ਕਿਸਾਨ ਕਾਫਲਿਆਂ ਨੇ ਦਿੱਲੀ ਨੂੰ ਪਾਇਆ ਚੁਫੇਰਿਉਂ ਘੇਰਾ

ਚੰਡੀਗੜ੍ਹ: ਕਿਸਾਨ ਕਾਫਲਿਆਂ ਨੇ ਪੰਜਾਬ ਤੇ ਹਰਿਆਣਾ ਦੀਆਂ ਸਰਕਾਰੀ ਰੋਕਾਂ ਤੋੜ ਕੇ ਅੱਗੇ ਵਧਦੇ ਹੋਏ ਦਿੱਲੀ ਘੇਰ ਲਈ ਹੈ। ਹਜ਼ਾਰਾਂ ਦੀ ਗਿਣਤੀ ‘ਚ ਟਰਾਲੀਆਂ ਤੇ ਹੋਰ ਵਾਹਨਾਂ ਰਾਹੀਂ ਪੁੱਜੇ ਕਿਸਾਨਾਂ ਨੇ ਦਿੱਲੀ ਹਾਈਵੇ ਉਪਰ ਸਿੰਘੂ ਬਾਰਡਰ, ਰੋਹਤਕ, ਦਿੱਲੀ ਰੋਡ ਅਤੇ ਟਿਕਰੀ ਬਾਰਡਰ ਉਪਰ ਮੁਕੰਮਲ ਜਾਮ ਲਗਾ ਕੇ ਦਿੱਲੀ ਦੀ ਘੇਰਾਬੰਦੀ ਕੀਤੀ ਹੈ। ਇਸ ਕਰਕੇ ਦਿੱਲੀ ਨੂੰ ਆਉਣ-ਜਾਣ ਵਾਲੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਈ ਹੈ ਤੇ ਵਾਹਨਾਂ ਦੀਆਂ ਮੀਲਾਂ ਲੰਮੀਆਂ ਕਤਾਰਾਂ ਲੱਗ ਗਈਆਂ ਹਨ।

ਮੋਦੀ ਸਰਕਾਰ ਵਲੋਂ ਦਿੱਲੀ ਹਾਈਵੇ ਉਪਰ ਅੰਨ੍ਹੇਵਾਹ ਹੰਝੂ ਗੈਸ ਤੇ ਪਾਣੀਆਂ ਦੀਆਂ ਬੁਛਾੜਾਂ ਨਾਲ ਕਿਸਾਨਾਂ ਦਾ ਸਵਾਗਤ ਕਰਨ ਬਾਅਦ ਜਦ ਕਿਸਾਨਾਂ ਦੇ ਹੌਸਲੇ ਬੁਲੰਦ ਰਹੇ ਤੇ ਉਹ ਭਾਰੀ ਰੋਕਾਂ ਤੋੜ ਕੇ ਦਿੱਲੀ ਵੱਲ ਵਧਣ ਲਈ ਤਤਪਰ ਹੋਏ ਤਾਂ ਸਰਕਾਰ ਵਲੋਂ ਕਿਸਾਨਾਂ ਨੂੰ ਲਾਂਘਾ ਦੇਣ ਤੇ ਬੁਰਾੜੀ (ਰਿੰਗ ਰੋਡ ਦਿੱਲੀ) ਨਿਰੰਕਾਰੀ ਮੈਦਾਨ ‘ਚ ਇਕੱਤਰ ਹੋਣ ਦੀ ਪੇਸ਼ਕਸ਼ ਕੀਤੀ ਪਰ 30 ਕਿਸਾਨ ਜਥੇਬੰਦੀਆਂ ਤੇ ਬੀ.ਕੇ.ਯੂ. (ਉਗਰਾਹਾਂ) ਨੇ ਬੁਰਾੜੀ ਜਾਣ ਤੋਂ ਇਨਕਾਰ ਕਰਕੇ ਦਿੱਲੀ ਹਾਈਵੇ, ਰੋਹਤਕ-ਦਿੱਲੀ ਰੋਡ ‘ਤੇ ਟਿਕਰੀ ਬਾਰਡਰ ਉੱਪਰ ਧਰਨੇ ਮਾਰ ਦਿੱਲੀ ਨੂੰ ਘੇਰਾ ਪਾ ਲਿਆ।
ਉਤਰ ਪ੍ਰਦੇਸ਼ ਦੇ ਕਈ ਕਿਸਾਨ ਸੰਗਠਨ ਨਵੇਂ ਖੇਤੀ ਕਾਨੂੰਨਾਂ ਖਿਲਾਫ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦੇ ਅੰਦੋਲਨ ਦੇ ਸਮਰਥਨ ‘ਚ ਦਿੱਲੀ-ਗਾਜੀਪੁਰ ਬਾਰਡਰ ਉਤੇ ਇਕੱਠੇ ਹੋ ਗਏ। ਪੰਜਾਬ ਵਿਚ ਕਿਸਾਨ ਅੰਦੋਲਨ ਦੀ ਚੜ੍ਹਤ ਕਾਰਨ ਭਾਰਤੀ ਜਨਤਾ ਪਾਰਟੀ ਤੋਂ ਸਿਵਾਏ ਸਾਰੀਆਂ ਪਾਰਟੀਆਂ ਨੂੰ ਕਿਸਾਨਾਂ ਦੇ ਹੱਕ ਵਿਚ ਸਿਆਸੀ ਪੈਂਤੜੇ ਲੈਣੇ ਪਏ ਹਨ। ਦੂਸਰੇ ਸੂਬਿਆਂ ਦੇ ਕਿਸਾਨ ਵੀ ਇਸ ਅੰਦੋਲਨ ਵਿਚ ਸ਼ਾਮਲ ਹੋ ਰਹੇ ਹਨ ਅਤੇ ਇਹ ਜਾਗਰੂਕਤਾ ਫੈਲ ਰਹੀ ਹੈ।
ਹਰਿਆਣਾ ਅਤੇ ਪੰਜਾਬ ਦੇ ਕਿਸਾਨ ਜਥੇ ਸਭ ਬੈਰੀਕੇਡ ਤੋੜਦੇ ਹੋਏ ਦਿੱਲੀ ਅਤੇ ਹੱਦ ਉਤੇ ਜਾ ਪਹੁੰਚੇ। ਇਸ ਵਿਚ ਹਰਿਆਣੇ ਦੇ ਕਿਸਾਨਾਂ ਨੇ ਮੋਹਰੀ ਭੂਮਿਕਾ ਨਿਭਾਈ ਜਦੋਂਕਿ ਪੰਜਾਬ ਦੇ ਕਿਸਾਨ ਹਰਿਆਣਾ ਪੁਲਿਸ ਵੱਲੋਂ ਪੰਜਾਬ-ਹਰਿਆਣਾ ਹੱਦ ਉਤੇ ਲਗਾਏ ਗਏ ਬੈਰੀਕੇਡਾਂ ਨੂੰ ਤੋੜ ਕੇ ਹਰਿਆਣਾ ਦੇ ਕਿਸਾਨਾਂ ਨਾਲ ਜਾ ਮਿਲੇ। ਦੋਹਾਂ ਸੂਬਿਆਂ ਦੇ ਕਿਸਾਨਾਂ ਦੀ ਇਕ-ਦੂਜੇ ਪ੍ਰਤੀ ਦਿਖਾਈ ਸਮਝ ਅਤੇ ਐਕਸ਼ਨ ਦੀ ਸਾਂਝ ਇਤਿਹਾਸਕ ਹੈ।
ਇਸ ਤੋਂ ਬਾਅਦ ਸਭ ਤੋਂ ਵੱਡੇ ਟਕਰਾਅ ਜੀਟੀ ਰੋਡ ਅਤੇ ਹਰਿਆਣਾ ਤੇ ਦਿੱਲੀ ਵਿਚਲੀ ਹੱਦ ਸਿੰਘੂ ਬਾਰਡਰ ਅਤੇ ਬਹਾਦਰ-ਟਿੱਕਰੀ ਬਾਰਡਰ ਉਤੇ ਹੋਏ। ਪਹਿਲਾਂ ਕਿਸਾਨਾਂ ਨੇ ਕਰਨਾਲ ਅਤੇ ਸਮਾਲਖਾ ‘ਚ ਲੱਗੇ ਬੈਰੀਕੇਡਾਂ ਨੂੰ ਹਟਾਇਆ। ਪੰਜਾਬ ਤੋਂ ਬਹੁਤ ਵੱਡੀ ਗਿਣਤੀ ਵਿਚ ਪੁੱਜੇ ਕਿਸਾਨਾਂ ਨੇ ਦਿੱਲੀ ਅਤੇ ਸੋਨੀਪਤ ਵਿਚਕਾਰਲੇ ਸ਼ੰਭੂ ਬਾਰਡਰ ਉਤੇ ਹਰਿਆਣਾ ਦੇ ਕਿਸਾਨਾਂ ਨਾਲ ਮਿਲ ਕੇ ਵੱਡਾ ਹੰਭਲਾ ਮਾਰਿਆ। ਵੱਡੇ ਟਕਰਾਓ ਦੌਰਾਨ ਕਿਸਾਨ ਪੁਲਿਸ ਦੀਆਂ ਪਾਣੀ ਦੀਆਂ ਬੁਛਾੜਾਂ ਅਤੇ ਅੱਥਰੂ ਗੈਸ ਦਾ ਸਾਹਮਣਾ ਕਰਦੇ ਹੋਏ ਵੀ ਸ਼ਾਂਤਮਈ ਰਹੇ। ਕੇਂਦਰ ਸਰਕਾਰ ਅਤੇ ਦਿੱਲੀ ਪੁਲਿਸ ਨੂੰ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦੇ ਵੇਗ ਅਤੇ ਦ੍ਰਿੜ੍ਹਤਾ ਸਾਹਮਣੇ ਝੁਕਣਾ ਪਿਆ ਅਤੇ ਉਨ੍ਹਾਂ ਨੇ ਕਿਸਾਨਾਂ ਦੀ ਦਿੱਲੀ ਪ੍ਰਵੇਸ਼ ਕਰਨ ਦੀ ਮੰਗ ਨੂੰ ਮੰਨ ਲਿਆ। ਇਹ ਕਿਸਾਨਾਂ ਦੀ ਪਹਿਲੀ ਵੱਡੀ ਜਿੱਤ ਹੈ।
ਪੁਲਿਸ ਅਤੇ ਕਿਸਾਨਾਂ ਦਰਮਿਆਨ ਸਭ ਤੋਂ ਜ਼ਿਆਦਾ ਟਕਰਾਅ ਸ਼ੰਭੂ ਸਰਹੱਦ ਅਤੇ ਕਰਨਾਲ ਵਿਖੇ ਹੋਇਆ। ਸ਼ੰਭੂ ਤੋਂ ਬਾਅਦ ਕਿਸਾਨਾਂ ਨੇ ਜੱਦੋਜ਼ਹਿਦ ਮਗਰੋਂ ਕਰਨਾਲ ਮੋਰਚਾ ਵੀ ਫਤਹਿ ਕਰ ਲਿਆ। ਸ਼ੰਭੂ ਸਰਹੱਦ ਉਤੇ ਪੁਲਿਸ ਨੇ ਕਿਸਾਨਾਂ ਨੂੰ ਅੱਗੇ ਵੱਧਣ ਤੋਂ ਰੋਕਣ ਲਈ ਜਲ ਤੋਪਾਂ ਦੇ ਮੂੰਹ ਖੋਲ੍ਹ ਦਿੱਤੇ ਅਤੇ ਅੱਥਰੂ ਗੈਸ ਦੇ ਗੋਲਿਆਂ ਦਾ ਵੀ ਮੀਂਹ ਵਰ੍ਹਾਇਆ। ਕਿਸਾਨਾਂ ਨੇ ਪੁਲਿਸ ਦੇ ਇਨ੍ਹਾਂ ਹਮਲਿਆਂ ਦੀ ਪ੍ਰਵਾਹ ਨਾ ਕੀਤੀ ਅਤੇ ਪੁਲਿਸ ਰੋਕਾਂ ਹਟਾਉਣ ਦਾ ਕੰਮ ਜਾਰੀ ਰੱਖਿਆ। ਦੇਖਦਿਆਂ ਹੀ ਦੇਖਦਿਆਂ ਕਿਸਾਨਾਂ ਨੇ ਪੁਲਿਸ ਦੇ ਬੈਰੀਕੇਡ ਘੱਗਰ ਦਰਿਆ ਵਿਚ ਸੁੱਟ ਦਿੱਤੇ ਅਤੇ ਰਾਹ ਰੋਕਣ ਲਈ ਖੜ੍ਹੇ ਕੀਤੇ ਵਾਹਨ ਵੀ ਹਟਾ ਦਿੱਤੇ। ਇਸ ਤੋਂ ਬਾਅਦ ਕਿਸਾਨਾਂ ਦੇ ਕਾਫਲੇ ਦਿੱਲੀ ਵੱਲ ਵਧਣੇ ਸ਼ੁਰੂ ਹੋਏ ਅਤੇ ਫਿਰ ਕਤਾਰਾਂ ਦੇ ਰੂਪ ਵਿਚ ਟਰੈਕਟਰ-ਟਰਾਲੀਆਂ ਅਤੇ ਨਿੱਜੀ ਵਾਹਨਾਂ ਉਤੇ ਸਵਾਰ ਕਿਸਾਨਾਂ ਨੇ ਦਿੱਲੀ ਵੱਲ ਨੂੰ ਮੂੰਹ ਸਿੱਧੇ ਕਰ ਲਏ। ਹਰਿਆਣਾ ਸਰਕਾਰ ਦੀਆਂ ਹਦਾਇਤਾਂ ਉਤੇ ਪੁਲਿਸ ਨੇ ਸੜਕਾਂ ‘ਤੇ ਮਿੱਟੀ ਦੇ ਵੱਡੇ ਢੇਰ, ਬੈਰੀਕੇਡ, ਪੱਥਰ ਅਤੇ ਵਾਹਨ ਖੜ੍ਹੇ ਕੀਤੇ ਹੋਏ ਸਨ। ਕੌਮੀ ਸ਼ਾਹਰਾਹ ‘ਤੇ ਦਿਨ ਚੜ੍ਹਦਿਆਂ ਹੀ ਸ਼ੰਭੂ ਸਰਹੱਦ ਉਤੇ ਸਭ ਤੋਂ ਪਹਿਲਾਂ ਕਿਸਾਨਾਂ ਅਤੇ ਪੁਲਿਸ ਦਰਮਿਆਨ ਮਾਮੂਲੀ ਟਕਰਾਅ ਦੀਆਂ ਰਿਪੋਰਟਾਂ ਆਉਣ ਲੱਗ ਪਈਆਂ ਸਨ। ਉਸ ਤੋਂ ਬਾਅਦ ਰਤੀਆ, ਖਨੌਰੀ, ਸਰਦੂਲਗੜ੍ਹ ਆਦਿ ਥਾਵਾਂ ਉਤੇ ਰੋਕਾਂ ਨੂੰ ਵੀ ਕਿਸਾਨਾਂ ਨੇ ਹਟਾ ਦਿੱਤਾ ਤਾਂ ਕਿਸਾਨਾਂ ਦੇ ਹੌਸਲੇ ਵੱਧ ਗਏ। ਪੁਲਿਸ ਹੋਰ ਥਾਵਾਂ ਤੋਂ ਜਦੋਂ ਪਿਛਾਂਹ ਹਟਦੀ ਗਈ ਤਾਂ ਕਿਸਾਨ ਅਗਾਂਹ ਵਧਣ ਲੱਗੇ। ਹਰਿਆਣਾ ਦੇ ਕਿਸਾਨਾਂ ਨੇ ਵੀ ਪੰਜਾਬ ਦੇ ਕਿਸਾਨਾਂ ਦਾ ਸਵਾਗਤ ਕੀਤਾ ਅਤੇ ਰਸਤੇ ਖੋਲ੍ਹਣ ‘ਚ ਭੂਮਿਕਾ ਨਿਭਾਈ। ਪੰਜਾਬ ਤੋਂ ਤੁਰੇ ਕਿਸਾਨਾਂ ਦੇ ਵੱਡੇ ਕਾਫਲਿਆਂ ਵਿਚ ਕਿਸਾਨਾਂ ਨੇ ਟੈਂਟ-ਤਰਪਾਲਾਂ ਅਤੇ ਲੰਮੇ ਸੰਘਰਸ਼ ਲਈ ਖਾਣੇ ਆਦਿ ਦਾ ਬਾਕਾਇਦਾ ਪ੍ਰਬੰਧ ਕੀਤਾ ਹੋਇਆ ਹੈ।
_________________________________________________
ਕਿਸਾਨ ਬੀਬੀਆਂ ਨੇ ਸੰਭਾਲੀ ਧਰਨਿਆਂ ਦੀ ਕਮਾਨ
