ਸੱਤ ਸਮੁੰਦਰ ਪਾਰ ਮੰਤਰੀ-ਸਾਡੀ ਬੇਟੀ

ਗੁਲਜ਼ਾਰ ਸਿੰਘ ਸੰਧੂ
ਸਾਡੇ ਸਾਕ ਸਬੰਧੀ, ਦੋਸਤ ਮਿੱਤਰ ਤੇ ਜਾਣੂ ਇਹ ਤਾਂ ਜਾਣਦੇ ਹਨ ਕਿ ਸਾਡੀ ਆਪਣੀ ਕੋਈ ਔਲਾਦ ਨਹੀਂ, ਪਰ ਇਹ ਗੱਲ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਸਾਨੂੰ ਮਾਪਿਆਂ ਵਰਗਾ ਮਾਣ ਸਤਿਕਾਰ ਦੇਣ ਵਾਲੇ ਬੱਚਿਆਂ ਦਾ ਅੰਤ ਨਹੀਂ; ਖਾਸ ਕਰਕੇ ਧੀਆਂ ਧਿਆਣੀਆਂ ਦਾ। ਉਨ੍ਹਾਂ ਵਿਚੋਂ ਦੋ ਤਾਂ ਸੁਲੇਖਾ ਤੇ ਰਘਬੀਰ ਸਿੰਘ ਸਿਰਜਣਾ ਦੀਆਂ ਬੇਟੀਆਂ-ਰਚਨਾ ਕੌਰ ਤੇ ਸਿਰਜਣਾ ਹੀ ਹਨ। ਸਿਰਜਣਾ ਅਮਰੀਕਾ ਜਾ ਵੱਸੀ ਹੈ ਤੇ ਰਚਨਾ ਕੈਨੇਡਾ ‘ਚ। ਉਸ ਦਾ ਜੀਵਨ ਸਾਥੀ ਗੁਰਪ੍ਰੀਤ ਬ੍ਰਿਟਿਸ਼ ਕੋਲੰਬੀਆ ਵਿਚ ਰੇਡੀਓ ਪੱਤਰਕਾਰ ਹੈ ਤੇ ਖੁਦ ਆਪਣੇ ਨਾਨੇ ਤੇਰਾ ਸਿੰਘ ਚੰਨ ਦੇ ਪੈਰ ਚਿੰਨ੍ਹਾਂ ‘ਤੇ ਚਲਦਿਆਂ ਰਾਜਨੀਤੀ ਵਿਚ ਕੁੱਦ ਪਈ ਹੈ। ਉਹ ਹਾਲ ਵਿਚ ਹੀ ਹੋਈਆਂ ਬੀ. ਸੀ. ਦੀਆਂ ਵਿਧਾਨ ਸਭਾ ਚੋਣਾ ਜਿੱਤਣ ਉਪਰੰਤ ਉਥੋਂ ਦੇ ਮੰਤਰੀ ਮੰਡਲ ਦੀ ਮੈਂਬਰ ਬਣ ਗਈ ਹੈ। ਉਸ ਨੂੰ ਨਸਲੀ ਵਿਤਕਰਾ ਵਿਰੋਧੀ ਪਹਿਲ ਕਦਮੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਪਿਛਲੀ ਵਿਧਾਨ ਸਭਾ ਵਿਚ ਉਹਦੇ ਜ਼ਿੰਮੇ ਬਜੁਰਗਾਂ ਦੀ ਸਾਂਭ ਸੰਭਾਲ ਦਾ ਕੰਮ ਸੀ, ਜਿਸ ਦੀ ਸਫਲਤਾ ਸਦਕਾ ਉਹ ਇੱਕ ਵਾਰੀ ਫਿਰ ਚੁਣੀ ਗਈ ਹੈ। ਮੈਂ ਉਸ ਦੇ ਪਿਤਾ ਦਾ ਮਿੱਤਰ ਹੀ ਨਹੀਂ, ਬਾਪ-ਬੇਟੀ ਨੂੰ ਕਾਰ ਚਲਾਉਣੀ ਸਿਖਾਉਣ ਵਾਲਾ ਵੀ ਮੈਂ ਹੀ ਹਾਂ। ਮੈਨੂੰ ਨਿਸ਼ਚਾ ਹੈ ਕਿ ਜੇ ਮੈਂ ਕੈਨੇਡਾ ਦਾ ਵਸਨੀਕ ਬਣਨਾ ਚਾਹਾਂ ਤਾਂ ਮੈਨੂੰ ਉਥੇ ਜਾ ਕੇ ਬੇਰੀਆਂ ਤੋੜਨ ਦੀ ਮਜਬੂਰੀ ਨਹੀਂ, ਡਰਾਈਵਰੀ ਮਿਲ ਸਕਦੀ ਹੈ। ਹੋ ਸਕਦਾ ਹੈ ਰਚਨਾ ਕੌਰ ਨੂੰ ਹੀ ਲੋੜ ਹੋਵੇ। ਨਵਾਂ ਨਾਤਾ ਜ਼ਿੰਦਾਬਾਦ!
