ਕਿਸਾਨੀ ਘੋਲ ‘ਚ ਕੁੱਦੇ ਅੰਨਦਾਤੇ ਲਈ ਦਿੱਲੀ ਨੇ ਖੋਲ੍ਹੇ ਦਿਲ

ਚੰਡੀਗੜ੍ਹ: ਕਿਸਾਨੀ ਘੋਲ ‘ਚ ਕੁੱਦੇ ਅੰਨਦਾਤੇ ਲਈ ਲੋਕਾਂ ਨੇ ਦਿਲ ਤੇ ਦਰ ਵੀ ਖੋਲ੍ਹ ਦਿੱਤੇ ਹਨ। ਦਿੱਲੀ ਦੀ ਜੂਹ ‘ਚ ਬੈਠੇ ਕਿਸਾਨਾਂ ਨੂੰ ਹਰਿਆਣਾ ਤੇ ਦਿੱਲੀ ਵਾਸੀਆਂ ਨੇ ਪਲਕਾਂ ਉਤੇ ਬਿਠਾ ਲਿਆ ਹੈ। ਦਿੱਲੀ ‘ਚ ਟਿਕਰੀ ਤੇ ਸਿੰਘੂ ਬਾਰਡਰ ਉਤੇ ਕਿਸਾਨਾਂ ਦਾ ਬਹੁਤ ਵੱਡਾ ਇਕੱਠ ਹੈ। ਕਿਸਾਨ ਅੰਦੋਲਨ ਨੇ ਕਈ ਫਾਸਲੇ ਵੀ ਮਿਟਾ ਦਿੱਤੇ ਹਨ। ਟਿਕਰੀ ਸੀਮਾ ਉਤੇ ਹੋਟਲ ਗੇਟਵੇਅ ਦੇ ਮਾਲਕ ਨਰਿੰਦਰ ਨੇ ਹੋਟਲ ਦੇ ਦਰ ਕਿਸਾਨਾਂ ਲਈ ਖੋਲ੍ਹ ਦਿੱਤੇ ਹਨ। ਨਰਿੰਦਰ ਆਖਦਾ ਹੈ ਕਿ ਅੰਨਦਾਤੇ ਦੇ ਅਹਿਸਾਨਾਂ ਅੱਗੇ ਇਹ ਮਾਮੂਲੀ ਸੇਵਾ ਹੈ। ਟਿਕਰੀ ਸੀਮਾ ਲਾਗੇ ਹਰਿਆਣਾ ਦੇ ਇਕ ਕਿਸਾਨ ਨੇ ਆਪਣਾ ਘਰ ਕਿਸਾਨਾਂ ਲਈ ਖੋਲ੍ਹ ਦਿੱਤਾ ਹੈ।

ਹਰਿਆਣਵੀਂ ਕਿਸਾਨ ਔਰਤਾਂ ਨੇ ਆਪੋ ਆਪਣੇ ਘਰਾਂ ਵਿਚ ਅੰਦੋਲਨਕਾਰੀ ਔਰਤਾਂ ਨੂੰ ਬੁਲਾ ਕੇ ਨਹਾਉਣ ਲਈ ਗਰਮ ਪਾਣੀ ਦੇਣਾ ਸ਼ੁਰੂ ਕਰ ਦਿੱਤਾ ਹੈ। ਮਹਿਲਾ ਕਿਸਾਨ ਆਗੂ ਗੁਰਪ੍ਰੀਤ ਕੌਰ ਦੱਸਦੀ ਹੈ ਕਿ ਦਿੱਲੀ ਮੋਰਚੇ ਨੇੜਲੇ ਕਿਸਾਨਾਂ ਨੇ ਆਪਣੀਆਂ ਖੇਤੀ ਮੋਟਰਾਂ ਚਲਾ ਦਿੱਤੀਆਂ ਹਨ। ਉਹ ਰਾਤ ਵੇਲੇ ਠੰਢ ਕਰਕੇ ਅੱਗ ਬਾਲ ਕੇ ਦਿੰਦੇ ਹਨ। ਦਿੱਲੀ ਦੇ ਸਨਅਤੀ ਮਾਲਕਾਂ ਨੇ ਸਾਂਝੇ ਤੌਰ ਉਤੇ ਟਿਕਰੀ ਅਤੇ ਸਿੰਘੂ ਬਾਰਡਰ ‘ਤੇ ਦਿਨ ਰਾਤ ਦਾ ਚਾਹ ਦਾ ਲੰਗਰ ਚਲਾ ਦਿੱਤਾ ਹੈ। ਇਥੋਂ ਦੇ ਵਪਾਰੀ ਕੰਬਲਾਂ ਦੇ ਭਰੇ ਕੈਂਟਰ ਦੇ ਕੇ ਗਏ ਹਨ। ਡਾਕਟਰਾਂ ਨੇ ਕਿਸਾਨ ਮੋਰਚੇ ਵਿਚ ਦਿਨ ਰਾਤ ਦੀ ਸੇਵਾ ਸੰਭਾਲੀ ਹੋਈ ਹੈ। ਕੁੰਡਲੀ ਬਾਰਡਰ ਉਤੇ ਇਕ ਹੋਟਲ ਮਾਲਕ ਸੁਧੀਰ ਨੇ ਆਪਣਾ ‘ਸੁਧੀਰ ਹੋਟਲ’ ਕਿਸਾਨ ਔਰਤਾਂ ਲਈ ਖੋਲ੍ਹ ਦਿੱਤਾ ਹੈ। ਇਸ ਹੋਟਲ ਵਿਚ 100 ਜਣਿਆਂ ਦੇ ਠਹਿਰਨ ਲਈ ਵੱਡਾ ਹਾਲ ਹੈ, ਜੋ ਕਿਸਾਨ ਔਰਤਾਂ ਨੂੰ ਦਿੱਤਾ ਗਿਆ ਹੈ। ਦਿੱਲੀ ਦੇ ਇਕ ਵਪਾਰੀ ਨਰੇਸ਼ ਕੁਮਾਰ ਨੇ ਟਿਕਰੀ ਬਾਰਡਰ ਲਾਗੇ ਆਪਣਾ ਘਰ ਔਰਤਾਂ ਲਈ ਖੋਲ੍ਹ ਦਿੱਤਾ ਹੈ।
ਇਸ ਤੋਂ ਇਲਾਵਾ ਨੇੜਲੇ ਇਲਾਕਿਆਂ ਦੇ ਕਿਸਾਨ ਵੀ ਆਪਣੇ ਖੇਤਾਂ ‘ਚੋਂ ਸਿੱਧੀ ਸਬਜ਼ੀ ਮੋਰਚਿਆਂ ਵਿਚ ਭੇਜ ਰਹੇ ਹਨ। ਕਿਸਾਨਾਂ ਨੇ ਦੱਸਿਆ ਕਿ ਕੁਝ ਦੁਕਾਨਦਾਰ ਗੈਸ ਸਿਲੰਡਰ ਵੀ ਦੇ ਕੇ ਗਏ ਹਨ। ਬੋਤਲਾਂ ਵਾਲਾ ਪਾਣੀ ਅਤੇ ਫਲਾਂ ਦੀ ਸੇਵਾ ਤਾਂ ਹੁਣ ਆਮ ਬਣ ਗਈ ਹੈ। ਹਾਲਾਂਕਿ ਕਿਸਾਨਾਂ ਨੇ ਦਿੱਲੀ ਸੀਲ ਕਰ ਦਿੱਤੀ ਹੈ ਪਰ ਫਿਰ ਵੀ ਦਿੱਲੀ ਦੇ ਬਾਸ਼ਿੰਦੇ ਕਿਸਾਨਾਂ ਦੀ ਖਿਦਮਤ ਵਿਚ ਜੁਟੇ ਹੋਏ ਹਨ। ਹਰਿਆਣਾ ਪੁਲਿਸ ਦਾ ਇਕ ਸਿਪਾਹੀ ਤਾਂ ਇਕ ਕਿਸਾਨ ਦੇ ਗਲ ਲੱਗ ਕੇ ਰੋ ਹੀ ਪਿਆ।
ਇਕ ਪੈਟਰੋਲ ਪੰਪ ਵਾਲੇ ਨੇ ਮੁਫਤ ਡੀਜ਼ਲ ਦੇਣਾ ਸ਼ੁਰੂ ਕਰ ਦਿੱਤਾ ਹੈ। ਹਰਿਆਣਾ ਦੇ ਪਿੰਡਾਂ ‘ਚੋਂ ਕਿਸਾਨ ਔਰਤਾਂ ਸਾਗ ਬਣਾ ਕੇ ਮੋਰਚਿਆਂ ਵਿਚ ਲਿਜਾ ਰਹੀਆਂ ਹਨ। ਇਸੇ ਤਰ੍ਹਾਂ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀ ਵੀ ਇਨ੍ਹਾਂ ਮੋਰਚਿਆਂ ਵਿਚ ਜਾਣ ਲੱਗੇ ਹਨ। ਕਿਸਾਨ ਮੋਰਚਿਆਂ ‘ਚ ਸਿਆਸੀ ਧਿਰਾਂ ਤਰਫੋਂ ‘ਆਪ’ ਦੀ ਰਸੋਈ ਅਤੇ ਕਾਂਗਰਸ ਰਸੋਈ ਵੀ ਚੱਲ ਰਹੀ ਹੈ ਪਰ ਕਿਸਾਨ ਧਿਰਾਂ ਵੱਲੋਂ ਕਿਸੇ ਸਿਆਸੀ ਧਿਰ ਨੂੰ ਮੂੰਹ ਨਹੀਂ ਲਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਹੀ ਕਈ ਟਰੈਕਟਰ ਮਕੈਨਿਕ ਵੀ ਖੁਦ ਸੇਵਾਵਾਂ ਦੇ ਰਹੇ ਹਨ।
______________________________________________________
ਮੋਰਚੇ ਨੂੰ ਹਰ ਕਿਸੇ ਤੋਂ ਮਿਲ ਰਿਹੈ ਸਮਰਥਨ
ਨਵੀਂ ਦਿੱਲੀ: ਹਰਿਆਣਾ ‘ਚ ਬਹਾਦਰਗੜ੍ਹ ਰੋਡ ‘ਤੇ ਟਿਕਰੀ ਸਰਹੱਦ ‘ਤੇ ਕਿਸਾਨਾਂ ਦਾ ਮੋਰਚਾ ਲੱਗਾ ਹੋਇਆ ਹੈ। ਹਜ਼ਾਰਾਂ ਟਰੈਕਟਰ-ਟਰਾਲੀਆਂ ਤੇ ਰਾਸ਼ਨ ਸਮੇਤ ਲੱਖਾਂ ਕਿਸਾਨ ਇਥੇ ਪਹੁੰਚ ਚੁੱਕੇ ਹਨ। ਇਕ ਤਰ੍ਹਾਂ ਨਾਲ ਦਿੱਲੀ ਦੀ ਚਾਰ-ਚੁਫੇਰਿਉਂ ਘੇਰਾਬੰਦੀ ਹੋ ਚੁੱਕੀ ਹੈ। ਕਿਸਾਨ ਮੋਰਚੇ ਨੂੰ ਦਿੱਲੀ ਤੇ ਹਰਿਆਣਾ ਦੇ ਲੋਕਾਂ ਵੱਲੋਂ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ। ਇੰਡਸਟਰੀ, ਆਮ ਦੁਕਾਨਦਾਰਾਂ, ਵੱਡੇ ਹਸਪਤਾਲਾਂ, ਹੋਟਲਾਂ ਪੈਟਰੋਲ ਪੰਪਾਂ ਆਦਿ ਵੱਲੋਂ ਹਰ ਤਰ੍ਹਾਂ ਦੀਆਂ ਲੋੜੀਂਦੀਆਂ ਸਹੂਲਤਾਂ ਕਿਸਾਨਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਮੋਰਚੇ ਵਿਚ ਪਹੁੰਚੀਆਂ ਕਿਸਾਨ ਬੀਬੀਆਂ ਲਈ ਪਖਾਨੇ ਵਗੈਰਾ ਦਾ ਪ੍ਰਬੰਧ ਕੀਤਾ ਗਿਆ ਹੈ। ਇਸੇ ਤਰ੍ਹਾਂ ਲੋਕਾਂ ਵਲੋਂ ਸਬਜ਼ੀਆਂ, ਫਲ, ਦੁੱਧ, ਰਾਸ਼ਨ ਅਤੇ ਠੰਢ ਤੋਂ ਬਚਣ ਲਈ ਗਰਮ ਕੰਬਲ ਤੇ ਗੱਦੇ ਵੰਡੇ ਜਾ ਰਹੇ ਹਨ।