ਰਿਬੇਰੋ ਦੀ ਆਪਬੀਤੀ (4)
ਲੈਫਟੀਨੈਂਟ ਜਨਰਲ ਕੁਲਦੀਪ ਸਿੰਘ ਬਰਾੜ, ਪੰਜਾਬ ਪੁਲਿਸ ਦੇ ਸਾਬਕਾ ਮੁਖੀ ਕੇæਪੀæਐਸ਼ ਗਿੱਲ ਅਤੇ ਜੂਲੀਓ ਰਿਬੇਰੋ ਨੇ ਪਿਛਲੀ ਸਦੀ ਦੇ ਅੱਸੀਵਿਆਂ ਦੇ ਦੌਰ ਉਪਰ ਕਿਤਾਬਾਂ ਲਿਖੀਆਂ ਹਨ। ਇਹ ਕਿਤਾਬਾਂ ਕਿਉਂਕਿ ਸਟੇਟ ਅਫਸਰਾਂ ਵਲੋਂ ਲਿਖੀਆਂ ਗਈਆਂ, ਇਸ ਕਰ ਕੇ ਇਹ ਸਟੇਟ ਦਾ ਏਜੰਡਾ ਹਨ ਪਰ ਰਿਬੇਰੋ ਇਨ੍ਹਾਂ ਤਿੰਨਾਂ ਵਿਚੋਂ ਭਿੰਨ ਹੈ ਕਿਉਂਕਿ ਕਦੀ ਕਦਾਈਂ ਉਹ ਸਟੇਟ ਨਾਲ ਸਹਿਮਤ ਨਹੀਂ ਹੁੰਦਾ। ਇਹੀ ਗੱਲ ਉਸ ਨੂੰ ਬਾਕੀਆਂ ਨਾਲੋਂ ਨਿਖੇੜਦੀ ਹੈ। ਰਿਬੇਰੋ ਦੀ ਧਿਰ ਨਾਲ ਭਾਵੇਂ ਕਿਸੇ ਵੀ ਸੂਰਤ ਸਹਿਮਤ ਨਹੀਂ ਹੋਇਆ ਜਾ ਸਕਦਾ, ਪਰ ਉਸ ਦੀ ਲਿਖਤ ਤੋਂ ਪਤਾ ਲੱਗਦਾ ਹੈ ਕਿ ਸਟੇਟ ਕੀ ਸੋਚਦੀ ਰਹੀ, ਕੀ ਕਰਦੀ ਰਹੀ, ਕਿਉਂ ਕਰਦੀ ਰਹੀ! ਰਿਬੇਰੋ ਵੱਲੋਂ ਲਿਖੀ ਕਿਤਾਬ ‘ਬੁੱਲਟ ਫਾਰ ਬੁੱਲਟ’ ਦੇ ਕੁੱਝ ਪੰਨਿਆਂ ਦਾ ਅੰਗਰੇਜ਼ੀ ਤੋਂ ਪੰਜਾਬੀ ਵਿਚ ਅਨੁਵਾਦ ਉਘੇ ਲੇਖਕ ਪ੍ਰੋæ ਹਰਪਾਲ ਸਿੰਘ ਪੰਨੂ ਨੇ ਕੀਤਾ ਹੈ। ਇਸ ਅੰਕ ਵਿਚ ਰਿਬੇਰੋ ਦੇ ਪੰਜਾਬ ਵਿਚਲੇ ਮੁਢਲੇ ਦਿਨਾਂ ਦੀ ਦਾਸਤਾਨ ਹੈ ਅਤੇ ਪੁਲਿਸ ਤੇ ਖਾੜਕੂਆਂ ਦੀ ਟੱਕਰ ਦੇ ਵੇਰਵਿਆਂ ਦੇ ਨਾਲ ਅੰਦਰਖਾਤੇ ਬਣ-ਵਿਗਸ ਰਹੇ ਹਾਲਾਤ ਦਾ ਜ਼ਿਕਰ ਹੈ। -ਸੰਪਾਦਕ
ਅਨੁਵਾਦ: ਹਰਪਾਲ ਸਿੰਘ ਪੰਨੂ
ਫੋਨ: 91-94642-51454
ਕੁੱਝ ਮਹੀਨੇ ਪਹਿਲਾਂ (ਜੂਨ 1984 ਵਿਚ) ਜਦੋਂ ਅੰਮ੍ਰਿਤਸਰ ਵਿਚ ਬਲੂਸਟਾਰ ਆਪ੍ਰੇਸ਼ਨ ਹੋਇਆ, ਸਿੱਖਾਂ ਨੇ ਦਾਦਰ ਅਤੇ ਪਾਰਿਲ ਇਲਾਕਿਆਂ ਵਿਚੋਂ ਭਾਰੀ ਨਗਰ ਕੀਰਤਨ ਰੋਸ ਵਜੋਂ ਕੱਢੇ। ਇਨ੍ਹਾਂ ਇਲਾਕਿਆਂ ਵਿਚ ਉਨ੍ਹਾਂ ਦੇ ਕਾਫੀ ਗੁਰਦੁਆਰੇ ਹਨ। ਉਹ ਸਖਤ ਗੁੱਸੇ ਵਿਚ ਸਨ, ਉਹ ਕਿਸੇ ਵਕਤ ਵੀ ਸੀਮਾ ਉਲੰਘ ਕੇ ਹਿੰਸਕ ਹੋ ਸਕਦੇ ਸਨ। ਉਸ ਪਾਸੇ ਦਾ ਡਿਪਟੀ ਕਮਿਸ਼ਨਰ ਪੁਲਿਸ ਘਬਰਾਇਆ ਹੋਇਆ ਸੀ। ਉਸ ਨੇ ਮੇਰੇ ਨਾਲ ਫੋਨ ‘ਤੇ ਗੱਲ ਕੀਤੀ ਤਾਂ ਮੈਂ ਭਾਂਪ ਗਿਆ ਕਿ ਉਸ ਵਿਚ ਆਤਮ ਵਿਸ਼ਵਾਸ ਦੀ ਘਾਟ ਹੈ। ਸੋ, ਫਟਾਫਟ ਉਥੇ ਪੁੱਜ ਗਿਆ। ਸਰਕਾਰ ਨੂੰ ਮੈਮੋਰੈਂਡਮ ਦੇਣ ਵਾਸਤੇ ਉਹ ਉਸ ਪਾਸਿਉਂ ਦੀ ਜਾਣਾ ਚਾਹੁੰਦੇ ਸਨ ਜਿਧਰ ਸ਼ਿਵ ਸੈਨਾ ਦਾ ਗੜ੍ਹ ਹੈ। ਮੈਂ ਜਲੂਸ ਦਾ ਰੂਟ ਬਦਲਣ ਲਈ ਕਿਹਾ, ਉਹ ਨਹੀਂ ਮੰਨੇ। ਫਿਰ ਮੈਂ ਕਿਹਾ, ਠੀਕ ਹੈ ਜਿਧਰ ਦੀ ਜੀ ਕਰਦੈ ਜਾਓ; ਪਰ ਜ਼ਾਬਤੇ ਵਿਚ ਰਹਿਣਾ। ਉਨ੍ਹਾਂ ਨੇ ਵਾਅਦਾ ਕੀਤਾ ਤੇ ਨਿਭਾਇਆ। ਗੋਲਡਨ ਟੈਂਪਲ ਵਿਚ ਆਰਮੀ ਐਕਸ਼ਨ ਦੀ ਨਿਖੇਧੀ ਕਰਨ ਵਾਲਾ ਮੈਮੋਰੈਂਡਮ ਮੁਖ ਮੰਤਰੀ ਨੂੰ ਦੇ ਕੇ ਪਰਤ ਗਏ।
