ਪ੍ਰੋ. ਕਰਮ ਸਿੰਘ ਦੀਆਂ ‘ਮੱਲਾਂ ਦੀਆਂ ਗੱਲਾਂ’

ਪ੍ਰਿੰ. ਸਰਵਣ ਸਿੰਘ
ਪਹਿਲਵਾਨ ਪ੍ਰੋ. ਕਰਮ ਸਿੰਘ ਗੱਲਾਂ ਦਾ ਧਨੀ ਸੀ। ਆਪਣੇ ਪਿੰਡ ਭੂੰਦੜ ਤੋਂ ਲੈ ਕੇ ਇਰਾਨ, ਯੂਨਾਨ ਤਕ ਦੀਆਂ ਗੱਲਾਂ ਕਰੀ ਜਾਂਦਾ। ਸਾਦ ਮੁਰਾਦਾ ਏਨਾ ਕਿ ਕਾਲਜ ਵਿਚ ਪ੍ਰੋਫੈਸਰ ਲੱਗ ਕੇ ਵੀ ਕਮੀਜ਼-ਪੈਂਟ ਦੀ ਥਾਂ ਕੁੜਤੇ-ਚਾਦਰੇ ਨੂੰ ਤਰਜੀਹ ਦਿੰਦਾ। ਬਠਿੰਡੇ ਦੇ ਇਲਾਕੇ ‘ਚ ਉਹਦੀ ਬੜੀ ਮਾਨਤਾ ਸੀ। ਕੁਸ਼ਤੀ ਦਾ ਉਹ ਨੈਸ਼ਨਲ ਚੈਂਪੀਅਨ ਸੀ। ਉਸ ਨੇ ਪ੍ਰੋਫੈਸਰੀ ਤੇ ਪਹਿਲਵਾਨੀ-ਦੋਹਾਂ ‘ਚ ਚੋਖਾ ਨਾਮਣਾ ਖੱਟਿਆ। ਸੁਭਾਅ ਦਾ ਸਾਧ ਬੰਦਾ ਸੀ, ਜਿਸ ਨੇ ਤਨ ਵੀ ਸਾਧਿਆ ਤੇ ਮਨ ਵੀ ਸਾਧਿਆ ਹੋਇਆ ਸੀ। ਉਸ ਨੇ 916 ਪੰਨਿਆਂ ਦਾ ਮਹਾਂ-ਕਾਵਿ ‘ਸੋਹਣੀ’ ਲਿਖਿਆ ਅਤੇ ਮੱਲਾਂ ਬਾਰੇ ਪੁਸਤਕ ‘ਮੱਲਾਂ ਦੀਆਂ ਗੱਲਾਂ’ ਲਿਖੀ, ਜੋ ਪੰਜਾਬੀ ਖੇਡ ਸਾਹਿਤ ਦਾ ਮਾਣ ਹੈ। ਉਹ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਤੇ ਫਾਰਸੀ ਦਾ ਗਿਆਤਾ ਸੀ।

ਉਸ ਨੇ ਇਤਿਹਾਸ ਦੀਆਂ ਦੋ ਕਿਤਾਬਾਂ ‘ਕਾਰਵਾਂ’ ਤੇ ‘ਬਠਿੰਡਾ’ ਲਿਖੀਆਂ ਅਤੇ ‘ਅਠੋਤਰੀ ਕਾਵਿ’ ਨਾਂ ਦਾ ਅਨੂਪਮ ਗ੍ਰੰਥ ਰਚਿਆ। ਉਸ ਦਾ ਜਨਮ ਬਠਿੰਡੇ ਦੇ ਪਿੰਡ ਭੂੰਦੜ ‘ਚ ਪਹਿਲਵਾਨ ਨਿੱਕਾ ਸਿੰਘ ਚੌਹਾਨ ਦੇ ਘਰ 1922 ਵਿਚ ਹੋਇਆ ਸੀ ਤੇ ਮ੍ਰਿਤੂ 13 ਜੁਲਾਈ 2007 ਨੂੰ ਹੋਈ। ‘ਮੱਲਾਂ ਦੀਆਂ ਗੱਲਾਂ’ ਨਾਲ ਉਹ ਆਪਣੀਆਂ ਵੀ ਬਹੁਤ ਸਾਰੀਆਂ ਗੱਲਾਂ ਪਿੱਛੇ ਛੱਡ ਗਿਆ, ਜੋ ਦੇਰ ਤਕ ਹੁੰਦੀਆਂ ਰਹਿਣਗੀਆਂ। ਆਓ, ਪਹਿਲਾਂ ਉਹਦੀ ਮੱਲਾਂ ਬਾਰੇ ਲਿਖੀ ਕਵਿਤਾ ਦਾ ਰੰਗ ਮਾਣੀਏ,
ਦੇਸ ਮਹਿਫਿਲਾਂ ਵਿਆਹ ਸ਼ਿੰਗਾਰਨੇ ਨੂੰ,
ਬੰਦੇ ਮੱਲਾਂ ਦਾ ਸਾਥ ਬਣਾਉਂਦੇ ਨੇ।
ਪੱਗਾਂ ਸਜਣ ਬਨਾਰਸੀ ਸਿਰੀਂ ਮੱਲਾਂ,
ਆਕਲ ਅੱਲਾਹ ਦੀ ਯਾਦ ਮਨਾਉਂਦੇ ਨੇ।
ਬਾਦਸ਼ਾਹਾਂ ਦੇ ਸਿਰਾਂ ‘ਤੇ ਤਾਜ ਸੋਂਹਦੇ,
ਮੁਕਟ ਕਾਹਨ ਅਵਤਾਰ ਸੁਹਾਉਂਦੇ ਨੇ।
ਮੱਲ ਖਾਸ ਸ਼ਿੰਗਾਰ ਹਨ ਸ਼ਹਿਨਸ਼ਾਹਾਂ,
ਰੁਸਤਮ ਜਾਲ ਸੁਹਰਾਬ ਸਜਾਉਂਦੇ ਨੇ।
ਹਨੂਮਾਨ ਨੂੰ ਭੁੱਲਣ ਕਿਉਂ ਹਿੰਦ ਵਾਸੀ,
ਜਿਹੜੇ ਚੁੱਕ ਪਹਾੜ ਲਿਆਉਂਦੇ ਨੇ।
ਜਿਥੇ ਗਾਮੇ ਦਾ ਨਾਮ ਪਟਿਆਲੇ ਦਾ ਜੇ,
ਜਦੋਂ ਰੁਸਤਮੇ-ਜ਼ਮਾਂ ਕਹਾਉਂਦੇ ਨੇ।
ਪਿੰਡਾਂ ਦੇਸਾਂ ਦੀ ਆਬ ਭਲਵਾਨ ਹੁੰਦੇ,
ਰਣਵਾਸ ਵੀ ਦੀਦ ਨੂੰ ਆਉਂਦੇ ਨੇ।
ਆਪੋ ਆਪਣੇ ਮੱਲਾਂ ਨੂੰ ਨਾਲ ਲੈ ਕੇ,
ਮੇਲੇ ਜਸ਼ਨ ਵਿਆਹ ਮਨਾਉਂਦੇ ਨੇ।
ਗੱਲਾਂ ਚਿਰਾਂ ਤਕ ਹੋਣਗੀਆਂ ਮੱਲਾਂ ਦੀਆਂ,
ਜਸ ਕੁੱਖ ਜਣੇਂਦੀ ਵਧਾਉਂਦੇ ਨੇ।
ਪਹਿਲਵਾਨ ਪਹਾੜ ਨੇ ਹਿੰਮਤਾਂ ਦੇ,
ਘੁਲਣਾ ਜ਼ਿੰਦਗੀ ਨਾਲ ਸਿਖਾਉਂਦੇ ਨੇ।
ਮੱਲ ਸਾਧਾਂ ਵਰਗੇ ਸਖੀ ਸੂਰਮੇ ਨੇ,
ਫੜ ਕੇ ਇਧਰੋਂ ਅੱਗੇ ਵਰਤਾਉਂਦੇ ਨੇ।
ਸ਼ਰਫ ‘ਕਰਮ’ ਤੇ ਮੱਲਾਂ ਦੀਆਂ ਕਰੇ ਗੱਲਾਂ,
ਰਸਾ ਜੀਵਣੇ ਵਿਚ ਮਨਾਉਂਦੇ ਨੇ।
