ਪਹਿਨਣ ‘ਚੋਂ ਪ੍ਰਗਟਦੀ ਪਛਾਣ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਛੋਟੇ ਜਿਹੇ ਕਾਵਿ ਬੰਦ ਵਿਚ ਵੱਡਾ ਸੁਨੇਹਾ ਦਿੱਤਾ ਸੀ, “ਮਨਾਂ ਮਾਯੂਸ ਨਾ ਹੋਵੀਂ, ਮਾਯੂਸੀ ਨਿਘਲ ਜਾਂਦੀ ਆ।” ਉਨ੍ਹਾਂ ਕਿਹਾ ਸੀ, “ਮਾਯੂਸੀ ਕਾਰਨ ਮੌਤ ਨੂੰ ਅਪਨਾਉਣ ਵਾਲੇ ਲੋਕ ਡਰਪੋਕ ਅਤੇ ਸੁਪਨਹੀਣ। ਉਹ ਮਨੁੱਖੀ ਜੀਵਨ ਦੀਆਂ ਕੁੜੱਤਣਾਂ, ਔਕੜਾਂ ਅਤੇ ਮੁਸ਼ਕਿਲਾਂ ਨਾਲ ਆਢਾ ਲਾਉਣ ਦੀ ਥਾਂ ਜੀਵਨ ਲੀਲਾ ਦੀ ਸਮਾਪਤੀ ਨੂੰ ਹੱਲ ਮੰਨਦੇ।

ਖੁਦਕੁਸ਼ੀ ਦਰਅਸਲ ਮਾਨਸਿਕਤਾ ਵਿਚ ਅਸੁਰੱਖਿਆ ਦੀ ਭਾਵਨਾ ਹੁੰਦੀ, ਜੋ ਹੀਣ-ਭਾਵਨਾ ਬਣ ਕੇ, ਡਰਾਕਲ ਅਤੇ ਸਹਿਮੀ ਸ਼ਖਸੀਅਤ ਬਣਦੀ।” ਹਥਲੇ ਲੇਖ ਵਿਚ ਡਾ. ਭੰਡਾਲ ਨੇ ਪਹਿਰਾਵੇ ‘ਚੋਂ ਪ੍ਰਗਟਦੀ ਪਛਾਣ ਦਾ ਜ਼ਿਕਰ ਛੇੜਿਆ ਹੈ। ਉਹ ਕਹਿੰਦੇ ਹਨ, “ਪਹਿਰਾਵਾ ਸਿਰਫ ਲਿਬਾਸ ਹੀ ਨਹੀਂ ਹੁੰਦਾ, ਹੁਲਾਸ ਹੁੰਦਾ, ਆਤਮ-ਵਿਸ਼ਵਾਸ ਹੁੰਦਾ, ਦੁਨੀਆਂਦਾਰੀ ਵਿਚ ਵਿਚਰਨ ਦਾ ਵਿਸਮਾਦ ਹੁੰਦਾ ਅਤੇ ਪਰਿਵਾਰਕ ਪਰੰਪਰਾਵਾਂ ਨੂੰ ਪੀੜ੍ਹੀ-ਦਰ-ਪੀੜ੍ਹੀ ਅੱਗੇ ਤੋਰਨ ਦਾ ਸੁਚੇਤ ਅਭਿਆਸ ਹੁੰਦਾ।…ਮਨੁੱਖ ਕੀ ਹੈ ਅਤੇ ਕੀ ਦਿਖਾਉਣਾ ਚਾਹੁੰਦਾ, ਲਿਬਾਸ ਤੋਂ ਪਤਾ ਲੱਗਦਾ।” ਡਾ. ਭੰਡਾਲ ਦੀ ਨਸੀਹਤ ਹੈ ਕਿ ਕੱਪੜਿਆਂ ‘ਤੇ ਲੱਗੇ ਦਾਗ ਨੂੰ ਧੋਣ ਤੋਂ ਪਹਿਲਾਂ ਮਨ ਦੀ ਕਾਲਖ ਨੂੰ ਧੋਣ ਦਾ ਉਪਰਾਲਾ ਕਰੀਏ, ਕਿਉਂਕਿ ਕੱਪੜੇ ਤਾਂ ਸਾਬਣ ਨਾਲ ਧੋਤਿਆ ਚਿੱਟੇ ਹੋ ਜਾਣਗੇ, ਪਰ ਮਨ ਦੀ ਮੈਲ ਲਾਹੁਣ ਲਈ ਸੁ.ਭ-ਕਰਮਨ ਦਾ ਪਾਠ ਪੜ੍ਹਨਾ ਅਤੇ ਅੰਤਰੀਵ ਵਿਚ ਵਸਾਉਣਾ ਹੁੰਦਾ। -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਪਹਿਨਣਾ, ਮਨੁੱਖੀ ਦਿੱਖ ਦਾ ਬਾਹਰੀ ਪ੍ਰਗਟਾਅ, ਖੁਦ ਦੀ ਦਿਲਕਸ਼ ਅਦਾ। ਸਰੀਰਕ ਸੁੰਦਰਤਾ ਤੇ ਰੂਪ ਨੂੰ ਸਜਾਉਣਾ ਅਤੇ ਆਪਣੇ ਆਪ ‘ਤੇ ਨਾਜ਼ ਹੋਣਾ।
ਪਹਿਨਣਾ, ਤਨ ਨੂੰ ਢਕਣਾ, ਦੁਨੀਆਂ ਤੋਂ ਖੁਦ ਨੂੰ ਲੁਕਾਉਣਾ, ਸਰੀਰਕ ਅੰਗਾਂ ਨੂੰ ਦੁਨੀਆਂ ਦੀ ਨਜ਼ਰ ਤੋਂ ਬਚਾਉਣਾ ਅਤੇ ਸਮਾਜਕ ਮਾਪਦੰਡਾਂ ਨੂੰ ਸੁਚਾਰੂ ਤੇ ਉਸਾਰੂ ਰੂਪ ਵਿਚ ਅਪਨਾਉਣਾ।
ਪਹਿਰਾਵਾ ਸਿਰਫ ਲਿਬਾਸ ਹੀ ਨਹੀਂ ਹੁੰਦਾ, ਹੁਲਾਸ ਹੁੰਦਾ, ਆਤਮ-ਵਿਸ਼ਵਾਸ ਹੁੰਦਾ, ਦੁਨੀਆਂਦਾਰੀ ਵਿਚ ਵਿਚਰਨ ਦਾ ਵਿਸਮਾਦ ਹੁੰਦਾ ਅਤੇ ਪਰਿਵਾਰਕ ਪਰੰਪਰਾਵਾਂ ਨੂੰ ਪੀੜ੍ਹੀ-ਦਰ-ਪੀੜ੍ਹੀ ਅੱਗੇ ਤੋਰਨ ਦਾ ਸੁਚੇਤ ਅਭਿਆਸ ਹੁੰਦਾ।
