‘ਚੌਕੀਦਾਰ’ ਨਹੀਂ, ਸਿਰਫ ਚੌਕੀਦਾਰ!

ਇੰਦਰਜੀਤ ਚੁਗਾਵਾਂ
ਪਿੰਦਰ (ਤਪਿੰਦਰਜੀਤ ਕਾਹਲੋਂ) ਮੇਰੇ ਨਾਲੋਂ ਛੋਟਾ ਹੈ। ਉਸ ਦਾ ਪਿਛੋਕੜ ਲੁਧਿਆਣਾ ਦੇ ਖੰਨਾ ਇਲਾਕੇ ਦਾ ਹੈ। ਉਸ ਦੀ ਮੇਰੇ ਨਾਲ ਸਾਂਝ ਮੇਰੇ ਚਾਚਾ ਗੁਲਜ਼ਾਰ ਸਿੰਘ ਫੌਜੀ ਕਰਕੇ ਹੈ। ਉਸ ਦੀ ਬਦੌਲਤ ਹੀ ਮੈਨੂੰ ਉਸ ਦੇ ਵੱਡੇ ਭਰਾ ਵਰਿੰਦਰਜੀਤ ਨੇ ਟਰੱਕ ‘ਤੇ ਚੜ੍ਹਾਇਆ ਸੀ। ਚਾਚੇ ਫੌਜੀ ਨਾਲ ਉਸ ਦੀ ਵੀ ਮੇਰੇ ਵਾਂਗ ਹੀ ਯਾਰੀ ਹੈ। ਉਹ ਜਦ ਵੀ ਆਉਂਦੈ ਤਾਂ ਰੌਣਕ ਲਾ ਰੱਖਦੈ। ਇਸ ਵਾਰ ਜਦ ਉਹ ਫੌਜੀ ਚਾਚੇ ਨੂੰ ਮਿਲਣ ਆਇਆ ਤਾਂ ਸਾਡੀ ਚਰਚਾ ਦਾ ਮੁੱਦਾ ਪੰਜਾਬ ਦਾ ਕਿਸਾਨੀ ਸੰਘਰਸ਼ ਹੀ ਰਿਹਾ। ਗੱਲਬਾਤ ਏਥੇ ਆ ਪੁੱਜੀ ਕਿ ਇਹ ਸਿਰਫ ਕਿਸਾਨੀ ਦਾ ਮਸਲਾ ਨਾ ਰਹਿ ਕੇ ਹਰ ਵਰਗ ਦੇ ਲੋਕਾਂ ਦੀ ਰੋਜ਼ੀ-ਰੋਟੀ ਦਾ ਮਸਲਾ ਬਣ ਗਿਆ ਹੈ। ਇਹੀ ਕਾਰਨ ਹੈ ਕਿ ਸਮੁੱਚਾ ਪੰਜਾਬ ਹੀ ਨਹੀਂ, ਹਰਿਆਣਾ ਵੀ ਇਸ ਅੰਦੋਲਨ ‘ਚ ਆ ਜੁੜਿਆ ਹੈ। ਗੱਲ ਚੱਲਦੀ ਚੱਲਦੀ ਪੇਂਡੂ ਲੋਕਾਂ ਦੇ ਆਪਸੀ ਸਬੰਧਾਂ, ਸਾਂਝਾਂ ਤੱਕ ਚਲੇ ਗਈ। ਏਸੇ ਸਿਲਸਿਲੇ ‘ਚ ਜ਼ਿਕਰ ਛਿੜਿਆ ਸਾਡੇ ਪਿੰਡ ਦੇ ਪ੍ਰੀਤੂ ਹਰਨ ਦਾ।

ਨਾਂ ਤਾਂ ਉਸ ਦਾ ਪ੍ਰੀਤਮ ਚੰਦ ਸੀ, ਪਰ ਸ਼ਾਇਦ ਹੀ ਕੋਈ ਬੰਦਾ ਅਜਿਹਾ ਹੋਵੇ ਜਿਸ ਨੇ ਉਸ ਨੂੰ ਪ੍ਰੀਤਮ ਆਖ ਬੁਲਾਇਆ ਹੋਵੇ। ਉਹ ਪਿੰਡ ਦਾ ਚੌਕੀਦਾਰ ਸੀ। ਪਿੰਡ ਦੇ ਬੱਚੇ ਉਸ ਨੂੰ ‘ਹਰਨ ਪ੍ਰੀਤੂ, ਹਰਨ ਪ੍ਰੀਤੂ’ ਆਖ ਕੇ ਦੌੜ ਜਾਂਦੇ। ਉਹ ਬੁਰਾ ਨਹੀਂ ਸੀ ਮਨਾਉਂਦਾ। ਹਰਨ ਡੋਡੇ ਪੀਂਦਾ ਸੀ, ਅਮਲੀ ਸੀ ਪੂਰਾ!
