ਸ਼ਸ਼ੀ ਸਮੁੰਦਰਾ: ਰਚਨਾਤਮਕ ਸ਼ਕਤੀ ਦਾ ਅਥਾਹ ਸੋਮਾ

ਪ੍ਰੋ. ਸੁਹਿੰਦਰ ਬੀਰ
ਸ਼ਸ਼ੀ ਸਮੁੰਦਰਾ ਅਮਰੀਕੀ ਪੰਜਾਬੀ ਕਵਿਤਾ ਦੇ ਖੇਤਰ ਵਿਚ ਇਕ ਚਰਚਿਤ ਨਾਮ ਹੈ। 1971 ਵਿਚ ਉਸ ਨੇ ਅਮਰੀਕਾ ਵਿਖੇ ਪਰਵਾਸ ਧਾਰਨ ਕੀਤਾ। ਹੁਣ ਤਕ ਉਸ ਨੇ ਦੋ ਕਾਵਿ-ਸੰਗ੍ਰਹਿ ‘ਬੋਗਨਵਿਲਾ ਦੇ ਵਸਤਰ’ (1992) ਅਤੇ ‘ਮੇਰੇ ਮਨ ਦੀ ਕੋਇਲ’ (2011) ਪ੍ਰਕਾਸ਼ਿਤ ਕਰਵਾਏ ਹਨ। ਇਨ੍ਹਾਂ ਦੋਹਾਂ ਕਾਵਿ-ਸੰਗ੍ਰਹਿਆਂ ਨੂੰ ਵਾਚਣ ਦੇ ਨਾਲ ਨਾਲ ਪਿਛਲੇ ਚਾਲੀ ਸਾਲਾਂ ਦਾ ਇਤਿਹਾਸ ਅਤੇ ਸ਼ਸ਼ੀ ਦੇ ਪੰਜਾਬੀ ਤੇ ਪਰਵਾਸੀ ਅਨੁਭਵ ਨੂੰ ਧਿਆਨ ਵਿਚ ਰੱਖਿਆ ਜਾਵੇ ਤਾਂ ਜੋ ਦੋ ਮੁੱਖ ਧਾਰਨਾਵਾਂ ਸਾਹਮਣੇ ਆਉਂਦੀਆਂ ਹਨ,

ਉਨ੍ਹਾਂ ਵਿਚ ਪਹਿਲੀ ਇਹ ਹੈ ਕਿ ਸ਼ਸ਼ੀ ਨੂੰ ਕਿਸੇ ਇਕ ਸੀਮਿਤ ਦਾਇਰੇ ਵਿਚ ਰੱਖ ਕੇ ਪੜ੍ਹਨਾ-ਵਿਚਾਰਨਾ ਭੁੱਲ ਹੋਵੇਗਾ। ਉਹ ਕਿਸੇ ਇਕ ਵਾਦ ਦੀ ਵਲਗਣ ਵਿਚ ਨਹੀ ਬੱਝਦੀ। ਪਹਿਲੀ ਝਾਤੇ ਰੁਮਾਂਸਵਾਦ, ਨਾਰੀਵਾਦ, ਪ੍ਰਕਿਰਤੀਵਾਦ ਆਦਿ ਨਾਲ ਉਸ ਦਾ ਪੱਕਾ ਨਾਤਾ ਮਹਿਸੂਸ ਹੁੰਦਾ ਹੈ ਅਤੇ ਭਾਈ ਵੀਰ ਸਿੰਘ, ਪ੍ਰੋ. ਪੂਰਨ ਸਿੰਘ ਆਦਿ ਕਵੀਆਂ ਦਾ ਉਸ ਦੀ ਰਚਨਾ ਉਪਰ ਪ੍ਰਭਾਵ ਪ੍ਰਤੀਤ ਹੁੰਦਾ ਹੈ, ਪਰ ਅਸਲ ਵਿਚ ਸ਼ਸ਼ੀ ਨੇ ਇਨ੍ਹਾਂ ਸਾਰਿਆਂ ਪ੍ਰਭਾਵਾਂ ਨੂੰ ਏਨੇ ਸਹਿਜ ਨਾਲ ਆਪਣੇ ਅਵਚੇਤਨ ਵਿਚ ਵਸਾ ਲਿਆ ਹੈ ਕਿ ਉਹ ਖੁਦ ਹੀ ਸੁਤੰਤਰਤਾ, ਮਾਨਵਵਾਦ, ਮਨੁੱਖ ਅਤੇ ਪ੍ਰਕਿਰਤੀ ਦੀਆਂ ਸਾਰੀਆਂ ਵਸਤਾਂ ਦੇ ਉਜਲੇ ਭਵਿੱਖ ਦੀ ਕਾਮਨਾ ਕਰਦੀ ਹੈ।
ਕਾਵਿ ਸਿਧਾਂਤ ਬਾਰੇ ਆਪਣੇ ਬੋਲ ਪ੍ਰਗਟਾਉਂਦਿਆਂ ਉਸ ਨੇ ਆਪਣੀ ਸਿਰਜਣਾਤਮਕਤਾ ਨੂੰ ‘ਮੇਰੇ ਮਨ ਦੀ ਕੋਇਲ’ ਦੇ ਰੂਪ ਵਿਚ ਬੰਨ੍ਹਿਆ ਹੈ। ਸੁਚੇਤ ਤੌਰ ‘ਤੇ ਉਹ ਇਸ ਕੋਇਲ ਨੂੰ ਬਾਹਰ ਵਾਚਦੀ ਹੈ, ਪਰ ਅਚੇਤ ਤੌਰ ‘ਤੇ ਉਹ ਉਸ ਦੇ ਮਨ ਵਿਚ ਵੱਸੀ ਹੋਈ ਹੈ। ਮੈਨੂੰ ਉਸ ਦੀਆਂ ਕੁਝ ਕਵਿਤਾਵਾਂ ਵਿਚ ਮਨੁੱਖੀ ਪ੍ਰਕਿਰਤੀ ਅਤੇ ਸਮਾਜ ਦੀ ਨੈਤਿਕ ਪ੍ਰਕਿਰਤੀ ਵਿਚ ਵਿਰੋਧ ਉਸਰਦਾ ਨਜ਼ਰ ਆਇਆ ਹੈ। ਇਹ ਵਿਰੋਧ ਪ੍ਰੋ-ਚੋਆਇਸ ਅਤੇ ਪ੍ਰੋ-ਲਾਈਫ ਦਾ ਵੀ ਹੈ। ਇਸ ਨੂੰ ਅਸੀਂ ਕਵਿਤਰੀ ਦਾ ਰੁਮਾਂਸਿਕ ਅੰਦਾਜ਼ ਵੀ ਕਹਿ ਸਕਦੇ ਹਾਂ:
ਮੇਰੇ ਸੁਪਨਿਆਂ ਦੇ ਹਮਸਫਰ
ਅੱਖ ਖੁਲ੍ਹਦੇ ਹੀ ਕਿਥੇ ਚਲੇ ਜਾਂਦਾ ਹੈ ਤੂੰ?
