ਟੋਕੀਓ ਉਲੰਪਿਕਸ-2021: ਅਮਰੀਕਾ ਵਲੋਂ ਖੇਡੇਗਾ ਕੈਨੇਡੀਅਨ ਪੰਜਾਬੀ ਗੱਭਰੂ ਅਮਰ ਢੇਸੀ

ਇਕਬਾਲ ਸਿੰਘ ਜੱਬੋਵਾਲੀਆ
ਯੋਗਤਾ ਰੱਖਦੇ ਹਰ ਤਰ੍ਹਾਂ ਦੇ ਇਨਸਾਨ ਨੂੰ ਅਮਰੀਕਾ ਵਿਚ ਅੱਗੇ ਵਧਣ ਦੇ ਮੌਕੇ ਮਿਲਦੇ ਹਨ। ਹੋਣਹਾਰ ਖਿਡਾਰੀਆਂ ਨੂੰ ਤਾਂ ਹੱਥੋਂ ਜਾਣ ਹੀ ਨਹੀਂ ਦਿੰਦੇ, ਸਗੋਂ ਯੋਗਤਾ ਵੇਖਦੇ ਹੀ ਹੱਥਾਂ ‘ਤੇ ਚੁੱਕ ਲੈਂਦੇ ਨੇ। ਸੱਘਵਾਲੇ ਵਾਲੇ ਪਹਿਲਵਾਨ ਬਲਵੀਰ ਸਿੰਘ ਸ਼ੀਰੀ ਦੇ ਪਹਿਲਵਾਨ ਬੇਟੇ ਅਮਰ ਢੇਸੀ ਨੇ ਅਮਰੀਕਾ ਦੀ ਓਰੇਗਾਨ ਸਟੇਟ ਯੂਨੀਵਰਸਿਟੀ ਵਿਚ ਪੜ੍ਹਾਈ ਦੇ ਨਾਲ ਨਾਲ ਲਾ-ਜਵਾਬ ਕੁਸ਼ਤੀਆਂ ਲੜੀਆਂ। ਉਹਦੀ ਪੜ੍ਹਾਈ, ਲਿਆਕਤ, ਸਹਿਨਸ਼ੀਲਤਾ, ਸ਼ੀਤਲ-ਸੁਭਾਓ ਤੇ ਕੁਸ਼ਤੀ ਦੇ ਰੰਗ-ਢੰਗ ਵੇਖਦਿਆਂ ਯੂਨੀਵਰਸਿਟੀ ਵਾਲਿਆਂ ਦੇ ਦਿਲਾਂ ‘ਚ ਵਸ ਗਿਆ।

ਪਹਿਲਵਾਨੀ ਉਹਨੂੰ ਵਿਰਾਸਤ ਵਿਚ ਮਿਲੀ। ਪਿਤਾ ਬਲਵੀਰ ਸਿੰਘ ਸ਼ੀਰੀ ਤੇ ਬਾਬਾ ਤੇਜਾ ਸਿੰਘ ਤਕੜੇ ਘੁਲਾਟੀਏ ਸਨ। ਪਿਤਾ ਪੰਜਾਬ ਦਾ ਨਾਮਵਰ ‘ਚੰਬਾ ਕੇਸਰੀ’ ਖਿਤਾਬ ਜੇਤੂ ਪਹਿਲਵਾਨ ਰਿਹੈ। ਉਨ੍ਹੇ ਕੈਨੇਡਾ ਪਹੁੰਚ ਕੇ ਵੀ ਸ਼ੌਕ ਨਾ ਛੱਡਿਆ ਤੇ ‘ਖਾਲਸਾ ਰੈਸਲਿੰਗ ਕਲੱਬ’ ਸਥਾਪਤ ਕੀਤਾ। ਕੈਨੇਡਾ ‘ਚ ਜਨਮੇ ਆਪਣੇ ਪੁੱਤਰਾਂ-ਪਰਮ ਢੇਸੀ ਤੇ ਅਮਰ ਢੇਸੀ ਨੂੰ ਪਹਿਲਵਾਨੀ ਦੇ ਰਾਹ ਤੋਰਿਆ ਤੇ ਬੜੀ ਮਿਹਨਤ ਕਰਾਈ। ਬੇਟੇ ਸਕੂਲਾਂ ‘ਚ ਘੁੱਲਦੇ ਘੁੱਲਦੇ ਅੱਗੇ ਵਧਦੇ ਗਏ ਤੇ ਯੂਨੀਵਰਸਿਟੀ ਚੈਂਪੀਅਨ ਬਣੇ।
ਵੱਡਾ ਬੇਟੇ ਪਰਮ ਢੇਸੀ ਨੂੰ ਬਚਪਨ ਵਿਚ ਹੀ ਕੁਸ਼ਤੀਆਂ ਦਾ ਸ਼ੌਕ ਸੀ। ਤਿੰਨ ਸਾਲਾਂ ਦਾ ਸੀ, ਜਦੋਂ ਪਿਤਾ ਦੀ ਉਂਗਲ ਫੜ੍ਹ ਕੇ ਅਖਾੜੇ ਜਾਣ ਲਈ ਤੁਰ ਪੈਂਦਾ। ਕੁਸ਼ਤੀਆਂ ਦੇ ਨਾਲ ਨਾਲ ਕਬੱਡੀ ਵੀ ਖੇਡਦਾ ਰਿਹੈ। ਉਹ ਸਕੂਲਾਂ ਤੇ ਯੂਨੀਵਰਸਿਟੀ ਵਿਚ ਤਕੜਾ ਘੁਲਿਆ। ਸਾਰੇ ਪਹਿਲਵਾਨਾਂ ਨੂੰ ਢਾਹੁੰਦਾ ਚਲਾ ਗਿਆ। 2010 ‘ਚ ਉਨ੍ਹੇ ਯੂਥ ਉਲੰਪਿਕਸ ਸਿੰਘਾਪੁਰ ‘ਚ ਹਿੱਸਾ ਲਿਆ। ਇਸੇ ਤਰ੍ਹਾਂ ਹੀ 2014 ਦੀ ਵਰਲਡ ਪੁਲਿਸ ਐਂਡ ਫਾਇਰ ਚੈਂਪੀਅਨਸ਼ਿਪ ਜਿੱਤੀ। ਵਰਲਡ ਚੈਂਪੀਅਨਸ਼ਿਪ ‘ਚ ਹਿੱਸਾ ਲੈਣ ਲਈ ਵੱਖ ਵੱਖ ਮੁਕਾਬਲਿਆਂ ‘ਚੋਂ ਸਾਰੇ ਪਹਿਲਵਾਨ ਹਰਾ ਕੇ ਗੋਲਡ ਮੈਡਲ ਜਿੱਤੇ। ਪਹਿਲਵਾਨੀ ‘ਚ ਮਹਿਕਮੇ ਨੂੰ ਮਾਣ ਬਖਸ਼ਦਾ ਹੋਇਐ ਉਹ ਇਸ ਵਕਤ ਨੌਕਰੀ ‘ਤੇ ਬਿਰਾਜਮਾਨ ਹੈ।
ਛੋਟੇ ਬੇਟੇ ਅਮਰ ਦਾ ਭਲਵਾਨੀ ਵੱਲ ਪਹਿਲਾਂ ਕੋਈ ਸ਼ੌਕ ਨਹੀਂ ਸੀ। ਵੱਡੇ ਵੱਲ ਵੇਖ ਵੇਖ ਉਹ ਵੀ ਤਿਆਰ ਹੋ ਗਿਆ। ਜਦੋਂ ਵੱਡੇ ਨੇ ਕਿਤੇ ਜਾਣਾ ਤਾਂ ਛੋਟੇ ਨੇ ਪਹਿਲੋਂ ਉਹਦਾ ਝੋਲਾ ਚੁੱਕ ਤੁਰ ਪੈਣਾ। ਸ਼ੌਕ ਵਧਦਾ ਵਧਦਾ ਕਿਤੇ ਦੀ ਕਿਤੇ ਪਹੁੰਚ ਗਿਆ। ਛੋਟਾ ਅਮਰ ਪੰਜ ਸਾਲ ਦਾ ਸੀ, ਜਦੋਂ ਪਹਿਲਵਾਨੀ ਸ਼ੁਰੂ ਕੀਤੀ। ਇਕ ਸਾਲ ਦਾ ਫਰਕ ਹੈ ਦੋਹਾਂ ‘ਚ। ਵੱਡਾ ਛੱਬੀ ਦਾ ਤੇ ਛੋਟਾ ਪੱਚੀ ਦਾ। ਦੋਹਾਂ ਦੀਆਂ ਆਪਸ ਵਿਚ ਕੁਸ਼ਤੀਆਂ ਵੀ ਚਲਦੀਆਂ ਰਹਿੰਦੀਆਂ। ਦੋਹਾਂ ਦਾ ਆਪਸੀ ਪਿਆਰ ਵੀ ਬੜਾ ਹੈ। ਛੋਟਾ ਵੱਡੇ ਨੂੰ ਭਾਅ ਜੀ ਬਿਨਾ ਗੱਲ ਨਹੀਂ ਕਰਦਾ।
ਦੋਵੇਂ ‘ਕੱਠੇ ਅਖਾੜੇ ਜਾਂਦੇ ਤੇ ਆਪਸ ਵਿਚ ਦੋ-ਦੋ ਹੱਥ ਵੀ ਕਰਦੇ। ਕਈ ਵਾਰ ਵੱਡਾ ਛੋਟੇ ਨੂੰ ਢਾਹ ਲੈਂਦਾ। ਪਹਿਲਵਾਨ ਕਜ਼ਨ ਭਰਾ ਹਰਕਰਨ ਢੇਸੀ ਨਾਲ ਵੀ ਕੁਸ਼ਤੀ ਹੋ ਜਾਂਦੀ। ਜਿੱਤਾਂ-ਹਾਰਾਂ ਹੁੰਦੀਆਂ ਰਹੀਆਂ, ਪਰ ਨਿਸ਼ਾਨਾਂ ਅੱਗੇ ਦਾ ਸੀ, ਜੋ ਪਰਮਾਤਮਾ ਨੇ ਪੂਰਾ ਕਰ ਦਿੱਤਾ।
ਅਮਰ ਨੇ ਕੈਨੇਡਾ ਦੇ ਵੱਖ ਵੱਖ ਟਾਈਟਲਾਂ ਹੇਠ ਕੁਸ਼ਤੀ ਮੁਕਾਬਲਿਆਂ ‘ਚੋਂ ਸੱਤ ਗੁਰਜ਼ਾਂ ਜਿੱਤੀਆਂ, ਜੋ ਇਸ ਵਕਤ ਉਨ੍ਹਾਂ ਦੇ ਘਰ ਦਾ ਸ਼ਿੰਗਾਰ ਬਣੀਆਂ ਹੋਈਆਂ ਨੇ। ਬਾਲ ਕੇਸਰੀ, ਕੈਨੇਡਾ ਕੁਮਾਰ, ਕੈਨੇਡਾ ਕੇਸਰੀ (ਤਿੰਨ ਗੁਰਜ਼ਾਂ), ਕੈਨੇਡਾ ਮੱਲ ਸਮਰਾਟ ਅਤੇ ਰੁਸਤਮ-ਏ-ਕੈਨੇਡਾ ਜਿਹੇ ਖਿਤਾਬ ਜਿੱਤੇ।
