ਨਿਊ ਯਾਰਕ (ਬਿਊਰੋ): ਚੱਕਰਵਰਤੀ ਤੂਫਾਨ ਸੈਂਡੀ ਨੇ ਅਮਰੀਕਾ ਦੇ ਤੱਟੀ ਰਾਜਾਂ ਵਿਚ ਭਿਆਨਕ ਤਬਾਹੀ ਮਚਾਈ ਹੈ। ਤੂਫ਼ਾਨ ਨਾਲ 20 ਅਰਬ ਡਾਲਰ ਦੇ ਨੁਕਸਾਨ ਦਾ ਖਦਸ਼ਾ ਹੈ ਜੋ ਅਮਰੀਕੀ ਇਤਿਹਾਸ ਵਿਚ ਕੁਦਰਤੀ ਆਫ਼ਤ ਨਾਲ ਹੋਣ ਵਾਲਾ ਸਭ ਤੋਂ ਵੱਡਾ ਨੁਕਸਾਨ ਹੈ। ਰਾਸ਼ਟਰਪਤੀ ਬਰਾਕ ਓਬਾਮਾ ਅਤੇ ਰਿਪਬਲਿਕਨ ਉਮੀਦਵਾਰ ਮਿਟ ਰੋਮਨੀ ਨੇ ਆਪੋ-ਆਪਣਾ ਚੋਣ ਪ੍ਰਚਾਰ ਰੱਦ ਕਰ ਦਿੱਤਾ ਹੈ।
ਤੁਫਾਨੀ ਹਵਾਵਾਂ ਤੇ ਮੋਹਲੇਧਾਰ ਮੀਂਹ ਕਾਰਨ ਦਰਜਨਾਂ ਬੰਦੇ ਮਾਰੇ ਗਏ ਹਨ ਤੇ ਹਜ਼ਾਰਾਂ ਘਰ ਤਬਾਹ ਹੋ ਗਏ। ਇਸ ਤੋਂ ਇਲਾਵਾ ਹਜ਼ਾਰਾਂ ਦਰਖਤ ਪੁੱਟੇ ਗਏ, ਬਿਜਲੀ ਦੇ ਸੈਂਕੜੇ ਖੰਭੇ ਟੁੱਟ ਗਏ ਤੇ ਨਿਊ ਯਾਰਕ ਸਮੇਤ ਕਈ ਸ਼ਹਿਰਾਂ ਵਿਚ ਬਿਜਲੀ ਬੰਦ ਹੋਣ ਕਾਰਨ ਘੁੱਪ ਹਨੇਰਾ ਛਾ ਗਿਆ। ਇਸ ਤੁਫਾਨ ਕਾਰਨ ਛੇ ਕਰੋੜ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਤੇ 15 ਹਜ਼ਾਰ ਤੋਂ ਵੱਧ ਉਡਾਣਾਂ ਰੱਦ ਕਰਨੀਆਂ ਪਈਆਂ।
ਬਚਾਅ ਦਲਾਂ ਨੇ 10 ਲੱਖ ਲੋਕਾਂ ਨੂੰ ਸੁਰਖਿਅਤ ਥਾਂਵਾਂ ‘ਤੇ ਪਹੁੰਚਾਇਆ ਹੈ। ਨਿਊ ਯਾਰਕ ਸਟਾਕ ਐਕਸਚੇਂਜ ਵਿਚ ਤਿੰਨ ਫੁੱਟ ਤੱਕ ਪਾਣੀ ਭਰ ਗਿਆ। 1888 ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਕਿ ਨਿਊ ਯਾਰਕ ਸਟਾਕ ਐਕਸਚੇਂਜ ਲਗਾਤਾਰ ਬੰਦ ਰਹੀ। ਰਾਸ਼ਟਰਪਤੀ ਬਰਾਕ ਓਬਾਮਾ ਨੇ ਤੂਫ਼ਾਨ ਨੂੰ ਵੱਡੀ ਬਿਪਤਾ ਕਰਾਰ ਦਿੰਦਿਆਂ ਬੇਘਰੇ ਲੋਕਾਂ ਲਈ ਰਾਹਤ ਜਾਰੀ ਕਰਨ ਦੇ ਹੁਕਮ ਦਿੱਤੇ ਹਨ।