ਮੈਂ ਜਾਗਦੀਆਂ ਅੱਖਾਂ ਨਾਲ ਲੱਭਦੀ ਰਹਿੰਦੀ ਹਾਂ ਤੈਨੂੰ
ਵੀਰਾਨ ਪਗਡੰਡੀਆਂ ‘ਤੇ, ਚੌਰਾਹਿਆਂ ‘ਤੇ, ਬਾਗਾਂ ਵਿਚ
ਬਾਜ਼ਾਰਾਂ ਵਿਚ, ਤਾਰਿਆਂ ਵਿਚ,
ਚੰਨ ਦੀਆਂ ਠੰਡੀਆਂ ਰਿਸ਼ਮਾਂ ਵਿਚ
ਤੇ ਪ੍ਰਭਾਤ ਦੀ ਲਾਲੀ ਵਿਚ
ਤੈਨੂੰ ਤਲਾਸ਼ਦੀ ਥੱਕ ਕੇ ਸੌਂ ਜਾਂਦੀ ਹਾਂ ਜਦ
ਤੂੰ ਇਕ ਭੰਵਰੇ ਦੀ ਤਰ੍ਹਾਂ
ਗੁਣਗਣਾਉਂਦਾ, ਮੁਸਕਰਾਉਂਦਾ ਆਉਂਦਾ ਹੈਂ
ਮੇਰੇ ਸੁਪਨਿਆਂ ਦੇ ਹਮਸਫਰ!
ਸਮਾਜਕ ਜੀਵਨ ਦਾ ਸਾਰਾ ਵਿਹਾਰ ਮਨੁੱਖ ਦੇ ਆਪਣੇ ਹੱਥ ਵਿਚ ਨਹੀਂ ਹੈ। ਸਮੇਂ ਦੀ ਇਤਿਹਾਸਕ ਚੇਤਨਾ ਮਨੁੱਖ ਨੂੰ ਗਿਆਨ ਦੇ ਜਿਸ ਦਾਇਰੇ ਉਪਰ ਪੁਚਾ ਦਿੰਦੀ ਹੈ, ਮਨੁੱਖ ਆਪਣੀ ਜ਼ਿੰਦਗੀ ਨੂੰ ਉਸੇ ਤਰ੍ਹਾਂ ਹੀ ਸੋਚਣ ਲੱਗ ਪੈਂਦਾ ਹੈ। ਸਮੇਂ ਨਾਲ ਮਨੁੱਖ ਨੂੰ ਆਪਣੀ ਸੋਚ ਵੀ ਬਦਲਣੀ ਪੈਂਦੀ ਹੈ। ਸਮਾਂ ਬਹੁਤ ਬਲਵਾਨ ਹੁੰਦਾ ਹੈ; ਇਨਸਾਨ ਨੂੰ ਇਸ ਦੇ ਵਹਾਅ ਵਿਚ ਵਹਿਣਾ ਹੀ ਪੈਂਦਾ ਹੈ:
ਵਹਿੰਦੀ ਨਦੀ ਦੇ ਪਾਣੀਆਂ ‘ਤੇ
ਤੈਰ ਰਹੇ ਕੱਖ-ਕਾਨਿਆਂ ਵਿਚ
ਹਵਾ ਦੇ ਰੁਖ ਹੋ ਜਾਂਦੀਆਂ ਲਹਿਰਾਂ
ਓਧਰ ਨੂੰ ਹੀ ਹੋ ਜਾਂਦਾ ਹੈ ਇਹ ਸਾਰਾ ਕਾਰਵਾਂ
ਕੀ ਨਦੀ ਦੇ ਵੱਸ ਵਿਚ ਕੁਝ ਵੀ ਨਹੀਂ?
ਜਿਵੇਂ ਅਸਾਂ ਉਪਰ ਹੀ ਕਿਹਾ ਹੈ ਕਿ ਸ਼ਸ਼ੀ ਨੂੰ ਕਿਸੇ ਇਕ ਵਿਚਾਰਧਾਰਾਈ ਹੱਦ ਵਿਚ ਬੰਨ੍ਹ ਕੇ ਰੱਖਣਾ-ਵਿਚਾਰਨਾ ਉਚਿੱਤ ਨਹੀਂ ਹੋਵੇਗਾ। ਉਸ ਨੂੰ ਰੰਜ ਹੈ ਕਿ ਅੱਜ ਦਾ ਮਨੁੱਖ ਆਪਣੇ ਆਲੇ-ਦੁਆਲੇ ਦੀਵਾਰਾਂ ਉਸਾਰ ਰਿਹਾ ਹੈ। ਇਹ ਦੀਵਾਰਾਂ ਰੰਗ, ਧਰਮ, ਜਾਤ, ਨਸਲ, ਦੇਸ਼ ਆਦਿ ਦੀਆਂ ਹਨ, ਇਸ ਕਰਕੇ ਮਨੁੱਖ ਦੀ ਸੋਚ ਵੀ ਗੰਧਲੀ ਹੋ ਰਹੀ ਹੈ। ਜੇ ਮਨੁੱਖ ਇਨ੍ਹਾਂ ਸਾਰੀਆਂ ਦੀਵਾਰਾਂ ਤੋਂ ਪਾਰ ਝਾਕ ਕੇ ਗਲੋਬਲੀ ਅਤੇ ਕੌਮਾਂਤਰੀ ਚੇਤਨਾ/ਮਾਨਵਤਾ ਨੂੰ ਧਾਰਨ ਕਰ ਲਵੇ ਤਾਂ ਮਨੁੱਖ ਆਉਣ ਵਾਲੀਆਂ ਸਮੱਸਿਆਵਾਂ ਤੋਂ ਮੁਕਤੀ ਪਾ ਸਕੇਗਾ। ਇਹ ਸ਼ਸ਼ੀ ਦਾ ਆਦਰਸ਼ ਸੰਸਾਰ ਹੈ, ਜੋ ਉਸ ਦੀ ਕਲਪਨਾ ਹੈ ਅਤੇ ਸਮਾਜਕ ਜੀਵਨ ਲਈ ਇਹ ਬਹੁਤ ਹੀ ਸਾਰਥਕ ਹੈ, ਜੋ ਮਨੁੱਖ ਦੀ ਮਨੁੱਖਤਾ ਨੂੰ ਪਕੇਰਿਆਂ ਕਰਦਾ ਹੈ:
ਤੂੰ ਫੈਲ ਜਾ ਹਵਾਵਾਂ ਦੀ ਬੇਪ੍ਰਵਾਹ ਮੌਜ ਵਿਚ
ਦਰਿਆਵਾਂ ਦੀ ਮਸਤ ਚਾਲ ਵਿਚ
ਸਮੁੰਦਰ ਦੀਆਂ ਲਹਿਰਾਂ ਦੇ ਜੋਸ਼ ਵਿਚ
ਤੂੰ ਫੈਲ ਜਾਂ ਬੱਦਲਾਂ ਦੀ ਦਿਸ਼ਾਹੀਣ ਉਡਾਣ ਵਿਚ
ਅਸਮਾਨ ਦੀ ਅਥਾਹ ਵਿਸ਼ਾਲਤਾ ਵਿਚ
ਸੂਰਜ ਦੀਆਂ ਨਿੱਘੀਆਂ ਕਿਰਨਾਂ ਵਿਚ
ਤੇ ਚੰਦਰਮਾ ਦੀ ਸੁਖਨ ਠੰਡ ਵਿਚ
ਤੂੰ ਫੈਲ ਜਾ…।

ਤੂੰ ਮਹਿਜ਼ ਇਕ ਜਿਸਮ ਨਹੀਂ ਹੈ
ਜੋ ਉਠਦਾ ਹੈ, ਅੰਨ ਖਾਂਦਾ ਹੈ
ਦੋਸਤੀਆਂ ਤੇ ਦੁਸ਼ਮਣੀਆਂ ਨਿਭਾਉਂਦਾ
ਕਦੇ ਸਿਫਤਾਂ, ਕਦੇ ਚੁਗਲੀਆਂ ਕਰਦਾ ਫਿਰਦਾ ਹੈ
ਸੌ ਜਾਂਦਾ ਹੈ…।
ਤੂੰ ਸਮੁੱਚੇ ਬ੍ਰਹਿਮੰਡ ਦਾ ਇਕ ਹਿੱਸਾ ਹੈ
ਇਸ ਵਿਸ਼ਾਲਤਾ ਦਾ ਇਕ ਹਿੱਸਾ ਹੈ
ਇਸ ਰੌਸ਼ਨੀ ਦਾ ਇਕ ਹਿੱਸਾ ਹੈ।
