ਵ੍ਹਾਈਟ ਹਾਊਸ ਦਾ ਬਾਸ਼ਿੰਦਾ

ਸੰਤੋਖ ਮਿਨਹਾਸ
ਫੋਨ: 559-283-6376
ਪਰਵਾਸ ਕਰਦਿਆਂ ਉਮਰ ਦਾ ਸਫਰ ਵੀ ਤੁਹਾਡੇ ਨਾਲ ਨਾਲ ਤੁਰਦਾ। ਪਰਵਾਸ ਤੇ ਉਮਰ ਦਾ ਆਪਣਾ ਨੇੜਲਾ ਸਬੰਧ। ਜਵਾਨ ਉਮਰੇ ਪਰਵਾਸ ਜੱਫੀ ਵਿਚ ਲੈਂਦਾ। ਵੱਡੇਰੀ ਉਮਰੇ ਪਰਵਾਸ ਯੁੱਧ ਲਈ ਅੱਗੇ ਖੜਾ ਹੁੰਦਾ। ਢਲਦੀ ਉਮਰ ਦਾ ਪਰਛਾਵਾਂ ਪਰਵਾਸ ਦੇ ਮੇਚ ਨਹੀਂ ਆਉਂਦਾ। ਪਰਵਾਸ ਤੇ ਉਮਰ, ਦੁੱਖ ਸੁੱਖ ਦੇ ਹਮਸਾਏ।

ਮੈਂ ਜਵਾਨ ਉਮਰੇ ਜ਼ਿੰਦਗੀ ਦਾ ਸੁਹੱਪਣ ਰੱਜ ਕੇ ਮਾਣਿਆ। ਮੈਨੂੰ ਜ਼ਿੰਦਗੀ ਦੇ ਉਲਟ ਹਾਲਾਤਾਂ ਨਾਲ ਬਹੁਤਾ ਲੜਨਾ ਨਹੀਂ ਪਿਆ। ਪੜ੍ਹਾਈ ਦੇ ਖਤਮ ਹੁੰਦਿਆਂ ਹੀ ਸਰਕਾਰੀ ਨੌਕਰੀ ਮਿਲ ਗਈ। ਵਿਆਹ ਹੁੰਦਿਆਂ ਹੀ ਪਤਨੀ ਮੈਥ ਅਧਿਆਪਕ ਲੱਗ ਗਈ। ਖੇਤੀਬਾੜੀ ਵਾਲਾ ਪਰਿਵਾਰ ਹੋਣ ਕਾਰਨ ਰੋਟੀ ਪਾਣੀ ਦਾ ਕੋਈ ਫਿਕਰ ਨਹੀਂ ਸੀ। ਗੱਲ ਕੀ, ਗੱਡੀ ਚੰਗੀ ਰਿੜ੍ਹੀ ਹੋਈ ਸੀ। ਜ਼ਿੰਦਗੀ ਦੇ ਰੰਗ ਮਾਣਦਿਆਂ ਪਤਾ ਹੀ ਨਾ ਲੱਗਾ ਕਦੋਂ ਸੇਵਾ ਮੁਕਤੀ ਦੇ ਨੇੜੇ ਪਹੁੰਚ ਗਏ।
ਅਚਾਨਕ ਨਿੰਰਤਰ ਚੱਲ ਰਹੇ ਪਰਿਵਾਰਕ ਪ੍ਰਵਾਹ ਵਿਚ ਇੱਕ ਨਵਾਂ ਫੈਸਲਾ ਲੈਣ ਵਿਚ ਕਾਫੀ ਸਮਾਂ ਆਪਣੇ ਆਪ ਨਾਲ ਘੁਲਣਾ ਪਿਆ। ਅਮਰੀਕਾ ਰਹਿੰਦੀ ਛੋਟੀ ਭੈਣ ਨੇ ਬਲੱਡ ਰੀਲੇਸ਼ਨ ‘ਤੇ ਅਪਲਾਈ ਕੀਤਾ ਹੋਇਆ ਸੀ। ਇੰਟਰਵਿਊ ਦੇ ਪੇਪਰ ਆ ਗਏ ਸਨ। ਇੱਕ ਪਾਸੇ ਚੰਗੀਆਂ ਨੌਕਰੀਆਂ ਸਨ, ਦੂਜੇ ਪਾਸੇ ਇੱਥੋਂ ਦੇ ਹਾਲਾਤ ਮੁਤਾਬਕ ਬੱਚਿਆਂ ਦੇ ਭਵਿੱਖ ਦਾ ਫਿਕਰ ਸੀ। ਫੈਸਲਾ ਲੈਣ ਵਿਚ ਕਾਫੀ ਦੁਚਿੱਤੀ ਵਿਚ ਸਾਂ। ਆਖਰ ਕਈ ਦਿਨਾਂ ਦੀ ਜਦੋ-ਜਹਿਦ ਤੋਂ ਬਾਅਦ ਜਾਣ ਦੇ ਫੈਸਲੇ ਨੇ ਜ਼ਿੰਦਗੀ ਨੂੰ ਨਵਾਂ ਮੋੜ ਦਿੱਤਾ। ਅਸੀਂ ਪ੍ਰੀ-ਮੈਚਿਊਰ ਪੈਨਸ਼ਨ ਲੈ ਕੇ ਅਮਰੀਕਾ ਪਹੁੰਚ ਗਏ ਸਾਂ।
