ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਬੜਾ ਪ੍ਰਚਲਿਤ ਨੀਤੀ-ਵਾਕ ਹੈ ਕਿ ਮੂਰਖ ਦੋਸਤ ਨਾਲੋਂ ਦਾਨਾ ਦੁਸ਼ਮਣ ਚੰਗਾ ਹੁੰਦਾ ਹੈ। ਮੱਤਹੀਣ ਦੀ ਮਿੱਤਰਤਾ ਵਿਚ ਬੇਵਕੂਫੀ ਦਾ ਅੰਸ਼ ਜ਼ਰੂਰ ਨਜ਼ਰ ਆਵੇਗਾ, ਜਦ ਕਿ ਦਾਨਾ ਦੁਸ਼ਮਣ ਬੇਸ਼ੱਕ ‘ਅਣਹੋਣੀ ਬਾਤ’ ਵੀ ਕਰੇ, ਪਰ ਉਹਦੇ ਵਿਚ ਵੀ ਕਿਤੇ ਨਾ ਕਿਤੇ ਦਾਨਾਈ ਦੇ ਜ਼ਰੂਰ ਦਰਸ਼ਨ ਹੋਣਗੇ। ਦਾਨੇ ਦੁਸ਼ਮਣ ਨਾਲ ਸੌ ਵਾਰ ਲੜਾਈ- ਭਿੜਾਈ ਹੁੰਦੀ ਰਹੇ, ਪਰ ਉਸ ਦੀ ਰੰਚਕ ਮਾਤਰਾ ਦਾਨਾਈ ਕਾਰਨ ਕਦੇ ਨਾ ਕਦੇ ਸੁਲਾਹ-ਸਫਾਈ ਹੋ ਜਾਣ ਦੀ ਵੀ ਸੰਭਾਵਨਾ ਨਹੀਂ ਮਰਦੀ। ਅਜਿਹੀ ਸੋਚ ਤੋਂ ਹੀ ਕਿਸੇ ਸਿਆਣੇ ਨੇ ਇਹ ਕਥਨ ਕਥਿਆ ਹੋਇਆ ਲਗਦਾ ਹੈ ਕਿ ਬੁਧੀਮਾਨ ਅਤੇ ਮੁਰਖ ਵਿਚ ਸਭ ਤੋਂ ਵੱਡਾ ਫਰਕ ਇਹੀ ਹੁੰਦਾ ਹੈ ਕਿ ਬੁੱਧੀਮਾਨ ਤਾਂ ਮੂਰਖ ਤੋਂ ਕੋਈ ਨਾ ਕੋਈ ਸਿੱਖਿਆ ਲੈ ਸਕਦਾ ਹੈ; ਪਰ ਮੂਰਖ, ਬੁਧੀਮਾਨਾਂ ਦੀ ਸੰਗਤ ਤੋਂ ਵੀ ਕੋਈ ਅਕਲ ਨਹੀਂ ਲੈ ਸਕਦਾ।
ਇਸਲਾਮੀ ਦਾਰਸ਼ਨਿਕ ਸ਼ੇਖ ਸਾਅਦੀ ਨੇ ਇਕ ਥਾਂ ਲਿਖਿਆ ਹੈ, ਕਿਸੇ ਨੇ ਲੁਕਮਾਨ ਨੂੰ ਪੁੱਛਿਆ ਕਿ ਐ ਮੁਦੱਬਰ! ਤੂੰ ਇਤਨੀ ਅਕਲ ਕਿਥੋਂ ਲਈ? ਲੁਕਮਾਨ ਦਾ ਜਵਾਬ ਸੀ, “ਅੰਨ੍ਹਿਆਂ ਤੋਂ!” ਸਵਾਲ ਪੁੱਛਣ ਵਾਲੇ ਦੀ ਹੈਰਾਨੀ ਦੂਰ ਕਰਦਿਆਂ ਲੁਕਮਾਨ ਨੇ ਆਖਿਆ ਕਿ ਅੱਖਾਂ ਤੋਂ ਹੀਣ ਬੰਦਾ ਅੱਗਾ ਟੋਹੇ ਤੋਂ ਬਿਨਾਂ ਇਕ ਪੈਰ ਵੀ ਨਹੀਂ ਪੁੱਟਦਾ।” ਹੈ ਨਾ ਅਜੀਬ ਗੱਲ? ਤਮਾਮ ਦੁਨੀਆਂ ਅੰਨ੍ਹਿਆਂ ਨੂੰ ਗਏ ਗੁਜ਼ਰੇ ਸਮਝਦੀ ਹੈ, ਪਰ ਲੁਕਮਾਨ ਨੇ ਉਨ੍ਹਾਂ ਤੋਂ ਵੀ ਗੁਣ ਸਿੱਖ ਲਿਆ।
ਉਮੀਦ ਹੈ ਕਿ ਇੰਨੀਆਂ ਕੁ ਦਲੀਲਾਂ ਪੜ੍ਹ ਕੇ ਸਿਰਲੇਖ ਵਿਚ ਕੀਤੀ ਗਈ ‘ਪੁੱਠੀ ਜਿਹੀ’ ਮੰਗ ਨਾਲ ਸਭ ਦੀ ਸਹਿਮਤੀ ਹੋ ਗਈ ਹੋਵੇਗੀ। ਵੈਸੇ, ਬਹੁਤਿਆਂ ਨੇ ਜ਼ਰੂਰ ਨੱਕ ਬੁੱਲ੍ਹ ਵੱਟੇ ਹੋਣਗੇ ਕਿ ‘ਹਿੰਦੂ-ਹਿੰਦੀ-ਹਿੰਦੁਸਤਾਨ’ ਦੀ ਵਿਚਾਰਧਾਰਾ ਨੂੰ ਪ੍ਰਣਾਈ ਹੋਈ ਕਹੀ ਜਾਂਦੀ ਫਿਰਕੂ ਪਾਰਟੀ ਨੂੰ, ਸਿੱਖਾਂ ਨੂੰ ਸਿੱਖਿਆ ਦੇਣ ਲਈ ਕਿਉਂ ਕਿਹਾ ਜਾ ਰਿਹਾ ਹੈ? ਸਿੱਖ ਸਕਾਲਰ ਆਪਣੇ ਧਰਮ ਫਲਸਫੇ ਦੀ ਦੂਜੇ ਧਰਮਾਂ ਮਜ਼ਹਬਾਂ, ਖਾਸ ਕਰ ਕੇ ਬ੍ਰਾਹਮਣਵਾਦ ਨਾਲ ਤੁਲਨਾ ਕਰਦਿਆਂ ਸਿੱਖ ਧਰਮ ਨੂੰ ਸਰਵੋਤਮ ਦਰਸਾਉਂਦੇ ਹਨ। ਤੁਲਨਾਤਮਕ ਅਧਿਐਨ ਮੁਤਾਬਕ ਇਹ ਧਾਰਨਾ ਸੌ ਫੀਸਦੀ ਸੱਚ ਵੀ ਹੋ ਨਿੱਬੜਦੀ ਹੈ। ਫਿਰ ਹੁਣ ਭਲਾ ਮੈਂ ਬਿਪਰਵਾਦ ਦੀ ਠੋਕ ਵਜਾ ਕੇ ਪ੍ਰਤੀਨਿਧਤਾ ਕਰਨ ਵਾਲੀ ਸਿਆਸੀ ਪਾਰਟੀ ਨੂੰ ਇਹ ਕਿਉਂ ਕਹਿ ਰਿਹਾ ਹਾਂ ਕਿ ਭਰਾਵੋ! ਸਾਡੀ ਸਿੱਖ ਪਾਰਟੀ ਨੂੰ ਵੀ ਸਿਖਾਈਓ!!
