ਜਾਗ ਪਿਆ ਪੰਜਾਬ

ਹਰਬੰਸ ਸਿੰਘ ਜੰਡਾਲੀ
ਫੋਨ: 416-804-1999
ਪੰਜਾਬੀਆਂ ਦਾ ਇਤਿਹਾਸ ਪੰਜਾਬ ਦੀ ਧਰਤੀ ਨੇ ਆਪਣੀ ਭੂਗੋਲ ਦੀ ਕਲਮ ਨਾਲ ਲਿਖਿਆ ਹੈ। ਕਾਬਲ ਵਾਂਗ ਪੰਜਾਬ ਦੇ ਜੰਮਿਆਂ ਨੂੰ ਵੀ ਨਿੱਤ ਨਵੀਆਂ ਮੁਹਿੰਮਾਂ ਖੜ੍ਹੀਆਂ ਰਹੀਆਂ ਹਨ। ਦੂਰ ਦੀ ਗੱਲ ਛੱਡੋ, ਜੇ ਪਿਛਲੇ ਤਿੰਨ ਕੁ ਦਹਾਕਿਆਂ ‘ਤੇ ਹੀ ਨਜ਼ਰ ਮਾਰ ਲਈ ਜਾਵੇ ਤਾਂ ਸਾਰੀ ਤਸਵੀਰ ਸਾਫ ਨਿੱਖਰ ਕੇ ਸਾਹਮਣੇ ਆ ਜਾਂਦੀ ਹੈ। ਜਾਪਦਾ ਹੈ, ਜਿਵੇਂ ਪੰਜਾਬ ਦੀ ਧਰਤੀ ਸਰਾਪੀ ਗਈ ਹੋਵੇ। ਇਸ ਦੀ ਰੂਹ ਮਧੋਲੀ ਗਈ ਹੋਵੇ। ਤਾਂ ਹੀ ਤੇ ਸੁਰਜੀਤ ਪਾਤਰ ਕਹਿੰਦਾ ਹੈ, “ਲੱਗੀ ਨਜ਼ਰ ਪੰਜਾਬ ਨੂੰ, ਕੋਈ ਮਿਰਚਾਂ ਵਾਰੋ। ਵਾਰ ਕੇ ਮਿਰਚਾਂ ਕੌੜੀਆਂ ਫਿਰ ਅੱਗ ਵਿਚ ਸਾੜੋ।”

ਇਨ੍ਹਾਂ ਸਮਿਆਂ ਵਿਚ ਮੰਨਿਆ ਜਾ ਰਿਹਾ ਸੀ ਕਿ ਪੰਜਾਬ ਦੀ ਧਰਤੀ ਦੇ ਚੱਪੇ ਚੱਪੇ ‘ਤੇ ਗੈਂਗਸਟਰਾਂ, ਬਦਮਾਸ਼ਾਂ ਦੇ ਨਾਲ ਨਾਲ ਨਸ਼ਿਆਂ ਦੀ ਕੰਡਿਆਈ ਉੱਗ ਪਈ ਹੈ, ਜਿਸ ਨਾਲ ਪੰਜਾਬੀਆਂ ਦਾ ਹਰ ਅੰਗ ਪੱਛਿਆ ਗਿਆ ਹੈ। ਪਿੰਡ ਪਿੰਡ ਅਤੇ ਸ਼ਹਿਰ ਸ਼ਹਿਰ ਹਰ ਮੰਗਣੇ, ਵਿਆਹ ਅਤੇ ਇਕੱਠ ਵਿਚ ਬਹੁ-ਪ੍ਰਕਾਰੀ ਹਥਿਆਰਾਂ ਦਾ ਸ਼ਕਤੀ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਠੂਹ ਠਾਹ ਪਟਾਕਿਆਂ ਵਾਂਗ ਕੀਤੀ ਜਾ ਰਹੀ ਹੈ। ਅਨੇਕ ਬੇਕਸੂਰਿਆਂ ਦੀ ਜਾਨ ਲਈ ਜਾ ਰਹੀ ਹੈ।
ਅਮਨ ਚੈਨ ਬਣਾਈ ਰੱਖਣਾ ਹਰ ਹਾਕਮ ਦਾ ਪਹਿਲਾ ਫਰਜ਼ ਹੁੰਦਾ ਹੈ-ਭਾਵੇਂ ਹਾਕਮ ਹੋਵੇ ਕਿਸੇ ਸੂਬੇ ਦਾ ਤੇ ਭਾਵੇਂ ਹੋਵੇ ਕੇਂਦਰ ਦਾ। ਜਾਪਦਾ ਇਹੋ ਹੀ ਹੈ ਕਿ ਜਿਵੇਂ ਹਾਕਮ ਆਪਣੇ ਨਿੱਜੀ ਲਾਲਚਾਂ ਲਈ ਆਪ ਹੀ ਇਹ ਸਾਰੀ ਅਰਾਜਕਤਾ ਫੈਲਾ ਰਹੇ ਹੋਣ। ਛੋਟੇ-ਮੋਟੇ ਲਾਲਚਾਂ ਵਿਚੋਂ ਹੀ ਵਿਕਰਾਲ ਲਾਲਚ ਜਨਮ ਲੈਂਦੇ ਹਨ, ਜੋ ਅੱਗੇ ਇਨਕਲਾਬ ਲਈ ਸਥਿਤੀ ਉਸਾਰ ਦਿੰਦੇ ਹਨ।
ਆਨੇ-ਬਹਾਨੇ ਕਿਸਾਨਾਂ ਦੀਆਂ ਲਾਗਤ ਚੀਜ਼ਾਂ ਆਏ ਦਿਨ ਮਹਿੰਗੀਆਂ ਹੁੰਦੀਆਂ ਗਈਆਂ, ਫਸਲਾਂ ਦੇ ਮੁੱਲ ਖਰਚਿਆਂ ਦੇ ਹਾਣ ਦੇ ਨਾ ਰਹੇ। ਕੁਦਰਤ ਦੇ ਵਰਤਾਰਿਆਂ ਨੇ ਵੀ ਸਮੇਂ ਸਮੇਂ ਕਿਸਾਨਾਂ ਉੱਤੇ ਤਬਾਹਕੁਨ ਸੱਟਾਂ ਮਾਰੀਆਂ। ਸਿੱਟੇ ਵਜੋਂ ਕਿਸਾਨ ਹਰ ਰੋਜ਼ ਕਰਜਾਈ ਹੁੰਦਾ ਚਲਾ ਗਿਆ। ਗਰੀਬ ਕਿਸਾਨ ਅਤੇ ਮਜਦੂਰ ਵੱਲੋਂ ਹਰ ਆਏ ਦਿਨਾਂ ਕੀਤੀਆਂ ਖੁਦਕਸ਼ੀਆਂ ਦਾ ਗ੍ਰਾਫ ਉੱਪਰ ਨੂੰ ਜਾਣ ਲੱਗਾ। ਹਾਕਮਾਂ ਦਾ ਸਿਰੇ ਦਾ ਧੱਕਾ ਇਹ ਕਿ ਆਪਣੇ ਚਹੇਤੇ ਸਰਮਾਏਦਾਰਾਂ, ਕਾਰਖਾਨੇਦਾਰਾਂ, ਬੈਂਕਾਂ ਆਦਿ ਨੂੰ ਉਨ੍ਹਾਂ ਦੇ ਬਿਜਨਸ ਵਿਚ ਘਾਟੇ ਦਾ ਬਹਾਨਾ ਬਣਾ ਕੇ ਹਜਾਰਾਂ ਲੱਖਾਂ-ਕਰੋੜਾਂ ਦੀ ਮੁਫਤ ਮਾਲੀ ਮਦਦ ਕੀਤੀ ਜਾਂਦੀ ਹੈ, ਪਰ ਕਿਸਾਨਾਂ-ਮਜਦੂਰਾਂ, ਜਿਨ੍ਹਾਂ ਵਿਚ ਕਰਜਿਆਂ ਕਾਰਨ ਆਤਮ ਹੱਤਿਆ ਦਾ ਰੁਝਾਨ ਵਧਿਆ ਹੈ, ਉਨ੍ਹਾਂ ਦੇ ਸਿਰਫ ਲਾਰਿਆਂ ਖਸਾਰਿਆਂ ਨਾਲ ਹੰਝੂ ਪੂੰਝੇ ਜਾ ਰਹੇ ਹਨ। ਹਾਕਮਾਂ ਦੇ ਅਨਗਿਣਤ ਚਹੇਤੇ ਹਜ਼ਾਰ-ਕਰੋੜਾਂ ਦੀਆਂ ਠੱਗੀਆਂ ਮਾਰ ਕੇ ਪਰਦੇਸੀਂ ਉਡਾਰੀਆਂ ਮਾਰ ਕੇ ਐਸ਼ ਪ੍ਰਸਤੀਆਂ ਕਰ ਰਹੇ ਹਨ।