ਮੈਨੂੰ ਮਹੀਨਾ ਕੁ ਹੋ ਗਿਆ ਸੀ ਗੈਸ ਸ਼ਟੇਸ਼ਨ ‘ਤੇ ਕੰਮ ਸਿੱਖਦਿਆਂ। ਮੈਂ ਬੀਅਰ, ਜੂਸ, ਕੋਕ ਅਤੇ ਵਾਈਨ ਵਗੈਰਾ ਦੇ ਰੇਟ ਅਤੇ ਕਿਸਮਾਂ ਯਾਦ ਕਰ ਲਈਆਂ ਸਨ, ਪਰ ਸਭ ਤੋਂ ਵੱਧ ਮੈਨੂੰ ਸਿਗਰਟਾਂ ਦੇ ਨਾਂਵਾਂ ਤੇ ਰੇਟ ਦਾ ਭੰਬਲਭੂਸਾ ਪਿਆ ਰਹਿੰਦਾ ਸੀ। ਸਿਗਰਟਾਂ ਦੇ ਇੱਕ ਇੱਕ ਬਰਾਂਡ ਵਿਚ ਕਈ ਕਈ ਕਿਸਮਾਂ ਸਨ। ਬੀਅਰ, ਜੂਸ ਕੋਕ ਜਾਂ ਕੈਂਡੀ ਵਗੈਰਾ ਗਾਹਕ ਆਪ ਚੁੱਕ ਲਿਆਉਂਦੇ ਸਨ, ਮੈਂ ਸਿਰਫ ਰੇਟ ਹੀ ਲਾਉਣਾ ਹੁੰਦਾ ਸੀ। ਮੈਨੂੰ ਇਹ ਕੰਮ ਸੌਖਾ ਲੱਗਦਾ ਸੀ, ਪਰ ਸਿਗਰਟਾਂ ਕਿਉਂਕਿ ਮੇਰੇ ਕੋਲ ਕਾਊਂਟਰ ਦੇ ਅੰਦਰ ਹੁੰਦੀਆਂ ਸਨ, ਗਾਹਕ ਦੇ ਮੰਗਣ ‘ਤੇ ਫੁਰਤੀ ਨਾਲ ਦੇਣੀਆਂ ਹੁੰਦੀਆਂ ਸਨ। ਇਹ ਕੰਮ ਮੈਨੂੰ ਸਭ ਤੋਂ ਔਖਾ ਲੱਗਦਾ। ਇਕ ਮੇਰਾ ਅੰਗਰੇਜ਼ੀ ਵਲੋਂ ਹੱਥ ਤੰਗ ਹੋਣ ਕਾਰਨ ਮੈਨੂੰ ਦੂਹਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਦੇ ਉਚਾਰਨ ਨੂੰ ਸਮਝਣ ਤੇ ਜਵਾਬ ਦੇਣ ਵਿਚ ਮੈਨੂੰ ਕਾਫੀ ਦਿਕਤ ਆਉਂਦੀ ਸੀ, ਪਰ ਹੌਲੀ ਹੌਲੀ ਗੱਡੀ ਰਿੜ੍ਹ ਪਈ ਸੀ।
ਦੂਜੇ ਮਹੀਨੇ ਮੇਰੀ ਤਨਖਾਹ ਸ਼ੁਰੂ ਹੋ ਗਈ ਸੀ। ਮੈਂ ਆਪਣੇ ਤੌਰ ‘ਤੇ ਸਵੇਰ ਵੇਲੇ ਸਟੋਰ ਖੋਲ੍ਹਣ ਲੱਗ ਪਿਆ ਸਾਂ। ਮੈਂ ਸਵੇਰੇ ਛੇ ਵਜੇ ਸਟੋਰ ਖੋਲ੍ਹਦਾ ਅਤੇ ਬਾਅਦ ਦੁਪਹਿਰ ਤਿੰਨ ਵਜੇ ਦੂਜੇ ਇੰਪਲਾਈ ਨੂੰ ਸਟੋਰ ਸੰਭਾਲ ਕੇ ਆਪਣੀ ਅਪਾਰਮੈਂਟ ਆ ਜਾਂਦਾ।