ਦਰਬਾਰ ਸਾਹਿਬ ਉਪਰ ਫੌਜੀ ਐਕਸ਼ਨ ਨੇ ਸਿੱਖਾਂ ਨੂੰ ਆਪੇ ਤੋਂ ਬਾਹਰ ਕਰਨਾ ਹੀ ਸੀ, ਕਿਉਂਕਿ ਇਹ ਐਕਸ਼ਨ ਪੂਰੀ ਤਰ੍ਹਾਂ ਗੁਪਤ ਸੀ। ਅਸੀਂ ਵੀ ਖਬਰ ਸੁਣ ਕੇ ਅਵਾਕ ਰਹਿ ਗਏ। ਸਾਨੂੰ ਪਤਾ ਹੁੰਦਾ ਤਾਂ ਅਸੀਂ ਕੁਝ ਅਗੇਤੇ ਬੰਦੋਬਸਤ ਕਰ ਲੈਂਦੇ, ਸਿੱਖ ਲੀਡਰਾਂ ਨਾਲ ਬੈਠ ਕੇ ਕੁਝ ਸਲਾਹ-ਮਸ਼ਵਰਾ ਕਰ ਲੈਂਦੇ।
ਪੰਨਾ 250: ਅਪਰੈਲ 1985 ਵਿਚ ਮੈਨੂੰ ਕੇਂਦਰੀ ਗ੍ਰਹਿ ਸਕੱਤਰ ਆਰæਡੀæ ਪ੍ਰਧਾਨ ਦਾ ਸੁਨੇਹਾ ਮਿਲਿਆ ਕਿ ਤੁਹਾਨੂੰ ਦਿੱਲੀ ਦਾ ਪੁਲਿਸ ਚੀਫ ਲਾ ਦਿੱਤਾ ਹੈ, ਦਿੱਲੀ ਪੁੱਜੋ। ਮੈਂ ਕਿਹਾ-ਮੇਰੀ ਮਾਂ ਕੈਂਸਰ ਤੋਂ ਪੀੜਤ ਟਾਟਾ ਕੈਂਸਰ ਹਸਪਤਾਲ ਮੁੰਬਈ ਵਿਚ ਦਾਖਲ ਹੈ, ਆਪ੍ਰੇਸ਼ਨ ਹੋਵੇਗਾ। ਫਿਰ ਮੈਂ ਗੋਆ ਆਪਣੇ ਘਰ ਜਾ ਕੇ ਕੁੱਝ ਪਰਿਵਾਰਕ ਮੁਸ਼ਕਿਲਾਂ ਹੱਲ ਕਰਨੀਆਂ ਹਨ, ਜੱਦੀ ਘਰ ਦੀ ਵੰਡ-ਵੰਡਾਈ ਦਾ ਮਸਲਾ ਹੈ। ਇਸ ਲਈ 2 ਤੋਂ 31 ਮਈ ਤੱਕ ਦੀ ਛੁੱਟੀ ਅਪਲਾਈ ਕਰ ਦਿੱਤੀ। ਪ੍ਰਧਾਨ ਨੇ ਕਿਹਾ-ਕੁਝ ਬਹੁਤ ਅਸਰ ਰਸੂਖ ਵਾਲੇ ਅਫਸਰ ਦਿੱਲੀ ਪੋਸਟਿੰਗ ਲਈ ਟ੍ਰਾਈ ਮਾਰ ਰਹੇ ਹਨ, ਪਹਿਲਾਂ ਜਾਇਨ ਕਰ, ਫਿਰ ਛੁੱਟੀ ਚਲਾ ਜਾਈਂ। ਮੈਂ ਕਿਹਾ, ਮੈਂ ਕਿਹੜਾ ਦਿੱਲੀ ਦੀ ਪੋਸਟਿੰਗ ਮੰਗੀ ਹੈ? ਮੈਂ ਚੋਰਾਂ ਵਾਂਗ ਅੱਖ ਬਚਾ ਕੇ ਜਾਇਨ ਕਿਉਂ ਕਰਾਂ? ਤਿੰਨ ਸਾਲ ਦੀ ਸੈਂਸਿਟਿਵ ਡਿਊਟੀ ਮਗਰੋਂ ਹੁਣ ਮੈਨੂੰ ਮਹੀਨੇ ਦੀ ਛੁੱਟੀ ਚਾਹੀਦੀ ਹੈ।
ਮਈ ਦੇ ਅਖੀਰ ਵਿਚ ਸਾਮਾਨ ਦਾ ਟਰੱਕ ਭਰ ਕੇ ਮੈਂ ਦਿੱਲੀ ਵਲ ਕੂਚ ਕਰ ਦਿੱਤਾ। ਯੂæਟੀæ ਕੇਡਰ ਦੇ ਵੇਦ ਮਰਵਾਹ ਨੂੰ ਮੈਂ ਅਪਣੇ ਦਿੱਲੀ ਆਉਣ ਦਾ ਸੁਨੇਹਾ ਦੇ ਦਿੱਤਾ। ਜਾ ਕੇ ਮਰਵਾਹ ਨੂੰ ਮੈਂ ਰਿਲੀਵ ਕਰਨਾ ਸੀ। ਉਸ ਨੇ ਸੁਨੇਹੇ ਦਾ ਕੋਈ ਉਤਰ ਨਹੀਂ ਦਿਤਾ। ਟਰੱਕ ਡਰਾਈਵਰ ਦਾ ਫੋਨ ਆਇਆ ਕਿ ਖਾਲੀ ਪਏ ਕਮਿਸ਼ਨਰ ਹਾਊਸ ਵਿਚ ਤੁਹਾਡੇ ਸਾਮਾਨ ਵਾਲਾ ਟਰੱਕ ਪੁਲਿਸ ਵਾਲੇ ਲੰਘਣ ਨਹੀਂ ਦਿੰਦੇ।
ਇਕ ਹਫਤਾ ਜਾਇਨਿੰਗ ਟਾਈਮ ਮਿਲਦਾ ਸੀ। ਸੋ ਮੈਂ ਸੋਚਿਆ, ਆਰਾਮ ਨਾਲ 6-7 ਜੂਨ ਨੂੰ ਪੁੱਜ ਕੇ ਜਾਇਨ ਕਰਲਾਂ’ਗੇ। ਪ੍ਰਧਾਨ ਦਾ ਫੋਨ ਫਿਰ ਆਇਆ ਕਿ ਮਰਵਾਹ ਨੇ ਇਸੇ ਪੋਸਟ ਉਪਰ ਟਿਕੇ ਰਹਿਣ ਦਾ ਜੁਗਾੜ ਕਰ ਲਿਐ। ਪ੍ਰਧਾਨ ਦਾ ਖਿਆਲ ਸੀ, ਇਸ ਖਬਰ ਨਾਲ ਮੈਂ ਅੱਪਸੈਟ ਹੋ ਜਾਵਾਂਗਾ, ਜਦੋਂ ਕਿ ਅਜਿਹੀ ਕੋਈ ਗੱਲ ਨਹੀਂ ਹੋਈ। ਉਸ ਨੇ ਆਪਣੀ ਕਿਤਾਬ ਵਿਚ ਲਿਖਿਐ, “ਜਦੋਂ ਮੈਂ ਸੁਪਰਕੌਪ ਰਿਬੇਰੋ ਨੂੰ ਮਰਵਾਹ ਦੀ ਖਬਰ ਦਿੱਤੀ, ਉਹ ਬੜਾ ਘਬਰਾਇਆ।” ਮੇਰੀ ਘਬਰਾਹਟ ਦਾ ਫਰਜ਼ੀ ਅੰਦਾਜ਼ਾ ਉਸ ਨੇ ਕਿਵੇਂ ਲਾ ਲਿਆ, ਪਤਾ ਨਹੀਂ, ਕਿਉਂਕਿ ਘਬਰਾਹਟ ਤਾਂ ਫੋਨ ਰਾਹੀਂ ਮੇਰੇ ਬੋਲਾਂ ਵਿਚ ਦੀ ਜਾਣੀ ਸੀ, ਹੋਰ ਕੋਈ ਮੇਰੇ ਕੋਲ ਹੈ ਨਹੀਂ ਸੀ ਉਸ ਤੱਕ ਖਬਰ ਪੁਚਾਣ ਵਾਲਾ। ਪ੍ਰਧਾਨ ਨੇ ਫਿਰ ਕਿਹਾ ਕਿ ਆਪਣੇ ਤੌਖਲਿਆਂ ਦਾ ਜ਼ਿਕਰ ਪ੍ਰੈਸ ਵਿਚ ਨਾ ਕਰੀਂ। ਮੈਂ ਹੈਰਾਨ ਹੋਈ ਜਾ ਰਿਹਾ ਸਾਂ ਕਿ ਘਬਰਾਇਆ ਤਾਂ ਪ੍ਰਧਾਨ ਲਗਦਾ ਹੈ। ਮੈਂ ਪ੍ਰੈਸ ਵਿਚ ਆਪਣੇ ਨਿਜੀ ਦੁੱਖ ਕਦੀ ਨਹੀਂ ਰੋਏ।
ਪੰਨਾ 251: ਗੱਲ ਮੁਕਾਵਾਂ, ਮੈਂ ਪ੍ਰਧਾਨ ਨੂੰ ਕਿਹਾ ਕਿ ਆਪਣਾ ਸਾਮਾਨ ਤਾਂ ਮੈਂ ਹੁਣ ਦਿੱਲੀ ਲੈ ਹੀ ਆਇਆ ਹਾਂ, ਸੀæਆਰæਪੀæਐਫ਼ ਦਾ ਚੀਫ ਰਿਟਾਇਰ ਹੋ ਗਿਐ, ਬੱਸ ਉਸ ਥਾਂ ਦੇ ਆਰਡਰ ਦੇ ਦੇਹ, ਮੇਰਾ ਪਹਿਲਾ ਦਿੱਲੀ ਪੁਲਿਸ ਕਮਿਸ਼ਨਰ ਵਾਲਾ ਆਰਡਰ ਕੈਂਸਲ ਨਹੀਂ ਕੀਤਾ, ਸੀæਆਰæਪੀæਐਫ਼ ਚੀਫ ਦਾ ਦੂਜਾ ਆਰਡਰ ਮੇਰੇ ਹੱਥ ਫੜਾ ਦਿੱਤਾ।
ਪੰਨਾ 252: 4 ਮਾਰਚ 1987 ਨੂੰ ਦਿੱਲੀ ਵਿਖੇ ਦੇਸ਼ ਦੇ ਪੁਲਿਸ ਮੁਖੀਆਂ ਅਤੇ ਇੰਸਪੈਕਟਰ ਜਨਰਲਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਕਿਹਾ, “ਸਾਡੇ ਲਈ ਜ਼ਰੂਰੀ ਹੈ, ਅਸੀਂ ਮਿਸਟਰ ਰਿਬੇਰੋ ਨੂੰ ਉਸ ਦੇ ਹੌਸਲੇ, ਸਿਰੜ ਵਾਸਤੇ ਵਧਾਈ ਦੇਈਏ। ਵਧਾਈ ਦਿੰਦਿਆਂ ਮੇਰੇ ਮਨ ਵਿਚ ਤੁਹਾਡੇ ਅੱਗੇ ਇਕ ਸਵਾਲ ਵੀ ਹੈ। ਜਦੋਂ ਮੈਂ ਗ੍ਰਹਿ ਮੰਤਰੀ ਜਾਂ ਚਿੰਦਬਰਮ ਨੂੰ ਪੁੱਛਦਾ ਹਾਂ ਕਿ ਫਲਾਣਾ ਔਖਾ ਕੰਮ ਕੌਣ ਕਰ ਸਕਦਾ ਹੈ, ਉਦੋਂ ਰਿਬੇਰੋ ਦਾ ਨਾਮ ਲਿਆ ਜਾਂਦਾ ਹੈ। ਰਿਬੇਰੋ ਵਰਗਾ ਹੋਰ ਕੋਈ ਕਿਉਂ ਨਹੀਂ ਹੈ? ਸਾਡੇ ਕੋਲ ਬਹੁਤ ਸਾਰੇ ਰਿਬੇਰੋ ਕਿਉਂ ਨਹੀਂ? ਪੁਲਿਸ ਨੂੰ ਜਿਸ ਸਹੀ ਰਸਤੇ ਲਿਜਾਣਾ ਬਣਦਾ ਹੈ, ਸਾਡੇ ਅਫਸਰਾਂ ਵਿਚ ਅਗਵਾਈ ਕਰਨ ਵਾਲੀ ਵਧੀਆ ਲੀਡਰਸ਼ਿਪ ਕਿਉਂ ਨਹੀਂ? ਮੈਂ ਤੁਹਾਡੇ ਅੱਗੇ ਸਖਤ ਸਵਾਲ ਰੱਖਿਆ ਹੈ, ਆਪਣੇ ਆਪ ਤੋਂ ਇਸ ਦਾ ਜਵਾਬ ਮੰਗਿਓ।”
