ਭਾਜਪਾ ਨੇ ਖੇਤੀ ਕਾਨੂੰਨ ਨੂੰ ‘ਕਿਸਾਨ ਪੱਖੀ’ ਸਾਬਤ ਕਰਨ ਉਤੇ ਲਾਇਆ ਜ਼ੋਰ

ਨਵੀਂ ਦਿੱਲੀ: ਖੇਤੀ ਕਾਨੂੰਨਾਂ ਖਿਲਾਫ ਲੱਖਾਂ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਦਰਮਿਆਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦੇ ਨਵੇਂ ਕਾਨੂੰਨ ਕਿਸਾਨਾਂ ਦੀ ਭਲਾਈ ਲਈ ਹਨ। ਉਨ੍ਹਾਂ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਗੈਰ ਸਿਆਸੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ,”ਨਵੇਂ ਖੇਤੀ ਕਾਨੂੰਨ ਕਿਸਾਨਾਂ ਦੀ ਭਲਾਈ ਲਈ ਹਨ। ਲੰਬੇ ਸਮੇਂ ਮਗਰੋਂ ਕਿਸਾਨ ਬੰਦਸ਼ਾਂ ਤੋਂ ਮੁਕਤ ਹੋਣਗੇ। ਜਿਹੜੇ ਵੀ ਲੋਕ ਕਾਨੂੰਨਾਂ ਦਾ ਸਿਆਸੀ ਤੌਰ ਉਤੇ ਵਿਰੋਧ ਕਰਨਾ ਚਾਹੁੰਦੇ ਹਨ, ਉਹ ਕਰਦੇ ਰਹਿਣ।

ਮੈਂ ਕਦੇ ਨਹੀਂ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਸਿਆਸੀ ਹੈ ਅਤੇ ਨਾ ਹੀ ਕਦੇ ਇਹ ਆਖਾਂਗਾ।”
ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਬਰੂਹਾਂ ਉਤੇ ਪਹੁੰਚ ਕੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਇਨ੍ਹਾਂ ਸੁਧਾਰਾਂ ਨੇ ਕਿਸਾਨਾਂ ਲਈ ਨਵੇਂ ਮੌਕਿਆਂ ਦੇ ਰਾਹ ਖੋਲ੍ਹ ਦਿੱਤੇ ਹਨ। ਆਕਾਸ਼ਵਾਣੀ ‘ਤੇ ਮਾਸਿਕ ‘ਮਨ ਕੀ ਬਾਤ’ ਪ੍ਰੋਗਰਾਮ ਦੌਰਾਨ ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਲਾਗੂ ਹੋਣ ਦੇ ਥੋੜ੍ਹੇ ਸਮੇਂ ਅੰਦਰ ਹੀ ਕਿਸਾਨਾਂ ਦੀਆਂ ਮੁਸ਼ਕਲਾਂ ਘਟਣੀਆਂ ਸ਼ੁਰੂ ਹੋ ਗਈਆਂ ਹਨ। ਉਨ੍ਹਾਂ ਮਹਾਰਾਸ਼ਟਰ ਦੇ ਕਿਸਾਨ ਦੀ ਮਿਸਾਲ ਦਿੱਤੀ ਜਿਸ ਨੂੰ ਖੇਤੀ ਕਾਨੂੰਨ ਦੀਆਂ ਧਾਰਾਵਾਂ ਕਾਰਨ ਵਪਾਰੀ ਤੋਂ ਰਕਮ ਵਾਪਸ ਮਿਲ ਗਈ ਜਦਕਿ ਪਹਿਲਾਂ ਉਹ ਪੈਸੇ ਦੇਣ ਤੋਂ ਟਾਲਾ ਵੱਟ ਰਿਹਾ ਸੀ। ਉਧਰ, ਨੀਤੀ ਆਯੋਗ ਦੇ ਮੈਂਬਰ (ਖੇਤੀ) ਰਮੇਸ਼ ਚੰਦ ਨੇ ਕਿਹਾ ਕਿ ਅੰਦੋਲਨ ਕਰ ਰਹੇ ਕਿਸਾਨ ਨਵੇਂ ਖੇਤੀ ਕਾਨੂੰਨਾਂ ਨੂੰ ਪੂਰੀ ਜਾਂ ਸਹੀ ਢੰਗ ਨਾਲ ਸਮਝ ਨਹੀਂ ਸਕੇ ਹਨ। ਉਨ੍ਹਾਂ ਇਸ ਗੱਲ ਉਤੇ ਜ਼ੋਰ ਦਿੱਤਾ ਕਿ ਇਹ ਕਾਨੂੰਨ ਕਿਸਾਨਾਂ ਦੀ ਆਮਦਨ ਵਧਾਉਣ ਦੇ ਸਮਰੱਥ ਹਨ। ਉਨ੍ਹਾਂ ਕਿਹਾ, ‘ਇਨ੍ਹਾਂ ਕਾਨੂੰਨਾਂ ਦਾ ਮਕਸਦ ਉਹ ਨਹੀਂ ਹੈ ਜੋ ਕਿਸਾਨ ਸਮਝ ਰਹੇ ਹਨ। ਇਨ੍ਹਾਂ ਕਾਨੂੰਨਾਂ ਮਕਸਦ ਇਸ ਤੋਂ ਬਿਲਕੁਲ ਉਲਟ ਹੈ।’ ਉਨ੍ਹਾਂ ਕਿਹਾ ਕਿ ਜੇਕਰ ਇਹ ਕਾਨੂੰਨ ਅਮਲ ‘ਚ ਆਉਂਦੇ ਤਾਂ ਇਸ ਗੱਲ ਦੀ ਕਾਫੀ ਸੰਭਾਵਨਾ ਹੈ ਕਿ ਕਿਸਾਨਾਂ ਦੀ ਆਮਦਨ ‘ਚ ਵਾਧਾ ਹੋਵੇਗਾ। ਕੁਝ ਸੂਬਿਆਂ ਵਿਚ ਤਾਂ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਵੇਗੀ।
ਸ੍ਰੀ ਮੋਦੀ ਨੇ ਕਿਹਾ,”ਕਿਸਾਨਾਂ ਦੀਆਂ ਮੰਗਾਂ, ਜਿਨ੍ਹਾਂ ਨੂੰ ਕਈ ਸਾਲਾਂ ਤੋਂ ਹਰੇਕ ਸਿਆਸੀ ਪਾਰਟੀ ਪੂਰਾ ਕਰਨ ਦੇ ਵਾਅਦੇ ਕਰਦੀ ਆ ਰਹੀ ਸੀ, ਹੁਣ ਪੂਰੀਆਂ ਹੋ ਗਈਆਂ ਹਨ। ਇਨ੍ਹਾਂ ਸੁਧਾਰਾਂ ਨਾਲ ਕਿਸਾਨ ਨਾ ਸਿਰਫ ਵੱਖ ਵੱਖ ਬੰਦਸ਼ਾਂ ਤੋਂ ਆਜ਼ਾਦ ਹੋ ਗਿਆ ਹੈ ਸਗੋਂ ਉਸ ਨੂੰ ਨਵੇਂ ਮੌਕੇ ਅਤੇ ਹੱਕ ਵੀ ਪ੍ਰਦਾਨ ਕੀਤੇ ਗਏ ਹਨ।” ਆਪਣੇ ਸੰਬੋਧਨ ਦੌਰਾਨ ਸ੍ਰੀ ਮੋਦੀ ਨੇ ਕਿਹਾ ਕਿ ਅਫਵਾਹਾਂ ਅਤੇ ਦੁਚਿੱਤੀ ਦੇ ਮਾਹੌਲ ਤੋਂ ਦੂਰ ਕੋਈ ਵੀ ਸਹੀ ਸੂਚਨਾ ਕਿਸੇ ਵੀ ਖੇਤਰ ਦੇ ਲੋਕਾਂ ਲਈ ਵੱਡੀ ਤਾਕਤ ਹੁੰਦੀ ਹੈ।