ਪਹਿਨਣਾ, ਸਿਰਫ ਕੱਪੜਿਆਂ ਤੀਕ ਹੀ ਸੀਮਤ ਨਹੀਂ ਜਾਂ ਮਨੁੱਖੀ ਅੰਗਾਂ ਦੀ ਸਮੁੱਚਤਾ ਨੂੰ ਲੁਕਾਉਣਾ ਨਹੀਂ, ਸਗੋਂ ਕੁਝ ਕੁ ਅੰਗਾਂ ਨੂੰ ਅੰਸ਼ਕ ਰੂਪ ਵਿਚ ਪ੍ਰਗਟਾਉਣਾ ਅਤੇ ਕੁਝ ਦਾ ਜਲਵਾ ਦਿਖਾਉਣਾ ਵੀ ਹੁੰਦਾ।
ਪਹਿਨਣਾ, ਸਿਰ ਤੋਂ ਪੈਰਾਂ ਤੀਕ, ਹਰ ਅੰਗ ਦੀ ਲੋੜ, ਸੁੰਦਰਤਾ, ਸਮਾਜਕ ਦਾਇਰਾ ਅਤੇ ਸਮਰੱਥਾ ਤੀਕ ਸੀਮਤ ਰਹੇ ਤਾਂ ਇਹ ਸੋਹਣਾ ਤੇ ਸੁਹੰਢਣਾ ਹੁੰਦਾ। ਜੇ ਇਹ ਮਰਿਆਦਾਵਾਂ ਨੂੰ ਤੋੜੇ ਤਾਂ ਨਮੋਸ਼ੀ ਜਾਂ ਬੇਸ਼ਰਮੀ ਵੀ ਬਣ ਜਾਂਦਾ।
ਪਹਿਨਣਾ, ਖੁਦ ਨੂੰ ਖੁਦ ਦੇ ਰੂ-ਬ-ਰੂ ਕਰਨਾ ਅਤੇ ਆਪਣੀਆਂ ਤਰਜ਼ੀਹਾਂ ਨੂੰ ਜੱਗ-ਜ਼ਾਹਰ ਕਰਨਾ। ਕਈ ਵਾਰ ਇਹ ਉਨ੍ਹਾਂ ਭਾਵਨਾਵਾਂ ਨੂੰ ਦਰਸਾਉਣ ਦਾ ਇਕ ਬਹਾਨਾ, ਜੋ ਅਸੀਂ ਖੁਦ ਤੋਂ ਵੀ ਲੁਕਾਉਂਦੇ।
ਪਹਿਨਣਾ, ਸ਼ਰਮ ਤੇ ਸਤਿਕਾਰ, ਸ਼ਾਇਸਤਗੀ ਤੇ ਸਲੀਕਾ, ਸੁੰਦਰਤਾ ਤੇ ਸਿਆਣਪ, ਅਤੇ ਸਾਦਗੀ ਤੇ ਸਹਿਜਤਾ ਦਾ ਸੁਹਜਮਈ ਸੰਗਮ। ਇਸ ਵਿਚੋਂ ਮਨੁੱਖ ਨੂੰ ਉਚਤਮ ਸਮਾਜਕ ਪ੍ਰਾਣੀ ਹੋਣ ਦਾ ਅਹਿਸਾਸ ਹੁੰਦਾ।
ਪਹਿਨਣਾ, ਅਦਬ ਤੇ ਅਧਿਕਾਰ, ਹਲੀਮੀ ਤੇ ਹੰਕਾਰ ਜਾਂ ਗਿਆਨੀ ਤੇ ਗੰਵਾਰ ਦਾ ਫਰਕ ਵੀ ਸਮਝਾਉਂਦਾ। ਮਨੁੱਖ ਕੀ ਹੈ ਅਤੇ ਕੀ ਦਿਖਾਉਣਾ ਚਾਹੁੰਦਾ, ਲਿਬਾਸ ਤੋਂ ਪਤਾ ਲੱਗਦਾ।
ਪਹਿਨਣਾ, ਦੰਭ ਤੇ ਅਸਲੀਅਤ, ਹੀਣਤਾ ਤੇ ਅਭਿਮਾਨ, ਬੇਗਾਨਗੀ ਤੇ ਪਛਾਣ, ਜਾਂ ਧਰਮਾਤਮਾ ਤੇ ਅਡੰਬਰੀ ਵਿਚਲੇ ਫਰਕ ਨੂੰ ਸੂਖਮ ਰੂਪ ਵਿਚ ਪ੍ਰਗਟ ਕਰਦਾ।
ਪਹਿਨਣਾ ਪਾਖੰਡ ਤੇ ਪਾਕੀਜ਼, ਦਿੱਖ ਤੇ ਛਲਾਵਾ, ਗਲੀਜ਼ ਅਤੇ ਅਦੀਬ ਜਾਂ ਅਮੀਰ ਤੇ ਗਰੀਬ ਵਿਚਲੀ ਭਿੰਨਤਾ ਨੂੰ ਜਾਹਰ ਕਰਨ ਦਾ ਸਾਧਨ।
ਪਹਿਨਣਾ, ਪੈਮਾਨਾ ਹੈ ਮਾਨਸਿਕ ਹੰਕਾਰ ਦਾ, ਅੱਡਰਤਾ ਦਾ, ਸਵੈ-ਪ੍ਰਗਟਾਵੇ ਦਾ, ਆਪਣੀ ਖੁਦੀ ਨੂੰ ਜਿਉਣ ਤੇ ਇਸ ਨੂੰ ਜ਼ਿੰਦਗੀ ਦੇਣ ਦਾ ਅਤੇ ਸਭਿਆਚਾਰਕ ਮੁਹਾਂਦਰੇ ਨੂੰ ਸਦਾ ਚਿਰੰਜੀਵ ਰੱਖਣ ਦਾ। ਖੁਦ ਵਿਚੋਂ ਖੁਦਾਈ ਨੂੰ ਮਾਰ ਕੇ ਬੰਦਾ ਜਿਉਂਦਾ ਨਹੀਂ ਰਹਿ ਸਕਦਾ।
ਪਹਿਰਾਵਾ, ਜੀਵਨ ਦੇ ਹਰ ਪੜਾਅ ‘ਤੇ ਮਨੁੱਖ ਦੇ ਨਾਲ-ਨਾਲ। ਇਹ ਪੋਤੜੇ ਤੋਂ ਕੱਫਣ, ਸੂਹੇ ਦੁਪੱਟੇ ਤੋਂ ਚਿੱਟੀ ਚੁੰਨੀ, ਚੜ੍ਹਦੀ ਉਮਰੇ ਦਸਤਾਰਬੰਦੀ ਤੋਂ ਬਾਪ ਦੇ ਮਰਨ ‘ਤੇ ਸਿਰ ਉਤੇ ਪੱਗ ਧਰਨ ਆਦਿ ਤੀਕ ਦਾ ਸਫਰ ਵੀ ਤੈਅ ਕਰ ਜਾਂਦਾ। ਕਦੇ ਇਹ ਗੁੱਡੀਆਂ ਪਟੋਲਿਆਂ ਤੋਂ ਤੁਰਦਾ, ਰੱਤੇ ਸਾਲੂ ਵਿਚ ਲਪੇਟਿਆ ਬਾਪ ਦੇ ਘਰ ਨੂੰ ਅਲਵਿਦਾ ਕਹਿੰਦਾ, ਦੋ ਘਰਾਂ ਦੀ ਸਰਦਾਰੀ ਦਾ ਸਬੱਬ ਬਣਦਾ। ਇਹ ਘੁੰਢ ਕੱਢਣ ਤੋਂ ਲੈ ਕੇ ਸਿਰ ਤੋਂ ਤਿਲਕਦੀ ਸੁਬਰ ਦੀ ਚੁੰਨੀ, ਦੇਸੀ ਖੱਦਰ ਤੋਂ ਰੇਸ਼ਮੀ ਬਸਤਰ ਅਤੇ ਮਾਂ ਦੀ ਬੁਣੀ ਖੇਸੀ ਦੀ ਮਾਰੀ ਬੁੱਕਲ ਦਾ ਨਿੱਘ ਵੀ ਬਣਦਾ। ਇਹ ਕਲੀਆਂ ਵਾਲਾ ਕੁੱੜਤਾ, ਧਰਤੀ ਸੁੰਬਰਦਾ ਚਾਦਰਾ, ਪਟਿਆਲਵੀ ਸਲਵਾਰ ਜਾਂ ਮਲਵੈਣ ਦੀ ਗਿੱਟਿਆਂ ਨੂੰ ਛੂੰਹਦੀ ਪਰਾਂਦੀ, ਵੀ ਹੋ ਸਕਦਾ।
ਪਹਿਨ-ਪੱਚਰ ਕੇ, ਮਟਕ ਨਾਲ ਤੁਰਦੀਆਂ ਨੱਢੀਆਂ ਜਾਂ ਗੱਭਰੂ ਜਦ ਕਿਸੇ ਮੇਲੇ, ਵਿਆਹ ਜਾਂ ਸ਼ੁਭ-ਸ਼ਗਨ ਦੇ ਮੌਕੇ ‘ਤੇ ਰੌਣਕਾਂ ਲਾਉਂਦੇ ਤਾਂ ਧਰਤੀ ਵੀ ਇਨ੍ਹਾਂ ਦੀ ਤੋਰ ਨਾਲ ਧਮਕਦੀ।
ਪਹਿਨਣਾ ਤਾਂ ਸਿਰ ‘ਤੇ ਲਿਆ ਸੂਹਾ ਦੁਪੱਟਾ, ਚਾਵਾਂ ਨਾਲ ਕੱਢੀ ਫੁਲਕਾਰੀ ਅਤੇ ਲਹਿਰੀਆ ਦੁਪੱਟਾ ਵੀ ਹੁੰਦਾ। ਕਿਸੇ ਸਿਰ ‘ਤੇ ਬੰਨਿਆ ਪੱਟਕਾ, ਸਜਾਈ ਹੋਈ ਦਸਤਾਰ, ਤੁਰਲੇ ਵਾਲੀ ਪੱਗ, ਗੋਲਾਈਦਾਰ ਦੁਮਾਲਾ, ਪਟਿਆਲੀ ਸ਼ਾਹੀ ਪੱਗ, ਸਿਰ ‘ਤੇ ਡੱਬੀਦਾਰ ਪਰਨਾ ਜਾਂ ਕਰਜ਼ੇ ਹੇਠ ਦੱਬੇ ਬਾਪ ਦੀਆਂ ਲੀਰਾਂ ਰੂਪੀ ਪੱਗ, ਸਿਰ ‘ਤੇ ਲਈ ਟੋਪੀ ਜਾਂ ਕਿਸੇ ਫਿਰਕੇ, ਕਬੀਲੇ ਜਾਂ ਧਾਰਮਿਕ ਆਸਥਾ ਰੂਪੀ ਸਿਰ ਦਾ ਕੱਜਣ ਵੀ ਹੋ ਸਕਦਾ, ਜੋ ਵਿਰਸੇ ਦਾ ਪ੍ਰਤੀਕ ਅਤੇ ਸਮਾਜਕ ਪਛਾਣ ਦਾ ਬਿੰਬ ਹੁੰਦਾ। ਇਹ ਤਾਂ ਬੁਰਕਾ ਜਾਂ ਕਿਸੇ ਯਹੂਦੀ ਦੀ ਵਿਕੋਲਿਤਰੀ ਵੇਸ਼ ਭੂਸ਼ਾ ਵੀ ਹੋ ਸਕਦਾ। ਸਿਰ ‘ਤੇ ਕੀ, ਕਿਹੋ ਜਿਹਾ ਅਤੇ ਕਿਸ ਰੂਪ ਵਿਚ ਲੈਣਾ/ਬੰਨਣਾ, ਇਹ ਸਮਾਜਕ ਮਾਨਤਾਵਾਂ ਜਾਂ ਧਾਰਮਿਕ ਅਕੀਦੇ ‘ਤੇ ਨਿਰਭਰ। ਇਸ ਦਾ ਰੰਗ, ਰੂਪ, ਅਕਾਰ ਤੇ ਅੰਦਾਜ਼ ਦਾ ਬਾਕੀ ਲਿਬਾਸ ਨਾਲ ਵੀ ਸਬੰਧ। ਇਸ ਵਿਚੋਂ ਮਨੁੱਖ ਦੀਆਂ ਬਹੁਤ ਸਾਰੀਆਂ ਬਿਰਤੀਆਂ ਉਜਾਗਰ ਹੁੰਦੀਆਂ। ਪੰਜਾਬੀ ਸਭਿਆਚਾਰ ਵਿਚ ਜਦ ਕੋਈ ਮੁਟਿਆਰ, ਸੱਜਣ ਦੀ ਪੱਗ ਵਰਗੀ ਚੁੰਨੀ ਰੰਗਾਉਂਦੀ, ਵਿਆਹ ਦੇ ਮੌਕੇ ‘ਤੇ ਵਿਆਹੁੰਦੜ ਦਾ ਸੂਹਾ ਲਿਬਾਸ ਅਤੇ ਬਾਪ ਦਾ ਸ਼ਮਲਾ, ਪੰਜਾਬੀ ਪਛਾਣ ਦਾ ਨਿੱਗਰ ਰੂਪ ਪ੍ਰਗਟਦੀ। ਸਿਰ ‘ਤੇ ਲਈ ਚਿੱਟੀ ਚੁੰਨੀ ਗਮ ਦਾ ਰੂਪ, ਬਾਪ ਦੇ ਗਲ ‘ਚ ਪਈ ਹੋਈ ਪੱਗੜੀ ਦੇ ਪੇਚ ਨਮੋਸ਼ੀ ਦੇ ਚਿੰਨ੍ਹ, ਜਦੋਂ ਕਿ ਲਾਡਲੇ ਦੇ ਸਿਰ ‘ਤੇ ਸਜੀ ਕਲਗੀ, ਨਵੀਆਂ ਜੀਵਨ-ਧਾਰਾਵਾਂ ਨੂੰ ਪੈਦਾ ਕਰਨ ਅਤੇ ਸ਼ੁਰੂਅਤਾਂ ਦਾ ਸ਼ਗਨ।