ਪੰਨਾ 272: ਪੰਜਾਬ ਅਤੇ ਖਾੜਕੂਵਾਦ, ਦੋਵੇਂ ਮੇਰੇ ਲਈ ਅਜਨਬੀ ਸਨ। ਜਦੋਂ ਆਈæਪੀæਐਸ਼ ਆਪਣੀ ਸਰਵਿਸ ਸ਼ੁਰੂ ਕਰਦਾ ਹੈ, ਕਾਡਰ ਅਨੁਸਾਰ ਉਸ ਨੂੰ ਜਿਹੜੀ ਸਟੇਟ ਮਿਲਦੀ ਹੈ। ਜੇ ਇਹ ਨਵੀਂ ਹੈ ਤਾਂ ਵੀ ਉਥੇ ਕੰਮ ਕਰਦਿਆਂ ਵਾਕਫੀ ਹੋ ਜਾਂਦੀ ਹੈ। ਪੰਜਾਬ ਜਾਣ ਦੀ ਮੇਰੀ ਮਨਸ਼ਾ ਨਹੀਂ ਸੀ, ਸੁਰਜੀਤ ਸਿੰਘ ਬਰਨਾਲਾ ਨੇ ਪ੍ਰਧਾਨ ਮੰਤਰੀ ਤੋਂ ਮੰਗ ਕੇ ਮੈਨੂੰ ਲਿਆਂਦਾ ਸੀ। ਮੈਂ ਸਾਰਾ ਦੇਸ਼ ਦੇਖ ਲਿਆ ਸੀ, ਸਭਿਆਚਾਰਾਂ ਦੀ ਵੰਨ-ਸੁਵੰਨਤਾ ਤੋਂ ਵਾਕਫ ਹੋ ਗਿਆ ਸੀ ਪਰ ਪੰਜਾਬ ਦੇ ਲੋਕ ਮਰਾਠਿਆਂ ਤੋਂ ਉਸੇ ਤਰ੍ਹਾਂ ਵੱਖਰੇ ਹਨ ਜਿਵੇਂ ਰੂਸੀ, ਅੰਗਰੇਜ਼ਾਂ ਤੋਂ। ਪੰਜਾਬੀ ਬਹੁਤ ਹਿੰਮਤੀ ਹਨ। ਉਹ ਨਿਰੰਤਰ ਆਪਣਾ ਜੀਵਨ ਪੱਧਰ ਉਚਾ ਚੁੱਕਣ ਵਿਚ ਲੱਗੇ ਰਹਿੰਦੇ ਹਨ। ਮੇਜ਼ਬਾਨੀ ਕਰਨ ਵੇਲੇ ਵੀ ਧੱਕੜਸ਼ਾਹ ਹਨ। ਪੰਜਾਬੀ ਘਰ ਵਿਚ ਜਾਉ, ਲੱਸੀ ਜਾਂ ਚਾਹ ਪੀਤੇ ਬਗੈਰ ਤੁਸੀਂ ਬਾਹਰ ਨਹੀਂ ਨਿਕਲ ਸਕਦੇ। ਜੇ ਤੁਸੀਂ ਪਹਿਲੋਂ ਵਧੀਕ ਚਾਹ ਪੀ ਰੱਖੀ ਹੈ ਤਾਂ ਚੰਗਾ ਹੋਵੇਗਾ ਪੰਜਾਬੀ ਘਰ ਵਿਚ ਜਾਉ ਹੀ ਨਾ। ਘਰ ਦਾ ਮਾਲਕ ਜੇ ਤੁਹਾਨੂੰ ਪਸੰਦ ਨਹੀਂ ਵੀ ਕਰਦਾ, ਤਾਂ ਵੀ ਖਾਣ ਪੀਣ ਲਈ ਕੁਝ ਨਾ ਕੁਝ ਦਏਗਾ ਹੀ ਦਏਗਾ।
ਪੰਜਾਬੀ ਵਧੀਆ ਸਿਪਾਹੀ ਹਨ। ਲੜਨ ਲਈ ਹਮੇਸ਼ਾ ਤਿਆਰ, ਭਾਵੇਂ ਜਿਸ ਮਰਜ਼ੀ ਸਾਈਡ ਤੋਂ ਲੜਾ ਲਵੋ। ਜਿੰਨਾ ਚਿਰ ਮੈਂ ਪੰਜਾਬ ਵਿਚ ਤਾਇਨਾਤ ਰਿਹਾ, ਮੇਰੇ ਸੁਰੱਖਿਆ ਗਾਰਡ ਜੱਟ ਸਿੱਖ ਸਨ, ਪੂਰੇ ਵਫਾਦਾਰ। ਕਿਉਂਕਿ ਮੈਂ ਉਨ੍ਹਾਂ ਦਾ ਲੀਡਰ ਸਾਂ ਤੇ ਸਰਕਾਰ ਦੇ ਉਹ ਮੁਲਾਜ਼ਮ, ਇਸ ਲਈ ਮੇਰੀ ਯਾਨਿ ਸਰਕਾਰ ਦੀ ਸਾਈਡ ਤੋਂ ਲੜੇ।
ਪੰਜਾਬ ਦੀ ਪੇਂਡੂ ਵਸੋਂ ਵਿਚਲੀ ਧੜੇਬਾਜ਼ੀ, ਦੁਸ਼ਮਣੀ, ਬਦਲਾ ਆਦਿਕ ਵਰਗਾ ਕੁਝ ਵੀ ਮਹਾਰਾਸ਼ਟਰ ਵਿਚ ਬਿਲਕੁਲ ਨਹੀਂ। ਮਰਾਠੇ ਕਾਨੂੰਨੀ ਪ੍ਰਕਿਰਿਆ ਰਾਹੀਂ ਬਦਲਾ ਲੈਣਗੇ। ਮਰਾਠਿਆਂ ਨੂੰ ਅਦਾਲਤਾਂ ਰਾਹੀਂ ਇਨਸਾਫ ਮਿਲਦਾ ਵੀ ਹੈ, ਇਸ ਕਰ ਕੇ ਇਸ ਦੀ ਕਦਰ ਹੈ। ਪੰਜਾਬੀ ਲੋਕ ਸਜ਼ਾ ਦੇਣ ਵਾਸਤੇ ਅਦਾਲਤ ਦਾ ਲੰਮਾ ਸਮਾਂ ਬਰਦਾਸ਼ਤ ਨਹੀਂ ਕਰ ਸਕਦੇ। ਇਹ ਕੰਮ ਉਹ ਆਪੇ ਨਿਬੇੜਦੇ ਹਨ।
ਖਾੜਕੂਵਾਦ ਦਾ ਤਜਰਬਾ ਮੇਰੇ ਲਈ ਅਜਨਬੀ ਸੀ। ਮੈਂ ਵਿਅਕਤੀਗਤ ਅਤੇ ਸੰਗਠਿਤ ਅਪਰਾਧਾਂ ਨਾਲ ਸਿਝਿਆ ਸਾਂ-ਹਿੰਸਕ ਅਪਰਾਧ ਅਤੇ ਕਲਰਕੀ ਅਪਰਾਧ, ਪਰ ਖਾੜਕੂਵਾਦ ਪੂਰਨ ਨਵਾਂ ਅਜੂਬਾ ਸੀ। ਅਖਬਾਰਾਂ ਵਿਚ ਦਹਿਸ਼ਤਪਸੰਦੀ ਬਾਰੇ ਪੜ੍ਹਦਾ ਰਹਿੰਦਾ ਸਾਂ, ਪੰਜਾਬ ਵਿਚ ਆ ਕੇ ਇਸ ਬਾਰੇ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ।