ਪਹਿਲਵਾਨਾਂ ‘ਤੇ ਰੱਬ ਦੀ ਮਿਹਰ ਸਿੱਧੀ,
ਖੁਸ਼ਨਸੀਬੀਆਂ ਰੰਗ ਵਿਖਾਉਂਦੇ ਨੇ…।
ਪ੍ਰੋ. ਕਰਮ ਸਿੰਘ ਨੇ ਆਪਣੇ ਪਹਿਲਵਾਨੀ ਦੇ ਸ਼ੌਕ ਬਾਰੇ ਲਿਖਿਆ: ਸੰਸਕ੍ਰਿਤ ਦੇ ਵਿਦਵਾਨਾਂ ਨੇ ਮਨੁੱਖ ਸਿਰ ਪੰਜ ਕਰਜ਼ੇ-ਪਿਤਰੀ ਰਿਣ, ਗੁਰੂ ਰਿਣ, ਰਿਸ਼ੀ ਰਿਣ, ਅਤਿਥੀ ਰਿਣ ਤੇ ਦੇਵ ਰਿਣ ਥਾਪੇ ਹਨ। ਅਹਿਲੇ ਅਕਲ ਸੋਝੀ ਆਉਣ ਤੋਂ ਲੈ ਕੇ ਜੀਵਨ ਦੇ ਤੋੜ ਤਕ ਉਨ੍ਹਾਂ ਕਰਜ਼ਿਆਂ ਨੂੰ ਉਤਾਰਨ ਦੀ ਵਾਹ ਲਾਉਂਦੇ ਹਨ। ਈਸ਼ਵਰ ਦੀ ਕਿਰਪਾ ਨਾਲ ਮੈਂ ਉਪਰੋਕਤ ਕਰਜ਼ਿਆਂ ਦੀ ਪੂਰਤੀ ਕਰਦਿਆਂ ‘ਢੱਡ ਸਾਰੰਗੀ ਵੱਜਦੀ ਮਾਲਵੇ’ ਤੇ ‘ਮੱਲਾਂ ਦੀਆਂ ਗੱਲਾਂ’ ਪੁਸਤਕਾਂ ਰਾਹੀਂ ਗਮੰਤਰੀਆਂ ਤੇ ਪਹਿਲਵਾਨਾਂ ਪ੍ਰਤੀ ਕਰਜ਼ੇ ਅਦਾ ਕਰ ਦਿੱਤੇ ਹਨ।
ਮੈਂ ਪਹਿਲਵਾਨੀ ਦੇ ਰੰਗਾਂ ਨੂੰ ਬਹੁਤ ਹੰਢਾਇਆ ਤੇ ਪਹਿਲਵਾਨੀ ਰਾਹੀਂ ਜੀਵਨ ਖੱਟੀਆਂ ਖੱਟੀਆਂ। ਜਿੰਨੀ ਕੁ ਸਰੀ, ਆਪ ਪਹਿਲਵਾਨੀ ਮਾਣੀ। ਪਹਿਲਵਾਨੀ ਦੀਆਂ ਲਟਕਾਂ ਲਈਆਂ। ਧਨਵਾਨ ਤੇ ਹੁਕਮਰਾਨ ਉਹ ਅਨੰਦ ਨਹੀਂ ਮਾਣ ਸਕੇ, ਜਿਹੜਾ ਰੰਗ ਸੁਆਦ ਮੈਂ ਸਿੱਧਾ ਹੀ ਪਹਿਲਵਾਨੀ ਨਾਲ ਬਗਲਗੀਰ ਹੋ ਕੇ ਮਾਣਿਆ। ਮੇਰੀਆਂ ਲਿਖਤਾਂ ਮੇਰੇ ਅਨੰਦ ਹੰਢਾਈ ਦੀ ਗਵਾਹੀ ਭਰਦੀਆਂ ਹਨ।
ਮੇਰਾ ਮੁਬਾਰਿਕ ਜਨਮ ਨਗਰ ਭੂੰਦੜ, ਭਾਵੇਂ ਦਾਰੂ ਪੀਣਿਆਂ ਦਾ ਗਿਣਿਆ ਜਾਂਦਾ ਸੀ, ਪਰ ਮੱਲਾਂ ਵਾਲਾ ਵੱਡਾ ਭੂੰਦੜ ਵੀ ਵੱਜਦਾ ਸੀ। ਗਨੀ ਸੂੰ ਖਾਨਾ, ਭਗਤਾ ਮੰਡੀ ਗੁਲਾਬੂ ਕੀ ਵਾਲਾ, ਕਾਕਾ ਦਲ ਸੂੰ ਵਾਲਾ ਤੇ ਭਾਰੇ ਵਾਲਾ ਕਿੱਕਰ ਸੂੰ, ਕੇਹਰ ਸੂੰ, ਭੂੰਦੜ ਅਖਾੜੇ ਦੇ ਮੱਲ ਵੱਜਦੇ ਸਨ। ਇਨ੍ਹਾਂ ਪਹਿਲਵਾਨਾਂ ਕਰਕੇ ਹਰ ਗਲੀ ਮਹੱਲੇ ਵਿਚ ਘਰ-ਘਰ ਪਹਿਲਵਾਨੀ ਦਾ ਪ੍ਰਭਾਵ ਸੀ। ਦੋਹਾਂ ਡੇਰਿਆਂ-ਸੰਤ ਹਰਕਾ ਦਾਸ ਜੀ ਵਾਲੇ ਅਤੇ ਦੂਜੇ ਪਾਸੇ ਦੇਵਾ ਦਾਸ ਜੀ ਵਾਲੇ ਡੇਰੇ ਅੱਠੋ ਪਹਿਰ ਦੇ ਅਖਾੜੇ ਸਨ। ਪਿੰਡ ਦੀ ਫਿਰਨੀ ‘ਤੇ ਪੈਂਦੀਆਂ ਬੈਠਕਾਂ ਵਿਚ ਮੱਲਾਂ ਦੇ ਡੰਡਾਂ ਦੀ ‘ਹੈ-ਹੈ’ ਪਈ ਹੁੰਦੀ, ਜਦੋਂ ਜਿਦ-ਜਿਦ ਕੇ ਡੰਡਾਂ ਦੀਆਂ ਝੁੱਟੀਆਂ ਲੱਗਦੀਆਂ, ਸਪਾਟੇ ਲੱਗਦੇ।
…ਮੈਨੂੰ ਕਈ ਵਾਰੀ ਸੁਪਨੇ ਵੀ ਪਹਿਲਵਾਨੀ ਦੇ ਹੀ ਆਉਂਦੇ। ਅੱਜ 82ਵੇਂ ਸਾਲ ਵਿਚ ਵੀ ਡੰਡ, ਜ਼ੋਰ ਤੇ ਘੁਲਣ ਦੇ ਸੁਪਨੇ ਆਉਂਦੇ ਹਨ। ਮਿਤੀ 17-1-2005 ਨੂੰ ਸਵੇਰੇ ਸੁਪਨੇ ਵਿਚ ਇਮਾਮ ਬਖਸ਼ ਜੀ ਦੇ ਦਰਸ਼ਨ ਹੋਏ। ਕਈ ਵਾਰ ਸੁੱਤੇ ਪਏ ਹੀ ਘੁਲਦਾ-ਘੁਲਦਾ ਪੈਰ ਦੀ ਅੱਡੀ ਤੇ ਬਾਂਹ ਦੀ ਕੂਹਣੀ, ਨਾਲ ਲੱਗਦੀ ਕੰਧ ਵਿਚ ਮਾਰ ਜਾਂਦਾ ਹਾਂ। ਛੇਵੀਂ ਜਮਾਤ ਵਿਚ ਮੈਂ ਜਾਂਘੀਆ ਪਾ ਕੇ ਅਖਾੜੇ ਵਿਚ ਖੜ੍ਹਨ ਲੱਗ ਪਿਆ ਸਾਂ। ਮੈਨੂੰ ਭਾਗ ਸੂੰ ਵਸਾਵੇ ਨੇ ਡੇਰੇ ਦੇ ਵੱਡੇ ਤਖਤ-ਪੋਸ਼ ਨਾਲ ਹੱਥ ਪਾ ਕੇ ਬੈਠਕਾਂ ਕੱਢਣ ਲਾਇਆ। ਪੰਜ ਸੌ ਤੋਂ ਉਤੇ ਬੈਠਕਾਂ ਤੇ ਬੈਠਕ ਦੀ ਦਿਹਲੀ ਉਤੇ ਹੱਥ ਧਰ ਕੇ ਦੋ ਤਿੰਨ ਸੌ ਡੰਡ ਕੱਢਣ ਲਾ ਲਿਆ ਸੀ।