ਅਮਰੀਕਾ ਉਹ ਪੜ੍ਹਾਈ ਕਰਨ ਆਇਆ ਸੀ। ਪੜ੍ਹਾਈ ਨਾਲ ਕੁਸ਼ਤੀਆਂ ਕਰੀ ਗਿਆ। ਸਵਾ ਸੌ ਤੋਂ ਵੱਧ ਅਮਰੀਕਾ ਦੇ ਪਹਿਲਵਾਨਾਂ ਨੂੰ ਹਰਾ ਕੇ ਉਹ ਅਡੋਲ ਖੜ੍ਹਾ ਹੈ। ਪਹਿਲਵਾਨੀ ‘ਚ ਦਾਅ-ਪੇਚ ਤੇ ਚੁਸਤੀ-ਫੁਰਤੀ ਵੇਖਦੇ ਕੋਚਾਂ ਦੇ ਨਜ਼ਰੀਂ ਚੜ੍ਹ ਗਿਆ। ਵੱਖ ਵੱਖ ਕੋਚਾਂ, ਕਲੱਬਾਂ, ਕੰਪਨੀਆਂ ਦੀਆਂ ਬੜੀਆਂ ਆਫਰਾਂ ਆਈਆਂ, ਪਰ ਜਿਸ ਥਾਂ ‘ਤੇ ਉਹ ਜਾਣਾ ਚਾਹੁੰਦਾ ਸੀ, ਚਲਾ ਗਿਆ।
ਇਸ ਵੇਲੇ ਉਹ ਅਮਰੀਕਾ ਦੀ ਓਹਾਇਓ ਸਟੇਟ ਦੇ ‘ਓਹਾਇਓ ਰੀਜ਼ਨਲ ਟਰੇਨਿੰਗ ਸੈਂਟਰ’ ਵਿਚ ਇਕ ਸਾਲ ਤੋਂ ਉਪਰ ਹੋ ਗਿਆ ਕੋਚਾਂ ਕੋਲ ਸਿਖਲਾਈ ਕਰਦੇ ਨੂੰ। ਨਿਊ ਯਾਰਕ ਵਿਖੇ ‘ਨਿਊ ਯਾਰਕ ਅਥਲੈਟਿਕਸ ਕਲੱਬ’ ਵਲੋਂ ਕਰਵਾਏ ਕੁਸ਼ਤੀ ਮੁਕਾਬਲਿਆਂ ‘ਚ ਹਿੱਸਾ ਲਿਆ ਤੇ ਚਾਰ ਕੁਸ਼ਤੀਆਂ ਜਿੱਤਿਆ ਤੇ ਇਕ ਹਾਰਿਆ ਤੇ ਬਰੌਂਨਜ਼ ਮੈਡਲ ਜਿੱਤਿਆ।
ਲਾਸ ਵੇਗਸ ਵਿਖੇ ਹੋਏ ਮੁਕਾਬਲਿਆਂ ਵਿਚ ਅਮਰੀਕਾ ਦੇ ਤਕੜੇ ਪਹਿਲਵਾਨ ਐਡਮ ਕੂਨ ਨੂੰ ਹਰਾਇਆ। ਖੁਸ਼ ਹੋ ਕੇ ਅਮਰੀਕਾ ਵਾਲਿਆਂ ਉਹਨੂੰ ਮਦਦ ਵਜੋਂ 2 ਲੱਖ 64 ਹਜ਼ਾਰ ਅਮਰੀਕੀ ਡਾਲਰ ਉਹਦੀ ਝੋਲੀ ਪਾਏ।
ਰੋਮ ਇਟਲੀ ਦੇ ਸੈਮੀ ਫਾਈਨਲ ਮੁਕਾਬਲਿਆਂ ‘ਚ ਰਸ਼ੀਆ ਦੇ ਦੋ ਪਹਿਲਵਾਨਾਂ ਨੂੰ ਹਰਾਇਆ ਤੇ ਆਖਰ ਵਿਚ ਤਿੰਨ ਵਾਰ ਦੇ ਵਰਲਡ ਚੈਂਪੀਅਨ ਨੂੰ ਹਰਾ ਕੇ ਗੋਲਡ ਮੈਡਲ ਪ੍ਰਾਪਤ ਕੀਤਾ।
ਓਟਵਾ ਮੁਕਾਬਲਿਆਂ ‘ਚ ਅਮਰੀਕਾ ਵਲੋਂ ਟੋਕੀਓ ਉਲੰਪਿਕਸ ਲਈ ਸਖਤ ਮੁਕਾਬਲਾ ਸੀ। ਪੈਨ ਅਮੈਰਿਕਨ ਦੀਆਂ ਇਨ੍ਹਾਂ ਗੇਮਾਂ ਵਿਚ ਤਿੰਨਾਂ ਪਹਿਲਵਾਨਾਂ ਨੂੰ ਦਸ-ਜ਼ੀਰੋ ਦੇ ਫਰਕ ਨਾਲ ਹਰਾ ਕੇ ਟਾਪ ਦੇ ਦੋ ਆਖਰੀ ਪਹਿਲਵਾਨਾਂ ਵਿਚੋਂ ਜੇਤੂ ਰਿਹਾ ਤੇ ਓਪਨ-ਵੇਟ ਦੀ ਸੀਨੀਅਰ ਕੁਸ਼ਤੀ ਲਈ ਦੋ ਵਾਰ ਦੇ ਉਲੰਪੀਅਨ ਅਮਰੀਕੀ ਪਹਿਲਵਾਨ ਨੂੰ ਹਰਾ ਉਲੰਪਿਕ ਵਾਸਤੇ ਚੁਣਿਆ ਗਿਆ।
ਟੋਕੀਓ ਉਲੰਪਿਕਸ ਵਾਸਤੇ ਤਿਆਰੀ ਉਹਦੀ ਅਮਰੀਕਾ ਵਾਲੇ ਕਰਵਾ ਰਹੇ ਹਨ, ਪਰ ਨੁਮਾਇੰਦਗੀ ਉਹ ਕੈਨੇਡਾ ਦੀ ਕਰੇਗਾ, ਕੈਨੇਡਾ ਦਾ ਜੰਮਪਲ ਹੋਣ ਕਰਕੇ। ਕੈਨੇਡਾ ਦੇ ਝੰਡੇ ਹੇਠ ਮੁਕਾਬਲੇ ਲੜੇਗਾ। ਅਮਰੀਕਾ ਤਾਂ ਬੱਸ ਆਪਣਾ ਸ਼ੌਕ ਪੂਰਾ ਕਰ ਰਿਹੈ, ਉਹਨੂੰ ਤਿਆਰ ਕਰਕੇ। ਪਿਤਾ ਬਲਵੀਰ ਸਿੰਘ ਸ਼ੀਰੀ ਅਮਰੀਕਾ ਦਾ ਲੱਖ ਲੱਖ ਧੰਨਵਾਦ ਕਰ ਰਿਹੈ, ਜਿਸ ਨੇ ਉਸ ਦੇ ਬੇਟੇ ਨੂੰ ਪਹਿਲਵਾਨ ਬਣਾ ਦਿਤੈ। ਸ਼ ਸ਼ੀਰੀ ਨਾਲ ਸੰਪਰਕ ਫੋਨ: 1-604-833-0286 ਰਾਹੀਂ ਕੀਤਾ ਜਾ ਸਕਦਾ ਹੈ।
ਅਮਰੀਕਾ ਨੂੰ ਉਸ ਉਤੇ ਬੜੀਆਂ ਆਸਾਂ ਹਨ। ਅਮਰੀਕਾ ਵਾਲੇ ਇਸ ਵੇਲੇ ਉਹਦੀ ਖੁਰਾਕ, ਰਿਹਾਇਸ਼ ਤੇ ਹਰ ਤਰ੍ਹਾਂ ਨਾਲ ਖਿਆਲ ਰੱਖ ਰਹੇ ਹਨ। ਤਿੰਨ ਵਾਰ ਦਾ ਗੋਲਡ ਮੈਡਲਿਸਟ ਬੁਲਗਾਰੀਆ ਦਾ ਕੋਚ ਉਸ ਦੀ ਬੜੀ ਮਿਹਨਤ ਕਰਾ ਰਿਹੈ। ਹਰ ਵੇਲੇ ਉਹਦੇ ਨਾਲ ਰਹਿੰਦੈ। ਜਿਥੇ ਵੀ ਜਾਣਾ, ਖੁਦ ਨਾਲ ਜਾਂਦੈ। ਦਿਨ ‘ਚ ਦੋ ਜਾਂ ਤਿੰਨ ਵਾਰ ਟਰੇਨਿੰਗ ਕੀਤੀ ਜਾਂਦੀ ਹੈ। ਐਤਵਾਰ ਸਿਰਫ ਅਰਾਮ, ਮਸਾਜ ਜਾਂ ਥੈਰਪੀ ਵਾਸਤੇ ਹੈ।
ਪਿਤਾ ਨੇ ਬੇਟਿਆਂ ਨੂੰ ਬੜੀ ਰੂਹ ਨਾਲ ਪਾਲਿਆ। ਛੋਟੇ ਹੁੰਦਿਆਂ ਨੂੰ ਬਦਾਮਾਂ ਦੀ ਸ਼ਰਦਾਈ ਬਣਾ ਬਣਾ ਦੇਣੀਂ। ਬੇਟੇ ਮਾਤਾ ਦੇ ਹੱਥਾਂ ਦਾ ਪੱਕਿਆ ਪੰਜਾਬੀ ਖਾਣਾ ਪਸੰਦ ਕਰਦੇ ਹਨ। ਮੁਕਾਬਲੇ ‘ਤੇ ਗਏ ਬਾਹਰ ਦਾ ਬਣਿਆਂ ਖਾਣਾ ਮਜ਼ਬੂਰੀ ਵੱਸ ਖਾਣਾ ਪੈਂਦੈ। ਵਿਦੇਸ਼ਾਂ ‘ਚ ਵਸਦੇ ਹੋਰ ਨੌਜਵਾਨਾਂ ਨੂੰ ਅਮਰ ਢੇਸੀ ਤੋਂ ਸੇਧ ਲੈਣੀ ਚਾਹੀਦੀ ਐ, ਜੋ ਨਸ਼ਿਆਂ ਤੋਂ ਰਹਿਤ ਵੱਡੀਆਂ ਮੱਲਾਂ ਮਾਰ ਅਮਰੀਕਾ ਤੇ ਕੈਨੇਡਾ ਮੁਲਕਾਂ ਨੂੰ ਮਾਣ ਬਖਸ਼ਦਾ ਉਲੰਪਿਕਸ ਦੇ ਦਰਵਾਜੇ ਮੂਹਰੇ ਜਾ ਖੜ੍ਹਾ ਹੋਇਐ।
ਪੁੱਤ ਇਕ ਭਲਵਾਨ ਬਣਾਉਣਾ ਬੜਾ ਔਖਾ
ਦੋ ਪੁੱਤ ਪਹਿਲਵਾਨੀ ਦੇ ਰਾਹ ਤੋਰ ਦਿੱਤੇ।
ਅੰਤਰ ਆਤਮਾ ਨਾਲ ਕਰਵਾਈ ਮਿਹਨਤ,
ਰੁੱਖ ਹਵਾਵਾਂ ਦੇ ਮੋੜ ਦਿੱਤੇ।
ਖਾਹਿਸ਼ ਪਿਤਾ ਦੀ ਰਹਿ ਗਈ ਸੀ ਅਧੂਰੀ,
ਦੁੱਖ ਪੁੱਤਰਾਂ ‘ਇਕਬਾਲ ਸਿੰਹਾਂ’ ਤੋੜ ਦਿੱਤੇ।