ਸਿੱਖ ਧਰਮ ਦੀ ਪ੍ਰਸੰਗਿਕਤਾ ਅਤੇ ਸਿੱਖਾਂ ਵਿਚ ਉਪਰਾਮਤਾ

ਅਮਰਜੀਤ ਸਿੰਘ ਮੁਲਤਾਨੀ
ਸਾਲ 2018 ਦੀ ਗੱਲ ਹੈ। ਮੈਂ ਰਿਚਮੰਡ ਹਿੱਲ ਸਥਿਤ ਅਕਾਊਂਟ ਦਾ ਕੰਮ ਕਰਨ ਵਾਲੇ ਸਰਬਜੀਤ ਸਾਹਨੀ ਦੇ ਦਫਤਰ ਗਿਆ। ਉਨ੍ਹਾਂ ਦੇ ਦਫਤਰ ਵਿਚ ਮੈਂ ਵੇਖਿਆ ਕਿ ਇਕ ਆਡਿਉ ਕੈਸਟ ਚੱਲ ਰਹੀ ਸੀ, ਤੇ ਸ਼ ਸਾਹਨੀ ਬੜੀ ਗਹੁ ਨਾਲ ਸੁਣ ਰਹੇ ਸਨ। ਉਤਸੁਕਤਾ ਵੱਸ ਮੈਂ, ਜਦੋਂ ਇਸ ਦਾ ਕਾਰਨ ਪੁਛਿਆ ਤਾਂ ਉਨ੍ਹਾਂ ਦੱਸਿਆ ਕਿ ਇਹ ਕੈਸੇਟ ਗੁਰੂ ਨਾਨਕ ਬਾਰੇ ਕਬੀਰ ਪੰਥੀਆਂ ਦੀ ਹੈ। ਮੈਂ ਵੀ ਨੇੜੇ ਹੀ ਕੁਰਸੀ ਖਿੱਚ ਲਈ ਤੇ ਸੁਣਨ ਲੱਗ ਪਿਆ।

ਉਸ ਕੈਸੇਟ ਦਾ ਸਾਰ ਇਹ ਸੀ ਕਿ ਭਗਤ ਕਬੀਰ ਜੀ ਗੁਰੂ ਨਾਨਕ ਤੋਂ ਵੀ ਬਹੁਤ ਵੱਡੇ ਮਹਾਂਪੁਰਸ਼ ਹੋਏ ਹਨ। ਉਸ ਕੈਸੇਟ ਵਿਚ ਵਿਆਖਿਆਕਾਰ ਦੱਸ ਰਿਹਾ ਸੀ ਕਿ ਸੁਲਤਾਨਪੁਰ ਲੋਧੀ ਵਿਖੇ ਕਾਲੀ ਵੇਈਂ ਵਿਚ ਜਦੋਂ ਗੁਰੂ ਨਾਨਕ ਸਾਹਿਬ ਨੇ ਚੁੱਭੀ ਲਾਈ ਸੀ, ਤਾਂ ਉਸ ਵਕਤ ਭਗਤ ਕਬੀਰ ਉਨ੍ਹਾਂ ਦੇ ਸੰਗ ਸਨ ਤੇ ਭਗਤ ਕਬੀਰ ਜੀ ਨੇ ਗੁਰੂ ਨਾਨਕ ਦੀ ਪਰਮਾਤਮਾ ਨਾਲ ਸਾਖਿਆਤਕਾਰ ਦੌਰਾਨ ਮਾਰਗ ਦਰਸ਼ਨ ਕੀਤਾ ਸੀ।
ਵਾਰਤਾਕਾਰ ਦਾ ਇਹ ਸਭ ਕਹਿਣ ਦਾ ਮੁੱਖ ਮਨੋਰਥ ਸਿਰਫ ਇਹ ਜਾਪਦਾ ਸੀ ਕਿ ਭਗਤ ਕਬੀਰ ਜੀ, ਗੁਰੂ ਨਾਨਕ ਤੋਂ ਵੱਡੇ ਹਨ, ਜਿਸ ਨੇ ਗੁਰੂ ਨਾਨਕ ਨੂੰ ਪਰਮਾਤਮਾ ਨਾਲ ਮਿਲਾਇਆ। ਮੈਂ ਇਹ ਸਭ ਸੁਣ ਕੇ ਦੰਗ ਰਹਿ ਗਿਆ ਕਿ ਸਿੱਖ ਧਰਮ ਦੇ ਵਿਰੋਧੀ ਕਿਸ ਪੱਧਰ ‘ਤੇ ਮਨ-ਘੜਤ ਕਹਾਣੀਆਂ ਬਣਾ ਰਹੇ ਹਨ ਤੇ ਉਨ੍ਹਾਂ ਨੂੰ ਫੈਲਾਅ ਵੀ ਰਹੇ ਹਨ। ਇਹ ਕਿਸ ਮਨੋਰਥ ਤਹਿਤ ਇਹ ਕੱਚ ਘੜ ਰਹੇ ਹਨ ਤੇ ਪ੍ਰਚਾਰ ਕਰ ਰਹੇ ਹਨ? ਉਨ੍ਹਾਂ ਦੀ ਗੁਰੂ ਨਾਨਕ ਬਾਰੇ ਸੋਚ ਕਿੰਨੀ ਤੰਗ ਹੈ? ਲੱਗਦਾ ਹੈ, ਉਹ ਗੁਰੂ ਨਾਨਕ ਨੂੰ ਅਤੇ ਉਨ੍ਹਾਂ ਦੀਆਂ ਅਧਿਆਤਮਕ ਮੱਲਾਂ ਨੂੰ ਦੋਇਮ ਦੱਸਣਾ ਚਾਹੁੰਦੇ ਹਨ? ਸ਼ਾਇਦ ਉਨ੍ਹਾਂ ਨੂੰ ਇਸ ਗੱਲ ਦਾ ਭਰਮ ਹੋ ਗਿਆ ਹੈ ਕਿ ਭਗਤ ਕਬੀਰ ਦੀ ਬਾਣੀ ਦਾ ਗੁਰੂ ਗ੍ਰੰਥ ਸਾਹਿਬ ਵਿਚ ਹੋਣਾ, ਸਿੱਖ ਧਰਮ ਦੀ ਹੋਂਦ ਦਾ ਵੱਡਾ ਕਾਰਨ ਹੈ? ਸ਼ਾਇਦ ਉਨ੍ਹਾਂ ਦਾ ਸੋਚਣਾ ਹੈ ਕਿ ਸਿੱਖ ਇਸ ਕਥਨ ‘ਤੇ ਭਰੋਸਾ ਵੀ ਕਰ ਲੈਣਗੇ ਕਿ ਵਾਕੱਈ ਭਗਤ ਕਬੀਰ ਜੀ ਗੁਰੂ ਨਾਨਕ ਤੋਂ ਵੱਡੇ ਹੀ ਹਨ, ਕਿਉਂਕਿ ਭਗਤ ਕਬੀਰ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ ਅਤੇ ਸਿੱਖ ਉਸ ਨੂੰ ਨਿੱਤ ਪੜ੍ਹਦੇ ਵੀ ਬਹੁਤ ਹਨ ਅਤੇ ਨਿੱਤ ਸੁਣਦੇ ਵੀ ਬਹੁਤ ਹਨ, ਇਸ ਕਰਕੇ ਸਿੱਖਾਂ ਨੂੰ ਕੋਈ ਇਤਰਾਜ਼ ਨਹੀਂ ਹੋਏਗਾ। ਉਨ੍ਹਾਂ ਦੇ ਇਸ ਕਲਪਿਤ ਵਿਚਾਰ ਵਿਚ ਦਮ ਵੀ ਲੱਗਦਾ ਹੈ। ਕਿਵੇਂ ਅੱਜ ਕੱਲ੍ਹ ਦੇ ਸਿੱਖ ਅੰਧ ਭਗਤ ਬਣ ਗਏ ਹਨ ਅਤੇ ਉਨ੍ਹਾਂ ਨੂੰ ਜੀਵੰਤ ਗੁਰੂ ਨਾਨਕ ਤੇ ਮਿੱਟੀ ਦੇ ਮਾਧੋਆਂ ਵਿਚ ਫਰਕ ਨਜ਼ਰ ਨਹੀਂ ਆ ਰਿਹਾ! ਲੱਗਦਾ ਹੈ, ਸਿੱਖਾਂ ਨੂੰ ਆਪਣੇ ਗੁਰੂ ‘ਤੇ ਮਾਣ ਨਹੀਂ?