ਉਧਰ, ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਵੀ ਕੇਂਦਰ ਦੀ ਆਲੋਚਨਾ ਕਰਦਿਆਂ ਦੇਸ਼ ਨੂੰ ਅਮੀਰਾਂ ਕੋਲ ਗਹਿਣੇ ਰੱਖਣ ਦਾ ਦੋਸ਼ ਲਾਇਆ। ਉਨ੍ਹਾਂ ਟਵੀਟ ਕੀਤਾ, ‘ਅਤਿਵਾਦੀ ਕਹਿ ਕੇ ਕਿਸਾਨਾਂ ਦੀ ਬੇਇੱਜ਼ਤੀ ਕਰਨ ਨਾਲ ਭਾਜਪਾ ਦਾ ‘ਘਟੀਆ ਚਿਹਰਾ’ ਸਾਹਮਣੇ ਆਇਆ ਹੈ। ਭਾਜਪਾ, ਜੋ ਅਮੀਰਾਂ ਦਾ ਪੱਖ ਪੂਰਦੀ ਹੈ, ਖੇਤਾਂ, ਖੇਤੀ, ਛੋਟੇ ਉਦਯੋਗ, ਵਪਾਰ, ਸੜਕਾਂ, ਟਰਾਂਸਪੋਰਟ ਅਤੇ ਹੋਰ ਸਭ ਕੁਝ ਅਮੀਰਾਂ ਕੋਲ ਗਹਿਣੇ ਰੱਖਣ ਦੀ ਸਾਜ਼ਿਸ਼ ਕਰ ਰਹੀ ਹੈ।’ ਉਨ੍ਹਾਂ ਕਿਹਾ, ‘ਜੇਕਰ ਕਿਸਾਨ ਭਾਜਪਾ ਲਈ ਅਤਿਵਾਦੀ ਹਨ ਤਾਂ ਭਾਜਪਾ ਨੇਤਾਵਾਂ ਅਤੇ ਵਰਕਰਾਂ ਨੂੰ ਉਨ੍ਹਾਂ ਵੱਲੋਂ ਪੈਦਾ ਕੀਤਾ ਅਨਾਜ ਨਹੀਂ ਖਾਣਾ ਚਾਹੀਦਾ।’
__________________________________________
ਵਿਚੋਲੇ ਤੇ ਕਾਂਗਰਸ ਕਿਸਾਨਾਂ ਨੂੰ ਭੜਕਾ ਰਹੇ ਹਨ: ਭਾਜਪਾ
ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਨੇ ਕਿਹਾ ਕਿ ਦਿੱਲੀ ਦੀ ਹੱਦ ‘ਤੇ ਚੱਲ ਰਹੇ ਕਿਸਾਨ ਸੰਘਰਸ਼ ਪਿੱਛੇ ਪੰਜਾਬ ਦੇ ਕਮਿਸ਼ਨ ਏਜੰਟ, ਵਿਚੋਲੇ ਤੇ ਕਾਂਗਰਸ ਸਮੇਤ ਕੁਝ ਸਿਆਸੀ ਪਾਰਟੀਆਂ ਹਨ। ਭਾਜਪਾ ਦੇ ਕੌਮੀ ਵਿੱਤੀ ਮਾਮਲਿਆਂ ਬਾਰੇ ਬੁਲਾਰੇ ਗੋਪਾਲ ਕ੍ਰਿਸ਼ਨ ਅਗਰਵਾਲ ਨੇ ਦਾਅਵਾ ਕੀਤਾ ਕਿ ਨਵੇਂ ਕਾਨੂੰਨਾਂ ਨਾਲ ਕਮਿਸ਼ਨ ਏਜੰਟਾਂ ਦਾ ਸਾਲਾਨਾ 6 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਵੇਗਾ। ਇਸੇ ਕਰਕੇ 25 ਹਜ਼ਾਰ ਕਮਿਸ਼ਨ ਏਜੰਟ ਆਮ ਕਿਸਾਨਾਂ ਨੂੰ ਭੜਕਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਨਵੇਂ ਕਾਨੂੰਨ ਕਿਸਾਨ ਪੱਖੀ ਹਨ ਤੇ ਕਿਸਾਨਾਂ ਤੱਕ ਇਨ੍ਹਾਂ ਕਾਨੂੰਨਾਂ ਬਾਰੇ ਸਹੀ ਜਾਣਕਾਰੀ ਨਹੀਂ ਪਹੁੰਚ ਰਹੀ।
___________________________________________
ਕਿਸਾਨੀ ਘੋਲ ਨੂੰ ਮਿਲ ਰਹੀ ਆਲਮੀ ਹਮਾਇਤ ਨੂੰ ਖੋਰਾ ਲਾਉਣ ਦੇ ਯਤਨ ਤੇਜ਼