ਪਹਿਲੋਂ ਕਿਸਾਨਾਂ ਨੂੰ ਯੂ. ਪੀ. ਅਤੇ ਗੁਜਰਾਤ ਆਦਿ ਵਿਚੋਂ ਸਰਕਾਰੀ ਜ਼ੋਰ ਨਾਲ ਉਨ੍ਹਾਂ ਵੱਲੋਂ ਖੂਨ ਪਸੀਨੇ ਦੀ ਕਮਾਈ ਨਾਲ ਬਣਾਈਆਂ ਜਮੀਨਾਂ ਤੋਂ ਬੇਦਖਲ ਕੀਤਾ ਗਿਆ। ਕਿਸਾਨਾਂ ਨੇ ਹਰ ਪਾਸੇ ਕਾਨੂੰਨੀ ਚਾਰਾਜੋਈ ਕੀਤੀ, ਪਰ ਕੋਈ ਸੁਣਵਾਈ ਨਹੀਂ ਹੋਈ। ਅੱਜ ਕੱਲ੍ਹ ਕਾਨੂੰਨ ਵੀ ਹਾਕਮ ਦੀ ਬਦਨੀਤੀ ਦਾ ਗੁਲਾਮ ਬਣ ਗਿਆ ਹੈ। ਗੁਜਰਾਤ ਵਿਚ ਪੰਜਾਬੀ ਕਿਸਾਨ ਆਪਣੇ ਹੱਕ ਸੱਚ ਲਈ ਯਤਨ ਕਰ ਰਹੇ ਸਨ, ਪਰ ਉਹ ਨਹੀਂ ਜਾਣਦੇ ਸਨ ਕਿ ਹਾਕਮ ਦੀ ਬਦਨੀਤੀ ਗੁਜਰਾਤ ਵਿਚ ਬੇਇਨਸਾਫੀ ਕਰਨ ਦੀ ਹੀ ਨਹੀਂ ਹੈ, ਸਗੋਂ ਉਹ ਤੇ ਪੰਜਾਬ ਦੀ ਧਰਤੀ ਨੂੰ ਵੀ ਲੋਕਾਂ ਤੋਂ ਖੋਹ ਕੇ ਵੱਡਿਆਂ ਘਰਾਣਿਆਂ ਨੂੰ ਦੇ ਕੇ ਉੱਥੋਂ ਦੇ ਕਿਸਾਨ, ਮਜਦੂਰ, ਅਤੇ ਉਸ ਨਾਲ ਸਬੰਧਤ ਕਿੱਤਿਆਂ ਦੇ ਕਾਰਿੰਦਿਆਂ ਨੂੰ ਵੀ ਬੇਰੁਜ਼ਗਾਰ ਅਤੇ ਭਿਖਾਰੀ ਬਣਾਉਣ ਦੀ ਧਾਰੀ ਬੈਠਾ ਹੈ।
ਜਦੋਂ ਸਾਰਾ ਜਹਾਨ ਕਰੋਨਾ ਬੀਮਾਰੀ ਨਾਲ ਦਿਨ ਰਾਤ ਜੂਝ ਰਿਹਾ ਸੀ ਅਤੇ ਧਰਤੀ ਦਾ ਪੱਤਾ ਪੱਤਾ ਇਸ ਰੋਗ ਤੋਂ ਤ੍ਰਾਹ ਤ੍ਰਾਹ ਕਰ ਰਿਹਾ ਸੀ, ਹਾਕਮ ਨੇ ਐਨ ਉਸ ਵੇਲੇ ਆਪਣੇ ਮਿਸ਼ਨ ਦੀ ਪੂਰਤੀ ਲਈ ਰਾਹ ਪੱਧਰਾ ਦੇਖਿਆ ਅਤੇ ਕਿਸਾਨ ਵਿਰੋਧੀ ਖੇਤੀ ਕਾਨੂੰਨ ਕਿਸਾਨਾਂ ਦੇ ਗਲ਼ ਵਿਚ ਤੁੰਨ ਦਿੱਤੇ। ਮਰਦਾ ਕੀ ਨਾ ਕਰਦਾ!
