ਫਿਲਮਸਾਜ਼ ਪ੍ਰਕਾਸ਼ ਝਾਅ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਫਿਲਮ ਜਗਤ ਵਿਚ ਉਸ ਨੇ ਨਿਰਮਾਤਾ, ਨਿਰਦੇਸ਼ਕ, ਅਦਾਕਾਰ ਅਤੇ ਪਟਕਥਾ ਲੇਖਕ ਵਜੋਂ ਗੂੜ੍ਹੀ ਪਛਾਣ ਬਣਾਈ ਹੈ। ਉਹਨੇ ‘ਹਿਪ ਹਿਪ ਹੁਰਰੇ’ ਅਤੇ ‘ਦਾਮੁਲ’ ਵਰਗੀਆਂ ਫਿਲਮਾਂ ਬਣਾਈਆਂ ਜਿਨ੍ਹਾਂ ਨੂੰ ਕੌਮੀ ਇਨਾਮ ਵੀ ਹਾਸਲ ਹੋਏ। ਉਸ ਦੇ ਖਾਤੇ ਵਿਚ ‘ਪ੍ਰਣਿਤੀ’, ‘ਗੰਗਾਜਲ’, ‘ਅਪਹਰਨ’, ‘ਰਾਜਨੀਤੀ’, ‘ਆਰੱਕਸ਼ਨ’, ‘ਚੱਕਰਵਿਊ’, ‘ਲਿਪਸਟਿਕ ਅੰਡਰ ਮਾਈ ਬੁਕਰਾ’, ਆਦਿ ਫਿਲਮਾਂ ਵੀ ਹਨ
ਜਿਨ੍ਹਾਂ ਦੇ ਵਿਸ਼ਿਆਂ ਬਾਰੇ ਅਕਸਰ ਚਰਚਾ ਚੱਲਦੀ ਰਹਿੰਦੀ ਹੈ। ਅੱਜਕੱਲ੍ਹ ਐਮ.ਐਕਸ਼ ਪਲੇਅਰ ਉਤੇ ਉਸ ਦੀ ਵੈੱਬ ਸੀਰੀਜ਼ ‘ਆਸ਼ਰਮ’ ਦੀ ਚਰਚਾ ਹੈ ਅਤੇ ਉਸ ਦੀ ਨਵੀਂ ਫਿਲਮ ‘ਮੱਟੋ ਕੀ ਸਾਈਕਲ’ ਦੀ ਸ਼ੂਟਿੰਗ ਚੱਲ ਰਹੀ ਜਿਸ ਵਿਚ ਉਸ ਨੇ ਅਦਾਕਾਰ ਵਜੋਂ ਭਰਵੀਂ ਹਾਜ਼ਰੀ ਲੁਆਈ ਹੈ। ਉਸ ਦੀਆਂ ਸਾਰੀਆਂ ਹੀ ਫਿਲਮਾਂ ਵਿਚ ਸਿਆਸਤ ਦੀ ਭਰਪੂਰ ਚਰਚਾ ਹੁੰਦੀ ਹੈ, ਭਾਵੇਂ ਇਹ ਕਿਸੇ ਵੀ ਰੂਪ ਵਿਚ ਹੋਵੇ। ਉਸ ਦਾ ਕਹਿਣਾ ਹੈ, “ਕੁਝ ਲੋਕ ਹੁੰਦੇ ਹਨ ਜੋ ਹਮੇਸ਼ਾ ਅਜਿਹੀਆਂ ਫਿਲਮਾਂ ਬਣਾਉਂਦੇ ਹਨ ਜੋ ਸਮਾਜ ਅਤੇ ਅਸਲੀ ਜ਼ਿੰਦਗੀ ਨਾਲ ਜੁੜੀਆਂ ਹੁੰਦੀਆਂ ਹਨ। ਮੈਂ ਹਮੇਸ਼ਾ ਸਮੇਂ ਨਾਲ ਚੱਲਦਾ ਹਾਂ। ਮੈਂ ਮੁੱਖ ਤੌਰ ‘ਤੇ ਇਹ ਦੇਖਦਾ ਹਾਂ ਕਿ ਆਲੇ-ਦੁਆਲੇ ਕੀ ਹੋ ਰਿਹਾ ਹੈ। ਮੈਂ ਫਿਲਮ ਬਣਾਉਣ ਲਈ ਹਮੇਸ਼ਾ ਵਿਸ਼ੇ ਤੋਂ ਪ੍ਰੇਰਨਾ ਲੈਂਦਾ ਹਾਂ। ਕਹਾਣੀ ਵਿਚ ਜੋ ਵਿਸ਼ਾ ਲੈਂਦਾ ਹਾਂ, ਉਹ ਅਸਲੀ ਜ਼ਿੰਦਗੀ ਨਾਲ ਸਬੰਧਤ ਹੁੰਦਾ ਹੈ। ਮੈਂ ਕਿਰਦਾਰ ਨੂੰ ਰੌਚਕ ਬਣਾਉਂਦਾ ਹਾਂ ਜੋ ਬਹੁਤ ਵੱਡੀ ਚੁਣੌਤੀ ਹੁੰਦੀ ਹੈ। ਵਪਾਰਕ ਸਿਨੇਮੇ ਵਾਲੇ ਲੋਕ ਅਤੇ ਅਦਾਕਾਰ ਮੇਰੇ ਨਾਲ ਕੰਮ ਕਰ ਕੇ ਖੁਸ਼ ਹਨ। ਇਹ ਮੇਰੀ ਖੁਸ਼ਕਿਸਮਤੀ ਹੈ।” ਇਸ ਮੌਕੇ ਉਨ੍ਹਾਂ ਨੇ ‘ਦੋ ਬੀਘਾ ਜ਼ਮੀਨ’ ਅਤੇ ‘ਮਦਰ ਇੰਡੀਆ’ ਵਰਗੀਆਂ ਕਲਾਸਿਕ ਫਿਲਮਾਂ ਦੀ ਉਦਾਰਹਨ ਦਿੱਤੀ।
ਆਨਲਾਈਨ ਸਟਰੀਮ ਚੈਨਲ ਐਮ.ਐਕਸ਼ ਪਲੇਅਰ ‘ਤੇ ਉਨ੍ਹਾਂ ਦੀ ਤਾਜ਼ਾ ਵੈੱਬ ਸੀਰੀਜ਼ ‘ਆਸ਼ਰਮ’ ਵਿਚ ਬੌਬੀ ਦਿਓਲ ਇੱਕ ਸਾਧੂ ਦਾ ਕਿਰਦਾਰ ਨਿਭਾਅ ਰਿਹਾ ਹੈ। ਇਸ ਵਿਚ ਵੱਡੀ ਗਿਣਤੀ ਲੋਕਾਂ ਦੀ ਅੰਨ੍ਹੀ ਸ਼ਰਧਾ ਨੂੰ ਪੇਸ਼ ਕੀਤਾ ਗਿਆ ਹੈ।
ਪ੍ਰਕਾਸ਼ ਝਾਅ ਦਾ ਮੰਨਣਾ ਹੈ ਕਿ ਅੰਧਵਿਸ਼ਵਾਸ ਭਾਰਤ ਤੋਂ ਲੈ ਕੇ ਅਮਰੀਕਾ, ਯੂਰਪ ਆਦਿ ਤੱਕ ਸਾਰੀ ਦੁਨੀਆ ਵਿਚ ਫੈਲਿਆ ਹੋਇਆ ਹੈ। ਇਸ ਵੈਬ ਸੀਰੀਜ਼ ਨੂੰ ਵਾਹਵਾ ਹੁੰਗਾਰਾ ਮਿਲ ਰਿਹਾ ਹੈ। ਸਿਆਸਤ ਅਤੇ ਸਿਨੇਮਾ ਦੇ ਸਬੰਧਾਂ ਬਾਰੇ ਉਹ ਬਹੁਤ ਸਪਸ਼ਟ ਹੈ। ਉਸ ਮੁਤਾਬਕ, ਸਮਾਜ ਦੇ ਕਿਸੇ ਵੀ ਅੰਗ ਨੂੰ ਸਿਆਸਤ ਤੋਂ ਵੱਖ ਕੀਤਾ ਹੀ ਨਹੀਂ ਜਾ ਸਕਦਾ। ਉਹ ਤਾਂ ਮੁਹੱਬਤ ਨੂੰ ਵੀ ਇਕ ਤਰ੍ਹਾਂ ਨਾਲ ਸਿਆਸਤ ਨਾਲ ਹੀ ਜੋੜ ਕੇ ਦੇਖਦਾ ਹੈ। ਯਾਦ ਰਹੇ ਕਿ ਪ੍ਰਕਾਸ਼ ਝਾਅ ਦੀਆਂ ਫਿਲਮਾਂ ਅੰਦਰ ਸਿਆਸਤ ਸਿੱਧੇ ਰੂਪ ਵਿਚ ਪੇਸ਼ ਹੁੰਦੀ ਰਹੀ ਹੈ। -ਆਮਨਾ ਕੌਰ