ਕਿਸਾਨੀ ਸੰਘਰਸ਼ ਨੇ ਪਾਈਆਂ ਭਾਈਚਾਰਕ ਸਾਂਝ ਦੀਆਂ ਨਵੀਆਂ ਪੈੜਾਂ

ਚੰਡੀਗੜ੍ਹ: ਪਹਿਲੀ ਅਕਤੂਬਰ ਤੋਂ ਸ਼ੁਰੂ ਹੋਏ ਕਿਸਾਨ ਅੰਦੋਲਨ ਨੇ ਦੋ ਮਹੀਨੇ ਦਾ ਸਫਰ ਪੂਰਾ ਕਰ ਲਿਆ ਹੈ ਜਿਸ ਦੌਰਾਨ ਸੰਘਰਸ਼ ਦੀ ਨਵੀਂ ਇਬਾਰਤ ਲਿਖੀ ਗਈ ਹੈ। ਬੇਸ਼ੱਕ ਖੇਤੀ ਕਾਨੂੰਨਾਂ ਦੀ ਵਾਪਸੀ ਦੀ ਮੰਜ਼ਿਲ ਤੱਕ ਕਿਸਾਨ ਘੋਲ ਹਾਲੇ ਨਹੀਂ ਪੁੱਜਾ ਪਰ ਇਸ ਦੇ ਬਾਵਜੂਦ ਸੰਘਰਸ਼ ਨੇ ਨਵੀਆਂ ਪੈੜਾਂ ਪਾ ਦਿੱਤੀਆਂ ਹਨ। ਕਿਸਾਨੀ ਘੋਲ ਨੇ ਸਿਆਸੀ ਧਿਰਾਂ ਨੂੰ ਨੁੱਕਰੇ ਲਾ ਦਿੱਤਾ ਹੈ। ਪਿੰਡਾਂ ‘ਚ ਆਮ ਲੋਕਾਈ ਵਿਚ ਸਿਆਸੀ ਪਾੜਾ ਮਿਟਿਆ ਹੈ।

ਖੇਤੀ ਕਾਨੂੰਨਾਂ ਮਗਰੋਂ ਪ੍ਰਮੁੱਖ ਸਿਆਸੀ ਆਗੂ ਪਿੱਛੇ ਹਟ ਗਏ ਹਨ। ਨਤੀਜੇ ਵਜੋਂ ਮੌਜੂਦਾ ਘੋਲ ਵਿਚ ਸਭ ਤੋਂ ਵੱਧ ਗਿਣਤੀ ਵਿਚ ਇਸ ਪਿੰਡ ਤੋਂ ਕਿਸਾਨ ਤੁਰੇ ਹਨ। ਕਰੋਨਾ ਦੀ ਸੱਟ ਦੇ ਬਾਵਜੂਦ ਵਪਾਰੀ ਵਰਗ ਨੇ ਰੇਲ ਮਾਰਗਾਂ ਦੀ ਬੰਦੀ ਨੂੰ ਖਿੜੇ ਮੱਥੇ ਝੱਲਿਆ। ਪੰਜਾਬ ਦੇ ਪਿੰਡਾਂ ਵਿਚ ਲੋਕਾਈ ਦੀ ਸਾਂਝ ਵਧੀ ਹੈ। ਪਿੰਡਾਂ ‘ਚ ਧੜੇਬੰਦੀ ਘਟੀ ਹੈ। ਜਵਾਨੀ ਦਾ ਕਿਸਾਨੀ ਘੋਲ ‘ਚ ਮੋੜਾ ਇਕ ਨਵੀਂ ਲੀਕ ਪਾ ਰਿਹਾ ਹੈ ਜਿਸ ਕਾਰਨ ਪੰਜਾਬ ਵਿਚ ਪਿਛਲੇ ਸਮੇਂ ਦੌਰਾਨ ਚਿੱਟੇ ਨਾਲ ਹੋਣ ਵਾਲੀਆਂ ਮੌਤਾਂ ਘਟ ਗਈਆਂ ਹਨ। ਕਿਸਾਨ ਸੰਘਰਸ਼ ਨੇ ਸਾਫ-ਸੁਥਰੀ ਲੋਕ ਗਾਇਕੀ ਦੇ ਨਕਸ਼ ਬਣਾਏ ਹਨ। ਲੋਕਪੱਖੀ ਗਾਇਕੀ ਦੀ ਰਾਤ ਚੌਗੁਣੀ ਹੋਈ ਹੈ ਅਤੇ ਸਮਾਜਪੱਖੀ ਗੀਤ ਰਚੇ ਜਾਣ ਲੱਗੇ ਹਨ। ਲੋਕ ਗਾਇਕ ਪੰਮੀ ਬਾਈ ਆਖਦੇ ਹਨ ਕਿ ਕਿਸਾਨ ਘੋਲ ਵਜੋਂ ਗਾਇਕੀ ਉਤੇ ਲੱਗਦੇ ਦਾਗ ਵੀ ਧੋਤੇ ਗਏ ਹਨ ਅਤੇ ਇਨਕਲਾਬੀ ਗੀਤਕਾਰੀ ਮੁੜ ਸਫਾਂ ‘ਚ ਪਰਤੀ ਹੈ।
ਖੇਤੀ ਕਾਨੂੰਨਾਂ ਦੀ ਸੱਟ ਨੇ ਲੋਕਾਂ ਵਿਚ ਸਮਝ ਦਾ ਪੱਧਰ ਉੱਚਾ ਕੀਤਾ ਹੈ। ਪੰਜਾਬ ਤੇ ਹਰਿਆਣਾ ਦੇ ਲੋਕਾਂ ਦੀ ਆਪਸੀ ਸਾਂਝ ਵਧੀ ਹੈ। ਵੱਡੀ ਪ੍ਰਾਪਤੀ ਇਹ ਰਹੀ ਹੈ ਕਿ ਕਿਸਾਨ ਧਿਰਾਂ ਦੀ ਆਪਸੀ ਸਮਝ ਅਤੇ ਏਕਾ ਮਜ਼ਬੂਤ ਹੋਇਆ ਹੈ। ਏਡਾ ਲੰਮਾ ਘੋਲ ਅਤੇ ਪੂਰਨ ਸ਼ਾਂਤਮਈ ਤਰੀਕੇ ਨਾਲ ਚੱਲਣਾ, ਆਪਣੇ ਆਪ ਵਿਚ ਪ੍ਰਾਪਤੀ ਹੈ। ਔਰਤਾਂ ਤੇ ਨੌਜਵਾਨਾਂ ਦਾ ਵੱਡੇ ਪੱਧਰ ਉਤੇ ਘੋਲ ਵਿਚ ਕੁੱਦਣਾ ਸ਼ੁਭ ਸ਼ਗਨ ਰਿਹਾ ਹੈ।
ਕੋਈ ਵੀ ਹਿੰਸਕ ਘਟਨਾ ਪੂਰੇ ਅੰਦੋਲਨ ਦੌਰਾਨ ਨਹੀਂ ਵਾਪਰੀ। ਬੇਸ਼ੱਕ ਹੁਣ ਮੋਰਚਾ ਦਿੱਲੀ ਸ਼ਿਫਟ ਹੋ ਗਿਆ ਹੈ ਪਰ ਕਿਸਾਨ ਧਿਰਾਂ ਵੱਲੋਂ ਪੰਜਾਬ ਵਿਚ ਵੀ ਅੱਜ ਤੱਕ ਭਾਜਪਾ ਆਗੂਆਂ ਦੀ ਘੇਰਾਬੰਦੀ, ਟੌਲ ਪਲਾਜ਼ਿਆਂ ਉਤੇ ਧਰਨੇ, ਅੰਬਾਨੀ-ਅਡਾਨੀ ਦੇ ਕਾਰੋਬਾਰੀ ਅਦਾਰਿਆਂ ਅੱਗੇ ਪ੍ਰਦਰਸ਼ਨ ਜਾਰੀ ਹਨ।
_______________________________________________
ਟਿਕਰੀ ਬਾਰਡਰ ਬਣਿਆ ਕਿਸਾਨ ਸੰਘਰਸ਼ ਦਾ ਵੱਡਾ ਕੇਂਦਰ