ਗਰਮੀਆਂ ਦੇ ਦਿਨਾਂ ਵਿਚ ਸਵੇਰੇ ਛੇ ਵਜੇ ਕਾਫੀ ਚਾਨਣ ਹੁੰਦਾ ਸੀ, ਇਸ ਲਈ ਸਟੋਰ ਖੋਲ੍ਹਣ ਵੇਲੇ ਕੋਈ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਿਆ। ਹੋਮਲੈਸ, ਡਰੱਗੀ ਤੇ ਟਰੈਸ਼ ਫਰੋਲਣ ਵਾਲੇ ਭਾਵਂੇ ਸਟੋਰ ਦੇ ਆਸੇ-ਪਾਸੇ ਘੁੰਮਦੇ ਦਿਖਾਈ ਦਿੰਦੇ ਸਨ, ਪਰ ਸਵੇਰ ਵੇਲੇ ਚਾਨਣ ਹੋਣ ਕਾਰਨ ਡਰ ਘੱਟ ਲੱਗਦਾ ਸੀ। ਸਿਆਲ ਹੁੰਦਿਆਂ ਹੀ ਸ਼ਾਮ ਨੂੰ ਹਨੇਰਾ ਛੇਤੀ ਉਤਰ ਆAੁਂਦਾ ਹੈ ਅਤੇ ਸਵੇਰੇ ਵੀ ਸੂਰਜ ਲੇਟ ਦਿਖਾਈ ਦਿੰਦਾ ਹੈ। ਮੀਂਹਾਂ ਦਾ ਮੌਸਮ ਸ਼ੁਰੂ ਹੋਣ ਨਾਲ ਬੱਦਲਵਾਈ ਵੀ ਬਣੀ ਰਹਿੰਦੀ ਹੈ। ਸਰਦੀ ਦੇ ਦਿਨਾਂ ਵਿਚ ਵੱਡੇ ਵੱਡੇ ਕੋਟਾਂ ਅਤੇ ਕੰਬਲਾਂ ਵਿਚ ਲਪੇਟੇ ਸਟੋਰ ਦੇ ਬਾਹਰੀ ਖੂੰਜਿਆਂ ਜਾਂ ਕੰਧ ਦਾ ਸਹਾਰਾ ਓਟੀ ਬੈਠੇ ਡਰੱਗੀ, ਹੋਮਲੈਸ ਆਮ ਹੀ ਮਿਲ ਜਾਂਦੇ ਹਨ। ਉਨ੍ਹਾਂ ਦੀਆਂ ਆਦਤਾਂ ਤੇ ਸੁਭਾਅ ਅੱਖੜ ਹੋਣ ਕਾਰਨ ਡਰ ਹਮੇਸ਼ਾ ਬਣਿਆ ਰਹਿੰਦਾ।
ਸਰਦੀਆਂ ਦਾ ਮੌਸਮ ਹੋਣ ਕਾਰਨ ਮੀਂਹ ਰਾਤ ਤੋਂ ਹੀ ਪੈ ਰਿਹਾ ਸੀ। ਸਵੇਰ ਵੇਲੇ ਜਦੋਂ ਮੈਂ ਸਟੋਰ ਖੋਲ੍ਹਣ ਪਹੁੰਚਿਆ ਤਾਂ ਵੇਖਿਆ ਸਟੋਰ ਦੇ ਬਾਰ ਮੂਹਰੇ ਕੋਈ ਲੇਟਿਆ ਪਿਆ ਹੈ। ਮੀਂਹ ਦੀ ਵਾਛੜ ਤੋਂ ਬਚਣ ਲਈ ਟਰੈਸ਼ ਬੈਗ ਪਾੜ ਕੇ ਆਪਣੇ ਉਪਰ ਲਪੇਟੇ ਹੋਏ ਸਨ। ਪਹਿਲਾਂ ਤਾਂ ਮੈਂ ਉਸ ਦੇ ਕੋਲੇ ਜਾ ਕੇ ਉਠਾਉਣ ਬਾਰੇ ਸੋਚਿਆ, ਫਿਰ ਮੈਂ ਸੋਚਿਆ ਕਿਤੇ ਅੱਕਿਆ ਹਮਲਾ ਹੀ ਨਾ ਕਰ ਦੇਵੇ। ਮੈਂ ਕਾਰ ਵਿਚ ਬੈਠ ਕੇ ਹੀ ਹਾਰਨ ਮਾਰਨਾ ਸ਼ੁਰੂ ਕਰ ਦਿੱਤਾ ਅਤੇ ਨਾਲ ਹੀ ਉਚੀ ਦੇ ਕੇ ਬੋਲਿਆ, “ਆਈ ਉਪਨ ਦਾ ਸਟੋਰ।” ਉਹ ਉਠਿਆ ਤੇ ਆਪਣਾ ਨਿੱਕ-ਸੁੱਕ ਸਾਂਭ ਇੱਕ ਪਾਸੇ ਹੋ ਤੁਰਿਆ। ਮੈਨੂੰ ਸੁੱਖ ਦਾ ਸਾਹ ਆਇਆ।