ਜਦੋਂ ਤਕ ਤੁਸੀਂ ਆਤੰਕਵਾਦ ਵਿਚੋਂ ਦੀ ਲੰਘਦੇ ਨਹੀਂ, ਤੁਹਾਨੂੰ ਇਸ ਦਾ ਪਤਾ ਨਹੀਂ ਲਗਦਾ। ਖਾੜਕੂ ਦਹਿਲ ਪਾ ਦੇਣ ਵਾਲੀ ਵਾਰਦਾਤ ਕਰਦੇ ਹਨ, ਇੰਨੀ ਵੱਡੀ ਵਾਰਦਾਤ ਕਿ ਲੋਕ ਸੋਚ ਵੀ ਨਾ ਸਕਣ। ਅਚਾਨਕ ਮਾਸੂਮ ਲੋਕ ਗੋਲੀਆਂ ਨਾਲ ਭੁੰਨ ਦਿਤੇ ਜਾਂਦੇ ਹਨ ਤਾਂ ਕਿ ਅਫਰਾ-ਤਫਰੀ ਫੈਲ ਜਾਏ। ਅਚਾਨਕ ਬੇਵਕਤੇ ਹਮਲੇ, ਕੋਈ ਨਹੀਂ ਜਾਣਦਾ ਅਗਲਾ ਸ਼ਿਕਾਰ ਕੌਣ ਹੋ ਜਾਏ। ਵਿਆਪਕ ਦਹਿਸ਼ਤ ਛਾਈ ਰਹਿੰਦੀ ਹੈ। ਬੱਚਿਆਂ ਉਪਰ ਹਮਲਾ ਹੋ ਸਕਦਾ ਹੈ ਕਿਉਂਕਿ ਫੁੰਡਣੇ ਆਸਾਨ ਹਨ।
ਭੈਅ-ਭੀਤ ਪੰਜਾਬੀ ਹੋਰ ਸੁਰੱਖਿਆ ਮੰਗਣ ਲੱਗੇ, ਸਰਕਾਰ ਅਤਿਵਾਦ ਨੂੰ ਬੰਦ ਕਿਉਂ ਨ੍ਹੀਂ ਕਰਦੀ? ਸਰਕਾਰ ਭਰੋਸਾ ਦਿਵਾਉਂਦੀ ਰਹਿੰਦੀ ਕਿ ਜੋ ਹੋ ਸਕਦਾ ਹੈ, ਕਰ ਰਹੇ ਹਾਂ। ਬਹੁਤੇ ਲੋਕਾਂ ਦਾ ਅਦਾਲਤਾਂ ਤੋਂ ਵਿਸ਼ਵਾਸ ਉਠ ਗਿਆ ਸੀ। ਉਹ ਪੁਲਿਸ ਰਾਹੀਂ ਖਾੜਕੂਆਂ ਨੂੰ ਕਾਬੂ ਕਰਵਾਉਣ ਦੇ ਇਛੁਕ ਸਨ। ਨਿਰਾਸ਼ ਹੋਏ ਲੋਕਾਂ ਵਾਸਤੇ ਇਹੋ ਇਲਾਜ ਬਚਦਾ ਸੀ। ਬਹੁਤ ਸਾਰੇ ਜੱਜ ਨਹੀਂ ਚਾਹੁੰਦੇ ਸਨ ਕਿ ਖਾੜਕੂਆਂ ਦੇ ਕੇਸ ਉਨ੍ਹਾਂ ਕੋਲ ਆਉਣ। ਜ਼ਮਾਨਤਾਂ ਨਹੀਂ ਦਿੰਦੇ ਤਾਂ ਜੱਜਾਂ ਦੇ ਬੱਚੇ ਜਾਂ ਹੋਰ ਰਿਸ਼ਤੇਦਾਰ ਫੁੰਡੇ ਜਾ ਸਕਦੇ ਸਨ।
ਖਾੜਕੂਆਂ ਉਪਰ ਮੁਕੱਦਮੇ ਚਲਾਉਣ ਲਈ ਜਿਹੜੀਆਂ ਸਪੈਸ਼ਲ ਅਦਾਲਤਾਂ ਕਾਇਮ ਕੀਤੀਆਂ ਗਈਆਂ, ਉਨ੍ਹਾਂ ਦੇ ਜੱਜ ਜਾਂ ਤਾਂ ਛੁੱਟੀ ਚਲੇ ਜਾਂਦੇ ਜਾਂ ਆਪਣੇ ਸੀਨੀਅਰਾਂ ਅੱਗੇ ਕਿਤੇ ਹੋਰ ਥਾਂ ਬਦਲੀ ਵਾਸਤੇ ਤਰਲੇ ਮਾਰਦੇ ਰਹਿੰਦੇ। ਜਿਨ੍ਹਾਂ ਸਿਆਸਤਦਾਨਾਂ ਦੀਆਂ ਕਰਤੂਤਾਂ ਸਦਕਾ ਆਤੰਕਵਾਦ ਪਨਪਿਆ, ਉਹ ਡਰਦੇ ਉਨ੍ਹਾਂ ਇਲਾਕਿਆਂ ਵਿਚ ਨਾ ਜਾਂਦੇ ਜਿਧਰ ਖਾੜਕੂਆਂ ਦਾ ਦਬਦਬਾ ਹੁੰਦਾ। ਫਲਸਰੂਪ ਮੈਦਾਨ ਖਾੜਕੂਆਂ ਵਾਸਤੇ ਸਾਫ ਸੀ, ਜਾਂ ਉਨ੍ਹਾਂ ਵਾਸਤੇ ਸੀ ਜਿਹੜੇ ਸਰਕਾਰ ਵਲੋਂ ਹਥਿਆਰਬੰਦ ਕੀਤੇ ਗਏ, ਯਾਨਿ ਪੁਲਿਸ।
ਪੰਨਾ 274: ਉਨ੍ਹਾਂ ਦਿਨਾਂ ਵਿਚ ਇਹ ਗੱਲ ਹਰ ਇਕ ਦੀ ਜ਼ਬਾਨ ‘ਤੇ ਸੀ ਕਿ ਦਿਨੇ ਪਿੰਡਾਂ ਵਿਚ ਪੁਲਿਸ ਰਾਜ ਹੁੰਦਾ ਹੈ ਤੇ ਰਾਤੀਂ ਪੁਲਿਸ ਇਹ ਚਾਰਜ ਖਾੜਕੂਆਂ ਨੂੰ ਦੇ ਦਿੰਦੀ ਹੈ। ਰਾਤ ਦੇ ਹਨੇਰੇ ਵਿਚ ਪੁਲਿਸ ਖਾੜਕੂਆਂ ਦੀਆਂ ਗੋਲੀਆਂ ਨਾਲ ਟਕਰਾਉਣ ਤੋਂ ਤ੍ਰਹਿੰਦੀ। ਮੁੱਖ ਮੰਤਰੀ ਨੇ ਖੁਦ ਇਸ ਹਾਲਤ ਬਾਰੇ ਮੇਰੇ ਨਾਲ ਗੱਲ ਕੀਤੀ। ਮੈਂ ਆਪਣੇ ਅਫਸਰਾਂ ਨੂੰ ਇਸ ਬਾਰੇ ਪੁੱਛਿਆ, ਉਨ੍ਹਾਂ ਕਿਹਾ-ਹਾਂ ਸਹੀ ਹੈ ਇਹ ਗੱਲ। ਖਾੜਕੂਆਂ ਨੇ ਕਿਹੜਾ ਕਿਸੇ ਨਿਯਮ ਵਿਧਾਨ ਅਨੁਸਾਰ ਚੱਲਣਾ ਹੈ? ਪੁਲਿਸ ਵਾਸਤੇ ਲਾਜ਼ਮੀ ਹੈ ਕਿ ਰਾਤ ਨੂੰ ਸ਼ੱਕੀ ਘੁੰਮਦੇ ਬੰਦੇ ਨੂੰ ਪਹਿਲਾਂ ਵੰਗਾਰ ਕੇ ਰੁਕ ਜਾਣ ਲਈ, ਹੱਥ ਖੜ੍ਹੇ ਕਰਨ ਲਈ ਕਹਿੰਦੀ ਹੈ, ਉਹ ਅਜਿਹਾ ਨਾ ਕਰੇ ਤਾਂ ਫਾਇਰਿੰਗ ਕਰਦੀ ਹੈ। ਖਾੜਕੂ ਅਜਿਹਾ ਨਹੀਂ ਕਰਦੇ। ਜੇ ਅਸੀਂ ਪੁਲਿਸ ਨੂੰ ਵੀ ਅਧਿਕਾਰ ਦੇ ਦਿੰਦੇ ਹਾਂ ਕਿ ਉਹ ਬਿਨਾਂ ਵੰਗਾਰਨ ਦੇ ਰਾਤੀਂ ਸ਼ੱਕੀ ਬੰਦੇ ਨੂੰ ਗੋਲੀ ਮਾਰਨ ਦੇ ਹੱਕਦਾਰ ਹਨ, ਬੇਗੁਨਾਹ ਲੋਕ ਮਾਰੇ ਜਾਣਗੇ ਕਿਉਂਕਿ ਕਾਮਿਆਂ-ਕਿਸਾਨਾਂ ਨੇ ਰਾਤ-ਬਰਾਤੇ ਖੇਤੀਂ ਜਾਣਾ ਹੁੰਦਾ ਹੈ। ਜੇ ਅਸੀਂ ਪੁਲਿਸ ਨੂੰ ਕਹੀਏ ਕਿ ਰਾਤੀਂ ਫਾਇਰ ਕਰਨ ਤੋਂ ਪਹਿਲਾਂ ਸ਼ੱਕੀ ਬੰਦੇ ਦੀ ਸ਼ਨਾਖਤ ਕਰੇ, ਤਦ ਪੁਲਿਸਮੈਨ ਗੋਲੀ ਖਾ ਬੈਠੇਗਾ ਕਿਉਂਕਿ ਖਾੜਕੂਆਂ ਨੇ ਤਾਂ ਉਸ ਦੀ ਵਰਦੀ ਤੋਂ ਹੀ ਪੁਲਸੀਏ ਦੀ ਸ਼ਨਾਖਤ ਕਰ ਲਈ ਹੈ।
ਪੰਨਾ 275: ਤਿੰਨ ਮਹੀਨਿਆਂ ਦੀ ਮਗਜ਼ ਖਪਾਈ ਮਗਰੋਂ ਇਕ ਰਸਤਾ ਕੱਢਿਆ। ਫੈਸਲਾ ਹੋਇਆ ਕਿ ਰਾਤੀਂ ਪੁਲਿਸ, ਸਿਵਲ ਕੱਪੜਿਆਂ ਵਿਚ ਹਥਿਆਰਬੰਦ ਹੋ ਕੇ ਗਸ਼ਤ ਕਰੇਗੀ। ਇਸ ਤਰ੍ਹਾਂ ਉਹ ਕਿਸੇ ਵੀ ਸ਼ੱਕੀ ਬੰਦੇ ਦੀ ਪੜਤਾਲ ਕਰ ਸਕੇਗੀ। ਸ਼ੁਰੂ ਵਿਚ ਮੈਂ ਠਾਣਿਆਂ ਵੱਲ ਧਿਆਨ ਦਿੱਤਾ। ਮੁਕਾਬਲੇ ਵਾਸਤੇ ਪੁਲਸੀਆਂ ਦੀ ਹੌਸਲਾ-ਅਫਜ਼ਾਈ ਲਈ ਮੈਨੂੰ ਸਭ ਤੋਂ ਅੱਗੇ ਚੱਲਣਾ ਪਵੇਗਾ। ਇਕ ਹਿਸਾਬ ਠੀਕ ਹੀ ਹੋਇਆ ਕਿ ਪਹਿਲੀ ਰਾਤ ਜਦੋਂ ਮੈਂ ਅਰੁਣ ਨਹਿਰੂ ਅਤੇ ਅਰਜਨ ਸਿੰਘ ਨਾਲ ਦਿੱਲੀ ਤੋਂ ਚੰਡੀਗੜ੍ਹ ਆਇਆ, ਉਨ੍ਹਾਂ ਮੈਨੂੰ ਮੁੱਖ ਮੰਤਰੀ ਨਾਲ ਮਿਲਾਇਆ। ਫਿਰ ਰਾਜਪਾਲ ਸ਼ੰਕਰ ਦਿਆਲ ਨਾਲ ਖਾਣਾ ਖਾਧਾ। ਉਪਰੰਤ ਰਾਜ ਭਵਨ ਦੇ ਗੈਸਟ ਹਾਊਸ ਵਿਚ ਸੌਣ ਵਾਸਤੇ ਚਲਾ ਗਿਆ। ਸਵੇਰੇ ਦੋ ਵਜੇ ਸਿੱਖ ਗਾਰਡ ਨੇ ਮੈਨੂੰ ਜਗਾ ਕੇ ਦੱਸਿਆ ਕਿ ਖਾੜਕੂਆਂ ਨੇ ਜਲੰਧਰ ਵਾਰਦਾਤ ਕਰ ਦਿੱਤੀ ਹੈ। ਮੈਂ ਤੁਰਤ ਉਥੇ ਜਾਣ ਦਾ ਫੈਸਲਾ ਕੀਤਾ। ਅੱਧੀ ਰਾਤ, ਮੈਥੋਂ ਪਹਿਲਾਂ ਹੋਰ ਕੋਈ ਪੁਲਿਸ ਅਫਸਰ ਉਥੇ ਜਾਣ ਲਈ ਤਿਆਰ ਨਹੀਂ ਸੀ।
ਸਵੇਰੇ 5 ਵਜੇ ਮੈਂ ਜਲੰਧਰ ਪੁੱਜ ਗਿਆ। ਉਥੇ ਸ਼ਾਨਦਾਰ ਜੱਟ ਸਿੱਖ ਇੰਸਪੈਕਟਰ ਸੁੱਚਾ ਸਿੰਘ ਮਿਲਿਆ। ਅਪਰਾਧ ਅਤੇ ਅਪਰਾਧੀਆਂ ਨੂੰ ਲੱਭਣ ਵਿਚ ਉਸ ਦੀ ਕੁਸ਼ਲਤਾ ਦਾ ਪੂਰੇ ਪੰਜਾਬ ਨੂੰ ਪਤਾ ਸੀ। ਉਸ ਨੇ ਮੈਨੂੰ ਦੱਸਿਆ ਕਿ ਖਾੜਕੂਆਂ ਨੂੰ ਫਾਰਮ ਹਾਊਸ ਵਿਚ ਘੇਰ ਲਿਆ ਹੈ ਤੇ ਉਸ ਨੂੰ ਖੁਸ਼ੀ ਹੈ ਕਿ ਨਵੇਂ ਪੁਲਿਸ ਚੀਫ ਦੇ ਆਉਣ ਸਾਰ ਪਹਿਲੀ ਵਾਰਦਾਤ ਹੱਲ ਕਰ ਲਈ ਹੈ।
