ਜਗੀਰ ਕੌਰ ਚੌਥੀ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬਣੀ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਵਿਚ ਵੋਟ ਰਾਹੀਂ ਬੀਬੀ ਜਗੀਰ ਕੌਰ ਨੂੰ ਸਿੱਖ ਸੰਸਥਾ ਦੀ ਪ੍ਰਧਾਨ ਚੁਣ ਲਿਆ ਗਿਆ ਹੈ। ਉਹ ਪਹਿਲਾਂ ਵੀ ਤਿੰਨ ਵਾਰ ਸਿੱਖ ਸੰਸਥਾ ਦੀ ਪ੍ਰਧਾਨ ਰਹਿ ਚੁੱਕੇ ਹਨ। ਉਨ੍ਹਾਂ ਨਾਲ ਸੁਰਜੀਤ ਸਿੰਘ ਭਿੱਟੇਵੱਢ ਨੂੰ ਸੀਨੀਅਰ ਮੀਤ ਪ੍ਰਧਾਨ, ਬਾਬਾ ਬੂਟਾ ਸਿੰਘ ਨੂੰ ਜੂਨੀਅਰ ਮੀਤ ਪ੍ਰਧਾਨ ਅਤੇ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੂੰ ਜਨਰਲ ਸਕੱਤਰ ਚੁਣਿਆ ਗਿਆ ਹੈ। ਬੀਬੀ ਜਗੀਰ ਕੌਰ ਵਿਰੋਧੀ ਪੰਥਕ ਧਿਰਾਂ ਦੇ ਉਮੀਦਵਾਰ ਮਾਸਟਰ ਮਿੱਠੂ ਸਿੰਘ ਕਾਹਨੇਕੇ ਨੂੰ 100 ਵੋਟਾਂ ਨਾਲ ਹਰਾ ਕੇ ਸਾਲ 2020-21 ਲਈ ਪ੍ਰਧਾਨ ਚੁਣੇ ਗਏ। ਬੀਬੀ ਜਗੀਰ ਕੌਰ, ਜੋ ਕਿ 1999-2000 ਅਤੇ 2004-2005 ਦੌਰਾਨ ਵੀ ਸ਼੍ਰੋਮਣੀ ਕਮੇਟੀ ਦੇ ਪਹਿਲੇ ਮਹਿਲਾ ਪ੍ਰਧਾਨ ਵਜੋਂ ਜ਼ਿੰਮੇਵਾਰੀ ਨਿਭਾਅ ਚੁੱਕੇ ਹਨ, ਨੂੰ ਕੁੱਲ ਪਈਆਂ 143 ਵੋਟਾਂ ‘ਚੋਂ 120 ਵੋਟਾਂ ਪ੍ਰਾਪਤ ਹੋਈਆਂ, ਜਦੋਂ ਕਿ ਮਾਸਟਰ ਕਾਹਨੇਕੇ ਨੂੰ ਸਿਰਫ 20 ਵੋਟਾਂ ਮਿਲੀਆਂ। ਇਕ ਵੋਟ ਰੱਦ ਕਰਾਰ ਦਿੱਤੀ ਗਈ।

ਸ੍ਰੀ ਦਰਬਾਰ ਸਾਹਿਬ ਸਮੂਹ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਹੋਏ ਜਨਰਲ ਇਜਲਾਸ ਵਿਚ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਇਨ੍ਹਾਂ ਅਹੁਦੇਦਾਰਾਂ ਤੋਂ ਇਲਾਵਾ ਅੰਤ੍ਰਿੰਗ ਕਮੇਟੀ ਦੇ 11 