ਆਦਿ ਬੀੜ ਦੀ ਲਿਖਾਈ ਤੋਂ ਪਹਿਲਾਂ ਪ੍ਰਚੱਲਤ ਨਿੱਤਨੇਮ ਦੀ ਰੂਪ ਰੇਖਾ

ਪ੍ਰੋ. ਕਸ਼ਮੀਰਾ ਸਿੰਘ
ਆਦਿ ਬੀੜ (ਪੋਥੀ ਸਾਹਿਬ) ਦੀ ਲਿਖਾਈ ਸੰਨ 1607 ਈਸਵੀ ਵਿਚ ਸੰਪੂਰਨ ਹੋਈ ਸੀ। ਇਸ ਵਿਚ ਪੰਜਵੇਂ ਗੁਰੂ ਜੀ ਵਲੋਂ ਨਿੱਤਨੇਮ ਦਰਜ ਕਰਵਾਇਆ ਗਿਆ ਸੀ, ਜੋ ਹੁਣ ਛਾਪੇ ਦੀ ਬੀੜ ਦੇ ਪਹਿਲੇ 13 ਪੰਨਿਆਂ ਉੱਤੇ ਦਰਜ ਹੈ।

ਆਦਿ ਬੀੜ ਦੀ ਲਿਖਾਈ ਤੋਂ ਪਹਿਲਾਂ ਸਿੱਖਾਂ ਵਿਚ ਕਿਹੜਾ ਨਿੱਤਨੇਮ ਪ੍ਰਚੱਲਤ ਸੀ, ਇਸ ਦਾ ਪਤਾ ਲਾਉਣਾ ਹੀ ਇਸ ਲੇਖ ਦਾ ਮੰਤਵ ਹੈ। ਧੰਨ ਗੁਰੂ ਨਾਨਕ ਸਾਹਿਬ ਦੇ ਸਮੇਂ ਪ੍ਰਚੱਲਤ ਨਿੱਤਨੇਮ ਦੀ ਰੂਪ ਰੇਖਾ ਦੀ ਭਾਲ ਕਰਨੀ ਪਵੇਗੀ। ਭਾਈ ਗੁਰਦਾਸ ਦੀਆਂ ਵਾਰਾਂ ਦਾ ਅਧਿਐਨ ਕਰਨ ਨਾਲ ਧੰਨ ਗੁਰੂ ਨਾਨਕ ਸਾਹਿਬ ਦੇ ਸਮੇਂ ਪ੍ਰਚੱਲਤ ਨਿੱਤਨੇਮ ਬਾਰੇ ਬਹੁਤ ਵਧੀਆ ਜਾਣਕਾਰੀ ਮਿਲਦੀ ਹੈ। ਭਾਈ ਗੁਰਦਾਸ ਜੀ ਨੂੰ ਤੀਜੇ ਗੁਰੂ ਜੀ ਤੋਂ ਛੇਵੇਂ ਗੁਰੂ ਜੀ ਤਕ 4 ਗੁਰੂ ਪਾਤਿਸ਼ਾਹਾਂ ਦੀ ਸੇਵਾ ਅਤੇ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ।
ਕਰਤਾਰਪੁਰ (ਹੁਣ ਪਾਕਿਸਤਾਨ ਵਿਚ) ਧੰਨ ਗੁਰੂ ਨਾਨਕ ਸਾਹਿਬ ਦੇ ਸਮੇਂ ਉਨ੍ਹਾਂ ਵਲੋਂ ਬਖਸ਼ਿਆ ਨਿੱਤਨੇਮ ਪ੍ਰਚੱਲਤ ਸੀ, ਜਿਸ ਦੀ ਰੂਪ ਰੇਖਾ ਭਾਈ ਗੁਰਦਾਸ ਵਲੋਂ ਦਿੱਤੇ ਹੇਠ ਲਿਖੇ ਪ੍ਰਮਾਣਾਂ ਤੋਂ ਪ੍ਰਗਟ ਹੁੰਦੀ ਹੈ,
1. ਪੰਜਵੇਂ ਗੁਰੂ ਜੀ ਤੋਂ ਪਹਿਲਾਂ ਸਵੇਰ ਅਤੇ ਸ਼ਾਮ ਦਾ ਨਿੱਤਨੇਮ ਕੀ ਸੀ?
ਭਾਈ ਗੁਰਦਾਸ ਵਲੋਂ ਲਿਖੀ ਪਹਿਲੀ ਵਾਰ ਦੀ ਅਠੱਤੀਵੀਂ ਪਉੜੀ ਸਵੇਰ ਅਤੇ ਸ਼ਾਮ ਦੇ ਨਿੱਤਨੇਮ ਦਾ ਖੁਲਾਸਾ ਕਰਦੀ ਹੈ। ਇਹ ਪਉੜੀ ਹੈ,
ਫਿਰਿ ਬਾਬਾ ਆਇਆ ਕਰਤਾਰ ਪੁਰਿ
ਭੇਖ ਉਦਾਸੀ ਸਗਲ ਉਤਾਰਾ॥
ਪਹਿਰਿ ਸੰਸਾਰੀ ਕਪੜੇ
ਮੰਜੀ ਬੈਠਿ ਕੀਆ ਅਵਤਾਰਾ॥
ਉਲਟੀ ਗੰਗ ਵਹਾਈਓਨਿ
ਗੁਰ ਅੰਗਦੁ ਸਿਰਿ ਉਪਰਿ ਧਾਰਾ॥
ਪੁਤਰੀ ਕਅਉਲ ਨ ਪਾਲਿਆ
ਮਨਿ ਖੋਟੇ ਆਕੀ ਨਸਿਆਰਾ॥
ਬਾਣੀ ਮੁਖਹੁ ਉਚਾਰੀਐ
ਹੁਇ ਰੁਸਨਾਈ ਮਿਟੈ ਅੰਧਿਆਰਾ॥
ਗਿਆਨ ਗੋਸਟਿ ਚਰਚਾ ਸਦਾ
ਅਨਹਦ ਸਬਦਿ ਉਠੇ ਧੁਨਕਾਰਾ॥
ਸੋ ਦਰੁ ਆਰਤੀ ਗਾਵੀਐ
ਅੰਮ੍ਰਿਤ ਵੇਲੇ ਜਾਪੁ ਉਚਾਰਾ॥
ਗੁਰਮੁਖਿ ਭਾਰ ਅਥਰਬਣਿ ਤਾਰਾ॥੩੮॥
ਵਿਚਾਰ: ਅੰਮ੍ਰਿਤ ਵੇਲੇ ਪੜ੍ਹੀ ਜਾਣ ਵਾਲੀ ਬਾਣੀ ‘ਜਪੁ’ ਅਤੇ ‘ਸੋ ਦਰੁ’ ਸਿਰਲੇਖ ਵਾਲੀ ਰਚਨਾ ਦੋਵੇਂ ਹੀ ਗੁਰੂ ਨਾਨਕ ਪਾਤਿਸ਼ਾਹ ਵਲੋਂ ਰਚਿਤ ਬਾਣੀਆਂ ਹਨ, ਜੋ ਪੰਜਵੇਂ ਗੁਰੂ ਜੀ ਵਲੋਂ ਬਣਾਏ ਗਏ ਨਿੱਤਨੇਮ ਵਿਚ ਵੀ ਉਸੇ ਤਰ੍ਹਾਂ ਸ਼ਾਮਲ ਹਨ। ‘ਸੋ ਦਰੁ’ ਸੰਗ੍ਰਹਿ ਵਿਚ ਤਿੰਨ ਸ਼ਬਦ ਹਨ-ਰਾਗੁ ਆਸਾ ਮਹਲਾ ੧ ਦਾ ‘ਸੋ ਦਰੁ ਤੇਰਾ ਕੇਹਾ’ ਵਾਲਾ ਸ਼ਬਦ, ਆਸਾ ਮਹਲਾ ੧ ਦਾ ‘ਸੁਣਿ ਵਡਾ ਆਖੈ ਸਭੁ ਕੋਇ’ ਵਾਲਾ ਸ਼ਬਦ ਅਤੇ ਆਸਾ ਮਹਲਾ ੧ ਦਾ ‘ਆਖਾ ਜੀਵਾ ਵਿਸਰੈ ਮਰਿ ਜਾਉ’ ਵਾਲਾ ਸ਼ਬਦ। ਤਿੰਨੇ ਹੀ ਗੁਰੂ ਨਾਨਕ ਸਾਹਿਬ ਦੇ ਹਨ। ਇਸ ਤੋਂ ਇਹ ਗੱਲ ਸਮਝ ਵਿਚ ਆਉਂਦੀ ਹੈ ਕਿ ਗੁਰੂ ਨਾਨਕ ਸਾਹਿਬ ਨੇ ਹੀ ਨਿੱਤਨੇਮ ਦੀ ਰੂਪ ਰੇਖਾ ਦਾ ਮੁੱਢ ਬੰਨ੍ਹਿਆ ਸੀ, ਜਿਸ ਦੀ ਉਗਾਹੀ ਭਾਈ ਗੁਰਦਾਸ ਨੇ ਭਰੀ ਹੈ।
2. ਪੰਜਵੇਂ ਗੁਰੂ ਜੀ ਤੋਂ ਪਹਿਲਾਂ ਰਾਤ ਸਮੇਂ ਦਾ ਨਿੱਤਨੇਮ ਕਿਹੜਾ ਸੀ?
ਭਾਈ ਗੁਰਦਾਸ ਵਲੋਂ ਲਿਖੀ ਛੇਵੀਂ ਵਾਰ ਦੀ ਤੀਜੀ ਪਉੜੀ ਵਿਚ ਰਾਤ ਸਮੇਂ ਦੇ ਨਿੱਤਨੇਮ ਦਾ ਜ਼ਿਕਰ ਕਰਨ ਦੇ ਨਾਲ ਸੰਝ ਸਮੇਂ ਦੇ ਨਿੱਤਨੇਮ ਦਾ ਵੀ ਜ਼ਿਕਰ ਕੀਤਾ ਗਿਆ ਹੈ। ਦੇਖੋ ਇਹ ਪਉੜੀ,
ਅੰਮ੍ਰਿਤ ਵੇਲੇ ਉਠਿ ਕੈ
ਜਾਇ ਅੰਦਰਿ ਦਰੀਆਇ ਨ੍ਹਵੰਦੇ॥
ਸਹਜਿ ਸਮਾਧਿ ਅਗਾਧਿ ਵਿਚਿ
ਇਕ ਮਨਿ ਹੋਇ ਗੁਰ ਜਾਪੁ ਜਪੰਦੇ॥
ਮਥੈ ਟਿਕੇ ਲਾਲ ਲਾਇ
ਸਾਧ ਸੰਗਤਿ ਚਲਿ ਜਾਇ ਬਹੰਦੇ॥
ਸ਼ਬਦੁ ਸੁਰਤਿ ਲਿਵਲੀਣੁ ਹੋਇ
ਸਤਿਗੁਰ ਬਾਣੀ ਗਾਇ ਸੁਣੰਦੇ॥
ਭਾਇ ਭਗਤਿ ਭੈ ਵਰਤਮਾਨ
ਗੁਰ ਸੇਵਾ ਗੁਰ ਪੁਰਬ ਕਰੰਦੇ॥
ਸੰਝੈ ਸੋ ਦਰੁ ਗਾਵਣਾ
ਮਨ ਮੇਲੀ ਕਰਿ ਮੇਲਿ ਮਿਲੰਦੇ॥
ਰਾਤੀ ਕੀਰਤਿ ਸੋਹਿਲਾ
ਕਰਿ ਆਰਤੀ ਪਰਸਾਦੁ ਵੰਡੰਦੇ॥
ਗੁਰਮੁਖਿ ਸੁਖ ਫਲੁ ਪਿਰਮ ਚਖੰਦੇ॥੩॥
