ਭਾਰਤੀ ਸਿਨਮਾ ਦੀ ਪਹਿਲੀ ਮਕਬੂਲ ਮਜ਼ਾਹੀਆ ਅਦਾਕਾਰਾ ਟੁਨਟੁਨ ਦਾ ਅਸਲ ਨਾਮ ਉਮਾ ਦੇਵੀ ਖੱਤਰੀ ਸੀ। ਟੁਨਟੁਨ ਉਸ ਦਾ ਫਿਲਮੀ ਨਾਮ ਸੀ ਜੋ ਮਸ਼ਹੂਰ ਸੰਗੀਤਕਾਰ ਨੌਸ਼ਾਦ ਅਲੀ ਨੇ ਦਿੱਤਾ ਸੀ। ਭਾਰੀ-ਭਰਕਮ ਸਰੀਰ ਵਾਲੀ ਉਮਾ ਦੇਵੀ ਹਿੰਦੀ ਅਤੇ ਪੰਜਾਬੀ ਫਿਲਮਾਂ ਲਈ ਕਾਮਯਾਬੀ ਦੀ ਜ਼ਮਾਨਤ ਸਮਝੀ ਜਾਂਦੀ ਸੀ। ਉਹ ਕੇਵਲ ਮਖੌਲੀਆ ਅਦਾਕਾਰਾ ਨਹੀਂ ਸੀ ਬਲਕਿ ਸੁਰੀਲੀ ਗਾਇਕਾ ਵੀ ਸੀ। ਉਸ ਨੇ ਆਪਣੇ ਕਲਾ-ਸਫਰ ਦਾ ਆਗਾਜ਼ ਗਾਇਕਾ ਵਜੋਂ ਕੀਤਾ ਸੀ ਅਤੇ ਬਾਅਦ ‘ਚ ਮਖੌਲੀਆ ਅਦਾਕਾਰਾ ਵਜੋਂ ਭਰਪੂਰ ਸ਼ੋਹਰਤ ਪਾਈ।
ਟੁਨਟੁਨ ਉਰਫ ਉਮਾ ਦੇਵੀ ਖੱਤਰੀ ਦੀ ਪੈਦਾਇਸ਼ 11 ਜੁਲਾਈ 1923 ਨੂੰ ਅਲੀਪੁਰ (ਦਿੱਲੀ) ਦੇ ਪੰਜਾਬੀ ਖੱਤਰੀ ਪਰਿਵਾਰ ਵਿਚ ਹੋਈ। ਬਾਲ ਉਮਰੇ ਪਿਤਾ ਦੀ ਮੌਤ ਹੋ ਜਾਣ ਦੇ ਬਾਅਦ ਉਸ ਦੀ ਪਰਿਵਰਸ਼ ਉਸ ਦੇ ਚਾਚੇ ਨੇ ਕੀਤੀ। ਉਮਾ ਦਾ ਇਕ ਛੋਟਾ ਭਰਾ ਹਰੀ ਸੀ ਜੋ ਰਾਮਲੀਲਾ ਵਿਚ ਅਦਾਕਾਰੀ ਕਰ ਕੇ ਪੈਸਾ ਕਮਾਉਂਦਾ ਸੀ। ਫਿਰ ਉਸ ਦੀ ਵੀ ਮੌਤ ਹੋ ਗਈ। ਚਾਚੇ ਨੇ ਉਸ ਨੂੰ ਸਕੂਲ ਨਹੀਂ ਭੇਜਿਆ। ਲਿਹਾਜ਼ਾ ਉਸ ਨੇ ਖੁਦ ਹੀ ਅੱਖਰ ਗਿਆਨ ਪ੍ਰਾਪਤ ਕੀਤਾ। ਬਚਪਨ ਤੋਂ ਸੰਗੀਤ ਨਾਲ ਡੂੰਘੀ ਮੁਹੱਬਤ ਹੋਣ ਸਦਕਾ ਉਸ ਨੇ ਰੇਡੀਓ ਤੋਂ ਸੰਗੀਤਕ ਤਾਲੀਮ ਹਾਸਲ ਕੀਤੀ, ਪਰ ਉਸ ਦੇ ਚਾਚਾ ਉਸ ਦੇ ਇਸ ਸ਼ੌਕ ਨੂੰ ਨਾ-ਪਸੰਦ ਕਰਦੇ ਸਨ।
