ਬਲਜੀਤ ਬਾਸੀ
ਪੰਜਾਬ ਵਿਚ ਹਾੜ੍ਹ ਦਾ ਮਹੀਨਾ ਸਭ ਤੋਂ ਗਰਮ ਮੰਨਿਆ ਜਾਂਦਾ ਹੈ। ਲੋਕ ਮਨ ਵਿਚ ਤਾਂ ਗਰਮੀ ਦੀ ਰੁੱਤ ਦਾ ਨਾਂ ਹੀ ਜੇਠ-ਹਾੜ੍ਹ ਹੈ। ਅਖਾਣ ਕਦੇ ਝੂਠ ਨਹੀਂ ਬੋਲਦੇ, ਇਸ ਲਈ “ਜੇਠ ਹਾੜ੍ਹ ਕੁੱਖੀਂ, ਸਾਉਣ ਭਾਦੋਂ ਰੁੱਖੀਂ” ਦੀ ਸੱਚਾਈ ਅੱਜ ਵੀ ਕਾਇਮ ਹੈ। ਭਾਵ ਇਨ੍ਹਾਂ ਮਹੀਨਿਆਂ ਵਿਚ ਘਰੋਂ ਬਾਹਰ ਏਨੀਆਂ ਲੋਆਂ ਵਗਦੀਆਂ ਹਨ ਕਿ ਲੋਕ ਸਿਆਣਪ ਬਾਹਰ ਨਿਕਲਣ ਤੋਂ ਵਰਜਦੀ ਹੈ। ਇਸ ਮਹੀਨੇ ਦੀ ਤਾਸੀਰ ਸਰਦੀ ਦੇ ਉਲਟ ਹੁੰਦਿਆਂ ਵੀ ਇਹ ਕੰਬਣੀ ਲਾ ਦਿੰਦਾ ਹੈ, “ਗ੍ਰੀਖਮ ਰੁਤਿ ਅਤਿ ਗਾਖੜੀ ਜੇਠ ਅਖਾੜੈ ਘਾਮ ਜੀਉ।” ‘ਤੱਤੀ ਵਾਅ’ ਮੁਹਾਵਰਾ ਇਸੇ ਅਨੁਭਵ ‘ਚੋਂ ਹੀ ਉਤਪੰਨ ਹੋਇਆ। ਕਹਿੰਦੇ ਹਨ, ਹਾੜ੍ਹਾਂ ਵਿਚ ਤਾਂ ਕਾਂ ਦੀ ਵੀ ਅੱਖ ਨਿਕਲਦੀ ਜਾਂਦੀ ਹੈ। ਦਿਲਚਸਪ ਗੱਲ ਹੈ ਕਿ ਦੇਸੀ ਮਹੀਨਿਆਂ ਵਿਚੋਂ ਹਾੜ੍ਹ ਹੀ ਐਸਾ ਮਹੀਨਾ ਹੈ ਜਿਸ ਦਾ ਬਹੁਵਚਨ ਬਣਾਇਆ ਜਾ ਸਕਦਾ ਹੈ। ਕੀ ਇਸ ਨੂੰ ਇਸ ਮਹੀਨੇ ਪੈਂਦੀ ਸੌ ਭਠ ਗਰਮੀ ਪ੍ਰਗਟਾਉਣ ਦੀ ਲੋਕ-ਜੁਗਤ ਕਿਹਾ ਜਾ ਸਕਦਾ ਹੈ? ਗੁਰੂ ਨਾਨਕ ਦੇਵ ਜੀ ਨੇ ਇਸ ਮਹੀਨੇ ਦੀ ਅਤਿਤਾਈ ਦਾ ਸੁੰਦਰ ਵਰਣਨ ਕੀਤਾ ਹੈ,
ਆਸਾੜੁ ਭਲਾ ਸੂਰਜੁ ਗਗਨ ਤਪੈ॥
ਧਰਤੀ ਦੂਖ ਸਹੈ ਸੋਖੈ ਅਗਨ ਭਖੈ॥
