ਕੌਮਾਂਤਰੀ ਮੀਡੀਆ ਤੇ ਵਿਦੇਸ਼ੀ ਆਗੂਆਂ ਦੀ ਨਜ਼ਰ ‘ਚ ਕਿਸਾਨੀ ਸੰਘਰਸ਼

ਅੱਬਾਸ ਧਾਲੀਵਾਲ, ਮਲੇਰਕੋਟਲਾ
ਫੋਨ: 91-98552-59650
ਪਿਛਲੇ ਕਰੀਬ ਢਾਈ ਮਹੀਨਿਆਂ ਤੋਂ ਪੰਜਾਬ ਦੇ ਕਿਸਾਨ ਨਵੇਂ ਖੇਤੀ ਕਾਨੂੰਨ ਨੂੰ ਵਾਪਸ ਲੈਣ ਦੇ ਸੰਦਰਭ ਵਿਚ ਸੰਘਰਸ਼ ਕਰ ਰਹੇ ਸਨ। ਕੇਂਦਰ ਸਰਕਾਰ ਕੋਈ ਵਿਸ਼ੇਸ਼ ਧਿਆਨ ਦੇਣ ਦੀ ਥਾਂ ਹਾਲੇ ਵੀ ਆਪਣੇ ਕਾਨੂੰਨਾਂ ਨੂੰ ਸਹੀ ਠਹਿਰਾਉਣ ‘ਤੇ ਹੀ ਅੜੀ ਹੋਈ ਹੈ। ਕਿਸਾਨ ਸੰਘਰਸ਼ ਨੂੰ ਦੇਸ਼ ਦੇ ਇਕ ਐਨ. ਡੀ. ਟੀ. ਵੀ. ਤੋਂ ਛੁੱਟ ਕਿਸੇ ਦੂਸਰੇ ਚੈਨਲ ਨੇ ਬਣਦੀ ਕਵਰੇਜ ਨਹੀਂ ਦਿੱਤੀ, ਸਗੋਂ ਸੰਘਰਸ਼ ਨੂੰ ਤਾਰਪੀੜੋ ਕਰਨ ਲਈ ਅਖੌਤੀ ਮੀਡੀਆ ਨੇ ਇਸ ਨੂੰ ਵੱਖ ਵੱਖ ਲਹਿਰਾਂ ਨਾਲ ਜੋੜ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਉਕਤ ਸੰਘਰਸ਼ ਨੂੰ ਕੌਮੀ ਮੀਡੀਆ ਦੇ ਨਾਲ ਨਾਲ ਸਰਕਾਰ ਵਿਚ ਬੈਠੇ ਮੰਤਰੀਆਂ ਨੇ ਅੱਖੋਂ ਪਰੋਖੇ ਕਰਨ ਦੀ ਕੋਸ਼ਿਸ਼ ਕੀਤੀ।

ਕਿਹਾ ਇਹ ਵੀ ਜਾ ਰਿਹਾ ਹੈ ਕਿ ਇਹ ਸੰਘਰਸ਼ 32 ਸਾਲ ਪਹਿਲਾਂ ਵਿੱਢੇ ਮਹਿੰਦਰ ਟਕੈਤ ਵਾਲੇ ਇਤਿਹਾਸਕ ਸੰਘਰਸ਼ ਦੀਆਂ ਯਾਦਾਂ ਤਾਜ਼ਾ ਕਰਦਾ ਨਜ਼ਰ ਆਉਂਦਾ ਹੈ। ਇਹੋ ਵਜ੍ਹਾ ਹੈ ਕਿ ਉਕਤ ਸੰਘਰਸ਼ ਦੀ ਹਮਾਇਤ ਵਿਚ ਜਿੱਥੇ ਵਿਸ਼ਵ ਦੇ ਵੱਖ ਵੱਖ ਦੇਸ਼ਾਂ ਦੇ ਆਗੂ ਹਮਾਇਤ ਕਰਦੇ ਨਜ਼ਰ ਆ ਰਹੇ ਹਨ, ਉੱਥੇ ਹੀ ਕੌਮਾਂਤਰੀ ਮੀਡੀਆ ‘ਚ ਵੀ ਇਸ ਸੰਘਰਸ਼ ਨੂੰ ਵਿਸ਼ੇਸ਼ ਕਵਰੇਜ ਮਿਲਦੀ ਨਜ਼ਰ ਆ ਰਹੀ ਹੈ। ਅਮਰੀਕਾ ਦੇ ਅਖਬਾਰ ‘ਦਿ ਨਿਊ ਯਾਰਕ ਟਾਈਮਜ਼’ ਅਤੇ ਲੰਡਨ ਦੇ ‘ਦਿ ਗਾਰਡਿਅਨ’ ਦੇ ਨਾਲ ਨਾਲ ਹੋਰ ਕੌਮਾਂਤਰੀ ਪ੍ਰੈਸ ਨੇ ਆਪਣੀ ਕਵਰੇਜ ਵਿਚ ਪ੍ਰਮੁੱਖਤਾ ਦਿੱਤੀ ਹੈ।
‘ਦਿ ਨਿਊ ਯਾਰਕ ਟਾਈਮਜ਼’ ਦੀ ਰਿਪੋਰਟ ‘ਚ ਲਿਖਿਆ ਹੈ ਕਿ ਪਿਛਲੇ ਦਿਨੀਂ ਜਿਨ੍ਹਾਂ ਕਿਸਾਨਾਂ ਨਾਲ ਉਨ੍ਹਾਂ ਦੇ ਨੁਮਾਇੰਦਿਆਂ ਨੇ ਗੱਲਬਾਤ ਕੀਤੀ, ਉਨ੍ਹਾਂ ਕਿਸਾਨਾਂ ਨੂੰ ਇਹੋ ਡਰ ਸਤਾ ਰਿਹਾ ਹੈ ਕਿ ਕਿਤੇ ਉਨ੍ਹਾਂ ਦੀ ਕਮਾਂਡ ਪ੍ਰਧਾਨ ਮੰਤਰੀ ਮੋਦੀ ਦੇ ਖਾਸ ਮੁਕੇਸ਼ ਅੰਬਾਨੀ ਅਤੇ ਗੌਤਮ ਅਡਾਨੀ ਵਰਗੇ ਕਾਰਪੋਰੇਟਾਂ ਘਰਾਣਿਆਂ ਦੇ ਹੱਥ ਨਾ ਚਲੀ ਜਾਵੇ। ਰਿਪੋਰਟ ‘ਚ ਇਹ ਵੀ ਖੁਲਾਸਾ ਕੀਤਾ ਗਿਆ ਹੈ, “ਮੋਦੀ ਦੀ ਪਾਰਟੀ ਅਤੇ ਸੱਜੇ ਪੱਖੀ ਨਿਊਜ਼ ਚੈਨਲ ਨੇ ਕਿਸਾਨਾਂ ਦੇ ਸੰਘਰਸ਼ ਨੂੰ ‘ਦੇਸ਼ ਵਿਰੋਧੀ’ ਆਖਿਆ ਹੈ।” ਇਸ ਦੇ ਨਾਲ ਹੀ ਇਹ ਵੀ ਲਿਖਿਆ ਗਿਆ ਹੈ ਕਿ ਅਜਿਹੇ ਹੀ ਦੋਸ਼ ਉਨ੍ਹਾਂ ਮੁਸਲਿਮ ਪ੍ਰਦਰਸ਼ਨਕਾਰੀਆਂ ‘ਤੇ ਵੀ ਲੱਗੇ ਸਨ, ਜਦ ਉਹ ਨਾਗਰਿਕਤਾ ਕਾਨੂੰਨ ਦਾ ਵਿਰੋਧ ਕਰ ਰਹੇ ਸਨ।
‘ਦਿ ਗਾਰਡਿਅਨ ਲੰਡਨ’ ਦੀ ਰਿਪੋਰਟ ਮੁਤਾਬਕ ਜਦੋਂ ਹੀ ਕਿਸਾਨ ਦਿੱਲੀ ਵੱਲ ਕੂਚ ਕਰਨ ਲੱਗੇ, ਕੁਝ ਤਾਂ ਦਿੱਲੀ ਵੱਲ ਨੂੰ ਵੱਧ ਗਏ, ਪਰ ਵੱਡੀ ਗਿਣਤੀ ‘ਚ ਕਿਸਾਨਾਂ ਨੂੰ ਮੁੱਖ ਬਾਰਡਰਾਂ ‘ਤੇ ਬੈਰੀਕੇਡ ਲਾ ਕੇ ਜਾਂ ਕੰਡਿਆਲੀ ਤਾਰਾਂ ਲਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਕਿਸਾਨਾਂ ਨੇ ਦਿੱਲੀ ਨਾਲ ਲੱਗਦੇ ਮੁੱਖ ਮਾਰਗਾਂ ‘ਤੇ ਹੀ ਡੇਰੇ ਲਾ ਲਏ, ਕਿਉਂਕਿ ਖੁਦ ਆਪ ਹੀ ਖਾਣ-ਪੀਣ ਨੂੰ ਲੈ ਕੇ ਮਹੀਨਿਆਂ ਦੀ ਤਿਆਰੀ ਕਰਕੇ ਆਏ ਹਨ।
ਉਧਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਰੱਖਿਆ ਮੰਤਰੀ ਸੱਜਣ ਸਿੰਘ, ਐੱਨ. ਡੀ. ਪੀ. ਦੇ ਕੌਮੀ ਪ੍ਰਧਾਨ ਜਗਮੀਤ ਸਿੰਘ ਅਤੇ ਕੈਨੇਡਾ ਤੇ ਬ੍ਰਿਟੇਨ ਦੇ ਕਈ ਸੰਸਦ ਮੈਂਬਰਾਂ ਨੇ ਵੀ ਕਿਸਾਨਾਂ ਦੇ ਸੰਘਰਸ਼ ਨਾਲ ਨਜਿੱਠਣ ਲਈ ਪੁਲਿਸ ਅਤੇ ਪ੍ਰਸ਼ਾਸਨ ਦੇ ਰਵੱਈਏ ‘ਤੇ ਸਵਾਲ ਖੜ੍ਹੇ ਕੀਤੇ ਹਨ। ਜਸਟਿਨ ਟਰੂਡੋ ਦਾ ਆਖਣਾ ਹੈ, “ਭਾਰਤ ਤੋਂ ਕਿਸਾਨਾਂ ਦੇ ਅੰਦੋਲਨ ਦੀ ਖਬਰ ਮਿਲ ਰਹੀ ਹੈ। ਹਾਲਾਤ ਤਣਾਅਪੂਰਨ ਹਨ ਅਤੇ ਅਸੀਂ ਆਪਣੇ ਪਰਿਵਾਰਾਂ ਤੇ ਦੋਸਤਾਂ ਬਾਰੇ ਚਿੰਤਤ ਹਾਂ। ਮੈਂ ਤੁਹਾਨੂੰ ਦੱਸ ਦੇਵਾਂ ਕਿ ਕੈਨੇਡਾ ਸ਼ਾਂਤਮਈ ਵਿਰੋਧ ਦੇ ਅਧਿਕਾਰਾਂ ਦੀ ਰੱਖਿਆ ਲਈ ਹਮੇਸ਼ਾ ਖੜ੍ਹਾ ਹੈ।”
ਭਾਰਤ ਸਰਕਾਰ ਨੇ ਟਰੂਡੋ ਦੀਆਂ ਉਕਤ ਟਿੱਪਣੀਆਂ ਨੂੰ ਬੇਲੋੜਾ ਦਸਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਸਥਿਤੀ ਬਾਰੇ ਗਲਤ ਜਾਣਕਾਰੀ ਦਿੱਤੀ ਗਈ ਹੈ। ਇਸ ਸਬੰਧੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਨੁਰਾਗ ਸ਼੍ਰੀਵਾਸਤਵ ਨੇ ਟਰੂਡੋ ਦੇ ਉਕਤ ਬਿਆਨ ਨੂੰ ਜਮਹੂਰੀ ਦੇਸ਼ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਕਰਾਰ ਦਿੱਤਾ।
ਇਸ ਸੰਦਰਭ ਵਿਚ ਕੈਨੇਡਾ ਦੇ ਸੰਸਦ ਮੈਂਬਰ ਜਗਮੀਤ ਸਿੰਘ ਨੇ ਕਿਸਾਨਾਂ ਦੀ ਹਮਾਇਤ ਕੀਤੀ ਹੈ। ਆਪਣੇ ਇਕ ਟਵੀਟ ‘ਚ ਉਨ੍ਹਾਂ ਕਿਹਾ, “ਸ਼ਾਂਤਮਈ ਢੰਗ ਨਾਲ ਵਿਰੋਧ ਕਰਨ ਵਾਲੇ ਕਿਸਾਨਾਂ ਖਿਲਾਫ ਭਾਰਤ ਸਰਕਾਰ ਵਲੋਂ ਕੀਤੀ ਜਾ ਰਹੀ ਹਿੰਸਾ ਹੈਰਾਨ ਕਰਨ ਵਾਲੀ ਹੈ। ਮੈਂ ਪੰਜਾਬ ਅਤੇ ਪੂਰੇ ਭਾਰਤ ਦੇ ਕਿਸਾਨਾਂ ਨਾਲ ਡਟ ਕੇ ਖੜ੍ਹਾ ਹਾਂ। ਮੈਂ ਭਾਰਤ ਸਰਕਾਰ ਨੂੰ ਹਿੰਸਾ ਦੀ ਥਾਂ ਸ਼ਾਂਤਮਈ ਤਰੀਕੇ ਨਾਲ ਗੱਲਬਾਤ ਦੀ ਅਪੀਲ ਕਰਦਾ ਹਾਂ।”