ਮੇਰਾ ਆਪਣਾ ਵਿਚਾਰ ਹੈ ਕਿ ਭਗਤ ਕਬੀਰ ਦੀ ਬਾਣੀ ਦਾ ਜਿੰਨੀ ਵੱਡੀ ਪੱਧਰ ‘ਤੇ ਪ੍ਰਚਾਰ ਤੇ ਪ੍ਰਸਾਰ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਰਾਹੀਂ ਕੀਤਾ ਹੈ, ਸ਼ਾਇਦ ਕਬੀਰ ਪੰਥੀ ਉਸ ਦੀ ਕਲਪਨਾ ਵੀ ਨਾ ਕਰ ਸਕਣ। ਜਿੰਨੀ ਭਗਤ ਕਬੀਰ ਦੀ ਬਾਣੀ ਦਾ ਗਾਇਨ ਗੁਰੂ ਗ੍ਰੰਥ ਸਾਹਿਬ ਕਰਕੇ ਸਿੱਖ ਗ੍ਰੰਥੀਆਂ ਤੇ ਕੀਰਤਨੀਆਂ ਨੇ ਕੀਤਾ ਹੈ, ਕਬੀਰ ਪੰਥੀਆਂ ਨੂੰ ਕਈ ਹੋਰ ਵਧੇਰੇ ਜਨਮਾਂ ਦੀ ਲੋੜ ਪਏਗੀ; ਪਰ ਵਿਚਾਰਨ ਵਾਲੀ ਗੱਲ ਤਾਂ ਇਹ ਹੈ, ਕੀ ਇੰਨਾ ਸਤਿਕਾਰ ਕਬੀਰ ਪੰਥੀਆਂ ਦੇ ਦਿਲ ਵਿਚ ਵੀ ਗੁਰੂ ਨਾਨਕ ਪ੍ਰਤੀ ਹੈ? ਗੁਰੂ ਨਾਨਕ ਵੱਲੋਂ ਆਪਣੇ ਤੋਂ ਕਈ ਸਾਲ ਪਹਿਲਾਂ ਜਨਮੇ ਭਗਤ ਦੀ ਧਰਮ ਦੇ ਨਾਮ ‘ਤੇ ਸਮਾਜ ਵਿਚ ਹੋ ਰਹੇ ਅਨਿਆਂ ਵਿਰੁੱਧ ਬਗਾਵਤ ਕਰਨ ਦੀ ਦਲੇਰੀ ਦੀ ਉਪਮਾ ਹਿੱਤ ਸਤਿਕਾਰ ਦੇਣ ਲਈ ਉਸ ਦੀ ਬਾਣੀ ਨੂੰ ਆਪਣੇ ਬਰਾਬਰ ਦਾ ਦਰਜਾ ਦੇਣਾ ਕੀ ਕੋਈ ਕਮਜ਼ੋਰੀ ਦਾ ਵਿਸ਼ਾ ਹੈ? ਹਰਗਿਜ ਨਹੀਂ!
ਕਬੀਰ ਪੰਥੀਆਂ ਨੇ ਕੀ ਗੁਰੂ ਨਾਨਕ ਨੂੰ ਵੀ ਪੜ੍ਹਿਆ ਅਤੇ ਵਿਚਾਰਿਆ ਹੈ? ਕੀ ਉਨ੍ਹਾਂ ਨੇ ਗੁਰੂ ਨਾਨਕ ਦੀ ਸਿਰਜੀ ‘ਜਪੁਜੀ’ ਪੜ੍ਹੀ ਅਤੇ ਉਸ ਦਾ ਅਧਿਐਨ ਕੀਤਾ ਹੈ? ਕੀ ਉਨ੍ਹਾਂ ਨੇ ਸਿੱਖ ਧਰਮ ਦਾ ਆਕਾਰ ਵੀ ਨਹੀਂ ਵਿਚਾਰਿਆ? ਕਬੀਰ ਪੰਥੀਆਂ ਦੀ ਇਹ ਹਰਕਤ ਸ਼ਾਇਦ ਆਪਣੀ ਹਉਮੈ ਦੇ ਉਲਾਰ ਨੂੰ ਹਲੂਣਾ ਦੇਣ ਵਾਲੀ ਜਾਪਦੀ ਹੈ। ਉਨ੍ਹਾਂ ਨੂੰ ਇਹ ਜ਼ਰੂਰ ਵਿਚਾਰਨਾ ਚਾਹੀਦਾ ਸੀ ਕਿ ਭਗਤ ਕਬੀਰ ਤਾਂ ਪੁਰਾਤਨ ਬਨਾਰਸ ਜਾਂ ਮਗਹਰ ਵਿਚ ਹੀ ਆਪਣੇ ਕਿੱਤੇ ਨਾਲ ਬੱਝੇ ਹੋਏ, ਸਮਕਾਲੀ ਹਿੰਦੂ ਤੇ ਇਸਲਾਮ ਧਰਮਾਂ ਵਿਚ ਊਣਤਾਈਆਂ ਵਿਰੁੱਧ ਸਿਰਫ ਅਵਾਜ਼ ਬੁਲੰਦ ਕਰ ਰਹੇ ਸਨ, ਜਦੋਂ ਕਿ ਗੁਰੂ ਨਾਨਕ ਨੇ ਹਿੰਦੁਸਤਾਨ ਸਮੇਤ ਦੁਨੀਆਂ ਦੇ ਦੂਰ-ਦੁਰਾਡੇ ਦੇਸ਼ਾਂ ਦੀਆਂ ਯਾਤਰਾਵਾਂ ਕੀਤੀਆਂ ਅਤੇ ਜਿੱਥੇ ਵੀ ਗਏ, ਆਪਣੇ ਸੰਸਾਰਕ ਅਧਿਆਤਮਕ ਗਿਆਨ ਨਾਲ ਆਪਣੇ ਉੱਥੋਂ ਦੇ ਧਰਮਾਧਿਕਾਰੀਆਂ ਦੇ ਪ੍ਰਸ਼ਨਾਂ ਦੇ ਲਾਜਵਾਬ ਉੱਤਰ ਦਿੱਤੇ।