ਅਗਨ ਰਸੁ ਸੋਖੈ ਮਰੀਐ
ਧੋਖੈ ਭੀ ਸੋ ਕਿਰਤੁ ਨ ਹਾਰੈ॥
ਰਥੁ ਫਿਰੈ ਛਾਇਆ ਧਨੁ ਤਾਕੈ
ਟੀਡੁ ਲਵੈ ਮੰਝਿ ਮਾਰੈ॥
ਆਖਰੀ ਤੁਕ ਦਾ ਭਾਵ ਹੈ ਕਿ ਆਸਾੜ (ਹਾੜ੍ਹ) ਮਹੀਨੇ ਸੂਰਜ ਦੇ ਰਥ ਰੂਪੀ ਤਪੇ ਹੋਏ ਗੋਲੇ ਦਾ ਇੰਨਾ ਕਹਿਰ ਹੁੰਦਾ ਹੈ ਕਿ ਇਸ ਤੋਂ ਬਚਣ ਲਈ ਮਾੜੇ-ਧੀੜੇ ਲੋਕ ਰੁੱਖਾਂ ਦੀ ਛਾਂ ਭਾਲਦੇ ਫਿਰਦੇ ਹਨ। ਬੀਂਡੇ ਵੀ ਰੁੱਖਾਂ ਦੀ ਛਾਂ ਹੇਠ ਗਰਮੀ ਦੇ ਸਤੇ ਹੋਏ ਟੀਂ-ਟੀਂ ਕਰਦੇ ਹਨ। ਹਾੜ੍ਹ ਮਹੀਨੇ ਕੀਟ-ਪਤੰਗਿਆਂ ਦੀਆਂ ਅਜਿਹੀਆਂ ਅਵਾਜ਼ਾਂ ਕਾਰਨ ਹੀ ਸ਼ਾਇਦ ਹਾੜ੍ਹ ਬੋਲਦਾ ਮੁਹਾਵਰਾ ਬਣਿਆ ਹੈ। ਗੁਰੂ ਨਾਨਕ ਦੇਵ ਜੀ ਦੀਆਂ ਉਪਰੋਕਤ ਸਤਰਾਂ ਨੂੰ ਮੈਂ ਵਾਰ ਵਾਰ ਪਾਠ ਦੀ ਤਰ੍ਹਾਂ ਪੜ੍ਹਦਾ ਅਕਸਰ ਹੀ ਮੰਤਰ ਮੁਗਧ ਹੋ ਜਾਂਦਾ ਹਾਂ। ਭਾਰਤ ਵਿਚ ਸੂਰਜ ਨੂੰ ਪ੍ਰਾਚੀਨ ਸਮੇਂ ਤੋਂ ਰਥ ਦੇ ਰੂਪ ਵਿਚ ਕਲਪਿਆ ਗਿਆ ਹੈ। ਭਾਰਤੀ ਮਿਥਾਂ ਵਿਚ ਸੂਰਜ ਨੂੰ ਸੱਤ ਘੋੜਿਆਂ ਦੁਆਰਾ ਖਿਚਿਆ ਜਾਣ ਵਾਲਾ ਰਥ ਦਰਸਾਇਆ ਗਿਆ ਹੈ। ਉੜੀਸਾ ਵਿਚ ਕੋਨਾਰਕ ਵਿਖੇ ਸਥਾਪਤ ਪ੍ਰਾਚੀਨ ਸੂਰਜ ਮੰਦਰ ਵਿਚ ਸੂਰਜ ਨੂੰ ਇਕ ਰਥ ਦੇ ਰੂਪ ਵਿਚ ਹੀ ਤਰਾਸ਼ਿਆ ਗਿਆ ਹੈ। ਪਰ ਇਸ ਨੂੰ ਕਹਿਰਵਾਨ ਰੂਪ ਵਿਚ ਪੇਸ਼ ਕਰਨਾ ਬਾਬੇ ਨਾਨਕ ਦੀ ਕਾਵਿ-ਕੌਸ਼ਲਤਾ ਦਾ ਹੀ ਕਮਾਲ ਹੈ। ਮੈਨੂੰ ਜਗਨ ਨਾਥ ਪੁਰੀ ਦੇ ਰਥ ਦੀ ਯਾਦ ਆਉਂਦੀ ਹੈ। ਇਥੇ ਹਰ ਸਾਲ ਜਗਨ ਨਾਥ, ਉਸ ਦੇ ਵੱਡੇ ਭਰਾ ਬਲਭਦਰ ਅਤੇ ਭੈਣ ਸੁਭਦਰਾ ਦੀਆਂ ਮੂਰਤੀਆਂ ਨੂੰ ਇਕ ਵੱਡੇ ਰੱਥ ਵਿਚ ਬਰਾਜਮਾਨ ਕਰਕੇ ਸ਼ਹਿਰ ਵਿਚ ਜਲੂਸ ਕੱਢਿਆ ਜਾਂਦਾ ਹੈ। ਭਾਰੀ ਭਰਕਮ ਰਥ ਨੂੰ ਇਸ ਦੇ ਭਗਤ ਆਪਣੇ ਹੱਥਾਂ ਨਾਲ ਖਿਚਦੇ ਹਨ। ਉਨ੍ਹਾਂ ਵਿਚ ਇੰਨੀ ਸ਼ਰਧਾ ਹੁੰਦੀ ਹੈ ਕਿ ਕਈ ਇਸ ਦੇ ਪਹੀਆਂ ਹੇਠ ਦਰੜੇ ਜਾਂਦੇ ਹਨ। ਅੰਗਰੇਜ਼ਾਂ ਨੇ ਇਸੇ ਤੋਂ ਚਅਰ ਾ ਜੁਗਗeਰਨਅੁਟ ਮੁਹਾਵਰਾ ਬਣਾਇਆ। ਇਥੇ ਜਗਰਨੌਟ ਜਗਨ ਨਾਥ (ਜਗਤ ਦਾ ਰਖਵਾਲਾ, ਵਿਸ਼ਨੂੰ) ਨੂੰ ਕਿਹਾ ਗਿਆ ਹੈ ਜਿਸ ਦਾ ਅਵਤਾਰ ਕ੍ਰਿਸ਼ਨ ਸੀ। ਇਹ ਮੁਹਾਵਰਾ ਕਿਸੇ ਅਜਿਹੇ ਵਰਤਾਰੇ, ਵਿਅਕਤੀ ਜਾਂ ਵਿਚਾਰ ਵੱਲ ਸੰਕੇਤ ਕਰਦਾ ਹੈ ਜੋ ਆਪਣੀ ਜ਼ਬਰਦਸਤ ਸ਼ਕਤੀ ਨਾਲ ਜ਼ਿੰਦਗੀ ਦੇ ਕਿਸੇ ਖੇਤਰ ਵਿਚ ਵਿਆਪਕ ਅਤੇ ਹੂੰਝਾ-ਫੇਰੂ ਪ੍ਰਭਾਵ ਪਾਉਂਦੇ ਹੋਣ। ਇਹ ਪ੍ਰਭਾਵ ਨਾਕਾਰਾਤਮਕ ਅਤੇ ਸਾਕਾਰਾਤਮਕ-ਦੋਵੇਂ ਤਰ੍ਹਾਂ ਦੇ ਹੋ ਸਕਦੇ ਹਨ। ਕਾਰਲ ਮਾਰਕਸ ਨੇ ਪੂੰਜੀਵਾਦੀ ਪ੍ਰਬੰਧ ਦੀ ਜਕੜਬੰਦ ਦੇ ਕਠੋਰ ਅਤੇ ਦੂਰ-ਰਸ ਪਰਿਣਾਮ ਦਰਸਾਉਣ ਲਈ ਇਸ ਮੁਹਾਵਰੇ ਦੀ ਦੋ ਵਾਰੀ ਵਰਤੋਂ ਕੀਤੀ ਹੈ। ਖੁਦ ਮਾਰਕਸਵਾਦ ਦਾ ਦੁਨੀਆਂ ਭਰ ਵਿਚ ਜਗਨਨਾਥ ਦੇ ਰਥ ਦੀ ਤਰ੍ਹਾਂ ਹੀ ਗਲਬਾ ਰਿਹਾ ਹੈ। ਦਰਅਸਲ 14ਵੀਂ ਸਦੀ ਦੇ ਇਕ ਸਫਰਨਾਮੇ “ਸਰ ਜੌਨ ਮੈਂਡਵਿਲ ਦੀਆਂ ਯਾਤਰਾਵਾਂ” ਵਿਚ ਪੁਰੀ ਦੀ ਰਥ ਯਾਤਰਾ ਦਾ ਜ਼ਿਕਰ ਹੋਇਆ ਹੈ। ਇਸ ਵਿਚ ਹਿੰਦੂਆਂ ਨੂੰ ਇਕ ਧਾਰਮਿਕ ਬਲਿਦਾਨ ਦੇ ਰੂਪ ਵਿਚ ਦਰਸਾਇਆ ਗਿਆ ਹੈ ਜੋ ਆਪਣੇ ਆਪ ਨੂੰ ਇਸ ਵਿਸ਼ਾਲ ਰਥ ਦੇ ਪਹੀਆਂ ਹੇਠ ਅਰਪਣ ਕਰ ਦਿੰਦੇ ਹਨ। ਗੁਰੂ ਨਾਨਕ ਦੇਵ ਉਸ ਤੋਂ ਕੋਈ ਸੌ ਕੁ ਸਾਲ ਬਾਅਦ ਵਿਚ ਹੋਏ।
ਗੁਰਬਾਣੀ ਵਿਚ ਹਾੜ੍ਹ ਮਹੀਨੇ ਲਈ ਅਸਾੜ ਸ਼ਬਦ ਦੀ ਵਰਤੋਂ ਹੈ। ਹਾੜ੍ਹ ਦੇ ਮਹੀਨੇ ਤਾਈਂ ਹਾੜ੍ਹੀ ਦੀ ਫਸਲ ਜਿਸ ਨੂੰ ਹਾੜੂ ਵੀ ਕਿਹਾ ਜਾਂਦਾ ਹੈ, ਵੱਢੀ ਜਾ ਚੁੱਕੀ ਹੁੰਦੀ ਹੈ ਤੇ ਸਾਉਣੀ ਬੀਜ ਲਈ ਜਾਂਦੀ ਹੈ। ਇਸ ਨੂੰ ਜੱਟ ਬੁਧੀ ਹੀ ਕਿਹਾ ਜਾਵੇਗਾ ਕਿ ਹਾੜ ਵਿਚ ਸਮੇਟੀ ਜਾਣ ਵਾਲੀ ਫਸਲ ਨੂੰ ਹਾੜ੍ਹੀ ਕਿਹਾ ਜਾਂਦਾ ਹੈ ਜਦ ਕਿ ਤੁਰੰਤ ਬਾਅਦ ਆਉਂਦੇ ਮਹੀਨੇ ਸਾਵਣ ਵਿਚ ਬੀਜੀ ਜਾਣ ਵਾਲੀ ਫਸਲ ਨੂੰ ਸਾਉਣੀ ਕਿਹਾ ਜਾਂਦਾ ਹੈ। ਇਉਂ ਲਗਦਾ ਹੈ ਕਿ ਰਬੀ ਸਮੇਟਣ ਅਤੇ ਖਰੀਫ ਬੀਜਣ ਦੀਆਂ ਸਰਗਰਮੀਆਂ ਨਾਲੋ ਨਾਲ ਹੋਣ ਕਾਰਨ ਇਨ੍ਹਾਂ ਨੂੰ ਹਾੜੀ-ਸਾਉਣੀ ਕਿਹਾ ਜਾਣ ਲੱਗਾ ਜੋ ਬਾਅਦ ਵਿਚ ਜਾ ਕੇ ਦੋ ਅਲੱਗ ਅਲੱਗ ਤੌਰ ‘ਤੇ ਰਬੀ ਤੇ ਖਰੀਫ਼ ਦੇ ਅਰਥਾਂ ਵਜੋਂ ਰੂੜ ਹੋ ਗਏ। ਉਂਜ ਜੇਠ-ਹਾੜ ਦੀ ਤਰ੍ਹਾਂ ਹਾੜ੍ਹ-ਸੌਣ ਕੋਈ ਸ਼ਬਦ ਜੁੱਟ ਨਹੀਂ ਕਿਉਂਕਿ ਹਾੜ੍ਹ ਦੀ ਗਰਮੀ ਤੋਂ ਬਾਅਦ ਸੌਣ ਦਾ ਸੁਹਾਵਣਾ ਮੌਸਮ ਸ਼ੁਰੂ ਹੋ ਜਾਂਦਾ ਹੈ। ਪਰ ਫਸਲਾਂ ਦੇ ਪ੍ਰਸੰਗ ਵਿਚ ਅਸੀਂ ਹਾੜੀ-ਸਾਉਣੀ ਕਹਿੰਦੇ ਹਾਂ। “ਨਾ ਹਾੜ ਸੁੱਕੇ ਨਾ ਸਾਉਣ ਹਰੇ” ਵਿਚ ਦੋਨੋਂ ਲਾਗਲੇ ਮਹੀਨੇ ਟਕਰਾਵੇਂ ਰੂਪ ਵਿਚ ਆਉਂਦੇ ਹਨ। ਹਾੜ ਮਹੀਨੇ ਧਰਤੀ ਰੱਕੜ ਬਣ ਜਾਂਦੀ ਹੈ, ਸ਼ਿਵਚਰਨ ਜੱਗੀ ਦੀ ਤਸ਼ਬੀਹ ਦੇਖੋ, “ਦਾਹੜੀ ਵਿਚ ਪਏ ਡੱਬ ਹਾੜ ਮਹੀਨੇ ਖੇਤ ਖੜ੍ਹੀ ਇੱਟਸਿੱਟ ਵਰਗੇ ਲੱਗਦੇ ਸਨ।”
ਹਲ ਵਾਹੁਣਾ ਸੌਖਾ ਕੰਮ ਨਹੀਂ ਪਰ ਰੱਕੜ ਭੋਇੰ ਨੂੰ ਤੋੜ ਕੇ ਬੀਜ ਪੁੰਗਰਾਉਣ ਲਈ ਇਸ ਦੀ ਜ਼ਰੂਰਤ ਹੈ। ਇਸ ਲਈ ਇਸ ਮਹੀਨੇ ਇਕ ਵਾਰੀ ਵੀ ਹਲ ਵਾਹੁਣਾ ਅੱਸੂ ਮਹੀਨੇ ਵਿਚ ਸੌ ਵਾਰੀ ਵਾਹੇ ਦੇ ਬਰਾਬਰ ਹੈ, “ਹਾੜ ਦਾ ਇਕ, ਸਾਵਣ ਦੇ ਦੋ, ਭਾਦੋਂ ਦੇ ਤ੍ਰੈ ਤੇ ਅੱਸੂ ਦਾ ਸੌ।” “ਹਾੜ ਨਾ ਵਾਹੀ ਹਾੜੀ, ਫਿਟ ਭੜੂਏ ਦੀ ਦਾਅੜੀ” ਭਾਵ ਜਿਸ ਕਿਸਾਨ ਨੇ ਹਾੜ ਵਿਚ ਪੈਲੀ ਨਹੀਂ ਵਾਹੀ, ਉਹ ਵਧੀਆ ਝਾੜ ਹਾਸਲ ਨਹੀਂ ਕਰ ਸਕੇਗਾ। ਹਾੜ ਤੋਂ ਹੀ ਹਾੜੀ ਸ਼ਬਦ ਰਬੀ ਦੀ ਫਸਲ ਲਈ ਵਰਤਿਆ ਜਾਂਦਾ ਹੈ ਅਰਥਾਤ ਜੋ ਫਸਲ ਅੱਸੂ ਕੱਤਕ ਵਿਚ ਬੀਜੀ ਜਾਏ। ਹਾੜੀ ਦੀ ਫਸਲ ਦੇ ਹਾਲੇ ਨੂੰ ਵੀ ਹਾੜੀ ਕਹਿੰਦੇ ਹਨ। ਜੇਠ ਤੇ ਹਾੜ ਦੇ ਕਹਿਰ ਬਾਰੇ ਲੋਕ ਗੀਤਾਂ ਅਤੇ ਸਾਹਿਤ ਵਿਚ ਬਹੁਤ ਕੁਝ ਪੜ੍ਹਨ ਸੁਣਨ ਨੂੰ ਮਿਲਦਾ ਹੈ। ਕਵੀਸ਼ਰੀ ਦੇ ਧਨੀ ਬਾਬੂ ਰਜਬ ਅਲੀ ਦਾ ਕਲਾਮ ਹੈ,
ਅੜੇ ਅੰਗਰੇਜ, ਲਾਉਣ ਨਾ ਮੇਜ਼।
ਗੇਟਾਂ ਨੂੰ ਜੰਦਰੇ, ਹਾੜ ਨੂੰ ਅੰਦਰੇ।
ਸ਼ਿਵ ਕੁਮਾਰ ਨੇ ‘ਲੂਣਾ’ ਦਾ ਸੰਤਾਪ ਬਿਆਨਣ ਲਈ ਕਿੱਡਾ ਅਨੋਖਾ ਅਤੇ ਇੰਦਰਾਵੀ ਬਿੰਬ ਵਰਤਿਆ ਹੈ,
ਇਕ ਛਾਤੀ ਮੇਰਾ ਹਾੜ ਤਪੰਦਾ,
ਇਕ ਤਪੰਦਾ ਜੇਠ।
ਮੈਂ ਅੱਗ ਤੁਰੀ ਪਰਦੇਸ,
ਨੀ ਮੈਂ ਅੱਗ ਤੁਰੀ ਪਰਦੇਸ।
ਪੰਜਾਬੀ ਦੇ ਇਸ ਹਾਇਕੂ ਯੁਗ ਵਿਚ ਹੋਰ ਪ੍ਰਾਕ੍ਰਿਤਕ ਵਰਤਾਰਿਆਂ ਦੇ ਨਾਲ ਨਾਲ ਹਾੜ ਬਾਰੇ ਵੀ ਕਾਫੀ ਰਚਨਾ ਹੋਈ ਹੈ, ਦਵਿੰਦਰ ਕੌਰ ਸਿੱਧੂ ਦਾ ਕਲਾਮ ਦੇਖੋ,
ਹਾੜ ਹਠੀਲਾ
ਆ ਵੇ ਸਾਉਣ ਵੀਰਾ
ਅਰਜ਼ ਕਰਾਂ।
—
ਅੱਗ ਵਰ੍ਹਦੀ
ਰੁਖ ਹਰਿਆ ਨਾਹੀਂ
ਛਾਂਵਾਂ ਗੁੰਮੀਆਂ।
—
ਧਰਤ ਤ੍ਰੇਹੀ
ਝੋਲੀ ਖਾਲੀ ਕਾਮੇ ਦੀ
ਰੱਬਾ ਮੀਂਹ ਦੇ।
ਲੋਕ ਰਾਜ ਹਾੜ ਦੀਆਂ ਰਾਤਾਂ ਦਾ ਚਿਤਰ ਖਿਚਦਾ ਹੈ,
ਹਾੜ੍ਹਾਂ ਦੀ ਰਾਤ
ਛੱਤ ਤੇ ਚਾੜ੍ਹੇ ਮੰਜੇ
ਬਿਜਲੀ ਕੱਟ।
