ਕੱਤਕ ਕਿ ਵੈਸਾਖ? ਕਿ ਦੋਵੇਂ?

ਡਾ: ਆਸਾ ਸਿੰਘ ਘੁੰਮਣ
ਨਡਾਲਾ (ਕਪੂਰਥਲਾ)
ਵਟਸਐਪ: 91-98152-53245
ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਬਾਰੇ ਬਹੁ-ਗਿਣਤੀ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਗੁਰੂ ਜੀ ਦਾ ਜਨਮ ਪਿੰਡ ਰਾਇ ਭੋਇੰ ਵਿਖੇ ਵਿਸਾਖ ਸੁਦੀ ਤਿੰਨ ਸੰਮਤ 1526 ਅਨੁਸਾਰ 15 ਅਪਰੈਲ 1469 ਈਸਵੀ ਨੂੰ ਹੋਇਆ। ਇਹ ਜਨਮ ਮਿਤੀ ਲਿਖਣ ਉਪਰੰਤ ਨਾਲ ਹੀ ਇਤਿਹਾਸਕਾਰ ਫੁਟ-ਨੋਟ ਦੇ ਦਿੰਦੇ ਹਨ ਕਿ ਉਂਜ ਸਿੱਖ ਸੰਗਤਾਂ ਇਹ ਦਿਹਾੜਾ ਕੱਤਕ ਪੂਰਨਮਾਸ਼ੀ ਨੂੰ ਮਨਾਉਂਦੀਆਂ ਹਨ। ਪ੍ਰਕਾਸ਼ ਉਤਸਵ ਕਦੋਂ ਤੋਂ ਕੱਤਕ ਪੂਰਨਮਾਸ਼ੀ ਵਾਲੇ ਦਿਨ ਮਨਾਇਆ ਜਾਣਾ ਸ਼ੁਰੂ ਹੋਇਆ ਜਾਂ ਕਿਉਂ ਬਦਲਿਆ ਗਿਆ ਜਾਂ ਕੀ ਸੱਚੀਂ-ਮੁੱਚੀਂ ਹੀ ਪ੍ਰਕਾਸ਼ ਦਿਹਾੜਾ ਕੱਤਕ ਪੂਰਨਮਾਸ਼ੀ ਨੂੰ ਹੀ ਸੀ? ਇਸ ਬਾਰੇ ਸਿੱਖ ਵਿਦਵਾਨਾਂ ਵਿਚ ਕਾਫੀ ਵਾਦ-ਵਿਵਾਦ ਰਿਹਾ ਹੈ ਅਤੇ ਅੱਜ ਵੀ ਕਾਇਮ ਹੈ।

ਗੁਰੂ ਜੀ ਦੀਆਂ ਵਿਸ਼ੇਸ਼ ਜਨਮ-ਸ਼ਤਾਬਦੀਆਂ ਮੌਕਿਆਂ ਚੇਤੰਨ ਸਿੱਖਾਂ ਵੱਲੋਂ ਅਕਸਰ ਇਹ ਮੰਗ ਉੱਠਦੀ ਰਹੀ ਹੈ ਕਿ ਇਸ ਦਾ ਕੋਈ ਸਦੀਵੀ ਹੱਲ ਲੱਭ ਲੈਣਾ ਚਾਹੀਦਾ ਹੈ, ਪਰ ਅਜਿਹਾ ਹੋ ਨਹੀਂ ਸਕਿਆ। ਹਾਲਾਂਕਿ ਇਹ ਮਤ ਵੀ ਵਾਜਬ ਸਮਝਿਆ ਜਾਂਦਾ ਹੈ ਕਿ ਗੁਰੂ ਜੀ ਦਾ ਪ੍ਰਕਾਸ਼ ਪੁਰਬ ਕਿਸੇ ਵੀ ਦਿਨ ਮਨਾ ਲਈਏ ਕੀ ਫਰਕ ਪੈਂਦਾ ਹੈ, ਅਸਲ ਮਹੱਤਵ ਤਾਂ ਉਨ੍ਹਾਂ ਦੀਆਂ ਸਿਖਿਆਂਵਾਂ ਨੂੰ ਜੀਵਨ ਵਿਚ ਅਮਲੀ ਰੂਪ ਦੇਣ ਦਾ ਹੈ।