ਇਸ਼ਨਾਨ ਕਰਨ ਬਾਅਦ ਮੈਂ ਇੰਸਪੈਕਟਰ ਨਾਲ ਉਸ ਥਾਂ ‘ਤੇ ਚਲਾ ਗਿਆ ਜਿਥੋਂ ਖਾੜਕੂ ਫੜੇ ਗਏ ਸਨ। ਮੇਰੇ ਉਥੇ ਪੁੱਜਣ ਤੋਂ ਪਹਿਲਾਂ ਭਾਵੇਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਥਾਣੇ ਬੰਦ ਕੀਤਾ ਜਾ ਚੁੱਕਾ ਸੀ ਪਰ ਫੜੇ ਗਏ ਹਥਿਆਰਾਂ ਅਤੇ ਬਰਾਮਦ ਸਬੂਤਾਂ ਤੋਂ ਉਨ੍ਹਾਂ ਦੀ ਕਰਤੂਤ ਦਾ ਪਤਾ ਲਗਦਾ ਸੀ। ਸਮੇਂ ਸਿਰ ਸਹੀ ਐਕਸ਼ਨ ਲਏ ਜਾਣ ਕਾਰਨ ਲੋਕਾਂ ਦਾ, ਪੁਲਿਸ ਦਾ ਅਤੇ ਮੇਰਾ ਹੌਸਲਾ ਮਜ਼ਬੂਤ ਹੋਇਆ।
ਅਜੇ ਹਫਤਾ ਨਹੀਂ ਬੀਤਿਆ ਸੀ ਕਿ ਜਲੰਧਰ ਵਿਚ ਖਾੜਕੂਆਂ ਨੇ ਦੁਬਾਰਾ ਵਾਰਦਾਤ ਕਰ ਦਿੱਤੀ। ਇਸ ਵਾਰੀ ਬੜੀ ਵਿਉਂਤਬੰਦੀ ਨਾਲ ਸੁੱਖੇ ਸਿਪਾਹੀ ਨੂੰ ਛੁਡਾਉਣ ਵਾਸਤੇ ਕਾਰਵਾਈ ਕੀਤੀ ਗਈ। ਉਸ ਦਾ ਅਸਲ ਨਾਮ ਸੁਖਦੇਵ ਸਿੰਘ ਸੀ ਜੋ ਪੁਲਿਸ ਵਿਚ ਹੈਡ ਕਾਂਸਟੇਬਲ ਸੀ। ਭਿੰਡਰਾਂਵਾਲੇ ਨਾਲ ਸਾਂਝ ਹੋਣ ਕਾਰਨ ਉਸ ਨੂੰ ਪੁਲਿਸ ਵਿਚੋਂ ਡਿਸਮਿੱਸ ਕਰ ਦਿੱਤਾ ਗਿਆ ਸੀ। ਆਪਣੇ ਸਮੇਂ ਦਾ ਉਹ ਭਿਆਨਕ ਖਾੜਕੂ ਸੀ। ਪੁਲਿਸ ਵਿਚ ਉਸ ਨੂੰ ਸੁੱਖਾ ਸਿਪਾਹੀ ਕਿਹਾ ਜਾਂਦਾ। ਗ੍ਰਿਫਤਾਰ ਕਰ ਕੇ ਉਸ ਨੂੰ ਸੱਤ ਪੁਲਿਸ ਮੁਲਾਜ਼ਮਾਂ ਦੀ ਹਿਰਾਸਤ ਵਿਚ ਮੈਜਿਸਟਰੇਟ ਅਗੇ ਪੇਸ਼ ਕਰਨਾ ਸੀ। ਖਾੜਕੂਆਂ ਨੇ ਅਚਾਨਕ ਇਸ ਟੁਕੜੀ ‘ਤੇ ਹੱਲਾ ਬੋਲ ਦਿੱਤਾ। ਸੱਤ ਦੇ ਸੱਤ ਮੁਲਾਜ਼ਮ ਢੇਰੀ ਕਰ ਦਿਤੇ। ਸੱਤਾਂ ਵਿਚੋਂ ਆਪਣੀ ਰੱਖਿਆ ਵਾਸਤੇ ਇਕ ਜਣਾ ਵੀ ਗੋਲੀ ਨਾ ਚਲਾ ਸਕਿਆ। ਸੁੱਖਾ ਆਪਣੇ ਸਾਥੀਆਂ ਸਣੇ ਫਰਾਰ ਹੋ ਗਿਆ। ਮੇਰੇ ਸਾਹਮਣੇ ਸੱਤ ਵਿਧਵਾਵਾਂ ਵਿਰਲਾਪ ਕਰ ਰਹੀਆਂ ਸਨ ਜਿਨ੍ਹਾਂ ਵਿਚੋਂ ਛੇ ਜੱਟ ਸਿੱਖ ਘਰਾਂ ਦੀਆਂ! ਪੰਜਾਬ ਪੁਲਿਸ ਵਿਚ 80 ਫੀਸਦੀ ਜੱਟ ਸਿੱਖ ਹਨ। ਕੁੱਝ ਖੱਤਰੀ ਸਿੱਖ ਅਫਸਰ ਹਨ ਪਰ ਹੇਠਲੇ ਰੈਂਕਾਂ ਵਿਚ ਨਹੀਂ।
ਪੰਨਾ 276: ਦੁਰਘਟਨਾ ਵਾਲੀ ਥਾਂ ਮੀਡੀਏ ਦਾ ਜਮਘਟ ਜੁੜ ਗਿਆ। ਹਰ ਇਕ ਦਾ ਇਕੋ ਸਵਾਲ-ਹੁਣ ਕੀ ਕਰੋਗੇ? ਦੋ ਤਿੰਨ ਦਿਨਾਂ ਬਾਅਦ ਤਰਨਤਾਰਨ ਵਿਖੇ ਫਿਰ ਪੱਤਰਕਾਰਾਂ ਨੇ ਮੈਨੂੰ ਘੇਰ ਲਿਆ-ਖਾੜਕੂਆਂ ਵਿਰੁਧ ਹੁਣ ਕੀ ਪਲੈਨ ਹੈ? ਮੈਂ ਦੱਸਿਆ ਕਿ ਆਪਣੇ ਬੰਦਿਆਂ ਨੂੰ ਮੁਕਾਬਲਾ ਕਰਨ ਦਾ ਤਰੀਕਾ ਸਿਖਾਵਾਂਗਾ। ਆਤਮ ਰੱਖਿਆ ਵਾਸਤੇ ਉਨ੍ਹਾਂ ਨੂੰ ਵਧੀਆ ਹਥਿਆਰ ਦੇ ਦਿੱਤੇ ਹਨ। ਜਲੰਧਰ ਅਦਾਲਤ ਵਿਚ ਵਾਪਰੇ ਕਾਂਡ ਵਰਗੇ ਹਾਲਾਤ ਵਿਚ ਐਕਸ਼ਨ ਲੈਣਾ ਸਿਖਾਵਾਂਗਾ। ਅਖਬਾਰਾਂ ਨੇ ਮੇਰੇ ਜਵਾਬ ਇਕ ਦੋ ਦਿਨਾਂ ਬਾਅਦ ਛਾਪ ਦਿੱਤੇ।