ਇਕ ਦਿਨ ਦਿੱਲੀ ਵਿਚ ਉਮਾ ਦੀ ਮੁਲਾਕਾਤ ਐਕਸਾਈਜ਼ ਵਿਭਾਗ ਦੇ ਡਾਇਰੈਕਟਰ ਅਖਤਰ ਆਬਾਸ ਕਾਜ਼ੀ ਨਾਲ ਹੋਈ, ਜਿਸ ਨੇ ਉਸ ਨੂੰ ਹੌਸਲਾ ਅਤੇ ਸਹਾਰਾ ਦਿੱਤਾ। ਇਸੇ ਦੌਰਾਨ ਮੁਲਕ ਦੀ ਤਕਸੀਮ ਹੋ ਗਈ ਅਤੇ ਅਖਤਰ ਆਬਾਸ ਕਾਜ਼ੀ ਲਾਹੌਰ ਚਲੇ ਗਏ। ਵਕਤ ਦੀ ਝੰਬੀ ਤੇ ਤੰਗਦਸਤੀ ਦਾ ਸ਼ਿਕਾਰ ਉਮਾ ਦੇਵੀ ਗਾਇਕਾ ਬਣਨ ਦਾ ਖਾਬ ਸੰਜੋਏ ਬੰਬਈ ਤੁਰ ਗਈ। ਇੱਥੇ ਉਸ ਨੂੰ ਹਿਦਾਇਤਕਾਰ ਨਿਤਿਨ ਬੋਸ ਦੇ ਸਹਾਇਕ ਜਵਾਦ ਹੁਸੈਨ ਨੇ ਮਦਦ ਦਿੱਤੀ। ਵੰਡ ਵਾਲੇ ਸਾਲ ਹੀ ਇਕ ਦਿਨ ਅਖਤਰ ਆਬਾਸ ਕਾਜ਼ੀ ਵੀ ਚਿੱਤ ਨਾ ਲੱਗਣ ਸਦਕਾ ਲਾਹੌਰ ਛੱਡ ਬੰਬੇ ਪਰਤ ਆਏ, ਇੱਥੇ ਉਮਾ ਅਤੇ ਆਬਾਸ ਕਾਜ਼ੀ ਨੇ ਵਿਆਹ ਕਰਵਾ ਲਿਆ।
1947 ਉਮਾ ਦੇਵੀ ਦੇ ਕਲਾ-ਸਫਰ ਦਾ ਮੁਬਾਰਕ ਵਰ੍ਹਾ ਸਾਬਤ ਹੋਇਆ। ਇਸੇ ਸਾਲ ਜਦੋਂ ਅਬਦੁਲ ਰਸ਼ੀਦ ਕਾਰਦਾਰ ਨੇ ਆਪਣੇ ਫਿਲਮਸਾਜ਼ ਅਦਾਰੇ ਕਾਰਦਾਰ ਪ੍ਰੋਡਕਸ਼ਨਜ਼, ਬੰਬਈ ਦੇ ਬੈਨਰ ਹੇਠ ਆਪਣੀ ਹਿਦਾਇਤਕਾਰੀ ਵਿਚ ਹਿੰਦੀ ਫਿਲਮ ‘ਦਰਦ’ (1947) ਬਣਾਈ ਤਾਂ ਉਮਾ ਦੇਵੀ ਨੂੰ ਸ਼ਮਸ਼ਾਦ ਬੇਗ਼ਮ ਅਤੇ ਸੁਰੱਈਆ ਨਾਲ ਤੀਜੀ ਮੁੱਖ ਗਾਇਕਾ ਵਜੋਂ ਪੇਸ਼ ਕੀਤਾ। ਫਿਲਮ ‘ਚ ਲਾਹੌਰ ਦੀਆਂ ਦੋ ਪੰਜਾਬਣ ਮੁਟਿਆਰਾਂ ਸੁਰੱਈਆ ਤੇ ਮੁਨੱਵਰ ਸੁਲਤਾਨਾ ਅਦਾਕਾਰੀ ਕਰ ਰਹੀਆਂ ਸਨ, ਜਿਨ੍ਹਾਂ ਦੇ ਰੂਬਰੂ ਨੁਸਰਤ ਕਾਰਦਾਰ (ਭਰਾ ਏ. ਆਰ. ਕਾਰਦਾਰ) ਹੀਰੋ ਦਾ ਕਿਰਦਾਰ ਨਿਭਾ ਰਿਹਾ ਸੀ। ਨੌਸ਼ਾਦ ਅਲੀ ਦੇ ਸੰਗੀਤ ਵਿਚ ਸ਼ਕੀਲ ਬਦਾਯੂੰਨੀ ਦੇ ਲਿਖੇ ਫਿਲਮ ਦੇ 10 ਗੀਤਾਂ ‘ਚੋਂ ਤਿੰਨ ਏਕਲ ਗੀਤ ਤੇ ਇਕ ਦੋਗਾਣਾ ਗੀਤ ਉਮਾ ਦੇਵੀ ਦੇ ਹਿੱਸੇ ਆਇਆ। ਮੁਨੱਵਰ ਸੁਲਤਾਨਾ ‘ਤੇ ਫਿਲਮਾਏ ਇਹ ਗੀਤ ‘ਆਜ ਮਚੀ ਹੈ ਧੁਮ’, ‘ਯੇ ਕੌਨ ਚਲਾ’, ‘ਬੇਤਾਬ ਹੈ ਦਿਲ’ (ਨਾਲ ਸੁਰੱਈਆ), ਪਰ ਫਿਲਮ ਦੇ ਇਕ ਗੀਤ ‘ਅਫਸਾਨਾ ਲਿਖ ਰਹੀ ਹੂੰ ਦਿਲੇ ਬੇਕਰਾਰ ਕਾ, ਆਖੋਂ ਮੈਂ ਰੰਗ ਭਰ ਕੇ ਤੇਰੇ ਇੰਤਜ਼ਾਰ ਕਾ’ ਨੇ ਹੱਦ ਦਰਜਾ ਮਕਬੂਲੀਅਤ ਹਾਸਲ ਕੀਤੀ ਅਤੇ ਉਮਾ ਦੇਵੀ ਸਫਲਤਾ ਦੇ ਸਿਖਰ ‘ਤੇ ਪਹੁੰਚ ਗਈ। ਇਹ ਗੀਤ ਉਮਾ ਦੀ ਮਖਸੂਸ ਪਛਾਣ ਬਣ ਗਿਆ। ਕਾਰਦਾਰ ਪ੍ਰੋਡਕਸ਼ਨਜ਼ ਦੀ ਐਸ਼ ਯੂ. ਸਨੀ ਨਿਰਦੇਸ਼ਿਤ ਫਿਲਮ ‘ਨਾਟਕ’ (1947) ‘ਚ ਉਮਾ ਦੇਵੀ ਨੇ ਨੌਸ਼ਾਦ ਅਲੀ ਦੇ ਸੰਗੀਤ ਵਿਚ ਖੁਮਾਰ ਬਾਰਾਬੰਕਵੀ ਦਾ ਲਿਖਿਆ ਸਿਰਫ ਇਕ ਗੀਤ ਗਾਇਆ- ‘ਦਿਲ ਵਾਲੇ ਜਲ-ਜਲ ਕਰ ਹੀ ਮਰ ਜਾਨਾ’ ਜੋ ਖੂਬ ਚੱਲਿਆ। ਸਨੀ ਆਰਟ ਪ੍ਰੋਡਕਸ਼ਨਜ਼, ਬੰਬੇ ਦੀ ਐਸ਼ ਯੂ. ਸਨੀ ਨਿਰਦੇਸ਼ਿਤ ਫਿਲਮ ‘ਬਾਬੁਲ’ (1950) ਵਿਚ ਸੰਗੀਤਕਾਰ ਨੌਸ਼ਾਦ ਅਲੀ ਨੇ ਉਮਾ ਦੇਵੀ ਦਾ ਨਾਮ ‘ਟੁਨਟੁਨ’ ਰੱਖਿਆ ਜੋ ਉਸ ਦੇ ਫਿਲਮ ਸਫਰ ਦੀ ਖਾਸ ਪਛਾਣ ਬਣਿਆ। ਹਿੰਦੀ ਫਿਲਮਾਂ ਵਿਚ 40-50 ਗੀਤ ਗਾਉਣ ਤੋਂ ਬਾਅਦ ਉਮਾ ਦੇਵੀ ਦਾ ਸੰਗੀਤਕ ਸਫਰ ਖਤਮ ਹੋ ਗਿਆ ਅਤੇ ਫਿਲਮ ‘ਬਾਬੁਲ’ ਤੋਂ ਬਾਅਦ ਉਹ ਟੁਨਟੁਨ ਦੇ ਨਾਮ ਨਾਲ ਮਜ਼ਾਹੀਆ ਅਦਾਕਾਰਾ ਵਜੋਂ ਛਾ ਗਈ।
ਜਦੋਂ ਹਰਚਰਨ ਸਿੰਘ ਕਵਾਤੜਾ ਨੇ ਆਪਣੇ ਫਿਲਮਸਾਜ਼ ਅਦਾਰੇ ਕਵਾਤੜਾ ਫਿਲਮਜ਼, ਬੰਬੇ ਦੀ ਸ਼ਾਂਤੀ ਪ੍ਰਕਾਸ਼ ਬਖਸ਼ੀ ਨਿਰਦੇਸ਼ਿਤ ਦੂਜੀ ਪੰਜਾਬੀ ਫਿਲਮ ‘ਕੌਡੇ ਸ਼ਾਹ’ (1953) ਬਣਾਈ ਤਾਂ ਟੁਨਟੁਨ ਉਰਫ ਉਮਾ ਦੇਵੀ ਨੂੰ ਮਜ਼ਾਹੀਆ ਅਦਾਕਾਰੀ ਕਰਨ ਦਾ ਮੌਕਾ ਦਿੱਤਾ। ਟੁਨਟੁਨ ਨੇ ਇਸ ਫਿਲਮ ਵਿਚ ‘ਅਨਾਰਕਲੀ’ ਦਾ ਪਾਰਟ ਅਦਾ ਕੀਤਾ। ਸਰਦੂਲ ਕਵਾਤੜਾ ਦੇ ਦਿਲਕਸ਼ ਸੰਗੀਤ ਵਿਚ ਵਰਮਾ ਮਲਿਕ ਦਾ ਲਿਖਿਆ ‘ਅੱਜ ਸੋਹਣੇ ਕੱਪੜੇ ਤੇ ਚੁੰਨੀ ਵੀ ਬਰੀਕ ਏ’ (ਸ਼ਮਸ਼ਾਦ ਬੇਗ਼ਮ) ਸ਼ਿਆਮਾ, ਰਜਨੀ ਤੇ ਟੁਨਟੁਨ ‘ਤੇ ਫਿਲਮਾਇਆ ਗਿਆ ਹਿੱਟ ਗੀਤ ਸੀ। ਉਸ ਦੀ ਦੂਜੀ ਪੰਜਾਬੀ ਫਿਲਮ ਈਸਟ ਐਂਡ ਵੈਸਟ ਮੂਵੀਜ਼, ਬੰਬੇ ਦੀ ਮਜਨੂੰ ਉਰਫ ਹੈਰੋਲਡ ਲੂਈਸ ਨਿਰਦੇਸ਼ਿਤ ‘ਪੱਗੜੀ ਸੰਭਾਲ ਜੱਟਾ’ (1960) ਸੀ। ਫਿਲਮ ‘ਚ ਟੁਨਟੁਨ, ਖਰੈਤੀ ਭੈਂਗਾ, ਗੋਪਾਲ ਸਹਿਗਲ ਤੇ ਮਜਨੂੰ ਨੇ ਖੂਬ ਮਜ਼ਾਹ ਪੈਦਾ ਕੀਤਾ। ਏ. ਐਸ਼ ਫਿਲਮਜ਼, ਬੰਬੇ ਦੀ ਏ. ਐਸ਼ ਅਰੋੜਾ ਨਿਰਦੇਸ਼ਿਤ ਪੰਜਾਬੀ ਫਿਲਮ ‘ਯਮਲਾ ਜੱਟ’ (1960) ‘ਚ ਇਕ ਵਾਰ ਫੇਰ ਟੁਨਟੁਨ ਆਪਣੇ ਮਜ਼ਾਹੀਆ ਫਨ ਦੀ ਪੇਸ਼ਕਾਰੀ ਕਰ ਰਹੀ ਸੀ। ਵਿਸ਼ਵ ਵਿਜੈ ਮੰਦਰ, ਬੰਬੇ ਦੀ ਜੁਗਲ ਕਿਸ਼ੋਰ ਨਿਰਦੇਸ਼ਿਤ ਪੰਜਾਬੀ ਫਿਲਮ ‘ਗੁੱਡੀ’ (1961) ‘ਚ ਹੰਸਰਾਜ ਬਹਿਲ ਦੇ ਸੰਗੀਤ ‘ਚ ਅਜ਼ੀਜ਼ ਕਸ਼ਮੀਰੀ ਦਾ ਲਿਖਿਆ ਇਕ ਭੰਗੜਾ ਗੀਤ ‘ਲੱਕ ਪਤਲਾ ਤੇ ਗਾਗਰ ਭਾਰੀ’ (ਸ਼ਮਸ਼ਾਦ ਬੇਗ਼ਮ, ਮੁਹੰਮਦ ਰਫੀ) ਨਿਸ਼ੀ, ਟੁਨਟੁਨ, ਹਰਬੰਸ ਭਾਪੇ ਤੇ ਸੋਹਨ ਲਾਲ ਖੰਨਾ ‘ਤੇ ਫਿਲਮਾਇਆ ਗਿਆ ਸੀ। ਐਮ. ਵੀ. ਪੀ. ਫਿਲਮਲੈਂਡ, ਬੰਬੇ ਦੀ ਬਲਦੇਵ ਆਰ. ਝੀਂਗਣ ਨਿਰਦੇਸ਼ਿਤ ਫਿਲਮ ‘ਜੀਜਾ ਜੀ’ (1961) ‘ਚ ਉਸਦੇ ਸਨਮੁੱਖ ਮਜ਼ਾਹੀਆ ਅਦਾਕਾਰ ਸੁੰਦਰ ਸਨ। ਸੰਗੀਤਕਾਰ ਐਸ਼ ਮੋਹਿੰਦਰ ਦੇ ਫਿਲਮਸਾਜ਼ ਅਦਾਰੇ ਪਿਓਨੀ ਆਰਟਸ ਪ੍ਰੋਡਕਸ਼ਨਜ਼, ਬੰਬੇ ਦੀ ਐਸ਼ ਪੀ. ਬਖਸ਼ੀ ਨਿਰਦੇਸ਼ਿਤ ਫਿਲਮ ‘ਪਰਦੇਸੀ ਢੋਲਾ’ (1962) ‘ਚ ਟੁਨਟੁਨ, ਜੀਵਨ ਤੇ ਖਰੈਤੀ ਭੈਂਗੇ ਮਜ਼ਾਹੀਆ ਅਦਾਕਾਰੀ ਦੀ ਸੋਹਣੀ ਪੇਸ਼ਕਾਰੀ ਕੀਤੀ। ਸੀ. ਐਲ਼ ਫਿਲਮਜ਼, ਬੰਬੇ ਦੀ ਐਸ਼ ਨਿਰੰਜਨ ਨਿਰਦੇਸ਼ਿਤ ਫਿਲਮ ‘ਲਾਡੋ ਰਾਣੀ’ (1963) ਵਿਚ ਟੁਨਟੁਨ ਨੇ ‘ਭਾਗੋ’ ਦਾ ਕਿਰਦਾਰ ਨਿਭਾਇਆ। ਸ਼ੰਕਰ ਮੂਵੀਜ਼, ਬੰਬੇ ਦੀ ਬਲਦੇਵ ਆਰ. ਝੀਂਗਣ ਨਿਰਦੇਸ਼ਿਤ ਫਿਲਮ ‘ਪਿੰਡ ਦੀ ਕੁੜੀ’ (1963) ‘ਚ ਉਸਨੇ ‘ਮੋਟੋ’ ਦਾ ਕਿਰਦਾਰ ਨਿਭਾਇਆ। ਹੰਸਰਾਜ ਬਹਿਲ ਦੇ ਸੰਗੀਤ ‘ਚ ਵਰਮਾ ਮਲਿਕ ਦਾ ਲਿਖਿਆ ਇਕ ਪੈਰੋਡੀ ਗੀਤ ‘ਦੁਹਾਈ ਓ ਦੁਹਾਈ’ (ਸ਼ਮਸ਼ਾਦ ਬੇਗ਼ਮ, ਮੀਨੂੰ ਪ੍ਰਸ਼ੋਤਮ) ਟੁਨਟੁਨ ਤੇ ਨਿਸ਼ੀ ‘ਤੇ ਫਿਲਮਾਇਆ ਗਿਆ ਸੀ। ਸ਼ੋਭਾ ਪਿਕਚਰਜ਼, ਬੰਬੇ ਦੀ ਬੀ. ਸੀ. ਬੇਕਲ ਨਿਰਦੇਸ਼ਿਤ ਫਿਲਮ ‘ਕਿੱਕਲੀ’ (1964) ‘ਚ ਟੁਨਟੁਨ ਨੇ ‘ਛੁਣਛੁਣ’ ਦਾ ਰੋਲ ਕੀਤਾ। ਸ਼ੰਕਰ ਮੂਵੀਜ਼, ਬੰਬੇ ਦੀ ਬਲਦੇਵ ਆਰ. ਝੀਂਗਣ ਨਿਰਦੇਸ਼ਿਤ ਫਿਲਮ ‘ਮੈਂ ਜੱਟੀ ਪੰਜਾਬ ਦੀ’ (1964) ‘ਚ ਉਸਨੇ ‘ਤਾਰੋ’ ਦਾ ਮਖੌਲੀਆ ਪਾਰਟ ਜਿਸਦੇ ਸਨਮੁੱਖ ਮਾਰੂਤੀ (ਪਿਓ ਗੁੱਡੀ ਮਾਰੂਤੀ) ‘ਲਾਟੂ’ ਦਾ ਪਾਰਟ ਕਰ ਰਿਹਾ ਸੀ। ਹੁਸਨਲਾਲ-ਭਗਤਰਾਮ ਦੇ ਸੰਗੀਤ ‘ਚ ਵਰਮਾ ਮਲਿਕ ਦਾ ਲਿਖਿਆ ਇਕ ਪੈਰੋਡੀ ਗੀਤ ‘ਹਾਏ ਨੀਂ ਹਾਲ ਪਾਰਿਆ’ (ਸ਼ਮਸ਼ਾਦ, ਐਸ਼ ਬਲਬੀਰ, ਮਹਿੰਦਰ ਕਪੂਰ) ਟੁਨਟੁਨ, ਖਰੈਤੀ ਤੇ ਮਾਰੂਤੀ ‘ਤੇ ਫਿਲਮਾਇਆ ਗਿਆ ਸੀ। ਸ਼ੇਰੇ ਪੰਜਾਬ ਫਿਲਮਜ਼, ਬੰਬੇ ਦੀ ਬੀ. ਆਰ. ਝੀਂਗਣ ਨਿਰਦੇਸ਼ਿਤ ਫਿਲਮ ‘ਸੱਪਣੀ’ (1965) ‘ਚ ਟੁਨਟੁਨ ਨੇ ‘ਮੁੰਨੀ’ ਦਾ ਕਿਰਦਾਰ ਤੇ ਖਰੈਤੀ ‘ਸ਼ਾਹ ਜੀ’ ਦਾ ਪਾਰਟ ਨਿਭਾ ਰਿਹਾ ਸੀ। ਟੁਨਟੁਨ, ਖਰੈਤੀ ਤੇ ਕੰਵਲਨੈਣ ਮਿਸ਼ਰਾ ‘ਤੇ ਫਿਲਮਾਇਆ ਮਜ਼ਾਹੀਆ ਗੀਤ ‘ਸੁਣ ਭੈਂਗਿਆ ਵੇ ਬੜੇ ਮਹਿੰਗਿਆ ਵੇ’ (ਸ਼ਮਸ਼ਾਦ, ਰਫੀ, ਸੁਰਿੰਦਰ ਕੋਹਲੀ) ਵੀ ਬੜਾ ਪਸੰਦ ਕੀਤਾ ਗਿਆ। ਸ਼ੰਕਰ ਮੂਵੀਜ਼ ਦੀ ਝੀਂਗਣ ਨਿਰਦੇਸ਼ਿਤ ਫਿਲਮ ‘ਦੁੱਲਾ ਭੱਟੀ’ (1966) ‘ਚ ਵੀ ਟੁਨਟੁਨ ਤੇ ਖਰੈਤੀ ਭੈਂਗਾ ਦੀ ਜੋੜੀ ਸੀ। ਗਣੇਸ਼ ਮੂਵੀਜ਼, ਬੰਬੇ ਦੀ ਖਾਵਰ ਜ਼ਮਾਨ ਨਿਰਦੇਸ਼ਿਤ ਫਿਲਮ ‘ਪਰਦੇਸਣ’ (1969) ‘ਚ ਵੀ ਟੁਨਟੁਨ ਨੇ ਵਧੀਆ ਰੋਲ ਕੀਤਾ।
70 ਦੇ ਦਹਾਕੇ ‘ਚ ਟੁਨਟੁਨ ਨੇ ਰੂਪ ਕਿਰਨ ਪਿਕਚਰਜ਼, ਬੰਬੇ ਦੀ ‘ਮੇਲੇ ਮਿੱਤਰਾਂ ਦੇ’ (1972), ਐਮ. ਐਮ. ਫਿਲਮਜ਼ ਪ੍ਰਾਈਵੇਟ ਲਿਮਟਿਡ, ਬੰਬੇ ਦੀ ‘ਮਾਂ ਦਾ ਲਾਡਲਾ’ (1973)। ਫਿਲਮ ਨਗਰ, ਬੰਬੇ ਦੀ ਫਿਲਮ ‘ਸ਼ੇਰਨੀ’ (1973) ‘ਚ ਟੁਨਟੁਨ, ਸੁੰਦਰ, ਗੋਪਾਲ ਸਹਿਗਲ ਤੇ ਮਿਹਰ ਮਿੱਤਲ ‘ਤੇ ਇਕ ਮਜ਼ਾਹੀਆ ਗੀਤ ‘ਸਾਡੇ ਵਿਆਹ ਦੀ ਢੋਲਕੀ ਕਦੋਂ ਵੱਜਣੀ’ (ਮਹਿੰਦਰ ਕਪੂਰ, ਐਸ਼ ਬਲਬੀਰ, ਮੀਨੂੰ ਪ੍ਰਸ਼ੋਤਮ) ਫਿਲਮਾਇਆ ਗਿਆ। ਫਿਲਮ ‘ਦੋ ਸ਼ੇਰ’ (1973), ‘ਡਾਕੂ ਸ਼ਮਸ਼ੇਰ ਸਿੰਘ’, ‘ਧਰਮ ਜੀਤ’, ‘ਮੋਰਨੀ’ (1975), ‘ਜੈ ਮਾਤਾ ਦੀ’, ‘ਲੱਛੀ’, ‘ਸੰਤੋ-ਬੰਤੋ’ (1977)। ‘ਪ੍ਰੇਮੀ ਗੰਗਾਰਾਮ’ (1977) ‘ਚ ਟੁਨਟੁਨ ਤੇ ਮਿਹਰ ਮਿੱਤਲ ਦੀ ਜੋੜੀ ਸੀ। ਦੋਵਾਂ ‘ਤੇ ਫਿਲਮਾਇਆ ਕਾਮੇਡੀ ਗੀਤ ‘ਨੀਂ ਕੁੰਡਾ ਖੋਲ੍ਹ ਮੇਰੀ ਮੋਟੋ ਲੰਮੀ ਬਾਂਹ ਕਰਕੇ’ (ਓਮੀ, ਟੁਨਟੁਨ) ਫਿਲਮਾਇਆ ਗਿਆ। 80 ਦੇ ਦਹਾਕੇ ‘ਚ ਟੁਨਟੁਨ ਨੇ ‘ਗੋਰੀ ਦੀਆਂ ਝਾਂਜਰਾਂ’ (1980), ‘ਦੋ ਪੋਸਤੀ’ (1981) ‘ਚ ਅਦਾਕਾਰੀ ਕੀਤੀ। 90 ਦੇ ਦਹਾਕੇ ਵਿਚ ਉਸ ਦੀਆਂ ਆਖਰੀ ਹਿੰਦੀ ਫਿਲਮਾਂ ਸਨ ‘ਕਸਮ ਧੰਦੇ ਕੀ’, ‘ਮਾਂ ਕਸਮ ਬਦਲਾ ਲੂੰਗਾ’ (1990)।
90 ਦੇ ਦਹਾਕੇ ਵਿਚ ਪਤੀ ਕਾਜ਼ੀ ਸਾਹਬ ਵੀ ਫੌਤ ਹੋ ਗਏ, ਪਰ ਓਦੋਂ ਤਕ ਉਮਾ ਦੀਆਂ ਦੋ ਧੀਆਂ ਅਤੇ ਦੋ ਪੁੱਤਰ ਆਪਣੇ ਪਰਿਵਾਰਕ ਫਰਜ਼ ਨਿਭਾ ਰਹੇ ਸਨ। ਪਰਿਵਾਰਕ ਜ਼ਿੰਮੇਵਾਰੀਆਂ ਤੋਂ ਮੁਕਤ ਅਤੇ ਆਪਣੀ ਗਾਇਕੀ ਦੇ ਸੁਨਹਿਰੀ ਦੌਰ ਨੂੰ ਯਾਦ ਕਰਦੀ ਹੋਈ ਇਹ ਮਕਬੂਲ ਗਾਇਕਾ ਅਤੇ ਮਜ਼ਾਹੀਆ ਅਦਾਕਾਰਾ 24 ਨਵੰਬਰ 2003 ਨੂੰ ਲੰਬੀ ਬਿਮਾਰੀ ਦੇ ਬਾਅਦ 80 ਸਾਲਾਂ ਦੀ ਉਮਰ ‘ਚ ਮੁੰਬਈ ਵਿਚ ਵਫਾਤ ਪਾ ਗਈ। -ਮਨਦੀਪ ਸਿੰਘ ਸਿੱਧੂ