ਜਦ ਉਹ ਨਸ਼ੇ ਦੀ ਲੋਰ ‘ਚ ਹੁੰਦਾ ਤਾਂ ਹਿਰਨ ਵਾਂਗ ਚੁੰਗੀਆਂ ਭਰਦਾ ਫਿਰਦਾ। ਇਸੇ ਕਰਕੇ ਉਸ ਦਾ ਨਾਂ ਹਰਨ ਪੈ ਗਿਆ ਸੀ ਤੇ ਉਹ ਆਪਣੇ ਇਸ ਨਾਂ ਦਾ ਲੁਤਫ ਵੀ ਪੂਰਾ ਉਠਾਉਂਦਾ। ਉਸ ਨੇ ਜਦ ਸਾਨੂੰ ਦੇਖਣਾ ਤਾਂ ਹਸਾਉਣੀਆਂ ਜਿਹੀਆਂ ਹਰਕਤਾਂ ਕਰਨ ਲੱਗ ਪੈਣਾ! ਜਦ ਸਾਹਮਣੇ ਹੋਣਾ ਤਾਂ ਅਸੀਂ ਕਹਿਣਾ, “ਕਿੱਦਾਂ ਤਾਇਆ…!” ਉਸ ਨੇ ਸਾਡੀ ਕੱਛ ‘ਚ ਕੁਤਕੁਤਾਰੀਆਂ ਕੱਢ ਕੇ ਸਾਨੂੰ ਭਜਾ ਦੇਣਾ। ਜਦ ਦੂਰ ਚਲੇ ਜਾਣਾ ਤਾਂ ਉੱਚੀ ਦੇਣੀ ਆਖਣਾ, “ਤਾਇਆ ਹਰਨ, ਤਾਇਆ ਹਰਨ..!” ਉਸ ਨੇ ਮੁਸਕੜੀਆਂ ‘ਚ ਹੱਸਦੇ ਨੇ ਪੋਲੇ ਪੋਲੇ ਸਾਡੇ ਪਿੱਛੇ ਭੱਜਣਾ।
ਤਾਏ ਹਰਨ ਨੇ ਜਦ ਪੂਰੇ ਜਲੌਅ ‘ਚ ਹੋਣਾ ਤਾਂ ਨਿਆਣਿਆਂ ਦੇ ਕੋਲ ਆਉਣ ‘ਤੇ ਛੜੱਪਾ ਮਾਰ ਚਿੱਤੜਾਂ ਨੂੰ ਅੱਡੀ ਮਾਰਨੀ ਤੇ ਕਬੱਡੀ ਖਿਡਾਰੀ ਵਾਂਗ ਇਹ ਕਹਿੰਦਿਆਂ ਦੁੜਕੀ ਲਾ ਦੇਣੀ, “ਕੁਜਰਾਂਵਾਲਾ ਤੋਂ ਜਗਲੰਧਰ ਤੇ ਜਗਲੰਧਰ ਤੇ ਜਗਲੰਧਰ…, ਕੁਜਰਾਂਵਾਲਾ ਤੋਂ ਜਗਲੰਧਰ…!” ਅਸੀਂ ਨਿਆਣੇ ਤਾਂ ਉਸ ਦੀਆਂ ਇਨ੍ਹਾਂ ਖਰਮਸਤੀਆਂ ਦਾ ਅਨੰਦ ਮਾਣਦੇ ਹੀ, ਵੱਡੇ ਵੀ ਪੂਰਾ ਮਜ਼ਾ ਲੈਂਦੇ। ਕਾਰਨ, ਉਸ ਨੇ ਇਹ ਖਰਮਸਤੀ ਕਰਦਿਆਂ ਕਦੇ ਵੀ ਸਦਾਚਾਰ ਦੀ ਵਲਗਣ ਨਹੀਂ ਸੀ ਉਲੰਘੀ।
ਤਾਏ ਹਰਨ ਦਾ ਪਰਿਵਾਰ ਸਾਡੇ ਪਿੰਡ ਦਾ ਮੂਲ ਵਾਸੀ ਸੀ। ਦੋ ਪਰਿਵਾਰ ਹੋਰ ਸਨ, ਜੋ ਮੂਲ ਵਾਸੀ ਸਨ, ਜਦੋਂ ਕਿ ਬਾਕੀ ਸਾਰੇ ਪਰਿਵਾਰ ‘ਉੱਜੜ ਕੇ’ ਆਏ ਸਨ। “ਕੁਜਰਾਂਵਾਲਾ ਤੋਂ ਜਗਲੰਧਰ” ਵਾਲਾ ਉਸ ਦਾ ਅਲਾਪ ਉੱਜੜ ਕੇ ਆਏ ਪਰਿਵਾਰਾਂ ਦੇ ਸਬੰਧ ‘ਚ ਹੀ ਸੀ, ਇਹ ਮੈਨੂੰ ਬਾਅਦ ‘ਚ ਸਮਝ ਆਈ। ਕੁਜਰਾਂਵਾਲਾ ਤੋਂ ਭਾਵ ਸੀ, ਗੁੱਜਰਾਂਵਾਲਾ ਤੇ ਜਗਲੰਧਰ ਤੋਂ ਭਾਵ ਸੀ ਜਲੰਧਰ!
ਅਜਿਹਾ ਵੀ ਨਹੀਂ ਸੀ ਕਿ ਤਾਇਆ ਹਰਨ ਖਰਮਸਤੀਆਂ ਹੀ ਕਰਦਾ ਰਹਿੰਦਾ ਸੀ। ਉਸ ਵਿਚ ਗੈਰਤ ਵੀ ਪੂਰੀ ਸੀ। ਇੱਕ ਵਾਰ ਉਹ ਸਾਡੇ ਹੀ ਖੇਤਾਂ ‘ਚ ਵਾਢੀ ‘ਤੇ ਲੱਗਾ ਹੋਇਆ ਸੀ। ਸਾਡੇ ਵਿਚਕਾਰਲੇ ਬਾਬੇ ਪੰਛੀ, ਜਿਸ ਦਾ ਲੱਠਮਾਰ ਵਜੋਂ ਇਲਾਕੇ ‘ਚ ਪੂਰਾ ਵੱਜਕਾ ਸੀ, ਨੇ ਉਸ ਨੂੰ ਕੋਈ ਕੰਮ ਆਖ ਦਿੱਤਾ। ਥੱਕੇ-ਟੁੱਟੇ ਹਰਨ ਨੇ ਨਾਂਹ ਕਰ ਦਿੱਤੀ। ਬਾਬੇ ਨੇ ਦਬਕਾ ਮਾਰਿਆ, “ਕੁੱਤਿਆ ਹਰਨਾ…ਪਤਾ ਮੇਰਾ! ਬੰਦਾ ਗਾਇਬ ਕਰ ਦਿੰਦਾਂ ਮੈਂ ਤੇ ਖਬਰ ਨਹੀਂ ਲੱਗਣ ਦਿੰਦਾ…!” ਤਾਏ ਹਰਨ ਨੇ ਸਾਫਾ ਝਾੜ ਕੇ ਮੋਢੇ ‘ਤੇ ਰੱਖਿਆ ਤੇ ਪਿੰਡ ਨੂੰ ਤੁਰ ਪਿਆ। ਉਸ ਨੂੰ ਪੁੱਛਿਆ ਕਿ ਕਿੱਧਰ ਚੱਲਿਆਂ ਤਾਂ ਉਸ ਦਾ ਜੁਆਬ ਸੀ, “ਨਾ ਬਈ, ਇਹ ਤਾਂ ਬੰਦਾ ਗਾਇਬ ਕਰ ਦਿੰਦਾ ਹੁੰਦਾ, ਇਹਦਾ ਕੀ ਪਤਾ!” ਵਾਹ ਜਹਾਨ ਦੀ ਲਾ ਲਈ, ਤਾਏ ਹਰਨ ਨੇ ਮੁੜ ਕੇ ਦਾਤੀ ਨਹੀਂ ਫੜੀ। ਦੂਸਰੇ ਪਰਿਵਾਰ ਦੇ ਜਾ ਕੇ ਵਾਢੀ ਕਰਨ ਲੱਗ ਪਿਆ।