ਮੈਂ ਆਸਾ-ਪਾਸਾ ਵੇਖ ਛੇਤੀ ਨਾਲ ਸਟੋਰ ਦਾ ਗੇਟ ਖੋਲ੍ਹਿਆ, ਅੰਦਰ ਵੜ ਕੇ ਝੱਟ ਲੌਕ ਲਾ ਲਿਆ। ਮੈਂ ਕੈਸ਼ ਰਜਿਸਟਰ ਤਿਆਰ ਕਰਕੇ ਅਤੇ ਕੌਫੀ ਵਗੈਰਾ ਬਣਾ ਕੇ ਗਾਹਕਾਂ ਲਈ ਸਟੋਰ ਖੋਲ੍ਹ ਦਿੱਤਾ। ਸਵੇਰ ਵੇਲੇ ਕੰਮਾਂ ‘ਤੇ ਜਾਣ ਵਾਲੇ ਦੋ ਤਿੰਨ ਗਾਹਕ ਆਪਣਾ ਸਮਾਨ ਖਰੀਦ ਕੇ ਛੇਤੀ ਛੇਤੀ ਸਟੋਰ ਤੋਂ ਬਾਹਰ ਚਲੇ ਗਏ। ਉਹ ਸਵੇਰ ਵਾਲਾ ਸ਼ਖਸ ਪਾਣੀ ਨਾਲ ਭਿੱਜਿਆ ਕੌਫੀ ਦਾ ਵੱਡਾ ਕੱਪ ਭਰ ਕੇ ਕਾਊਂਟਰ ਸਾਹਮਣੇ ਆ ਕੇ ਖੜ੍ਹਾ ਹੋ ਗਿਆ। ਉਸ ਨੇ ਪੈਸੇ ਕੱਢਣ ਲਈ ਆਪਣੇ ਕੱਪੜਿਆਂ ਦੀ ਕਾਫੀ ਫਰੋਲਾ ਫਰਾਲੀ ਕੀਤੀ। ਉਸ ਦੇ ਕੱਪੜਿਆ ਵਿਚੋਂ ਪਾਣੀ ਦੇ ਛਿੱਟੇ ਫਰਸ਼ ‘ਤੇ ਡਿੱਗ ਰਹੇ ਸਨ। ਮੈਨੂੰ ਖਿਝ ਚੜ੍ਹ ਰਹੀ ਸੀ। ਸਵੇਰੇ ਸਵੇਰੇ ਮੈਂ ਕਲੇਸ਼ ਤੋਂ ਡਰਦਾ ਚੁੱਪ ਸਾਂ। ਕਾਫੀ ਕੋਸ਼ਿਸ਼ ਤੋਂ ਬਾਅਦ ਉਸ ਨੇ ਇੱਕ ਭਿੱਜਿਆ ਤੇ ਮੁੱਚੜਿਆ ਜਿਹਾ ਡਾਲਰ ਕਾਊਂਟਰ ‘ਤੇ ਰੱਖਿਆ। ਮੈਂ ਆਖਿਆ, “ਦਿਸ ਇਜ਼ ਨਾਟ ਗੁੱਡ।”
“ਡਾਲਰ ਇਜ਼ ਏ ਡਾਲਰ, ਆਈ ਐਮ ਅਮੈਰਿਕਨ, ਆਈ ਨੋ ਵੈਰੀ ਵੈਲ।” ਉਸ ਨੇ ਖਿਝ ਕੇ ਆਖਿਆ।
“ਆਈ ਐਮ ਆਲਸੋ ਅਮਰੀਕਨ!” ਮੈਂ ਵੀ ਤਲਖੀ ਵਿਚ ਆਖਿਆ।