ਪਹਿਨਣਾ, ਕਈ ਵਾਰ ਤਾਂ ਸਰੀਰਕ ਉਭਾਰਾਂ ਤੇ ਦਰਸ਼ਨੀ ਦਿੱਖ ਨੂੰ ਪ੍ਰਗਟਾਉਣ ਦਾ ਲੱਛਣ ਹੁੰਦਾ। ਲਿਬਾਸ ਦਾ ਲਹਿਜ਼ਾ ਉਮਰ, ਸਥਾਨ, ਦਸਤੂਰ ਅਤੇ ਮਨ ਵਿਚ ਪੈਦਾ ਹੋਏ ਵਿਚਾਰਾਂ ਦਾ ਅਚੇਤ ਰੂਪ ਵਿਚ ਪ੍ਰਗਟਾਅ; ਤਾਂ ਹੀ ਹਰ ਮੌਸਮ, ਮੌਕੇ ਅਤੇ ਸਮਾਗਮਾਂ ਆਦਿ ‘ਤੇ ਵੱਖ-ਵੱਖ ਲਿਬਾਸ ਪਹਿਨਣ ਦੀ ਤਰਜ਼ੀਹ। ਅਮੀਰ ਲੋਕ ਤਾਂ ਖਾਸ ਮੌਕਿਆਂ ‘ਤੇ ਲਿਬਾਸ ਰਾਹੀਂ ਦਿਖਾਵੇ ਪ੍ਰਤੀ ਹੀ ਜ਼ਿਆਦਾ ਚੇਤੰਨ ਹੁੰਦੇ।
ਮਨੁੱਖ ਦੇ ਪਹਿਨਣ ਦੇ ਤੌਰ ਤਰੀਕਿਆਂ, ਰੰਗਾਂ ਦੀ ਚੋਣ, ਕੱਪੜਿਆਂ ਦਾ ਸਾਈਜ਼ ਅਤੇ ਡਿਜ਼ਾਇਨ ਮਨੁੱਖ ਬਾਰੇ ਬਹੁਤ ਕੁਝ ਬਿਆਨ ਕਰਦਾ, ਜਿਸ ਵਿਚੋਂ ਉਸ ਮਨੁੱਖ ਦੇ ਵਿਅਕਤੀਤਵ ਨੂੰ ਸਮਝਣ ਵਿਚ ਆਸਾਨੀ ਹੁੰਦੀ।
ਪਹਿਨਣ ਲਈ ਸਭ ਤੋਂ ਜਰੂਰੀ ਹੈ ਕਿ ਲਿਬਾਸ, ਮਨੁੱਖ ਦੀ ਪਛਾਣ ਹੋਵੇ। ਉਸ ਦੇ ਸਮੁੱਚ ਦਾ ਸੁੰਦਰ ਪ੍ਰਗਾਟਾਵਾ ਹੋਵੇ। ਉਸ ਦੀ ਕੌਮੀਅਤ ਤੇ ਪਿਛੋਕੜ ਨੂੰ ਗਹਿਰ ਗੰਭੀਰ ਰੂਪ ਵਿਚ ਪ੍ਰਦਰਸ਼ਿਤ ਕਰੇ। ਮਨੁੱਖ ਜਦ ਵਿਚਰਦਾ ਹੈ ਤਾਂ ਉਹ ਆਮ ਵਿਅਕਤੀ ਨਹੀਂ ਹੁੰਦਾ, ਸਗੋਂ ਉਹ ਆਪਣੇ ਭਾਈਚਾਰੇ ਤੇ ਦੇਸ਼ ਦਾ ਪ੍ਰਤੀਨਿੱਧ ਹੁੰਦਾ। ਇਸ ਵਿਚੋਂ ਹੀ ਮਨੁੱਖ ਤੇ ਭਾਈਚਾਰੇ ਨੂੰ ਇਕ ਵੱਖਰੀ ਪਛਾਣ ਮਿਲਦੀ। ਪਹਿਰਾਵੇ ਵਿਚੋਂ ਆਪਣੀ ਪਛਾਣ ਸਿਰਜਣ ਲਈ ਸੂਖਮ ਤੇ ਸੁਚੇਤ ਰੂਪ ਵਿਚ ਬਹੁਤ ਕੁਝ ਕਰਨਾ ਪੈਂਦਾ ਤਾਂ ਹੀ ਤੁਸੀਂ ਆਪਣੇ ਲਿਬਾਸ ਦੀ ਵੱਖਰਤਾ ਨੂੰ ਨਿਵੇਕਲੇ ਅਰਥ ਦੇ ਸਕਦੇ ਹੋ। ‘ਕੇਰਾਂ ਮੈਂ ਕਲੀਵਲੈਂਡ ਵਿਚ ਸਿਟੀ ਦੇ ਕਮਿਊਨਿਟੀ ਸੈਂਟਰ ਜਾ ਰਿਹਾ ਸਾਂ ਤਾਂ ਕਿਸੇ ਗੋਰੇ ਨੇ ਡਾ. ਸਿੰਘ ਕਹਿ ਕੇ ਅਵਾਜ਼ ਮਾਰੀ ਅਤੇ ਕਹਿਣ ਲੱਗਾ ਕਿ ਮੈਂ ਆਪਣੀ ਮੈਡੀਕਲ ਪ੍ਰੋਬਲਮ ਬਾਰੇ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਹਾਂ। ਮੈਂ ਚੌਂਕ ਗਿਆ ਅਤੇ ਮੁਆਫੀ ਮੰਗ ਕੇ ਕਿਹਾ ਕਿ ਮੈਂ ਫਿਜ਼ੀਅਨ ਨਹੀਂ ਹਾਂ। ਮੈਂ ਤਾਂ ਫਿਜ਼ਿਕਸ ਦਾ ਡਾਕਟਰ ਹਾਂ। ਬਾਅਦ ਵਿਚ ਪਤਾ ਲੱਗਾ ਕਿ ਕਲੀਵਲੈਂਡ ਏਰੀਏ ਵਿਚ ਹਰ ਗੋਰੇ ਲਈ ਦਸਤਾਰ ਪਹਿਨਣ ਵਾਲਾ ਵਿਅਕਤੀ ਸਿੰਘ ਹੈ ਅਤੇ ਉਹ ਡਾਕਟਰ ਹੈ। ਦਰਅਸਲ ਪਹਿਲਾਂ ਪਹਿਲ ਇਥੇ ਆਏ ਸਿੱਖ ਡਾਕਟਰਾਂ ਨੇ ਆਪਣੇ ਕਿੱਤੇ ਤੇ ਮੁਹਾਰਤ ਰਾਹੀਂ ਦਸਤਾਰ ਦੀ ਖੂਬਸੂਰਤ ਅਤੇ ਵਿਲੱਖਣ ਪਛਾਣ ਬਣਾਈ ਹੋਈ ਹੈ।
ਪਹਿਨਣਾ ਪ੍ਰਗਟਾਉਂਦਾ ਹੈ ਮਨੁੱਖ ਦੀਆਂ ਬਾਰੀਕ-ਬੀਨੀਆਂ ਨੂੰ। ਵੱਖ-ਵੱਖ ਕਮਿਊਨਿਟੀਆਂ ਬਾਰੇ ਉਨ੍ਹਾਂ ਦੀ ਵੇਸ਼ਭੂਸ਼ਾ ਵਿਚੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਕਿ ਉਹ ਕਿਸ ਖਿੱਤੇ, ਕਬੀਲੇ, ਧਰਮ ਜਾਂ ਕੌਮ ਨਾਲ ਸਬੰਧਤ ਹਨ?
