ਤਿੰਨ ਦਹਾਕਿਆਂ ਦਾ ਸਮਾਂ ਕੋਈ ਘੱਟ ਨਹੀਂ ਹੁੰਦਾ। ਇਸ ਸਮੇਂ ਦੌਰਾਨ ਤਕਰੀਬਨ ਦੋ ਪੀੜ੍ਹੀਆਂ ਜਵਾਨ ਹੋ ਜਾਂਦੀਆਂ ਹਨ। ਦੋ ਪੀੜ੍ਹੀਆਂ ਦਾ ਮੋਟਾ ਜਿਹਾ ਮਤਲਬ ਜ਼ਿੰਦਗੀ ਦੇ ਕਾਫਲੇ ਦੇ ਦੋ ਕਦਮ ਹਨ। ਕਾਫਲਾ ਕਦੀ ਰੁਕਦਾ ਨਹੀਂ। ਇਸ ਦਾ ਇਕ ਹੀ ਤਾਂ ਅਰਥ ਹੁੰਦਾ ਹੈ-ਲਗਾਤਾਰ ਸਫਰ। ਦੋ ਪੀੜ੍ਹੀਆਂ ਦੇ ਵਕਤਾਂ ਵਿਚ ਫੈਲੇ ਇਹ ਅਹਿਮ ਦੋ ਕਦਮ, ਕੀ ਸੱਚ-ਮੁੱਚ ਹੀ ਅਗਾਂਹ ਪੁੱਟੇ ਗਏ ਹਨ? ਜਾਂ ਅਸੀਂ ਇਕੋ ਥਾਂ ਉਤੇ ਖੜ੍ਹੇ, ਦੋ ਕਦਮ ਅਗਾਂਹ ਨਿਕਲਣ ਦਾ ਭਰਮ ਪਾਲੀ ਬੈਠੇ ਹਾਂ? ਨਵੰਬਰ ’84 ਦੇ ਘੱਲੂਘਾਰੇ ਦਾ ਦਰਦ ਉਂਜ ਦਾ ਉਂਜ ਹੈ, ਇਹ ਮੱਠਾ ਹੋਣ ਦਾ ਨਾਂ ਨਹੀਂ ਲੈ ਰਿਹਾ। ਇਹ ਦਰਦ ਅਕਸਰ ਚਸਕਦਾ ਹੈ ਤਾਂ ਚੇਤਿਆਂ ਵਿਚ ਬਹੁਤ ਹੌਲਨਾਕ ਮੰਜ਼ਰ ਉਭਰਦੇ ਹਨ। ਧੁਖਦੇ ਦਿਲਾਂ ਵਿਚ ਇਹ ਮੰਜ਼ਰ ਸਦਾ ਸਦਾ ਲਈ ਸਾਂਭੇ ਗਏ ਹਨ। ਪਿਛਲੇ ਸਾਲ ਜਨਵਰੀ ਵਿਚ ਉਸ ਵਕਤ ਇਸ ਦਰਦ ਵਿਚ ਹੋਰ ਵਾਧਾ ਹੋ ਗਿਆ ਸੀ ਜਦੋਂ 1984 ਵਿਚ ਹੀ ਪਿੰਡ ਹੋਂਦ-ਚਿੱਲੜ ਵਿਚ ਵਾਪਰਿਆ ਕਾਂਡ ਸਾਹਮਣੇ ਆਇਆ ਸੀ। ਇਸ ਕਾਂਡ ਬਾਰੇ ਪਤਾ ਲੱਗਿਆਂ, ਹੋਰ ਦੋ ਮਹੀਨਿਆਂ ਨੂੰ ਦੋ ਸਾਲ ਹੋ ਜਾਣੇ ਹਨ, ਪਰ ਹਾਲਾਤ ਦੀ ਸਿਤਮਜ਼ਰੀਫੀ ਦੇਖੋ ਕਿ ਇਸ ਕੇਸ ਵਿਚ ਹੋਈ ਪ੍ਰਗਤੀ ਅਜੇ ਵੀ ਕਾਗਜ਼ਾਂ ਦੇ ਉਹਲੇ ਵਿਚ ਪਈ ਹੈ। ਕੀ ਅਸੀਂ ਕਿਤੇ ਆਪਣੇ ਇਨ੍ਹਾਂ ਦਰਦਾਂ ਦੀਆਂ ਰਸਮੀ ਬਰਸੀਆਂ ਮਨਾਉਣ ਦੇ ਰਾਹ ਤਾਂ ਨਹੀਂ ਪੈ ਗਏ? ਇਹ ਅੱਜ ਦਾ ਸਭ ਤੋਂ ਵੱਡਾ ਅਤੇ ਤੰਗ ਕਰਨ ਵਾਲਾ ਸਵਾਲ ਹੈ। ਤੰਗ ਕਰਨ ਵਾਲਾ ਇਸ ਕਰਕੇ ਕਿ ਜੇ ਅਸੀਂ ਹੁਣ ਸਿਰਫ ਰਸਮ ਖਾਤਿਰ ਹੀ ਸਾਲ ਬਾਅਦ ਨਵੰਬਰ 1984 ਦੇ ਇਸ ਘੱਲੂਘਾਰੇ ਨੂੰ ਯਾਦ ਕਰਦੇ ਹਾਂ, ਤਾਂ ਇਸ ਦਾ ਸਿੱਧਾ ਜਿਹਾ ਅਰਥ ਤਾਂ ਇਹੀ ਨਿਕਲਦਾ ਹੈ ਕਿ ਅਸੀਂ ਵੀ ਹੁਣ ਅਚੇਤ ਜਾਂ ਸੁਚੇਤ ਸਿਆਸਤ ਦੀ ਕੋਝੀ ਖੇਡ ਦਾ ਹਿੱਸਾ ਬਣ ਗਏ ਹਾਂ ਅਤੇ ਗਿਣ ਗਿਣ ਗੋਟੀਆਂ ਸੁੱਟ ਰਹੇ ਸਿਆਸਤਦਾਨਾਂ ਜਿੰਨੇ ਹੀ ਮਤਲਬਪ੍ਰਸਤ ਹੋ ਗਏ ਹਾਂ। ਅਜਿਹਾ ਸੁਣਨਾ/ਪੜ੍ਹਨਾ ਔਖਾ ਤਾਂ ਹੈ, ਕਿਉਂਕਿ ਇਹ ਦਰਦ ਦਿਲਾਂ ਉਤੇ ਬਹੁਤ ਡੂੰਘੀ ਚੋਟ ਕਰਦਾ ਹੈ ਪਰ ਕੌੜਾ ਸੱਚ ਇਹੀ ਹੈ।
ਹੋਂਦ-ਚਿੱਲੜ ਕਾਂਡ ਦੀ ਮਿਸਾਲ ਹੀ ਲੈ ਲਓ। ਦੋ ਸਾਲਾਂ ਬਾਅਦ ਵੀ ਸਰਕਾਰੀ ਜਾਂਚ ਉਥੇ ਦੀ ਉਥੇ ਖੜ੍ਹੀ ਹੈ। ਮਾਮਲੇ ਨੂੰ ਲਟਕਾਉਣਾ ਤਾਂ ਅਗਲਿਆਂ ਦੀ ਸਿਆਸਤ ਦਾ ਖਾਸ ਸੰਦ ਹੈ, ਤਰੀਕਾਕਾਰ ਹੈ; ਪਰ ਇਸ ਕਾਂਡ ਬਾਰੇ ਆਪਣੇ ਪੱਧਰ ਉਤੇ ਜਾਂਚ ਕਰਵਾਉਣ ਉਤੇ ਤਾਂ ਕਿਸੇ ਪ੍ਰਕਾਰ ਦੀ ਕੋਈ ਪਾਬੰਦੀ ਨਹੀਂ ਹੈ। ਸਾਡੇ ਆਪਣੇ ਲਈ ਇਹ ਸਵਾਲ ਬਣਦਾ ਹੈ ਕਿ ਅਸੀਂ ਆਪ ਇਹ ਪੈਂਡਾ ਕਿੰਨਾ ਕੁ ਤੈਅ ਕੀਤਾ ਹੈ? ਇਹ ਸਵਾਲ ਸਿਰਫ ਇਸ ਲਈ ਹੈ ਕਿ ਬਰਸੀਆਂ ਮਨਾਉਣ ਦੇ ਰਾਹ ਪਈ ਖਲਕਤ ਉਸੇ ਤਰ੍ਹਾਂ ਹੁਣ ਵੀ ਅੰਨ੍ਹੀਆਂ ਗਲੀਆਂ ਵਿਚ ਚੱਕਰ ਕੱਟ ਰਹੀ ਹੈ ਜਿਸ ਤਰ੍ਹਾਂ ਇੰਨੇ ਦਹਾਕਿਆਂ ਤੋਂ ਸੱਤਾ ਉਤੇ ਕਾਬਜ਼ ਲੋਕਾਂ ਨੇ ਉਨ੍ਹਾਂ ਨੂੰ ਅਜਿਹੀਆਂ ਹੋਰ ਅੰਨ੍ਹੀਆਂ ਗਲੀਆਂ ਦੇ ਰਾਹ ਪਾਇਆ ਹੋਇਆ ਹੈ। ਸਿਆਸਤਦਾਨਾਂ ਦੀ ਚਲਾਕੀ ਨੇ ਸਾਨੂੰ ਸਭ ਨੂੰ ਇਨ੍ਹਾਂ ਅੰਨ੍ਹੀਆਂ ਗਲੀਆਂ ਵਿਚ ਵਾੜਿਆ ਹੋਇਆ ਹੈ ਅਤੇ ਅਸੀਂ ਬਹੁਤ ਸਹਿਜ ਨਾਲ ਇਨ੍ਹਾਂ ਦੀ ਮਾਰ ਹੇਠ ਆਏ ਹੋਏ ਹਾਂ ਅਤੇ ਸੁਚੇਤ ਪੱਧਰ ‘ਤੇ ਇਸ ਵਿਚੋਂ ਨਿਕਲਣ ਦੀ ਕੋਸ਼ਿਸ਼ ਵੀ ਨਹੀਂ ਕਰਦੇ। ਇਹ ਸਵਾਲ ਇਸ ਲਈ ਵੀ ਅਹਿਮ ਹੈ ਕਿ ਧਰਮ ਦੇ ਮਾਮਲੇ ਕਰਕੇ, ਅਸੀਂ ਜਿਨ੍ਹਾਂ ਕਮਿਊਨਿਸਟਾਂ ਭਾਈਆਂ ਨੂੰ ਨਫਰਤ ਕਰਨ ਦੀ ਹੱਦ ਤੱਕ ਰੱਦ ਕਰਦੇ ਰਹੇ ਹਾਂ, ਉਨ੍ਹਾਂ ਨੇ 31 ਅਕਤੂਬਰ ਤੋਂ 10 ਨਵੰਬਰ 1984 ਤੱਕ ਦੀਆਂ ਘਟਨਾਵਾਂ ਬਾਰੇ ਸਿੱਖਾਂ ਦੇ ਕਤਲੇਆਮ ਦੀ ਆਪਣੀ ਆਜ਼ਾਦ ਜਾਂਚ ਰਿਪੋਰਟ ‘ਦੋਸ਼ੀ ਕੌਣ?’ (ਹੂ ਆਰ ਦਿ ਗਿਲਟੀ?) ਉਦੋਂ ਤੁਰੰਤ ਨਸ਼ਰ ਕਰ ਦਿੱਤੀ ਸੀ ਅਤੇ ਇਹੀ ਰਿਪੋਰਟ ਅਗਾਂਹ ਹੋਂਦ ਵਿਚ ਆਈਆਂ ਕਈ ਰਿਪੋਰਟਾਂ ਦਾ ਆਧਾਰ ਬਣੀ ਸੀ। ਅਸੀਂ ਹੋਂਦ ਚਿੱਲੜ ਬਾਰੇ ਅਜਿਹੀ ਰਿਪੋਰਟ ਅਜੇ ਤੱਕ ਵੀ ਤਿਆਰ ਨਾ ਕਰ ਸਕੇ! ਕਿਉਂ? ਇਤਿਹਾਸ ਇਸ ਦਾ ਜਵਾਬ ਸਾਡੇ ਪਾਸੋਂ ਜ਼ਰੂਰ ਮੰਗੇਗਾ।
ਇਸ ਤੋਂ ਵੀ ਵੱਡਾ ਸਵਾਲ 1947 ਦੇ ਘੱਲੂਘਾਰੇ ਬਾਰੇ ਹੈ। ਉਸ ਬਾਰੇ ਅਸੀਂ ਇੰਨਾ ਕੁ ਦਰਦ ਵੰਡਾ ਕੇ ਚੁੱਪ ਹੋ ਜਾਂਦੇ ਹਾਂ ਕਿ ਉਸ ਵਕਤ ਪਤਾ ਨਹੀਂ ਕਿਉਂ ਅਜਿਹਾ ਹੋ ਗਿਆ ਸੀ? ਲੋਕ ਰਾਤੋ-ਰਾਤ ਦਰਿੰਦੇ ਪਤਾ ਨਹੀਂ ਕਿਸ ਤਰ੍ਹਾਂ ਬਣ ਗਏ ਸਨ ਅਤੇ ਇਕ-ਦੂਜੇ ਦੇ ਲਹੂ ਦੇ ਪਿਆਸੇ ਹੋ ਗਏ ਸਨ? ਅਸਲ ਵਿਚ ਸਾਡੀ ਇਹੀ ਸੋਚ ਸਾਡੇ 84 ਵਾਲੇ ਦਰਦ ਨੂੰ ਵਧਾਉਂਦੀ ਹੈ। ਇਸੇ ਕਰ ਕੇ ਹੀ 1947 ਦੇ ਕਾਤਲਾਂ ਉਤੇ ਉਂਗਲੀ ਰੱਖਣ ਦੀ ਸਾਡੀ ਕਦੀ ਹਿੰਮਤ ਨਹੀਂ ਪੈਂਦੀ ਅਤੇ ਅਸੀਂ ਰੋ-ਪਿੱਟ ਕੇ ਸਾਰ ਲੈਂਦੇ ਹਾਂ; ਹੋਰ ਨਹੀਂ ਤਾਂ ਆਪਣੇ ਆਪ ਨੂੰ ਦੋਸ਼ੀ ਸਵੀਕਾਰ ਕਰ ਲੈਂਦੇ ਹਾਂ; ਅਤੇ ਫਿਰ 1984 ਦੇ ਕਾਤਲਾਂ ਦਾ ਪਤਾ ਹੋਣ ਦੇ ਬਾਵਜੂਦ, ਗੱਲ ਸਿਆਸਤ ਦੀਆਂ ਅੰਨ੍ਹੀਆਂ ਗਲੀਆਂ ਵਿਚ ਘੜੀਸੀ ਫਿਰਦੇ ਹਾਂ, ਸਰਬੱਤ ਦੇ ਵਿਹੜੇ ਵਿਚ ਨਹੀਂ ਲੈ ਕੇ ਆਉਂਦੇ। ਸ਼ਾਇਦ ਇਸੇ ਕਰ ਕੇ ਗੱਲ ਬਦਲਦੀ-ਵਟਦੀ ਆਖਰਕਾਰ ਨਫਰਤ ਦੇ ਹੋਕਰੇ ਵਿਚ ਤਬਦੀਲ ਹੋਈ ਜਾਂਦੀ ਹੈ। ਖੈਰ! ਸਵਾਲਾਂ ਦਾ ਇਹ ਸਿਲਸਿਲਾ ਇਸ ਕਰ ਕੇ ਛੇੜਿਆ ਹੈ ਤਾਂ ਕਿ ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਵੱਲ ਅਹੁਲਿਆ ਜਾਵੇ ਅਤੇ ਅਗਾਂਹ ਵਧਿਆ ਜਾਵੇ। ਨਫਰਤ ਦੀ ਅੱਗ ਬਾਲ ਕੇ ਤੰਗ ਕਰ ਰਹੇ ਇਨ੍ਹਾਂ ਸਵਾਲਾਂ ਦੇ ਰੂ-ਬਰੂ ਨਹੀਂ ਹੋਇਆ ਜਾ ਸਕਦਾ। ਇਹ ਸਵਾਲ ਉਸ ਹਿੰਸਕ ਬਿਰਤੀ ਦੀ ਪੈੜ ਨੱਪਣ ਵੱਲ ਪਹਿਲਾ ਕਦਮ ਹੈ ਜਿਸ ਰਾਹੀਂ ਕੁਝ ਲੋਕ, ਖਲਕਤ ਲਈ ਅੰਨ੍ਹੀਆਂ ਗਲੀਆਂ ਵਿਚ ਹੀ ਘੁੰਮਦੇ ਰਹਿਣ ਦਾ ਸਾਮਾਨ ਤਿਆਰ ਕਰ ਰਹੇ ਹਨ। ਸਿੱਖੀ ਦਾ ਸੁਨੇਹਾ ‘ਸਰਬੱਤ ਦਾ ਭਲਾ’ ਮੰਗਣਾ ਹੈ। ਇਸ ਮੰਗ ਦੀ ਹਰ ਲੜੀ, ਹਰ ਸਵਾਲ ਦੇ ਜਵਾਬ ਲਈ ਅਹੁਲਦੀ ਹੈ। ਸਰਬੱਤ ਦਾ ਇਹ ਸੁਨੇਹਾ ਦੁਸ਼ਮਣੀ ਨਹੀਂ, ਸਗੋਂ ਦੋਸਤੀ ਦੇ ਮਾਰਗ ਲਈ ਕਿਵਾੜ ਖੋਲ੍ਹਦਾ ਹੈ। ਇਸ ਦਾ ਲੜ ਨਹੀਂ ਛੁੱਟਣਾ ਚਾਹੀਦਾ। ਇਹ ਬਿਖੜਾ ਪਂੈਡਾ ਹੈ ਪਰ ਨਾਇਕ ਸਦਾ ਔਖੇਰੀ, ਚੌਥੀ ਕੂਟ ਵੱਲ ਹੀ ਕੂਚ ਕਰਦੇ ਹੁੰਦੇ ਹਨ। ਚੌਥੀ ਕੂਟ ਵੱਲ ਸਫਰ ਹੀ ਇਸ ਦਰਦ ਦੀ ਦਵਾ ਹੈ। ਇਸ ਦਵਾ ਦਾ ਸਿਖਰ ਸਰਬੱਤ ਦੇ ਭਲੇ ਦੀ ਦੁਆ ਹੈ।
Leave a Reply