ਮੈਂਬਰ ਵੀ ਨਾਮਜ਼ਦ ਕੀਤੇ ਗਏ। ਇਨ੍ਹਾਂ ਵਿਚ ਬਲਦੇਵ ਸਿੰਘ ਚੂੰਘਾ, ਸੰਤ ਚਰਨਜੀਤ ਸਿੰਘ, ਸਤਵਿੰਦਰ ਸਿੰਘ ਟੌਹੜਾ, ਨਵਤੇਜ ਸਿੰਘ ਕਾਉਣੀ, ਅਜਮੇਰ ਸਿੰਘ ਖੇੜਾ, ਦਰਸ਼ਨ ਸਿੰਘ ਸ਼ੇਰਖਾਂ, ਭੁਪਿੰਦਰ ਸਿੰਘ ਭਲਵਾਨ, ਹਰਭਜਨ ਸਿੰਘ ਮਸਾਣਾ ਤੇ ਬੀਬੀ ਮਲਕੀਤ ਕੌਰ ਕਮਾਲਪੁਰ ਹਾਕਮ ਧਿਰ ਵਲੋਂ ਸ਼ਾਮਲ ਹਨ। ਵਿਰੋਧੀ ਧਿਰ ਦੇ ਦੋ ਮੈਂਬਰ ਮਿੱਠੂ ਸਿੰਘ ਕਾਹਨੇਕੇ ਅਤੇ ਅਮਰੀਕ ਸਿੰਘ ਸ਼ਾਹਪੁਰ ਨੂੰ ਵੀ ਅੰਤ੍ਰਿੰਗ ਕਮੇਟੀ ਮੈਂਬਰ ਚੁਣਿਆ ਗਿਆ ਹੈ। ਜਨਰਲ ਇਜਲਾਸ ਦੌਰਾਨ ਵਿਰੋਧੀ ਧਿਰਾਂ ਵਲੋਂ ਪ੍ਰਧਾਨ ਦੀ ਚੋਣ ਵਾਸਤੇ ਆਪਣਾ ਉਮੀਦਵਾਰ ਐਲਾਨੇ ਜਾਣ ਕਾਰਨ ਪ੍ਰਧਾਨ ਦੀ ਚੋਣ ਵੋਟਾਂ ਪਾ ਕੇ ਕੀਤੀ ਗਈ। ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਮੈਂਬਰਾਂ ਵਿਚੋਂ ਸਾਬਕਾ ਪ੍ਰਧਾਨ ਅਲਵਿੰਦਰਪਾਲ ਸਿੰਘ ਪੱਖੋਕੇ ਨੇ ਬੀਬੀ ਜਗੀਰ ਕੌਰ ਦਾ ਨਾਂ ਪ੍ਰਧਾਨ ਦੇ ਅਹੁਦੇ ਲਈ ਪੇਸ਼ ਕੀਤਾ, ਜਿਸ ਦੀ ਤਾਈਦ ਮਜੀਦ ਹਰਜਿੰਦਰ ਸਿੰਘ ਧਾਮੀ ਅਤੇ ਗੁਰਚਰਨ ਸਿੰਘ ਗਰੇਵਾਲ ਨੇ ਕੀਤੀ। ਇਸ ਦੌਰਾਨ ਵਿਰੋਧੀ ਧਿਰ ਵਲੋਂ ਅਮਰੀਕ ਸਿੰਘ ਸ਼ਾਹਪੁਰ ਨੇ ਪ੍ਰਧਾਨਗੀ ਦੀ ਚੋਣ ਵਾਸਤੇ ਮਿੱਠੂ ਸਿੰਘ ਕਾਹਨੇਕੇ ਦਾ ਨਾਂ ਪੇਸ਼ ਕੀਤਾ।
ਇਜਲਾਸ ਦੀ ਪ੍ਰਧਾਨਗੀ ਕਰ ਰਹੇ ਗੋਬਿੰੰਦ ਸਿੰਘ ਲੌਂਗੋਵਾਲ ਨੇ ਦੋਵਾਂ ਧਿਰਾਂ ਨੂੰ ਪ੍ਰਧਾਨ ਦੀ ਚੋਣ ਸਹਿਮਤੀ ਨਾਲ ਕਰਨ ਲਈ ਆਖਿਆ ਪਰ ਵਿਰੋਧੀ ਧਿਰ ਪ੍ਰਧਾਨ ਦੀ ਚੋਣ ਵੋਟਾਂ ਨਾਲ ਕਰਾਉਣ ਉਤੇ ਅੜ ਗਈ। ਇਸ ਉਤੇ ਪਰਚੀਆਂ ਰਾਹੀਂ ਵੋਟਾਂ ਪਾਈਆਂ ਗਈਆਂ। ਬੀਬੀ ਜਗੀਰ ਕੌਰ ਵਲੋਂ ਗੁਰਚਰਨ ਸਿੰਘ ਗਰੇਵਾਲ ਅਤੇ ਮਿੱਠੂ ਸਿੰਘ ਕਾਹਨੇਕੇ ਵਲੋਂ ਜਸਵੰਤ ਸਿੰਘ ਪੜੈਣ ਚੋਣ ਨਿਗਰਾਨ ਨਿਯੁਕਤ ਕੀਤੇ ਗਏ। ਕੁੱਲ 143 ਮੈਂਬਰਾਂ ਨੇ ਵੋਟਾਂ ਪਾਈਆਂ। ਵੋਟਾਂ ਦੀ ਗਿਣਤੀ ਮਗਰੋਂ ਸ੍ਰੀ ਲੌਂਗੋਵਾਲ ਨੇ ਨਤੀਜੇ ਦਾ ਐਲਾਨ ਕੀਤਾ। ਬੀਬੀ ਜਗੀਰ ਕੌਰ ਨੂੰ 122 ਵੋਟਾਂ ਮਿਲੀਆਂ ਜਦੋਂਕਿ ਵਿਰੋਧੀ ਧਿਰ ਦੇ ਮਿੱਠੂ ਸਿੰਘ ਨੂੰ 20 ਵੋਟਾਂ ਪ੍ਰਾਪਤ ਹੋਈਆਂ ਅਤੇ ਇਕ ਵੋਟ ਤਕਨੀਕੀ ਗਲਤੀ ਕਾਰਨ ਰੱਦ ਹੋ ਗਈ। ਮਗਰੋਂ ਸਰਬਸੰਮਤੀ ਨਾਲ ਸੁਰਜੀਤ ਸਿੰਘ ਭਿੱਟੇਵੱਢ ਨੂੰ ਸੀਨੀਅਰ ਮੀਤ ਪ੍ਰਧਾਨ, ਬਾਬਾ ਬੂਟਾ ਸਿੰਘ ਨੂੰ ਜੂਨੀਅਰ ਮੀਤ ਪ੍ਰਧਾਨ ਅਤੇ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੂੰ ਜਨਰਲ ਸਕੱਤਰ ਚੁਣਿਆ ਗਿਆ। ਬੀਬੀ ਜਗੀਰ ਕੌਰ ਇਸ ਤੋਂ ਪਹਿਲਾਂ 1999 ਅਤੇ 2004 ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਹਨ। ਪ੍ਰਧਾਨ ਦੀ ਚੋਣ ਮਗਰੋਂ ਇਜਲਾਸ ਦੀ ਕਾਰਵਾਈ ਬੀਬੀ ਜਗੀਰ ਕੌਰ ਵਲੋਂ ਚਲਾਈ ਗਈ। ਉਨ੍ਹਾਂ ਦੀ ਪ੍ਰਧਾਨਗੀ ਵਿਚ ਬਾਕੀ ਅਹੁਦੇਦਾਰਾਂ ਅਤੇ ਅੰਤ੍ਰਿੰਗ ਕਮੇਟੀ ਦੇ 11 ਮੈਂਬਰਾਂ ਦੀ ਚੋਣ ਕੀਤੀ ਗਈ। ਉਨ੍ਹਾਂ ਨੇ ਹੀ ਵੱਖ-ਵੱਖ 11 ਮਤੇ ਪੜ੍ਹੇ ਅਤੇ ਜੈਕਾਰਿਆਂ ਦੀ ਗੂੰਜ ਨਾਲ ਮਤੇ ਪਾਸ ਕੀਤੇ ਗਏ। ਇਸ ਮੌਕੇ ਸੰਬੋਧਨ ਕਰਦਿਆਂ ਬੀਬੀ ਜਗੀਰ ਕੌਰ ਨੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਸੱਦਾ ਦਿੱਤਾ ਕਿ ਧੜੇਬੰਦੀ ਨੂੰ ਖਤਮ ਕਰਕੇ ਗੁਰੂ ਘਰ ਨੂੰ ਸਮਰਪਿਤ ਹੁੰਦਿਆਂ ਸਿੱਖ ਸੰਸਥਾ ਦੇ ਵਿਕਾਸ ਲਈ ਕੰਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਤੀਤ ਦੀਆਂ ਗਲਤੀਆਂ ਸਬੰਧੀ ਵਾਦ-ਵਿਵਾਦ ਦੀ ਥਾਂ ਆਪਸ ਵਿਚ ਮਿਲ ਬੈਠ ਕੇ ਹੱਲ ਕੱਢਿਆ ਜਾਵੇ ਤਾਂ ਜੋ ਸਿੱਖ ਸੰਸਥਾ ਦਾ ਮਾਣ-ਸਨਮਾਨ ਕਾਇਮ ਰਹੇ। ਉਨ੍ਹਾਂ ਅਤੀਤ ਵਿਚ ਹੋਈਆਂ ਭੁੱਲਾਂ ਲਈ ਹਾਊਸ ਕੋਲੋਂ ਖਿਮਾ ਯਾਚਨਾ ਵੀ ਕੀਤੀ। ਇਸ ਮੌਕੇ ਸਿੰਘ ਸਾਹਿਬਾਨ ਵਲੋਂ ਨਵੀਂ ਚੁਣੀ ਪ੍ਰਧਾਨ ਅਤੇ ਟੀਮ ਦੇ ਬਾਕੀ ਮੈਂਬਰਾਂ ਸਮੇਤ ਸਾਬਕਾ ਪ੍ਰਧਾਨ ਨੂੰ ਸਿਰੋਪਾਉ ਦੇ ਕੇ ਸਨਮਾਨਤ ਕੀਤਾ ਗਿਆ।
__________________________________
ਜਗੀਰ ਕੌਰ ਦੇ ਜੀਵਨ ‘ਤੇ ਸੰਖੇਪ ਝਾਤ
ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਦੌਰਾਨ ਪ੍ਰਧਾਨ ਚੁਣੀ ਗਈ ਬੀਬੀ ਜਗੀਰ ਕੌਰ ਦਾ ਜਨਮ 15 ਅਕਤੂਬਰ 1954 ਨੂੰ ਜ਼ਿਲ੍ਹਾ ਜਲੰਧਰ ਦੇ ਪਿੰਡ ਭਟਨੂਰਾ ਵਿਚ ਗਿਰਧਾਰਾ ਸਿੰਘ ਅਤੇ ਮਾਤਾ ਪ੍ਰਸਿੰਨ ਕੌਰ ਦੇ ਘਰ ਹੋਇਆ। ਉਨ੍ਹਾਂ ਬੀ.ਐਸ਼ਸੀ., ਬੀ.ਐਡ. ਤੱਕ ਉਚੇਰੀ ਸਿੱਖਿਆ ਪ੍ਰਾਪਤ ਕੀਤੀ। ਉਹ ਕੁਝ ਸਮਾਂ ਸਰਕਾਰੀ ਅਧਿਆਪਕ ਰਹੇ ਅਤੇ 1987 ਵਿਚ ਸਰਕਾਰੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ। ਮਗਰੋਂ ਉਨ੍ਹਾਂ ਬਾਬਾ ਪ੍ਰੇਮ ਸਿੰਘ ਮੁਰਾਰੇ ਵਾਲਿਆਂ ਦੇ ਮੁੱਖ ਅਸਥਾਨ ਬੇਗੋਵਾਲ ਵਿਚ ਮੁੱਖ ਸੇਵਾਦਾਰ ਵਜੋਂ ਸੇਵਾ ਸੰਭਾਲੀ। 