ਪਹਿਨਣਾ, ਜੰਗਲੀ ਮਨੁੱਖ ਦੀ ਅਰੰਭਕ ਲੋੜ ਸੀ। ਪੱਤਿਆਂ ਰਾਹੀਂ ਖੁਦ ਨੂੰ ਕੱਜਣਾ ਅਤੇ ਜ਼ਿਆਦਾ ਠੰਢ ਜਾਂ ਗਰਮੀ ਤੋਂ ਬਚਾਓ ਕਰਨਾ; ਪਰ ਦੁੱਖ ਦੀ ਗੱਲ ਹੈ ਕਿ ਪਹਿਲੇ ਸਮਿਆਂ ਵਿਚ ਮਨੁੱਖ ਸਰੀਰ ਨੂੰ ਲੁਕਾਉਣ ਲਈ ਕੱਪੜੇ ਪਾਉਂਦਾ ਸੀ, ਪਰ ਅੱਜ ਕੱਲ ਖੁਦ ਦਾ ਨੰਗੇਜ਼ ਦਿਖਾਉਣ ਲਈ ਕੱਪੜੇ ਪਾਉਣ ਦਾ ਢਕਵੰਜ ਕਰਦਾ ਹੈ। ਦਰਅਸਲ ਉਹ ਕੱਪੜਿਆਂ ਦੇ ਓਹਲੇ ਵਿਚ ਖੁਦ ਦੀ ਸਰੀਰਕ ਪ੍ਰਦਰਸ਼ਨੀ ਲਈ ਜ਼ਿਆਦਾ ਉਤਸੁਕ ਏ। ਇਸੇ ਲਈ ਜਿਉਂ ਜਿਉਂ ਬੰਦਾ ਅਮੀਰ ਹੋ ਰਿਹਾ ਏ, ਉਸ ਦੇ ਕੱਪੜੇ ਸੁੰਘੜ ਰਹੇ ਨੇ।
ਪਹਿਨਣਾ ਕੀ ਅਤੇ ਕਿਵੇਂ ਹੈ? ਇਹ ਮਨੁੱਖੀ ਮਨ ਦੀ ਅਮੀਰੀ ਜਾਂ ਮਾਨਸਿਕ ਗੁਰਬਤ ਦਾ ਬਾਖੂਬੀ ਵਿਸ਼ੇਲਸ਼ਣ। ਯਾਦ ਰਹੇ, ਬੰਦਾ ਪਹਿਰਾਵੇ ਨਾਲ ਵੱਡਾ ਨਹੀਂ ਹੁੰਦਾ। ਉਹ ਦਿਲ ਦੀ ਅਮੀਰੀ ਅਤੇ ਵਿਚਾਰਾਂ ਦੀ ਪ੍ਰੋੜਤਾ ਤੇ ਪ੍ਰਬੀਨਤਾ ਨਾਲ ਹੀ ਮਹਾਨ ਇਨਸਾਨ ਬਣਦਾ। ਸੁਦਾਮੇ ਦਾ ਸਧਾਰਨ ਲਿਬਾਸ ਵੀ ਕ੍ਰਿਸ਼ਨ ਦੀ ਮਿੱਤਰਾਈ ਤਾਂਘ ਨੂੰ ਘੱਟ ਨਾ ਕਰ ਸਕਿਆ। ਉਹ ਹੀ ਸਬੰਧ ਸਦਾ ਨਿਭਦੇ ਨੇ, ਜੋ ਸਦ-ਵਿਚਾਰਾਂ ਅਤੇ ਪਾਕ-ਮਨ ਨਾਲ ਬਣੇ ਹੁੰਦੇ। ਰੁਤਬਿਆਂ ਤੇ ਦਿਖਾਵੇ ਦੇ ਰਿਸ਼ਤੇ ਤਾਂ ਟਿਸ਼ੂ ਪੇਪਰ ਵਰਗੇ ਹੁੰਦੇ, ਜੋ ਵਰਤ ਕੇ ਸਿਰਫ ਡੱਸਟਬਿਨ ਵਿਚ ਸੁੱਟਣ ਲਈ ਹੁੰਦੇ।
ਮਹਾਨ ਵਿਅਕਤੀਆਂ, ਗੁਰੂਆਂ, ਸੰਤਾਂ, ਫਕੀਰਾਂ, ਬ੍ਰਹਮ-ਗਿਆਨੀਆਂ, ਦਾਰਸ਼ਨਿਕਾਂ, ਕਲਾਕਾਰਾਂ ਜਾਂ ਵਿਗਿਆਨੀਆਂ ਨੇ ਕਦੇ ਵੀ ਆਪਣੀ ਪੌਸ਼ਾਕ ਵੰਨੀ ਧਿਆਨ ਨਹੀਂ ਦਿੱਤਾ। ਉਨ੍ਹਾਂ ਲਈ ਉਨ੍ਹਾਂ ਦੇ ਅਕੀਦੇ ਅਤੇ ਮਾਨਵੀ ਮਕਸਦ ਜ਼ਿਆਦਾ ਅਹਿਮ। ਖੜਾਵਾਂ ਪਾ, ਮੋਢੇ ਬਗਲੀ ਅਤੇ ਤਨ ‘ਤੇ ਚਾਦਰ ਲਪੇਟ, ਰਾਹਾਂ ਦੀ ਧੂੜ ਨੂੰ ਪਿੰਡੇ ‘ਤੇ ਰਮਾਉਂਦੇ, ਸੁਗਮ ਸੰਦੇਸ਼ ਦੁਨੀਆਂ ਵਿਚ ਵੰਡਦੇ, ਮਨੁੱਖੀ ਪਰਉਪਕਾਰਾਂ ਵਿਚੋਂ ਹੀ ਆਪਣੀ ਧੰਨਭਾਗਤਾ ਸਮਝਦੇ।
ਅਜੋਕਾ ਮਨੁੱਖ ਅੰਦਰੀਵੀ ਗੰਧਲੇਪਣ ਨੂੰ ਬਾਹਰੀ ਦਿੱਖ ਨਾਲ ਧੁੰਦਲਾਉਣ ਦੀ ਕੋਸ਼ਿਸ਼ ਕਰਦਾ, ਖੁਦ ਨਾਲ ਧ੍ਰੋਹ ਕਮਾ ਰਿਹਾ। ਖੁਦ ਵਿਚੋਂ ਖੁਦ ਨੂੰ ਮਿਟਾਉਣ ਦੀ ਕੋਸ਼ਿਸ਼ ਵਿਚ ਗਲਤਾਨ। ਮਨ ਦੀ ਪਾਕੀਜ਼ਗੀ ਨਾਲ ਲਬਰੇਜ਼, ਭਾਈ ਲਹਿਣਾ ਜੀ ਦੇ ਚਿੱਕੜ ਨਾਲ ਲਿੱਬੜੇ ਲਿਬਾਸ ਨਾਲ ਹੀ ਉਨ੍ਹਾਂ ਨੂੰ ਗੁਰ-ਗੱਦੀ ਨਸੀਬ ਹੋਈ, ਜਦੋਂ ਕਿ ਆਪਣੇ ਕੱਪੜਿਆਂ ਨੂੰ ਮਿੱਟੀ ਤੋਂ ਬਚਾਉਣ ਵਾਲੇ, ਹੀਰੇ ਦੀ ਪਰਖ ਵਿਚੋਂ ਫੇਲ੍ਹ ਹੋ ਗਏ।