ਬਾਬੇ ਨਾਨਕ ਦੀ ਬਾਣੀ ਨੇ ਹੱਕ ਸੱਚ ਦੀ ਲੜਾਈ ਲਈ ਬਾਬਰ ਬਾਣੀ ਯਾਦ ਕਰਵਾਈ। ਕਿਸਨਾਂ-ਮਜਦੂਰਾਂ ਨੇ ਥਾਂ ਥਾਂ ਉੱਤੇ ਧਰਨੇ ਦੇ ਕੇ ਹਾਕਮ ਦੇ ਕੰਨਾਂ ਤੀਕ ਅਵਾਜ਼ ਪਹੁੰਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਕਿ ਇਹ ਕਾਲੇ ਕਾਨੂੰਨ ਉਨ੍ਹਾਂ ਦੀ ਮੌਤ ਦੇ ਵਾਰੰਟ ਹਨ। ਹਾਕਮ ਨੇ ਇਹੋ ਹੀ ਰਟ ਲਾਈ ਰੱਖੀ, “ਇਹ ਕਾਨੂੰਨ ਕਿਸਾਨਾਂ ਦੇ ਭਲੇ ਲਈ ਹਨ। ਇਨ੍ਹਾਂ ਨਾਲ ਉਨ੍ਹਾਂ ਦੀ ਆਮਦਨ ਦੁੱਗਣੀ ਹੋ ਜਾਇਗੀ। ਇਨ੍ਹਾਂ ਨਾਲ ਕਿਸਾਨਾਂ-ਮਜਦੂਰਾਂ ਦੀ ਆਰਥਕ ਉਡਾਣ ਧਰਤੀ ਤੋਂ ਆਸਮਾਨ ਤੀਕ ਹੋ ਜਾਇਗੀ। ਅਸੀਂ ਇਨ੍ਹਾਂ ਨੂੰ ਕਿਸੇ ਕੀਮਤ ਉੱਤੇ ਵੀ ਵਾਪਿਸ ਨਹੀਂ ਲਵਾਂਗੇ।” ਜਾਪਦਾ ਇਹ ਹੈ ਕਿ ਹਾਕਮਾਂ ਦੀ ਰੂਹ ਵਿਚ ਹਿਟਲਰੀ ਸੋਚ ਨੇ ਘਰ ਕਰ ਲਿਆ ਹੈ। ਜੋ ਹੈ ਕਿ ਦਰਸਾਉ ਮਨ ਭਾਉਂਦੇ ਸਬਜ਼ ਬਾਗ ਤੇ ਕਰੋ ਆਪਣੀਆਂ ਮਨ ਮਾਨੀਆਂ, ਬਿਲਕੁਲ ਠੱਗਾਂ ਵਾਂਗ, ਜੋ ਸੋਨੇ ਦੇ ਗਹਿਣਿਆਂ ਨੂੰ ਦੁੱਗਣੇ ਤਿੱਗਣੇ ਕਰਨ ਦਾ ਯਕੀਨ ਦੁਆ ਕੇ ਸਾਰੇ ਗਹਿਣੇ ਲੈ ਕੇ ਹੀ ਫੁਰਰ ਹੋ ਜਾਂਦੇ ਹਨ।
ਇਹ ਸਦਾ ਹੀ ਦੁਖਾਂਤ ਰਿਹਾ ਹੈ ਕਿ ਸਮੇਂ ਦੀਆਂ ਸਰਕਾਰਾਂ ਤਾਕਤ ਦੇ ਨਸ਼ੇ ਵਿਚ ਚੂਰ ਹੋ ਲੋਕ ਪੱਖੀ ਨਾ ਰਹਿ ਕੇ ਸਵਾਰਥ ਪੱਖੀ ਜਾਂ ਧੜਾ ਪੱਖੀ ਹੋ ਜਾਂਦੀਆਂ ਹਨ। ਕੁਝ ਕੁ ਆਪਣੇ ਨੇੜੇ ਦੇ ਵਿਸ਼ੇਸ਼ ਲੋਕਾਂ ਨੂੰ ਅਥਾਹ ਲਾਭ ਅਤੇ ਸ਼ਕਤੀ ਦੇਣ ਲਈ ਆਮ ਲੋਕਾਂ ਉੱਤੇ ਅਕਹਿ ਕਹਿਰ ਢਾਹੁੰਦੀਆਂ ਹਨ। ਇਸੇ ਲਈ ਬਾਬਾ ਨਾਨਕ ਨੇ ਨਿਧੜਕ ਹੋ ਕੇ ਜਰਵਾਣਿਆਂ ਸਬੰਧੀ ਕਿਹਾ ਸੀ ਕਿ ਧਾੜਵੀ ਕਾਬਲ ਤੋਂ ਪਾਪ ਦੀ ਫੌਜ ਲੈ ਕੇ ਆ ਗਿਆ ਹੈ ਤੇ ਲੋਕਾਂ ਤੋਂ ਜੋਰ ਨਾਲ ਦਾਨ ਮੰਗ ਰਿਹਾ ਹੈ। ਬਾਬਾ ਜੀ ਨੇ ਰਾਜਿਆਂ ਦੀ ਸੀਂਹ ਅਤੇ ਮੁਕੱਦਮਾਂ ਦੀ ਮੁਰਦਾਰ ਖਾਣ ਵਾਲੇ ਕੁੱਤੇ ਨਾਲ ਤੁਲਨਾ ਕੀਤੀ।
ਦੋ ਮਹੀਨੇ ਤੀਕ ਪੰਜਾਬ ਦੇ ਕਿਸਾਨਾਂ, ਮਜਦੂਰਾਂ ਅਤੇ ਸਬੰਧਤ ਕਿੱਤਾਕਾਰਾਂ ਨੇ ਕੇਂਦਰੀ ਸਰਕਾਰ ਨੂੰ ਆਪਣੇ ਦੁੱਖ ਸੁਣਾਉਣ ਅਤੇ ਠੀਕ ਗੱਲ ਮੰਨਵਾਉਣ ਲਈ ਥਾਂ ਥਾਂ ਸ਼ਾਂਤਮਈ ਧਰਨੇ ਮਾਰੇ। ਕੇਂਦਰੀ ਸਰਕਾਰ ਨੇ ਸਗੋਂ ਉਨ੍ਹਾਂ ਧਰਨਿਆਂ ਦਾ ਹੀ ਬਹਾਨਾ ਬਣਾ ਕੇ ਪੰਜਾਬ ਦੀ ਆਰਥਕ ਘੇਰਾਬੰਦੀ ਕਰ ਦਿੱਤੀ। ਵਾਰ ਵਾਰ ਕਰੋਨਾ ਦੀ ਬਿਮਾਰੀ ਵਧਣ ਦਾ ਡਰਾਵਾ ਮਾਰਿਆ। ਪੰਜਾਬ ਅਤੇ ਹਿੰਦੋਸਤਾਨ ਭਰ ਦੇ ਕਿਸਾਨ ਆਗੂਆਂ ਨੂੰ ਗੱਲਬਾਤ ਦਾ ਲਾਰਾ ਲਾ ਕੇ ਦਿੱਲੀ ਬੁਲਾ ਬੇਇੱਜਤ ਕਰਕੇ ਭੇਜਿਆ। ਅੰਤ ਕਿਸਾਨ ਆਗੂਆਂ ਨੇ 26 ਨਵੰਬਰ ਨੂੰ ਦਿੱਲੀ ਚੱਲੋ ਦਾ ਨਿਰਣਾ ਲੈ ਲਿਆ।
ਕੇਂਦਰੀ ਸਰਕਾਰ ਨੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਆਪਣੇ ਵਜ਼ੀਰਾਂ ਜਨਸੰਘੀ ਮੈਂਬਰਾਂ ਅਤੇ ਮੀਡੀਆ ਰਾਹੀਂ ਆਪਣੀ ਸਾਰੀ ਸ਼ਕਤੀ ਝੋਕ ਦਿੱਤੀ। ਥਾਂ ਥਾਂ ਉੱਤੇ ਖੇਤੀ ਕਾਨੂੰਨਾਂ ਦੇ ਲਾਹੇਵੰਦ ਹੋਣ ਦੇ ਗੀਤ ਗਾਏ ਜਾਣ ਲੱਗੇ। ਚਾਰ ਚੁਫੇਰੇ ਸ਼ੁਕਨੀ ਚਾਲਾਂ ਦਾ ਜਾਲ ਵਿਛਾਇਆ ਗਿਆ। ਜਦੋਂ ਦਿੱਲੀ ਸਰਕਾਰ ਟੱਸ ਤੋਂ ਮੱਸ ਨਾ ਹੋਈ, ਪੰਜਾਬੀ ਕਿਸਾਨਾਂ ਨੇ ਹਾਰ ਕੇ ਦਿੱਲੀ ਚਲੋ ਦੇ ਕਮਰਕੱਸੇ ਕੱਸ ਲਏ।