10 ਅਪਰੈਲ ਨੂੰ ‘ਹਿੰਦੁਸਤਾਨ ਟਾਈਮਜ਼’ ਦੇ ਇਕ ਨਾਮਾਨਿਗਾਰ ਨੇ ਪਹਿਲੀ ਵਾਰ ‘ਬੁੱਲਟ ਫਾਰ ਬੁੱਲਟ’ (ਗੋਲੀ ਬਦਲੇ ਗੋਲੀ) ਪਾਲਿਸੀ ਦਾ ਜ਼ਿਕਰ ਕੀਤਾ। ਧਿਆਨ ਦੇਣ ਵਾਲਾ ਤੱਥ ਇਹ ਹੈ ਕਿ ਕੇਵਲ ਇਕ ਅਖਬਾਰ ਨੇ ਇਹ ਲਫਜ਼ ਛਾਪੇ। ਮੈਂ ਕਹੇ ਹੁੰਦੇ ਤਾਂ ਅਗਲੇ ਦਿਨ ਸਾਰਿਆਂ ਅਖਬਾਰਾਂ ਨੇ ਛਾਪਣੇ ਸਨ। ‘ਹਿੰਦੁਸਤਾਨ ਟਾਈਮਜ਼’ ਨੇ ਲਿਖਿਆ ਕਿ ਰਿਬੇਰੋ ਨੇ ਖਾੜਕੂਆਂ ਨੂੰ ਤਾੜਨਾ ਕੀਤੀ ਹੈ ਕਿ ਫੋਰਸ ਦਾ ਮੁਕਾਬਲਾ ਫੋਰਸ ਨਾਲ ਕੀਤਾ ਜਾਏਗਾ ਤੇ ਜੇ ਖਾੜਕੂਆਂ ਕੋਲ ਹਿੱਟ ਲਿਸਟ ਅਤੇ ਹਿੱਟ ਸਕੁਐਡ ਹੈ ਤਾਂ ਪੰਜਾਬ ਪੁਲਿਸ ਕੋਲ ਵੀ ਲਿਸਟ ਹੈ। ਇਹ ਸਹੀ ਹੈ ਕਿ ਅਸੀਂ ਖਾੜਕੂ ਗਰੋਹਾਂ ਅਤੇ ਉਨ੍ਹਾਂ ਦੇ ਮੁੱਖ ਲੀਡਰਾਂ ਦੀ ਲਿਸਟ ਤਿਆਰ ਕੀਤੀ ਸੀ। ਇਹ ਰੁਟੀਨ ਦਾ ਕੰਮ ਹੁੰਦਾ ਹੈ ਕਿ ਆਪਣੇ ਇਲਾਕੇ ਵਿਚ ਵਾਰਦਾਤਾਂ ਕਰਨ ਵਾਲਿਆਂ ਦੀ ਲਿਸਟ ਤਿਆਰ ਕੀਤੀ ਜਾਏ।
11 ਅਪਰੈਲ ਤੋਂ ਬਾਅਦ ਹਰ ਅਖਬਾਰ ‘ਬੁੱਲਟ ਫਾਰ ਬੁੱਲਟ’ ਦੀ ਮੁਹਾਰਨੀ ਪੜ੍ਹਨ ਲੱਗ ਪਿਆ ਕਿਉਂਕਿ ਇਹ ਉਨ੍ਹਾਂ ਨੂੰ ਸੂਤ ਬੈਠਦੀ ਸੀ, ਖਾਸ ਕਰ ਕੇ ਹਿੰਦੂਆਂ ਨੂੰ; ਕਿਉਂਜੁ ਉਨ੍ਹਾਂ ਨੂੰ ਅਕਾਰਨ ਨਿਸ਼ਾਨਾ ਬਣਨਾ ਪੈ ਰਿਹਾ ਸੀ। ਗੋਲੀ ਬਦਲੇ ਗੋਲੀ ਲਫਜ਼ ਉਨ੍ਹਾਂ ਨੂੰ ਹੌਸਲਾ ਦਿੰਦੇ ਸਨ, ਆਸ ਦੀ ਕਿਰਨ ਸਨ। ਇਕ ਅਖਬਾਰ ਦੀ ਸੁਰਖੀ ਸੀ- “ਰਿਬੇਰੋ ਦੇ ਸਟੈਂਡ ਕਾਰਨ ਅਕਾਲੀ ਬੇਚੈਨ।” ਮੇਰੇ ਇਸ ਬਿਆਨ ਦੀ ਸਖਤ ਆਲੋਚਨਾ ਅਜੀਤ ਸਿੰਘ ਬੈਂਸ ਵਲੋਂ ਹੋਈ ਜੋ ਪੰਜਾਬ ਹਰਿਆਣਾ ਹਾਈਕੋਰਟ ਦਾ ਰਿਟਾਇਰਡ ਜੱਜ ਸੀ ਤੇ ਮਨੁੱਖੀ ਅਧਿਕਾਰ ਸੰਗਠਨ ਪੰਜਾਬ ਦਾ ਆਪੇ ਬਣਿਆ ਪ੍ਰਧਾਨ ਸੀ। ਜੇ ਖਾੜਕੂਆਂ ਕੋਲ ਹਿੱਟ ਲਿਸਟ ਹੈ ਤਾਂ ਪੁਲਿਸ ਕੋਲ ਵੀ ਹੈ, ਇਸ ਕਥਨ ਦਾ ਗੰਭੀਰ ਨੋਟਿਸ ਲੈਂਦਿਆਂ ਉਸ ਨੇ ਕਿਹਾ ਕਿ ਇਹ ਸਟੇਟ ਟੈਰਰਿਜ਼ਮ ਹੈ ਤੇ ਕਾਨੂੰਨ ਦਾ ਭੋਗ ਪੈ ਗਿਆ ਹੈ। ਮੁੱਖ ਮੰਤਰੀ ਨੇ ਬੈਂਸ ਦੀ ਡਿਊਟੀ ਲਾਈ ਸੀ ਕਿ ਨਜ਼ਰਬੰਦਾਂ ਦੇ ਕੇਸ ਰੀਵਿਊ ਕਰੇ ਤੇ ਦੱਸੇ ਕਿ ਬੇਕਸੂਰ ਕਿਹੜੇ ਕਿਹੜੇ ਹਨ। ਬੈਂਸ ਨੇ ਬਹੁਤ ਸਾਰੇ ਬੇਕਸੂਰ ਸਿੱਖ ਨਜ਼ਰਬੰਦਾਂ ਦੀ ਸੂਚੀ ਮੁੱਖ ਮੰਤਰੀ ਨੂੰ ਦਿੱਤੀ ਜਿਹੜੇ ਉਸ ਦੀ ਸਿਫਾਰਸ਼ ਉਪਰ ਰਿਹਾ ਕਰ ਦਿੱਤੇ ਗਏ। ਅਜਿਹੀਆਂ ਖਬਰਾਂ ਮਿਲਦੀਆਂ ਰਹੀਆਂ ਕਿ ਰਿਹਾ ਕੀਤੇ ਗਏ ਬੰਦੀਆਂ ਨੇ ਮੁੜ ਹਥਿਆਰ ਚੁੱਕ ਲਏ ਹਨ। ਮੁੱਖ ਮੰਤਰੀ ‘ਬੁੱਲਟ ਫਾਰ ਬੁੱਲਟ’ ਮੁਹਾਵਰੇ ਤੋਂ ਪ੍ਰੇਸ਼ਾਨ! ਮੈਂ ਬਥੇਰਾ ਸਮਝਾਇਆ ਕਿ ਇਹ ਮੇਰੇ ਬੋਲ ਨਹੀਂ, ਮੇਰੀ ਪਾਲਿਸੀ ਨਹੀਂ।
(ਚੱਲਦਾ)
Leave a Reply