ਸੋ, ਇਸ ਤਰ੍ਹਾਂ ਉਹ ਇਕ ਬ੍ਰਹਿਮੰਡਕ ਅਤੇ ਉਦਾਰ-ਭਾਵਨਾਵਾਂ ਵਾਲੀ ਸਿਰਜਕ ਸ਼ਾਇਰਾ ਦੇ ਰੂਪ ਵਿਚ ਸਾਹਮਣੇ ਆਉਂਦੀ ਹੈ। ਉਹ ਜ਼ਿੰਦਗੀ ਦੀਆਂ ਸੀਮਾਵਾਂ ਨੂੰ ਵਿਰਾਟਤਾ ਦੇ ਰੂਪ ਵਿਚ ਦੇਖਣ ਵਾਲੀ ਅਸਲੋਂ ਵਿਲੱਖਣ ਅਤੇ ਨਾਮਵਰ ਸ਼ਾਇਰਾ ਹੈ।
ਔਰਤ ਦੇ ਵਿਯੋਗ ਅਤੇ ਦੁਖਾਂਤ ਦੀ ਹੋਣੀ ਦਾ ਭਾਵੇਂ ਉਸ ਦੀ ਸ਼ਾਇਰੀ ਵਿਚ ਘੱਟ ਪ੍ਰਗਟਾਵਾ ਮਿਲਦਾ ਹੈ, ਪਰ ਇਹ ਹੈ ਬਹੁਤ ਹੀ ਪ੍ਰਮਾਣਕ ਰੂਪ ਵਿਚ। ਇਥੇ ਸ਼ਾਇਰਾ ਆਪਣੀ ਸਹੇਲੀ ਬੰਤੋ ਦੀ ਮਾਂ, ਭੈਣ, ਨਜ਼ਦੀਕੀ, ਆਂਢ-ਗੁਆਂਢ, ਸਾਕ-ਸਰੀਕੇ ਦੇ ਰੂਪ ਵਿਚ ਵਿਸ਼ਾਲ ਅਰਥ ਗ੍ਰਹਿਣ ਕਰ ਗਈ ਹੈ:
ਮੇਰੀ ਸਹੇਲੀ ਬੰਤੋ
ਇਕ ਦਿਨ ਪਹੇ ‘ਤੇ ਇਕ ਛੰਨਾਟਾ ਹੋਇਆ
ਝਾਂਜਰਾਂ ਵਾਲੇ
ਫੁੰਮਣਾਂ ਦੀਆਂ ਲੜੀਆਂ ਵਾਲੇ
ਬੋਤੇ ‘ਤੇ ਬੈਠਾ
ਇਕ ਛੈਲ ਛਬੀਲਾ
ਸਾਡੇ ਪਿੰਡ ਆਇਆ
ਤੇੜ ਚਾਦਰਾ
ਤਿੱਲੇ ਵਾਲੀ ਜੁੱਤੀ
ਕੰਨੀਂ ਨੱਤੀਆਂ
ਗੱਲ ਵਿਚ ਕੈਂਠਾ
ਸਿਰ ਉਤੇ ਤੁਰਲਾ ਛੱਡ
ਪਿਆਜ਼ੀ ਪੱਗ
ਅੱਖੀਂ ਸੁਰਮਾ
ਖੱਬਲ ਦਾੜੀ
ਰਾਂਝੇ ਦਾ ਭਾਈ
ਸਾਡੇ ਪਿੰਡ ਆਇਆ
ਉਹਨੂੰ ਦੇਖ
ਖੇਡਦੀ ਬੰਤੋ ਘਰ ਨੂੰ ਭੱਜ ਗਈ
ਤੇ ਜਾ ਅੰਦਰ ਲੁਕ ਗਈ।
ਦੂਜੇ ਦਿਨ
ਹਰੇ ਸੂਟ ਵਿਚ
ਸਿਰ ‘ਤੇ ਫੁਲਕਾਰੀ ਤੇ ਸੱਗੀ ਫੁੱਲ
ਕੰਨੀਂ ਪਿੱਪਲ ਪੱਤੀਆਂ
ਗਲ ਗੁਲੂਬੰਦ
ਹੱਥੀਂ ਲਾਲ ਚੂੜੀਆਂ
ਪੈਰੀਂ ਮੌਜੇ ਤੇ ਪੰਜੇਬਾਂ ਛਣਕਾਉਂਦੀ ਘੁੰਡ ਕੱਢੀ
ਉਹ ਉਸ ਬੰਦੇ ਪਿੱਛੇ
ਬੋਤੇ ‘ਤੇ ਬਹਿ ਕੇ ਚਲੀ ਗਈ
ਪਤਾ ਨਹੀਂ ਘੁੰਡ ਵਿਚ ਉਹ ਰੋਂਦੀ ਜਾਂ ਹੱਸਦੀ ਸੀ?
ਪਰ ਮੈਂ ਹਿਕ ਨਾਲ ਗੁੱਡੀ ਨੂੰ ਘੁੱਟੀ
ਉਸ ਨੂੰ ਪਹੇ ਦੇ ਮੋੜ ਤੱਕ ਦੇਖਦੀ
ਖੜ੍ਹੀ ਰੋਂਦੀ ਰਹੀ ਸਾਂ।
ਸ਼ਸ਼ੀ ਸਮੁੰਦਰਾ ਨੇ ਇਕ ਨਿੱਕੇ ਜਿਹੇ ਬਿਰਤਾਂਤ ਨੂੰ ਦ੍ਰਿਸ਼ਟਾਂਤਾਂ ਰਾਹੀਂ ਬਹੁਤ ਹੀ ਭਾਵਭੂਰਤ ਅਤੇ ਖਾਸ ਅੰਦਾਜ਼ ਵਿਚ ਪ੍ਰਗਟ ਕੀਤਾ ਹੈ। ਇਹ ਬਿਰਤਾਂਤ ਉਸ ਵੇਲੇ ਵਧੇਰੇ ਪ੍ਰਭਾਵਸ਼ਾਲੀ ਬਣ ਜਾਂਦਾ ਹੈ, ਜਦੋਂ ਸ਼ਾਇਰਾ ਖੁਦ ਬੰਤੋ ਦੀਆਂ ਭਾਵਨਾਵਾਂ ਵਿਚ ਸ਼ਰੀਕ ਹੋ ਜਾਂਦੀ ਹੈ। ਇਹੀ ਜਜ਼ਬਾ ਹੈ, ਜੋ ਮਨੁੱਖ ਨੂੰ ਮਨੁੱਖ ਅਤੇ ਮਾਨਵੀ ਚੇਤਨਾ ਦਾ ਚਿਤੇਰਾ ਬਣਾਉਂਦਾ ਹੈ।
ਇਸੇ ਤਰ੍ਹਾਂ ਮਨੁੱਖ ਜਦੋਂ ਆਪਣੀ ਦਿਮਾਗੀ ਸਮਰੱਥਾ ਰੱਖਣ ਕਰਕੇ ਇਸ ਧਰਤੀ ਦੀਆਂ ਦੂਜੀਆਂ ਵਸਤਾਂ ‘ਤੇ ਆਪਣਾ ਅਧਿਕਾਰ ਸਥਾਪਿਤ ਕਰਕੇ ਉਨ੍ਹਾਂ ਦਾ ਸ਼ੋਸ਼ਣ ਕਰਦਾ ਹੈ ਤਾਂ ਅਜਿਹੀਆਂ ਵਧੀਕੀਆਂ ਸ਼ਸ਼ੀ ਦੇ ਕਾਵਿਕ-ਮਨ ਨੂੰ ਠੇਸ ਪਹੁੰਚਾਉਂਦੀਆਂ ਹਨ:
ਕਰਤਾਰੀ ਨੇ ਚੂਲੀ ਕੁ ਛੱਡ
ਸਾਰਾ ਦੁੱਧ ਹੀ ਚੋਅ ਲੀਤਾ
ਚੂਲੀ ਕੁ ਦੁੱਧ ਹੀ ਸੀ
ਭੁੱਖਾ ਬੱਛਾ ਸਾਰਾ ਦਿਨ
ਮਾਂ ਮਾਂ ਕਹਿੰਦਾ ਰਿਹਾ
ਕੁਝ ਪਰ੍ਹਾਂ ਗੜਵੀ ਦੁੱਧ ਦੀ ਭਰ ਕੇ
ਕਰਤਾਰੀ ਦਾ ਪੁੱਤ ਗਟ ਗਟ ਕਰਦਾ ਪੀ ਗਿਆ
ਤੇ ਮਾਂ ਉਹਨੂੰ ਹੋਰ ਪੀਣ ਨੂੰ ਆਖ ਰਹੀ ਸੀ
ਸੰਗਲ ਬੱਝੀ ਮਾਂ ਸੰਗਲ ਬੱਝੇ ਪੁੱਤ ਨੂੰ
ਮਮਤਾ ਨਾਲ ਵੇਂਹਦੀ ਹੈ
ਤੇ ਥਾਂ ਥਾਂ ਬੋਲੀ ਵਿਚ ਫਿਰ ਹੌਸਲਾ ਦਿੰਦੀ ਹੈ
ਇਸ ਤੋਂ ਵੱਧ ਉਹ ਕਰ ਵੀ ਕੀ ਸਕਦੀ ਹੈ?