ਕੁਰਬਾਨੀਆਂ ਦਾ ਇਤਿਹਾਸ ਅਤੇ ਸੰਘਰਸ਼ ਤਾਂ ਸਦੀਆਂ ਤੋਂ ਪੰਜਾਬੀਆਂ ਦੇ ਵਿਰਸ਼ੇ ਦੇ ਅੰਗ-ਅੰਗ ਸਮਾਇਆ ਹੋਇਆ ਹੈ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ, ਗੁਰੂ ਹਰਗੋਬਿੰਦ ਜੀ ਦੀ ਹਕੂਮਤ ਨਾਲ ਸਿੱਧੀ ਟੱਕਰ ਵਜੋਂ ਆਹਮਣੇ ਸਾਹਮਣੇ ਦੀਆਂ ਮੁੱਠਭੇੜਾਂ, ਗੁਰੂ ਤੇਗ ਬਹਾਦਰ ਜੀ ਦੀ ਕਈ ਸਿੰਘਾਂ ਨਾਲ ਦਿੱਲੀ ਦੇ ਚਾਂਦਨੀ ਚੌਕ ਵਿਚ ਸ਼ਹੀਦੀ, ਗੁਰੂ ਗੋਬਿੰਦ ਸਿੰਘ ਜੀ ਦੇ ਜ਼ਾਲਮਾਂ ਵਿਰੁੱਧ ਅਨੇਕ ਯੁੱਧ, ਬਾਬਾ ਬੰਦਾ ਸਿੰਘ ਬਹਾਦਰ ਦਾ ਹਕੂਮਤ ਵਿਰੁੱਧ ਮਚਾਇਆ ਤਹਿਲਕਾ ਅਤੇ ਸਿਖਰ ਦੀ ਕੁਰਬਾਨੀ ਆਦਿ। ਕਿਸਾਨੀ ਆਗੂਆਂ ਵੱਲੋਂ ਇਸ਼ਾਰਾ ਕਰਨ ਦੀ ਦੇਰ ਸੀ ਕਿ ਸਾਰੇ ਹੀ ਪੰਜਾਬ ਵਿਚ ‘ਦਿੱਲੀ ਚਲੋ’ ਦੀਆਂ ਤਿਆਰੀਆਂ ਹੋਣ ਲੱਗੀਆਂ। ਚਾਰ ਮਹੀਨੇ ਰੜੇ ਮੈਦਾਨ ਬਸੇਰਾ ਕਰਨ ਦੇ ਸਾਰੇ ਲੋੜੀਂਦੇ ਜੁਗਾੜ ਕਰ ਲਏ। ਮੁਬਾਇਲ ਨੈੱਟ ਵਰਕ ਰਾਹੀਂ ਆਪਸੀ ਤਾਲ-ਮੇਲ ਬਣਾ ਲਿਆ। ਮਿਥੇ ਦਿਨ ਤਰੀਕ ਉੱਤੇ ਕਿਸਾਨ ਤੇ ਮਜਦੂਰ ਵਹੀਰਾਂ ਘੱਤ ਕੇ ਦਿੱਲੀ ਨੂੰ ਚੱਲ ਪਏ।
ਸਿਆਣੇ ਤਾਂ ਇਹ ਵੀ ਕਹਿੰਦੇ ਹਨ ਕਿ ਮੰਜ਼ਿਲ ‘ਤੇ ਪਹੁੰਚਣ ਲਈ ਲੱਤਾਂ ਦੀ ਨਹੀਂ, ਦ੍ਰਿੜ੍ਹ ਇਰਾਦਿਆਂ ਦੀ ਲੋੜ ਹੁੰਦੀ ਹੈ। ਆਕਾਸ਼ ਵਿਚ ਉਡਾਰੀ ਲਾਉਣ ਲਈ ਖੰਭਾਂ ਨਾਲੋਂ ਵੱਧ ਲੋੜ ਇੱਛਾ ਸ਼ਕਤੀ ਦੀ ਹੁੰਦੀ ਹੈ। ਕਾਫਲਿਆਂ ਦੇ ਰਾਹ ਰੋਕਣ ਲਈ ਭਾਜਪਾ ਦੀ ਹਰਿਆਣਾ ਸਰਕਾਰ ਨੇ ਸੜਕਾਂ ਉੱਤੇ ਅਨੇਕ ਔਕੜਾਂ ਖੜ੍ਹੀਆਂ ਕਰ ਦਿੱਤੀਆਂ। ਕਰੇਨਾਂ ਨਾਲ ਭਾਰੀ ਭਾਰੀ ਪੱਥਰ ਰੱਖ ਦਿੱਤੇ, ਮਿੱਟੀ ਦੇ ਪਹਾੜ ਉਸਾਰ ਦਿੱਤੇ, ਜਲ ਤੋਪਾਂ ਬੀੜ ਦਿੱਤੀਆਂ, ਅੱਥਰੂ ਗੈਸ ਦੇ ਗੋਲਿਆਂ ਦੀ ਚਾਂਦਮਾਰੀ ਕੀਤੀ ਗਈ। ਬੈਰੀਕੇਡ ਲਾ ਦਿੱਤੇ, ਖਾਈਆਂ ਪੱਟ ਦਿੱਤੀਆਂ। ਇਹ ਸਾਰੀਆਂ ਰੁਕਾਵਟਾਂ ਕਾਫਲਿਆਂ ਨੂੰ ਕੁੱਝ ਸਮੇਂ ਲਈ ਸਿਰਫ ਅਟਕਾ ਸਕੀਆਂ, ਪਰ ਪੱਕਾ ਨਹੀਂ ਰੋਕ ਸਕੀਆਂ। ਪੱਕੇ ਇਰਾਦਿਆਂ, ਜੋਸ਼ੀਲੇ ਦਿਮਾਗਾਂ ਨੇ ਸਭ ਅੜਚਨਾਂ ਮੱਖਣ ਵਿਚੋਂ ਵਾਲ ਵਾਂਗ ਕੱਢ ਮਾਰੀਆਂ ਤੇ ਮੰਜ਼ਿਲ ਉੱਤੇ ਜਾ ਕੇ ਹੀ ਦਮ ਲਿਆ।
ਅੱਜ ਹਿੰਦੋਸਤਾਨ ਭਰ ਦੇ ਕਿਸਾਨਾਂ ਨੇ ਦਿੱਲੀ ਨੂੰ ਚਾਰ ਚੁਫੇਰੇ ਤੋਂ ਨਾਗਵਲ ਮਾਰਿਆ ਹੋਇਆ ਹੈ, ਜਿਸ ਵਿਚ ਹਰ ਵਰਗ ਦੇ ਸਿਆਣੇ, ਨੌਜੁਆਨ, ਬੱਚੇ, ਬੁੱਢੇ, ਬੀਬੀਆਂ ਆਦਿ ਤਨੋਂ ਮਨੋਂ ਤੇ ਧਨੋਂ ਪੂਰੀ ਸੁਹਿਰਦਤਾ ਨਾਲ ਭਾਗ ਲੈ ਰਹੇ ਹਨ। ਅੱਜ ਤੀਕ ਇਹ ਅੰਦੋਲਨ ਯੋਗ ਆਗੂਆਂ ਦੀ ਅਗਵਾਈ ਵਿਚ ਪੂਰਨ ਸ਼ਾਂਤਮਈ ਅਤੇ ਜ਼ਾਬਤੇ ਵਿਚ ਰਹਿ ਕੇ ਅੱਗੇ ਵਧ ਰਿਹਾ ਹੈ। ਇਸ ਵਿਚ ਵੈਰ ਵਿਰੋਧ ਤੋਂ ਉੱਪਰ ਉੱਠ ਕੇ ਖਾਣ ਪੀਣ, ਰਹਿਣ ਸਹਿਣ ਵਿਚ ਭਾਈ ਘਨੱਈਏ ਦੇ ਰੂਹਾਨੀ ਵਰਤਾਰੇ ਦੀਆਂ ਮਿਸਾਲਾਂ ਉੱਭਰ ਕੇ ਸਾਹਮਣੇ ਆ ਰਹੀਆਂ ਹਨ। ਬਾਬੇ ਨਾਨਕ ਦੇ ਉਪਦੇਸ਼ ਅਨੁਸਾਰ ਸਾਂਝੀਵਾਲਤਾ ਦੀ ਪਾਲਣਾ ਕਰਦਿਆਂ ਬਿਨਾ ਭੇਦ ਭਾਵ ਦੇ ਅੰਦੋਲਕਾਰੀਆਂ ਵੱਲੋਂ ਵਿਰੋਧੀਆਂ ਨੂੰ ਲੰਗਰ ਛਕਾਇਆ ਜਾ ਰਿਹਾ ਹੈ। ਇਸੇ ਲਈ ਪੂਰੇ ਹਿੰਦੋਸਤਾਨ ਵਿਚੋਂ ਹੀ ਨਹੀਂ, ਸਗੋਂ ਸੰਸਾਰ ਭਰ ‘ਚੋਂ ਸੱਚ ਹੱਕ ਦਾ ਸਾਥ ਦੇਣ ਵਾਲੀਆਂ ਜੱਥੇਬੰਦੀਆਂ, ਸਰਕਾਰਾਂ ਵੱਲੋਂ ਕਿਸਾਨਾਂ ਨਾਲ ਪੂਰੀ ਹਮਦਰਦੀ ਦਿਖਾਈ ਜਾ ਰਹੀ ਹੈ ਅਤੇ ਆਰਥਕ ਮਦਦ ਵੀ ਕੀਤੀ ਜਾ ਰਹੀ ਹੈ।
ਜਾਪਦਾ ਹੈ, ਇਤਿਹਾਸ ਨਵਾਂ ਮੋੜ ਕੱਟਣ ਲੱਗਾ ਹੈ। ਇਸ ਕਿਸਾਨ ਅੰਦੋਲਨ ਤੋਂ ਸੰਸਾਰ ਲਈ ਆਸ ਦੀ ਇੱਕ ਨਵੀਂ ਕਿਰਨ ਦਿਖਾਈ ਦਿੱਤੀ ਹੈ। ਇਸ ਘੋਲ ਦੇ ਬਹਾਦਰਾਂ ਦੀ ਹਿੰਮਤ, ਕੁਰਬਾਨੀ ਅਤੇ ਨੇਕ ਨੀਤੀ ਨੂੰ ਦੇਸ਼-ਵਿਦੇਸਾਂ ਤੋਂ ਸ਼ਲਾਘਾ ਭਰੇ ਸਲੂਟ ਕੀਤੇ ਜਾ ਰਹੇ ਹਨ।
ਸੱਚੀ ਗੱਲ ਤਾਂ ਇਹ ਹੈ ਕਿ ਕਿਰਤੀਆਂ ਕਿਸਾਨਾਂ ਦੀ ਟੱਕਰ ਬੜੇ ਹੀ ਸ਼ਾਤਰ ਹਾਕਮਾਂ ਨਾਲ ਹੋ ਗਈ ਹੈ। ਜਿੱਥੇ ਕਿਸਾਨ ਕਾਨੂੰਨ ਦੀ ਹੱਦ ਵਿਚ ਰਹਿ ਕੇ, ਆਪਣੇ ਸੰਵਿਧਾਨਕ ਹੱਕਾਂ ਦੀ ਪਾਲਣਾ ਕਰਦਿਆਂ ਆਪਣੇ ਦੁੱਖ ਦਰਦ ਹਾਕਮਾਂ ਅੱਗੇ ਪੇਸ਼ ਕਰਕੇ ਖੇਤੀ ਸਬੰਧੀ ਪਾਸ ਕੀਤੇ ਗਏ ਕਾਲੇ ਕਾਨੂੰਨ ਆਦਿ ਵਾਪਿਸ ਲੈਣ ਲਈ ਚਾਰਾ ਜੋਈ ਕਰ ਰਹੇ ਹਨ, ਉੱਥੇ ਹਾਕਮ ਅਨੇਕ ਕੋਝੀਆਂ ਚਾਲਾਂ ਚੱਲ ਕੇ ਕਿਸਾਨ ਅੰਦੋਲਨ ਨੂੰ ਨਿਸਫਲ ਕਰਨ ਉੱਤੇ ਤੁਲੇ ਹੋਏ ਹਨ। ਹਾਕਮ ਇਸ ਸ਼ਾਂਤਮਈ ਘੋਲ ਨੂੰ ਕਿਸੇ ਸਮੇਂ ਵੀ ਹਿੰਸਾਪੂਰਨ ਬਣਾ ਸਕਦੇ ਹਨ। ਦਿੱਲੀ (ਕੇਂਦਰ) ਦੇ ਹਾਕਮਾਂ ਦਾ ਨੇੜੇ ਦਾ ਇਤਿਹਾਸ ਇਸ ਦਾ ਸਾਖੀ ਹੈ। ਕਿਸਾਨਾਂ ਦੀ ਸ਼ਕਤੀ ਸ਼ਾਂਤਮਈ, ਸੂਝ ਸਿਆਣਪ ਨਾਲ ਇੱਕਮੁੱਠ ਹੋ ਕੇ ਕੀਤੇ ਸੰਘਰਸ਼ ਵਿਚ ਹੈ। ਅੱਜ ਦੋਹਾਂ ਤਾਕਤਾਂ ਵਿਚੋਂ ਇੱਕ ਦਾ ਖਾਤਮਾ ਤੈਅ ਜਾਪਦਾ ਹੈ।
ਦੇਖਣਾ ਹੈ ਕਿ ਸਮਾਂ ਕਿਸ ਪਾਸੇ ਕਰਵਟ ਬਦਲਦਾ ਹੈ। ਪੰਜਾਬ ਦੇ ਸਨਮਾਨ ਪ੍ਰਾਪਤ ਅਣਖੀਆਂ ਨੇ ਆਪਣੇ ਸਨਮਾਨ ਪੱਤਰ ਅਤੇ ਮੈਡਲ ਵਾਪਿਸ ਕਰ ਦਿੱਤੇ ਹਨ। ਸੰਸਾਰ ਭਰ ਦੀ ਇਨਸਾਨੀਅਤ ਦੀ ਹਮਦਰਦੀ ਧੱਕਾ ਸਹਾਰ ਰਹੇ ਕਿਸਾਨਾਂ, ਮਜਦੂਰਾਂ ਤੇ ਮੌਤ ਦੇ ਮੂੰਹ ਧੱਕੀ ਜਾਂਦੀ ਲੋਕਾਈ ਨਾਲ ਹੈ। ਆਮੀਨ!