ਉਂਜ ਹਾੜ੍ਹ ਜਦੋਂ ਅੱਧਾ ਕੁ ਟੱਪ ਜਾਂਦਾ ਹੈ ਤਾਂ ਅਸੀਂ ਰਾਤਾਂ ਨੂੰ ਕੋਠੇ ਭੁੰਨੇ ਹੀ ਹੁੰਦੇ ਰਹਿੰਦੇ ਹਾਂ। ਅਸਲ ਵਿਚ ਤਾਂ ਇਸ ਨੂੰ ਬਰਸਾਤ ਦਾ ਵੀ ਪਹਿਲਾ ਮਹੀਨਾ ਮੰਨਿਆ ਜਾਂਦਾ ਹੈ। ਹਿੰਦੀ ਲੇਖਕ ਮੋਹਨ ਰਾਕੇਸ਼ ਦੀ ਪ੍ਰਸਿਧ ਰਚਨਾ, “ਅਸ਼ਾੜ ਕਾ ਏਕ ਦਿਨ” ਵਿਚ ਹਾੜ ਨੂੰ ਬਰਸਾਤ ਦਾ ਸ਼ੁਰੂਆਤੀ ਮਹੀਨਾ ਮੰਨਣ ਕਾਰਨ ਹੀ ਇਹ ਨਾਂ ਰੱਖਿਆ ਗਿਆ ਹੈ। ਇਹ ਨਾਟਕ ਕਾਲੀਦਾਸ ਦੇ ਨਾਟਕ “ਮੇਘਦੂਤ” ਦੀਆਂ ਅਰੰਭਲੀਆਂ ਸਤਰਾਂ ਨਾਲ ਸ਼ੁਰੂ ਹੁੰਦਾ ਹੈ।
ਹਾੜ੍ਹ ਦੀ ਪੁੰਨਿਆ ਨੂੰ ਪਵਿਤਰ ਮੰਨਿਆ ਜਾਂਦਾ ਹੈ। ਪੁੰਨਿਆ ਉਤਰ ਆਸ਼ਾੜ ਨਛੱਤਰ ਦੌਰਾਨ ਆਵੇ ਤਾਂ ਪੂਜਾ ਅਰਚਨਾ ਦਾ ਵਿਸ਼ੇਸ਼ ਵਿਧਾਨ ਹੈ। ਖਾਣ-ਪੀਣ ਵਾਲੀਆਂ ਵਸਤਾਂ ਦਾ ਦਾਨ ਕਰਨ ਨਾਲ ਬੁਧੀ ਬਲ ਮਿਲਦਾ ਹੈ। ਵਿਸ਼ਵਾਸ ਮੁਤਾਬਕ ਹਿੰਦੂ ਦੇਵਤਾ ਹਾੜ੍ਹ ਦੇ ਮਹੀਨੇ ਤੋਂ ਚਾਰ ਮਹੀਨਿਆਂ ਲਈ ਵਿਸ਼ਰਾਮ ਕਰਨ ਚਲੇ ਜਾਂਦੇ ਹਨ। ਇਸ ਨੂੰ ਚਤੁਰਮਾਸ ਕਿਹਾ ਜਾਂਦਾ ਹੈ। ਸਪਸ਼ਟ ਹੈ ਇਨ੍ਹਾਂ ਮਹੀਨਿਆਂ ਵਿਚ ਦੇਵਤਿਆਂ ਨੂੰ ਵੀ ਗਰਮੀ ਲਗਦੀ ਹੈ। ਇਸ ਸਮੇਂ ਦੌਰਾਨ ਮੰਗਲ ਕਾਰਜ ਵਿਵਰਜਿਤ ਹਨ।