ਗੁਰੂ ਜੀ ਦਾ ਫਲਸਫਾ ਤਾਂ ਉਨ੍ਹਾਂ ਦੀਆਂ ਲਿਖਤਾਂ ਦੇ ਰੂਪ ਵਿਚ ਗੁਰੂ ਅਰਜੁਨ ਦੇਵ ਜੀ ਦੀ ਦੂਰ-ਦ੍ਰਿਸ਼ਟੀ ਦੀ ਬਦੌਲਤ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਾਰਨ ਸਾਂਭਿਆ ਪਿਆ ਹੈ, ਪਰ ਗੁਰੂ ਜੀ ਦੇ ਇਤਿਹਾਸਕ ਅਤੇ ਸੰਸਾਰਕ ਜੀਵਨ ਬਾਰੇ ਜਾਣਨ ਲਈ ਸਾਡੇ ਕੋਲ ਜਨਮ ਸਾਖੀਆਂ ਤੋਂ ਬਿਨਾ ਹੋਰ ਕੋਈ ਲਿਖਤਾਂ ਨਹੀਂ। ਜਨਮ ਸਾਖੀਆਂ ਦਾ ਭਾਵੇਂ ਪੰਜਾਬੀ ਵਾਰਤਕ ਸਾਹਿਤ ਅਤੇ ਖਾਸ ਤੌਰ ‘ਤੇ ਸ਼ਰਧਾ-ਮਈ ਸਾਹਿਤ (ਹਅਗਿਗਰਅਪਹਚਿ ਲਟਿeਰਅਟੁਰe) ਵਿਚ ਵਿਸ਼ੇਸ਼ ਸਥਾਨ ਹੈ, ਪਰ ਸਿੱਖ ਇਤਿਹਾਸਕਾਰੀ ਵਿਚ ਉਨ੍ਹਾਂ ਦਾ ਮੁਕਾਮ ਨਿਸ਼ਚਿਤ ਕਰਨਾ ਇੱਕ ਕਠਿਨ ਕਾਰਜ ਹੈ। ਅਸਲੀਅਤ ਤਾਂ ਇਹੀ ਹੈ ਕਿ ਜਨਮ ਸਾਖੀਆਂ ਸ਼ਰਧਾਵਾਨਾਂ ਵੱਲੋਂ ਸਿੱਖ ਸੰਗਤਾਂ ਨੂੰ ਪ੍ਰਭਾਵਿਤ ਕਰਨ ਦੇ ਮਕਸਦ ਨਾਲ ਲਿਖੀਆਂ ਗਈਆਂ, ਨਾ ਕਿ ਇਤਿਹਾਸ ਲਿਖਣ ਦੇ ਮੰਤਵ ਨਾਲ। ਸਾਖੀਕਾਰਾਂ ਦੇ ਗੁਪਤ-ਲੁਪਤ ਏਜੰਡੇ ਵੀ ਸਨ, ਜਿਨ੍ਹਾਂ ਨੂੰ ਮੁੱਖ ਰੱਖ ਕੇ ਉਨ੍ਹਾਂ ਤੱਥਾਂ ਨੂੰ ਤਰੋੜ-ਮਰੋੜ ਕੇ ਪੇਸ਼ ਕੀਤਾ।
ਡਬਲਿਯੂ. ਐਚ. ਮੈਕਲੌਡ ਠੀਕ ਲਿਖਦਾ ਹੈ ਕਿ ਅੱਜ ਵੀ ਪੰਜਾਬ ਵਿਚ ਜੇ ਕਿਸੇ ਬੁੱਕ-ਸ਼ਾਪ ਤੋਂ ਜਨਮ ਸਾਖੀ ਦੀ ਮੰਗ ਕੀਤੀ ਜਾਵੇ ਤਾਂ ਵੀਹ-ਵਿਸਵੇ ਦੁਕਾਨਦਾਰ ਤੁਹਾਨੂੰ ਬਾਲਾ ਜਨਮ ਸਾਖੀ ਹੀ ਦੇਵੇਗਾ, ਹਾਲਾਂਕਿ ਸਾਖੀ ਪਰੰਪਰਾ ਵਿਚ ਭਾਈ ਬਾਲੇ ਤੋਂ ਬਿਨਾ ਘੱਟੋ-ਘੱਟ ਤਿੰਨ ਹੋਰ ਜਨਮ ਸਾਖੀਆਂ ਬਹੁਤ ਮਹੱਤਵ ਰੱਖਦੀਆਂ ਹਨ: ਪੁਰਾਤਨ ਜਨਮ ਸਾਖੀ/ਵਲਾਇਤ ਵਾਲੀ ਜਨਮ-ਸਾਖੀ/ ਕੋਲਬਰੁੱਕ ਵਾਲੀ/ਹਾਫਜ਼ਾਬਾਦੀ ਜਨਮ ਸਾਖੀ; ਭਾਈ ਮਿਹਰਬਾਨ ਵਾਲੀ ਜਨਮ ਸਾਖੀ ਅਤੇ ਭਾਈ ਮਨੀ ਸਿੰਘ ਵਾਲੀ ਜਨਮ ਸਾਖੀ। ਇਨ੍ਹਾਂ ਵਿਚੋਂ ਸਭ ਤੋਂ ਵੱਧ ਪੁਰਾਤਨ ਜਨਮ ਸਾਖੀ ਵਲਾਇਤ ਵਾਲੀ ਜਾਂ ਕੋਲਬਰੁੱਕ ਵਾਲੀ ਜਨਮ ਸਾਖੀ ਹੀ ਮੰਨੀ ਜਾਂਦੀ ਰਹੀ ਹੈ, ਹਾਲਾਂਕਿ ਇਸ ਦੇ ਅਗਲੇ-ਪਿਛਲੇ ਸਫੇ ਫਟੇ ਹੋਣ ਕਾਰਨ ਕੁਝ ਨਹੀਂ ਕਿਹਾ ਜਾ ਸਕਦਾ ਕਿ ਇਹ ਕਿਸ ਨੇ ਲਿਖੀ ਅਤੇ ਕਦੋਂ ਲਿਖੀ। ਭਾਈ ਮਿਹਰਬਾਨ ਵਾਲੀ ਇਕੱਲੀ ਐਸੀ ਜਨਮ ਸਾਖੀ ਹੈ, ਜਿਸ ਦੇ ਰਚਨਾਕਾਰ ਅਤੇ ਰਚਨਾ-ਕਾਲ ਬਾਰੇ ਯਕੀਨ ਨਾਲ ਕੁਝ ਕਿਹਾ ਜਾ ਸਕਦਾ ਹੈ। ਭਾਈ ਮਨੀ ਸਿੰਘ ਦੇ ਨਾਂ ‘ਤੇ ਵੀ ਕਿੰਤੂ-ਪ੍ਰੰਤੂ ਕੀਤੇ ਜਾਂਦੇ ਹਨ, ਹਾਲਾਂਕਿ ਕੁਝ ਵਿਦਵਾਨ ਇਹ ਵਿਸ਼ਵਾਸ ਰੱਖਦੇ ਹਨ ਕਿ ਇਹ ਭਾਈ ਮਨੀ ਸਿੰਘ ਉਹੀ ਸਨ, ਜਿਨ੍ਹਾਂ ਦੀ ਮਹਿਮਾ ਸਿੱਖ ਅਰਦਾਸ ਵਿਚ ਕੀਤੀ ਜਾਂਦੀ ਹੈ। ਇਨ੍ਹਾਂ ਤਿੰਨਾਂ ਹੀ ਜਨਮ-ਸਾਖੀਆਂ ਵਿਚ ਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਵਿਸਾਖ ਮਹੀਨੇ ਦਾ ਹੀ ਲਿਖਿਆ ਗਿਆ ਹੈ। ਇਨ੍ਹਾਂ ਤੋਂ ਬਿਨਾ ਬੀ-40 ਜਨਮ ਸਾਖੀ, ਐਲ਼ ਡੀ. ਪੀ.