਮੰਗਾਂ ਵਿਚ ਸ਼ਾਮਲ ਹੈ। ਇਹ ਅੰਦੋਲਨ ਅੱਗੋਂ ਹੋਰ ਕਿੰਨੇ ਦਿਨ, ਹਫਤੇ ਜਾਂ ਮਹੀਨੇ ਚੱਲੇਗਾ, ਇਸ ਬਾਰੇ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ, ਕਿਉਂਕਿ ਕੇਂਦਰ ਸਰਕਾਰ ਦਾ ਰਵੱਈਆ ਵੀ ਅਜੇ ਕਾਫੀ ਹਠੀ ਵਿਖਾਈ ਦੇ ਰਿਹਾ ਹੈ। ਉਧਰ ਕਿਸਾਨ ਵੀ ਆਪਣੀ ਹੋਂਦ ਬਚਾਉਣ ਲਈ ਆਰ-ਪਾਰ ਦੀ ਲੜਾਈ ਲੜ ਰਹੇ ਹਨ। ਵੇਖੋ! ਆਉਣ ਵਾਲੇ ਦਿਨਾਂ ਵਿਚ ‘ਊਠ’ ਕਿਸ ਕਰਵਟ ਬੈਠਦਾ ਹੈ!