ਸਿੱਖਾਂ ਅਤੇ ਉਨ੍ਹਾਂ ਦੇ ਗ੍ਰਹਿ ਪੰਜਾਬ ਵਿਚ ਬਾਬਿਆਂ ਅਤੇ ਡੇਰਿਆਂ ਦੇ ਵਿਸ਼ਾਲ ਜੰਜਾਲ ਦੇ ਫੈਲਾਉ ਪਿੱਛੇ ਮੇਰੇ ਖਿਆਲ ਵਿਚ ਸਿੱਖਾਂ ਦੀ ਆਪਣੀ ਢਿੱਲੀ ਸੋਚ ਤੇ ਇਕ ਅਦ੍ਰਿਸ਼ ਰੱਬੀ ਡਰ ਦਾ ਪਹਿਰਾ ਹੋਣਾ ਲੱਗਦਾ ਹੈ! ਪਰ ਗੁਰੂ ਨਾਨਕ ਨੇ ਤਾਂ ਆਪਣੇ ਸਿੱਖ ਨੂੰ ਨਿਡਰ ਬਣਾਇਆ ਹੈ। ਸਿੱਖ ਧਰਮ, ਜੋ ਹਰ ਸਿੱਖ ਵਿਅਕਤੀ ਦਾ ਨਿੱਜੀ ਤੇ ਬਹੁਤ ਅਹਿਮ ਮਸਲਾ ਹੈ, ਬਾਰੇ ਹਰ ਸਿੱਖ ਵਿਅਕਤੀ ਨੂੰ ਨਿੱਜੀ ਤੌਰ ‘ਤੇ ਹਰ ਵੇਲੇ ਚੌਕੰਨਾ ਰਹਿਣਾ ਚਾਹੀਦਾ ਹੈ। ਅਫਸੋਸ ਦੀ ਗੱਲ ਹੈ ਕਿ ਸਿੱਖਾਂ ਨੇ ਇਸ ਬਾਰੇ ਨਿੱਜੀ ਤੌਰ ‘ਤੇ ਵਿਚਾਰਨਾ ਬਿਲਕੁਲ ਹੀ ਛੱਡ ਦਿੱਤਾ ਹੈ। ਗੁਰੂ ਨਾਨਕ ਨੇ ਗਿਆਨ ਦੇ ਪੱਖੋਂ ਆਪਣੇ ਸਿੱਖ ਨੂੰ ਮਾਲਾ-ਮਾਲ ਕੀਤਾ ਹੋਇਆ ਹੈ, ਪਰ ਕਿਸੇ ਵੀ ਸਿੱਖ ਨੂੰ ਇਸ ਗਿਆਨ ਦੇ ਖਜਾਨੇ ਦਾ ਪਤਾ ਹੀ ਨਹੀਂ। ਸਿੱਖਾਂ ਨੂੰ ਜੇ ਗਿਆਨ ਹੈ ਤਾਂ, ਉਹ ਹੈ ਉਨ੍ਹਾਂ ਅਪ੍ਰਮਾਣਿਤ ਸਾਖੀਆਂ ਦਾ, ਜੋ ਸਿੱਖ ਧਰਮ ਦੇ ਪੂਰਬਲੇ ਸਿੱਖੀ ਸਰੂਪ ਵਾਲੇ ਦੋਖੀਆਂ ਨੇ ਹਿੰਦੂ ਧਰਮ ਦੀਆਂ ਮਾਨਤਾਵਾਂ ਦੇ ਸਮਾਨੰਤਰ ਲਿਖੀਆਂ ਸਨ। ਚਾਹੀਦਾ ਤਾਂ ਸੀ ਕਿ ਸਿੱਖ ਜਿੱਥੇ ਵੀ ਖੜੋਏ, ਉਸ ਤੋਂ ਕਤਾਰ ਸ਼ੁਰੂ ਹੁੰਦੀ, ਪਰ ਹੋ ਰਿਹਾ ਹੈ ਇਸ ਦੇ ਬਿਲਕੁਲ ਉਲਟ। ਅੱਜ ਦਾ ਸਿੱਖ, ਗੁਰੂ ਨਾਨਕ ਵੱਲੋਂ ਖੁੰਡੇ ਕੀਤੇ ਤਰਕ-ਵਹੀਣ ਕੱਚੇ ਤੇ ਪਿੱਲੇ ‘ਹਿੰਦੂ’ ਦੇ ਪਿੱਛੇ ਕਤਾਰ ਵਿਚ ਖਲੋਤਾ ਹੁੰਦਾ ਹੈ।
ਮੇਰਾ ਇਹ ਸੋਚਣਾ ਹੈ ਕਿ ਗੁਰੂ ਨਾਨਕ ਵੱਲੋਂ ਹਕੀਕੀ ਰੂਪ ਵਿਚ ਲਿਤਾੜੀ ਮਨੁੱਖਤਾ ਲਈ ਜੋ ਵੱਡੇ ਅਤੇ ਕ੍ਰਾਂਤੀਕਾਰੀ ਕਾਰਜ ਕੀਤੇ ਗਏ ਸਨ, ਦਾ ਸਹੀ ਮੁਲੰਕਣ ਹੋਇਆ ਹੀ ਨਹੀਂ। ਜਿੰਨੇ ਵੱਡੇ ਕਾਰਜ ਸਨ, ਗੁਰੂ ਨਾਨਕ ਨੂੰ ਉਸ ਦੇ ਅਨੂਰੂਪ ਵਿਸ਼ਾਲ ਦਿੱਖ ਨਹੀਂ ਮਿਲੀ। ਗੁਰੂ ਨਾਨਕ, ਸਿੱਖਾਂ ਲਈ ਇੱਕੋ ਇੱਕ ਦਿਉਕੱਦ ਚਿਹਰਾ ਹੋਣਾ ਚਾਹੀਦਾ ਸੀ, ਪਰ ਇਹ ਹਕੀਕਤ ਵਿਚ ਨਜ਼ਰ ਨਹੀਂ ਆਉਂਦਾ। ਹਰ ਗੁਰੂ ਕਾਲ ਵਿਚ ਗੁਰੂ ਨਾਨਕ ਦੇ ਕਾਰਜ ਅਤੇ ਮੂਲ ਮੰਤਰ ਦਾ ਫਲਸਫਾ ਹੀ ਪ੍ਰਮੁੱਖਤਾ ਦਾ ਵਿਸ਼ਾ ਹੋਣਾ ਚਾਹੀਦਾ ਸੀ, ਪਰ ਗੁਰੂ ਨਾਨਕ ਦੇ ਨਾਮ ਨੂੰ ਹੀ ਸਿਰਫ ਸੰਸਥਾਪਕ ਮੁਖੀ ਵਜੋਂ ਹੀ ਵਰਤਿਆ ਗਿਆ। ਸਿੱਖ ਧਰਮ ਵਿਚ ‘ਇੱਕ ਜੋਤ’ ਸਿਰਫ ਲਿਖਤੀ ਤੌਰ ‘ਤੇ ਰਿਹਾ, ਪਰ ਕਾਰਜਾਂ ਵਿਚ ਅਨੇਕਤਾ ਦਾ ਪ੍ਰਚਲਨ ਹੀ ਪ੍ਰਤੀਬਿੰਬਤ ਹੈ। ਇਹ ਸਭ ਹਿੰਦੂਆਂ ਤੋਂ ਸਿੱਖ ਬਣੇ ਭੇਖੀ ਦੋਖੀਆਂ ਨੇ ਸਿੱਖ ਗੁਰੂਆਂ ਦੀ ਹਲੀਮੀ ਅਤੇ ਦਿਆਨਤਦਾਰੀ ਨੂੰ ਬੜੇ ਲੁਕਵੇਂ ਢੰਗ ਨਾਲ ਵਰਤਦਿਆਂ ਹੌਲੀ-ਹੌਲੀ ਗੁਰੂ ਨਾਨਕ ਵੱਲੋਂ ਪ੍ਰਚਾਰਿਤ ਨਿਜ਼ਾਮ ਨੂੰ ਮਨਫੀ ਕਰਦਿਆਂ, ਹਰ ਸਿੱਖ ਗੁਰੂ ਨੂੰ ਗੁਰੂ ਨਾਨਕ ਦੇ ਸਮਾਨੰਤਰ ਸਥਾਪਿਤ ਕਰਨ ਦੇ ਯਤਨ ਕੀਤੇ। ਇਹ ਪ੍ਰਭਾਵ ਸਥਾਪਤ ਕੀਤਾ ਗਿਆ ਕਿ ਹਰ ਗੁਰੂ ਆਪਣੇ ਆਪ ਵਿਚ ਸੰਪੂਰਨ ਤੇ ਸਮਰੱਥ ਹੈ। ਇਹ ਪੰਜਵੇਂ ਗੁਰੂ ਅਰਜਨ ਦੇਵ ਦਾ ਨਿੱਜੀ ਯਤਨ ਸੀ ਕਿ ਹਰ ਗੁਰਬਾਣੀ ਦੀ ਅੰਤਿਕਾ ਵਿਚ ‘ਨਾਨਕ’ ਦੀ ਮੋਹਰ ਕਾਰਨ ‘ਗੁਰੂ ਨਾਨਕ’ ਨੂੰ ਪੂਰੇ ਗੁਰੂ ਕਾਲ ਅਤੇ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਕੀਤਾ।
ਗੁਰੂ ਨਾਨਕ ਵੱਲੋਂ ਹਰ ਸਿੱਖ ਲਈ ਜ਼ਰੂਰੀ ਮੂਲ ਮੰਤਰ ‘ਤੇ ਅਜੇ ਤੱਕ ਸਿੱਖ ਵਿਦਵਾਨਾਂ ਨੇ ਪੂਰਨ ਵਿਸਤਾਰ ਸਹਿਤ ਵਿਚਾਰ ਹੀ ਨਹੀਂ ਕੀਤਾ, ਨਾ ਹੀ ਇਸ ਪਿੱਛੇ ਲੁਕੇ ਵਿਸ਼ਾਲ ਤੇ ਬ੍ਰਹਿਮੰਡ ਦੇ ਮਰਮ ਨੂੰ ਵਿਚਾਰਿਆ ਹੈ। ਅਫਸੋਸ ਦੀ ਗੱਲ ਤਾਂ ਇਹ ਹੈ ਕਿ ਸਿੱਖ ਵਿਦਵਾਨਾਂ ਨੇ ‘ਮੂਲ ਮੰਤਰ’ ਬਾਰੇ ਸਿੱਖੀ ਸਰੂਪ ਵਾਲੇ ਬ੍ਰਾਹਮਣੀ ਵਿਚਾਰਧਾਰਾ ਨਾਲ ਭਿੱਜੇ ਹੋਏ ਅਖੌਤੀ ਸਿੱਖ ਵਿੱਦਵਾਨਾਂ ਵੱਲੋਂ ਸੁਝਾਏ ਅਰਥਾਂ ‘ਤੇ ਅੱਖਾਂ ਬੰਨ ਕੇ ਮੰਨਣ ਨੂੰ ਪਹਿਲ ਦਿੱਤੀ। ਭੇਖੀ ਸਿੱਖ ਵਿਦਵਾਨਾਂ ਨੇ ਗੁਰੂ ਨਾਨਕ ਵੱਲੋਂ ਵਰੋਸਾਏ ਨਵੇਂ ਸੁਜਾਖੇ ਸਿੱਖਾਂ ਵਿਚਕਾਰ ਆਪਣੇ ਸਮਕਾਲੀ ਹਿੰਦੂਆਂ ਵਾਂਗ ਕਲਪਿਤ ਘਟਨਾਵਾਂ ਅਤੇ ਗੱਲਾਂ ‘ਤੇ ਅੰਧ-ਵਿਸ਼ਵਾਸ ਕਰਨ ਦੀ ਮੁਹਿੰਮ ‘ਤੇ ਬੜੀ ਸ਼ਿੱਦਤ ਨਾਲ ਕੰਮ ਕੀਤਾ। ਉਹ ਪੂਰਾਤਨ ਤੇ ਟਕਸਾਲੀ ਸਿੱਖਾਂ ਨੂੰ ਤਾਂ ਨਹੀਂ ਵਰਗਲਾ ਸਕੇ, ਪਰ ਨਵੇਂ ਬਣੇ ਸਿੱਖਾਂ ਵਿਚ ਉਹ ਅੰਧ-ਵਿਸ਼ਵਾਸ ਦੀ ਧਾਰਨਾ ਸਥਾਪਿਤ ਕਰਨ ਵਿਚ ਕੁਝ ਹੱਦ ਤੱਕ ਸਫਲ ਰਹੇ।
ਗੁਰੂ ਨਾਨਕ ਸਾਹਿਬ ਮੂਲ ਮੰਤਰ ਵਿਚ ਕਹਿਣਾ ਕੀ ਚਾਹੁੰਦੇ ਹਨ? ਆਮ ਉੱਤਰ ਮਿਲਦਾ ਹੈ ਕਿ ਗੁਰੂ ਸਾਹਿਬ ਕਹਿੰਦੇ ਹਨ, ‘ਰੱਬ’ ਇੱਕ ਹੈ; ਤਾਂ ਫਿਰ ਇਸ ਵਿਚ ਨਵੀਂ ਗੱਲ ਕੀ ਹੈ? ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਹੋਏ ਸਾਰੇ ਧਰਮਾਂ ਦੇ ਸੰਸਥਾਪਕਾਂ ਨੇ ਵੀ ਤਾਂ ਘੁਮਾ ਫਿਰਾ ਕੇ ਇਹ ਹੀ ਕਿਹਾ ਹੈ ਕਿ ਰੱਬ ਇਕ ਹੈ, ਪਰ ਉਨ੍ਹਾਂ ਦੇ ਕਹਿਣ ਦਾ ਅਸਿੱਧਾ ਤੇ ਲੁਕਵਾਂ ਅਰਥ ਇਹ ਹੁੰਦਾ ਹੈ ਕਿ ਉਹ (ਗੁਰੂ) ਖੁਦ ਹੀ ਉਸ ਵਿਸ਼ੇਸ਼ ਧਰਮ ਨੂੰ ਮੰਨਣ ਵਾਲਿਆਂ ਦਾ ਇੱਕੋ ਇੱਕ ਰੱਬ ਹੈ। ਮਿਸਾਲ ਵਜੋਂ ਇਸਲਾਮ ਦੇ ਪੈਰੋਕਾਰਾਂ ਦਾ ਮੰਨਣਾ ਹੈ ਕਿ ਦੁਨੀਆਂ ਦਾ ਇੱਕੋ ਇੱਕ ਰੱਬ ਯਾਨਿ ‘ਅੱਲਾ’ ਹੀ ਹੈ। ਠੀਕ ਇਵੇਂ ਹੀ ਈਸਾਈਆਂ ਦਾ ਵਿਸ਼ਵਾਸ ਹੈ ਕਿ ਦੁਨੀਆਂ ਵਿਚ ਇੱਕ ਹੀ ਰੱਬ ਹੈ, ਤੇ ਉਹ ਹੈ, ‘ਯਸ਼ੂ ਮਸੀਹ।’ ਹਿੰਦੂ 33 ਕਰੋੜ ਦੇਵੀ-ਦੇਵਤਿਆਂ ਦੀ ਫੌਜ ਕਿੱਲੇ ਬੰਨੀ ਬੈਠੇ ਹਨ। ਹਰ ਧਰਮ ਕਹਿੰਦਾ ਹੈ, ਸਭ ਕੁਝ ਉਨ੍ਹਾਂ ਦੇ ਰੱਬ ਵੱਲੋਂ ਕੀਤਾ ਹੀ ਹੋ ਰਿਹਾ ਹੈ? ਹਰ ਧਰਮ ਵਿਚ ਆਪਣੇ ਪੈਰੋਕਾਰਾਂ ਨੂੰ ਨਿਯੰਤ੍ਰਿਤ ਕਰਨ ਲਈ ਸਵਰਗ ਤੇ ਨਰਕ ਜ਼ਰੂਰ ਹੁੰਦੇ ਹਨ। ਮਜ਼ੇਦਾਰ ਗੱਲ ਇਹ ਹੈ ਕਿ ਸਵਰਗ ਦੀਆਂ ਚਾਬੀਆਂ ਹਰ ਧਰਮ ਦੇ ਅਵਤਾਰਾਂ ਪਾਸ ਹੀ ਹੁੰਦੀਆਂ ਹਨ ਅਤੇ ਸਵਰਗ ਵਿਚ ਦਾਖਲਾ ਵੀ ਉਨ੍ਹਾਂ ਅਵਤਾਰੀ ਪੁਰਸ਼ਾਂ ਦੀ ਸਿਫਾਰਸ਼ ਨਾਲ ਹੀ ਮਿਲਦਾ ਹੈ, ਜਿਸ ਲਈ ਉਨ੍ਹਾਂ ਦੇ ਧਰਮਾਂ ਦੀ ਇੰਨ-ਬਿੰਨ ਪਾਲਣਾ ਸਭ ਤੋਂ ਵੱਡੀ ਸ਼ਰਤ ਹੁੰਦੀ ਹੈ। ਸਵਰਗ ਦੇ ਨਾਲ ਭਿਅੰਕਰ ਨਰਕ ਵੀ ਹੈ, ਜਿਸ ਵਿਚ ਧਰਮ ਦੀ ਸਹੀ ਪਾਲਣਾ ਨਾ ਕਰਨ ਵਾਲਿਆਂ ਨੂੰ ਘੋਰ ਸਜ਼ਾਵਾਂ ਦੇਣ ਦੇ ਪ੍ਰਬੰਧ ਹੁੰਦੇ ਹਨ। ਇਹ ਸਭ ਧਰਮ ਨਾ ਹੋ ਕੇ ਮਨੁੱਖ ਲਈ ‘ਆ ਬੈਲ ਮੁਝੇ ਮਾਰ’ ਵਾਲੀ ਗੱਲ ਹੈ।
(ਜੇ ਰੱਬ ਇੱਕ ਹੀ ਹੈ ਅਤੇ ਇਹੋ ਵੱਡਾ ਸੱਚ ਹੈ ਤਾਂ ਫਿਰ ਉਸ ਵਕਤ ਦੀ ਖਲਕਤ ਧਰਮਾਂ ਅਤੇ ਇਨ੍ਹਾਂ ਵੱਲੋਂ ਨਿਰਮਿਤ ਸਮਾਜਾਂ ਤੋਂ ਦੁਖੀ ਤੇ ਅਵਾਜ਼ਾਰ ਕਿਉਂ ਸੀ? ਭਾਈ ਗੁਰਦਾਸ ਜੀ ਨੂੰ ਕਿਉਂ ਉਸ ਸਮੇਂ ਨੂੰ ‘ਜਗਤ ਜਲੰਦਾ’ ਕਹਿਨਾ ਪਿਆ? ਵੱਖ-ਵੱਖ ਧਰਮਾਂ ਦੇ ਅਣਗਿਨਤ ਲੋਕਾਂ ਨੂੰ ਗੁਰੂ ਨਾਨਕ ਦੇ ‘ੴ ਸਤਿਨਾਮ ਕਰਤਾ ਪੁਰਖ’ ਦੇ ਫਲਸਫੇ ਨੇ ਕਿਉਂ ਤੇ ਕਿਵੇਂ ਪ੍ਰਭਾਵਿਤ ਕੀਤਾ? ਗੁਰੂ ਨਾਨਕ ਨੇ ਕਿਹਾ ਕਿ ਧਰਮ ਤਾਂ ਇੱਕ ਅਲੌਕਿਕ ਅਹਿਸਾਸ ਦਾ ਨਾਮ ਹੈ, ਜੋ ਹਰ ਪਲ ਮਨੁੱਖ ਨੂੰ ਖੁੱਲ੍ਹ ਕੇ ਕਰਤੇ ਦੀ ਸਿਰਜੀ ਕਾਇਨਾਤ ਅਤੇ ਇਸ ਦੀ ਸਿਰਜਣਾ ਦਾ ਸੰਪੂਰਨ ਸਵਰਗੀ ਅਨੰਦ ਲੈਣ ਲਈ ਚਾਹਤ ਦੀ ਸਿਰਜਣਾ ਕਰਦਾ ਹੈ।)