ਬਹਾਦਰਗੜ੍ਹ: ਕਿਸਾਨ ਸੰਘਰਸ਼ ਦਾ ਮੁੱਖ ਕੇਂਦਰ ਬਿੰਦੂ ਬਣਿਆ ਟਿੱਕਰੀ ਬਾਰਡਰ ਇਸ ਵੇਲੇ ਸਿਰਫ ਦਿੱਲੀ ਹੀ ਨਹੀਂ ਕੇਂਦਰ ਸਰਕਾਰ ਲਈ ਹੁਣ ਤੱਕ ਦੀ ਸਭ ਤੋਂ ਵੱਡੀ ਸਿਰਦਰਦੀ ਬਣਦਾ ਜਾ ਰਿਹਾ ਹੈ। ਇਸ ਬਾਰਡਰ ਤੋਂ ਰੋਹਤਕ ਵਾਲੇ ਪਾਸੇ ਆਉਂਦੇ ਲਾਂਘੇ ਤੱਕ ਤਕਰੀਬਨ 10 ਤੋਂ 12 ਕਿਲੋਮੀਟਰ ਤੱਕ ਕਿਸਾਨਾਂ ਨੇ ਲੰਬੀਆਂ ਕਤਾਰਾਂ, ਜਿਨ੍ਹਾਂ ‘ਚ ਰਵਾਇਤੀ ਸਾਧਨ ਟਰੈਕਟਰ-ਟਰਾਲੀਆਂ ਦੀ ਬਹੁਤਾਤ ਦਿਖਾਈ ਦੇ ਰਹੀ ਹੈ, ਨੇ ਇਸ ਬਾਰਡਰ ਤੋਂ ਦਿੱਲੀ ਨੂੰ ਪੂਰੀ ਤਰ੍ਹਾਂ ਸੀਲ ਕਰ ਕੇ ਰੱਖ ਦਿੱਤਾ ਹੈ। ਬਹਾਦਰਗੜ੍ਹ ਮੈਟਰੋ ਸਟੇਸ਼ਨ ਨਜ਼ਦੀਕ ਕਿਸਾਨਾਂ ਦਾ ਪ੍ਰਦਰਸ਼ਨ ਭਾਵੇਂ ਬੇਹੱਦ ਜੋਸ਼ੀਲਾ ਦਿਖਾਈ ਦੇ ਰਿਹਾ ਸੀ ਪਰ ਆਗੂਆਂ ਨੇ ਨੌਜਵਾਨ ਵਲੰਟੀਅਰਾਂ ਨੂੰ ਅਨੁਸ਼ਾਸਨ ਦਾ ਪਾਠ ਪੜ੍ਹਾਉਂਦਿਆਂ ਪੂਰੇ ਸੰਜਮ ‘ਚ ਰੱਖੇ ਜਾਣ ਲਈ ਵਾਰ-ਵਾਰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਜਥੇਬੰਦੀਆਂ ਨੇ ਐਲਾਨ ਕੀਤਾ ਕਿ ਦਿੱਲੀ ਨੂੰ ਜਾਂਦੇ ਸਾਰੇ ਰਸਤੇ ਪੂਰੀ ਤਰ੍ਹਾਂ ਸੀਲ ਕੀਤੇ ਜਾ ਰਹੇ ਹਨ। ਜ਼ਿਕਰਯੋਗ ਗੱਲ ਇਹ ਹੈ ਕਿ ਇਸ ਬਾਰਡਰ ‘ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਾਰਕੁਨਾਂ ਦੀ ਗਿਣਤੀ ਤੇ ਦਬਦਬਾ ਵਧੇਰੇ ਮੰਨਿਆ ਜਾ ਰਿਹਾ ਹੈ। ਬਹਾਦਰਗੜ੍ਹ ਦੇ ਮੈਟਰੋ ਸਟੇਸ਼ਨ ਟਿੱਕਰੀ ਬਾਰਡਰ, ਜਿਥੇ ਕਿਸਾਨਾਂ ਨੂੰ ਰੋਕਿਆ ਗਿਆ ਹੈ, ਦੇ ਦੂਜੇ ਪਾਸੇ ਦਿੱਲੀ ਪੁਲਿਸ ਵੱਡੇ ਦਲ-ਬਲ ਨਾਲ ਤਾਇਨਾਤ ਹੈ।