ਪਹਿਰਾਵੇ ਨੂੰ ਪਾੜੋ ਨਾ, ਸਗੋਂ ਪਹਿਨੋ, ਕਿਉਂਕਿ ਪਹਿਰਾਵਾ ਤਾਂ ਹਿਫਾਜ਼ਤ ਹੈ; ਪਰ ਸਮੇਂ ਦੀ ਕੇਹੀ ਤ੍ਰਾਸਦੀ ਕਿ ਮਨੁੱਖ ਨੇ ਆਪਣਾ ਪਹਿਰਾਵਾ ਤਾਂ ਲੀਰੋ-ਲੀਰ ਕੀਤਾ ਹੀ ਸੀ, ਪਰ ਉਹ ਤਾਂ ਧਰਤੀ ਦੇ ਸੁਰੱਖਿਆ ਕੱਜਣ (ਓਜ਼ੋਨ ਪਰਤ) ਵਿਚ ਮਘੋਰੇ ਕਰ ਕੇ, ਆਪਣੀ ਕਬਰ ਪੁੱਟਣ ਵੰਨੀਂ ਮਸ਼ਰੂਫ ਏ।
ਪਹਿਨਣਾ, ਰੂਹ-ਦਾਰੀ ਤੇ ਦਿਲ ਦੀ ਅਮੀਰੀ। ਉਚੀ-ਸੁੱਚੀ ਸੋਚ ਦਾ ਫੈਲਾਓ। ਆਭਾ ਦਾ ਚੌਗਿਰਦੇ ‘ਚ ਪਸਾਰੇ ਦਾ ਵਹਾਓ। ਮੇਰਾ ਅਧਿਆਪਕ ਸੀ। ਹਮੇਸ਼ਾ ਕੁੜਤੇ ਪਜਾਮੇ ਵਿਚ ਸਕੂਲ ਆਉਂਦਾ ਅਤੇ ਮਜੀਠੀ ਰੰਗ ਵਿਚ ਬੱਚਿਆਂ ਨੂੰ ਪੜ੍ਹਾਉਂਦਾ ਤੇ ਜੀਵਨ ਦੀਆਂ ਕਦਰਾਂ ਕੀਮਤਾਂ ਯਾਦ ਕਰਵਾਉਂਦਾ। ਜਦ ਇਕ ਵਿਦਿਆਰਥੀ ਨੇ ਪੁੱਛਿਆ ਕਿ ਸਰ ਤੁਸੀਂ ਪੈਂਟ-ਕੋਟ ਕਿਉਂ ਨਹੀਂ ਪਾਉਂਦੇ ਅਤੇ ਹਮੇਸ਼ਾ ਕੁੜਤਾ ਪਜਾਮਾ ਹੀ ਪਹਿਨਦੇ ਹੋ ਤਾਂ ਉਸ ਦਾ ਜਵਾਬ ਸੀ ਕਿ ਜਿਹੜੇ ਮੈਨੂੰ ਜਾਣਦੇ ਹੀ ਨਹੀਂ, ਉਨ੍ਹਾਂ ਲਈ ਕੁੜਤਾ-ਪਜਾਮਾ ਜਾਂ ਪੈਂਟ-ਕੋਟ ਇਕ ਸਮਾਨ। ਪਰ ਜਿਹੜੇ ਮੈਨੂੰ ਜਾਣਦੇ ਨੇ, ਉਨ੍ਹਾਂ ਲਈ ਮੈਂ ਭਾਵੇਂ ਕੁੜਤਾ-ਪਜਾਮਾ ਜਾਂ ਪੈਂਟ-ਕੋਟ ਪਾਵਾਂ, ਕੋਈ ਫਰਕ ਨਹੀਂ ਪੈਂਦਾ। ਇਹ ਹੈ ਮਨ ਦੀ ਸੁੱਚਮਤਾ ਤੇ ਉਚਮਤਾ ਦੀ ਅੰਬਰੀ ਪਰਵਾਜ਼ ਅਤੇ ਸ਼ਾਹਾਨਾ ਫਕੀਰੀ ਵਾਲਾ ਜਿਉਣ-ਅੰਦਾਜ਼।
ਬਾਪ ਕੀ ਪਹਿਨਦਾ ਹੈ, ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਅੰਤਰ ਤਾਂ ਉਸ ਸਮੇਂ ਪੈਂਦਾ ਜਦ ਸੀਮਤ ਲੋੜਾਂ ਨਾਲ ਨਿਰਬਾਹ ਕਰਦਿਆਂ, ਆਪਣੇ ਬੱਚਿਆਂ ਦੇ ਨਾਵੇਂ ਸੁੱਘੜ ਸਿਆਣਪਾਂ ਕਰਦਾ ਅਤੇ ਬੱਚੇ ਹੀ ਉਸ ਦੇ ਸਮੁੱਚ ਦਾ ਲਿਬਾਸ ਬਣ ਕੇ, ਉਸ ਦੇ ਸਿਰ ਦਾ ਤਾਜ਼ ਬਣਦੇ।
ਪਹਿਨਣਾ ਸਫਾਫਤਾ, ਸਰਲਤਾ ਤੇ ਪਾਕੀਜ਼ਗੀ ਦਾ ਪੈਮਾਨਾ। ਜਦ ਬਾਹਰੀ ਦਿੱਖ ਨੂੰ ਚਮਕਾਉਣਾ ਹੀ ਕਿਸੇ ਵਿਅਕਤੀ ਦੀ ਤਮੰਨਾ ਹੁੰਦੀ ਤਾਂ ਉਹ ਅੰਤਰੀਵੀ ਸ਼ੁੱਧਤਾ ਤੋਂ ਅਵੇਸਲਾ ਹੋ ਜਾਂਦਾ; ਪਰ ਜਰੂਰੀ ਹੁੰਦਾ ਹੈ ਕਿ ਕੱਪੜਿਆਂ ‘ਤੇ ਲੱਗੇ ਦਾਗ ਨੂੰ ਧੋਣ ਤੋਂ ਪਹਿਲਾਂ ਮਨ ਦੀ ਕਾਲਖ ਨੂੰ ਧੋਣ ਦਾ ਉਪਰਾਲਾ ਕਰੀਏ, ਕਿਉਂਕਿ ਕੱਪੜੇ ਤਾਂ ਸਾਬਣ ਨਾਲ ਧੋਤਿਆ ਚਿੱਟੇ ਹੋ ਜਾਣਗੇ, ਪਰ ਮਨ ਦੀ ਮੈਲ ਲਾਹੁਣ ਲਈ ਸੁ.ਭ-ਕਰਮਨ ਦਾ ਪਾਠ ਪੜ੍ਹਨਾ ਅਤੇ ਅੰਤਰੀਵ ਵਿਚ ਵਸਾਉਣਾ ਹੁੰਦਾ। ਜਪੁਜੀ ਸਾਹਿਬ ਵਿਚ ਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ,
ਮੂਤ ਪਲੀਤੀ ਕਪੜੁ ਹੋਇ॥
ਦੇ ਸਾਬੂਣੁ ਲਈਐ ਉਹੁ ਧੋਇ॥
ਭਰੀਐ ਮਤਿ ਪਾਪਾ ਕੇ ਸੰਗਿ॥
ਉਹੁ ਧੋਪੈ ਨਾਵੈ ਕੈ ਰੰਗਿ॥