1996 ਵਿਚ ਉਹ ਭੁਲੱਥ ਹਲਕੇ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਬਣੇ ਅਤੇ 1997 ਵਿਚ ਇਸੇ ਹਲਕੇ ਤੋਂ ਪਹਿਲੀ ਵਾਰ ਅਕਾਲੀ ਵਿਧਾਇਕ ਚੁਣੇ ਗਏ। ਉਹ ਦੋ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਹਨ। ਪਿਛਲੇ ਸਮੇਂ ਦੌਰਾਨ ਉਨ੍ਹਾਂ ਨੂੰ ਇਕ ਅਦਾਲਤੀ ਮਾਮਲੇ ਦਾ ਸਾਹਮਣਾ ਵੀ ਕਰਨਾ ਪਿਆ ਹੈ।
__________________________________
ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਸਮੁੱਚੀ ਟੀਮ ਬਦਲੀ
328 ਲਾਪਤਾ ਪਾਵਨ ਸਰੂਪਾਂ ਕਾਰਨ ਸਿੱਖ ਸੰਗਤ ਵਿਚ ਪੈਦਾ ਹੋਏ ਰੋਹ ਕਾਰਨ ਹਾਕਮ ਧਿਰ ਵਲੋਂ ਇਸ ਵਾਰ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਸਮੁੱਚੀ ਟੀਮ ਬਦਲ ਦਿੱਤੀ ਗਈ ਹੈ। ਇਸ ਰੋਹ ਦਾ ਸ਼ਿਕਾਰ ਗੋਬਿੰਦ ਸਿੰਘ ਲੌਂਗੋਵਾਲ ਵੀ ਬਣੇ ਹਨ, ਜੋ ਤਿੰਨ ਵਾਰ ਲਗਾਤਾਰ ਸਿੱਖ ਸੰਸਥਾ ਦੇ ਪ੍ਰਧਾਨ ਰਹੇ ਹਨ। ਨਵੀਂ ਟੀਮ ਵਿਚ ਮਾਝੇ ਦੁਆਬੇ ਨੂੰ ਪ੍ਰਮੁਖਤਾ ਦਿੱਤੀ ਗਈ ਹੈ। ਪ੍ਰਧਾਨ ਬੀਬੀ ਜਗੀਰ ਕੌਰ ਕਪੂਰਥਲਾ ਜ਼ਿਲ੍ਹੇ ਤੋਂ ਅਤੇ ਸੀਨੀਅਰ ਮੀਤ ਪ੍ਰਧਾਨ ਤੇ ਜਨਰਲ ਸਕੱਤਰ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਹਨ।
___________________________________
ਸਾਰੀਆਂ ਧਿਰਾਂ ਦਾ ਸਹਿਯੋਗ ਲਵਾਂਗੇ: ਜਗੀਰ ਕੌਰ
ਸ੍ਰੀ ਆਨੰਦਪੁਰ ਸਾਹਿਬ: ਸ਼੍ਰੋਮਣੀ ਕਮੇਟੀ ਦੀ ਨਵੀਂ ਬਣੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਆਖਿਆ ਕਿ ਪੰਥਕ ਮਸਲਿਆਂ ਦੇ ਹੱਲ ਲਈ ਸਾਰੀਆਂ ਧਿਰਾਂ ਦਾ ਸਹਿਯੋਗ ਲਿਆ ਜਾਵੇਗਾ ਅਤੇ ਮਿਲ ਬੈਠ ਕੇ ਮਸਲਿਆਂ ਦਾ ਹੱਲ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਬਿਆਨ ਵਿਚ ਉਨ੍ਹਾਂ ਕਿਹਾ ਕਿ ਸੰਸਥਾ ਵਿਚ ਬਿਹਤਰ ਵਿਚਾਰ ਪ੍ਰਬੰਧ ਉਸਾਰਨ ਦਾ ਯਤਨ ਕੀਤਾ ਜਾਵੇਗਾ। ਬੀਬੀ ਜਗੀਰ ਕੌਰ ਨੇ ਕਿਹਾ ਕਿ ਕੋਈ ਵੀ ਸੰਸਥਾ ਭਵਿੱਖ ਵਿਚ ਚੰਗੇ ਨਤੀਜੇ ਤਾਂ ਹੀ ਦੇ ਸਕਦੀ ਹੈ, ਜੇ ਉਸ ਨੂੰ ਸਭ ਦਾ ਸਹਿਯੋਗ ਮਿਲੇ। ਇਸ ਲਈ ਸ਼੍ਰੋਮਣੀ ਕਮੇਟੀ ਸਿੱਖ ਪੰਥ ਦੇ ਸ਼ਾਨਾਮੱਤੇ ਇਤਿਹਾਸ ਦੀ ਰੌਸ਼ਨੀ ਵਿਚ ਕਾਰਜਸ਼ੀਲ ਰਹੇਗੀ ਅਤੇ ਹਰ ਚੰਗੇ ਵਿਚਾਰ ਦਾ ਸਵਾਗਤ ਕਰੇਗੀ।
_________________________________
ਮਾਸਟਰ ਤਾਰਾ ਸਿੰਘ ਤੇ ਟੌਹੜਾ ਰਹੇ ਸਭ ਤੋਂ ਲੰਮਾ ਸਮਾਂ ਪ੍ਰਧਾਨ
ਚੰਡੀਗੜ੍ਹ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 95 ਸਾਲਾ ਇਤਿਹਾਸ ਦੌਰਾਨ ਪ੍ਰਧਾਨਗੀ ਕਰਨ ਵਾਲੇ 26 ਜਣਿਆਂ ਵਿਚੋਂ ਪਟਿਆਲਾ ਨਾਲ ਸਬੰਧਤ ਰਹੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਹੱਥ ਉਪਰ ਹੈ। ਉਹ ਸਭ ਤੋਂ ਵੱਧ (ਸਾਢੇ 28 ਸਾਲ) ਸਿੱਖਾਂ ਦੀ ਇਸ ਧਾਰਮਿਕ ਸੰਸਥਾ ਦੇ ਪ੍ਰਧਾਨ ਰਹੇ ਤੇ 31 ਮਾਰਚ 2004 ਨੂੰ ਆਖਰੀ ਸਾਹ ਵੀ ਪ੍ਰਧਾਨ ਵਜੋਂ ਹੀ ਲਿਆ। ਜਦਕਿ ਗੋਪਾਲ ਸਿੰਘ ਕੌਮੀ 17 ਜੂਨ 1933 ਤੋਂ 18 ਜੂਨ 1933 ਤੱਕ ਸਿਰਫ ਇਕ ਦਿਨ ਹੀ ਪ੍ਰਧਾਨ ਰਹੇ ਹਨ।ਵੱਧ ਸਮਾਂ ਪ੍ਰਧਾਨਗੀ ਕਰਨ ਵਾਲਿਆਂ ਵਿਚੋਂ ਮਾਸਟਰ ਤਾਰਾ ਸਿੰਘ 16 ਸਾਲ ਦੇ ਕਰੀਬ ਪ੍ਰਧਾਨ ਰਹੇ। ਉਹ ਪਹਿਲੀ ਵਾਰ 12 ਦਸੰਬਰ 1930 ‘ਚ ਦੂਜੇ ਪ੍ਰਧਾਨ ਬਣੇ ਤੇ ਅੰਤਿਮ ਵਾਰ 11 ਮਾਰਚ 1962 ਤੱਕ ਪ੍ਰਧਾਨ ਰਹੇ। ਅਵਤਾਰ ਸਿੰਘ ਮੱਕੜ ਨਵੰਬਰ 2005 ਤੋਂ ਨਵੰਬਰ 2016 ਤੱਕ 12 ਸਾਲ ਪ੍ਰਧਾਨ ਰਹੇ। ਜਦਕਿ ਸੰਤ ਚੰਨਣ ਸਿੰਘ ਨੇ ਸਵਾ 10 ਸਾਲ ਪ੍ਰਧਾਨਗੀ ਕੀਤੀ। ਉਨ੍ਹਾਂ ਦਾ ਕਾਰਜਕਾਲ 2 ਦਸੰਬਰ 1962 ਤੋਂ 30 ਨਵੰਬਰ 1972 ਤੱਕ ਰਿਹਾ। ਬਾਕੀ ਸਭ ਦਾ ਕਾਰਜਕਾਲ ਪੰਜ ਸਾਲਾਂ ਤੋਂ ਵੀ ਹੇਠਾਂ ਹੀ ਰਿਹਾ ਹੈ। 1960 ਵਿਚ ਮੈਂਬਰ ਬਣੇ ਗੁਰਚਰਨ ਸਿੰਘ ਟੌਹੜਾ ਜਨਵਰੀ 1973 ‘ਚ ਪਹਿਲੀ ਵਾਰ ਪ੍ਰਧਾਨ ਬਣੇ ਸਨ। ਇਸ ਦੌਰਾਨ ਚੋਣ ਤਾਂ ਹਰ ਸਾਲ ਹੁੰਦੀ ਰਹੀ ਪਰ ਉਹ ਮਾਰਚ 1986 ਤੱਕ 13 ਸਾਲ ਪ੍ਰਧਾਨ ਰਹੇ। ਅੱਠ ਮਹੀਨੇ ਲਈ ਭਾਵੇਂ ਕਾਬਲ ਸਿੰਘ ਪ੍ਰਧਾਨ ਬਣੇ ਪਰ ਨਵੰਬਰ 1986 ਤੋਂ ਨਵੰਬਰ 1990 ਤੱਕ ਚਾਰ ਸਾਲ ਟੌਹੜਾ ਹੀ ਮੁੜ ਪ੍ਰਧਾਨ ਰਹੇ। ਉਹ 1991 ਤੋਂ ਮਾਰਚ 1999 ਤੱਕ ਅੱਠ ਸਾਲ ਫੇਰ ਪ੍ਰਧਾਨ ਰਹੇ। ਸਾਲ 1999 ‘ਚ ਬਾਦਲ ਅਤੇ ਟੌਹੜਾ ਧੜਿਆਂ ਦਰਮਿਆਨ ਪਈ ਫੁੱਟ ਦੌਰਾਨ ਟੌਹੜਾ ਨੂੰ ਲਾਂਭੇ ਕੀਤਾ ਤੇ 16 ਮਾਰਚ 1999 ਨੂੰ ਬੀਬੀ ਜਗੀਰ ਕੌਰ ਨੂੰ ਪਹਿਲੀ ਮਹਿਲਾ ਪ੍ਰਧਾਨ ਬਣਨ ਦਾ ਮਾਣ ਹਾਸਲ ਹੋਇਆ। ਫੁੱਟ ਦੇ ਕਾਰਜਕਾਲ ਦੌਰਾਨ ਹੀ ਇਕ ਸਾਲ ਜਗਦੇਵ ਸਿੰਘ ਤਲਵੰਡੀ ਤੇ ਫੇਰ ਜੁਲਾਈ 2003 ਤੱਕ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵੀ ਪ੍ਰਧਾਨ ਬਣੇ ਪਰ ਫਿਰ ਬਾਦਲ ਅਤੇ ਟੌਹੜਾ ਧੜਿਆਂ ‘ਚ ਹੋਈ ਏਕਤਾ ਦੌਰਾਨ ਪ੍ਰੋ. ਬਡੂੰਗਰ ਨੂੰ ਅਸਤੀਫਾ ਦੇਣਾ ਪਿਆ ਤੇ ਜੁਲਾਈ 2003 ਵਿਚ ਗੁਰਚਰਨ ਸਿੰਘ ਟੌਹੜਾ ਇੱਕ ਵਾਰ ਫੇਰ ਪ੍ਰਧਾਨ ਚੁਣ ਲਏ ਗਏ ਤੇ ਆਖਰੀ ਸਾਹ ਤੱਕ ਪ੍ਰਧਾਨ ਰਹੇ।