ਫੁੱਟਬਾਲ ਜਗਤ ਦਾ ਅਲਵੇਲਾ ਖਿਡਾਰੀ ਸੀ ਮੈਰਾਡੋਨਾ

ਪਰਦੀਪ ਠੱਕਰਵਾਲ, ਸੈਨ ਹੋਜੇ
25 ਨਬੰਵਰ 2020 ਨੂੰ ਫੁੱਟਬਾਲ ਜਗਤ ਵਿਚ ਉਸ ਸਮੇਂ ਮਾਤਮ ਛਾਅ ਗਿਆ, ਜਦੋਂ ਡੀਏਗੋ ਮੈਰਾਡੋਨਾ ਦੀ ਮੌਤ ਦੀ ਖਬਰ ਆਈ। ਉਸ ਦੀ ਉਮਰ 60 ਸਾਲ ਹੀ ਸੀ। ਕੁਝ ਦਿਨ ਪਹਿਲਾਂ ਹੀ ਉਸ ਦੀ ਬਰੇਨ ਸਰਜਰੀ ਹੋਈ ਸੀ। ਉਸ ਨੂੰ ਚਾਹੁਣ ਵਾਲੇ ਕਈ ਸਮੇਂ ਤੋਂ ਉਸ ਦੀ ਸਿਹਤ ਬਾਰੇ ਚਿੰਤਾ ਕਰਦੇ ਸਨ, ਉਸ ਦਾ ਕਾਰਨ ਡਰੱਗ ਅਤੇ ਸ਼ਰਾਬ ਦੀ ਆਦਤ ਸੀ, ਪਰ ਫਿਰ ਵੀ ਫੁੱਟਬਾਲ ਦੀ ਦੁਨੀਆਂ ਨੂੰ ਉਸ ਦੇ ਵਿਛੋੜੇ ਦਾ ਬਹੁਤ ਦੁੱਖ ਹੋਇਆ। ਬਹੁਤ ਸਾਰੇ ਖਿਡਾਰੀਆਂ ਨੇ ਉਸ ਦੀ ਮੌਤ ਉਪਰ ਆਪਣਾ ਦੁੱਖ ਜਾਹਰ ਕੀਤਾ। ਫੀਫਾ ਨੇ ਆਪਣੇ ਸਾਰੇ ਮੈਚਾਂ ਵਿਚ ਇੱਕ ਮਿੰਟ ਦਾ ਮੌਨ ਰੱਖਿਆ।

ਅਰਜਨਟਾਈਨਾ ਦੇ ਪ੍ਰੈਜ਼ੀਡੈਂਟ ਨੇ ਤਿੰਨ ਦਿਨ ਦਾ ਸੋਗ ਮਨਾਉਣ ਦਾ ਐਲਾਨ ਕੀਤਾ। ਨੈਪੋਲੀ ਕਲੱਬ ਨੇ ਆਪਣੇ ਸਟੇਡੀਅਮ ਦਾ ਨਾਮ ਮੈਰਾਡੋਨਾ ਦੇ ਨਾਂ ਉਪਰ ਰੱਖਣ ਦਾ ਐਲਾਨ ਕੀਤਾ ਹੈ। ਉਸ ਦੇ ਤੁਰ ਜਾਣ ਪਿਛੋਂ ਵੀ ਉਸ ਦੀ ਚਰਚਾ ਅਤੇ ਪ੍ਰਾਪਤੀਆਂ ਦੀ ਹਮੇਸ਼ਾ ਗੱਲ ਹੁੰਦੀ ਰਹੇਗੀ। ਉਹ ਇੱਕ ਅਲਵੇਲਾ ਖਿਡਾਰੀ ਸੀ, ਜੋ ਹਮੇਸ਼ਾ ਸੁਰਖੀਆਂ ਵਿਚ ਰਿਹਾ ਸੀ।
ਡੀਏਗੋ ਮੈਰਾਡੋਨਾ ਦਾ ਜਨਮ 30 ਅਕਤੂਬਰ 1960 ਨੂੰ ਬੁਏਨਸ ਆਇਰਸ (ਅਰਜਨਟਾਈਨਾ) ਵਿਚ ਇੱਕ ਗਰੀਬ ਪਰਿਵਾਰ ਦੇ ਘਰ ਹੋਇਆ ਸੀ। ਉਸ ਦੇ ਬਾਪ ਦਾ ਨਾਮ ਵੀ ਡੀਏਗੋ ਮੈਰਾਡੋਨਾ ਸੀ ਅਤੇ ਮਾਂ ਦਾ ਡਲੇਮਾ ਸੀ, ਪਰ ਉਹ ਉਨ੍ਹਾਂ ਨੂੰ ਡਾਨ ਡੀਏਗੋ ਅਤੇ ਲਾ-ਟੋਟਾ ਆਖਦਾ ਸੀ। ਉਹ ਅੱਠ ਭੈਣ-ਭਰਾ ਸਨ। ਇਹ ਗਰੀਬ ਪਰਿਵਾਰ ਸਿਰਫ ਦੋ ਕਮਰਿਆਂ ਵਿਚ ਰਹਿੰਦਾ ਸੀ ਅਤੇ ਕਈ ਵਾਰ ਛੱਤ ਚੋਣ ਕਰਕੇ ਘਰ ਵਿਚ ਸੁੱਕੀ ਥਾਂ ਸੌਣ ਲਈ ਨਹੀਂ ਸੀ ਮਿਲਦੀ। ਇਸ ਪਰਿਵਾਰ ਦਾ ਪਿਛੋਕੜ ਇਟਾਲੀਅਨ ਸੀ। ਉਸ ਦਾ ਬਾਪ ਹੀ ਨੌਕਰੀ ਕਰਦਾ ਸੀ, ਜਿਸ ਨਾਲ ਘਰ ਦਾ ਗੁਜ਼ਾਰਾ ਹੋਇਆ ਕਰਦਾ ਸੀ।