ਤਾਕਤ ਜ਼ੁਲਮ ਢਾਹੁੰਦੀ ਹੈ
ਮਜਬੂਰੀ ਬਰਦਾਸ਼ਤ ਕਰਦੀ ਹੈ।
ਇਸ ਤਾਕਤ ਦੇ ਕਈ ਰੂਪ ਹਨ। ਪ੍ਰੋ. ਪੂਰਨ ਸਿੰਘ ਨੇ ਇਨ੍ਹਾਂ ਸਾਰੀਆਂ ਸਥਿਤੀਆਂ ਨੂੰ ਵੇਖ ਕੇ ਹੀ ਕਿਹਾ ਸੀ ਕਿ ਮਨੁੱਖੀ ਜੀਵਨ ਵਿਚ ਏਨੀਆਂ ਗਿਰਾਵਟਾਂ ਆ ਚੁਕੀਆਂ ਹਨ, ਇਸ ਲਈ ਉਹ ਪਸੂ ਬਣਨ ਨੂੰ ਬਿਹਤਰ ਸਮਝਣ ਲੱਗ ਪਿਆ ਹੈ।
ਇਸ ਨਿੱਕੀ ਜਿਹੀ ਕਵਿਤਾ ਰਾਹੀਂ ਉਸ ਨੇ ਨਾਰੀਵਾਦ ਦੇ ਸਿਧਾਂਤ ਨੂੰ ਸਹਿਜ ਨਾਲ ਹੀ ਪੇਸ਼ ਕਰ ਦਿੱਤਾ ਹੈ। ਆਪਣੇ ਕਾਵਿਕ ਤਰਕ ਨਾਲ ਆਪਣੇ ਉਚਾਰ ਨੂੰ ਸ਼ਸ਼ੀ ਪ੍ਰਭਾਵਸ਼ਾਲੀ ਬਣਾ ਦਿੰਦੀ ਹੈ:
ਉਸ ਔਰਤ ਨੂੰ
ਚਿੜੀ, ਵੇਸਵਾ, ਦੇਵੀ, ਗਾਂ
ਤੇ ਸੁਲਫੇ ਦੀ ਲਾਟ ਬਣਾਇਆ
ਹੁਣ ਔਰਤ ਨੇ
ਆਮ ਇਨਸਾਨ ਬਣਨਾ ਹੈ।
ਨਾਰੀਵਾਦੀ ਲਹਿਰ ਦਾ ਮੁਢਲਾ ਅਸੂਲ ਇਹ ਸੀ ਕਿ ਔਰਤ ਨੂੰ ਨਹੀਂ, ਸਗੋਂ ਮਾਲਵੀ ਹੋਂਦ ਦੇ ਤੌਰ ‘ਤੇ ਸਮਝਿਆ ਜਾਵੇ।
ਸ਼ਸ਼ੀ ਸਮੁੰਦਰਾ ਦੇ ਸੁਭਾਅ ਵਿਚ ਅਲਬੇਲਾਪਨ ਹੈ ਅਤੇ ਇਹ ਅਲਬੇਲਾਪਨ ਉਸ ਨੂੰ ਪ੍ਰੋ. ਪੂਰਨ ਸਿੰਘ ਅਤੇ ਪ੍ਰਕਿਰਤੀਵਾਦੀ ਕਵੀਆਂ ਨਾਲ ਜੋੜਦਾ ਹੈ। ਉਸ ਦਾ ਉਹ ਅਲਬੇਲਾਪਨ ਉਸ ਵਿਚ ਬੱਝੀ ਹੋਈ ਪਰੰਪਰਾਗਤ ਅਤੇ ਪਿਛਾਂਹ ਖਿੱਚੂ ਔਰਤ ਨਾਲੋਂ ਨਿਖੇੜਦਾ ਹੈ:
ਅਲਬੇਲਾ ਮਨ
ਪੰਛੀਆਂ ਨੂੰ ਟਾਹਣੀਏ ਬਹਿੰਦੇ, ਚਹਿਕਦੇ
ਅਸਮਾਨੀ ਉਡਦੇ ਤਕਦਾ ਹੈ
ਉਨ੍ਹਾਂ ਦੀ ਰੀਸੇ ਅਲਬੇਲਾ ਮਨ
ਅਸਮਾਨੀ ਉਡਣ ਲਗਦਾ ਹੈ…।
ਹੇ ਮੇਰੇ ਅਲਬੇਲੇ ਮਨ
ਤੂੰ ਔਰਤ ਦੇ ਜਿਸਮ ‘ਚ ਰਹਿੰਦਾ ਹੈ
ਕਦੇ ਕਦੇ ਕਿਸੇ ਸਾਊ ਔਰਤ ਦੀ
ਰੀਸ ਵੀ ਕਰ ਲਿਆ ਕਰ।
ਦੂਜੇ ਪੰਜਾਬੀ ਸਾਹਿਤਕਾਰਾਂ ਵਾਂਗ ਹੀ ਸ਼ਸ਼ੀ ਵੀ ਸਰੀਰਕ ਤੌਰ ‘ਤੇ ਭਾਵੇਂ ਅਮਰੀਕਾ ਵਿਚ ਵਸਦੀ ਹੈ, ਪਰ ਉਸ ਦਾ ਮਨ ਦੇਸ਼ ਅਤੇ ਮਾਤਭੂਮੀ ਨਾਲ ਅਨਿੱਖੜ ਰੂਪ ਵਿਚ ਜੁੜਿਆ ਰਹਿੰਦਾ ਹੈ। ਸ਼ਸ਼ੀ ਦਾ ਕਹਿਣਾ ਹੈ ਕਿ ਅਮਰੀਕਾ ਆ ਕੇ ਮੈਂ ਬਦਲੀ ਨਹੀਂ ਹਾਂ। ਉਵੇਂ ਹੀ ਹਾਂ, ਜਿਵੇਂ ਪੰਜਾਬ ਵਿਚ ਸਾਂ। ਇਥੇ ਪਹੁੰਚ ਕੇ ਉਸ ਦਾ ਗਿਆਨ ਅਤੇ ਅਨੁਭਵ ਦਾਇਰਾ ਵਿਸਤ੍ਰਿਤ ਹੋਇਆ ਹੈ। ਪੰਜਾਬ ਸੰਕਟ ਬਾਰੇ ਉਸ ਦੀ ਕਵਿਤਾ “ਫਿਰ ਤੋਂ” ਮਹੱਤਵਪੂਰਨ ਹੈ। ਇਸ ਸੰਕਟ ਅਤੇ ਦੁਖਾਂਤ ਨੂੰ ਉਹ ਕਾਲੀ ਹਨੇਰੀ ਦੇ ਰੂਪਕ ਵਜੋਂ ਗਰਦਾਨਦੀ ਹੈ, ਪਰ ਉਸ ਨੂੰ ਇਹ ਵੀ ਵਿਸ਼ਵਾਸ ਸੀ ਕਿ ਪ੍ਰਕਿਰਤੀ ਦੀਆਂ ਰੁੱਤਾਂ, ਬਹਾਰਾਂ, ਮੌਸਮਾਂ ਵਾਂਗ ਇਸ ਆਰਜ਼ੀ ਹਨੇਰੀ ਨੇ ਵੀ ਅਲੋਪ ਹੋ ਜਾਣਾ ਹੈ। ਉਹ ਲਿਖਦੀ ਹੈ:
ਏਥੇ ਏਸ ਸਾਡੇ ਰੁੱਖੜੇ ‘ਤੇ
ਕਈ ਬੋਲੀਆਂ ਤੇ ਰੰਗਾਂ ਦੇ
ਬੜੇ ਹੀ ਪੰਛੀ ਰਹਿੰਦੇ ਸਨ…।
ਪਰ ਇਕ ਵਾਰੀ, ਕਾਲੀ ਬੋਲੀ ਰਾਤ ਨੂੰ
ਸ਼ੂਕਦੀ ਚੜ੍ਹ ਹਨੇਰੀ ਆਈ…।
ਵਕਤ ਦੇ ਨਾਲ ਫਿਰ ਬਹਾਰ ਨੇ ਮੁੜਨਾ ਸੀ
ਹਨੇਰੀ ਨੇ ਕਦੇ ਤਾਂ ਥੰਮਣਾ ਹੁੰਦਾ ਹੈ।
ਇਸੇ ਤਰ੍ਹਾਂ ਪਰਵਾਸ ਵਿਚ ਰਹਿੰਦਿਆਂ ਪੰਜਾਬ ਬਾਰੇ “ਆਪਣੇ ਨਾਨਕੇ ਦੇਸ ਵਿਚ” ਕਵਿਤਾ ਵਿਚ ਜਿਹੜੇ ਜਜ਼ਬਾਤ ਪੇਸ਼ ਹੋਏ ਹਨ, ਉਹ ਆਪਣੇ ਦੇਸ਼ ਪ੍ਰਤੀ ਹਰ ਇਕ ਨਾਗਰਿਕ ਦੇ ਇਕੋ ਜਿਹੇ ਹਨ। ਮਾਤ ਭੂਮੀ ਵਿਚ ਸੈਆਂ ਔਗੁਣ ਹੋ ਸਕਦੇ ਹਨ, ਨਵੇਂ ਦੇਸ਼ ਵਿਚ ਸੈਆਂ ਗੁਣ ਹੋ ਸਕਦੇ ਹਨ, ਪਰ ਜੋ ਪਿਆਰ ਮਾਤ-ਭੂਮੀ ਲਈ ਹੁੰਦਾ ਹੈ, ਉਹ ਸਦੀਵੀਂ ਪਿਆਰ ਪਰਵਾਸੀ ਦੇ ਮਨ ਵਿਚ ਹਮੇਸ਼ਾ ਮਿਲਣੀ ਦੇ ਤਰਾਨੇ ਛੇੜਦਾ ਰਹਿੰਦਾ ਹੈ। ਤਨ ਪਰਵਾਸ ਵਿਚ ਰਹਿੰਦਾ ਹੈ, ਪਰ ਮਨ ਸਦਾ ਆਪਣੀ ਸੰਸਕ੍ਰਿਤੀ ਨਾਲ ਬੱਝਾ ਰਹਿੰਦਾ ਹੈ। ਅੰਡੇਮਾਨ ਦੇ ਜੰਗਲਾਂ ਵਿਚ ਨਿਰਵਸਤਰ ਰਹਿਣ ਵਾਲੇ ਆਦਿ ਵਾਸੀਆਂ ਨੂੰ ਅਕਸਰ ਸ਼ਹਿਰ ਦੀ ਰਮਣੀਕਤਾ ਵਿਚ ਲਿਆ ਕੇ ਵਸਤਰ ਪੁਆ ਦਿੱਤੇ ਜਾਂਦੇ ਹਨ, ਪਰ ਉਨ੍ਹਾਂ ਦਾ ਉਥੇ ਮਨ ਨਹੀਂ ਲੱਗਦਾ, ਉਹ ਜੰਗਲ ਵਿਚ ਸਾਥੀਆਂ ਪਾਸ ਰਹਿਣ ਨੂੰ ਪਹਿਲ ਦਿੰਦੇ ਹਨ, ਇਹ ਮਨ ਦਾ ਅਲਬੇਲਾਪਨ ਹੈ:
ਉਹ ਮੈਨੂੰ ਪੁਛਣਗੀਆਂ
ਮਾਮ ਅਸਾਂ ਇੰਡੀਆ ਮੁੜ ਕਦੋਂ ਜਾਣਾ ਹੈ?
ਸੁਣ, ਮੈਂ ਖਿੜ ਖਿੜਾ ਕੇ ਹੱਸਾਂਗੀ
ਤੇ ਫੇਰ ਅਸੀਂ ਸਲਾਹ ਬਣਾਉਣ ਬਹਿ ਜਾਣਾ ਹੈ
ਤੇ ਛੇਤੀ ਮੁੜ, ਉਨ੍ਹਾਂ ਦੇ ਨਾਨਕੇ ਦੇਸ਼ ਕਦੋਂ ਜਾਣਾ ਹੈ?