ਬਰਨਾਲਾ: ਕਿਸਾਨ ਜਥੇਬੰਦੀਆਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਭਾਜਪਾ ਆਗੂਆਂ ਦੇ ਘਰਾਂ ਦਾ ਘਿਰਾਓ ਜਾਰੀ ਹੈ। ਧਰਨੇ ਵਿਚ ਸ਼ਾਮਲ ਔਰਤਾਂ ਤੇ ਬੱਚਿਆਂ ਨੇ ਭਾਜਪਾ ਆਗੂਆਂ ਦਾ ਪਿੱਟ ਸਿਆਪਾ ਕੀਤਾ। ਕਿਸਾਨ ਯੂਨੀਅਨ (ਉਗਰਾਹਾਂ) ਦੇ ਬਲੌਰ ਸਿੰਘ ਛੰਨਾ ਨੇ ਕਿਹਾ ਕਿ ਜ਼ਿਲ੍ਹਾ ਭਾਜਪਾ ਆਗੂ ਯਾਦਵਿੰਦਰ ਸ਼ੰਟੀ ਅਤੇ ਭਾਜਪਾ ਦੀ ਸੂਬਾ ਮੈਂਬਰ ਅਰਚਨਾ ਦੱਤ ਦੇ ਘਰ ਅੱਗੇ ਜਾਂਦੇ ਰਾਹ ਨੂੰ ਦੋ ਘੰਟੇ ਲਈ ਪੂਰੀ ਤਰ੍ਹਾਂ ਜਾਮ ਰੱਖਿਆ ਗਿਆ ਅਤੇ ਘਰ ਸਾਹਮਣੇ ਪੱਕਾ ਮੋਰਚਾ ਲਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਤੱਕ ਕੇਂਦਰ ਦੀ ਮੋਦੀ ਸਰਕਾਰ ਖੇਤੀਬਾੜੀ ਕਾਨੂੰਨ ਰੱਦ ਨਹੀਂ ਕਰ ਦਿੰਦੀ, ਉਦੋਂ ਤੱਕ ਭਾਜਪਾ ਆਗੂਆਂ ਦੇ ਘਰਾਂ ਅੱਗੇ ਲਗਾਤਾਰ ਦਿਨ ਰਾਤ ਪਿੱਟ ਸਿਆਪਾ ਕੀਤਾ ਜਾਵੇਗਾ।
___________________________________________
ਦਿੱਲੀ ਕੂਚ: ਕੈਪਟਨ ਅਤੇ ਖੱਟਰ ਆਪਸ ਵਿਚ ਉਲਝੇ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਆਪਸੀ ਸਿਆਸੀ ਜੰਗ ਵਿਚ ਉਲਝਣ ਲੱਗੇ ਹਨ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਆਖਿਆ ਕਿ ਜੇਕਰ ਕਰੋਨਾ ਕਾਰਨ ਹਰਿਆਣਾ ਵਿਚ ਸਥਿਤੀ ਵਿਗੜੀ ਤਾਂ ਉਸ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ।