ਗੁਰਬਾਣੀ ਵਿਚ ਹਾੜ੍ਹ ਸ਼ਬਦ ਦੇ ਅਖਾੜ, ਅਸਾੜ ਅਤੇ ਅਹਾੜ ਰੂਪ ਮਿਲਦੇ ਹਨ, “ਫਸਲ ਅਹਾੜੀ ਏਕ ਨਾਮੁ ਸਾਵਣੀ ਸਚੁ ਨਾਉ” (ਗੁਰੂ ਨਾਨਕ ਦੇਵ)। ਭਾਵ ਮੈਂ ਤਾਂ ਨਾਮ ਨੂੰ ਹੀ ਹਾੜੀ ਸਾਉਣੀ ਦੀ ਫਸਲ ਬਣਾ ਲਿਆ ਹੈ। ਗੁਰੂ ਅਰਜਨ ਦੇਵ ਨੇ ਅਸਾੜ ਸ਼ਬਦ ਵਰਤਿਆ ਹੈ, “ਅਸਾੜੁ ਸੁਹੰਦਾ ਤਿਸੁ ਲਗੈ ਜਿਸੁ ਮਨਿ ਹਰ ਚਰਣ ਨਿਵਾਸ” ਅਰਥਾਤ ਜਿਸ ਦਾ ਹਿਰਦਾ ਪਰਮਾਤਮਾ ਦੇ ਨਾਂ ਨਾਲ ਜੁੜਿਆ ਹੋਇਆ ਹੈ ਉਸ ਨੂੰ ਹਾੜ ਦੀ ਤਪਸ਼ ਵੀ ਸੁਹਾਵਣੀ ਲਗਦੀ ਹੈ। ਹਾੜ ਸ਼ਬਦ ਦਾ ਸੰਸਕ੍ਰਿਤ ਰੂਪ ਹੈ ‘ਅਸਾਢ।’ ਇਸ ਮਹੀਨੇ ਦੀ ਪੁੰਨਿਆ ਨੂੰ ਚੰਦਰਮਾ ਇਸੇ ਨਾਂ ਦੇ ਨਛੱਤਰ ਕੋਲ ਹੁੰਦਾ ਹੈ। ਇਸ ਸ਼ਬਦ ਦਾ ਪ੍ਰਾਕ੍ਰਿਤ ਰੂਪ ਆਸਾੜ ਹੈ। ਭਾਰਤ ਦੀਆਂ ਬਹੁਤ ਸਾਰੀਆਂ ਆਰਿਆਈ ਭਾਸ਼ਾਵਾਂ ਵਿਚ ਥੋੜੇ ਬਹੁਤੇ ਫਰਕ ਨਾਲ ਪੰਜਾਬੀ ਵਾਲੇ ਰੂਪ ਹੀ ਮਿਲਦੇ ਹਨ। ਪਾਲੀ ਵਿਚ ਅਸਾਲ੍ਹਾ ਹੈ। ਡੋਗਰੀ ਵਿਚ ਆੜ ਰੂਪ ਵੀ ਹੈ। ਕੁਝ ਭਾਸ਼ਾਵਾਂ ਵਿਚ ਇਸ ਮੌਸਮ ਵਿਚ ਹੁੰਦੇ ਪੌਦਿਆਂ ਦੇ ਨਾਂ ਵੀ ਇਸ ਪ੍ਰਕਾਰ ਦੇ ਹਨ। ਮਿਸਾਲ ਵਜੋਂ ਲਹਿੰਦਾ ਵਿਚ ‘ਸਾਰੀ’ ਸ਼ਬਦ ਖੁਰਮਾਨੀ ਲਈ ਵਰਤਿਆ ਜਾਂਦਾ ਹੈ। ਇਸ ਸ਼ਬਦ ਦੇ ਮੈਨੂੰ ਹੋਰ ਭਾਸ਼ਾਵਾਂ ਵਿਚ ਬਹੁਤੇ ਸੁਜਾਤੀ ਸ਼ਬਦ ਨਹੀਂ ਮਿਲੇ। ਅਜਿਹਾ ਵੀ ਹੁੰਦਾ ਹੈ। ਅਜੇ ਇਕ ਵਾਰੀ ਹੋਰ ਭਾਸ਼ਾ-ਸਮੁੰਦਰ ਹੰਘਾਲਾਂਗਾ।
Leave a Reply