ਮੈਰਾਡੋਨਾ ਨੂੰ ਫੁੱਟਬਾਲ ਦਾ ਸ਼ੌਕ ਬਚਪਨ ਤੋਂ ਹੀ ਸੀ, ਤਿੰਨ ਸਾਲ ਦੀ ਉਮਰ ਵਿਚ ਉਸ ਨੂੰ ਪਹਿਲੀ ਵਾਰ ਫੁੱਟਬਾਲ ਮਿਲਿਆ ਤਾਂ ਉਹ ਸਾਰੀ ਰਾਤ ਉਸ ਨਾਲ ਸੁੱਤਾ ਸੀ। ਆਪਣੇ ਗੁਆਂਢ ਵਿਚ ਹੀ ਉਹ ਆਪਣੇ ਮਿੱਤਰਾਂ ਨਾਲ ਖੇਡਦਾ ਸੀ। ਸਕੂਲ ਜਾਣਾ ਤਾਂ ਉਸ ਦੀ ਮਜਬੂਰੀ ਸੀ, ਪਰ ਉਸ ਦਾ ਬਹੁਤਾ ਧਿਆਨ ਖੇਡਣ ਵਿਚ ਹੀ ਸੀ। ਉਹ ਆਪਣੇ ਸਾਥੀਆਂ ਵਿਚ ਵਧੀਆ ਖੇਡਦਾ ਹੋਣ ਕਰਕੇ ਹਰ ਕੋਈ ਉਸ ਦੀ ਟੀਮ ਵਿਚ ਖੇਡਣਾ ਚਾਹੁੰਦਾ ਸੀ। ਇੱਕ ਦਿਨ ਉਨ੍ਹਾਂ ਨੂੰ ਖੇਡਦੇ ਵੇਖ ਕੇ ਕਿਸੇ ਕੋਚ ਦੀ ਨਜ਼ਰ ਪੈ ਗਈ ਅਤੇ ਉਸ ਨੇ ਉਨ੍ਹਾਂ ਵਿਚੋਂ ਕੁਝ ਨੂੰ ਆਪਣੀ ਕਲੱਬ ਵਿਚ ਆਉਣ ਲਈ ਆਖਿਆ। ਮੈਰਾਡੋਨਾ ਨੇ ਆਪਣੇ ਬਾਪ ਨੂੰ ਜਾਣ ਲਈ ਪੁਛਿਆ ਤਾਂ ਉਸ ਨੇ ਆਗਿਆ ਤਾਂ ਦੇ ਦਿੱਤੀ, ਪਰ ਜਾਣ ਦਾ ਸਾਧਨ ਕੋਈ ਨਹੀਂ ਸੀ। ਉਸ ਦੇ ਇੱਕ ਸਾਥੀ ਦੇ ਪਿਉ ਨੇ ਇਸ ਵਿਚ ਕਾਫੀ ਮਦਦ ਕੀਤੀ। ਇਸ ਤੋਂ ਬਾਅਦ ਉਹ ਅਰਜਨਟੀਨੋਜ਼ ਜੂਨੀਅਰ ਲਈ ਖੇਡਣ ਲੱਗਾ।
ਉਸ ਦਾ ਬਾਲ ਉਪਰ ਪੂਰਾ ਕੰਟਰੋਲ ਸੀ, ਇਸ ਕਰਕੇ ਉਹ ਸੀਨੀਅਰ ਕਲੱਬਾਂ ਦੇ ਮੈਚਾਂ ਵਿਚ ਹਾਫ ਟਾਈਮ ਦੌਰਾਨ ਆਪਣੀ ਜਾਦੂਗਰੀ ਦੇ ਜੌਹਰ ਵਿਖਾ ਕੇ ਦਰਸ਼ਕਾਂ ਦੇ ਦਿਲ ਜਿੱਤਦਾ। ਉਹ 16 ਸਾਲ ਦੀ ਉਮਰ ਵਿਚ ਪੇਸ਼ਾਵਰ ਖਿਡਾਰੀ ਬਣ ਗਿਆ। ਉਹ ਕਲੱਬ ਲਈ ਪੰਜ ਸਾਲ ਖੇਡਿਆ ਅਤੇ 115 ਗੋਲ ਕੀਤੇ। 1978 ਦਾ ਵਰਲਡ ਕੱਪ ਅਰਜਨਟਾਈਨਾ ਵਿਚ ਹੀ ਸੀ ਅਤੇ ਮੈਰਾਡੋਨਾ ਨੈਸ਼ਨਲ ਟੀਮ ਦੇ 25 ਮੈਂਬਰਾਂ ਵਿਚ ਸ਼ਾਮਿਲ ਸੀ। ਜਦ ਫਾਈਨਲ ਟੀਮ ਦੇ 22 ਖਿਡਾਰੀ ਘੋਸ਼ਿਤ ਕੀਤੇ ਤਾਂ ਉਨ੍ਹਾਂ ਵਿਚ ਉਸ ਦਾ ਨਾਮ ਨਹੀਂ ਸੀ। ਉਸ ਦੀ ਘੱਟ ਉਮਰ ਅਤੇ ਤਜਰਬੇ ਕਾਰਨ ਟੀਮ ਵਿਚ ਸ਼ਾਮਿਲ ਨਹੀਂ ਕੀਤਾ ਗਿਆ, ਜਿਸ ਦਾ ਗਿਲਾ ਉਸ ਨੂੰ ਹਮੇਸ਼ਾ ਰਿਹਾ। ਅਰਜਨਟਾਈਨਾ ਇਹ ਵਰਲਡ ਕੱਪ ਜਿੱਤ ਗਿਆ ਸੀ, ਪਰ 1979 ਵਿਚ ਉਹ ਜੂਨੀਅਰ ਵਰਲਡ ਕੱਪ ਜਪਾਨ ਵਿਖੇ ਖੇਡਿਆ। ਅਰਜਨਟਾਈਨਾ ਨੇ ਇਸ ਕੱਪ ਨੂੰ ਜਿੱਤਿਆ ਅਤੇ ਮੈਰਾਡੋਨਾ ਗੋਲਡਨ ਬਾਲ ਦਾ ਜੇਤੂ ਰਿਹਾ ਸੀ। ਇਸ ਤੋਂ ਬਾਅਦ ਉਹ ਸੀਨੀਅਰ ਨੈਸ਼ਨਲ ਟੀਮ ਦਾ ਪੱਕਾ ਮੈਂਬਰ ਬਣ ਗਿਆ। 