ਬਾਬਾ ਫਰੀਦ ਜੀ ਦੇ ਬੋਲ ‘ਆਪਨੜੇ ਗਿਰੀਵਾਨ ਮਹਿ ਸਿਰ ਨੀਵਾਂ ਕਰ ਦੇਖ’ ਦੀ ਪਾਲਣਾ ਕਰਦਿਆਂ ਮੈਨੂੰ ਸਮਾਂ ਯਾਦ ਆਉਂਦਾ ਹੈ, ਅਕਾਲੀ ਦਲ ਵੱਲੋਂ ਲਗਾਏ ਧਰਮ-ਯੁੱਧ ਮੋਰਚੇ ਦਾ। ਅਕਾਲੀ ਵਰਕਰਾਂ ਨਾਲ ਸਾਰੀਆਂ ਜੇਲ੍ਹਾਂ ਨੱਕੋ-ਨੱਕ ਭਰੀਆਂ ਪਈਆਂ ਸਨ। ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਹੰਭੀਆਂ ਪਈਆਂ ਸਨ। ਅਕਾਲੀ ਦਲ ਦਾ ਹੱਥ ਉਪਰ ਹੋ ਰਿਹਾ ਸਪੱਸ਼ਟ ਨਜ਼ਰ ਆ ਰਿਹਾ ਸੀ। ਉਨ੍ਹੀਂ ਦਿਨੀਂ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਦੀਆਂ ਚਾਰੇ ਪਾਸੇ ਗੂੰਜਾਂ ਪੈ ਰਹੀਆਂ ਸਨ। ਲੌਂਗੋਵਾਲੀਏ ਸੰਤ ਸਮੇਤ ਸਾਰੇ ਤੱਤੇ ਠੰਢੇ ਆਗੂ ਹਿੱਕਾਂ ਥਾਪੜ ਥਾਪੜ ਕੇ ਪੰਜਾਬੀਆਂ ਨਾਲ ਵਾਅਦੇ ਕਰ ਰਹੇ ਸਨ ਕਿ ਅਸੀਂ ਅਨੰਦਪੁਰ ਦੇ ਮਤੇ ਤੋਂ ਰੀਣ ਭਰ ਵੀ ਐਧਰ ਉਧਰ ਨਹੀਂ ਹੋਵਾਂਗੇ। ‘ਕਰੋ ਜਾਂ ਮਰੋ’ ਦਾ ਨਾਹਰਾ ਲਾਉਂਦਿਆਂ ਉਹ ਹਰ ਸਟੇਜ, ਰੇਡੀਓ/ਟੀæਵੀæ ‘ਤੇ ਇਹੀ ਆਖਦੇ ਕਿ ਐਤਕੀਂ ਆਰ ਜਾਂ ਪਾਰ! ਵਿਚ ਵਿਚਾਲਾ ਕੋਈ ਨਹੀਂ!! ਬੱਸ, ਮਤਾ ਅਨੰਦਪੁਰ ਦਾæææਪੰਜਾਬ ਸਮੱਸਿਆ ਦਾ ਇਕੋ ਇਕ ਹੱਲ!!!
ਉਸ ਵੇਲੇ ਦੇ ਹਾਲਾਤ ਨੂੰ ਨੇੜਿਉਂ ਦੇਖਣ ਵਾਲੇ ਜਾਣਦੇ ਹੋਣਗੇ ਕਿ ਅਕਾਲੀ ਆਗੂਆਂ ਦੀ ‘ਸੁਰੀਲੀ ਤੇ ਅਣਖੀਲੀ’ ਆਵਾਜ਼ ਇਹ ਯਕੀਨ ਬਣਾਉਣ ਦਾ ਕੰਮ ਕਰ ਰਹੀ ਸੀ ਕਿ ਐਤਕੀਂ ਸੱਚ-ਮੁੱਚ ਉਹ ਅਨੰਦਪੁਰ ਦਾ ਮਤਾ ਲਾਗੂ ਕਰਵਾ ਹੀ ਲੈਣਗੇ। ਮੈਂ ਉਦੋਂ ਭਰ ਜਵਾਨੀ ਵਿਚ ਸਾਂ। ਮੇਰੇ ਵਰਗਿਆਂ ਨੂੰ ਉਦੋਂ ਅਕਾਲੀ ਆਗੂਆਂ ਦੇ ਦਾਅਵੇ ਪੱਥਰ ‘ਤੇ ਲੀਕ ਜਾਪਦੇ ਹੁੰਦੇ ਸਨ। ਉਨ੍ਹਾਂ ਦੇ ਭਰੋਸਿਆਂ ਉਪਰ ‘ਸ਼ੱਕ’ ਕਰਨ ਵਾਲਿਆਂ ਦੇ ਮੇਰੇ ਵਰਗੇ ਤੱਤ-ਭੜੱਤੇ ਗਲ ਪੈਣ ਤੱਕ ਚਲੇ ਜਾਂਦੇ।
ਇਨ੍ਹਾਂ ਦਿਨਾਂ ਦੌਰਾਨ ਮੈਂ ਤੇ ਮੇਰੇ ਕੁਝ ਦੋਸਤ ਜਾਡਲੇ, ਸ਼ੇਖੂ ਪੁਰੀਆਂ ਦੇ ਹੋਟਲ ਵਿਚ ਚਾਹ ਪੀ ਰਹੇ ਸਾਂ। ਸਾਹਮਣੇ ਬੈਂਚ ‘ਤੇ ਪਈ ਸੀ ‘ਜੱਗ ਬਾਣੀ’ ਅਖ਼ਬਾਰ। ਕੁਦਰਤੀ ਸੰਪਾਦਕੀ ਪੰਨਾ ਹੀ ਉਪਰ ਪਿਆ ਸੀ। ਸੰਪਾਦਕੀ ਨੋਟ ਦੀਆਂ ਕੁਝ ਸਤਰਾਂ ਪੜ੍ਹ ਕੇ ਮੈਂ ਅਚਾਨਕ ਠਹਾਕਾ ਮਾਰ ਕੇ ਹੱਸ ਪਿਆ। ਸਾਰਿਆਂ ਦਾ ਧਿਆਨ ਮੇਰੇ ਵੱਲ ਹੋ ਗਿਆ। ਮੈਂ ਖਿੱਲੀ ਉਡਾਉਣ ਦੀ ਤਰਜ਼ ‘ਤੇ ਹੱਸਦਿਆਂ ਹੋਇਆਂ ਦੋਸਤਾਂ ਨੂੰ ਸੰਪਾਦਕੀ ਨੋਟ ਦੀਆਂ ਕੁਝ ਸਤਰਾਂ ਪੜ੍ਹ ਕੇ ਸੁਣਾਈਆਂ। ਸੁਣ ਕੇ ਮੇਰੇ ਨਾਲ ਦੇ ਵੀ ਸਾਰੇ ਖਿੜ ਖਿੜਾ ਕੇ ਹੱਸ ਪਏ, “ਲਾਲੇ ਦਾ ਦਿਮਾਗ ਖ਼ਰਾਬ ਹੋਇਆ ਹੋਇਐ।”
ਉਸ ਦਿਨ ਲਾਲਾ ਜਗਤ ਨਰਾਇਣ ਨੇ ਆਪਣੇ ਸੰਪਾਦਕੀ ਵਿਚ ਪੰਜਾਬ ਸਮੱਸਿਆ ਦਾ ਲੰਬਾ ਚੌੜਾ ਵਿਸ਼ਲੇਸ਼ਣ ਕਰਦਿਆਂ ਅਖੀਰ ਵਿਚ ਭਵਿੱਖਵਾਣੀ ਕੀਤੀ ਸੀ ਕਿ ਸ੍ਰੀ ਅਨੰਦਪੁਰ ਸਾਹਿਬ ਦਾ ਮਤਾ ‘ਭੁੱਲੀ ਵਿਸਰੀ ਯਾਦ’ ਬਣ ਕੇ ਰਹਿ ਜਾਏਗਾ। ਇਸੇ ਪ੍ਰਸੰਗ ਅਧੀਨ ਅੱਗੇ ਚੱਲ ਕੇ ਮਿਸਾਲ ਵਜੋਂ ਇਕ ਹੋਰ ਪੇਸ਼ੀਨਗੋਈ ਕੀਤੀ ਹੋਈ ਸੀ ਕਿ ਕਿਸੇ ਦਿਨ ਪੰਜਾਬ ਦੀਆਂ ਸੜਕਾਂ ਤੋਂ ‘ਪੰਜਾਬ ਰੋਡਵੇਜ਼’ ਦੀਆਂ ਬੱਸਾਂ (ਭਾਵ ਸਰਕਾਰੀ ਬੱਸਾਂ) ਲੋਪ ਹੋ ਜਾਣਗੀਆਂ। ਹੋਟਲ ‘ਤੇ ਚਾਹ ਦੀਆਂ ਚੁਸਕੀਆਂ ਭਰਦਿਆਂ ਅਸੀਂ ਉਸ ਦਿਨ ਉਸ ਅਖ਼ਬਾਰ ਵਿਰੁਧ ਰੱਜ ਕੇ ਭੜਾਸ ਕੱਢੀ ਸੀ ਅਤੇ ਲਾਲਾ ਜੀ ਹੋਰਾਂ ਦੀਆਂ ਭਵਿੱਖਵਾਣੀਆਂ ਦਾ ਜੀਅ ਭਰ ਕੇ ਮਖੌਲ ਉਡਾਇਆ ਸੀ।
ਅੱਜ ਕਈ ਦਹਾਕੇ ਬੀਤ ਜਾਣ ਬਾਅਦ ਉਕਤ ਘੜੀਆਂ ਯਾਦ ਕਰ ਕੇ ਸਵੈ-ਫਿਟਕਾਰ ਪੱਲੇ ‘ਚ ਪਾ ਰਿਹਾ ਹਾਂ। ਸ੍ਰੀ ਅੰਮ੍ਰਿਤਸਰ ਦੇ ਇਤਿਹਾਸਕ ਅਸਥਾਨ ਮੰਜੀ ਸਾਹਿਬ ਵਿਖੇ ਅਕਾਲੀ ਆਗੂਆਂ ਦੇ ਤਿੱਖੇ ਤੀਰਾਂ ਵਾਂਗ ਸ਼ੂਕਦੇ ਭਰੋਸੇ ਬੰਨਾਉਂਦੇ ਬਿਆਨ ਅਤੇ ਉਕਤ ਭਵਿੱਖਵਾਣੀਆਂ ਬਾਰੇ ਸੋਚ ਕੇ ਕੀ ਕਿਹਾ ਜਾਵੇ ਤੇ ਕੀ ਲਿਖਿਆ ਜਾਵੇ? ਇਕ ਪਾਸੇ ਕੌਮੀ ਆਗੂਆਂ ਦੇ ਦਾਅਵੇ ਅਤੇ ਵਾਅਦੇ, ਦੂਜੇ ਪਾਸੇ ਅਖ਼ਬਾਰ ਦੇ ਸੰਪਾਦਕ ਦੀਆਂ ਪੇਸ਼ੀਨਗੋਈਆਂ। ਪਤਾ ਨਹੀਂ, ਅਸੀਂ ਇਹ ਸਤਰਾਂ ਕਿਸ ਹੌਸਲੇ ਨਾਲ ਗਾਈ ਚਲੇ ਆ ਰਹੇ ਹਾਂ,
‘ਸ਼ਾਹ ਮੁਹੰਮਦਾ’ ਗੱਲ ਤਾਂ ਸੋਈ ਹੋਣੀ,
ਜਿਹੜੀ ਕਰੇਗਾ ਖਾਲਸਾ ਪੰਥ ਮੀਆਂ!
ਹੁਣ ਗੱਲ ਕਰੀਏ ਭਾਜਪਾ ਕੋਲੋਂ ਸਿੱਖਣ ਸਿਖਾਉਣ ਦੀ। ਬੀਤੇ ਦਿਨੀਂ ਭਾਜਪਾ ਵਿਚ ਉਪਰੋਥਲੀ ਕਈ ਘਟਨਾਵਾਂ ਘਟੀਆਂ। ਗੋਆ ਸੰਮੇਲਨ ਵਿਚ ਲਾਲ ਕ੍ਰਿਸ਼ਨ ਅਡਵਾਨੀ ਜਿਹੇ ਸਭ ਤੋਂ ਸੀਨੀਅਰ ਆਗੂ ਦੀ ਗੈਰ ਹਾਜ਼ਰੀ ਵਿਚ ਹੀ ਬਹੁਤ ਵੱਡਾ ਫੈਸਲਾ ਲੈ ਕੇ ਨਰਿੰਦਰ ਮੋਦੀ ਜਿਹੇ ਵਿਵਾਦਾਂ ਵਿਚ ਘਿਰੇ ਆਗੂ ਨੂੰ ਚੋਣ ਪ੍ਰਚਾਰ ਦਾ ਚੇਅਰਮੈਨ ਥਾਪ ਦਿੱਤਾ ਗਿਆ ਸੀ। ਕੀ ਅੱਜ ਸਿੱਖਾਂ ਦਾ ਪ੍ਰਤੀਨਿਧ ਹੋਣ ਦਾ ਦਾਅਵਾ ਕਰਨ ਵਾਲੇ ਅਕਾਲੀ ਦਲ (ਬਾਦਲ) ਬਾਰੇ ਅਜਿਹਾ ਸੋਚਿਆ ਜਾ ਸਕਦਾ ਹੈ? ਇਕ ਬਿਪਰਵਾਦੀ ਸਿਆਸੀ ਜਮਾਤ ਆਪਣੇ ਉਚ ਆਗੂ ਤੋਂ ਬਿਨਾਂ ਜੁਰਅਤ ਭਰਿਆ ਨੀਤੀਗਤ ਫੈਸਲਾ ਲੈ ਸਕਦੀ ਹੈ, ਪਰ ਸਾਡੇ ਇੱਧਰ ਹਰ ਇਕ ਮੌਕੇ ਉਤੇ ‘ਸਾਰੇ ਅਧਿਕਾਰਾਂ ਦਾ ਬੋਰਾ’ ਭਰ ਕੇ ਪ੍ਰਧਾਨ ਸਾਹਿਬ ਨੂੰ ਸੌਂਪਣ ਦੀ ‘ਰਘੂ ਕੁਲ ਰੀਤ’ ਬਣਾ ਦਿੱਤੀ ਗਈ ਹੈ।
ਫਿਰ ਦੂਜੀ ਗੱਲ। ਮੀਡੀਏ ‘ਚ ਆਈਆਂ ਖ਼ਬਰਾਂ ਅਨੁਸਾਰ ਸ੍ਰੀ ਅਡਵਾਨੀ ਨੇ ਜਦੋਂ ਰੋਸ ਵਜੋਂ ਅਸਤੀਫਾ ਦਿੱਤਾ ਤਾਂ ਆਰæਐਸ਼ਐਸ਼ ਨੇ ਐਸੀ ਘੂਰੀ ਵੱਟੀ ਕਿ ਉਨ੍ਹਾਂ ਨੇ ਦੂਜੇ ਦਿਨ ਹੀ ਅਸਤੀਫਾ ਵਾਪਸ ਲੈ ਲਿਆ। ਸਮਝੋ ਬੀæਜੇæਪੀæ ਹਾਥੀ ਰੂਪੀ ਪਾਰਟੀ ਉਪਰ ਵੀ ਆਰæਐਸ਼ਐਸ਼ ‘ਮਹਾਵਤ’ ਕੁੰਡਾ ਲੈ ਕੇ ਬੈਠਾ ਹੈ। ਨਾਗਪੁਰ ਤੋਂ ਆਇਆ ਹਰ ਫਰਮਾਨ ਭਾਜਪਾਈਆਂ ਲਈ ‘ਇਲਾਹੀ ਹੁਕਮ’ ਦੇ ਬਰਾਬਰ ਹੁੰਦਾ ਹੈ। ਸ੍ਰੀ ਮੋਦੀ ਦੀ ਚੋਣ ਪਿੱਛੇ ਵੀ ਨਾਗਪੁਰੀ ਇਸ਼ਾਰੇ ਹੀ ਸੁਣੀਂਦੇ ਹਨ।