-174 ਜਨਮ ਸਾਖੀ, ਸਾਖੀ ਮਹਲੇ ਪਹਿਲੇ ਕੀ (ਸਾਖੀਕਾਰ ਸੀਹਾਂ ਉੱਪਲ) ਆਦਿ ਜਨਮ ਸਾਖੀਆਂ ਵਿਚ ਵੀ ਪ੍ਰਕਾਸ਼ ਮਹੀਨਾ ਵਿਸਾਖ ਹੀ ਲਿਖਿਆ ਹੈ। ਭਾਈ ਬਾਲੇ ਵਾਲੀ ਜਨਮ ਸਾਖੀ ਇੱਕ ਇਕੱਲੀ ਜਨਮ ਸਾਖੀ ਐਸੀ ਹੈ, ਜਿਸ ਵਿਚ ਗੁਰੂ ਜੀ ਦਾ ਜਨਮ ਦਿਵਸ ਕੱਤਕ ਪੂਰਨਮਾਸ਼ੀ ਦਿੱਤਾ ਗਿਆ ਹੈ।
ਭਾਈ ਬਾਲੇ ਵਾਲੀ ਜਨਮ ਸਾਖੀ ਤੇ ਪਹਿਲਾ ਵੱਡਾ ਹੱਲਾ 1912 ਈ: ਵਿਚ ਕਰਮ ਸਿੰਘ ਹਿਸਟੋਰੀਅਨ ਨੇ ਆਪਣੀ ਪੁਸਤਕ ‘ਕੱਤਕ ਕਿ ਵਿਸਾਖ’ ਵਿਚ ਕੀਤਾ। ਕਰਮ ਸਿੰਘ ਹਿਸਟੋਰੀਅਨ ਨੇ ਦਲੀਲਾਂ ਸਹਿਤ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਕਿ ਭਾਈ ਬਾਲਾ ਨਾ ਤਾਂ ਗੁਰੂ ਜੀ ਦਾ ਅੰਗੀ-ਸੰਗੀ ਸੀ ਅਤੇ ਨਾ ਹੀ ਭਾਈ ਬਾਲੇ ਦਾ ਜ਼ਿਕਰ ਭਾਈ ਗੁਰਦਾਸ ਨੇ ਕੀਤਾ ਹੈ। ਕਈ ਹਵਾਲਿਆਂ ਨਾਲ ਇਹ ਵੀ ਸਾਬਤ ਕੀਤਾ ਜਾ ਸਕਦਾ ਹੈ ਕਿ ਇਹ ਜਨਮ ਸਾਖੀ ਗੁਰੂ ਅੰਗਦ ਦੇਵ ਜੀ ਦੇ ਸਮੇਂ ਨਹੀਂ ਲਿਖੀ ਗਈ। ਬਹੁਮਤ ਵਿਦਵਾਨਾਂ ਦਾ ਵਿਚਾਰ ਹੈ ਕਿ ਇਹ ਜਨਮ ਸਾਖੀ ਹਿੰਦਾਲੀਆ ਅਥਵਾ ਨਿਰੰਜਨੀਆਂ ਵੱਲੋਂ ਲਿਖਵਾਈ ਗਈ ਅਤੇ ਇਸ ਤਰ੍ਹਾਂ ਇਸ ਦਾ ਲਿਖਣ ਕਾਲ ਵੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵੇਲੇ ਦਾ ਹੀ ਹੈ।
ਕਰਮ ਸਿੰਘ ਹਿਸਟੋਰੀਅਨ ਦਾ ਖਿਆਲ ਹੈ ਕਿ ਨਿਰੰਜਨੀਆਂ ਨੇ ਜਨਮ ਤਾਰੀਖ ਬਦਨੀਤੀ ਨਾਲ ਕੱਤਕ ਮਹੀਨੇ ਦੀ ਲਿਖੀ। ਕਰਮ ਸਿੰਘ ਅਨੁਸਾਰ, “ਇਸ ਯਤਨ ਵੇਲੇ ਉਨ੍ਹਾਂ ਦੇ ਮਨ ਵਿਚ ਪੰਜਾਬ ਦਾ ਉਹ ਪ੍ਰਸਿੱਧ ਭਰਮ ਮੌਜੂਦ ਸੀ, ਜੋ ਇਸ ਤਰ੍ਹਾਂ ਹੈ ਕਿ ਜਿਸ ਇਸਤਰੀ ਦੇ ਭਾਦਰੋਂ ਜਾਂ ਕੱਤਕ ਵਿਚ ਬਾਲਕ ਜਨਮੇ ਉਸ ਨੂੰ ਘਰੋਂ ਕੱਢ ਦਿੰਦੇ ਹਨ। ਬਹੁਤੇ ਤਾਂ ਉਸ ਨੂੰ ਘਰੋਂ ਕੱਢ ਕੇ ਬ੍ਰਾਹਮਣ ਨੂੰ ਸੰਕਲਪ ਕਰ ਦਿੰਦੇ ਤੇ ਫਿਰ ਮੁੱਲ ਦੇ ਕੇ ਉਸ ਪਾਸੋਂ ਲੈ ਲੈਂਦੇ ਤੇ ਇਸ ਤਰ੍ਹਾਂ ਕਰਨ ਨਾਲ ਉਸ ਬਾਲਕ ਦੀ ਅਸ਼ੁੱਭਤਾ ਚਲੀ ਗਈ ਮੰਨ ਲੈਂਦੇ।”
ਮੈਕਾਲਿਫ ਅਨੁਸਾਰ ਸੰਨ 1815 ਤੱਕ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਵਿਸਾਖ ਸੁਦੀ ਤਿੰਨ ਹੀ ਮਨਾਇਆ ਜਾਂਦਾ ਸੀ, ਇਸ ਨੂੰ ਉਸ ਵੇਲੇ ਦੇ ਦਰਬਾਰ ਸਾਹਿਬ ਦੇ ਸਰਬਰਾਹ ਤੇ ਜਾਇਦਾਦ-ਪ੍ਰਬੰਧਕ ਗਿਆਨੀ ਸੰਤ ਸਿੰਘ ਨੇ ਕੱਤਕ ਪੂਰਨਮਾਸ਼ੀ ਵਾਲੇ ਦਿਨ ਬਦਲ ਦਿੱਤਾ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਨਾਨਕਸ਼ਾਹੀ ਸੰਮਤ ਵੀ ਕੱਤਕ ਪੂਰਨਮਾਸ਼ੀ ਤੋਂ ਮੰਨ ਲਿਆ ਤੇ ਇਸ ਦਿਨ ਦੀ ਛੁੱਟੀ ਕਰਨੀ ਵੀ ਮੰਨ ਲਈ (ਇਸ ਪਿਛੇ ਇਹ ਕਾਰਨ ਵੀ ਹੋ ਸਕਦੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਆਪਣਾ ਜਨਮ ਵੀ ਕੱਤਕ ਦਾ ਹੀ ਸੀ)। ਮੈਕਾਲਿਫ ਅਨੁਸਾਰ ਗਿਆਨੀ ਸੰਤ ਸਿੰਘ ਨੇ ਅਜਿਹਾ ਰਾਮ ਤੀਰਥ ‘ਤੇ ਲੱਗਦੇ ਕੱਤਕ ਪੂਰਨਮਾਸ਼ੀ ਦੇ ਮੇਲੇ ਵਿਚੋਂ ਸਿੱਖਾਂ ਨੂੰ ਦਰਬਾਰ ਸਾਹਿਬ ਵੱਲ ਪ੍ਰੇਰਿਤ ਕਰਨ ਲਈ ਕੀਤਾ। ਉਸ ਨੇ ਭਾਈ ਬਾਲੇ ਵਾਲੀ ਜਨਮ ਸਾਖੀ ਅਨੁਸਾਰ ਹੀ ਭਾਈ ਸੰਤੋਖ ਸਿੰਘ ਤੋਂ ਗੁਰੂ ਜੀ ਦਾ ਪ੍ਰਕਾਸ਼ ਪੁਰਬ ਵੀ ਕੱਤਕ ਪੂਰਨਮਾਸ਼ੀ ਲਿਖਵਾ ਲਿਆ।