ਇਸੇ ਤਰ੍ਹਾਂ ਪਰਵਾਸੀ ਮਨ ਵੀ ਐਲਿਕਸ ਹੀਲੇ ਦੇ ਨਾਵਲ ‘ਰੂਟਸ’ ਦੇ ਪਾਤਰਾਂ ਵਾਂਗ ਆਪਣੀਆਂ ਜੜ੍ਹਾਂ ਦੀ ਤਲਾਸ਼ ਵਿਚ ਰਹਿੰਦਾ ਹੈ। ਸ਼ਸ਼ੀ ਸਮੁੰਦਰਾ ਨੇ ਔਰਤ ਮਨ ਦੀਆਂ ਵਿਭਿੰਨ ਪਰਤਾਂ ਫਰੋਲੀਆਂ ਹਨ। ਇਹ ਪਰਤਾਂ ਗੌਤਮ ਬੁੱਧ ਦੇ ਵਿਯੋਗ ਵਿਚ ਯਸ਼ੋਧਾ ਦੇ ਮਨ ਦੀਆਂ ਹਨ। ਪੰਜਾਬੀ ਦੀਆਂ ਲਗਭਗ ਸਾਰੀਆਂ ਹੀ ਆਧੁਨਿਕ ਕਵਿਤਰੀਆਂ ਨੇ ਯਸ਼ੋਧਾ ਦੇ ਵਿਯੋਗ ਦੀ ਅਵਸਥਾ ਵਿਚ ਉਸ ਦੀ ਮਾਨਸਿਕ ਹਾਲਤ ਨੂੰ ਬਿਆਨ ਕੀਤਾ ਹੈ। ਮੇਰੇ ਮਨ ਵਿਚ ਆਉਂਦਾ ਹੈ ਕਿ ਜੇ ਗੌਤਮ ਆਪਣੇ ਗ੍ਰਹਿਸਥੀ ਜੀਵਨ ਤੋਂ ਪਹਿਲਾਂ ਤਿਆਗੀ ਬਣ ਜਾਂਦਾ ਤਾਂ ਫਿਰ ਕੀ ਹੋਣਾ ਸੀ? ਫਿਰ ਮਨ ਵਿਚੋਂ ਇਹ ਜੁਆਬ ਆਉਂਦਾ ਹੈ ਕਿ ਫਿਰ ਗੌਤਮ ਦੀ ਮਾਤਾ ਮਾਇਆ ਦੇਵੀ ਨੇ ਵੀ ਇੱਛਰਾਂ ਦੀ ਅਵਸਥਾ ਵਿਚ ਪਹੁੰਚ ਜਾਣਾ ਸੀ। ਵਿਯੋਗ ਬੇਸ਼ੱਕ ਮਾਂ-ਪੁੱਤਰ ਦਾ ਹੋਵੇ, ਮਾਂ-ਧੀ ਦਾ ਹੋਵੇ, ਪਤੀ-ਪਤਨੀ ਦਾ ਹੋਵੇ ਜਾਂ ਪ੍ਰੇਮੀ-ਪ੍ਰੇਮਿਕਾ ਦਾ ਜਾਂ ਦੇਸ਼ ਦਾ, ਇਹ ਦੁਖਾਂਤ ਦਾ ਹੀ ਇਕ ਰੂਪ ਹੈ, ਬੇਸ਼ੱਕ ਆਪ ਸਹੇੜਿਆ ਹੋਵੇ ਜਾਂ ਮਜਬੂਰੀ ਹੋਵੇ-ਵਿਯੋਗ ਵਿਯੋਗ ਹੀ ਹੈ। ਗੌਤਮ ਬੁੱਧ ਦੀ ਉਪਰੋਕਤ ਕਥਾ ਰਾਹੀ ਯਸ਼ੋਧਾ ਦੇ ਵਿਯੋਗ ਨੂੰ ਸ਼ਸ਼ੀ ਨੇ ਦੇ ਕਾਵਿ-ਰਚਨਾਵਾਂ ਵਿਚ ਪੇਸ਼ ਕੀਤਾ ਹੈ:
“ਮਾਂ ਇਕ ਕਹਾਣੀ ਦੱਸਾਂ ਤੈਨੂੰ?” ਪੁੱਛਦਾ ਹੈ ਪੁੱਤਰ
“ਹਾਂ” ਆਖ ਕੰਨ ਲਾ ਸੁਣਦੀ ਹੈ ਉਹ।
“ਇਕ ਵਾਰੀ ਦੀ ਗੱਲ ਹੈ: ਇਕ ਬੜੀ ਸੁਨੱਖੀ
ਬੜੀ ਪਿਆਰੀ ਸੀ ਰਾਜ ਕੁਮਾਰੀ
ਇਕ ਰਾਜ ਕੁਮਾਰ ਨਾਲ ਵਿਆਹੀ ਗਈ।
ਰਾਜ ਕੁਮਾਰੀ ਦੇ ਬੱਚਾ ਹੋਇਆ
ਤਾਂ ਇਕ ਰਾਤ, ਉਹ ਰਾਜ ਕੁਮਾਰ,
ਉਨ੍ਹਾਂ ਦੋਹਾਂ ਨੂੰ ਸੁੱਤਿਆਂ ਛੱਡ
ਦੂਰ ਜੰਗਲ ਨੂੰ ਤੁਰ ਗਿਆ।
ਉਡੀਕਦੀ ਰਹੀ ਉਹ ਰਾਜ ਕੁਮਾਰੀ,
ਬੱਚੇ ਨੂੰ ਛਾਤੀ ਨਾਲ ਲਾਈ ਮੁੱਦਤ ਤਕ
ਤੇ ਜਦ ਉਹ ਮੁੜਿਆ
ਤਾਂ ਬਸ, ਕੋਈ ਆਪਣੀ ਹੀ ਜਿੱਤ ਜਿੱਤਣ ਲਈ।
ਉਦੋਂ ਉਹ ਨਾ ਕਿਸੇ ਦਾ ਬਾਪ ਸੀ, ਨਾ ਸਿਰ ਦਾ ਸਾਈਂ
ਸੁਣਦੀ ਹੈ ਮਾਂ? ਜਾਂ ਸੌ ਗਈ ਹੈ?
ਸੁਣਨੋਂ ਹੱਟ ਗਈ ਸੀ ਉਹ
ਉਨ੍ਹਾਂ ਬੋਲਾਂ ਨੂੰ, ਉਸ ਕਹਾਣੀ ਨੂੰ
ਉਹਦੀ ਸੋਚ ਵਿਚ, ਇਕ ਬੱਚੇ ਦੇ ਹੰਝੂ ਸਨ
ਉਹਦੀਆਂ ਸਿਸਕੀਆਂ ਸਨ
ਤੇ ਉਹਨੂੰ ਵਰਚਾਉਂਦੀ
ਉਹ ਆਪ ਰੌਣ ਲੱਗ ਪਈ ਸੀ।

ਇਕ ਮੁੱਦਤ ਬਾਅਦ
ਠੂਠਾ ਚੁੱਕੀ, ਭਗਵੇਂ ਕੱਪੜੀਂ
ਮਹਿਲਾਂ ਨੂੰ ਮੁੜਦਾ ਹੈ
ਗੌਤਮ ਬੁੱਧ
ਰਾਹੁਲ ਦਾ ਹੱਥ ਫੜ
ਖੁਸ਼ੀ ਦੀ ਮਾਰੀ
ਬੂਹੇ ਵਲ ਨੱਸਦੀ ਹੈ ਯਸ਼ੋਧਾ
ਪਰ ਉਹ ਤਾਂ ਭਿੱਖਿਆ ਮੰਗ
ਪਹਿਲਾ ਹੀ ਜਾ ਚੁਕਾ ਹੈ
ਡਿੱਗ ਪੈਂਦੀ ਹੈ ਯਸ਼ੋਧਾ
ਕੋਲ ਬੈਠਾ ਮਾਂ ਦੇ ਹੰਝੂ ਪੂੰਝਦਾ
ਧਰਵਾਸ ਦਿੰਦਾ ਹੈ ਪੁੱਤਰ
ਜਾਣ ਦੇ ਮਾਂ