ਸ੍ਰੀ ਮੋਹਨ ਭਾਗਵਤ ਸ੍ਰੀ ਅਡਵਾਨੀ ਜਿਹੇ ਬਜ਼ੁਰਗ ਆਗੂ ਨੂੰ ਘੂਰੀ ਵੱਟ ਕੇ ਆਖਾ ਮਨਾ ਸਕਦਾ ਹੈ, ਪਰ ਆਪਣੇ ਇੱਧਰ ਝਾਤੀ ਮਾਰ ਕੇ ਦੇਖੋ। ਹੈ ਕਿਸੇ ਕੋਲ ‘ਮਾਲਕਾਂ’ ਨੂੰ ਘੂਰੀ ਵੱਟਣ ਦੀ ਤਾਕਤ? ਘੂਰੀ ਵੱਟਣਾ ਤਾਂ ਬਹੁਤ ਵੱਡੀ ਗੱਲ ਹੈ, ਇਧਰ ਤਾਂ ਕਿਸੇ ਨੂੰ ਮਾੜੀ ਮੋਟੀ ਚੂੰ-ਚਰਾਂ ਕਰਨ ਦਾ ਅਧਿਕਾਰ ਵੀ ਨਹੀਂ ਹੈ। ਬਕੌਲ ਗੁਰਭਜਨ ਸਿੰਘ ਗਿੱਲ, ਇਥੇ ਤਾਂ ਆਹ ਕੁਝ ਹੋ ਰਿਹਾ ਏ,
ਗਾਨੀ ਵਾਲੇ ਤੋਤੇ ਉਹ ਦੁਹਰਾਈ ਜਾਵਣ,
ਜੋ ਕੁਝ ਬੋਲਣ ਰਾਜ ਭਵਨ ਦੇ ਸੀਲ ਕਬੂਤਰ!
ਹਾਲਾਂਕਿ ਭਾਜਪਾਈਆਂ ਨੇ ਕਦੇ ਵੀ ਕਿਸੇ ਵੀ ਮੰਚ ਤੋਂ ਇਹ ਨਹੀਂ ਕਿਹਾ ਕਿ ਆਰæਐਸ਼ਐਸ਼ ਸਾਡੇ ਲਈ ਸਰਬਉਚ ਹੈ, ਪਰ ਉਹ ਉਸ ਦੀ ਅਥਾਰਟੀ ਨੂੰ ਕਦੇ ਚੈਲੰਜ ਨਹੀਂ ਕਰਦੇ। ਨਾ ਹੀ ਕਦੇ ਇਹ ਸੁਣਿਆ ਹੈ ਕਿ ਭਾਜਪਾ ਵਾਲਿਆਂ ਨੇ ‘ਸੰਘ ਪਰਿਵਾਰ’ ਦੇ ਅਹੁਦੇਦਾਰਾਂ ਦੀ ਚੋਣ ਕਰਨ ਵਿਚ ਕੋਈ ਭੂਮਿਕਾ ਨਿਭਾਈ ਹੋਵੇ; ਪਰ ਭਾਜਪਾ ਨਾਲ ‘ਪਤੀ-ਪਤਨੀ’ ਵਾਲਾ ਰਿਸ਼ਤਾ ਬਣਾਈ ਬੈਠੇ ਅਕਾਲੀ ਦਲੀਏ ਇਕ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ‘ਸਰਬਉਚ’ ਕਹੀ ਜਾਂਦੇ ਹਨ; ਨਾਲ ਦੀ ਨਾਲ ਇਹ ਖਬਰਾਂ ਆਉਂਦੀਆਂ ਰਹਿੰਦੀਆਂ ਨੇ ਕਿ ‘ਪ੍ਰਧਾਨ ਸਾਹਿਬ’ ਫਲਾਣੇ ਸਿੰਘ ਸਾਹਿਬ ਤੋਂ ਖ਼ਫਾ ਹੋਏ ਪਏ ਹਨ ਤੇ ਹੁਣ ਉਸ ਦੀ ਜਗ੍ਹਾ ਢਿਮਕੇ ਸਿੰਘ ਨੂੰ ‘ਜਥੇਦਾਰ’ ਬਣਾਇਆ ਜਾ ਰਿਹਾ ਹੈ। ਰਾਗਣੀ ਗਾਈ ਜਾਣੀ ‘ਸ੍ਰੀ ਅਕਾਲ ਤਖ਼ਤ ਮਹਾਨ ਹੈ’ ਦੀ, ਪਰ ਉਥੋਂ ਦੇ ਜਥੇਦਾਰ ਨੂੰ ਇਹ ਆਦੇਸ਼ ਦੇਣਾ ਕਿ ‘ਪਹਿਲੇ ਅਸਤੀਫਾ, ਪਾਛੇ ਇਸ਼ਨਾਨ!’