ਪਹਿਨਣਾ ਮਨੁੱਖੀ ਵਿਹਾਰ ਦੀ ਅਜਿਹੀ ਪ੍ਰਕਿਰਿਆ, ਜੋ ਮਨੁੱਖ ਨਿਸ ਦਿਨ ਕਰਦਾ। ਹਰ ਮੌਸਮ, ਹਰ ਰੁੱਤ ਅਤੇ ਹਰ ਮੌਕੇ ਅਨੁਸਾਰ ਚੰਗੇਰੇ ਰੂਪ ਵਿਚ ਖੁਦ ਨੂੰ ਪੇਸ਼ ਕਰਨ ਲਈ ਬਹੁਤ ਸੁਚੇਤ ਅਤੇ ਚਿੰਤਤ ਹੁੰਦਾ।
ਪਹਿਨਣਾ ਪਾਕ, ਪਵਿੱਤਰ, ਪਾਕੀਜ਼ ਅਤੇ ਪ੍ਰੇਰਨਾਮਈ ਹੋਵੇ ਤਾਂ ਇਸ ਦੇ ਅਰਥਾਂ ਵਿਚ ਸੂਖਮ ਸੰਦੇਸ਼। ਹਰੇਕ ਲਿਬਾਸ ਨੂੰ ਉਸ ਦੀ ਲੋੜ, ਵਿਸ਼ੇਸ਼ਤਾ ਅਤੇ ਲੱਛਣਾਂ ਨੂੰ ਸੋਚ-ਸਮਝ ਕੇ ਪਹਿਨੋਗੇ ਤਾਂ ਲਿਬਾਸ ਸੁੰਦਰ ਸਰੂਪ ਨਾਲ ਵਿਅਕਤੀ ਦੀ ਸ਼ਖਸੀਅਤ ਹੋਰ ਨਿਖਾਰੇਗਾ। ਇਸ ਵਿਚੋਂ ਝਰੇਗੀ ਰੂਹਾਨੀਅਤ। ਊਲ-ਜਲੂਲ ਅਤੇ ਬੇਢੰਗੇ ਕੱਪੜੇ ਪਾਉਣਾ, ਕੋਹਜਾਂ ਨੂੰ ਛੁਪਾਉਣਾ ਅਤੇ ਮੁਲੰਮਾ ਦਿਖਾਉਣ ਦੀ ਬਿਰਤੀ ਵਾਲੇ ਹੋਛੇ ਲੋਕ ਹੁੰਦੇ। ਉਹ ਪਰਿਵਾਰਕ ਵਿਰਸੇ ਤੋਂ ਵਿਰਵੇ ਅਤੇ ਸਭਿਆਚਾਰਕ ਅਮੀਰੀ ਤੋਂ ਕੋਰੇ। ਉਹ ਖੁਦ ਹੀ ਹੀਣੇ ਤੇ ਅਰਥਹੀਣ ਜੁ ਹੁੰਦੇ।
ਪਹਿਰਾਵੇ ਨੂੰ ਜਦ ਮਨੁੱਖੀ ਖਲੂਸ, ਹਸਾਸ, ਸਵੈ-ਵਿਸ਼ਵਾਸ, ਮੋਹ-ਮੁਹੱਬਤ, ਦਯਾ-ਭਾਵਨਾ, ਬੰਦਿਆਈ-ਬੰਧਨਾ, ਭਰਾਤਰੀ-ਭਾਵ ਅਤੇ ਆਤਮਿਕ-ਸਾਂਝ ਦੇ ਦੀਦਾਰੇ ਹੁੰਦੇ ਤਾਂ ਪਹਿਰਾਵੇ ਨੂੰ ਆਪਣੇ ਆਪ ‘ਤੇ ਹੀ ਮਾਣ ਹੋਣ ਲੱਗਦਾ।
ਪਹਿਰਾਵਾ ਪਾਕੀਜ਼ਗੀ, ਪ੍ਰਮਾਣਤਾ, ਪਸੰਦ, ਪ੍ਰਗਤੀ, ਪਰੰਪਰਾ ਅਤੇ ਪੂਰਬਲੇ ਸੰਸਕਾਰਾਂ ਦੀ ਨਿਸ਼ਾਨੀ, ਜਿਸ ਵਿਚੋਂ ਉਦੈ ਹੁੰਦੀ ਹੈ ਮਨੁੱਖੀ ਪਛਾਣ ਦੀ ਸਰਘੀ।
ਪੰਜਾਬੀਆਂ ਦੇ ਪਹਿਰਾਵੇ ਵਿਚੋਂ ਪ੍ਰਗਟਦੀ ਦਰਸ਼ਨੀ ਦਿੱਖ ਅਤੇ ਰੰਗ-ਬਿਰੰਗਤਾ ਨੂੰ ਦੇਖ ਕੇ ਅਚੰਭਤ ਹੋ ਜਾਂਦੇ ਨੇ ਦੁਨੀਆਂ ਦੇ ਲੋਕ; ਪਰ ਅਸੀਂ ਪੱਛਮੀ ਲਿਬਾਸ ਵਿਚੋਂ ਹੀ ਖੁਦ ਨੂੰ ਪਛਾਨਣ ਲੱਗ ਪਏ ਹਾਂ। ਮਾੜਾ ਤਾਂ ਕੁਝ ਵੀ ਨਹੀਂ, ਪਰ ਲੋੜ ਹੈ ਕਿ ਆਪਣੇ ਪਹਿਰਾਵੇ ਨਾਲ ਨਵੀਂ ਨਿਕੋਰ ਪਛਾਣ ਦਰਸਾਉਣ ਦਾ ਹੀਆ ਅਤੇ ਹੌਂਸਲਾ ਤਾਂ ਕਰੋ, ਤੁਸੀਂ ਭੀੜ ਵਿਚੋਂ ਹੀ ਵੱਖਰੇ ਪਛਾਣੇ ਜਾਵੋਗੇ। ਅਮਰੀਕਾ ਦੀ ਯੂਨੀਵਰਸਿਟੀ ਵਿਚ ਜਦ ਮੈਂ ਦਸਤਾਰਧਾਰੀ ਰੂਪ ਵਿਚ ਜਾਂਦਾ ਹਾਂ ਤਾਂ ਵੱਖ-ਵੱਖ ਕੌਮੀਅਤਾਂ ਦੇ ਵਿਦਿਆਰਥੀਆਂ ਵਿਚ ਸਿੱਖਾਂ ਦੀ ਪਛਾਣ ਅਤੇ ਦਸਤਾਰ ਪ੍ਰਤੀ ਉਤਸੁਕਤਾ ਪੈਦਾ ਹੁੰਦੀ ਹੈ। ਇਹ ਉਤਸੁਕਤਾ ਜਦ ਨੌਜਵਾਨ ਪੀੜ੍ਹੀ ਨੂੰ ਸਿੱਖਾਂ ਬਾਰੇ ਜਾਣਨ ਵੰਨੀ ਤੋਰੇਗੀ ਤਾਂ ਸਿੱਖ-ਪਛਾਣ ਨੂੰ ਪੱਕੇ ਪੈਰੀਂ ਹੋਣ ਵਿਚ ਦੇਰ ਨਹੀਂ ਲੱਗੇਗੀ।
ਜਦ ਕੋਈ ਤਨ ਦੇ ਲੰਗਾਰਾਂ, ਲੀਰਾਂ ਹੋਈ ਚੁੰਨੀ, ਧੌੜੀ ਦੀ ਜੁੱਤੀ ਅਤੇ ਲੱਕ ‘ਤੇ ਬੱਧੀ ਲਾਂਗੜ ਵਿਚੋਂ ਆਪਣੀ ਪਛਾਣ ਸਿਰਜਣ ਦੇ ਰਾਹ ਤੁਰਦਾ ਤਾਂ ਉਹ ਨੈਲਸਨ ਮੰਡੇਲਾ, ਬਾਬਾ ਨਾਨਕ, ਭਗਤ ਪੂਰਨ ਸਿੰਘ ਜਾਂ ਕੋਈ ਮਹਾਂਪੁਰਖ ਹੋ ਸਕਦਾ। ਅਜਿਹੇ ਲੋਕ ਤਨ ਦੇ ਲਿਬਾਸ ਦੀ ਥਾਂ ਮਨ ਦੀ ਯਥਾਰਥੀ ਯਾਤਰਾਵਾਂ ਅਤੇ ਅੰਬਰੀ ਉਡਾਰੀਆਂ ਨੂੰ ਜ਼ਿਆਦਾ ਤਰਜ਼ੀਹ ਦਿੰਦੇ।
ਪਹਿਨਣਾ ਅਤੇ ਪਚਰਨਾ ਨੌਜਵਾਨਾਂ ਦੇ ਮਨ-ਭਾਉਂਦੇ ਸ਼ੌਕ। ਇਨ੍ਹਾਂ ਦੀ ਬਰਕਰਾਰੀ ਵਿਚੋਂ ਹੀ ਜਵਾਨ ਮਨਾਂ ਵਿਚ ਤਰੰਗਾਂ ਪੈਦਾ ਹੁੰਦੀਆਂ। ਲਿਬਾਸ ਦੀ ਬਿਹਤਰੀ ਅਤੇ ਨੁਹਾਰ ਨੂੰ ਹੋਰ ਚੰਗੇਰਾ ਕਰਨ ਅਤੇ ਇਸ ਨੂੰ ਮਨੁੱਖੀ ਸ਼ਖਸੀਅਤ ਦੇ ਨਿਖਾਰ ਲਈ ਵਰਤਣ ਦਾ ਹੁਨਰ ਅਤੇ ਹੰਭਲਾ, ਪ੍ਰਗਤੀ ਦਾ ਪ੍ਰਤੀਕ। ਇਸ ਨੂੰ ਜਾਰੀ ਰੱਖਣਾ, ਮਨੁੱਖ ਨੂੰ ਨਵੀਆਂ ਬੁਲੰਦੀਆਂ ਵੱਲ ਪ੍ਰੇਰਿਤ ਕਰਦਾ।
ਪਹਿਨੋ ਤਨ ਲਈ, ਇਸ ਦੀ ਸੁੰਦਰਤਾ ਤੇ ਦਿੱਖ ਲਈ, ਪਰ ਕਦੇ ਵੀ ਮਨ ‘ਤੇ ਪਰਦਾਦਾਰੀ ਨਾ ਕਰੋ। ਇਸ ਨੂੰ ਪਰਤਾਂ ਵਿਚ ਨਾ ਲਕੋਵੋ। ੀeਸ ਦੀ ਪਾਰਦਰਸ਼ਤਾ ਨੂੰ ਬਰਕਰਾਰ ਰੱਖੋ, ਕਿਉਂਕਿ ਮਨੁੱਖ ਦਾ ਸਭ ਤੋਂ ਮੀਰੀ ਗੁਣ ਏ, ਮਾਨਸਿਕ ਸੁੱਚਮਤਾ ਅਤੇ ਉਚਮਤਾ। ਇਸ ਵਿਚ ਨਹੀਂ ਹੋਣਾ ਚਾਹੀਦਾ ਕੋਈ ਲੁਕੋਅ, ਮਿਲਾਵਟ, ਦੰਭ, ਨਾ ਕੋਈ ਫਿੱਕੜਾ ਰੰਗ ਅਤੇ ਨਾ ਹੀ ਸਵੈ-ਸਵਾਰਥ ਜਾਂ ਬੇਖੁਦੀ ਦਾ ਰੰਗ। ਮਨ ਤਾਂ ਹੁੰਦਾ ਏ ਦਬੰਗ, ਅਭੰਗ, ਨਿਸ਼ੰਗ ਅਤੇ ਬੇਰੰਗ। ਇਹ ਬੇਰੰਗਤਾ ਹੀ ਮਨੁੱਖ ਦਾ ਮਾਣ ਤੇ ਸਿਰਨਾਵਾਂ।
ਪਹਿਨਣਾ ਪਾਪਾਂ ਨੂੰ ਲੁਕਾਉਣ ਨਹੀਂ ਹੋਣਾ ਚਾਹੀਦਾ ਅਤੇ ਨਾ ਹੀ ਕਮੀਆਂ, ਕਮੀਨਗੀਆਂ, ਕੁਤਾਹੀਆਂ ਜਾਂ ਕੋਹਜਾਂ ‘ਤੇ ਲਿੱਪਾਪੋਚੀ। ਦਰਵੇਸ਼ ਲੋਕ ਤਾਂ ਗਿੱਠ ਕੁ ਲੰਗੋਟ ਵਿਚ ਹੀ ਪਾਕ ਤੇ ਪਾਰਦਰਸ਼ੀ ਹੁੰਦੇ, ਜਦੋਂ ਕਿ ਕਪਟੀ ਲੋਕ ਸਿਰ ਤੋਂ ਪੈਰਾਂ ਤੀਕ ਢਕੇ ਹੋਏ ਵੀ ਗਲੀਜ਼ਤਾ ਵਿਚ ਗਲਤਾਨ। ਕਿਰਦਾਰ, ਵਿਹਾਰ, ਵਿਚਾਰ, ਗੁਫਤਾਰ ਅਤੇ ਆਚਾਰ ਵਿਚੋਂ ਹੀ ਮਨੁੱਖ ਪਰਖਿਆ ਤੇ ਸਵੀਕਾਰਿਆ ਜਾਂਦਾ।
ਪਹਿਨੋ ਮਨ ਭਾਉਂਦਾ, ਪਰ ਤੁਹਾਡੇ ਪਹਿਰਾਵੇ ਵਿਚ ਮਾਣਮੱਤੀ ਵੱਖਰਤਾ ਦੀ ਮਹਿਕ ਆਵੇ। ਪਰਿਵਾਰਕ ਕਦਰਾਂ-ਕੀਮਤਾਂ ਦੀ ਕਿਰਨੀ ਖੁਸ਼ਬੋਈ ਹੋਵੇ। ਵਿਰਸੇ ਵਿਚੋਂ ਮਿਲੀ ਗੁੜਤੀ ਦਾ ਗਿਆਨ ਗੂੰਜੇ। ਸਮਾਜ ਦੇ ਸੰਸਕਾਰੀ ਸਰੋਕਾਰਾਂ ਨੂੰ ਸਮਝਣ ਅਤੇ ਨਿਭਾਉਣ ਦੀ ਸੂਹ ਮਿਲੇ। ਸਮਝ, ਸੋਚ ਤੇ ਸਚਿਆਰੇਪਣ ਦੀ ਸਰਗਮ ਪੈਦਾ ਹੋਵੇ। ਪਹਿਲਾਂ, ਪਗਡੰਡੀਆਂ, ਪ੍ਰੇਰਨਾ ਅਤੇ ਪ੍ਰਣਾਂ ਦਾ ਪੈਗਾਮ ਪੈਦਾ ਹੋਵੇ ਤਾਂ ਪਹਿਰਾਵਾ, ਮਨੁੱਖ ਦੀ ਸੰਦਲੀ ਅਤੇ ਸਾਰਥਕ ਪਛਾਣ ਬਣ ਕੇ, ਵਕਤ ਦੇ ਵਰਕਿਆਂ ‘ਤੇ ਲਿਖੀ ਜਾਣ ਵਾਲੀ ਇਬਾਰਤ ਨੂੰ ਇਬਾਦਤ ਬਣਾ ਦਿੰਦਾ।