20 ਫਰਬਰੀ 1981 ਨੂੰ ਬੋਕਾ ਜੂਨੀਅਰ ਕਲੱਬ ਨੇ ਉਸ ਨੂੰ ਚਾਰ ਮਿਲੀਅਨ ਡਾਲਰ ਵਿਚ ਖਰੀਦ ਲਿਆ। ਇਹ ਉਸ ਦੀ ਮਨ ਪਸੰਦ ਕਲੱਬ ਸੀ, ਹੋਰ ਕਲੱਬਾਂ ਬਹੁਤ ਜ਼ਿਆਦਾ ਪੈਸੇ ਦੇਣ ਲਈ ਤਿਆਰ ਸਨ।
ਮੈਰਾਡੋਨਾ ਨੇ ਬੋਕਾ ਲਈ 40 ਮੈਚ ਖੇਡੇ ਅਤੇ 28 ਗੋਲ ਕੀਤੇ। ਬੋਕਾ ਜੂਨੀਅਰ ਨੇ ਉਸ ਨੂੰ ਖਰੀਦ ਤਾਂ ਲਿਆ, ਪਰ ਕਲੱਬ ਬਹੁਤ ਹੀ ਆਰਥਕ ਤੰਗੀ ਵਿਚੋਂ ਗੁਜ਼ਰ ਰਿਹਾ ਸੀ। ਉਨ੍ਹਾਂ ਨੇ ਮੈਰਾਡੋਨਾ ਨੂੰ ਸਪੇਨ ਦੀ ਮਸ਼ਹੂਰ ਕਲੱਬ ਬਾਰਿਸਲੋਨਾ ਨੂੰ 7.6 ਮਿਲੀਅਨ ਡਾਲਰ ਵਿਚ ਵੇਚ ਦਿੱਤਾ। ਇਹ ਕਿਸੇ ਵੀ ਫੁੱਟਬਾਲਰ ਲਈ ਉਸ ਸਮੇਂ ਦੀ ਸਭ ਤੋਂ ਵੱਧ ਕੀਮਤ ਸੀ। ਬਾਰਿਸਲੋਨਾ ਲਈ ਉਹ 40 ਮੈਚ ਖੇਡਿਆ ਅਤੇ 28 ਗੋਲ ਕੀਤੇ। ਉਸ ਨੇ ਕੋਪਾ ਡੈਲ ਰੇਅ ਅਤੇ ਸੁਪਰ ਕੱਪ ਨੂੰ ਜਿਤਿਆ। ਇਸ ਸਮੇਂ ਹੀ 1982 ਦਾ ਵਰਲਡ ਕੱਪ ਆ ਗਿਆ, ਜੋ ਸਪੇਨ ਵਿਚ ਹੀ ਸੀ। ਇਸ ਵਾਰ ਮੈਰਾਡੋਨਾ ਟੀਮ ਵਿਚ ਸ਼ਾਮਿਲ ਸੀ। ਇਸ ਟੀਮ ਵਿਚ ਬਹੁਤੇ ਖਿਡਾਰੀ 1978 ਵਾਲੀ ਜੇਤੂ ਟੀਮ ਦੇ ਸ਼ਾਮਿਲ ਸਨ, ਇਸ ਲਈ ਆਪਣੇ ਆਪ ਨੂੰ ਪਹਿਲਾਂ ਹੀ ਚੈਂਪੀਅਨ ਸਮਝ ਰਹੇ ਸਨ। ਉਹ ਪੂਰੀ ਤਰ੍ਹਾਂ ਗੇਮ ਉਪਰ ਫੋਕਸ ਨਹੀਂ ਕਰ ਰਹੇ ਸਨ। ਮੈਰਾਡੋਨਾ ਨੇ ਇਸ ਕੱਪ ਵਿਚ ਦੋ ਗੋਲ ਕੀਤੇ, ਪਰ ਬ੍ਰਾਜ਼ੀਲ ਨੂੰ ਹਾਰ ਕੇ ਟੂਰਨਾਮੈਂਟ ‘ਚੋਂ ਬਾਹਰ ਹੋ ਗਏ।
ਵਰਲਡ ਕੱਪ ਦੀ ਨਿਰਾਸ਼ਾ ਦੇ ਨਾਲ ਮੈਰਾਡੋਨਾ ਦੀ ਮੁਸੀਬਤ ਕਲੱਬ ਵਿਚ ਹੋਰ ਵੀ ਵਧ ਗਈ। ਪਹਿਲਾਂ ਤਾਂ ਉਸ ਦੇ ਸੱਟ ਲੱਗ ਗਈ ਅਤੇ ਫਿਰ ਮੈਨੇਜਮੈਂਟ ਨਾਲ ਟਕਰਾ ਹੋ ਗਿਆ। ਆਪਣੇ ਕੋਚ ਨਾਲ ਵੀ ਝਗੜਾ ਹੋਣ ਲੱਗਾ। ਇੱਕ ਮੈਚ ਵਿਚ ਤਾਂ ਵਿਰੋਧੀ ਖਿਡਾਰੀ ਨਾਲ ਮਾਰ-ਕੁੱਟ ਨੇ ਤਾਂ ਹੱਦ ਹੀ ਕਰ ਦਿੱਤੀ। ਆਪਣੇ ਅੜੀਅਲ ਸੁਭਾਅ ਕਾਰਨ ਉਹ ਇੱਕ ਵਿਲੇਨ ਬਣ ਗਿਆ। ਹੁਣ ਉਸ ਦਾ ਅਤੇ ਬਾਰਿਸਲੋਨਾ ਦਾ ਰਿਸ਼ਤਾ ਖਤਮ ਹੋਣ ਦਾ ਸਮਾਂ ਆ ਗਿਆ ਸੀ। ਉਸ ਨੂੰ ਇਟਲੀ ਦੀ ਸਭ ਤੋਂ ਗਰੀਬ ਅਤੇ ਮਾੜੀ ਕਲੱਬ, ਨੈਪੋਲੀ ਨੂੰ 10.48 ਮਿਲੀਅਨ ਵਿਚ ਵੇਚ ਦਿੱਤਾ ਗਿਆ। ਮੈਰਾਡੋਨਾ ਖੁਦ ਗਰੀਬੀ ਵਿਚ ਰਿਹਾ ਹੋਣ ਕਰਕੇ ਨੈਪੋਲੀ ਦੇ ਲੋਕਾਂ ਨੇ ਉਸ ਦਾ ਤਹਿ ਦਿਲੋਂ ਸਵਾਗਤ ਕੀਤਾ। ਜਦ ਉਹ ਸੈਨ ਪਾਲੋ ਸਟੇਡੀਅਮ ਵਿਚ ਹੈਲੀਕਾਪਟਰ ਰਾਹੀਂ ਉਤਰਿਆ ਤਾਂ ਉਸ ਨੂੰ 80,000 ਦਰਸ਼ਕ ਉਡੀਕ ਰਹੇ ਸਨ। ਕਿਸੇ ਨੇ ਲਿਖਿਆ ਸੀ, “ਇਟਲੀ ਦੇ ਸਭ ਤੋਂ ਗਰੀਬ ਸ਼ਹਿਰ ਨੇ ਦੁਨੀਆਂ ਦਾ ਸੱਭ ਤੋਂ ਮਹਿੰਗਾ ਖਿਡਾਰੀ ਖਰੀਦਿਆ ਹੈ।” 1984 ਵਿਚ ਮੈਰਾਡੋਨਾ ਨੇ ਲੰਬੇ ਸਮੇਂ ਤੋਂ ਆਪਣੀ ਗਰਲ ਫਰੈਂਡ ਕਲੌਡੀਆ ਨਾਲ ਸ਼ਾਦੀ ਕਰ ਲਈ ਅਤੇ ਬਾਅਦ ਵਿਚ ਉਸ ਦੇ ਦੋ ਬੇਟੀਆਂ ਨੇ ਜਨਮ ਲਿਆ।
1986 ਦਾ ਵਰਲਡ ਕੱਪ ਮੈਕਸੀਕੋ ਵਿਚ ਸੀ ਅਤੇ ਮੈਰਾਡੋਨਾ ਇਸ ਲਈ ਪੂਰੀ ਤਿਆਰੀ ਵਿਚ ਸੀ। ਇਸ ਸਮੇਂ ਅਰਜਨਟਾਈਨਾ ਦਾ ਨਵਾਂ ਕੋਚ ਵਿਲਾਰਡੋ ਸੀ, ਜੋ ਮੈਰਾਡੋਨਾ ਨੂੰ ਬਹੁਤ ਪਸੰਦ ਕਰਦਾ ਸੀ। ਉਸ ਨੇ ਇਸ ਨੂੰ ਟੀਮ ਦਾ ਕੈਪਟਨ ਬਣਾ ਦਿੱਤਾ, ਪਰ ਇਸ ਟੀਮ ਵਿਚ 1978 ਅਤੇ 1982 ਦਾ ਕੈਪਟਨ ਡੇਨੀਅਲ ਪਸਰੇਲਾ ਵੀ ਸੀ, ਉਸ ਨੇ ਇਸ ਫੈਸਲੇ ਨੂੰ ਪਸੰਦ ਨਹੀਂ ਕੀਤਾ। ਪਸਰੇਲਾ ਭਾਵੇਂ ਟੀਮ ਨਾਲ ਮੈਕਸੀਕੋ ਚਲਾ ਤਾਂ ਗਿਆ, ਪਰ ਉਹ ਅੰਦਰੋਂ ਦੁਖੀ ਸੀ। ਉਸ ਨੂੰ ਇਹ ਵੀ ਚਿੰਤਾ ਸੀ ਕਿ ਸ਼ਾਇਦ ਉਸ ਦਾ ਨਾਮ ਪਹਿਲੇ ਗਿਆਰਾਂ ਖਿਡਾਰੀਆਂ ਵਿਚ ਵੀ ਨਾ ਆਵੇ, ਇਸ ਲਈ ਉਹ ਮੈਰਾਡੋਨਾ ਦੇ ਵਿਰੁੱਧ ਹੋ ਗਿਆ ਅਤੇ ਇਸ ਉਪਰ ਕਈ ਤਰ੍ਹਾਂ ਦੇ ਦੋਸ਼ ਲਾਉਣ ਲੱਗਾ। ਮੈਰਾਡੋਨਾ ਨੇ ਆਪਣੇ ਅੱਖੜ ਅਤੇ ਮੂੰਹ ਫੱਟ ਸੁਭਾਅ ਮੁਤਾਬਕ ਉਸ ਦੇ ਨਾਜਾਇਜ਼ ਸਬੰਧਾਂ ਬਾਰੇ ਜ਼ਿਕਰ ਕੀਤਾ, ਜੋ ਹੋਰ ਸਾਥੀ ਦੀ ਪਤਨੀ ਸੀ ਤਾਂ ਪਸਰੇਲਾ ਬਹੁਤ ਸ਼ਰਮਿੰਦਾ ਹੋਇਆ। ਉਹ ਇੱਕ ਵੀ ਮੈਚ ਖੇਡਣ ਤੋਂ ਬਿਨਾ ਵਾਪਸ ਅਰਜਨਟਾਈਨਾ ਆ ਗਿਆ, ਪਰ ਬਾਕੀ ਸਾਰੀ ਟੀਮ ਮੈਰਾਡੋਨਾ ਦੇ ਨਾਲ ਹੀ ਸੀ ਅਤੇ ਇਹ ਹੀ ਉਨ੍ਹਾਂ ਦਾ ਕੈਪਟਨ ਸੀ।