“ਯੂ ਆਰ ਨਾਟ ਅਮੈਰਿਕਨ, ਯੂ ਆਰ ਇਮੀਗਰਂੈਟਸ।” ਆਖ, ਉਸ ਨੇ ਕੌਫੀ ਦਾ ਕੱਪ ਕਾਊਂਟਰ ‘ਤੇ ਰੱਖ ਦਿੱਤਾ। ਕੌਫੀ ਉਹ ਪਹਿਲਾਂ ਹੀ ਜੂਠੀ ਕਰ ਚੁਕਾ ਸੀ। ਮਾਲਕ ਦਾ ਕਿਹਾ ਮੈਨੂੰ ਯਾਦ ਆਇਆ, ਕਦੇ ਵੀ ਗਾਹਕ ਨਾਲ ਖਹਿਬੜਨਾ ਨਹੀਂ। ਇਹ ਸਾਰਾ ਕੁਝ ਜਰਦਿਆਂ ਮੈਂ ਕਿਹਾ, “ਵੰਨ ਡਾਲਰ ਮੋਰ।”
“ਆਈ ਹੈਵ ਨੋ ਮੋਰ।” ਉਸ ਨੇ ਖਾਲੀ ਹੱਥ ਵਿਖਾਉਂਦਿਆਂ ਕਿਹਾ। “ਓ ਕੇ, ਨੈਕਸਟ ਟਾਇਮ ਗਿਵ ਮੀ।” ਝਗੜੇ ਨੂੰ ਨਬੇੜਨ ਲਈ ਮੈਂ ਅਗਲੀ ਵਾਰ ਦੇਣ ਲਈ ਕਹਿ ਦਿੱਤਾ ਸੀ। ਮੈਨੂੰ ਪਤਾ ਸੀ ਉਸ ਨੇ ਅਗਲੀ ਵਾਰ ਵੀ ਨਹੀਂ ਦੇਣੇ। ਇਸ ਤਰ੍ਹਾਂ ਦੇ ਢੀਠ ਲੋਕ ਕਾਫੀ ਹਨ, ਜੋ ਜਾਣ-ਬੁੱਝ ਕੇ ਪੈਸੇ ਦੇਣ ਤੋਂ ਪਹਿਲਾਂ ਹੀ ਚੀਜ਼ ਜੂਠੀ ਕਰ ਦਿੰਦੇ ਹਨ, ਤਾਂ ਕਿ ਮਾਲਕ ਸੁੱਟਣ ਦੀ ਥਾਂ ਜਿੰਨੇ ਦਿੰਦਾ ਹੈ ‘ਤੇ ਸਬਰ ਕਰ ਲਵੇ।
ਉਸ ਦਾ ਕਿਹਾ, “ਯੂ ਆਰ ਇਮੀਗਰਂੈਟਸ” ਮੈਨੂੰ ਸਾਰਾ ਦਿਨ ਬੈਚੇਨ ਕਰਦਾ ਰਿਹਾ। ਮੈਂ ਸੋਚ ਰਿਹਾ ਸਾਂ, ਪੰਜਾਬੀ ਕਈ ਦਹਾਕਿਆ ਤੋਂ ਇੱਥੇ ਰਹਿ ਰਹੇ ਹਨ। ਇੱਥੋਂ ਦੇ ਸਿਟੀਜ਼ਨ ਹਨ। ਮਿਹਨਤਾਂ ਕਰਕੇ ਚੰਗੇ ਕਾਰੋਬਾਰ ਚਲਾ ਰਹੇ ਹਨ। ਟੈਕਸ ਭਰਦੇ ਹਨ। ਇੱਥੋਂ ਦੀ ਆਰਥਕਤਾ ਨੂੰ ਉੱਚਾ ਚੁੱਕਣ ਵਿਚ ਪੰਜਾਬੀਆਂ ਦਾ ਬਹੁਤ ਵੱਡਾ ਹੱਥ ਹੈ। ਇੱਕ ਸਾਧਾਰਨ ਡਰੱਗੀ ਮੰਗਤਾਂ, ਜਿਸ ਕੋਲ ਰਹਿਣ ਨੂੰ ਨਾ ਘਰ ਹੈ, ਨਾ ਕੋਲ ਖਾਣ-ਪੀਣ ਲਈ ਕੋਈ ਪੈਸਾ ਹੈ, ਫਿਰ ਵੀ ਆਪਣੇ ਆਪ ਨੂੰ ਸਾਡੇ ਨਾਲੋਂ ਉੱਤਮ ਸਮਝਦਾ ਹੈ। ਉਹ ਆਪਣੇ ਆਪ ਨੂੰ ਗੋਰੀ ਨਸਲ ਦਾ ਹੋਣ ਕਰਕੇ ਅਮਰੀਕਾ ਦਾ ਅਸਲ ਵਾਸੀ ਸਮਝਦਾ ਹੈ। ਭਾਵੇਂ ਉਸ ਦੇ ਵੱਡ-ਵੱਡੇਰੇ ਵੀ ਬਾਹਰੋਂ ਆਏ ਸਨ। ਇੱਥੇ ਬਹੁਤ ਸਾਰੇ ਲੋਕ ਗੋਰੀ ਨਸਲ ਦਾ ਹੋਣ ਕਰਕੇ ਆਪਣੇ ਆਪ ਨੂੰ ਉਚੇਰੇ ਹੋਣ ਦਾ ਭਰਮ ਪਾਲੀ ਰੱਖਦੇ ਹਨ।
ਮੈਨੂੰ ਯਾਦ ਆਇਆ, ਸਾਡੇ ਪੰਜਾਬ ਵਿਚ ਵੀ ਆਮ ਲੋਕ ਪਰਵਾਸੀ ਮਜਦੂਰਾਂ ਨੂੰ ਆਦਰ ਦੀ ਨਿਗ੍ਹਾ ਨਾਲ ਨਹੀਂ ਵੇਖਦੇ। ਪਿੰਡਾਂ ਵਿਚ ਪੰਜਾਬੀ ਮਜਦੂਰ ਵੀ ਬਾਹਰੋਂ ਆਏ ਬਿਹਾਰੀ ਜਾਂ ਯੂ. ਪੀ. ਦੇ ਮਜਦੂਰਾਂ ਨੂੰ ਆਪਣੇ ਨਾਲੋਂ ਹੇਠਲੇ ਦਰਜੇ ਦੇ ਸਮਝਦੇ ਹਨ। ਭਾਵੇਂ ਕੰਮ ਦੇ ਲਿਹਾਜ ਨਾਲ ਦੋਵੇਂ ਬਰਾਬਰ ਹਨ। ਹੁਣ ਤਾਂ ਪਰਵਾਸੀ ਮਜਦੂਰਾਂ ਨੇ ਕਈੇ ਸ਼ਹਿਰਾਂ/ਕਸਬਿਆਂ ਵਿਚ ਆਪਣੇ ਛੋਟੇ ਛੋਟੇ ਕਾਰੋਬਾਰ ਵੀ ਕਰ ਲਏ ਹਨ। ਫਿਰ ਵੀ ਪੰਜਾਬੀ ਉਨ੍ਹਾਂ ਨੂੰ ਆਪਣੇ ਹਾਣ ਦੇ ਨਹੀਂ ਸਮਝਦੇ। ਉਹ ਭਾਰਤ ਦੇ ਵਸਨੀਕ ਹੋਣ ਦੇ ਨਾਤੇ ਬਰਾਬਰ ਦੇ ਸ਼ਹਿਰੀ ਹਨ, ਪਰ ਫਿਰ ਵੀ ਹਰ ਕੰਮ ਵਿਚ ਉਨ੍ਹਾਂ ਨੂੰ ਭੱਈਏ ਕਹਿ ਕੇ ਛੁਟਿਆਇਆ ਜਾਂਦਾ ਹੈ।
ਗੋਰੇ ਮੰਗਤੇ ਦਾ ਮੈਨੂੰ ਇਮੀਗਰਂੈਟਸ ਕਹਿਣਾ ਤੇ ਪੰਜਾਬ ਵਿਚ ਪਰਵਾਸੀ ਮਜਦੂਰਾਂ ਨੂੰ ਸਾਡੇ ਲੋਕਾਂ ਦਾ ਭੱਈਏ ਕਹਿਣਾ ਮਨੁੱਖ ਦੀ ਆਪਣੇ ਆਪ ਨੂੰ ਉਚੇਰੇ ਸਮਝਣ ਦੇ ਭਰਮ ਦੀ ਫਿਦਰਤ ਹੈ।
ਮੈਨੂੰ ਯਾਦ ਆਇਆ, ਗੱਲ ਉਨ੍ਹਾਂ ਦਿਨਾਂ ਦੀ ਹੈ, ਜਦੋਂ ਉਬਾਮਾ ਅਮਰੀਕਾ ਦਾ ਨਵਾਂ ਨਵਾਂ ਰਾਸ਼ਟਰਪਤੀ ਬਣਿਆ ਸੀ। ਅਫਰੀਕਨ ਮੂਲ ਦਾ ਹੋਣ ਕਾਰਨ ਆਮ ਕਾਲੇ ਰੰਗ ਦੇ ਲੋਕਾਂ ਵਿਚ ਕਾਫੀ ਉਤਸ਼ਾਹ ਸੀ। ਪਹਿਲੀ ਵਾਰ ਕੋਈ ਕਾਲੇ ਰੰਗ ਦਾ ਬੰਦਾ ਰਾਸ਼ਟਰਪਤੀ ਬਣਿਆ ਸੀ। ਉਨ੍ਹਾਂ ਨੂੰ ਪਹਿਲੀ ਵਾਰ ਲੱਗਿਆ ਸੀ, ਅਸੀਂ ਵੀ ਗੋਰੇ ਲੋਕਾਂ ‘ਤੇ ਰਾਜ ਕਰ ਸਕਦੇ ਹਾਂ। ਉਨ੍ਹਾਂ ਦੇ ਵਿਹਾਰ ਵਿਚ ਕਾਫੀ ਤਬਦੀਲੀ ਵੇਖਣ ਨੂੰ ਮਿਲ ਰਹੀ ਸੀ।
ਇੱਕ ਦਿਨ ਕੋਈ ਦੁਪਹਿਰ ਦਾ ਵੇਲਾ ਸੀ। ਲੰਚ ਬ੍ਰੈਕ ਹੋਣ ਕਾਰਨ ਸਟੋਰ ਅੰਦਰ ਗਾਹਕ ਕੋਈ ਨਹੀਂ ਸੀ। ਮੈਂ ਸ਼ੀਸ਼ੇ ਵਿਚ ਦੀ ਬਾਹਰ ਵੱਲ ਵੇਖਿਆ, ਦੋ ਕੁ ਗਾਹਕ ਗੈਸ ਪਾ ਰਹੇ ਸਨ। ਇੱਕ ਮਾੜਚੂ ਜਿਹਾ ਲੱਗਦਾ ਸ਼ਖਸ ਗੈਸ ਪਾ ਰਹੇ ਗਾਹਕ ਕੋਲੋਂ ਕੁੱਝ ਮੰਗ ਰਿਹਾ ਸੀ। ਦੂਜਾ ਆਦਮੀ ਮੋਢੇ ‘ਤੇ ਟਰੈਸ਼ ਬੈਗ ਲਟਕਾਈ ਖਾਲੀ ਬੀਅਰ ਅਤੇ ਸੋਡੇ ਦੇ ਕੈਨ ਇੱਕਠੇ ਕਰਨ ਲਈ ਟ੍ਰੈਸ਼ ਫਰੋਲ ਰਿਹਾ ਸੀ। ਕੁਝ ਚਿਰ ਬਾਅਦ ਉਹੀ ਟਰੈਸ਼ ਵਿਚੋਂ ਕੈਨ ‘ਕੱਠੇ ਕਰਨ ਵਾਲਾ ਆਦਮੀ ਟ੍ਰੈਸ਼ ਬੈਗ ਬਾਹਰ ਰੱਖ ਕੇ ਅੰਦਰ ਦਾਖਲ ਹੁੰਦਾ ਹੈ। ਕਾਊਂਟਰ ‘ਤੇ ਫਿਫਟੀ ਸੈਂਟ ਸੁੱਟਣ ਦੇ ਲਹਿਜੇ ਵਿਚ ਮੇਰੇ ਮੂਹਰੇ ਰੱਖਦਾ ਹੈ ਤੇ ਇੱਕ ਸਸਤੀ ਜਿਹੀ ਸਿਗਾਰ ਮੰਗਦਾ ਹੈ। ਮੇਰੇ ਨਾਂਹ ਕਰਨ ‘ਤੇ ਗੁੱਸੇ ਵਿਚ ਆAੁਂਦਾ ਹੈ। ਗੱਲ ਵਿਚ ਪਾਈ ਉਬਾਮਾ ਦੀ ਫੋਟੋ ਵਿਖਾਉਂਦਾ ਹੈ। ਚੀਕ ਕੇ ਆਖਦਾ, “ਯੂ ਨੋ!”
“ਆਈ ਨੋ।” ਮੈਂ ਵੀ ਕੁਝ ਗਰਮ ਲਹਿਜੇ ਵਿਚ ਆਖਦਾ ਹਾਂ।
“ਤੁਸੀਂ ਲੋਕ ਨਹੀਂ ਜਾਣਦੇ, ਅਸੀਂ ਦੇਸ਼ ਦੇ ਰਾਸ਼ਟਰਪਤੀ ਹਾਂ, ਵ੍ਹਾਈਟ ਹਾਊਸ ਹੁਣ ਸਾਡਾ ਹੈ।” ਉਹ ਉਬਾਮਾ ਦੀ ਫੋਟੋ ਵਾਰ ਵਾਰ ਮੇਰੇ ਅੱਗੇ ਕਰਕੇ ਵਿਖਾ ਰਿਹਾ ਸੀ। ਜਿਵੇਂ ਉਹ ਉਬਾਮਾ ਦਾ ਕੋਈ ਸਕਾ ਸਬੰਧੀ ਹੋਵੇ। ਮੈਂ ਕੁਝ ਨਰਮ ਪੈਂਦਿਆਂ ਆਖਿਆ, ਮੈਂ ਵੀ ਉਬਾਮਾ ਨੂੰ ਪਸੰਦ ਕਰਦਾ ਹਾਂ, ਸਾਡਾ ਵੀ ਆਹ ਰਾਸ਼ਟਰਪਤੀ ਹੈ।” ਉਸ ਨੇ ਕੁਝ ਠੰਡਾ ਪੈਂਦਿਆਂ ਫਿਰ ਸਾਹਮਣੇ ਪਈਆਂ ਸਿਗਾਰਾਂ ਵੱਲ ਇਸ਼ਾਰਾ ਕੀਤਾ। ਮੈਂ ਖਹਿੜਾ ਛੁਟਾਉਣ ਦੇ ਇਰਾਦੇ ਨਾਲ ਜਿਹੜੀ ਸਿਗਾਰ ਮੰਗਦਾ ਸੀ, ਦੇ ਦਿੱਤੀ।