ਦਰਅਸਲ ਉਹ ਕੈਨੇਡਾ ਦੇ ਐੱਮ. ਪੀ. ਜੈਕ ਹੈਰਿਸ ਦੇ ਟਵੀਟ ਦਾ ਜਵਾਬ ਦੇ ਰਹੇ ਸਨ। ਜੈਕ ਹੈਰਿਸ ਨੇ ਟਵੀਟ ਕੀਤਾ ਸੀ, “ਰੋਜ਼ੀ-ਰੋਟੀ ਖਤਰੇ ਵਿਚ ਪਾਉਣ ਵਾਲੇ ਨਵੇਂ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ‘ਤੇ ਭਾਰਤ ਸਰਕਾਰ ਦੇ ਦਮਨ ਨੂੰ ਦੇਖ ਕੇ ਅਸੀਂ ਹੈਰਾਨ ਹਾਂ। ਪਾਣੀ ਦੀਆਂ ਬੁਛਾੜਾਂ ਅਤੇ ਅੱਥਰੂ ਗੈਸ ਦੀ ਵਰਤੋਂ ਕਰਨ ਦੀ ਥਾਂ ਭਾਰਤ ਸਰਕਾਰ ਨੂੰ ਕਿਸਾਨਾਂ ਨਾਲ ਖੁੱਲ੍ਹ ਕੇ ਗੱਲਬਾਤ ਕਰਨ ਦੀ ਲੋੜ ਹੈ।”
ਇਸ ਤੋਂ ਇਲਾਵਾ ਐੱਨ. ਡੀ. ਪੀ. ਦੀ ਲੀਡਰ ਰੇਚਲ ਨੋਟਲੀ ਨੇ ਵੀ ਆਖਿਆ ਹੈ ਕਿ ਅਸੀਂ ਕਿਸਾਨਾਂ ਦਾ ਸਮਰਥਨ ਕਰਦੇ ਹਾਂ ਅਤੇ ਸਰਕਾਰ ਨਾਲ ਕਿਸਾਨਾਂ ਦੀ ਉਚਿਤ ਗੱਲਬਾਤ ਜ਼ਰੂਰੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ਼ਾਂਤਮਈ ਢੰਗ ਨਾਲ ਵਿਰੋਧ ਕਰਦੇ ਕਿਸਾਨਾਂ ਉੱਤੇ ਤਸ਼ੱਦਦ ਢਾਹੁਣਾ ਗਲਤ ਸੀ। ਇਸ ਦੇ ਇਲਾਵਾ ਐੱਨ. ਡੀ. ਪੀ. ਦੇ ਇੱਕ ਹੋਰ ਲੀਡਰ ਗੁਰਰਤਨ ਸਿੰਘ ਦੀ ਵੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਕਿਸਾਨਾਂ ਨਾਲ ਹਰਿਆਣਾ ‘ਚ ਹੋਈ ਕਾਰਵਾਈ ਦੀ ਗੱਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਰਿਆਂ ਦਾ ਢਿੱਡ ਭਰਨ ਵਾਲਿਆਂ ਨੂੰ ਇੱਜਤ ਮਿਲਣੀ ਚਾਹੀਦੀ ਹੈ, ਉਨ੍ਹਾਂ ‘ਤੇ ਤਸ਼ੱਦਦ ਢਾਹਿਆ ਜਾਣਾ ਗਲਤ ਹੈ।