ਅੱਸੀ ਮੀਲ ਦੀ ਤੇਜ਼ ਰਫਤਾਰ ਨਾਲ ਚੱਲੀਆਂ ਹਵਾਵਾਂ ਕਾਰਨ ਕਈ ਇਲਾਕਿਆਂ ਵਿਚ ਦਰਖਤ ਜੜ੍ਹਾਂ ਤੋਂ ਪੁੱਟੇ ਗਏ। ਆਵਾਜਾਈ ਵਿਵਸਥਾ ਪੂਰੀ ਤਰ੍ਹਾਂ ਚਰਮਰਾ ਗਈ ਤੇ ਬਿਜਲੀ ਪਲਾਂਟ ਵਿਚ ਧਮਾਕਾ ਹੋ ਜਾਣ ਨਾਲ ਮੈਨਹਟਨ ਦਾ ਬਹੁਤਾ ਇਲਾਕਾ ਹਨੇਰੇ ਵਿਚ ਡੁੱਬ ਗਿਆ। ਤੱਟਵਰਤੀ ਇਲਾਕਿਆਂ ਵਿਚ 13 ਫੁੱਟ ਤੱਕ ਉੱਚੀਆਂ ਲਹਿਰਾਂ ਉਠੀਆਂ। ਨਿਊ ਜਰਸੀ ਵਿਚ ਵੱਡੀ ਗਿਣਤੀ ਵਿਚ ਭਾਰਤੀ ਮੂਲ ਦੇ ਲੋਕ ਰਹਿੰਦੇ ਹਨ।
ਨਿਊ ਜਰਸੀ, ਨਿਊ ਯਾਰਕ, ਮੈਰੀਲੈਂਡ, ਨੌਰਥ ਕੈਰੋਲਾਈਨਾ, ਵੈਸਟ ਵਰਜੀਨੀਆ, ਪੈਨਸਿਲਵੇਨੀਆ ਤੇ ਕਨੈਕਟੀਕਟ ਵਿਚ 60 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ ਤੇ ਇਸ ‘ਚ ਹੋਰ ਵਾਧਾ ਹੋਣ ਦਾ ਖਦਸ਼ਾ ਹੈ। ਗਰਾਊਂਡ ਜ਼ੀਰੋ ਵਿਚ ਹੜ੍ਹ ਦਾ ਪਾਣੀ ਭਰ ਗਿਆ। ਨਿਊ ਯਾਰਕ ਸਿਟੀ ਹਸਪਤਾਲ ਵਿਚ ਮਰੀਜ਼ਾਂ ਤੇ ਕਰਮਚਾਰੀਆਂ ਨੂੰ ਕੱਢ ਕੇ ਸੁਰੱਖਿਅਤ ਥਾਂਵਾਂ ‘ਤੇ ਲਿਜਾਇਆ ਗਿਆ। ਅਮਰੀਕੀ ਪਰਮਾਣੂ ਰੈਗੂਲੇਟਰੀ ਕਮਿਸ਼ਨ ਨੇ ਨਿਊ ਜਰਸੀ ਦੇ ਓਸਟਰ ਕ੍ਰੀਕ ਪ੍ਰਮਾਣੂ ਬਿਜਲੀ ਪਲਾਂਟ ਵਿਚ ਹੰਗਾਮੀ ਹਾਲਤ ਦਾ ਐਲਾਨ ਕਰ ਦਿੱਤਾ। ਵਾਸ਼ਿੰਗਟਨ ਡੀæਸੀæ, ਫਿਲਾਡੈਲਫੀਆ, ਨਿਊ ਯਾਰਕ ਤੇ ਹੋਰ ਰਾਜਾਂ ਵਿਚ ਸਕੂਲ ਬੰਦ ਹੋਣ ਨਾਲ 47 ਲੱਖ ਬੱਚੇ ਪ੍ਰਭਾਵਿਤ ਹੋਏ। ਉਧਰ, ਬਰਤਾਨੀਆ ਵਿਚ 1962 ਵਿਚ ‘ਮਿਊਟਿਨੀ ਆਨ ਦ ਬਾਉਂਟੀ’ ਦੇ ਫਿਲਮੀ ਰੁਪਾਂਤਰ ਲਈ ਤਿਆਰ ਕੀਤੇ ਗਏ ਪ੍ਰਸਿੱਧ ਜਹਾਜ਼ ਦੀ ਹੂ-ਬਹੂ ਸ਼ਕਲ ਵਾਲਾ ਐਚæਐਮæਐਸ਼ ਬਾਉਂਟੀ ਜਹਾਜ਼ ਸੈਂਡੀ ਦੀ ਭੇਟ ਗਿਆ ਹੈ। ਇਸ ਜਹਾਜ਼ ਨੂੰ 2006 ਵਿਚ ਆਈ ਸਫਲ ਫਿਲਮ ‘ਪਾਇਰੇਟਸ ਆਫ ਦ ਕੈਰੇਬੀਅਨ-ਡੈਡ ਮੈਨਸ ਚੇਸਟ’ ਵਿਚ ਵੀ ਵੇਖਿਆ ਗਿਆ ਸੀ। ਸੈਂਡੀ ਦੇ ਕਾਰਨ ਜਹਾਜ਼ ਅਟਲਾਂਟਿਕ ਸਾਗਰ ਦੇ ਪਾਣੀ ਵਿਚ ਡੁੱਬ ਗਿਆ ਤੇ ਉਸ ‘ਤੇ ਸਵਾਰ ਤਿੰਨ ਲੋਕ ਵੀ ਪਾਣੀ ਵਿਚ ਵਹਿ ਗਏ।
Leave a Reply