ਉਨ੍ਹਾਂ ਮੁੜ ਗੱਲ ਦੁਹਰਾਈ ਕਿ ਉਨ੍ਹਾਂ ਅਮਰਿੰਦਰ ਨਾਲ ਗੱਲ ਕਰਨ ਦੀ ਕਈ ਵਾਰ ਕੋਸ਼ਿਸ਼ ਕੀਤੀ ਪਰ ਕੈਪਟਨ ਨੇ ਕਿਸੇ ਵੀ ਫੋਨ ਦਾ ਜੁਆਬ ਨਹੀਂ ਦਿੱਤਾ। ਮੁੱਖ ਮੰਤਰੀ ਖੱਟੜ ਦੇ ਸਿਆਸੀ ਸਕੱਤਰ ਨੇ ਤਾਂ ਖੱਟਰ ਵੱਲੋਂ ਅਮਰਿੰਦਰ ਸਿੰਘ ਨੂੰ ਕੀਤੀਆਂ ਫੋਨ ਕਾਲਾਂ ਦੀ ਸੂਚੀ ਵੀ ਜਨਤਕ ਕੀਤੀ ਹੈ। ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਉਹ (ਖੱਟਰ) ਹਰਿਆਣਾ ਵਿਚ ਕਿਸਾਨਾਂ ਕਰਕੇ ਕਰੋਨਾ ਫੈਲਣ ਸਬੰਧੀ ਇੰਨੇ ਚਿੰਤਤ ਸਨ ਤਾਂ ਉਨ੍ਹਾਂ ਨੂੰ ਕਿਸਾਨਾਂ ਨੂੰ ਸੂਬੇ ‘ਚ ਹੀ ਨਾ ਰੋਕ ਕੇ ਤੁਰਤ ਦਿੱਲੀ ਵੱਲ ਜਾਣ ਦੀ ਆਗਿਆ ਦੇਣੀ ਚਾਹੀਦੀ ਸੀ। ਅਮਰਿੰਦਰ ਨੇ ਕਿਹਾ ਕਿ ਖੱਟਰ ਸਰਕਾਰ ਨੇ ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਨੂੰ ਜ਼ਬਰਦਸਤੀ ਅੱਗੇ ਵਧਣ ਤੋਂ ਰੋਕ ਕੇ ਸਰਹੱਦਾਂ ਬੰਦ ਕਰਕੇ ਰੱਖੀਆਂ। ਮੁੱਖ ਮੰਤਰੀ ਨੇ ਖੱਟਰ ਸਰਕਾਰ ਵੱਲੋਂ ਜਾਰੀ ਕੀਤੇ ਫੋਨ ਕਾਲ ਦੀ ਸੂਚੀ ਨੂੰ ਮੁਕੰਮਲ ਢਕਵੰਜ ਦੱਸਦਿਆਂ ਰੱਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਆਪਣੇ ਹੀ ਸਰਕਾਰੀ ਰਜਿਸਟਰ ਦਾ ਪੰਨਾ ਦਿਖਾਉਣ ਨਾਲ ਐਮ.