ਨਵੀਂ ਦਿੱਲੀ: ਦਿੱਲੀ ਵੱਲ ਕੂਚ ਕਰ ਰਹੇ ਪੰਜਾਬ ਦੇ ਕਿਸਾਨਾਂ ਉਤੇ ਹਰਿਆਣਾ ਪੁਲਿਸ ਦੇ ਤਸ਼ੱਦਦ ਦੀ ਹਰ ਪਾਸਿਉਂ ਨਿੰਦਾ ਹੋ ਰਹੀ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਸਾਨਾਂ ਦੇ ਮੁੱਦੇ ਉਤੇ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਹੰਕਾਰ ਨੇ ਜਵਾਨਾਂ ਨੂੰ ਕਿਸਾਨਾਂ ਖਿਲਾਫ ਖੜ੍ਹਾ ਕਰ ਦਿੱਤਾ ਹੈ। ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਦਿੱਲੀ ਆਉਣ ਵਾਲੇ ਪੂੰਜੀਪਤੀਆਂ ਲਈ ਲਾਲ ਕਾਲੀਨ ਵਿਛਾਏ ਜਾਂਦੇ ਹਨ, ਜਦੋਂਕਿ ਕਿਸਾਨਾਂ ਦੇ ਆਉਣ ਉਤੇ ਰੋਕਾਂ ਲਗਾਈਆਂ ਜਾ ਰਹੀਆਂ ਹਨ ਤੇ ਸੜਕਾਂ ਪੁੱਟੀਆਂ ਜਾ ਰਹੀਆਂ ਹਨ।
ਸ਼ਿਵ ਸੈਨਾ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਕੀਤੇ ਗਏ ਵਰਤਾਰੇ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਸ ਵੇਲੇ ਜਦੋਂ ਉਤਰ ਭਾਰਤ ਵਿੱਚ ਠੰਢ ਜ਼ੋਰਾਂ ਉਤੇ ਹੈ, ਅਜਿਹੇ ਵਿਚ ਕਿਸਾਨਾਂ ਉਤੇ ਠੰਢੇ ਪਾਣੀ ਦੀਆਂ ਬੁਛਾੜਾਂ ਮਾਰਨਾ ਕਰੂਰਤਾ ਹੈ। ਪਾਰਟੀ ਦੇ ਅਖਬਾਰ ‘ਸਾਮਨਾ’ ਵਿਚ ਪਾਰਟੀ ਨੇ ਕਿਹਾ, ”ਸਾਡੇ ਕਿਸਾਨਾਂ ਨਾਲ ਅਤਿਵਾਦੀਆਂ ਵਾਂਗ ਵਿਵਹਾਰ ਕੀਤਾ ਜਾ ਰਿਹਾ ਹੈ।”
ਦੱਸ ਦਈਏ ਕਿ ਸ਼ੰਭੂ ਸਰਹੱਦ ਉਤੇ ਪੁਲਿਸ ਨੇ ਕਿਸਾਨਾਂ ਨੂੰ ਅੱਗੇ ਵੱਧਣ ਤੋਂ ਰੋਕਣ ਲਈ ਜਲ ਤੋਪਾਂ ਦੇ ਮੂੰਹ ਖੋਲ੍ਹ ਦਿੱਤੇ ਅਤੇ ਅੱਥਰੂ ਗੈਸ ਦੇ ਗੋਲਿਆਂ ਦਾ ਵੀ ਮੀਂਹ ਵਰ੍ਹਾਇਆ। ਕਿਸਾਨਾਂ ਨੇ ਪੁਲਿਸ ਦੇ ਇਨ੍ਹਾਂ ਹਮਲਿਆਂ ਦੀ ਪ੍ਰਵਾਹ ਨਾ ਕੀਤੀ ਅਤੇ ਪੁਲਿਸ ਰੋਕਾਂ ਹਟਾਉਣ ਦਾ ਕੰਮ ਜਾਰੀ ਰੱਖਿਆ। ਦੇਖਦਿਆਂ ਹੀ ਦੇਖਦਿਆਂ ਕਿਸਾਨਾਂ ਨੇ ਪੁਲਿਸ ਦੇ ਬੈਰੀਕੇਡ ਘੱਗਰ ਦਰਿਆ ਵਿਚ ਸੁੱਟ ਦਿੱਤੇ ਅਤੇ ਰਾਹ ਰੋਕਣ ਲਈ ਖੜ੍ਹੇ ਕੀਤੇ ਵਾਹਨ ਵੀ ਹਟਾ ਦਿੱਤੇ। ਇਸ ਤੋਂ ਬਾਅਦ ਕਿਸਾਨਾਂ ਦੇ ਕਾਫਲੇ ਦਿੱਲੀ ਵੱਲ ਵਧਣੇ ਸ਼ੁਰੂ ਹੋਏ ਅਤੇ ਫਿਰ ਕਤਾਰਾਂ ਦੇ ਰੂਪ ਵਿਚ ਟਰੈਕਟਰ-ਟਰਾਲੀਆਂ ਅਤੇ ਨਿੱਜੀ ਵਾਹਨਾਂ ਉਤੇ ਸਵਾਰ ਕਿਸਾਨਾਂ ਨੇ ਦਿੱਲੀ ਵੱਲ ਨੂੰ ਮੂੰਹ ਸਿੱਧੇ ਕਰ ਲਏ। ਹਰਿਆਣਾ ਸਰਕਾਰ ਦੀਆਂ ਹਦਾਇਤਾਂ ਉਤੇ ਪੁਲਿਸ ਨੇ ਸੜਕਾਂ ‘ਤੇ ਮਿੱਟੀ ਦੇ ਵੱਡੇ ਢੇਰ, ਬੈਰੀਕੇਡ, ਪੱਥਰ ਅਤੇ ਵਾਹਨ ਖੜ੍ਹੇ ਕੀਤੇ ਹੋਏ ਸਨ। ਕੌਮੀ ਸ਼ਾਹਰਾਹ ‘ਤੇ ਦਿਨ ਚੜ੍ਹਦਿਆਂ ਹੀ ਸ਼ੰਭੂ ਸਰਹੱਦ ਉਤੇ ਸਭ ਤੋਂ ਪਹਿਲਾਂ ਕਿਸਾਨਾਂ ਅਤੇ ਪੁਲਿਸ ਦਰਮਿਆਨ ਮਾਮੂਲੀ ਟਕਰਾਅ ਦੀਆਂ ਰਿਪੋਰਟਾਂ ਆਉਣ ਲੱਗ ਪਈਆਂ ਸਨ। ਉਸ ਤੋਂ ਬਾਅਦ ਰਤੀਆ, ਖਨੌਰੀ, ਸਰਦੂਲਗੜ੍ਹ ਆਦਿ ਥਾਵਾਂ ਉਤੇ ਰੋਕਾਂ ਨੂੰ ਵੀ ਕਿਸਾਨਾਂ ਨੇ ਹਟਾ ਦਿੱਤਾ ਤਾਂ ਕਿਸਾਨਾਂ ਦੇ ਹੌਸਲੇ ਵੱਧ ਗਏ। ਪੁਲਿਸ ਹੋਰ ਥਾਵਾਂ ਤੋਂ ਜਦੋਂ ਪਿਛਾਂਹ ਹਟਦੀ ਗਈ ਤਾਂ ਕਿਸਾਨ ਅਗਾਂਹ ਵਧਣ ਲੱਗੇ। ਹਰਿਆਣਾ ਦੇ ਕਿਸਾਨਾਂ ਨੇ ਵੀ ਪੰਜਾਬ ਦੇ ਕਿਸਾਨਾਂ ਦਾ ਸਵਾਗਤ ਕੀਤਾ ਅਤੇ ਰਸਤੇ ਖੋਲ੍ਹਣ ‘ਚ ਭੂਮਿਕਾ ਨਿਭਾਈ। ਪੰਜਾਬ ਤੋਂ ਤੁਰੇ ਕਿਸਾਨਾਂ ਦੇ ਵੱਡੇ ਕਾਫਲਿਆਂ ਵਿਚ ਕਿਸਾਨਾਂ ਨੇ ਟੈਂਟ-ਤਰਪਾਲਾਂ ਅਤੇ ਲੰਮੇ ਸੰਘਰਸ਼ ਲਈ ਖਾਣੇ ਆਦਿ ਦਾ ਬਾਕਾਇਦਾ ਪ੍ਰਬੰਧ ਕੀਤਾ ਹੋਇਆ ਹੈ।
____________________________________________________
ਹਰਿਆਣਾ ਪੁਲਿਸ ਵੱਲੋਂ ਦਸ ਹਜ਼ਾਰ ਕਿਸਾਨਾਂ ਖਿਲਾਫ ਕੇਸ ਦਰਜ
ਡੱਬਵਾਲੀ: ਇਥੇ ਸਿਟੀ ਪੁਲਿਸ ਨੇ ਪੰਜਾਬ-ਹਰਿਆਣਾ ਹੱਦ ਉਤੇ ਪੁਲਿਸ ਦਾ ਨਾਕਾ ਤੋੜ ਕੇ ਦਿੱਲੀ ਵੱਲ ਵਧਣ ਵਾਲੇ 10 ਹਜ਼ਾਰ ਕਿਸਾਨਾਂ ਖਿਲਾਫ 9 ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ। ਇਹ ਮੁਕੱਦਮਾ ਸਿਟੀ ਪੁਲਿਸ ਮੁਖੀ ਈਸ਼ਵਰ ਸਿੰਘ ਦੀ ਸ਼ਿਕਾਇਤ ਉਤੇ ਦਰਜ ਹੋਇਆ ਹੈ, ਜਿਸ ਵਿਚ ਕਿਸੇ ਨੂੰ ਨਾਮਜ਼ਦ ਨਹੀਂ ਕੀਤਾ ਗਿਆ। ਇਸ ‘ਚ ਮਹਾਮਾਰੀ ਐਕਟ, ਸਰਕਾਰੀ ਵਿਚ ਵਿਘਨ ਪਾਉਣ,147/149/186/188/332/353/427 ਅਤੇ ਸਰਕਾਰੀ ਜਾਇਦਾਦ ਨੁਕਸਾਨ ਰੋਕੂ ਐਕਟ ਦੀ ਧਾਰਾ 3 ਦੇ ਤਹਿਤ ਮੁਕੱਦਮਾ ਦਰਜ ਕੀਤਾ ਹੈ। ਖੇਤੀ ਕਾਨੂੰਨਾਂ ਖਿਲਾਫ ਭਾਕਿਯੂ ਏਕਤਾ ਉਗਰਾਹਾਂ ਦੇ ਹਜ਼ਾਰਾਂ ਕਾਰਕੁਨ ਹਰਿਆਣਾ ਪੁਲਿਸ ਦੀ ਸਖਤ ਨਾਕੇਬੰਦੀ ਤੇ ਰੋਕਾਂ ਨੂੰ ਖੇਰੂੰ-ਖੇਰੂੰ ਕਰਕੇ ਹਰਿਆਣਾ ਦੀ ਹੱਦ ‘ਚ ਦਾਖਲ ਹੋ ਕੇ ਦਿੱਲੀ ਵੱਲ ਵਧ ਗਏ ਸਨ। ਉਸ ਦੌਰਾਨ ਪੁਲਿਸ ਮੂਕ ਦਰਸ਼ਕ ਬਣੀ ਰਹੀ।