ਸਿਆਸੀ ਹਮਾਇਤੀਆਂ ਨੂੰ ਧਰਨਿਆਂ ਦੇ ਨੇੜੇ ਵੀ ਨਹੀਂ ਆਉਣ ਦੇ ਰਹੀਆਂ ਸੰਘਰਸ਼ੀ ਜਥੇਬੰਦੀਆਂ

ਨਵੀਂ ਦਿੱਲੀ: ਕਿਸਾਨ ਜਥੇਬੰਦੀਆਂ ਵੱਲੋਂ ਧਰਨਿਆਂ ਵਿਚ ਸਿਆਸੀ ਆਗੂਆਂ ਨੂੰ ਨੇੜੇ ਨਹੀਂ ਲੱਗਣ ਦਿੱਤਾ ਜਾ ਰਿਹਾ। ਦਿੱਲੀ ਦੇ ਸਿੰਘੂ ਬਾਰਡਰ ਉਤੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਪੰਜਾਬ ਦੇ ਸਿਆਸੀ ਆਗੂਆਂ ਨੂੰ ਉਸ ਸਮੇਂ ਕਿਸਾਨਾਂ ਦੇ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਦੋਂ ਉਨ੍ਹਾਂ ਕਿਸਾਨ ਆਗੂਆਂ ਨਾਲ ਸਟੇਜ ਸਾਂਝੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕਾਫੀ ਦੇਰ ਤੱਕ ਕਿਸਾਨ ਅੰਦੋਲਨ ‘ਚ ਹੰਗਾਮਾ ਵੀ ਹੁੰਦਾ ਰਿਹਾ ਤੇ ਕਿਸਾਨਾਂ ਵਲੋਂ ਇਨ੍ਹਾਂ ਆਗੂਆਂ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ।

ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਨਕੋਦਰ ਹਲਕੇ ਤੋਂ ਅਕਾਲੀ ਦਲ ਦੇ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਕਿਸਾਨਾਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਿਆ। ਇਹ ਦੋਵੇਂ ਆਗੂ ਕਿਸਾਨਾਂ ਨਾਲ ਸਟੇਜ ਸਾਂਝੀ ਕਰਨ ਜਾ ਰਹੇ ਸਨ ਪਰ ਕਿਸਾਨ ਆਗੂਆਂ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਦੇ ਹੋਏ ਕਿਹਾ ਕਿ ਉਹ ਇਕ ਆਮ ਕਿਸਾਨ ਵਾਂਗ ਧਰਨੇ ਵਿਚ ਸ਼ਮੂਲੀਅਤ ਕਰ ਸਕਦੇ ਹਨ ਪਰ ਉਨ੍ਹਾਂ ਨੂੰ ਸਟੇਜ ਤੋਂ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਕਿਸਾਨਾਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਆਗੂ ਜਰਨੈਲ ਸਿੰਘ ਨੂੰ ਵੀ ਸਟੇਜ ‘ਤੇ ਚੜ੍ਹਨ ਨਹੀਂ ਦਿੱਤਾ ਗਿਆ ਸੀ। ਆਪਣੀ ਮਾਤਾ ਹਰਪਾਲ ਕੌਰ ਨੂੰ ਨਾਲ ਲੈ ਕੇ ਕਿਸਾਨਾਂ ਦੇ ‘ਦਿੱਲੀ ਚੱਲੋ’ ਅੰਦੋਲਨ ਵਿਚ ਸ਼ਾਮਲ ਹੋਣ ਲਈ ਸੰਗਰੂਰ ਤੋਂ ਰਵਾਨਾ ਹੋਏ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੂੰ ਖਨੌਰੀ ਹੱਦ ‘ਤੇ ਹੀ ਹਰਿਆਣਾ ਵਿਚ ਦਾਖਲ ਹੋਣ ਤੋਂ ਪਹਿਲਾਂ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਸੰਸਦ ਮੈਂਬਰ ਤੋਂ ਪਹਿਲਾਂ ਕਿਸਾਨ ਦਾ ਬੇਟਾ ਹੈ ਅਤੇ ਕਿਸਾਨਾਂ ਦੇ ਨਾਲ ਹੈ। ਉਹ ਦਿੱਲੀ ਜਾ ਕੇ ਕਿਸਾਨਾਂ ਲਈ ਕੇਜਰੀਵਾਲ ਸਰਕਾਰ ਤੋਂ ਜਗ੍ਹਾ ਦਿਵਾਉਣਗੇ। ਕੇਜਰੀਵਾਲ ਸਰਕਾਰ ਕਿਸਾਨਾਂ ਲਈ ਲੰਗਰ, ਮੈਡੀਕਲ, ਪਾਣੀ ਆਦਿ ਜ਼ਰੂਰਤ ਦੀਆਂ ਸਭ ਸਹੂਲਤਾਂ ਦੇਵੇਗੀ ਪਰ ਕਿਸਾਨਾਂ ਨੇ ਭਗਵੰਤ ਮਾਨ ਦੀ ਇਕ ਨਾ ਸੁਣੀ ਅਤੇ ਕਿਹਾ ਕਿ ਉਹ ਖੇਖਣ ਕਰ ਰਿਹਾ ਹੈ। ਜੇਕਰ ਦਿੱਲੀ ਜਾਣਾ ਹੈ ਤਾਂ ਉਨ੍ਹਾਂ ਨਾਲ ਟਰੈਕਟਰ ਟਰਾਲੀਆਂ ਵਿਚ ਬੈਠ ਕੇ ਜਾਵੇ ਨਾ ਕਿ ਗੱਡੀ ਵਿਚ।
ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਦਮ ‘ਤੇ ਹਰਿਆਣਾ ਪੁਲਿਸ ਵਲੋਂ ਲਾਏ ਨਾਕੇ ਤੋੜੇ ਹਨ ਅਤੇ ਖੱਜਲ-ਖੁਆਰ ਹੋਏ ਹਨ। ਉਨ੍ਹਾਂ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਉਹ ਹੁਣ ਤੱਕ ਕਿੰਨੇ ਕੁ ਵਾਰ ਕਿਸਾਨ ਹਿਤਾਂ ਵਿਚ ਕਿਸਾਨ ਮੋਰਚਿਆਂ ‘ਚ ਸ਼ਾਮਲ ਹੋਇਆ ਹੈ।
_______________________________________
ਦਿੱਲੀ ਕੂਚ ਦੇ ਬਾਵਜੂਦ ਪੰਜਾਬ ‘ਚ ਮੋਰਚੇ ਜਾਰੀ
ਚੰਡੀਗੜ੍ਹ: ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨੀ ਸੰਘਰਸ਼ ਨੂੰ ਦਿੱਲੀ ਤੱਕ ਲਿਜਾਣ ਤੋਂ ਬਾਅਦ ਵੀ ਪੰਜਾਬ ਵਿਚ ਕਿਸਾਨ ਜਥੇਬੰਦੀਆਂ ਵੱਲੋਂ ਵਿੱਢੇ ਮੋਰਚੇ ਜਾਰੀ ਹਨ। ਸੂਬੇ ਵਿਚ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਤਕਰੀਬਨ ਹਰੇਕ ਪਿੰਡ ਵਿਚੋਂ ਹੀ ਕਿਸਾਨਾਂ ਦੇ ਜਥੇ ਗਏ ਹਨ ਪਰ ਭਾਰਤੀ ਜਨਤਾ ਪਾਰਟੀ ਨਾਲ ਸਬੰਧਤ ਆਗੂਆਂ, ਰੇਲਵੇ ਸਟੇਸ਼ਨਾਂ ਦੇ ਨੇੜਲੇ ਪਾਰਕਾਂ, ਟੌਲ ਪਲਾਜ਼ਿਆਂ, ਅੰਬਾਨੀ ਤੇ ਅਡਾਨੀ ਦੇ ਕਾਰੋਬਾਰੀ ਟਿਕਾਣਿਆਂ ਦੇ ਮੂਹਰੇ ਧਰਨੇ ਜਾਰੀ ਹਨ।