ਮੈਂ ਸੋਚ ਰਿਹਾ ਸਾਂ ਕਿ ਆਮ ਮਨੁੱਖ ਕੋਲ ਕਹਿਣ ਨੂੰ ਆਪਣਾ ਕੁਝ ਵੀ ਨਹੀਂ ਹੈ। ਉਹ ਆਪਣੀ ਪਛਾਣ ਲਈ ਦੂਸਰਿਆਂ ਦੀ ਪਛਾਣ ਦਾ ਸਹਾਰਾ ਲੈਂਦਾ ਹੈ। ਵੱਡਿਆਂ ਨਾਲ ਜੋੜੇ ਨਾਤੇ ਦੇ ਭਰਮ ਨੂੰ ਆਪਣੇ ਮਨ ਦੀ ਤਸੱਲੀ ਸਮਝਦਾ ਹੈ। ਮੈਨੂੰ ਯਾਦ ਆਇਆ, ਸਾਡੇ ਪਿੰਡ ਸਿਬੀਆਂ ਵਿਚ ਕਰਤਾਰਾ ਛੜਾ ਹੁੰਦਾ ਸੀ। ਉਸ ਕੋਲ ਕੁੱਲ ਮਿਲਾ ਕੇ ਇੱਕ ਕੋਠੜੀ, ਕਬੂਤਰਾਂ ਦਾ ਖੁੱਡਾ ਅਤੇ ਇੱਕ ਬੱਕਰੀ ਸੀ। ਉਹ ਜਦੋਂ ਵੀ ਸੱਥ ਵਿਚ ਬੈਠਦਾ, ਆਪਣੇ ਆਪ ਨੂੰ ਖਾਨਦਾਨੀ ਬੰਦਾ ਆਖਦਾ। ਆਪਣਾ ਪਿਛੋਕੜ ਪਿੰਡ ਦੇ ਸਿਬੀਆ ਸਰਦਾਰਾਂ ਨਾਲ ਜੋੜਦਾ। ਮਾਣ ਨਾਲ ਆਖਦਾ, “ਆਹ ਜਿਹੜੇ ਸੌਢੀ ਸਰਦਾਰ ਸੌ ਸੌ ਕਿੱਲਿਆਂ ਦੇ ਮਾਲਕ ਬਣੇ ਬੈਠੇ ਆ, ਸਾਡੇ ਵਡੇਰਿਆਂ ਨੇ ਇਨ੍ਹਾਂ ਨੂੰ ਦਾਨ ਵਿਚ ਦਿੱਤੇ ਸਨ, ਇਹ ਤਾਂ ਬਾਹਰੋਂ ਆਏ ਐ, ਅਸੀਂ ਤਾਂ ਇੱਥੋਂ ਦੇ ਜੱਦੀ ਸਰਦਾਰ ਆਂ।”
ਥੋੜ੍ਹੇ ਚਿਰ ਬਾਅਦ ਜਦੋਂ ਮੈਂ ਬਾਹਰ ਵੇਖਿਆ ਉਹੀ ‘ਵ੍ਹਾਈਟ ਹਾਊਸ ਦਾ ਬਾਸ਼ਿੰਦਾ’ ਫਿਰ ਕੈਨ ‘ਕੱਠੇ ਕਰਨ ਲਈ ਟ੍ਰੈਸ਼ ਫਰੋਲ ਰਿਹਾ ਸੀ। ਮੈਂ ਸੋਚ ਰਿਹਾ ਸਾਂ, ਭਾਵੇਂ ਕਾਲੀ ਚਮੜੀ ਵਾਲਾ ਉਬਾਮਾ ਹੋਵੇ ਜਾਂ ਗੋਰੀ ਚਮੜੀ ਵਾਲਾ ਟਰੰਪ ਹੋਵੇ, ਮੂੰਹ ਦੀ ਬੁਰਕੀ ਲਈ ਹੱਥਾਂ ਦੀ ਕਿਰਤ ਨੇ ਹੀ ਕੰਮ ਆਉਣਾ, ਪਰ ਮਨੁੱਖ ਇੱਕ ਭੁਲੇਖੇ ਨੂੰ ਚੁੱਕੀ ਫਿਰਦਾ ਸਾਰੀ ਉਮਰ ਗਵਾਚਿਆ ਰਹਿੰਦਾ ਹੈ।