ਮੇਰੇ ਨਾਨਕਿਆਂ ਦਾ ਧੀਰ: ਜੇ ਗਲਪਕਾਰ ਤੇ ਕਵੀ ਸੰਤੋਖ ਸਿੰਘ ਧੀਰ ਵੀ ਨਾਵਲਕਾਰ ਜਸਵੰਤ ਸਿੰਘ ਕੰਵਲ ਜਿੰਨੀ ਉਮਰ ਭੋਗਦਾ ਤਾਂ ਉਸ ਨੇ ਇਨ੍ਹਾਂ ਦਿਨਾਂ ਵਿਚ ਸੌ ਵਰ੍ਹੇ ਦਾ ਹੋ ਜਾਣਾ ਸੀ। ਉਹ ਕੁਲਵੰਤ ਸਿੰਘ ਵਿਰਕ ਦਾ ਹਾਣੀ ਸੀ ਤੇ ਉਸ ਦਾ ਜੱਦੀ ਪਿੰਡ ਡਡਹੇੜੀ (ਗੋਬਿੰਦਗੜ੍ਹ) ਮੇਰੇ ਨਾਨਕਾ ਪਿੰਡ ਤੋਂ ਓਨਾ ਹੀ ਦੂਰ ਸੀ, ਜਿੰਨਾ ਸਆਦਤ ਹਸਨ ਮੰਟੋ ਦਾ ਜਨਮ ਸਥਾਨ ਪਪੜੌਦੀ (ਸਮਰਾਲਾ)। ਮੰਟੋ, ਧੀਰ ਤੇ ਮੇਰੇ ਜਨਮ ਸਮੇਂ ਇਹ ਸਾਰਾ ਇਲਾਕਾ ਰੇਤਲਾ ਸੀ ਤੇ ਇਸ ਵਿਚੋਂ ਹਿਰਨਾਂ ਦੀਆਂ ਡਾਰਾਂ ਚੁੰਗੀਆਂ ਭਰ ਕੇ ਆਮ ਹੀ ਬਠਿੰਡੇ ਦੇ ਜੰਗਲਾਂ ਵਲ ਜਾਂਦੀਆਂ ਤੱਕੀਆਂ ਜਾ ਸਕਦੀਆਂ ਸਨ। ਹੁਣ ਤਾਂ ਉਹ ਵਾਲੇ ਹਿਰਨਾਂ ਦੇ ਵਾਰਿਸ ਵਣ ਵਿਭਾਗ ਨੇ ਚੰਡੀਗੜ੍ਹ-ਲੁਧਿਆਣਾ ਮਾਰਗ ਉਤੇ ਪੈਂਦੇ ਨੀਲੋਂ ਮੋੜ ਉਤੇ ਪਿੰਜਰਿਆਂ ਵਿਚ ਕੈਦ ਕਰ ਰੱਖੇ ਹਨ।
ਜਿੱਥੋਂ ਤੱਕ ਧੀਰ ਦਾ ਸਬੰਧ ਹੈ, ਮੈਂ ਉਸ ਨੂੰ ਪਹਿਲੀ ਵਾਰ 1947 ਤੋਂ ਦੋ ਚਾਰ ਸਾਲ ਪਹਿਲਾਂ ਗੋਬਿੰਦਗੜ੍ਹ ਵਿਖੇ ਇੱਕ ਕਵੀ ਦਰਬਾਰ ਵਿਚ ਵੇਖਿਆ ਤੇ ਸੁਣਿਆ ਸੀ। ਮੈਨੂੰ ਉਸ ਦੀ ਕਵਿਤਾ ਦੇ ਬੋਲ ਤਾਂ ਚੇਤੇ ਨਹੀਂ, ਉਸ ਦੀ ਉਠੀ ਉਂਗਲ ਅੱਜ ਵੀ ਮੇਰੇ ਮਨ ਮਸਤਕ ਵਿਚ ਰਸੀ ਹੋਈ ਹੈ। ਮੈਂ ਉਸ ਦੀਆਂ ਕਹਾਣੀਆਂ ਤੋਂ ਪ੍ਰਭਾਵਿਤ ਸਾਂ, ਤੇ ਅੱਜ ਤੱਕ ਵੀ ਹਾਂ। ਖਾਸ ਕਰਕੇ ‘ਕੋਈ ਇੱਕ ਸਵਾਰ’, ‘ਸਾਂਝੀ ਕੰਧ’ ਅਤੇ ‘ਸਵੇਰ ਹੋਣ ਤੱਕ’ ਤੋਂ; ਪਰ ਜਿਹੜੀ ਕਹਾਣੀ ਨੇ ਮੈਨੂੰ ਖੁਦ ਨੂੰ ਕਹਾਣੀਆਂ ਲਿਖਣ ਲਾਇਆ, ਉਸ ਦਾ ‘ਸਿਰਲੇਖ’ ਤਾਂ ਚੇਤੇ ਨਹੀਂ, ਪਰ ਉਸ ਦਾ ਸਬੰਧ ਦੂਜੇ ਵਿਸ਼ਵ ਯੁੱਧ ਨਾਲ ਸੀ। ਕਿਸੇ ਫੌਜੀ ਦੀਆਂ ਚਿੱਠੀਆਂ ਦੇ ਰੂਪ ਵਿਚ ਤੇ ਜਾਂ ਫਿਰ ਉਸ ਦੀ ਪਤਨੀ ਵਲੋਂ ਲਿਖੇ ਉੱਤਰਾਂ ਦੇ ਰੂਪ ਵਿਚ। ਉਹਦੀ ਸ਼ਬਦਾਵਲੀ ਤੇ ਉਚਾਰਨ ਮੇਰੇ ਨਾਨਕਿਆਂ ਦੇ ਉਚਾਰਨ ਨਾਲ ਮਿਲਦਾ ਜੁਲਦਾ ਸੀ। ‘ਕੀ ਹਾਲ ਐ ਭਾਈ ਕਾਕੋ, ਤਕੜੀ ਤਾਂ ਐਂ?’ ਵਰਗਾ। ਉਸ ਨੂੰ ਪੜ੍ਹ ਕੇ ਮੈਂ ਆਪਣੇ ਨਾਨਕਿਆਂ ਦੇ ਦਸੌਂਧਾ ਸਿੰਘ ਨਾਮੀ ਬਜੁਰਗ ਦਾ ਸ਼ਬਦ ਚਿੱਤਰ ਲਿਖਿਆ, ਜਿਹੜਾ ਨਵਤੇਜ ਸਿੰਘ ਵਲੋਂ ਸੰਪਾਦਤ ਬੱਚਿਆਂ ਦੇ ਰਸਾਲੇ ‘ਬਾਲ ਸੰਦੇਸ਼’ ਵਿਚ ਛਪਿਆ। ਸ਼ਬਦ ਚਿੱਤਰ ਲਿਖਦਾ-ਲਿਖਦਾ ਮੈਂ ਕਹਾਣੀਆਂ ਲਿਖਣ ਲੱਗ ਗਿਆ। ਉਸ ਦੀ ਜਨਮ ਸ਼ਬਦਾਵਲੀ ਨੇ ਮੈਨੂੰ ਆਪਣੇ ਨਾਨਕੇ ਚੇਤੇ ਕਰਵਾ ਦਿੱਤੇ ਹਨ।
ਜੰਗਲਾਤ, ਜੰਗਲੀ ਜਾਨਵਰ ਤੇ ਵਿਸ਼ਵ ਵਿਦਿਆਲੇ: ਪੰਜਾਬ ਸਰਕਾਰ ਨੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਭੂਰਾ ਸਿੰਘ ਘੁੰਮਣ ਦਾ ਅਸਤੀਫਾ ਪ੍ਰਵਾਨ ਕਰ ਕੇ ਯੂਨੀਵਰਸਿਟੀ ਦੀ ਕਮਾਂਡ ਆਈ. ਏ. ਐਸ਼ ਅਧਿਕਾਰੀ ਰਵਨੀਤ ਕੌਰ ਨੂੰ ਸੌਂਪ ਦਿੱਤੀ ਹੈ। ਘੁੰਮਣ ਬੀਬੇ ਵਿਅਕਤੀਤਵ ਲਈ ਜਾਣਿਆਂ ਜਾਂਦਾ ਸੀ ਤੇ ਬੀਬੀ ਰਵਨੀਤ ਕੌਰ ਨੂੰ ਸਰਕਾਰ ਨੇ ਜੰਗਲਾਤ ਤੇ ਜੰਗਲੀ ਜਾਨਵਰਾਂ ਦੇ ਵਿਭਾਗ ਦੀ ਵਧੀਕ ਮੁੱਖ ਸਕੱਤਰ ਥਾਪਿਆ ਹੋਇਆ ਸੀ। ਸੱਚ ਹੈ ਕਿ ਅਜੋਕੇ ਅਧਿਆਪਕਾਂ ਤੇ ਵਿਦਿਆਰਥੀਆਂ ਦੀਆਂ ਮੰਗਾਂ ਆਨ-ਲਾਈਨ ਵਿਦਿਆ ਪ੍ਰਣਾਲੀ ਨਾਲ ਜੁੜੀਆਂ ਹੋਣ ਕਾਰਨ ਪਹਿਲੇ ਸਮਿਆਂ ਦੀਆਂ ਵਿਦਿਅਕ ਗਤੀਵਿਧੀਆਂ ਤੋਂ ਏਨੀਆਂ ਅੱਗੇ ਲੰਘ ਚੁੱਕੀਆਂ ਹਨ ਕਿ ਘੁੰਮਣ ਵਰਗੇ ਸਾਊ ਤੇ ਬੀਬੇ ਬੰਦਿਆਂ ਲਈ ਉਨ੍ਹਾਂ ਨਾਲ ਤੁਰਨਾ ਅਤਿਅੰਤ ਔਖਾ ਹੈ। ਕੀ ਉਨ੍ਹਾਂ ਦੀ ਦੇਖ-ਰੇਖ ਜੰਗਲਾਤ ਤੇ ਜੰਗਲੀ ਜਾਨਵਰਾਂ ਦੇ ਮਾਹਿਰ ਤੋਂ ਬਿਨਾ ਹੋਰ ਕੋਈ ਵੀ ਨਹੀਂ ਸੰਭਾਲ ਸਕਦਾ, ਸਮੇਂ ਨੇ ਦੱਸਣਾ ਹੈ। ਸਾਡਾ ਨਿਸ਼ਚਾ ਹੈ ਕਿ ਨਵੀਂ ਵੀ. ਸੀ. ਪੰਜਾਬ ਸਰਕਾਰ ਤੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਕੋਲੋਂ ਲੋੜੀਂਦੇ ਪੈਸੇ, ਪ੍ਰੋਗਰਾਮ ਤੇ ਗ੍ਰਾਂਟਾਂ ਲਿਆ ਕੇ ਯੂਨੀਵਰਸਿਟੀ ਨੂੰ ਆਪਣੇ ਪੈਰਾਂ ਉਤੇ ਖੜ੍ਹੀ ਕਰਨ ਵਿਚ ਸਫਲ ਹੋਵੇਗੀ। ਸਵਾਗਤ ਹੈ!
ਅੰਤਿਕਾ: ਗੁਰਚਰਨ ਕੌਰ ਕੋਚਰ
ਛੱਡ ਦੇ ‘ਪਥਰ’ ਕਹਿਣਾ ਹੁਣ ਤੂੰ ਕੁੜੀਆਂ ਨੂੰ
ਕਹਿ ਕੇ ਗੀਤ, ਰੁਬਾਈ, ਗਜ਼ਲ ਬੁਲਾਇਆ ਕਰ।