ਵੈਨਕੂਵਰ: ਭਾਰਤ ਵਿਚ ਹੋਂਦ ਬਚਾਉਣ ਲਈ ਤਿੱਖੇ ਹੋਏ ਕਿਸਾਨੀ ਸੰਘਰਸ਼ ਨੂੰ ਮਿਲ ਰਹੀ ਆਲਮੀ ਹਮਾਇਤ ਨੂੰ ਖੋਰਾ ਲਾਉਣ ਦੇ ਯਤਨ ਵਜੋਂ ਭਾਰਤੀ ਖੁਫੀਆਤੰਤਰ ਵੱਲੋਂ ਵਿਦੇਸ਼ਾਂ ਵਿਚ ਸਰਗਰਮੀ ਫੜ ਕੇ ਉਥੋਂ ਦੇ ਪੰਜਾਬੀ ਰੇਡੀਓਜ ਅਤੇ ਟੀਵੀ ਚੈਨਲਾਂ ਦੇ ਸਲਾਟ ਕਥਿਤ ਕਿਰਾਏ ਉਤੇ ਲੈ ਕੇ ਭਾਜਪਾ ਸਰਕਾਰ ਦਾ ਗੁਣਗਾਨ ਕਰਦਿਆਂ ਕਿਸਾਨੀ ਮੰਗਾਂ ਉਤੇ ਸਵਾਲ ਖੜ੍ਹੇ ਕੀਤੇ ਜਾਣ ਲੱਗੇ ਹਨ। ਖਾਸ ਗੱਲ ਇਹ ਕਿ ਖਰੀਦੇ ਸਲਾਟ ਦੇ ਪ੍ਰੋਗਰਾਮਾਂ ਦੇ ਮੇਜ਼ਬਾਨ ਵੀ ਉਹ ਲਾਏ ਗਏ ਹਨ, ਜਿਨ੍ਹਾਂ ਦੇ ਮਨਾਂ ‘ਚ ਪੰਜਾਬ ਪ੍ਰਤੀ ਨਫਰਤ ਕੁੱਟ-ਕੁੱਟ ਕੇ ਭਰੀ ਹੋਈ ਹੈ।
ਇਹ ਵੀ ਪਤਾ ਲੱਗਾ ਹੈ ਕਿ ਭਾਰਤੀ ਸਫਾਰਤਖਾਨੇ ਵੱਲੋਂ ਰੇਡੀਓ ਤੇ ਟੀਵੀ ਚੈਨਲਾਂ ਦੇ ਭਾਰਤੀ ਮੂਲ ਦੇ ਮਾਲਕਾਂ ਉਤੇ ਕਥਿਤ ਆਪਣਾ ਅਸਰ ਰਸੂਖ ਵਰਤ ਕੇ ਉਨ੍ਹਾਂ ਕੋਲ ਆਪਣੇ ਖਾਸ ਬੰਦੇ ਭਰਤੀ ਕਰਵਾਏ ਗਏ ਹਨ, ਤਾਂ ਜੋ ਪ੍ਰੋਗਰਾਮਾਂ ਦੇ ਵਿਚ-ਵਿਚ ਕੁਝ ਅਜਿਹੀ ਗੱਲਬਾਤ ਕਰਵਾਈ ਜਾ ਸਕੇ ਜਿਸ ਨਾਲ ਵਿਦੇਸ਼ ਵੱਸੇ ਲੋਕਾਂ ਦੇ ਮਨ ਚ ਭਾਜਪਾ ਸਰਕਾਰ ਵਿਰੁੱਧ ਨਫਰਤ ਘਟਾਈ ਜਾਏ। ਉਧਰ, ਪੰਜਾਬੀ ਰੇਡੀਓ ਅਤੇ ਹੋਰ ਚੈਨਲਾਂ ਦੇ ਪ੍ਰੋਗਰਾਮਾਂ ਵਿਚ ਸਥਾਨਕ ਮੁੱਦਿਆਂ ਦੀ ਚਰਚਾ ਦੀ ਥਾਂ ਹੁਣ ਕਿਸਾਨ ਸੰਘਰਸ਼ ਨੇ ਲੈ ਲਈ ਹੈ ਤੇ ਬਹੁਤੇ ਕਾਲਰਾਂ ਵੱਲੋਂ ਸੰਘਰਸ਼ ਵਿਚ ਆਪਣੇ ਮਨ ਦੇ ਯੋਗਦਾਨ ਦੇ ਨਾਲ-ਨਾਲ ਵਿੱਤੀ ਮਦਦ ਭੇਜਣ ਬਾਰੇ ਦੱਸਿਆ ਜਾਂਦਾ ਹੈ ਤੇ ਹੋਰਾਂ ਨੂੰ ਵੀ ਆਪੋ-ਆਪਣੇ ਪਿੰਡਾਂ ਦੇ ਦਿੱਲੀ ਗਏ ਲੋਕਾਂ ਨੂੰ ਮਦਦ ਭੇਜਣ ਲਈ ਅਪੀਲਾਂ ਕੀਤੀਆਂ ਜਾਂਦੀਆਂ ਹਨ। ਸਰੀ ਵਿਚਲੀ ਮਨੀ ਟਰਾਂਸਫਰ ਵਾਲੀ ਏਜੰਸੀ ਵਾਲੇ ਨੇ ਦੱਸਿਆ ਕਿ ਪਿਛਲੇ ਦੋ ਕੁ ਹਫਤਿਆਂ ਤੋਂ ਪੰਜਾਬ ਪੈਸੇ ਭੇਜਣ ਵਿਚ ਤੇਜ਼ੀ ਆਈ ਹੈ।