ਪੰਜਾਬ ਦੇ ਇਤਿਹਾਸ ਦੀ ਮਾੜੀ ਮੋਟੀ ਜਾਣਕਾਰੀ ਰੱਖਣ ਵਾਲੇ ਵੀ ਜਾਣਦੇ ਹੋਣਗੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਹੋ ਜਾਣ ਤੋਂ ਬਾਅਦ ਅਕਾਲੀ ਦਲ ਕਾਇਮ ਹੋਇਆ ਸੀ ਤਾਂ ਕਿ ਸ਼੍ਰੋਮਣੀ ਕਮੇਟੀ ਧਾਰਮਿਕ ਫਰਜ਼ ਨਿਭਾਵੇ ਤੇ ਅਕਾਲੀ ਦਲ ਸਿਆਸੀ। ਕੁਝ ਕੁ ਵਰ੍ਹੇ ਅਕਾਲੀ ਦਲ ਉਤੇ ਸ਼੍ਰੋਮਣੀ ਕਮੇਟੀ ਦਾ ਕੁੰਡਾ ਰਿਹਾ, ਪਰ ਹੌਲੀ ਹੌਲੀ ਹਾਲਾਤ ਇਹ ਬਣ ਗਏ ਕਿ ਸਾਰਾ ਕੁਝ ਸਿਆਸਤ ਦੀ ਭੇਂਟ ਚੜ੍ਹ ਗਿਆ। ਹੁਣ ਅੱਜਕੱਲ੍ਹ ਜੋ ਹੋ ਰਿਹਾ ਹੈ, ਸਭ ਨੂੰ ਚਿੱਟੇ ਦਿਨ ਵਾਂਗ ਪਤਾ ਹੈ। ਸੰਘ ਪਰਿਵਾਰ ਦੀਆਂ ਵੱਟੀਆਂ ਘੂਰੀਆਂ ਨਾਲ ਭਾਜਪਾ ਦਾ ‘ਸਟੇਅਰਿੰਗ’ ਮੁੜਦਾ ਦੇਖ ਕੇ, ਸ਼੍ਰੋਮਣੀ ਕਮੇਟੀ ਦੇ ਮੇਰੇ ਜਿਹੇ ਨਿਮਾਣੇ ਸਾਬਕਾ ਮੈਂਬਰ ਦੇ ਮਨ ਵਿਚ ਵੀ ਉਮੰਗ ਉਠ ਪਈ ਕਿ ‘ਰਾਮ ਰਾਜ’ ਲੈ ਆਉਣ ਵਾਲਿਆਂ ਨੂੰ ਅਰਜ਼ ਕਰੀਏ ਕਿ ਭਾਜਪਾਈਓ! ਆਪਣੇ ‘ਸਥਾਈ ਸਾਥੀ’, ਭਾਵ ਸਾਡੇ ‘ਕਾਲੀਆਂ ਨੂੰ ਵੀ ਕੁਛ ਸਮਝਾਈਓ!
Leave a Reply