ਐਲ਼ ਖੱਟੜ ਦੇ ਝੂਠਾਂ ਉਤੇ ਪਰਦਾ ਨਹੀਂ ਪੈ ਸਕਦਾ ਅਤੇ ਜੇਕਰ ਉਹ ਸੱਚਮੁੱਚ ਹੀ ਸੰਪਰਕ ਸਾਧਣਾ ਚਾਹੁੰਦੇ ਸਨ ਤਾਂ ਉਹ ਅਧਿਕਾਰਤ ਢੰਗ-ਤਰੀਕਾ ਵਰਤ ਸਕਦੇ ਸਨ ਜਾਂ ਫਿਰ ਉਨ੍ਹਾਂ ਦੇ ਮੋਬਾਈਲ ਉਤੇ ਕਾਲ ਕਰ ਸਕਦੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਸਿਖਰਲੇ ਅਧਿਕਾਰੀ ਕਿਸਾਨ ਮੁੱਦੇ ਉਤੇ ਪਿਛਲੇ ਕਈ ਦਿਨਾਂ ਤੋਂ ਦੋਵਾਂ ਪਾਸਿਆਂ ਤੋਂ ਇਕ-ਦੂਜੇ ਦੇ ਸੰਪਰਕ ਵਿਚ ਸਨ, ਇਨ੍ਹਾਂ ਵਿਚੋਂ ਵੀ ਕਿਸੇ ਅਧਿਕਾਰੀ ਨੇ ਕਿਸੇ ਵੀ ਮੌਕੇ ਉਤੇ ਮੇਰੇ ਨਾਲ ਗੱਲ ਕਰਨ ਬਾਰੇ ਖੱਟਰ ਦੀ ਇੱਛਾ ਬਾਰੇ ਨਹੀਂ ਦੱਸਿਆ। ਹਰਿਆਣਾ ਦੇ ਮੁੱਖ ਮੰਤਰੀ ਨੂੰ ਝੂਠ ਬੋਲਣਾ ਬੰਦ ਕਰਨ ਲਈ ਆਖਿਆ।
ਕੈਪਟਨ ਨੇ ਕਿਹਾ ਕਿ ਅਸਲ ‘ਚ ਹਰਿਆਣਾ ਦੇ ਮੁੱਖ ਮੰਤਰੀ ਕਿਸਾਨਾਂ ਨੂੰ ਦਬਾਉਣ ਦੇ ਯਤਨ ਵਿਚ ਸਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਉਤੇ ਖੱਟਰ ਦੇ ਝੂਠ ਨੂੰ ਹਰਿਆਣਾ ਦੇ ਕਿਸਾਨਾਂ ਨੇ ਖੁਦ ਹੀ ਜ਼ਾਹਿਰ ਕਰ ਦਿੱਤਾ ਹੈ। ਇਥੋਂ ਤੱਕ ਕਿ ਖੱਟੜ ਸੰਕਟ ਦੀ ਇਸ ਘੜੀ ਵਿਚ ਕਿਸਾਨਾਂ ਨਾਲ ਖੜ੍ਹਨ ਦੀ ਬਜਾਏ ਉਨ੍ਹਾਂ ਨੂੰ ਖਾਲਿਸਤਾਨੀ ਪੁਕਾਰ ਸਕਦਾ ਹੈ, ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਅਜਿਹੇ ਵਿਅਕਤੀ ਨੂੰ ਝੂਠ ਫੈਲਾਉਣ ਬਾਰੇ ਕੋਈ ਨੈਤਿਕ ਝਿਜਕ ਜਾਂ ਸ਼ਰਮ ਨਹੀਂ ਹੈ। ਦੂਜੇ ਪਾਸੇ ਖੱਟਰ ਨੇ ਕਿਹਾ ਹੈ ਕਿ ਜੋ ਭਾਸ਼ਾ ਅਮਰਿੰਦਰ ਸਿੰਘ ਵਰਤ ਰਹੇ ਹਨ, ਉਹ ਇਸ ਤਰ੍ਹਾਂ ਦੀ ਭਾਸ਼ਾ ਵਰਤਣ ਤੋਂ ਦੂਰ ਰਹਿਣਗੇ।