ਵਿਚਾਰ: ਇਸ ਪਉੜੀ ਵਿਚ ਸਪੱਸ਼ਟ ਤੌਰ ‘ਤੇ ਜ਼ਿਕਰ ਹੈ ਕਿ ਸ਼ਾਮ ਵੇਲੇ ਕਰਤਾਰਪੁਰ ਧਰਮਸ਼ਾਲਾ ਵਿਚ ‘ਸੋ ਦਰੁ’ ਬਾਣੀ ਸੰਗ੍ਰਹਿ ਦੇ ਤਿੰਨ ਸ਼ਬਦ ਗਾਏ ਜਾਂਦੇ ਸਨ ਅਤੇ ਰਾਤ ਸਮੇਂ ਸਿੱਖ ਸੇਵਕ ਸੋਹਿਲੇ ਦੀ ਬਾਣੀ ਦਾ ਪਾਠ ਕਰਦੇ ਪ੍ਰਭੂ ਦੀ ਕੀਰਤੀ ਕਰਦੇ ਸਨ। ਪੰਜਵੇਂ ਗੁਰੂ ਜੀ ਤੋਂ ਪਹਿਲਾਂ ਸੋਹਿਲੇ ਦੀ ਬਾਣੀ ਵਿਚ ਗੁਰੂ ਨਾਨਕ ਸਾਹਿਬ ਦੀ ਰਚੀ ਬਾਣੀ ਦੇ ਤਿੰਨ ਸ਼ਬਦ ਸਨ-ਰਾਗੁ ਗਉੜੀ ਦੀਪਕੀ ਮਹਲਾ ੧ ਵਾਲਾ ‘ਜੈ ਘਰਿ ਕੀਰਤਿ ਆਖੀਐ’ ਵਾਲਾ ਸ਼ਬਦ, ਆਸਾ ਮਹਲਾ ੧ ਦਾ ‘ਛਿਅ ਘਰ ਛਿਅ ਗੁਰ ਛਿਅ ਉਪਦੇਸ’ ਵਾਲਾ ਸ਼ਬਦ ਅਤੇ ਧਨਾਸਰੀ ਮਹਲਾ ੧ ਦਾ ‘ਗਗਨਮੈ ਥਾਲੁ ਰਵਿ ਚੰਦੁ ਦੀਪਕ ਬਨੇ’ ਵਾਲਾ ਸ਼ਬਦ।
ਪੰਜਵੇਂ ਗੁਰੂ ਜੀ ਵਲੋਂ ਬਣਾਇਆ ਗਿਆ ਮੌਜੂਦਾ ਨਿੱਤਨੇਮ:
ਪੰਜਵੇਂ ਗੁਰੂ ਜੀ ਨੇ ਬਾਬੇ ਨਾਨਕ ਵਾਲੇ ਨਿੱਤਨੇਮ ਨੂੰ ਹੀ ਆਧਾਰ ਬਣਾ ਕੇ ਉਸ ਵਿਚ ਹੋਰ ਸ਼ਬਦ ਜੋੜ ਕੇ ਬਣਾਇਆ ਨਿੱਤਨੇਮ ਆਦਿ ਬੀੜ ਵਿਚ ਪੱਕੇ ਤੌਰ ‘ਤੇ ਦਰਜ ਕਰ ਦਿੱਤਾ। ਸਵੇਰ ਵਾਲਾ ਚੱਲਿਆ ਆ ਰਿਹਾ ਨਿੱਤਨੇਮ ‘ਜਪੁ’ ਜੀ ਹੀ ਰੱਖਿਆ ਗਿਆ। ਸ਼ਾਮ ਵਾਲੇ ਚੱਲੇ ਆ ਰਹੇ ਨਿੱਤਨੇਮ ਵਿਚ ‘ਸੋ ਪੁਰਖੁ’ ਦਾ ਚਾਰ ਸ਼ਬਦਾਂ ਦਾ ਸੰਗ੍ਰਹਿ ਹੋਰ ਜੋੜ ਦਿੱਤਾ, ਜਿਸ ਨਾ ਇਹ 9 ਸ਼ਬਦਾਂ ਵਾਲਾ ਨਿੱਤਨੇਮ ਬਣ ਗਿਆ। ਰਾਤ ਵੇਲੇ ਦੇ ਚੱਲਦੇ ਆ ਰਹੇ ਨਿੱਤਨੇਮ ਵਿਚ ਦੋ ਸ਼ਬਦ ਹੋਰ ਜੋੜ ਕੇ ਪੰਜ ਸ਼ਬਦਾਂ ਦਾ ਸੰਗ੍ਰਹਿ ਬਣਾ ਦਿੱਤਾ ਗਿਆ। ਪੰਜਵੇਂ ਗੁਰੂ ਜੀ ਦੇ ਬਣਾਏ ਇਸ ਨਿੱਤਨੇਮ ਨੂੰ ਦਸਵੇਂ ਪਾਤਿਸ਼ਾਹ ਨੇ ਵੀ ਦਮਦਮੀ ਬੀੜ ਦੀ ਰਚਨਾ ਰਾਹੀਂ ਪ੍ਰਵਾਨਗੀ ਬਖਸ਼ ਦਿੱਤੀ, ਜਿਸ ਤੋਂ ਸਪੱਸ਼ਟ ਹੈ ਕਿ ਦਸਵੇਂ ਪਾਤਿਸ਼ਾਹ ਤਕ ਪੰਜਵੇਂ ਗੁਰੂ ਜੀ ਦਾ ਬਣਾਇਆ ਨਿੱਤਨੇਮ ਹੀ ਪ੍ਰਚੱਲਤ ਸੀ। ਇਸ ਪ੍ਰਵਾਨੇ ਹੋਏ ਨਿੱਤਨੇਮ ਨੂੰ ਤੋੜਨ ਦੀ ਅਵੱਗਿਆ ਕਰਨ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਹੈ ਅਤੇ ਇਸ ਦਾ ਤੋੜਿਆ ਹੋਇਆ ਨਿੱਤਨੇਮ ਸਿੱਖ ਰਹਿਤ ਮਰਯਾਦਾ ਵਿਚ ਦਰਜ ਹੈ, ਜੋ ਅੱਜ ਸਿੱਖ ਕੌਮ ਵਿਚ ਆਪਸੀ ਫੁੱਟ ਦਾ ਕਾਰਨ ਬਣ ਚੁਕਾ ਹੈ। ਆਪਣੇ ਖਸਮ ਨੂੰ ਛੱਡ ਕੇ ਕਿਸੇ ਪਰਾਏ ਨਾਲ ਯਾਰੀ ਪਾਉਣ ਦੇ ਕਦੇ ਵੀ ਚੰਗੇ ਸਿੱਟੇ ਨਹੀਂ ਨਿਕਲ ਸਕਦੇ, ਪਰ ਸ਼੍ਰੋਮਣੀ ਕਮੇਟੀ ਨੇ ਆਪਣਾ ਖਸਮ ਛੱਡ ਕੇ ਪਰਾਏ ਵੱਲ ਝਾਕਣ ਲੱਗਿਆਂ ਖਸਮ ਗੁਰੂ ਦਾ ਕੋਈ ਭੈ ਨਹੀਂ ਰੱਖਿਆ, ਜਿਸ ਦਾ ਖਮਿਆਜ਼ਾ ਸਾਰੀ ਸਿੱਖ ਕੌਮ ਨੂੰ ਭੁਗਤਣਾ ਪੈ ਰਿਹਾ ਹੈ।