ਗੁਰੂ ਨਾਨਕ ਨੇ ਖੰਡਨ ਕੀਤਾ ਹੈ, ਸਾਰੇ ਧਰਮਾਂ ਦੇ ਮਨੁੱਖੀ ਪੈਗੰਬਰਾਂ ਅਤੇ ਉਨ੍ਹਾਂ ਦੇ ਸ਼ੁਰੂਆਤੀ ਦੌਰ ਦੇ ਪੈਰੋਕਾਰਾਂ ਵੱਲੋਂ ਆਪਣੀ ਸੋਚ ਤੇ ਸਮਝ ਅਨੁਸਾਰ ਸਿਰਜੇ ਧਰਮ ਅਤੇ ਇਸ ਦੇ ਪ੍ਰਬੰਧਨ ਲਈ ਤਿਆਰ ਨਿਯਮਾਂ ਦਾ; ਨਿਯਮਾਂ ਅਨੁਸਾਰ ਤੈਅ ਕੀਤੀਆਂ ਜਿਉਂਦੇ ਜੀਅ ਸਜ਼ਾਵਾਂ ਦਾ; ਸ਼ਰਨ ਵਿਚ ਆਉਣ ‘ਤੇ ਮੁਆਫੀਆਂ ਦਾ ਅਤੇ ਫਿਰ ਅਖੀਰ ਵਿਚ ਮਰਨ ਪਿਛੋਂ ਸਵਰਗ ਦਾ ਲੋਭ! ਧਰਮ ਦੇ ਮਾਰਗ ‘ਤੇ ਨਾ ਚੱਲਣ ਵਾਲਿਆਂ ਨੂੰ ਨਰਕ ਵਿਚ ਦਿੱਤੇ ਜਾਣ ਵਾਲੇ ਤਸੀਹਿਆਂ ਦੇ ਡਰ ਵਾਲੇ ਨਿਜ਼ਾਮ ਦਾ। ਧਰਮ ਇੱਕ ਅਜਿਹਾ ਮਾਰੂ ਮਾਨਸਿਕ ਹਥਿਆਰ ਬਣ ਗਿਆ ਹੈ, ਜੋ ਮਨੁੱਖ ਨੂੰ ਅਣ-ਐਲਾਨੀ ਮਾਨਸਿਕ ਜਲਾਵਤਨੀ ਵਿਚ ਸਾਰੀ ਉਮਰ ਉਲਝਾਈ ਰੱਖਦਾ ਹੈ। ਗੁਰੂ ਨਾਨਕ ਮਨੁੱਖ ਨੂੰ ਧਰਮ ਦੇ ਨਾਮ ‘ਤੇ ਉਪਰੋਕਤ ਉਲਝਣਾਂ ਵਿਚ ਉਲਝਾਏ ਜਾਣ ਦੇ ਵਿਰੋਧ ਵਿਚ ਸਨ/ਹਨ। ਜਿਵੇਂ-ਜਿਵੇਂ ਧਰਮ ਵਧਦਾ ਅਤੇ ਫੈਲਦਾ ਹੈ, ਇਸ ਦੇ ਸੰਚਾਲਕਾਂ ਦੀਆਂ ਨੀਤੀਆਂ ਵੀ ਸਮੇਂ ਅਨੁਸਾਰ ਬਦਲਦੀਆਂ ਰਹਿੰਦੀਆਂ ਹਨ। ਧਰਮ ਦੇ ਸਵਰੂਪ ਤੇ ਸੋਚ ਵਿਚ ਸਮੇਂ ਨਾਲ ਤਬਦੀਲੀਆਂ ਆਉਣੀਆਂ ਲਾਜ਼ਮੀ ਹਨ, ਪਰ ਹਮੇਸ਼ਾ ਇਹ ਧਰਮ ਦੀਆਂ ਪਾਬੰਦੀਆਂ ਮਨੁੱਖ ਦੀ ਨਿੱਜੀ ਤੇ ਆਜ਼ਾਦਾਨਾ ਸੋਚ ਦੀ ਪ੍ਰਵਿਰਤੀ ਨੂੰ ਪ੍ਰਭਾਵਿਤ ਕਰਦੀਆਂ ਹਨ। ਮਨੁੱਖ ਆਤਮਿਕ ਤੌਰ ‘ਤੇ ਕਰਤੇ ਵੱਲੋਂ ਬਖਸ਼ੇ ਜਮਾਂਦਰੂ ਬੁੱਧ ਅਤੇ ਬਲ ਤੋਂ ਵੀ ਬਲਹੀਣ ਹੋਣ ਲੱਗ ਪਿਆ ਹੈ। ਉਸ ਦਾ ਹਰ ਕੰਮ ਅਤੇ ਹਰ ਫੈਸਲਾ ਨਿਰੋਲ ਉਸ ਦਾ ਨਾ ਹੋ ਕੇ ਉਸ ਦੇ ਧਰਮ ਅਤੇ ਧਰਮ ਅਨੁਸਾਰ ਘੜੇ ਹੋਏ ਸਮਾਜ ਦੀਆਂ ਮਾਨਤਾਵਾਂ ਅਧੀਨ ਹੁੰਦਾ ਹੈ। ਮਨੁੱਖ, ਮਨੁੱਖ ਨਹੀਂ ਰਹਿੰਦੇ, ਉਨ੍ਹਾਂ ‘ਤੇ ਵਿਸ਼ੇਸ਼ ਧਰਮ ਵਾਲੇ ਹੋਣ ਦਾ ਠੱਪਾ ਲੱਗ ਜਾਂਦਾ ਹੈ।
ਗੁਰੂ ਨਾਨਕ ਨੇ ਮਨੁੱਖੀ ਪੈਗੰਬਰਾਂ ਵੱਲੋਂ ਈਜਾਦ ਕੀਤੇ ਧਰਮਾਂ ਦੀ ਆੜ ਵਿਚ ਮਨੁੱਖਾਂ ਦੀ ਆਪਸ ਵਿਚ ਅਤੇ ਮਨੁੱਖਤਾ ਤੋਂ ਦੂਰੀ, ਸਮਾਜ ਵਿਚ ਅਸਮਾਨਤਾਵਾਂ, ‘ਮੈਂ’ ਹੀ ‘ਮੈਂ’ ਦੇ ਦਾਅਵੇ ਅਤੇ ਬ੍ਰਹਿਮੰਡ ਦੇ ਅਸਲ ਕਰਤੇ ਦੀ ਅਣਦੇਖੀ ਜਿਹੇ ਦਾਵਿਆਂ ਨੂੰ ਨਕਾਰਿਆ, ਲੋਕਾਈ ਨੂੰ ਸੰਦੇਸ਼ ਦਿੱਤਾ ਕਿ ਇਹ ਸਭ ਯੋਨੀਆਂ ਤੋਂ ਜਨਮ ਲੈਨ ਵਾਲੇ ਇਨਸਾਨ, ਜੋ ਰੱਬ ਬਣਨ ਦਾ ਦਾਅਵਾ ਕਰਦੇ ਹਨ ਤੇ ਬ੍ਰਹਿਮੰਡ ਘੜਨ ਦੀਆਂ ਗੱਲਾਂ ਕਰਦੇ ਹਨ, ਸਭ ਝੂਠੇ ਤੇ ਇਕ ਦੂਜੇ ਦੇ ਪਰਸਪਰ ਵਿਰੋਧੀ ਹਨ। ‘ਗੁਰੂ ਨਾਨਕ ਨੇ ਸੰਸਾਰ ਵਿਚ ਪਹਿਲੀ ਵਾਰ ਇਹ ਅਲੋਕਾਰੀ ਸੱਚ ਲੋਕਾਂ ਸਾਹਮਣੇ ਰੱਖਿਆ’ ਕਿ ਇਸ ਬ੍ਰਹਿਮੰਡ ਦਾ ਕਰਤਾ ਸਿਰਫ ਇੱਕ ਹੈ, ਉਸ ਦਾ ਨਾਮ ਸੱਚ ਹੈ ਤੇ ਇਹੋ ਹੀ ਕਰਤਾ ਹੈ, ਉਹ ਸੱਚ ਹੈ ਤੇ ਨਿਰਭਉ ਹੈ, ਉਹ ਸੱਚ ਹੈ, ਤੇ ਨਿਰਵੈਰ ਹੈ, ਉਹ ਸੱਚ ਹੈ ਤੇ ਅਕਾਲਿ ਮੂਰਤ ਹੈ, ਉਹ ਸੱਚ ਹੈ ਤੇ ਅਜੂਨੀ ਹੈ, ਉਹ ਸੱਚ ਹੈ ਤੇ ਸੈਭੰ ਹੈ, ਉਹ ਸੱਚ ਹੀ ਗੁਰ ਦਾ ਪ੍ਰਸਾਦਿ ਹੈ, ਯਾਦ ਰੱਖੋ ਕਿ ਉਹ ਆਦਿ ਵਿਚ ਸਚੁ ਸੀ, ਜੁਗਾਦਿ ਵਿਚ ਸੱਚ ਸੀ; ਗੁਰੂ ਨਾਨਕ ਦਾ ਕਹਿਣਾ ਹੈ ਕਿ ਇਹ ਹੈ ਵੀ ਸਚੁ ਅਤੇ ਇਸੇ ਸਚੁ ਦਾ ਵਰਤਾਰਾ ਹੀ ਰਹਿਨਾ ਹੈ।
ਗੁਰੂ ਨਾਨਕ ਦਾ ‘ਕਰਤਾ ਪੁਰਖ’ ਵਾਲਾ ਸੱਚ ਦੱਸਣ ਦਾ ਮਕਸਦ ਲੋਕਾਈ ਨੂੰ ਸਾਵਧਾਨ ਕਰਨਾ ਸੀ ਕਿ ਇਨ੍ਹਾਂ, ਜੋ ਧਰਮਾਂ ਦਾ ਅਤੇ ਉਸ ਦੇ ਦੇਵੀ, ਦੇਵਤਿਆਂ ਅਤੇ ਕਰਮ ਕਾਂਡਾਂ ਦਾ ਅਨੁਸ਼ਰਨ ਤੁਸੀਂ ਕਰ ਰਹੇ ਹੋ, ਇਹ ਸਭ ਮਿਥਿਆ ਹੈ। ਇਹ ਜੋ ਦੇਵੀਆਂ ਜਾਂ ਦੇਵਤਿਆਂ ਦੀਆਂ ਸ਼ਕਤੀਆਂ ਅਤੇ ਉਨ੍ਹਾਂ ਵੱਲੋਂ ਬ੍ਰਹਿਮੰਡ ਦੀ ਕਾਰਜ ਵਿਧੀ ਤੈਅ ਕਰਨਾ ਤੇ ਆਪਣੀ ਅਧੀਨਗੀ ਦੇ ਜੋ ਦਾਅਵੇ ਕਰਦੇ ਹਨ, ਸਭ ਨਿਰਾਧਾਰ ਹਨ। ਇਨ੍ਹਾਂ ਵੱਲੋਂ ਤੈਅ ਕੀਤੇ ਕਰਮ ਕਾਂਡ ਵੀ ਝੂਠੇ ਹਨ, ਅਤੇ ਇਨ੍ਹਾਂ ਸਭਨਾਂ ਦਾ ਮੁੱਖ ਉਦੇਸ਼ ਵੱਖ-ਵੱਖ ਧਰਮਾਂ ਦੇ ਨਾਮ ‘ਤੇ ਪਹਿਲਾਂ ਮਨੁੱਖ ਅਤੇ ਫਿਰ ਹੌਲੀ-ਹੌਲੀ ਸਾਰੀ ਮਨੁੱਖਤਾ ਨੂੰ ਆਪਣਾ ਦਾਸ ਬਣਾਉਣਾ ਹੈ। ਇਹ ਮਨੁੱਖਾਂ ਵਿਚ ਵੰਡੀਆਂ ਪਾ ਕੇ ਇਨਸਾਨੀ ਜੀਵਨ ਨੂੰ ਆਪਣੀਆਂ ਰਹਿਤਾਂ ਬਹਿਤਾਂ ਦਾ ਗੁਲਾਮ ਬਣਾ ਆਪਣਾ ਨਾਮ ਜਪਾਉਣਾ ਹੈ। ਇਹ ਸੱਚ ਦੀ ਵਣਜ ਨਹੀਂ ਕਰਦੇ। ਇਨ੍ਹਾਂ ਵੱਲੋਂ ਤਿਆਰ ਕੀਤਾ ਪਸਾਰਾ ਵੀ ਝੂਠ ਹੈ। ਇਨ੍ਹਾਂ ਦੇ ਕਰਮ ਕਾਂਡਾਂ ਪਿੱਛੇ ਕੋਈ ਸੱਚਾਈ ਵੀ ਨਹੀਂ ਹੈ।