ਸਕੂਲੋਂ ਘਰ ਮੁੜਦਿਆਂ ਹੀ ਕਿਤਾਬ, ਕਾਪੀ ਤੇ ਸਲੇਟ, ਕਿਸੇ ਮੰਜੀ ਦੇ ਪੈਂਦ ਸਿਰ੍ਹਾਣੇ ਸੁੱਟ, ਛਾਬੇ ਵਾਲੀ ਕੋਠੀ ਨੂੰ ਜਾ ਚੁੰਬੜਦਾ। ਘਿਉ ਵਾਲੇ ਕੁੱਜੇ ਦੀ ਚੱਪਣੀ ਲਾਹ, ਚਹੇੜੂ ਉਤੇ ਆਏ ਘਿਉ ਨੂੰ ਰੋਟੀ ਨਾਲ, ਕੁਝ ਬਿਨਾ ਰੋਟੀਓਂ, ਜਦੋਂ ਮੇਰੀ ਉਮਰ ਚੌਦਾਂ ਪੰਦਰਾਂ ਸਾਲ ਦੀ ਸੀ, ਸਿੱਧਾ ਹੀ ਛਕ ਲੈਂਦਾ ਸਾਂ। ਜੇ ਮਾਤਾ ਜੀ ਘਰੇ ਨਾ ਹੁੰਦੇ ਤਾਂ ਹਾਰੇ ਵਾਲੀ ਤੌੜੀ ਉਤੇ ਦਾਅ ਭਰ ਜਾਂਦਾ। ਸਾਰੀ ਮਲਾਈ ਥਾਲੀ ਵਿਚ ਲਾਹ ਕੇ ਹਰੀ ਹਰ ਕਰ ਜਾਂਦਾ। ਖੂਬ ਦੁੱਧ, ਘਿਉ ਤੇ ਮੱਖਣ-ਮਲਾਈ ਪਦਾਰਥ ਬਹੁਤ ਛਕੇ। ਬਦਾਮ ਬੜੇ ਰਗੜ ਘੋਟ ਕੇ ਪੀਤੇ। ਬਦਾਮਾਂ ਦੀ ਰਗੜਾਈ ਪੰਡਤ ਲਾਲ ਚੰਦ ਨੇ ਸਮਝਾਈ, ਜਿਹੜੀ ਬੜੀ ਉੱਤਮ ਖੁਰਾਕ ਹੈ। ਮਾਤਾ ਜੀ ਦਾ ਪੀਪੀ ਵਿਚ ਪਾਇਆ ਘਿਉ ਬਰਫੀ ਵਾਂਗੂੰ ਲੱਗਦਾ। ਕੱਢਦਾ ਕੱਢਦਾ ਹੀ ਪਾਈਆ ਤਿੰਨ ਛਟਾਂਕ ਖਾ ਜਾਂਦਾ। ਰੱਜ ਕੇ ਖਾਣਾ, ਰੱਜ ਕੇ ਜ਼ੋਰ ਕਰਨਾ, ਤੀਜਾ ‘ਬੰਧੇਜ’ ਪਹਿਲਵਾਨੀ ਦੇ ਤਿੰਨੋ ਮੂਲ ਗੁਣ ਹਨ।
ਮੈਂ ਜਮਾਤਾਂ ਵਿਚ ਪੜ੍ਹਾਉਂਦਾ ਵਿਦਿਆਰਥੀਆਂ ਨੂੰ ਅਕਸਰ ਹੀ ਕਹਿੰਦਾ ਹੁੰਦਾ ਸਾਂ ਜਿਵੇਂ ਵਿਦਿਆਰਥੀਆਂ ਲਈ ਲਿਖਣਾ, ਪੜ੍ਹਨ ਨਾਲੋਂ ਵਧੇਰੇ ਜ਼ਰੂਰੀ ਹੈ, ਤਿਵੇਂ ਪਹਿਲਵਾਨੀ ਲਈ ਡੰਡ ਬੈਠਕਾਂ ਲਾਉਣ ਨਾਲੋਂ ਜ਼ੋਰ ਕਰਨੇ ਜ਼ਰੂਰੀ ਹਨ ਤਾਂ ਕਿ ਤੁਸੀਂ ਮੈਦਾਨ ਵਿਚ ਵਧੀਆ ਕਲਾਕਾਰੀ/ਕਾਰਾਗਰੀ ਨਾਲ ਘੁਲ ਕੇ ਦਿਖਾਓ। ਪਹਿਲਵਾਨ ਜ਼ਿੰਦਗੀ ਦਾ ਬਹੁਤ ਰਸ ਲੈਂਦੇ ਹਨ। ਛਿੰਝਾਂ ਦੇ ਮੇਲੇ, ਕਿਤੇ ਬਹਿ ਕੇ ਤਿਆਰੀਆਂ ਕਰਨੀਆਂ, ਰੜਕਾਂ ਮੜਕਾਂ ਥਾਪੀਆਂ ਮਾਰ ਘੁਲਣਾ, ਜੀਵਨ ਦਾ ਸਰਬੋਤਮ ਰਸ ਹੈ, ਜੋ ਸੁਭਾਗੇ ਹੀ ਹੰਢਾਉਂਦੇ ਹਨ। ਸਾਧੂ ਸੰਤ, ਹਰ ਭਾਂਤ ਦਾ ਗੁਣੀ ਗਿਆਨੀ ਪਹਿਲਵਾਨ ਦੇ ਦਰਸ਼ਨਾਂ ਦਾ ਚਾਹਵਾਨ ਹੁੰਦਾ ਹੈ।
ਮੈਂ 1964 ਪਿੱਛੋਂ ਕਾਲਜ ਵਿਚ ਸਰਦੀ ਦੀਆਂ ਸ਼ਾਮਾਂ ਨੂੰ ਜ਼ੋਰ ਕਰ ਕੇ ਨ੍ਹਾਉਂਦਾ ਨਹੀਂ ਸਾਂ। ਅਖਾੜੇ ਦੀ ਮਿੱਟੀ ਮੈਨੂੰ ਪਾਊਡਰ ਵਰਗੀ ਜਾਪਦੀ। ਹਰ ਰੋਜ਼ ਚੁੱਲ੍ਹੇ ਅੱਗੇ ਪੰਥੀ ਮਾਰੀ ਰੋਟੀ ਖਾਂਦਾ-ਖਾਂਦਾ ਉਥੇ ਹੀ ਸੌਂ ਜਾਂਦਾ। ਵੱਡੇ ਕੌਲੇ ਵਿਚ ਦੁੱਧ ਪਾ ਕੇ ਚੁੱਲ੍ਹੇ ਵਿਚ ਧਰ ਲੈਂਦਾ ਤੇ ਕੜ੍ਹੇ ਦੁੱਧ ਨੂੰ ਇਕ ਵਾਰ ਫੇਰ ਕੌਲਾ ਭਰ ਕੇ ਅੰਦਰ ਰਿਸਕਾ ਲੈਂਦਾ। ਵੱਡੀ ਰਾਤ ਸਵਾ ਡੂਢ ਸੇਰ ਦੁੱਧ ਜਦੋਂ ਸੇਰ ਕੁ ਰਹਿ ਜਾਂਦਾ, ਕੜ੍ਹ ਕੇ ਹਥੇਲੀ ਵਰਗੀ ਮੋਟੀ ਮਲਾਈ ਬਣ ਜਾਂਦੀ, ਉਹ ਦੁੱਧ ਪੀਂਦਾ। ਦੁੱਧ ਪੀਂਦੇ ਨੂੰ ਮੈਨੂੰ ਆਪਣੇ ਪ੍ਰੋਫੈਸਰ ਭਰਾ ਯਾਦ ਆਉਂਦੇ ਕਿ ਉਨ੍ਹਾਂ ਵਿਚਾਰਿਆਂ ਨੂੰ ਅਜਿਹੀਆਂ ਖੁਰਾਕਾਂ ਕਿਥੇ! ਉਹ ਮੇਰਾ ਕੱਪੜਾ-ਲੱਤਾ ਤੱਕ ਕੇ ਮੈਨੂੰ ਵਿਚਾਰਾ ਗਰੀਬੜਾ ਜਿਹਾ ਸਮਝਦੇ। ਮੈਨੂੰ ਉਹ ਦੁਰਭਾਗੀਏ ਜਾਪਦੇ, ਜਿਨ੍ਹਾਂ ਦੇ ਭਾਗਾਂ ਵਿਚ ਅਜਿਹੇ ਕੜ੍ਹੇ ਮਲਾਈਆਂ ਵਾਲੇ ਦੁੱਧ ਕਿਥੇ!
ਰੁਸਤਮ ਤੇ ਸੁਹਰਾਬ ਇਰਾਨ ਦੇ ਦੈਵੀ ਤਾਕਤਾਂ ਵਾਲੇ ਦਿਉ ਕੱਦ ਪਹਿਲਵਾਨ ਸਨ। ਫਿਰਦੌਸੀ ਦਾ ਸ਼ਾਹਨਾਮਾ ਉਨ੍ਹਾਂ ਦੀ ਸੂਰਮਗਤੀ ਤੇ ਵੀਰਤਾ ਦੀਆਂ ਵਾਰਾਂ ਨਾਲ ਭਰਿਆ ਪਿਆ ਹੈ। ਕਹਿੰਦੇ ਹਨ, ਰੁਸਤਮ ਦੀ ਗੁਰਜ ਏਨੀ ਭਾਰੀ ਸੀ ਕਿ ਉਸ ਨੂੰ ਅੱਠ ਪੱਠੇ ਮਸੀਂ ਚੁੱਕਦੇ। ਕੁਸ਼ਤੀ ਸ਼ਬਦ ਫਾਰਸੀ ਦੇ ਸ਼ਬਦ ਕੁਸ਼ਤਨ ਤੋਂ ਬਣਿਆ ਹੈ। ‘ਕੁਸ਼ਤਨ’ ਦਾ ਮਾਇਨਾ ਹੈ, ਮਾਰਨਾ। ਈਰਾਨ ਦੇ ਨਾਮਵਰ ਪਹਿਲਵਾਨ ਰੁਸਤਮ ਅਤੇ ਸੁਹਰਾਬ ਦੀ ਕਹਾਣੀ ਵੀ ‘ਕੁਸ਼ਤਨ’ ਦੇ ਅਰਥ ਹੀ ਸਪੱਸ਼ਟ ਕਰਦੀ ਹੈ। ਕਿਹਾ ਜਾਂਦੈ ਕਿ ਜ਼ਾਲ੍ਹ ਦੇ ਪੁੱਤਰ ਰੁਸਤਮ ਨੇ ਆਪਣੇ ਪੁੱਤਰ ਸੁਹਰਾਬ ਨੂੰ ਜੰਗੇ-ਮੈਦਾਨ ‘ਚ ਅਣਜਾਣਪੁਣੇ ਵਿਚ ਹੀ ਮਾਰ ਦਿੱਤਾ ਸੀ। ਉਨ੍ਹਾਂ ਦੀ ਵਾਰਤਾ ਮਹਾਂ-ਕਵੀ ਫਿਰਦੌਸੀ ਨੇ ਇਉਂ ਬਿਆਨ ਕੀਤੀ:
ਈਰਾਨ ਦੇ ਨਾਮੀ ਪਹਿਲਵਾਨ ਸਾਮ ਦਾ ਪੁੱਤਰ ਜ਼ਾਲ੍ਹ ਸੀ ਤੇ ਜ਼ਾਲ੍ਹ ਦਾ ਪੁੱਤਰ ਰੁਸਤਮ। ਰੁਸਤਮ ਕੈਕਾਊਸ ਬਾਦਸ਼ਾਹ ਦਾ ਪਹਿਲਵਾਨ ਸੀ। ਉਹ ਆਪਣੇ ਬਾਦਸ਼ਾਹ ਦੀ ਆਗਿਆ ਨਾਲ ਲੰਮੇ ਪੈਂਡੇ ਦੀ ਸੈਰੋ-ਸਿਆਹਤ ਨੂੰ ਰਵਾਨਾ ਹੋ ਗਿਆ। ਰਾਹ ‘ਚ ਇਕ ਹੋਰ ਬਾਦਸ਼ਾਹ ਦੇ ਰਾਜ-ਘਰ ਵਿਚ ਰੁਸਤਮ ਬਤੌਰ ਸ਼ਾਹੀ ਮਹਿਮਾਨ ਠਹਿਰਿਆ। ਬਾਦਸ਼ਾਹ ਦੀ ਰਾਜਕੁਮਾਰੀ ‘ਤਹਿਮੀਨਾ’ ਰੁਸਤਮ ‘ਤੇ ਮੋਹਤ ਹੋ ਗਈ। ਕੁਝ ਸਮੇਂ ਲਈ ਉਹ ਪਤੀ-ਪਤਨੀ ਵਾਂਗ ਰਹੇ। ਉਨ੍ਹਾਂ ਦੀ ਮੁਹੱਬਤ ਨੂੰ ਫਲ ਪੈ ਗਿਆ। ਫਿਰ ਰੁਸਤਮ ਉਸ ਰਾਜ ਵਿਚੋਂ ਅਗਲੇ ਰਾਜ ਨੂੰ ਰਵਾਨਾ ਹੋ ਗਿਆ। ਰਵਾਨਾ ਹੋਣ ਤੋਂ ਪਹਿਲਾਂ ਉਸ ਨੇ ਆਪਣੀ ਸੱਜ-ਵਿਆਹੀ ਪਤਨੀ ਨੂੰ ਇਕ ਤਾਵੀਜ਼ ਦਿੱਤਾ ਤੇ ਕਿਹਾ ਜੇ ਪੁੱਤਰ ਹੋਵੇ ਤਾਂ ਉਸ ਦੇ ਡੌਲੇ ਉਤੇ ਇਹ ਤਾਵੀਜ਼ ਬੰਨ੍ਹ ਦੇਵੀਂ। ਕਰਨੀ ਰੱਬ ਦੀ, ਉਹਦੀ ਕੁੱਖੋਂ ਪੁੱਤਰ ਨੇ ਜਨਮ ਲਿਆ, ਜਿਸ ਦਾ ਨਾਂ ਸੁਹਰਾਬ ਰੱਖਿਆ ਗਿਆ। ਸੁਹਰਾਬ ਜੁਆਨੀ ਚੜ੍ਹਿਆ ਤਾਂ ਬਾਪ ਵਾਂਗ ਬਾਹੂਬਲੀ ਬਣ ਗਿਆ, ਪਰ ਉਹਦਾ ਆਪਣੇ ਬਾਪ ਨਾਲ ਕਦੇ ਮੇਲ ਨਾ ਹੋਇਆ।
ਕੁਝ ਸਮਾਂ ਪਾ ਕੇ ਦੋਹਾਂ ਬਾਦਸ਼ਾਹਾਂ ਵਿਚ ਜੰਗ ਛਿੜ ਪਈ। ਇਕ ਬਾਦਸ਼ਾਹ ਦੀ ਫੌਜ ਵੱਲੋਂ ਰੁਸਤਮ ਸੈਨਾਪਤੀ ਸੀ ਤੇ ਦੂਜੇ ਬਾਦਸ਼ਾਹ ਦੀ ਫੌਜ ਵੱਲੋਂ ਸੁਹਰਾਬ; ਪਰ ਉਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਉਹ ਪਿਉ-ਪੁੱਤ ਹਨ। ਲੜਾਈ ਵਿਚ ਜਿੱਤ ਲਈ ਰੁਸਤਮ ਤੇ ਸੁਹਰਾਬ ਦਾ ਬੜਾ ਤਕੜਾ ਭੇੜ ਹੋਇਆ। ਆਖਰ ਰੁਸਤਮ ਨੇ ਸੁਹਰਾਬ ਨੂੰ ਅੱਧਮੋਇਆ ਕਰ ਸੁੱਟਿਆ। ਉਧਰ ਰੁਸਤਮ ਵੀ ਹਾਲੋਂ ਬੇਹਾਲ ਹੋ ਚੁਕਾ ਸੀ। ਅੱਧ-ਮਰੇ ਸੋਹਰਾਬ ਨੂੰ ਰੁਸਤਮ ਨੇ ਪੁੱਛਿਆ ਕਿ ਤੂੰ ਹੈਂ ਕੌਣ, ਜਿਸ ਨੇ ਮੇਰਾ ਏਨਾ ਜ਼ੋਰ ਲੁਆਇਆ? ਕੌਣ ਹੈ ਤੇਰਾ ਪਿਉ? ਨਾਲੇ ਆਪਣੀ ਅੰਤਿਮ ਇੱਛਾ ਵੀ ਦੱਸ ਦੇਹ ਜੋ ਮੈਂ ਪੂਰੀ ਕਰ ਸਕਾਂ।
ਮਰਦਿਆਂ ਸੁਹਰਾਬ ਮਸੀਂ ਇਹ ਬੋਲ, ਬੋਲ ਸਕਿਆ, “ਹੁਣ ਤੁਸੀਂ ਮੇਰੇ ਪਿਤਾ ਰੁਸਤਮ ਨਾਲ ਲੜਨਾ ਤਾਂ ਕਿ ਉਹ ਤੁਹਾਡੇ ਕੋਲੋਂ ਮੇਰੇ ਮਰਨ ਦਾ ਬਦਲਾ ਲੈ ਸਕੇ।”
ਰੁਸਤਮ ਦਾ ਨਾਂ ਸੁਣ ਕੇ ਰੁਸਤਮ ਅਤਿਅੰਤ ਹੈਰਾਨ ਤੇ ਬੇਹੱਦ ਦੁਖੀ ਹੋਇਆ ਅਤੇ ਸਬੂਤ ਵਜੋਂ ਆਪਣਾ ਦਿੱਤਾ ਹੋਇਆ ਤਾਵੀਜ਼ ਮੰਗਿਆ। ਸੁਹਰਾਬ ਨੇ ਆਪਣੇ ਡੌਲੇ ਨਾਲੋਂ ਤਾਵੀਜ਼ ਲਾਹ ਕੇ ਰੁਸਤਮ ਨੂੰ ਦੇ ਦਿੱਤਾ। ਪੁੱਤਰ ਦੀ ਆਪਣੇ ਹੱਥੋਂ ਹੋਈ ਮੌਤ ਵੇਖਦਿਆਂ ਰੁਸਤਮ ਦੀ ਧਾਹ ਨਿਕਲ ਗਈ। ਉਹ ਧਾਹਾਂ ਮਾਰਨ ਲੱਗਾ ਤੇ ਲਹੂ ਦੇ ਅਥਰੂ ਉਹਦੀਆਂ ਅੱਖਾਂ ‘ਚੋਂ ਵਗ ਤੁਰੇ। ਸੁਹਰਾਬ ਆਪਣੇ ਬਾਪ ਰੁਸਤਮ ਦੀਆਂ ਅੱਖਾਂ ਸਾਹਵੇਂ ਪੂਰਾ ਹੋ ਗਿਆ।