ਦੂਜੇ ਪਾਸੇ ਯੂ. ਕੇ. ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਨੇ ਆਪਣੇ ਟਵੀਟ ‘ਚ ਕਿਹਾ ਹੈ, “ਕੁੱਟਮਾਰ ਕਰਨ ਅਤੇ ਦਬਾਉਣ ਵਾਲੇ ਲੋਕਾਂ ਨੂੰ ਖਾਣਾ ਖਵਾਉਣ ਲਈ ਖਾਸ ਤਰ੍ਹਾਂ ਦੇ ਲੋਕਾਂ ਦੀ ਲੋੜ ਹੁੰਦੀ ਹੈ।” ਉਨ੍ਹਾਂ ਅੱਗੇ ਕਿਹਾ, “ਮੈਂ ਪੰਜਾਬ ਅਤੇ ਭਾਰਤ ਦੇ ਹੋਰ ਹਿੱਸਿਆਂ ਦੇ ਕਿਸਾਨਾਂ ਦੇ ਨਾਲ ਖੜ੍ਹਾ ਹਾਂ, ਜਿਸ ਵਿਚ ਸਾਡੇ ਪਰਿਵਾਰ ਅਤੇ ਦੋਸਤ ਵੀ ਸ਼ਾਮਲ ਹਨ, ਜੋ ਸ਼ਾਂਤਮਈ ਢੰਗ ਨਾਲ ਨਿੱਜੀਕਰਨ ਵਾਲੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ।”
ਯੂ. ਕੇ. ਦੀ ਹੀ ਇੱਕ ਹੋਰ ਐੱਮ. ਪੀ. ਪ੍ਰੀਤ ਕੌਰ ਗਿੱਲ ਨੇ ਕਿਸਾਨਾਂ ‘ਤੇ ਮਾਰੀਆਂ ਗਈਆਂ ਪਾਣੀ ਦੀਆਂ ਬੁਛਾੜਾਂ ਤੇ ਹੰਝੂ ਗੈਸ ਦੇ ਗੋਲਿਆਂ ਦੀ ਵਰਤੋਂ ਦੀ ਆਲੋਚਨਾ ਕੀਤੀ ਹੈ। ਆਪਣੇ ਟਵੀਟ ‘ਚ ਉਨ੍ਹਾਂ ਕਿਹਾ, “ਦਿੱਲੀ ਤੋਂ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਹਾਮਣੇ ਆਈਆਂ ਹਨ। ਰੋਜ਼ੀ-ਰੋਟੀ ‘ਤੇ ਅਸਰ ਪਾਉਣ ਵਾਲੇ ਵਿਵਾਦਤ ਕਾਨੂੰਨਾਂ ਖਿਲਾਫ ਕਿਸਾਨ ਸ਼ਾਂਤਮਈ ਢੰਗ ਨਾਲ ਵਿਰੋਧ ਕਰ ਰਹੇ ਹਨ। ਉਨ੍ਹਾਂ ਨੂੰ ਚੁੱਪ ਕਰਾਉਣ ਲਈ ਪਾਣੀ ਦੀਆਂ ਬੁਛਾੜਾਂ ਅਤੇ ਹੰਝੂ ਗੈਸ ਦੇ ਗੋਲਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ।”
ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਵੀ ਕਿਹਾ ਕਿ ਭਾਰਤ ਵਿਚ ਸ਼ਾਂਤਮਈ ਮੁਜਾਹਰਾ ਕਰਨ ਵਾਲੇ ਕਿਸਾਨਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਨੂੰ ਦੁੱਖ ਦੇਣ ਵਾਲੀ ਕਰਾਰ ਦਿੱਤਾ ਹੈ। ਉਨ੍ਹਾਂ ਆਪਣੇ ਟਵੀਟ ‘ਚ ਕਿਹਾ, “ਭਾਰਤ ਵਿਚ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਨਾਲ ਬੇਰਹਿਮੀ ਕਰਨ ਦੀਆਂ ਖਬਰਾਂ ਬਹੁਤ ਪ੍ਰੇਸ਼ਾਨ ਕਰਨ ਵਾਲੀਆਂ ਹਨ। ਮੇਰੇ ਚੋਣ ਖੇਤਰ ਦੇ ਬਹੁਤ ਸਾਰੇ ਲੋਕਾਂ ਦੇ ਪਰਿਵਾਰ ਉੱਥੇ ਹਨ ਅਤੇ ਉਹ ਆਪਣੇ ਰਿਸ਼ਤੇਦਾਰਾਂ ਦੀ ਸੁਰੱਖਿਆ ਲਈ ਚਿੰਤਤ ਹਨ। ਸਿਹਤਮੰਦ ਲੋਕਤੰਤਰ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਦੀ ਇਜਾਜ਼ਤ ਦਿੰਦੇ ਹਨ। ਮੈਂ ਇਸ ਵਿਚ ਸ਼ਾਮਲ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਬੁਨਿਆਦੀ ਅਧਿਕਾਰ ਨੂੰ ਕਾਇਮ ਰੱਖਣ।”
ਪ੍ਰਸਿੱਧ ਕੈਨੇਡੀਅਨ ਕਾਮੇਡੀਅਨ ਲਿੱਲੀ ਸਿੰਘ ਨੇ ਕਿਸਾਨਾਂ ‘ਤੇ ਪੁਲਿਸ ਦੀ ਕਾਰਵਾਈ ‘ਤੇ ਇਤਰਾਜ਼ ਜਾਹਰ ਕਰਦਿਆਂ ਕਿਹਾ ਕਿ ਇਹ ਭਿਆਨਕ ਹੈ ਅਤੇ ਅਸੀਂ ਜ਼ਿਆਦਾਤਰ ਨਿਆਂ ਮਿਲਦਿਆਂ ਨਹੀਂ ਵੇਖਿਆ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਕਿਸਾਨਾਂ ਨੂੰ ਸ਼ਾਂਤ ਕਰਨ ਲਈ ਆਪਣੇ ਮਹੀਨੇਵਾਰ ਪ੍ਰੋਗਰਾਮ ‘ਮਨ ਕੀ ਬਾਤ’ ‘ਚ ਇਹ ਕਿਹਾ ਸੀ ਕਿ ਇਹ ਖੇਤੀ ਕਾਨੂੰਨ ਕਿਸਾਨਾਂ ਲਈ ਨਵੇਂ ਵਿਕਲਪ ਲੈ ਕੇ ਆਉਣਗੇ, ਪਰ ਜਿਥੋਂ ਤਕ ਕਿਸਾਨਾਂ ਦਾ ਸੁਆਲ ਹੈ, ਉਹ ਸ਼ੁਰੂ ਤੋਂ ਹੀ ਇਨ੍ਹਾਂ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਆ ਰਹੇ ਹਨ। ਕਿਸਾਨਾਂ ਨੂੰ ਇਹ ਲੱਗਦਾ ਹੈ ਕਿ ਉਕਤ ਕਾਨੂੰਨ ਉਨ੍ਹਾਂ ਦੀ ਹੋਂਦ ਅਤੇ ਉਨ੍ਹਾਂ ਦੇ ਮੁੱਢਲੇ ਅਧਿਕਾਰਾਂ ‘ਤੇ ਡਾਕੇ ਦੇ ਸਮਾਨ ਹਨ।