ਇਸ ਵਰਲਡ ਕੱਪ ਵਿਚ ਅਰਜਨਟਾਈਨਾ ਦਾ ਕੁਆਟਰਫਾਈਨਲ ਮੈਚ ਇੰਗਲੈਂਡ ਨਾਲ ਸੀ ਅਤੇ ਇਸ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ। ਕੁਝ ਸਾਲ ਪਹਿਲਾਂ ਇੰਗਲੈਂਡ ਅਤੇ ਅਰਜਨਟਾਈਨਾ ਵਿਚ ਫਾਕਲੈਂਡ ਟਾਪੂ ਨੂੰ ਲੈ ਕੇ ਜੰਗ ਹੋਈ ਸੀ, ਜਿਸ ਵਿਚ ਅਰਜਨਟਾਈਨਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਉਹ ਖੇਡ ਦੇ ਮੈਦਾਨ ਵਿਚ ਉਸ ਬੇਇੱਜਤੀ ਦਾ ਬਦਲਾ ਲੈਣਾ ਚਾਹੁੰਦੇ ਸਨ। ਇਸ ਮੈਚ ਦੌਰਾਨ ਮੈਰਾਡੋਨਾ ਨੇ ਆਪਣੇ ਸਿਰ ਦੇ ਨਾਲ-ਨਾਲ ਹੱਥ ਦਾ ਇਸਤੇਮਾਲ ਕਰਕੇ ਗੋਲ ਕਰ ਦਿੱਤਾ। ਇੰਗਲੈਂਡ ਦੀ ਟੀਮ ਨੇ ਇਤਰਾਜ਼ ਕੀਤਾ, ਪਰ ਉਸ ਸਮੇਂ ਕੈਮਰੇ ਦਾ ਇਸਤੇਮਾਲ ਨਾ ਹੋਣ ਕਰਕੇ ਰੈਫਰੀ ਨੇ ਇਸ ਨੂੰ ਗੋਲ ਕਰਾਰ ਦਿੱਤਾ। ਮੈਰਾਡੋਨਾ ਨੇ ਇਸ ਨੂੰ ‘ਹੈਂਡ ਆਫ ਗੌਡ’ ਦਾ ਨਾਮ ਦਿੱਤਾ। ਬਾਅਦ ਵਿਚ ਮੈਰਾਡੋਨਾ ਨੇ ਇੰਗਲੈਂਡ ਦੇ ਪੰਜ ਖਿਡਾਰੀਆਂ ਨੂੰ ਪਿੱਛੇ ਸੁੱਟ ਕੇ ਇੱਕ ਹੋਰ ਗੋਲ ਕਰ ਦਿੱਤਾ ਅਤੇ ਫੀਫਾ ਨੇ ਇਸ ਨੂੰ ਸਦੀ ਦਾ ਵੈਸਟ ਗੋਲ ਘੋਸ਼ਿਤ ਕੀਤਾ। ਅਰਜਨਟਾਈਨਾ ਨੇ ਇਹ ਮੈਚ 2-1 ਦੇ ਸਕੋਰ ਨਾਲ ਜਿੱਤ ਲਿਆ ਅਤੇ ਫਾਕਲੈਂਡ ਦਾ ਬਦਲਾ ਵੀ ਲੈ ਲਿਆ। ਅਰਜਨਟਾਈਨਾ ਨੇ ਫਾਈਨਲ ਵਿਚ ਜਰਮਨੀ ਨੂੰ ਜਿੱਤ ਕੇ ਇਸ ਕੱਪ ਨੂੰ ਦੂਜੀ ਵਾਰ ਆਪਣੇ ਨਾਮ ਕਰ ਲਿਆ। ਮੈਰਾਡੋਨਾ ਨੂੰ ਟੂਰਨਾਮੈਂਟ ਦਾ ਬੈਸਟ ਪਲੇਅਰ ਘੋਸ਼ਿਤ ਕੀਤਾ ਗਿਆ। ਉਹ ਦੁਨੀਆਂ ਦਾ ਸਭ ਤੋਂ ਮਸ਼ਹੂਰ ਖਿਡਾਰੀ ਬਣ ਗਿਆ।
ਨੈਪੋਲੀ ਕਲੱਬ ਇਟਲੀ ਦੀ ਲੀਗ ਵਿਚ ਹਮੇਸ਼ਾ ਥੱਲੇ ਦੇ ਪੱਧਰ ਦੀ ਟੀਮ ਸੀ, ਪਰ ਮੈਰਾਡੋਨਾ ਦੇ ਆਉਣ ਨਾਲ ਇਹ ਮਸ਼ਹੂਰ ਹੋ ਗਈ। ਇਹ ਕਲੱਬ ਟਰਾਫੀਆਂ ਜਿੱਤਣ ਕਰਕੇ ਅਮੀਰ ਹੋਣ ਲੱਗੀ ਅਤੇ ਮੈਰਾਡੋਨਾ ਵੀ ਅਮੀਰ ਹੋ ਗਿਆ। ਉਹ ਨੈਪੋਲੀ ਦਾ ਹੀਰੋ ਬਣ ਗਿਆ ਅਤੇ ਹਰ ਕੋਈ ਉਸ ਨਾਲ ਨੇੜਤਾ ਕਰਨ ਦੀ ਕੋਸ਼ਿਸ਼ ਕਰਦਾ। ਇਸ ਚੱਕਰ ਵਿਚ ਉਸ ਦਾ ਸਬੰਧ ਕਮੋਰਾ ਮਾਫੀਆ ਨਾਲ ਬਣ ਗਿਆ। ਉਸ ਦੀ ਜ਼ਿੰਦਗੀ ਵਿਚ ਬਹੁਤ ਹੀ ਤਬਦੀਲੀ ਆ ਗਈ। ਉਸ ਨੂੰ ਮਹਿੰਗੀਆ ਕਾਰਾਂ ਅਤੇ ਘੜੀਆਂ ਵਗੈਰਾ ਦੇ ਤੋਹਫੇ ਮਿਲਣ ਲੱਗੇ। ਉਹ ਬਾਅਦ ਵਿਚ ਡਰੱਗ ਲੈਣ ਲੱਗ ਪਿਆ ਅਤੇ ਇਸ ਮੁਸੀਬਤ ਨੇ ਫਿਰ ਕਦੀ ਵੀ ਇਸ ਦਾ ਖਹਿੜਾ ਨਾ ਛੱਡਿਆ। ਇਸ ਸਮੇਂ ਹੀ 1990 ਦਾ ਵਰਲਡ ਕੱਪ ਆ ਗਿਆ, ਜੋ ਇਟਲੀ ਵਿਚ ਹੀ ਸੀ। ਮੈਰਾਡੋਨਾ ਇਸ ਵਾਰ ਫਿਰ ਕੈਪਟਨ ਹੋਣ ਕਰਕੇ ਆਪਣੀ ਟੀਮ ਨਾਲ ਪੂਰੀ ਤਿਆਰੀ ਵਿਚ ਸੀ, ਪਰ ਟੂਰਨਾਮੈਂਟ ਦੇ ਸੈਮੀਫਾਈਨਲ ਮੈਚ ਵਿਚ ਅਰਜਨਟਾਈਨਾ ਨੇ ਜਦ ਇਟਲੀ ਉਪਰ ਜਿੱਤ ਪ੍ਰਾਪਤ ਕੀਤੀ ਤਾਂ ਉਹ ਪੂਰੇ ਇਟਲੀ ਦੇਸ਼ ਦਾ ਦੁਸ਼ਮਣ ਬਣ ਗਿਆ। ਇਟਲੀ ਆਪਣੇ ਘਰ ਵਿਚ ਇਸ ਵਰਲਡ ਕੱਪ ਨੂੰ ਜਿੱਤਣ ਦੀ ਉਮੀਦ ਵਿਚ ਸੀ। ਫਾਈਨਲ ਮੈਚ ਇੱਕ ਵਾਰ ਫਿਰ ਅਰਜਨਟਾਈਨਾ ਅਤੇ ਜਰਮਨੀ ਵਿਚਕਾਰ ਸੀ, ਪਰ ਇਸ ਵਾਰ ਜਿੱਤ ਜਰਮਨੀ ਦੀ ਹੋਈ। ਮੈਚ ਦੌਰਾਨ ਰੈਫਰੀ ਨੇ ਅਰਜਨਟਾਈਨਾ ਦੇ ਖਿਲਾਫ ਪੈਨਲਟੀ ਦੇ ਦਿੱਤੀ ਅਤੇ ਇਸ ਗੋਲ ਕਰਕੇ ਜਰਮਨੀ ਵਰਲਡ ਕੱਪ ਦਾ ਚੈਂਪੀਅਨ ਬਣ ਗਿਆ, ਪਰ ਮੈਰਾਡੋਨਾ ਇਸ ਹਾਰ ਨੂੰ ਹਮੇਸ਼ਾ ਸਾਜਿਸ਼ ਹੀ ਆਖਦਾ ਸੀ, ਉਹ ਫੀਫਾ ਅਤੇ ਇਟਲੀ ਨੂੰ ਜ਼ਿੰਮੇਵਾਰ ਸਮਝਦਾ ਸੀ।
ਇਸ ਤੋਂ ਬਾਅਦ ਮੈਰਾਡੋਨਾ ਦਾ ਟਕਰਾਓ ਫੀਫਾ ਅਤੇ ਇਟਲੀ ਨਾਲ ਹੋਰ ਵੀ ਜ਼ਿਆਦਾ ਹੋ ਗਿਆ। ਉਸ ਦਾ ਰਿਸ਼ਤਾ ਆਪਣੀ ਕਲੱਬ ਅਤੇ ਕੋਚ ਨਾਲ ਵੀ ਵਿਗੜ ਗਿਆ। ਕਈ ਵਾਰ ਉਸ ਦੇ ਡਰੱਗ ਟੈਸਟ ਹੋਣ ਲੱਗੇ। ਉਹ ਤਾਂ ਡਰੱਗ ਦਾ ਇਸਤੇਮਾਲ ਕਰਦਾ ਹੀ ਸੀ, ਇਸ ਲਈ ਫੜੇ ਜਾਣ ‘ਤੇ ਉਸ ਉਪਰ 15 ਮਹੀਨੇ ਦੀ ਪਬੰਦੀ ਲਾਈ ਗਈ। ਉਹ ਨੈਪੋਲੀ ਲਈ 1984 ਤੋਂ 1991 ਤਕ ਖੇਡਿਆ ਅਤੇ 188 ਮੈਚਾਂ ਵਿਚ 81 ਗੋਲ ਕੀਤੇ। ਉਸ ਨੇ ਕਲੱਬ ਲਈ ਯੂਰਪ ਕੱਪ, ਸੀਰੀਆ ‘ਏ’ ਅਤੇ ਕੋਪਾ ਇਟਾਲੀਆ ਜਿੱਤੇ, ਪਰ ਹੁਣ ਉਸ ਦਾ ਸਮਾਂ ਇਟਲੀ ਵਿਚ ਖਤਮ ਹੋ ਗਿਆ ਸੀ। ਉਹ ਸਪੇਨ ਦੀ ਕਲੱਬ ਸਾਵੀਲੀਆ ਚਲਾ ਗਿਆ, ਜਿੱਥੇ ਉਸ ਦਾ ਨੈਸ਼ਨਲ ਕੋਚ ਵਿਲਾਰਡੋ ਸੀ, ਪਰ ਉਸ ਦੇ ਅੜੀਅਲ ਸੁਭਾਅ ਅਤੇ ਡਰੱਗ ਕਾਰਨ ਉਸ ਦੀ ਆਪਣੇ ਕੋਚ ਨਾਲ ਵੀ ਵਿਗੜ ਗਈ। ਉਸ ਬਾਅਦ ਉਹ ਅਰਜਨਟਾਈਨਾ ਵਾਪਸ ਆ ਗਿਆ ਅਤੇ ਕੁਝ ਸਮੇਂ ਲਈ ਓਲਡ ਬੁਆਇਜ਼ ਅਤੇ ਆਪਣੀ ਪੁਰਾਣੀ ਕਲੱਬ ਬੋਕਾ ਜੂਨੀਅਰ ਲਈ ਖੇਡਿਆ। ਜਦ 1994 ਦਾ ਵਰਲਡ ਕੱਪ ਅਮਰੀਕਾ ਵਿਚ ਹੋਇਆ ਤਾਂ ਲੋਕਾਂ ਦੀ ਮੰਗ ਕਰਕੇ ਇੱਕ ਵਾਰ ਫਿਰ ਉਸ ਨੂੰ ਨੈਸ਼ਨਲ ਟੀਮ ਵਿਚ ਸ਼ਾਮਿਲ ਕਰ ਲਿਆ ਗਿਆ। ਇਸ ਟੂਰਨਾਮੈਂਟ ਦੇ ਦੂਜੇ ਮੈਚ ਵਿਚ ਹੀ ਉਸ ਨੂੰ ਡੋਪ ਦਾ ਦੋਸ਼ੀ ਪਾਇਆ ਗਿਆ ਅਤੇ ਬਾਹਰ ਕੱਢ ਦਿੱਤਾ। ਇਹ ਉਸ ਦੇ ਖੇਡ ਦਾ ਅੰਤ ਹੀ ਸੀ। ਉਸ ਨੇ 37 ਸਾਲ ਦੀ ਉਮਰ ਵਿਚ ਫੁੱਟਬਾਲ ਨੂੰ ਅਲਵਿਦਾ ਆਖ ਦਿੱਤੀ। ਬਾਅਦ ਵਿਚ ਉਸ ਨੇ ਕੋਚ ਬਣ ਕੇ ਕੁਝ ਟੀਮਾਂ ਨੂੰ ਕੋਚ ਵੀ ਕੀਤਾ। 2010 ਵਿਚ ਉਹ ਅਰਜਨਟਾਈਨਾ ਦਾ ਕੋਚ ਬਣ ਕੇ ਟੀਮ ਨੂੰ ਸਾਊਥ ਅਫਰੀਕਾ ਵਰਲਡ ਕੱਪ ਵਿਚ ਲੈ ਕੇ ਗਿਆ, ਪਰ ਨਿਰਾਸ਼ਾ ਹੀ ਮਿਲੀ।
ਹੁਣ ਉਸ ਦਾ ਖੇਡਣ ਦਾ ਸਫਰ ਤਾਂ ਖਤਮ ਹੋ ਚੁਕਾ ਸੀ, ਪਰ ਫਿਰ ਵੀ ਉਹ ਹਮੇਸ਼ਾ ਸੁਰਖੀਆਂ ਵਿਚ ਰਿਹਾ ਸੀ। ਇੱਕ ਪੱਤਰਕਾਰ ਉਪਰ ਗੋਲੀ ਚਲਾਉਣ ਦੇ ਦੋਸ਼ ਵਿਚ ਉਸ ਨੂੰ ਦੋ ਸਾਲ ਅਤੇ ਦਸ ਮਹੀਨੇ ਦੀ ਲਟਕਮੀ ਸਜ਼ਾ ਹੋਈ ਸੀ। ਸੰਨ 2003 ਵਿਚ ਉਸ ਨੂੰ ਇੱਕ ਡੀਆਗੋ ਸਿੰਗਾਰਾ ਨਾਮ ਦਾ ਨੌਜਵਾਨ ਮਿਲਿਆ, ਜੋ ਇਸ ਦੇ ਨਾਜਾਇਜ਼ ਸਬੰਧ ਦੀ ਔਲਾਦ ਸੀ, ਜਿਸ ਦਾ ਜਨਮ 20 ਸਤੰਬਰ 1986 ਨੂੰ ਇਟਲੀ ਵਿਚ ਹੋਇਆ ਸੀ। ਉਸ ਦਾ ਟੈਕਸ ਵਿਭਾਗ ਨਾਲ ਵੀ ਪੰਗਾ ਹੀ ਰਿਹਾ ਹੈ, ਆਪਣੀ ਮੌਤ ਤੱਕ ਵੀ ਉਹ ਦੇਣਦਾਰ ਸੀ। ਡਰੱਗ ਅਤੇ ਸ਼ਰਾਬ ਦੀ ਆਦਤ ਕਰਕੇ ਉਸ ਦਾ ਹਸਪਤਾਲ ਵਿਚ ਆਉਣਾ-ਜਾਣਾ ਹਮੇਸ਼ਾ ਲੱਗਾ ਰਹਿੰਦਾ ਸੀ, ਪਰ ਹਮੇਸ਼ਾ ਆਪਣੇ ਦੇਸ਼ ਨੂੰ ਪਿਆਰ ਕਰਦਾ ਸੀ। 