ਮਿਥਿਹਾਸ ਨੇ ਸਮੇਂ ਨੂੰ ਚਾਰ ਯੁਗਾਂ ਵਿਚ ਵੰਡਿਆ ਹੈ। ਸਤਿਯੁਗ, ਦੁਆਪਰ, ਤਰੇਤਾ ਤੇ ਕਲਯੁਗ। ਸਤਿਯੁਗ ਵਿਚ ਦੇਵਤਿਆਂ ਤੇ ਦੈਤਾਂ ਦੀਆਂ ਲੜਾਈਆਂ ਦਾ ਜ਼ਿਕਰ ਆਉਂਦਾ ਹੈ। ਉਹ ਇਕ ਦੂਜੇ ਨਾਲ ਮੱਲ-ਯੁੱਧ ਕਰਦੇ ਹਨ। ਕਹਿੰਦੇ ਹਨ ਕਿ ਇਕ ਵਾਰ ਵਿਸ਼ਨੂੰ ਭਗਵਾਨ ਦਾ ਜਲੰਧਰ ਦੈਂਤ ਨਾਲ ਮੱਲ-ਯੁੱਧ ਹੋਇਆ। ਵਿਸ਼ਨੂੰ ਭਗਵਾਨ ਦੀ ਜਿੱਤ ਹੋਈ। ਤਸਵੀਰਾਂ ਵਿਚ ਵਿਸ਼ਨੂੰ ਦੇ ਇਕ ਹੱਥ ਵਿਚ ਗਦਾ ਫੜੀ ਹੁੰਦੀ ਹੈ ਤੇ ਹਨੂੰਮਾਨ ਦੇ ਸੱਜੇ ਮੋਢੇ ਉਤੇ ਗਦਾ ਸਜੀ ਹੁੰਦੀ ਹੈ। ਗਦਾ ਪਹਿਲਵਾਨੀ ਵਿਚ ਜਿੱਤ ਦੀ ਗੁਰਜ ਕਹੀ ਜਾਂਦੀ ਹੈ। ਪੁਰਾਤਨ ਯੁੱਗ ਵਿਚ ਗਦਾ ਹਥਿਆਰ ਦਾ ਕੰਮ ਕਰਦੀ ਸੀ, ਜੋ ਬਾਅਦ ਵਿਚ ਪਹਿਲਵਾਨੀ ਦੀ ਜਿੱਤ ਦਾ ਨਿਸ਼ਾਨ ਬਣ ਗਈ। ਗੁਰਬਾਣੀ ਵਿਚ ਗਦਾ ਨੂੰ ‘ਗਰੀਬੀ ਗਦਾ ਹਮਾਰੀ’ ਕਹਿ ਕੇ ਸਲਾਹਿਆ ਗਿਆ। ਈਰਾਨੀ ਗਦਾ ਨੂੰ ਗੁਰਜ ਕਹਿੰਦੇ ਹਨ।
ਸਤਿਯੁਗ ਤੋਂ ਬਾਅਦ ਦੁਆਪਰ ਤੇ ਤਰੇਤੇ ਯੁੱਗ ਵਿਚ ਵੀ ਘੋਲਾਂ ਦਾ ਲਿਖਤੀ ਵੇਰਵਾ ਮਿਲਦਾ ਹੈ। ਹਨੂੰਮਾਨ, ਜਿਸ ਨੂੰ ਬਜਰੰਗ ਬਲੀ ਵੀ ਕਿਹਾ ਜਾਂਦੈ, ਸ੍ਰੀ ਰਾਮ ਚੰਦਰ ਦੇ ਸਮੇਂ ਬੜਾ ਬਲਵਾਨ ਯੋਧਾ ਸੀ। ਪਹਿਲਵਾਨ ਉਸ ਨੂੰ ਗੁਰੂਆਂ ਵਾਂਗ ਪੂਜਦੇ ਹਨ। ਮਿਥਿਹਾਸਕ ਕਥਾ ਹੈ ਕਿ ਉਸ ਨੇ ਸੰਜੀਵਨੀ ਬੂਟੀ ਲਿਆਉਣ ਸਮੇਂ ਪਹਾੜ ਹੀ ਹੱਥ ‘ਤੇ ਚੁੱਕ ਖੜਿਆ ਸੀ। ਦੋਹਾਂ ਬਲੀ ਭਰਾਵਾਂ-ਬਾਲੀ ਤੇ ਸੁਗਰੀਵ ਦਾ ਮੱਲ-ਯੁੱਧ ਤੇ ਗਦਾ-ਯੁੱਧ ਹੋਇਆ ਸੀ। ਹਨੂੰਮਾਨ ਸੁਗਰੀਵ ਦਾ ਸੈਨਾਪਤੀ ਸੀ, ਜਿਸ ਨੇ ਲੰਕਾ ਫਤਿਹ ਕੀਤੀ। ਬਾਬੂ ਰਜਬ ਅਲੀ ਨੇ ਪਾਂਡਵਾਂ ਨੂੰ ਮੱਲਾਂ ਦਾ ਖਿਤਾਬ ਦਿੱਤਾ ਹੈ:
ਸੁਣੋ ਹਾਲ ਪਾਂਡਵਾਂ ਦਲੇਰ ਮੱਲਾਂ ਦਾ,
ਬਾਰਾਂ ਵਰ੍ਹੇ ਕੱਟਿਆ ਦਸੌਂਟਾ ਝੱਲਾਂ ਦਾ…।
ਸਿੱਖ-ਮੱਤ ਵਿਚ ਵੀ ਮੱਲਾਂ ਦੀ ਮਹਿਮਾ ਮਿਲਦੀ ਹੈ। ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਦੇ ਅਖਾੜੇ ਵਿਚ ਮੱਲਾਂ ਦਾ ਜ਼ੋਰ ਕਰਵਾਇਆ ਕਰਦੇ ਸਨ। ਉਸ ਜਗ੍ਹਾ ਉਤੇ ਹੁਣ ਗੁਰਦੁਆਰਾ ਮੱਲ ਅਖਾੜਾ ਸਾਹਿਬ ਸੁਭਾਏਮਾਨ ਹੈ। ਚੰਗੀਆਂ ਖੁਰਾਕਾਂ ਖਾਣ, ਜੁੱਸੇ ਤਕੜੇ ਕਰਨ ਅਤੇ ਨਿਡਰ ਤੇ ਚੜ੍ਹਦੀ ਕਲਾ ‘ਚ ਰਹਿਣ ਵਾਲੇ ਬੰਦੇ ਬਣਾਉਣ ਲਈ ਗੁਰੂ ਸਾਹਿਬਾਨ ਨੇ ਆਪਣੇ ਸਿੱਖਾਂ ਨੂੰ ਕਿਰਤ ਤੇ ਕਸਰਤ ਦੇ ਲੜ ਲਾਇਆ। ਰੂਹਾਨੀਅਤ ਦੇ ਰੁਸਤਮ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਦੀ ਸੰਪਾਦਨਾ ਕਰਨ ਸਮੇਂ ਪਹਿਲਵਾਨੀ ਨਾਲ ਸਬੰਧਿਤ ਸ਼ਬਦ ਵੀ ਸੰਪਾਦਤ ਕੀਤੇ:
ਹਉ ਗੁਸਾਈ ਦਾ ਪਹਿਲਵਾਨੜਾ॥
ਮੈ ਗੁਰ ਮਿਲ ਉਚ ਦੁਮਾਲੜਾ॥
ਸਭ ਹੋਈ ਛਿੰਜ ਇਕਠੀਆ
ਦਯੁ ਬੈਠਾ ਵੇਖੈ ਆਪ ਜੀਉ॥
ਵਾਤ ਵਜਨਿ ਟਮਕ ਭੇਰੀਆ॥
ਮਲ ਲਥੇ ਲੈਦੇ ਫੇਰੀਆ॥
ਨਿਹਤੇ ਪੰਜ ਜੁਆਨ ਮੈ
ਗੁਰ ਥਾਪੀ ਦਿਤੀ ਕੰਡਿ ਜੀਉ॥