ਬਣਿਆ ਰਹਿਣ ਦੇ ਉਹਨੂੰ ਤੂੰ
ਮਹਾਤਮਾ ਬੁੱਧ।
ਮੈਂ ਤੇਰਾ ਪੁੱਤ ਵੀ ਤੇ ਸਿਰ ਦਾ ਸਾਈਂ ਵੀ।
ਇਨ੍ਹਾਂ ਦੋਹਾਂ ਕਾਵਿ-ਕਿਰਤਾਂ ਦੇ ਹਵਾਲਿਆਂ ਰਾਹੀਂ ਯਸ਼ੋਧਾ ਦੇ ਮਨ ਦੀ ਵਿਯੋਗੀ ਅਵਸਥਾ ਬਹੁਤ ਹੀ ਪ੍ਰਮਾਣਕ ਰੂਪ ਵਿਚ ਪ੍ਰਗਟ ਹੋਈ ਹੈ। ਨਾਰੀ ਨੇ ਨਾਰੀ ਦੇ ਮਨ ਦੀ ਅਵਸਥਾ ਨੂੰ ਬਹੁਤ ਹੀ ਸੰਵੇਦਨਸ਼ੀਲਤਾ ਨਾਲ ਪਕੜਿਆ ਹੈ। ਅੰਤ ਵਿਚ ਜੋ ਪੁੱਤਰ ਵਲੋਂ ਯਸ਼ੋਧਾ ਨੂੰ ਇਹ ਧਰਵਾਸ ਦਿੱਤਾ ਜਾਂਦਾ ਹੈ, ‘ਤੇਰਾ ਪੁੱਤਰ ਵੀ ਅਤੇ ਸਿਰ ਦਾ ਸਾਈਂ ਵੀ।’ ਇਹ ਤਰਕ ਵਿਹਾਰਕ ਪੱਧਰ ‘ਤੇ ਨਹੀਂ ਮੰਨਿਆ ਜਾ ਸਕਦਾ, ਕਿਉਂਕਿ ਦੁਨੀਆਂ ਭਰ ਦੀ ਕਿਸੇ ਵੀ ਸੰਸਕ੍ਰਿਤੀ ਵਿਚ ਪੁੱਤਰ ਮਾਂ ਦੇ ਸਿਰ ਦਾ ਸਾਈਂ ਨਹੀਂ ਹੋ ਸਕਦਾ, ਪੁੱਤਰ ਹੈ ਅਤੇ ਉਹ ਆਪਣੀ ਮਾਂ ਦਾ ਸਹਾਰਾ ਹੋ ਸਕਦਾ ਹੈ ਭਾਵ ਮਾਂ ਦੀ ਡੰਗੋਰੀ। ਸ਼ਸ਼ੀ ਦਾ ਕਾਵਿਕ ਤਰਕ ਅਤੇ ਦੇਸ਼ ਦੀ ਮਾਸੂਮ ਔਰਤ ਲਈ ਕਵਿਤਰੀ ਦਾ ਕਹਿਣਾ ਦਰੁਸਤ ਹੈ।
ਸ਼ਸ਼ੀ ਸਮੁੰਦਰਾ ਨੇ ਕੁਝ ਕਵਿਤਾਵਾਂ ਨਿਮਨ ਵਰਗ ਦੇ ਦੁਖਾਂਤ ਨੂੰ ਚਿਤਰਨ ਵਾਲੀਆਂ ਵੀ ਰਚੀਆਂ ਹਨ। ਇਨ੍ਹਾਂ ਵਿਚ “ਉਹ”, “ਇਕ ਰੁਪਈਆ”, “ਗੌਰਾਂ ਤੇ ਤਾਰਾਂ”, “ਭਵਿੱਖ”, “ਅਸਲੀ ਵਾਰੀ” ਆਦਿ ਖਾਸ ਧਿਆਨ ਦੀ ਮੰਗ ਕਰਦੀਆਂ ਹਨ। ਇਨ੍ਹਾਂ ਨਾਲ ਜੀਵਨ ਵਿਚ ਘੋਰ ਬੇਇਨਸਾਫੀ ਹੁੰਦੀ ਹੈ ਅਤੇ ਇਨ੍ਹਾਂ ਨੂੰ ਆਪਣੀ ਮਿਹਨਤ ਦਾ ਇਵਜ਼ਾਨਾ ਨਹੀਂ ਮਿਲਦਾ। ਪੀੜ੍ਹੀ-ਦਰ-ਪੀੜ੍ਹੀ ਇਹ ਨਿਮਨ ਵਰਗ-ਜਮਾਤ ਗੁਰਬਤ ਤੋਂ ਗਰਬਤ ਤਕ ਦਾ ਸਫਰ ਕਰਦੀ ਹੈ। ਸਮਾਜਵਾਦੀ ਨਿਜ਼ਾਮ ਸੰਸਾਰ ਵਿਚ ਸਥਾਪਿਤ ਨਹੀਂ ਹੋ ਸਕਿਆ ਅਤੇ ਪੂਰੇ ਦਾ ਪੂਰਾ ਵਿਸ਼ਵ ਪੂੰਜੀਵਾਦੀ ਨਿਜ਼ਾਮ ਦੇ ਕੰਟਰੋਲ ਵਿਚ ਹੋਣ ਕਰਕੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਹੱਕ ਪ੍ਰਾਪਤ ਨਹੀਂ ਹੋ ਸਕੇ। ਸ਼ਸ਼ੀ ਦੀ ਇਸ ਜਮਾਤ ਨਾਲ ਗਹਿਰੀ ਸਹਾਨਭੂਤੀ ਹੈ। ਸਾਹਿਤਕਾਰ ਹਮੇਸ਼ਾ ਹੀ ਜ਼ੁਲਮ ਸਹਿ ਰਹੇ ਬੰਦੇ ਦੀ ਅਵਾਜ਼ ਬਣਦਾ ਹੈ। ਪੰਜਾਬੀ ਕਵਿਤਾ ਦੀ ਮਹਾਨਤਾ ਹੀ ਇਸ ਗੱਲ ਵਿਚ ਹੈ ਕਿ ਇਹ ਸਾਰੇ ਦਾ ਸਾਰਾ ਨਿਮਨ ਵਰਗ ਦੇ ਦੁਖਾਂਤ ਦਾ ਬੋਲ ਬਣਦਾ ਹੈ। ਸ਼ਸ਼ੀ ਦੀਆਂ ਕਵਿਤਾਵਾਂ ਵਿਚੋਂ ਹੇਠ ਲਿਖੀਆਂ ਮਿਸਾਲਾਂ ਦੇਣੀਆਂ ਉਚਿਤ ਹਨ:
ਪੈਂਦੇ ਮੀਂਹ ਵਿਚ, ਸੜਕ ਕਿਨਾਰੇ
ਇਕ ਪੇੜ ਦੇ ਥੱਲੇ
ਢਿੱਡ ‘ਚ ਲੱਤਾਂ ਦੇ ਕੇ
ਕੰਬਦਾ, ਉਹ ਸੁੱਤਾ ਪਿਆ ਸੀ।

ਇਤਿਹਾਸ ਵਿਚ ਉਹ ਹੋਏ ਨਾ ਹੋਏ
ਪਰ, ਤੁਸੀਂ ਆਪਣੀਆਂ ਸਿਮਰਿਤੀਆਂ ਵਿਚ
ਸ਼ਾਹ ਜਹਾਨ ਤੇ ਮੁਮਤਾਜ ਦੀ ਥਾਂ
ਰੱਖ ਲੈਣੇ ਮਨ ਮਰਜ਼ੀ ਦੇ ਨਾਂ
ਅਨਵਰ ਤੇ ਹੁਸਨਾ
ਮੰਗੂ ਰਾਮ ਤੇ ਚੰਨੀ
ਤੇ ਤਾਜ ਮਹਿਲ ਦੀ ਥਾਂ ਕਹਿ ਲੈਣਾ