ਇਨ੍ਹਾਂ ਦੇ ਬਿਲਕੁਲ ਵਿਪਰੀਤ ਗੁਰੂ ਨਾਨਕ ਜਿੱਥੇ ਕਿਤੇ ਵੀ ਗਏ, ਸੱਚ ਅਤੇ ਸਿਰਫ ਸੱਚ ਦੀਆਂ ਹੀ ਬਾਤਾਂ ਪਾਈਆਂ। ਉਨ੍ਹਾਂ ਨੇ ਆਪਣੇ ਜੀਵਨ ਕਾਲ ਵਿਚ ਜੋ ਕੁਝ ਵੀ ਲੋਕਾਂ ਨੂੰ ਉਪਦੇਸਿਆ, ਸਭ ਕੁਝ ਆਪਣੇ ਕੀਤੇ ਕਾਰਜਾਂ ਰਾਹੀਂ ਸਿੱਧ ਵੀ ਕੀਤਾ ਹੈ। ਉਨ੍ਹਾਂ ਨੇ ਕਿਸੇ ਜੰਤਰ-ਮੰਤਰ ਦਾ ਪ੍ਰਚਾਰ ਨਹੀਂ ਕੀਤਾ, ਨਾ ਹੀ ਉਨ੍ਹਾਂ ਨੇ ਕਿਸੇ ਦੇਵੀ ਜਾਂ ਦੇਵਤੇ ਦੀ ਕੋਈ ਰਿੱਧੀ ਜਾਂ ਸਿੱਧੀ ਕੀਤੀ ਹੈ। ਗੁਰੂ ਨਾਨਕ ਦਾ ਤਾਂ ਕਹਿਣਾ ਹੈ ਕਿ ‘ਮਨ ਤੂੰ ਜੋਤੀ ਸਰੂਪ ਹੈ, ਅਪਨਾ ਮੂਲ ਪਛਾਨ।’ ਜਿਤਨੀ ਦੇਰ ਤੱਕ ਤੁਸੀਂ ਆਪਣੇ ਆਪ ਨੂੰ ਜਾਣਦੇ ਜਾਂ ਪਛਾਣਦੇ ਨਹੀਂ, ਤੁਹਾਨੂੰ ਕਿਵੇਂ ਪਤਾ ਚੱਲੇਗਾ ਤੁਹਾਡੀ ਆਪਣੀ ਸਮਰੱਥਾ ਦਾ? ਕਿਵੇਂ ਤੁਸੀਂ ਆਪਣੀ ਤਾਕਤ ਦਾ ਅੰਦਾਜ਼ਾ ਲਾ ਸਕੋਗੇ? ਕਿਵੇਂ ਤੁਹਾਨੂੰ ਆਪਣੀਆਂ ਸ਼ਕਤੀਆਂ/ਕਮਜ਼ੋਰੀਆਂ ਦਾ ਅਹਿਸਾਸ ਹੋਵੇਗਾ? ਇਹ ਸਭ ਕੁਝ ਤੁਹਾਨੂੰ ਖੁਦ ਕਰਨਾ ਪਵੇਗਾ। ਕੋਈ ਦੂਜਾ ਵਿਅਕਤੀ, ਭਾਵੇਂ ਉਹ ਕਿੰਨਾ ਈ ਵੱਡਾ ਬਾਬਿਆਂ ਦਾ ਬਾਬਾ ਹੀ ਕਿਉਂ ਨਾ ਹੋਏ, ਤੁਹਾਡੀ ਅੰਤਰ ਆਤਮਾ, ਜੋ ਸਿਰਫ ਤੇ ਸਿਰਫ ਤੁਹਾਡੀ ਹੈ ਅਤੇ ਉਸ ਅੰਦਰ ਝਾਤ ਮਾਰਨ ਦਾ ਮਾਰਗ ਵੀ ਤੁਸੀਂ ਹੀ ਹੋ, ਤਾਂ ਫਿਰ ਕੋਈ ਦੂਜਾ ਕਿਵੇਂ ਤੁਹਾਡੀ ਅੰਤਰ ਆਤਮਾ ਅੰਦਰ ਝਾਤ ਮਾਰ ਸਕਦਾ ਹੈ ਅਤੇ ਤੁਹਾਡੀਆਂ ਕਮਜ਼ੋਰੀਆਂ ਦੱਸ ਸਕਦਾ ਹੈ? ਸ਼ਕਤੀਆਂ-ਕਮਜ਼ੋਰੀਆਂ, ਚੰਗਿਆਈਆਂ-ਬੁਰਾਈਆਂ ਇਹ ਸਭ ਇਕੱਠੀਆਂ ਹੀ ਹੁੰਦੀਆਂ ਹਨ, ਪਰ ਪੁੱਛਾਂ ਵਾਲੇ ਬਾਬੇ ਸਿਰਫ ਕਮਜ਼ੋਰੀਆਂ-ਬੁਰਾਈਆਂ ਦੀਆਂ ਹੀ ਗੱਲਾਂ ਕਿਉਂ ਕਰਦੇ ਹਨ?
ਸਾਨੂੰ ਹਰ ਸਿੱਖ ਨੂੰ, ਜੇ ਸਾਡੇ ਦਿਲ ਵਿਚ ਗੁਰੂ ਨਾਨਕ ਅਤੇ ਸਿੱਖ ਧਰਮ ਲਈ ਸਤਿਕਾਰ ਹੈ, ਤਾਂ ਨਿੱਜੀ ਤੌਰ ‘ਤੇ ਹੀ ਸ਼ੇਰ ਜਵਾਨਾਂ ਵਾਲਾ ਹੰਭਲਾ ਮਾਰਨਾ ਪੈਣਾ ਹੈ। ਸਿੱਖ ਧਰਮ ਕਿਸੇ ਸੰਪਰਦਾ ਜਾਂ ਸੰਸਥਾ ਦੀ ਨਿੱਜੀ ਜਾਗੀਰ ਨਹੀਂ ਹੈ। ਹਰ ਇੱਕ ਉਹ ਇਨਸਾਨ, ਜੋ ਸਿੱਖ ਹੈ ਅਤੇ ਗੁਰੂ ਨਾਨਕ ਅਤੇ ਉਸ ਵੱਲੋਂ ਵਰੋਸਾਏ ਸਿੱਖ ਧਰਮ ਦਾ ਧਾਰਨੀ ਹੈ, ਉਹ ਹਰ ਸਿੱਖ, ‘ਸਿੱਖ ਧਰਮ’ ਦਾ ਵਾਰਿਸ ਹੈ। ਜੇ ਅਜੇ ਵੀ ਅਸੀਂ ਨਾ ਜਾਗੇ ਤਾਂ ਫਿਰ ਜਿਉਂਦੇ ਹੀ ਬੇਪਤ ਹੋ ਕੇ ਗੰਵਾਰ ਭੇਡਾਂ ਵਾਂਗ ਪੁਜਾਰੀਆਂ ਦੇ ਭੇਖ ਵਾਲੇ ਆਜੜੀਆਂ ਦੇ ਝੁੰਡਾਂ ਵਿਚ ਸ਼ਾਮਲ ਹੋਣ ਲਈ ਤਿਆਰ ਰਹੋ।