ਉਨ੍ਹਾਂ ਨੇ ਸੁਖਮਨੀ ਸਾਹਿਬ ਵਿਚ ‘ਸੁਖੀ ਵਸੇ ਮਸਕੀਨੀਆ ਆਪ ਨਿਵਾਰ ਤਲੇ’ ਲਿਖ ਕੇ ਪਹਿਲਵਾਨਾਂ ਦੀ ਨਿਮਰਤਾ, ਨਿਰਮਾਣਤਾ, ਪਰਉਪਕਾਰ ਤੇ ਨਿਸ਼ਕਾਮਤਾ ਦੇ ਗੁਣਾਂ ਨੂੰ ਵਡਿਆਇਆ। ਮਨ ਨੀਵਾਂ ਤੇ ਮੱਤ ਉੱਚੀ ਦਾ ਉਪਦੇਸ਼ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਖੁਦ ਪਹਿਲਵਾਨ ਅਤੇ ਮੱਲਾਂ ਦੇ ਪਾਲਕ ਸਨ। ਪਾਇੰਦੇ ਖਾਨ ਉਨ੍ਹਾਂ ਦਾ ਦਰਬਾਰੀ ਪਹਿਲਵਾਨ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਹੋਲੇ ਮਹੱਲੇ ਨਾਲ ਖੇਡ ਮੁਕਾਬਲੇ ਵੀ ਅਰੰਭ ਕੀਤੇ। ਅਨੰਦਪੁਰ ਸਾਹਿਬ ਤੇ ਪਾਉਂਟਾ ਸਾਹਿਬ ਵਿਖੇ ਗਤਕਾ ਤੇ ਤੀਰਅੰਦਾਜ਼ੀ ਵਰਗੀਆਂ ਮਾਰਸ਼ਲ ਖੇਡਾਂ ਹੁੰਦੀਆਂ। ਮਾਰਸ਼ਲ ਖੇਡਾਂ ਨਾਲ ਜੰਗ ਲੜਨ ਦੀ ਸਿੱਖਿਆ ਮਿਲਦੀ।
ਸਿੱਖ ਇਤਿਹਾਸ ਵਿਚ ਮੱਲਾਂ ਦੇ ਘੋਲ ਦੀ ਇਕ ਘਟਨਾ ਪ੍ਰਸਿੱਧ ਹੈ, ਜਿਸ ਨਾਲ ਤੱਤ ਖਾਲਸੇ ਅਤੇ ਬੰਦਈਆਂ ਦੇ ਭਵਿਸ਼ ਦਾ ਫੈਸਲਾ ਹੋਇਆ ਸੀ। ਬਾਬਾ ਬੰਦਾ ਸਿੰਘ ਦੀ ਸ਼ਹੀਦੀ ਤੋਂ ਇਕ ਬਰਸ ਮਗਰੋਂ ਸੰਨ 1721 ਈ: ਨੂੰ ਸਿੱਖਾਂ ਦਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਪਹਿਲੀ ਵਾਰ ਭਰਵਾਂ ਜੋੜ ਮੇਲਾ ਹੋਇਆ। ਚੜ੍ਹਾਵਾ ਵੀ ਬਹੁਤ ਚੜ੍ਹਿਆ। ਪੂਜਾ ਦੇ ਵੰਡਾਰੇ ਅਤੇ ਸੇਵਾ ਸੰਭਾਲ ਬਾਰੇ ਤੱਤ ਖਾਲਸੇ ਅਤੇ ਬੰਦਈਆਂ ਵਿਚਕਾਰ ਝਗੜਾ ਹੋ ਗਿਆ। ਬੰਦਈਆਂ ਨੇ ਭਾਈ ਲਾਹੌਰਾ ਸਿੰਘ ਨੂੰ ਤੱਤ ਖਾਲਸੇ ਕੋਲ ਭੇਜਿਆ। ਲਾਹੌਰਾ ਸਿੰਘ ਦਾ ਪੁੱਤਰ ਸੰਗਤ ਸਿੰਘ ਵੀ ਨਾਲ ਸੀ। ਤੱਤ ਖਾਲਸੇ ਵੱਲੋਂ ਭਾਈ ਕਾਨ੍ਹ ਸਿੰਘ ਨੇ ਸੁਝਾਉ ਦਿੱਤਾ ਕਿ ਤੁਹਾਡੇ ਪੁੱਤਰ ਸੰਗਤ ਸਿੰਘ ਤੇ ਮੇਰੇ ਪੁੱਤਰ ਮੀਰੀ ਸਿੰਘ ਦਾ ਅਕਾਲ ਤਖਤ ਅੱਗੇ ਘੋਲ ਕਰਾਇਆ ਜਾਵੇ। ਜਿਸ ਜਥੇ ਦਾ ਪਹਿਲਵਾਨ ਜਿੱਤ ਜਾਵੇ, ਉਹ ਜਥਾ ਸਹੀ ਮੰਨਿਆ ਜਾਵੇ। ਦੋਹਾਂ ਜਥਿਆਂ ਨੇ ਇਸ ਫੈਸਲੇ ਨੂੰ ਮੰਨ ਲਿਆ। ਅਕਾਲ ਤਖਤ ਅੱਗੇ ਘੋਲ ਸ਼ੁਰੂ ਹੋ ਗਿਆ। ਦੋਨੋਂ ਜਥੇ ਘੇਰਾ ਬੰਨ੍ਹ ਕੇ ਘੋਲ ਵੇਖ ਰਹੇ ਸਨ। ਅੰਤ ਮੀਰੀ ਸਿੰਘ ਨੇ ਸੰਗਤ ਸਿੰਘ ਨੂੰ ਢਾਹ ਲਿਆ। ਇਸ ਤਰ੍ਹਾਂ ਬੰਦਈਆਂ ਦੀ ਹਾਰ ਹੋ ਗਈ ਅਤੇ ਤੱਤ ਖਾਲਸਾ ਜੇਤੂ ਬਣ ਗਿਆ।
ਪਹਿਲਵਾਨਾਂ ਦੀ ਉਸਤਤ ਵਿਚ ਕਿੱਸਾਕਾਰ ਰੀਟਾ ਦੀਨ ਲਿਖਦੈ:
ਮੱਖਣ ਮਲਾਈ ਤਿਓੜ ਪੀਣ ਯਖਣੀ,
ਇੱਜ਼ਤ ਵਡਿਆਈ ਸਾਂਭ ਸਾਂਭ ਰੱਖਣੀ।
ਮਾਂਵਾਂ ਭੈਣਾਂ ਦੇਖ ਘੱਤਦੇ ਨੇ ਨੀਵੀਆਂ,
ਮੱਲਾਂ ਸਾਧਾਂ ਸੂਰਿਆਂ ਨੂੰ ਪੱਟਣ ਤੀਵੀਆਂ।
ਰੀਟੇ ਦੀਨਾ ਮੱਲਾਂ ਦੀਆਂ ਸੁਣਾਵਾਂ ਗੱਲਾਂ ਜੀ,
ਨਦੀਆਂ ‘ਤੇ ਹੰਸ, ਸ਼ੇਰ ਵਿਚ ਝੱਲਾਂ ਜੀ।

ਪਹਿਲਵਾਨ ਕਰਮ ਸਿੰਘ ਨੇ ਤਾਂ ਲਿਖਣਾ ਹੀ ਸੀ:
ਮੱਲ ਦੇਸ ਤੇ ਦੁਨੀ ਦੀ ਸ਼ਾਨ ਹੁੰਦੇ,
ਜਿਨ੍ਹਾਂ ਜੰਮੇ ਜਾਏ ਸ਼ਹਿਰਾਂ ਗਾਮਾਂ ਦੀ ਜੇ।
ਪਹਿਲਵਾਨ ਸੁਹਾਂਵਦੇ ਮਹਿਫਿਲਾਂ ਨੂੰ,
ਪਹਿਲਵਾਨ ਸ਼ਾਨਾਂ ਰੌਣਕ ਧਾਮਾਂ ਦੀ ਜੇ।
ਜ਼ੋਰ ਰੱਖਵੇਂ ਖੁੱਲ੍ਹੀ ਖੁਰਾਕ ਮੱਲਾਂ,
ਢੇਰ ਦੁੱਧਾਂ ਤੇ ਘਿਓਆਂ, ਬਦਾਮਾਂ ਦੀ ਜੇ।
ਹੋਣ ਉਂਗਲਾਂ, ਪੂਰਨ ਤੇ ਜਾਣ ਚੰਨਣ,
ਵੇਖੇ ਜਾਂਦੇ ਮੈਂ ਮੰਡੀ ਸੁਨਾਮਾਂ ਦੀ ਜੇ।
ਪਹਿਲਵਾਨ ਸਾਂਭੇ ਪਾਲੇ ਜੱਗ ਜਾਣੇ,
ਖੱਦੀਪੁਰ ਦਰਬੰਗਾ ਨਗਰ ਜਾਮਾਂ ਦੀ ਜੇ।
ਹਰਨ ਵਿਚ ਡਾਰਾਂ ਕਰਮ ਮੱਲ ਤੁਰਦੇ,
ਦਾਓਗੀਰਾਂ ਦੀ ਮੱਲੀ ਵਰਿਆਮਾਂ ਦੀ ਜੇ।

ਕਿਰਪਾ ਸਾਗਰ ਦੀ ‘ਕ੍ਰਿਤ ਲਕਸ਼ਮੀ ਦੇਵੀ’ ਵਿਚੋਂ:
ਕੁੱਕੜ ਖੋਹੀ ਕਰਦਿਆਂ ਹੋ ਗਿਆ ਵੇਲਾ ਢੇਰ,
ਮੌਕਾ ਤਾੜ ਪੰਜਾਬ ਸਿੰਘ ਬਣ ਗਿਆ ਤੁਰਤ ਦਲੇਰ।
ਕੀਤਾ ਪਰਨੇ ਪਿੱਠ ਦੇ, ਦੇਹ ਗੋਡੇ ਦਾ ਭਾਰ,
ਆਖੇ ਹੁਣ ਤੂੰ ਮੰਨ ਲੈ ਜੈਮਲ ਮੱਲਾ ਹਾਰ।