ਇਹਨੂੰ ਬੇਨਾਮ ਮਜ਼ਦੂਰ।
ਇਸੇ ਤਰ੍ਹਾਂ ਰੋਬੋਟ ਅਤੇ ਵਿਗਿਆਨ ਦੀਆਂ ਹੋਰਾਂ ਕਾਢਾਂ ਨਾਲ ਆਧੁਨਿਕ ਸਮੇਂ ਵਿਚ ਮਜ਼ਦੂਰਾਂ ਦੇ ਕਿੱਤੇ ਨੂੰ ਵੱਡੀ ਠੇਸ ਪੁੱਜੀ ਹੈ। ਲੱਖਾਂ-ਕਰੋੜਾਂ ਮਜ਼ਦੂਰ ਕਿਰਤ ਤੋਂ ਵਿਹਲੇ ਹੋ ਗਏ ਹਨ, ਪਰ ਸਰਮਾਏਦਾਰ ਨੂੰ ਮਜ਼ਦੂਰਾਂ ਦੇ ਦੁਖਾਂਤ ਦਾ ਅਹਿਸਾਸ ਨਹੀਂ ਹੈ, ਉਹ ਤਾਂ ਹਮੇਸ਼ਾ ਆਪਣੇ ਹੀ ਮੁਨਾਫੇ ਬਾਰੇ ਸੋਚਦਾ ਹੈ। ਸਾਹਿਤਕਾਰ ਹੀ ਇਕ ਅਜਿਹਾ ਸ਼ਖਸ ਹੁੰਦਾ ਹੈ, ਜੋ ਆਪਣੇ ਆਲੇ-ਦੁਆਲੇ ਦੇ ਅਤੇ ਆਉਣ ਵਾਲੇ ਸੰਭਾਵੀਂ ਸੰਕਟਾਂ ਤੋਂ ਸੁਚੇਤ ਹੁੰਦਾ ਹੈ ਤੇ ਸਮਾਜਕ ਕਟਹਿਰੇ ਵਿਚ ਖਲੋ ਕੇ ਆਪਣੇ ਬੋਲ ਉਚਾਰਦਾ ਹੈ।
ਸ਼ਸ਼ੀ ਸਮੁੰਦਰਾ ਕਾਵਿ ਦੀ ਰੂਪਗਤ ਵਿਸ਼ੇਸ਼ਤਾ ਇਹ ਹੈ ਕਿ ਉਹ ਪੰਜਾਬੀ ਕਵਿਤਾ ਦੀ ਮਹਾਨ ਪਰੰਪਰਾ ਦੀ ਸੁਖੈਨ-ਸ਼ੈਲੀ ਨੂੰ ਆਪਣੇ ਪ੍ਰਗਟਾਵੇ ਦਾ ਅੰਗ ਬਣਾਉਂਦੀ ਹੈ। ਇਥੋ ਤੱਕ ਕਿ ਬਾਤਾਂ ਸੁਣਨ-ਸੁਣਾਉਣ ਦੇ ਮੋਟਿਫਾਂ ਨੂੰ ਆਪਣੀਆਂ ਕਵਿਤਾਵਾਂ ਵਿਚ ਪ੍ਰਵਾਹਮਾਨ ਕਰਦੀ ਹੈ। ਉਸ ਦੀਆਂ ਕਵਿਤਾਵਾਂ ਵਿਚ ਕਿਧਰੇ ਨਿੱਕੇ ਨਿੱਕੇ ਬਿਰਤਾਂਤਾਂ ਦਾ ਰਸ ਅਤੇ ਕਿਧਰੇ ਨਾਟਕੀ ਕਿਰਦਾਰਾਂ ਦੀ ਆਮਦ ਸੰਵਾਦੀ ਲਹਿਜ਼ੇ ਵਿਚ ਪ੍ਰਗਟ ਹੁੰਦੀ ਹੈ। ਸੋ, ਉਸ ਦੀਆਂ ਕਵਿਤਾਵਾਂ ਕਥਾਤਮਕ, ਨਾਟਕੀ ਅਤੇ ਏਕਾਲਾਪੀ ਸੁਭਾਅ ਦੀਆਂ ਅਨੁਸਾਰੀ ਹਨ। ਸ਼ਸ਼ੀ ਭਾਵੇਂ ਕਿਸੇ ਛੰਦਾ ਬੰਦੀ ਦੇ ਬਾਹਰੀ ਕਾਵਿਕ ਲਿਬਾਸ ਨੂੰ ਨਹੀਂ ਅਪਨਾਉਂਦੀ; ਜਿਵੇਂ ਪ੍ਰੋ. ਪੂਰਨ ਸਿੰਘ ਨੂੰ ਕਵਿਤਾ ਦੀ ਨਵਾਬੀ ਜੁੱਤੀ ਦੀ ਕੈਦ ਪਸੰਦ ਨਹੀ; ਇਸੇ ਤਰ੍ਹਾਂ ਸ਼ਸ਼ੀ ਆਪਣੇ ਕਾਵਿਕ-ਸੁਭਾਅ ਅਨੁਸਾਰ ਮੁਕਤ ਕਾਵਿ ਦੇ ਰੂਪਾਕਾਰ ਨੂੰ ਅਪਨਾਉਂਦੀ ਹੈ। ਉਂਜ ਉਸ ਪਾਸ ਰਚਨਾਤਮਕ ਸ਼ਕਤੀ ਦਾ ਸੋਮਾ ਏਨਾ ਪ੍ਰਭਾਵਸ਼ਾਲੀ ਅਤੇ ਤੀਬਰ ਹੈ ਕਿ ਉਹ ਰੂਪਕਾਂ/ਉਪਮਾਵਾਂ ਦੀ ਸ਼ਿਵ ਕੁਮਾਰ ਵਾਂਗ ਲੜੀ ਲਾ ਦਿੰਦੀ ਹੈ; ਇਸ ਵਿਧੀ ਦੀ ਵਰਤੋਂ ਕਰਨ ਕਰਕੇ ਉਹ ਪ੍ਰਗੀਤਕ ਸੁਭਾ ਦੀ ਸ਼ਾਇਰਾ ਬਣ ਜਾਂਦੀ ਹੈ।
ਸ਼ਸ਼ੀ ਸਮੁੰਦਰਾ ਦੀ ਕਾਵਿ-ਰਚਨਾ ਦਾ ਪਾਠ-ਅਧਿਐਨ ਕਰਨ ਉਪਰੰਤ ਉਸ ਨੂੰ ਨਾਰੀ-ਲੇਖਿਕਾ ਦੇ ਸੀਮਾ ਬੱਧ ਦਾਇਰੇ ਤੱਕ ਨਹੀਂ ਘਟਾਇਆ ਜਾ ਸਕਦਾ। ਅਮਰੀਕੀ ਪੰਜਾਬੀ ਕਵਿਤਾ ਦੇ ਇਤਿਹਾਸ ਵਿਚ ਉਹ ਪਹਿਲੀ ਸ਼ਾਇਰਾ ਹੈ, ਜਿਸ ਨਾਲ ਇਸਤਰੀ ਪੰਜਾਬੀ ਕਵਿਤਾ ਦੀ ਪਰੰਪਰਾ ਤੁਰਦੀ ਹੈ। ਬਾਅਦ ਵਿਚ ਭਾਵੇਂ ਰਾਣੀ ਨਗਿੰਦਰ, ਨੀਲਮ ਸੈਣੀ, ਜਸਵੀਰ, ਸੁਰਜੀਤ, ਅਵਨੀਤ ਸੰਧੂ, ਗੁਲਸ਼ਨ ਦਿਆਲ ਅਤੇ ਹੋਰ ਕਵਿਤੀਆਂ ਵੀ ਖੇਤਰ ਵਿਚ ਪ੍ਰਵੇਸ਼ ਕਰ ਗਈਆਂ ਹਨ, ਪਰ ਬਲਵਾਨ ਕਾਵਿ ਪਰੰਪਰਾ ਦਾ ਆਗਾਜ਼ ਕਰਨ ਵਿਚ ਉਹ ਇਕ ਬੁਲੰਦ ਸ਼ਾਇਰਾ ਹੈ।