ਚੌਕੀਦਾਰਾ ਕਰਦਿਆਂ ਉਸ ਦੇ ਜ਼ਿਹਨ ‘ਚ ਭਾਈਚਾਰਾ ਸਭ ਤੋਂ ਉੱਪਰ ਹੁੰਦਾ ਸੀ। ਵੰਡ ਵੇਲੇ ਉੱਜੜ ਕੇ ਆਏ ਸਾਡੇ ਪਰਿਵਾਰਾਂ ਨੂੰ ਪੈਰ ਜਮਾਉਣ ਲਈ ਡਾਢੀ ਮੁਸ਼ੱਕਤ ਕਰਨੀ ਪਈ। ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਹੁੰਦਾ ਸੀ। ਮਜ਼ਬੂਰੀ ‘ਚ ਸ਼ਰਾਬ ਕੱਢ ਕੇ ਵੀ ਵੇਚਣੀ ਪਈ। ਬੈਂਕ ਤੋਂ ਲਏ ਕਰਜ਼ੇ ਦੀਆਂ ਕਿਸ਼ਤਾਂ ਮੋੜਨ ‘ਚ ਅਕਸਰ ਦੇਰੀ ਹੋ ਜਾਂਦੀ! ਇਸ ਹਾਲਤ ‘ਚ ਪੁਲਿਸ ਦਾ ਆਉਣਾ ਇੱਕ ਆਮ ਗੱਲ ਹੋ ਗਈ ਸੀ। ਪੁਲਿਸ ਵਾਲੇ ਚੌਕੀਦਾਰ (ਤਾਏ ਹਰਨ ਪ੍ਰੀਤੂ) ਨੂੰ ਲੈ ਕੇ ਸਬੰਧਤ ਕਿਸਾਨ ਦੇ ਘਰ ਜਾਂਦੇ ਤੇ ਉਸ ਦੀ ਪੂਰੀ ਵਾਹ ਹੁੰਦੀ ਕਿ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਖਬਰ ਉਸ ਪਰਿਵਾਰ ਤੱਕ ਪਹੁੰਚ ਜਾਵੇ ਤਾਂ ਕਿ ਉਹ ਲਾਂਭੇ ਹੋ ਸਕੇ। ਕਈ ਵਾਰ ਤਾਂ ਆਹਮੋ-ਸਾਹਮਣੇ ਟੱਕਰ ਈ ਹੋ ਜਾਂਦੀ। ਅਜਿਹੀ ਹਾਲਤ ‘ਚ ਤਾਏ ਹਰਨ ਦੀ ਹਾਜ਼ਰ-ਦਿਮਾਗੀ ਕਮਾਲ ਦੀ ਹੁੰਦੀ ਸੀ।
ਉੱਪਰ ਦੱਸੀ ਘਟਨਾ ਤੋਂ ਥੋੜ੍ਹੀ ਦੇਰ ਬਾਅਦ ਬੈਂਕ ਵਾਲੇ ਪੁਲਿਸ ਲੈ ਕੇ ਸਾਡੇ ਬਾਬਾ ਪੰਛੀ ਨੂੰ ਫੜਨ ਆ ਗਏ। ਤਾਇਆ ਹਰਨ ਪੁਲਿਸ ਲੈ ਕੇ ਘਰ ਵੱਲ ਜਾ ਹੀ ਰਿਹਾ ਸੀ ਕਿ ਬਾਬਾ ਸਾਹਮਣੇ ਟੱਕਰ ਪਿਆ। ਕੋਈ ਹੋਰ ਹੁੰਦਾ ਤਾਂ ਜ਼ਰੂਰ ਬਾਬਾ ਮੌਕੇ ‘ਤੇ ਫੜਿਆ ਜਾਂਦਾ, ਪਰ ਉੱਥੇ ਤਾਂ ਤਾਇਆ ਹਰਨ ਸੀ। ਉਹ ਬਾਬੇ ਨੂੰ ਆਖਣ ਲੱਗਾ, “ਪੰਛੀਆ, ਚੰਨਣ ਸਿੰਹੁ (ਬਾਬੇ ਦਾ ਪੂਰਾ ਨਾਂ) ਨਹੀਂ ਦੇਖਿਆ ਕਿਤੇ? ਆਹ ਬੈਂਕ ਵਾਲੇ ਆਏ ਸੀ।”
ਬਾਬਾ ਸਮਝ ਗਿਆ ਤੇ ਆਖਣ ਲੱਗਾ ਕਿ ਉਹ ਤਾਂ ਲਾਂਬੜੇ ਵੱਲ ਜਾਂਦਾ ਦੇਖਿਆ ਮੈਂ ਸਵੇਰੇ। ਤਾਇਆ ਹਰਨ ਬੈਂਕ ਵਾਲਿਆਂ ਨੂੰ ਕਹਿਣ ਲੱਗਾ, “ਲਓ ਜੀ, ਉਹ ਜਾ ਵੜਿਆ ਗਾਂਧਰਾਂ, ਆਪਣੇ ਸਹੁਰੀਂ! ਹੁਣ ਨਹੀਂ ਆਉਂਦਾ ਹਫਤਾ ਭਰ!” ਇਸ ਤਰ੍ਹਾਂ ਬੈਂਕ ਤੇ ਪੁਲਿਸ ਵਾਲਿਆਂ ਨੂੰ ਟਰਕਾਅ ਦਿੱਤਾ ਤੇ ਇਹ ਵੀ ਯਕੀਨੀ ਬਣਾ ਦਿੱਤਾ ਕਿ ਉਹ ਹਫਤਾ ਭਰ ਇੱਧਰ ਮੂੰਹ ਨਾ ਕਰਨ। ਓਨੀ ਦੇਰ ਕੋਈ ਨਾ ਕੋਈ ਜੁਗਾੜ ਤਾਂ ਹੋ ਹੀ ਜਾਵੇਗਾ। ਏਸੇ ਤਰ੍ਹਾਂ ਮੇਰੇ ਸਾਹਮਣੇ ਸਾਡੇ ਭਾਪਾ ਜੀ ਨੂੰ ਵੀ ਤਾਏ ਹਰਨ ਨੇ ਇਸੇ ਤਰ੍ਹਾਂ ਬਚਾਇਆ ਸੀ। ਕਹਿਣ ਲੱਗਾ, “ਓ ਵੈਦਾ! ਨਿਰਮਲ ਸਿੰਹੁ ਨਹੀਂ ਦੇਖਿਆ ਕਿਤੇ?” ਅੱਗੋਂ ਉਹੀ ਸਿਲਸਿਲਾ! ਮੈਂ ਬੱਚਾ ਹੀ ਸੀ ਤੇ ਭਾਪਾ ਜੀ ਨੂੰ ਇਸ ਬਾਰੇ ਸੁਆਲ ਕਰਨਾ ਹੀ ਸੀ। ਭਾਪਾ ਜੀ ਦਾ ਜੁਆਬ ਸੀ, “ਪੁੱਤ ਉਹ ਚੌਕੀਦਾਰ ਐ ਪਿੰਡ ਦਾ, ਪੁਲਿਸ ਦੇ ਅੱਗੇ ਹੋ ਕੇ ਤੁਰਨਾ ਉਹਦਾ ਫਰਜ਼ ਐ, ਪਰ ਉਹ ਪਿੰਡ ਦਾ ਬਾਸ਼ਿੰਦਾ ਵੀ ਹੈ, ਸਾਡਾ ਭਰਾ ਵੀ। ਆਪਣੇ ਭਰਾਵਾਂ ਨੂੰ ਜ਼ਿੱਲਤ ਤੋਂ ਬਚਾਉਣ ਨੂੰ ਉਹ ਆਪਣਾ ਸਭ ਤੋਂ ਪਹਿਲਾ ਫਰਜ਼ ਸਮਝਦੈ!”
ਅਜਿਹੀ ਘਟਨਾ ਤੋਂ ਬਾਅਦ ਉਹ ਸਬੰਧਤ ਘਰ ਜਾਂਦਾ ਤੇ ਸਮੇਂ ਸਿਰ ਜੁਗਾੜ ਲਾਉਣ ਲਈ ਕਹਿੰਦਾ ਤੇ ਉਹ ਪਰਿਵਾਰ ਤਾਏ ਹਰਨ ਨੂੰ ਸੇਰ ਗੁੜ ਦੇ ਦਿੰਦਾ ਜਾਂ ਹਾੜਾ ਲੁਆ ਦਿੰਦਾ। ਤਾਇਆ ਹਰਨ ਏਨੇ ‘ਚ ਈ ਖੁਸ਼ ਹੋ ਜਾਂਦਾ।
ਅੱਜ ਜਦੋਂ ਇੱਕ ‘ਚੌਕੀਦਾਰ’ ਹੀ ਪੂਰਾ ਦੇਸ਼ ਆਪਣੇ ਚਹੇਤੇ ਦੋ-ਚਾਰ ਪਰਿਵਾਰਾਂ ਨੂੰ ਥਾਲੀ ‘ਚ ਪਰੋਸ ਕੇ ਦੇਣ ‘ਚ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ, ਜਦ ਉਹ ‘ਚੌਕੀਦਾਰ’ ਹੀ ਦੇਸ਼ ਦੀ ਕਿਰਸਾਨੀ ਖਤਮ ਕਰਨ ‘ਤੇ ਤੁਲਿਆ ਹੋਇਆ ਹੈ, ਜਦ ਉਹ ‘ਚੌਕੀਦਾਰ’ ਹੀ ਆਪਣਾ ਦਰਦ ਸੁਣਾਉਣ ਆ ਰਹੇ ਲੋਕਾਂ ਦੇ ਰਾਹ ਨੂੰ ਟੋਏ ਪੁੱਟ ਕੇ, ਬੁਲਡੋਜ਼ਰ ਖੜ੍ਹੇ ਕਰਕੇ ਰੋਕਣ ਤੱਕ ਚਲੇ ਗਿਆ ਹੈ, ਜਦ ਉਹ ‘ਚੌਕੀਦਾਰ’ ਲੋਕਾਂ ਵੱਲ ਅੱਥਰੂ ਗੈਸ ਦੇ ਗੋਲੇ ਵਰ੍ਹਾ ਰਿਹਾ ਹੈ, ਉਦੋਂ ਮੈਨੂੰ ਆਪਣਾ ਤਾਇਆ ਹਰਨ ਪ੍ਰੀਤੂ ਯਾਦ ਆ ਰਿਹਾ ਹੈ। ਪਹਿਲਾਂ ਜਿਹੜਾ ਹਰਨ ਪ੍ਰੀਤੂ ਇੱਕ ਆਮ, ਅਮਲੀ, ਇੱਕ ਨਿਮਾਣਾ ਜਿਹਾ ਬੰਦਾ ਪ੍ਰਤੀਤ ਹੁੰਦਾ ਸੀ, ਉਹੀ ਹਰਨ ਪ੍ਰੀਤੂ ਮੈਨੂੰ ਇੱਕ ਦਿਓਕੱਦ, ਨਿਰਛਲ ਇਨਸਾਨ ਦੇ ਰੂਪ ‘ਚ, ਮੁਸਕਰਾਉਂਦਾ ਨਜ਼ਰ ਆ ਰਿਹਾ ਹੈ! ਉਹ ਮੇਰੇ ਪਿੰਡ ਦਾ ਚੌਕੀਦਾਰ ਸੀ ਤੇ ਪਿੰਡ ਨਾਲ ਉਸ ਨੇ ਕਦੇ ਵੀ ਦਗਾ ਨਹੀਂ ਸੀ ਕਮਾਇਆ!
ਅੱਜ ਜਦੋਂ ਮੇਰੇ ਲੋਕ ਇਕੱਠੇ ਹੋ ਕੇ ਦਿੱਲੀ ਦੇ ਗਲ ਪੈਣ ਲਈ ਅੱਗੇ ਵੱਧ ਰਹੇ ਹਨ, ਅੱਜ ਜਦ ਜਲ-ਤੋਪਾਂ ‘ਤੇ ਚੜ੍ਹ ਕੇ ਜਵਾਨੀ ਨਿਰਦਈ ਸੱਤਾ ਦੇ ਹਥਿਆਰ ਨਕਾਰਾ ਕਰਨ ‘ਤੇ ਉਤਰ ਆਈ ਹੈ, ਅੱਜ ਜਦੋਂ ਪੰਜਾਬ ਨਾਲ ਮਿਲ ਕੇ ਹਰਿਆਣਾ ਤੇ ਹੋਰਨਾਂ ਸੂਬਿਆਂ ਵੱਲੋਂ ਮਿਲ ਕੇ ਇਤਿਹਾਸ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਜਾ ਰਹੀ ਹੈ, ਇੱਕ ਖਿਆਲ ਜਨਮ ਲੈ ਰਿਹਾ ਹੈ ਕਿ ਕਿਉਂ ਨਾ ਪਿੰਡ-ਪਿੰਡ ਅਜਿਹੇ ਚੌਕੀਦਾਰ ਤਾਇਨਾਤ ਕੀਤੇ ਜਾਣ, ਜੋ ਚੁੰਗੀਆਂ ਭਰਦੇ ਗਲੀਆਂ ‘ਚੋਂ ਲੰਘਣ, ਸੁੱਤੇ ਹੋਏ ਲੋਕਾਂ ਦੀਆਂ ਅੱਖਾਂ ‘ਤੇ ਚਾਨਣ ਦੇ ਛੱਟੇ ਮਾਰਨ, ਸਿਰ ‘ਤੇ ਹੱਥ ਫੇਰ ਕੇ ਆਖਣ:
ਉਠੋ, ਜਾਗੋ! ਹੁਣ ਜਾਗਣ ਦਾ ਵੇਲਾ
ਉਠੋ, ਜਾਗੋ! ਹੁਣ ਦਿੱਲੀ ਘੇਰਨ ਦਾ ਵੇਲਾ
ਉਠੋ, ਜਾਗੋ! ਹੁਣ ਸੂਹੀ ਚਿਣਗ ਤੱਕਣ ਦਾ ਵਲਾ
ਉਠੋ, ਸਾਂਭੋ! ਇਹ ਤੁਹਾਡਾ ਹੈ ਅੰਮ੍ਰਿਤ ਵੇਲਾ!