ਖੇਤੀ ਵਾਲਾ ਕਿੱਤਾ ਐ ਸ਼ਾਹ-ਰਗ ਸਭ ਦੀ, ਆਪੋਂ ਵਿਚੀਂ ਪਾਟੀਏ ਨਾ ਮਿਲੀ ਚੱਲੀਏ।
ਹਾਕਮਾਂ ਦੀ ਅੜੀ ਤੋਂ ਮਾਯੂਸ ਹੋਈਏ ਨਾ, ਸੂਹੇ ਜਿਹੇ ਗੁਲਾਬ ਵਾਂਗੂੰ ਖਿਲੀ ਚੱਲੀਏ।
ਔਕੜਾਂ ਤੇ ਰੋਕਾਂ ਰਾਹ ਦੇ ਵਿਚ ਆਉਣ ਜੋ, ਗੰਨਿਆਂ ਦੇ ਵਾਂਗ ਯਾਰੋ ਛਿੱਲੀ ਚੱਲੀਏ।
ਵਧੀ ਚੱਲੋ ਅੱਗੇ ‘ਨੀਤੀ’ ਨੂੰ ਵਿਚਾਰ ਕੇ, ਆਵੇ ਨਾ ਖੜੋਤ ਦੱਬੀ ‘ਕਿੱਲੀ’ ਚੱਲੀਏ।
ਅਟਕ ਅਟਕਾਇਆ ਸੀਗਾ ਚੇਤੇ ਕਰਕੇ, ਪਹੁੰਚਾਂਗੇ ਕਿਨਾਰੇ ਬੇੜੀ ਠਿੱਲ੍ਹੀ ਚੱਲੀਏ।
ਕੋਨੇ ਕੋਨੇ ਵਿਚੋਂ ਨਾਹਰੇ ਏਹੀਉ ਗੂੰਜਦੇ, ਚਲੋ ਬਈ ਕਿਸਾਨ ਵੀਰੋ ਦਿੱਲੀ ਚੱਲੀਏ!