1994 ਦਾ ਵਰਲਡ ਕੱਪ ਅਮਰੀਕਾ ਵਿਚ ਸੀ ਅਤੇ ਇਥੋਂ ਦੀ ਆਈ. ਜੀ. ਐਮ. ਕੰਪਨੀ ਨੇ ਇਸ ਨੂੰ ਆਪਣਾ ਸਪਾਂਸਰ ਬਣਨ ਲਈ ਸੌ ਮਿਲੀਅਨ ਡਾਲਰ ਦੀ ਆਫਰ ਪੇਸ਼ ਕੀਤੀ, ਪਰ ਸ਼ਰਤ ਸੀ ਕਿ ਅਮਰੀਕਾ ਦੀ ਨਾਗਰਿਕਤਾ ਵੀ ਲੈਣੀ ਪੈਣੀ ਸੀ। ਉਸ ਨੇ ਇਹ ਕਹਿ ਕੇ ਨਾਂਹ ਕਰ ਦਿੱਤੀ ਕਿ ਮੈਂ ਅਰਜਨਟਾਈਨਾ ਤੋਂ ਬਿਨਾ ਕਦੀਂ ਵੀ ਕਿਸੇ ਹੋਰ ਦੇਸ਼ ਦਾ ਨਾਗਰਿਕ ਨਹੀਂ ਬਣਨਾ।
ਮੈਰਾਡੋਨਾ ਦੀ ਸੋਚ ਥੋੜ੍ਹੀ ਖੱਬੇ ਪੱਖੀ ਸੀ, ਇਸ ਕਰਕੇ ਕਿਊਬਾ ਦੇ ਫੀਦਾਲ ਕਾਸਟਰੋ ਨਾਲ ਉਸ ਦੀ ਦੋਸਤੀ ਬਾਰੇ ਸਾਰੇ ਜਾਣਦੇ ਹਨ। ਆਪਣੇ ਦੇਸ਼ ਦੇ ਮਹਾਨ ਇਨਕਲਾਬੀ ਚੀ ਗੁਵੇਰਾ ਨੂੰ ਉਹ ਆਪਣਾ ਹੀਰੋ ਮੰਨਦਾ ਸੀ। ਚੀ ਗੁਵੇਰਾ ਦੀ ਫੋਟੋ ਦਾ ਟੈਟੂ ਉਸ ਨੇ ਆਪਣੇ ਸੱਜੇ ਡੌਲੇ ਉਪਰ ਬਣਾਇਆ ਹੋਇਆ ਸੀ। ਉਹ ਅਮਰੀਕਾ ਦੀਆਂ ਨੀਤੀਆਂ ਦਾ ਵਿਰੋਧੀ ਸੀ, ਇਸ ਕਰਕੇ ਫਲਸਟਾਇਨ ਅਤੇ ਈਰਾਨ ਦੇ ਹੱਕ ਦੀ ਗੱਲ ਕਰਦਾ ਸੀ। ਵੈਨਜ਼ੂਏਲਾ ਦਾ ਰਾਸ਼ਟਰਪਤੀ ਸਵਰਗੀ ਹੁਗੋ ਸ਼ਾਵਿਜ਼ ਵੀ ਉਸ ਦਾ ਮਿੱਤਰ ਸੀ। 1987 ਵਿਚ ਉਹ ਪੋਪ ਜਾਨ ਪੌਲ ਨੂੰ ਮਿਲਣ ਵੈਟੀਕਨ ਗਿਆ ਤਾਂ ਪੋਪ ਨੇ ਉਸ ਨਾਲ ਗਰੀਬ ਲੋਕਾਂ ਬਾਰੇ ਆਪਣੀ ਚਿੰਤਾ ਜਾਹਰ ਕੀਤੀ ਤਾਂ ਮੈਰਾਡੋਨਾ ਨੇ ਉਸ ਨੂੰ ਕਿਹਾ ਕਿ ਇੱਥੇ ਛੱਤ ਉਪਰ ਲੱਗੇ ਸੋਨੇ ਨੂੰ ਵੇਚ ਕੇ ਲੋਕਾਂ ਦੀ ਮਦਦ ਕਰ ਦਿਉ।
ਮੈਰਾਡੋਨਾ ਭਾਵੇਂ ਹਮੇਸ਼ਾ ਵਿਵਾਦਾਂ ਵਿਚ ਰਿਹਾ, ਪਰ ਉਸ ਦੀ ਖੇਡ ਦੇ ਹੁਨਰ ਦੇ ਸਭ ਲੋਕ ਦੀਵਾਨੇ ਰਹੇ। ਰੋਮ ਵਿਚ 11 ਦਸੰਬਰ 2000 ਨੂੰ ਪੇਲੇ ਅਤੇ ਮੈਰਾਡੋਨਾ ਨੂੰ 20ਵੀਂ ਸਦੀ ਦੇ ਮਹਾਨ ਫੁੱਟਬਾਲਰ ਹੋਣ ਦਾ ਐਲਾਨ ਕੀਤਾ ਗਿਆ। ਮੈਰਾਡੋਨਾ ਇੰਟਰਨੈਟ ਰਾਹੀਂ ਵੋਟਾਂ ਅਤੇ ਪੇਲੇ ਨੂੰ ਫੀਫਾ ਅਧਿਕਾਰੀ, ਪੱਤਰਕਾਰ ਅਤੇ ਕੋਚਾਂ ਦੀਆਂ ਵੋਟਾਂ ਨਾਲ ਚੁਣਿਆ ਗਿਆ ਸੀ। ਉਸ ਦੀ ਨਿੱਜੀ ਜ਼ਿੰਦਗੀ ਨੂੰ ਇੱਕ ਪਾਸੇ ਰੱਖ ਦਿੱਤਾ ਜਾਵੇ ਤਾਂ ਉਹ ਫੁਟਬਾਲ ਦਾ ਕਮਾਲ ਦਾ ਜਾਦੂਗਰ ਸੀ। ਫੁੱਟਬਾਲ ਦੀ ਜਦੋਂ ਵੀ ਗੱਲ ਹੋਵੇਗੀ ਤਾਂ ਮੈਰਾਡੋਨਾ ਦਾ ਜ਼ਿਕਰ ਜ਼ਰੂਰ ਹੋਵੇਗਾ। ਸਲਾਮ ਹੈ, ਮਹਾਨ ਮੈਰਾਡੋਨਾ ਨੂੰ!