ਗੋਡਾ ਉਸ ਦੀ ਹਿੱਕ ‘ਤੇ ਦਿੱਤਾ ਜੈਮਲ ਸ਼ੇਰ,
ਲੱਗਾ ਤੁਰਤ ਸੰਭਾਲਣੇ ਮੱਥੇ ‘ਤੇ ਹੱਥ ਫੇਰ।
ਖੰਭ ਕਚੀਚੀ ਵੱਟ ਕੇ ਲਾ ਨਹੁੰਆਂ ਤੱਕ ਜ਼ੋਰ,
ਗੋਡੇ ਹੇਠੋਂ ਨਿਕਲਿਆ ਪਿਆ ਅਖਾੜੇ ਸ਼ੋਰ।
ਠਿੱਬੀ ਲਾ ਕੇ ਡੇਗਿਆ ਵਿਚ ਅਖਾੜੇ ਫੇਰ,
ਲੱਗੀ ਕੰਡ ਜਵਾਨ ਦੀ ਢਾਹਿਆ ਬੁੱਢੇ ਸ਼ੇਰ।

ਰੇਵਤੀ ਪ੍ਰਸਾਦ ਦਾ ਪਹਿਲਵਾਨੀ ਛੰਦ:
ਭਾਗਾਂ ਵਾਲੀ ਧਰਤੀ ਪੈਦਾ ਕਰਦੀ ਮੱਲਾਂ ਨੂੰ,
ਬੜੇ ਸ਼ੌਕ ਨਾਲ ਸੁਣਦੇ ਲੋਕ ਮੱਲਾਂ ਦੀਆਂ ਗੱਲਾਂ ਨੂੰ।
ਦੂਰੋਂ ਦੂਰੋਂ ਲੋਕੀਂ ਘੋਲਾਂ ਵੇਖਣ ਆਉਂਦੇ ਐ,
ਪਹਿਲਵਾਨ ਬਲਵਾਨ ਜ਼ੋਰ ਦੇ ਜੌਹਰ ਦਿਖਾਉਂਦੇ ਐ।
ਜਤੀ ਸਤੀ ਸੰਤੋਖੀ ਰੱਖਦੇ ਲਾਜ ਲੰਗੋਟੇ ਦੀ,
ਮੁੱਕੀ ਮਾਰ ਕੇ ਬੂਥ ਲੁਆਉਂਦੇ ਭੂਸਰੇ ਹੋਏ ਝੋਟੇ ਦੀ।
ਸੁੰਡੋਂ ਫੜ ਕੇ ਹਾਥੀ ਅਸਮਾਨ ਚਲਾਉਂਦੇ ਐ,
ਪਹਿਲਵਾਨ ਬਲਵਾਨ ਜ਼ੋਰ ਦੇ ਜੌਹਰ ਦਿਖਾਉਂਦੇ ਐ।

ਮਿਲਖੀ ਰਾਮ ਦੇ ਕਿੱਸੇ ਵਿਚ ਕਿੱਕਰ ਸਿੰਘ ਤੇ ਕੱਲੂ ਦਾ ਘੋਲ:
ਲੜਨਾ ਪਵੇਗਾ ਅਭੀ ਜ਼ਰੂਰ ਤੈਨੂੰ,
ਹਰਗਿਜ਼ ਨਾ ਕਰੋ ਇਨਕਾਰ ਵਾਹਵਾ!
ਤੁਮ ਹਾਰ ਗਏ ਉਸ ਕੋ ਦਿਆਂ ਮਾਲੀ,
ਅੱਛਾ ਆਪ ਕੋ ਜੋ ਦਰਕਾਰ ਵਾਹਵਾ!
ਦਿੱਤੀ ਕੱਲੂ ਨੂੰ ਆਪ ਹਜ਼ੂਰ ਥਾਪੀ,
ਕੱਲੂ ਜਿੱਤਿਆ ਪਈ ਪੁਕਾਰ ਵਾਹਵਾ!
ਕਿੱਕਰ ਸਿੰਘ ਸੀ ਓਸ ਤੋਂ ਬਹੁਤ ਤਕੜਾ,
ਏਹ ਜਾਣਦਾ ਸਾਰਾ ਜਹਾਨ ਵਾਹਵਾ!

ਕਰਤਾਰ ਸਿੰਘ ਕਲਾਸਵਾਲੀਏ ਦਾ ਕਲਾਮ:
ਜਾ ਕੇ ਸ਼ਾਹ ਬਲਾਵਲ ਦੇ ਮਕਬਰੇ ‘ਤੇ
ਬਾਰਾਂ ਦਰੀ ਦੇ ਤਾਈਂ ਸਜਾਇਆ ਏ।
ਵਿਚ ਬਾਰੀ ਦੇ ਬੈਠ ਕੇ ਸ਼ੇਰ ਸਿੰਘ ਨੇ
ਘੁਲਣ ਪਹਿਲਵਾਨਾਂ ਤਾਈਂ ਡਾਹਿਆ ਏ।
ਅੰਮ੍ਰਿਤਸਰੀ ‘ਸਦੀਕ’, ‘ਭੁਚਾਲ’ ਦੂਜਾ,
ਕੁਸ਼ਤੀ ਇਨ੍ਹਾਂ ਦੀ ‘ਤੇ ਚਿੱਤ ਲਾਇਆ ਏ।

ਮਿਹਰ ਦੀਨ ਰੁਸਤਮ ਪਹਿਲਵਾਨ ਹੋਣ ਦੇ ਨਾਲ ਕਵੀ ਵੀ ਸੀ:
ਕਿਥੋਂ ਭਾਲੀਏ ਕੱਲੂ ਗੁਲਾਮ ਗਾਮਾ,
ਛੱਡ ਗਏ ਜਹਾਨ ਨਿਸ਼ਾਨੀਆਂ ਨੇ।
ਜ਼ਰਾ ਗੌਰ ਕਰਨਾ ਸਿਆਣੇ ਆਖਦੇ ਨੇ,
ਬਹੁਤ ਔਖੀਆਂ ਇਹ ਭਲਵਾਨੀਆਂ ਨੇ।
ਧੜਕਣ ਲੋਕਾਂ ਦੇ ਦਿਲਾਂ ਦੀ ਬਣ ਜਾਂਦਾ
ਅਤੇ ਮਾਪਿਆਂ ਦੇ ਦਿਲਾਂ ਦੀ ਸ਼ਾਨ ਬਣਦਾ।
ਮਿਹਰ ਦੀਨਾਂ ਜੇ ਰੱਬ ਦੀ ਮਿਹਰ ਹੋ ਜੇ,
ਫੇਰ ਆਣ ਕੇ ਬੰਦਾ ਭਲਵਾਨ ਬਣਦਾ।
ਮੱਲਾਂ ਦੀਆਂ ਗੱਲਾਂ ਦਾ ਅੰਤ ਨਹੀਂ। ਇਹ ਗੱਲਾਂ ਕਰਮ ਸਿੰਘ ਨੇ ਕਵਿਤਾ ਵਿਚ ਵੀ ਕੀਤੀਆਂ ਤੇ ਵਾਰਤਕ ਵਿਚ ਵੀ। ਉਹ ਭਲਵਾਨੀ ਦਾ ਸੱਚਾ ਆਸ਼ਕ ਸੀ। ‘ਮੱਲਾਂ ਦੀਆਂ ਗੱਲਾਂ’ ਪੁਸਤਕ ਦਾ ਤਤਕਰਾ ਹੈ: ਪਹਿਲਵਾਨੀ ਬਾਰੇ ਸ਼ਾਹਕਾਰ ਰਚਨਾ, ਇਕ ਵਿਲੱਖਣ ਕਿਰਤ, ਮੱਲਾਂ ਦੀਆਂ ਅਦਭੁੱਤ ਗੱਲਾਂ, ਮੇਰੇ ਪਹਿਲਵਾਨੀ ਦੇ ਸ਼ੌਕ, ਪੁਸ਼ਤ ਪਨਾਹੀ ਮੱਲਾਂ ਦੀ, ਪਹਿਲਵਾਨੀ, ਮਿਥਿਹਾਸ ਵਿਚ ਪਹਿਲਵਾਨੀ, ਸਾਹਿਤ ਵਿਚ ਪਹਿਲਵਾਨੀ, ਮੱਲਾਂ ਦੀਆਂ ਇੱਜ਼ਤਾਂ, ਹਾਸ਼ਮ ਫਤਿਹ ਨਸੀਬ ਤਿਨ੍ਹਾਂ ਨੂੰ, ਪਹਿਲਵਾਨਾਂ ਦੀਆਂ ਖੁਰਾਕਾਂ, ਪਹਿਲਵਾਨੀ ਦੇ ਦਾਓ, ਦੰਗਲ, ਛਿੰਝਾਂ, ਮਾਲਵੇ ਦੀ ਮੱਲੀ, ਮਾਝੇ ਤੇ ਦੁਆਬੇ ਦੀ ਮੱਲੀ, ਹਰਿਆਣੇ ਦੇ ਪਹਿਲਵਾਨ ਤੇ ਅਜੋਕੀ ਪਹਿਲਵਾਨੀ। ਇਹ ਪੁਸਤਕ ਲਿਖੀ ਤਾਂ ਕਾਫੀ ਪਹਿਲਾਂ ਸੀ, ਪਰ ਛਪੀ ਲੇਖਕ ਦੇ ਮਰਨ ਉਪਰੰਤ ਜੋ ਉਸ ਦੇ ਪਹਿਲਵਾਨ ਪੁੱਤਰ ਫਤਹਿ ਸਿੰਘ ਚੌਹਾਨ ਨੇ 2007 ਵਿਚ ਛਪਵਾਈ। ਉਸ ਵਿਚ ਸੈਂਕੜੇ ਪਹਿਲਵਾਨਾਂ ਦਾ ਜ਼ਿਕਰ ਹੈ, ਜਿਨ੍ਹਾਂ ਦੀਆਂ ਖਾਧ ਖੁਰਾਕਾਂ ਤੇ ਕਸਰਤਾਂ ਹੈਰਾਨ ਕਰ ਦੇਣ ਵਾਲੀਆਂ ਹਨ!
ਉਸਤਾਦ ਨੂਰ-ਉ-ਦੀਨ ਦੀ ਖੁਰਾਕ ਅਸਾਧਾਰਨ ਸੀ। ਉਹ ਨਿੱਤ ਸੱਤ ਸੇਰ ਦੁੱਧ ਦੀ ਰਬੜੀ, ਅੱਧ ਸੇਰ ਬਦਾਮ ਸਵੇਰੇ ਤੇ ਅੱਧ ਸੇਰ ਸ਼ਾਮ ਨੂੰ ਖਾਂਦਾ ਸੀ। ਇਹਦੇ ਨਾਲ ਉਹ ਇਕ ਮਣ ਮਾਸ ਦੀ ਯਖਣੀ (ਸੂਪ) ਪੀਂਦਾ ਸੀ। ਏਨੀ ਖੁਰਾਕ ਹਜ਼ਮ ਕਰਨ ਲਈ ਉਹ ਤੜਕੇ ਤਿੰਨ ਵਜੇ ਤੋਂ ਘੰਟਿਆਂ ਬੱਧੀ ਕਸਰਤਾਂ ਕਰਦਾ ਅਤੇ ਅੱਸੀ ਪੱਠਿਆਂ ਨੂੰ ਜ਼ੋਰ ਕਰਾਉਂਦਾ ਸੀ। ਉਹ ਕਾਫੀ ਲੰਮੀ ਉਮਰ ਜੀਵਿਆ, ਜਿਸ ਵਿਚ ਉਸ ਨੇ 361 ਦਾਅ ਪ੍ਰਚਲਿਤ ਕੀਤੇ, ਜਿਨ੍ਹਾਂ ‘ਚੋਂ ਕਈ ਅੱਜ ਵੀ ਵਰਤੋਂ ਲਿਆਂਦੇ ਜਾਂਦੇ ਹਨ। ਪਹਿਲਵਾਨ ਕਿੱਕਰ ਸਿੰਘ ਬਾਰੇ ਕਿਹਾ ਜਾਂਦੈ ਕਿ ਉਹ ਸਾਬਤਾ ਬੱਕਰਾ ਖਾ ਜਾਂਦਾ ਸੀ ਅਤੇ ਗਲ ਵਿਚ ਖਰਾਸ ਦਾ ਪੁੜ ਪਾ ਕੇ ਤਿੰਨ ਮੀਲ ਦੌੜਦਾ ਸੀ। ਖੂਹ ਜੁੜ ਕੇ ਘੁਮਾਂ ਘੁਮਾਂ ਪੈਲੀ ਸਿੰਜ ਦਿੰਦਾ ਸੀ!
ਪ੍ਰੋ. ਕਰਮ ਸਿੰਘ ਦੇ ਗਿਣਾਏ ਕੁਸ਼ਤੀ ਦੇ ਦਾਅ ਪੇਚਾਂ ਦਾ ਵੀ ਕੋਈ ਅੰਤ ਸ਼ੁਮਾਰ ਨਹੀਂ। ਧੋਬੀ ਪਟੜਾ, ਮੋੜਾ, ਕਲਾ ਜੰਘ, ਪੁੱਠਾ ਕਲਾ ਜੰਘ, ਲੱਤ ਸਾਹਮਣਿਓਂ, ਸਾਲਤੂ, ਬਗਲ ਡੁੱਬਣਾ, ਮੁੰਨਾ ਫੇਰਨਾ, ਕੁੜੰਗਾ, ਖੁੱਚ ਕੱਢਣਾ, ਗਿੱਟੇ ਲੱਗਣਾ, ਜੂੜ ਮਾਰਨਾ, ਕੁੱਲਾ, ਚੌਮੁਖੀਆ, ਸਖੀ ਦੀ ਲੱਤ, ਬਾਗੜੀ, ਰਾਮ ਬਾਣ, ਪੌੜੀ, ਮੱਛੀ ਗੋਤਾ, ਰੇੜ੍ਹ, ਚਰਖਾ, ਜਨੇਊ, ਕਰਾਸ, ਰੋਮ, ਬਾਜ਼ੀ, ਨੈਲਸਨ, ਰੇਲਾ ਕਰਨਾ, ਢਾਕ ਚਾੜ੍ਹਨਾ, ਪੱਟੀਂ ਪੈਣਾ, ਮੁਲਤਾਨੀ ਮਾਰਨੀ, ਅੰਦਰ ਟੰਗੀ, ਬਾਹਰ ਟੰਗੀ, ਕਿੱਲੀ, ਸੂਤਨੇ ਹੱਥ ਪਾਉਣਾ, ਅੰਦਰਲੀ ਤੇ ਬਾਹਰਲੀ ਮਾਰਨੀ, ਸੁੱਟ ਕਰਨੀ, ਠਿੱਬੀ ਲਾਉਣੀ, ਕਰਚੀ ਮਾਰਨੀ, ਸਫਾਲ ਸੁੱਟਣਾ, ਬਾਹਾਂ ਬੰਨ੍ਹਣੀਆਂ, ਭੰਨ ਕੇ ਢਾਹੁਣਾ, ਝੋਲੀ ਕਰਨੀ, ਗਫੂਆ ਮਾਰਨਾ, ਨਕਾਲੋਂ ਪੁੱਟਣਾ, ਘੋੜੀ ਪਾਉਣੀ, ਗੋਡਾ ਟੇਕਣਾ, ਬੁੜ੍ਹਕਾ ਕੱਢਣਾ, ਕੁੰਡਾ, ਇੱਕ ਟੰਗੀ, ਸਵਾਰੀ, ਪੁੱਠੀ, ਪੁੱਠਾ, ਬਗਲ ਭਰਨੀ, ਸਾਵੀਂ, ਦਸਤੀ ਤੇ ਤੇਗਾ। ਦਾਅ ਤਾਂ ਹੋਰ ਵੀ ਬਥੇਰੇ ਗਿਣਾਏ ਹਨ ਜੋ ਕਦੇ ਫੇਰ ਸਹੀ। ਪ੍ਰੋ. ਕਰਮ ਸਿੰਘ ਕਹਿਣੀ ਦਾ ਹੀ ਨਹੀਂ, ਕਰਨੀ ਦਾ ਵੀ ਧਨੀ ਸੀ।