ਕਿਸਾਨ ਜਥੇਬੰਦੀਆਂ ਦੇ ਆਗੂ ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਜਗਮੋਹਨ ਸਿੰਘ ਨੇ ਦੱਸਿਆ ਕਿ ਦਿੱਲੀ ਸੰਘਰਸ਼ ਦੇ ਮੱਦੇਨਜ਼ਰ ਜਥੇਬੰਦੀਆਂ ਦੇ ਕੁਝ ਆਗੂਆਂ ਨੂੰ ਸੂਬੇ ਵਿਚ ਚੱਲ ਰਿਹਾ ਸੰਘਰਸ਼ ਸਾਂਭਣ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਵਰਕਰਾਂ ਤੇ ਕਿਸਾਨਾਂ ਦੇ ਦਿੱਲੀ ਚਲੇ ਜਾਣ ਕਾਰਨ ਪੰਜਾਬ ਵਿਚ ਚੱਲ ਰਹੇ ਧਰਨਿਆਂ ਉਤੇ ਇਕੱਠ ਦਾ ਘਟਣਾ ਤਾਂ ਸੁਭਾਵਿਕ ਹੈ ਪਰ ਪ੍ਰਦਰਸ਼ਨ ਪਹਿਲਾਂ ਦੀ ਤਰ੍ਹਾਂ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪਹਿਲਾਂ ਤੋਂ ਹੀ 100 ਤੋਂ ਵੱਧ ਥਾਵਾਂ ਉਤੇ ਧਰਨਾ ਪ੍ਰਦਰਸ਼ਨ ਚੱਲ ਰਹੇ ਸਨ ਤੇ ਲਗਾਤਾਰ ਚਲਦੇ ਰਹਿਣਗੇ। ਸੂਬੇ ਵਿਚ ਲੱਗੇ ਧਰਨਿਆਂ ਨੂੰ ਵੀ ਦੂਜੀ ਤੇ ਤੀਜੀ ਕਤਾਰ ਦੇ ਕਿਸਾਨ ਆਗੂਆਂ ਵੱਲੋਂ ਸੰਬੋਧਨ ਕੀਤਾ ਜਾ ਰਿਹਾ ਹੈ। ਪੰਜਾਬ ਵਿਚ ਕਿਸਾਨ ਜਥੇਬੰਦੀਆਂ ਵੱਲੋਂ 24 ਸਤੰਬਰ ਤੋਂ ਸੰਘਰਸ਼ ਸ਼ੁਰੂ ਕੀਤਾ ਸੀ ਤੇ ਪਹਿਲੀ ਅਕਤੂਬਰ ਤੋਂ ਤਾਂ ਜਥੇਬੰਦੀਆਂ ਦੀ ਅਗਵਾਈ ਹੇਠ ਕਿਸਾਨ ਲਗਾਤਾਰ ਧਰਨੇ ਉਤੇ ਹੀ ਬੈਠੇ ਹਨ। ਉਧਰ, ਕਿਸਾਨ ਜਥੇਬੰਦੀਆਂ ਵੱਲੋਂ ਪਿੰਡਾਂ ਵਿਚ ਐਲਾਨ ਕੀਤਾ ਜਾ ਰਿਹਾ ਹੈ ਕਿ ਦਿੱਲੀ ਸੰਘਰਸ਼ ਵਿਚ ਸ਼ਾਮਲ ਕਿਸਾਨਾਂ ਦੇ ਪਰਿਵਾਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਜ਼ਰੂਰਤ ਹੈ ਤਾਂ ਜਥੇਬੰਦੀਆਂ ਦੇ ਪਿੰਡਾਂ ਵਿਚ ਵਰਕਰਾਂ ਤੇ ਆਗੂਆਂ ਨਾਲ ਰਾਬਤਾ ਕਾਇਮ ਕੀਤਾ ਜਾਵੇ। ਪਿੰਡਾਂ ਦੇ ਗੁਰੂ ਘਰਾਂ ਵਿਚ ਅਨਾਊਂਸਮੈਂਟ ਰਾਹੀਂ ਕਿਹਾ ਗਿਆ ਹੈ ਕਿ ਕਿਸੇ ਵੀ ਕਿਸਾਨ ਪਰਿਵਾਰ ਨੂੰ ਡਾਕਟਰੀ ਮਦਦ ਦੀ ਜ਼ਰੂਰਤ ਹੋਵੇ ਜਾਂ ਫਿਰ ਖੇਤ ਵਿਚ ਖੜ੍ਹੀ ਫਸਲ ਜਿਵੇਂ ਕਿ ਨਰਮਾ ਕਪਾਹ ਆਦਿ ਚੁਗਣਾ ਹੋਵੇ ਤਾਂ ਇਹ ਸੇਵਾ ਜਥੇਬੰਦੀ ਦੇ ਵਰਕਰਾਂ ਵੱਲੋਂ ਨਿਭਾਈ ਜਾਵੇਗੀ। ਸੁਖਦੇਵ ਸਿੰਘ ਕੋਕਰੀ ਨੇ ਕਿਹਾ ਕਿ ਦਿੱਲੀ ਸੰਘਰਸ਼ ਵਿਚ ਸ਼ਮੂਲੀਅਤ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਦੀ ਮਦਦ ਕਰਨੀ ਜਥੇਬੰਦੀ ਆਪਣਾ ਮੁਢਲਾ ਫਰਜ਼ ਸਮਝਦੀ ਹੈ ਤਾਂ ਜੋ ਕੇਂਦਰ ਸਰਕਾਰ ਨਾਲ ਲੜਾਈ ਲਈ ਮੋਰਚਿਆਂ ਵਿੱਚ ਡਟੇ ਕਿਸਾਨਾਂ ਦੇ ਹੌਸਲੇ ਬੁਲੰਦ ਰਹਿਣ।