ਦੂਜੇ ਪਾਸੇ ਭਾਈ ਈਸ਼ਰ ਸਿੰਘ ਨਾਰਾ ਦਾ ਮਤ ਹੈ ਕਿ ਇਸ ਸਾਰੇ ਪੁਆੜੇ ਦੀ ਜੜ੍ਹ ਭਾਈ ਮਿਹਰਬਾਨ ਸੀ। ਸੰਨ 1970 ਵਿਚ ਛਪੀ ਆਪਣੀ ਪੁਸਤਕ ‘ਵਿਸਾਖ ਨਹੀਂ ਕੱਤਕ’ ਵਿਚ ਭਾਈ ਨਾਰਾ ਭਾਈ ਬਾਲੇ ਵਾਲੀ ਜਨਮ ਸਾਖੀ ਨੂੰ ਗੁਰੂ ਅੰਗਦ ਦੇਵ ਜੀ ਵੱਲੋਂ ਲਿਖਵਾਉਣ ਦੀ ਗੱਲ ਨੂੰ ਸਹੀ ਮੰਨਦਾ ਹੈ। ਉਸ ਅਨੁਸਾਰ ਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਕੱਤਕ ਪੂਰਨਮਾਸ਼ੀ ਨੂੰ ਹੀ ਸੀ, ਇਹ ਤਾਂ ਭਾਈ ਮਿਹਰਬਾਨ ਨੇ ਆਪ ਦੀ ਜਨਮ ਸਾਖੀ ਵਿਚ ਸਾਜਿਸ਼ ਅਧੀਨ ਵਿਸਾਖ ਸੁਦੀ ਤਿੰਨ ਆਪਣੇ ਪਿਤਾ ਹਰਿ ਰਾਏ ਦੀ ਮਿਤੀ ਲਿਖ ਦਿੱਤੀ ਸੀ ਤਾਂ ਕਿ ਸਮਾਂ ਪਾ ਕੇ ਸਿੱਖ ਸੰਗਤ ਉਸ ਦੇ ਪਿਤਾ ਦਾ ਜਨਮ ਦਿਹਾੜਾ ਮਨਾਇਆ ਕਰੇਗੀ। ਨਾਰਾ ਅਤੇ ਉਸ ਦੇ ਸਮਰਥਕਾਂ ਦਾ ਮੰਨਣਾ ਹੈ ਕਿ ਕਹੀ ਜਾਂਦੀ ਵਲਾਇਤ ਵਾਲੀ ਜਨਮ ਸਾਖੀ ਵੀ ਅਸਲ ਵਿਚ ਕਿਸੇ ਮਿਹਰਬਾਨ ਭਗਤ ਨੇ ਹੀ ਸੰਖੇਪ ਰੂਪ ਵਿਚ ਕੋਲਬਰੁੱਕ ਨੂੰ ਤੋਹਫੇ ਵਜੋਂ ਦਿੱਤੀ ਸੀ, ਜਿਸ ਨੇ ਉਹ ਕਾਪੀ ਇੰਡੀਆ ਆਫਿਸ ਲੰਡਨ ਪਹੁੰਚਾ ਦਿੱਤੀ। ਇਸ ਨੂੰ ਭੁਲੇਖੇ ਨਾਲ ਸਭ ਤੋਂ ਪੁਰਾਤਨ ਜਨਮ ਸਾਖੀ ਮੰਨਿਆ ਜਾਂਦਾ ਹੈ।
ਉਂਜ ਜੇ ਦੋਹਾਂ ਧਿਰਾਂ ਦੀਆਂ ਦਲੀਲਾਂ ਨੂੰ ਗਹੁ ਨਾਲ ਵਾਚੀਏ ਜਾਂ ਦਿੱਤੀਆਂ ਦਲੀਲਾਂ ਦਾ ਵਿਸ਼ਲੇਸ਼ਣ ਕਰੀਏ ਤਾਂ ਸਾਫ ਜਾਹਰ ਹੋ ਜਾਂਦਾ ਹੈ ਕਿ ਪ੍ਰਕਾਸ਼ ਦਿਹਾੜੇ ਦੀ ਅਦਲਾ-ਬਦਲਾ ਬਾਰੇ ਦਿੱਤੀਆਂ ਦਲੀਲਾਂ ਨਾ ਤਾਂ ਪ੍ਰਭਾਵਸ਼ਾਲੀ ਹਨ ਤੇ ਨਾ ਹੀ ਮੰਨਣਯੋਗ। ਕਰਮ ਸਿੰਘ ਹਿਸਟੋਰੀਅਨ ਦਾ ਇਹ ਮਤ ਕਿ ਕੱਤਕ-ਪੂਰਨਮਾਸ਼ੀ ਕੁਲਹਿਣਾ ਦਿਹਾੜਾ ਹੈ, ਕਿਵੇਂ ਮੰਨਿਆ ਜਾ ਸਕਦਾ ਹੈ? ਕੱਤਕ ਦਾ ਜੇ ਕਨੇਤ ਮੰਨ ਵੀ ਲਈਏ ਤਾਂ ਵੀ ਪੂਰਨਮਾਸ਼ੀ ਨੂੰ ਕਿਵੇਂ ਅਸ਼ੁੱਭ ਮੰਨਿਆ ਜਾ ਸਕਦਾ ਹੈ? ਭਾਈ ਨਾਰਾ ਦਾ ਤਰਕ ਹੋਰ ਵੀ ਕਮਜ਼ੋਰ ਲੱਗਦਾ ਹੈ ਕਿ ਭਾਈ ਮਿਹਰਬਾਨ ਨੇ ਕੱਤਕ ਪੂਰਨਮਾਸ਼ੀ ਦਿਹਾੜਾ ਬਦਲ ਕੇ ਆਪਣੇ ਪਿਤਾ ਵਾਲੀ ਜਨਮ ਮਿਤੀ ਲਿਖ ਦਿੱਤੀ। ਕੀ ਸਿੱਖ ਸੰਗਤਾਂ ਐਡੀਆਂ ਹੀ ਬੁੱਧੂ ਸਨ ਕਿ ਉਹ ਭਾਈ ਮਿਹਰਬਾਨ ਦੇ ਝਾਂਸੇ ਵਿਚ ਆ ਕੇ ਆਪਣੇ ਗੁਰੂ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਬਦਲ ਦਿੰਦੀਆਂ? ਭਾਈ ਗੁਰਦਾਸ ਜੀ ਦੀਆਂ ਤੁਕਾਂ ਤੋਂ ਸਾਫ ਜਾਹਰ ਹੈ ਕਿ ਸਿੱਖ ਸੰਗਤ ਲੰਬੇ ਸਮੇਂ ਤੋ ਗੁਰਪੁਰਬ ਮਨਾਉਂਦੀਆਂ ਆ ਰਹੀਆਂ ਸਨ:
ਭਾਇ ਭਗਤਿ ਭੈ ਵਰਤਮਾਨ
ਗੁਰ ਸੇਵਾ ਗੁਰਪੁਰਬ ਕਰੰਦੇ।
ਭਾਇ ਭਗਤਿ ਬੈ ਸੇਵਦੇ ਗੁਰਪੁਰਬ ਕਰਾਏ।

ਕੁਰਬਾਣੀ ਤਿਨਾ ਗੁਰਸਿਖਾ
ਭਾਇ ਭਗਤਿ ਗੁਰਪੁਰਬ ਕਰੰਦੇ।

ਧਰਮਸਾਲ ਵਿਚਿ ਬੀਜਦੇ
ਕਰ ਗੁਰਪੁਰਬ ਸੁ ਵਣਜ ਸਓਤੇ।
ਗੁਰਪੁਰਬ ਪਹਿਲਾਂ ਤੋਂ ਹੀ ਵਿਸਾਖ ਸੁਦੀ ਤਿੰਨ ਅਤੇ ਕੱਤਕ ਪੂਰਨਮਾਸ਼ੀ ਨੂੰ ਮਨਾਏ ਜਾਣੇ ਸ਼ੁਰੂ ਹੋ ਗਏ ਸਨ। ਅਸੀਂ ਗੁਰੂ ਨਾਨਕ ਦੇਵ ਜੀ ਦੇ ਮਾਮਲੇ ਵਿਚ ਅਸਲ ਵਿਚ ਸਿਰਫ ਦੋ ਤਾਰੀਖਾਂ ਨੂੰ ਹੀ ਮਾਨਤਾ ਦਿੰਦੇ ਰਹੇ ਹਾਂ-ਪ੍ਰਕਾਸ਼ ਪੁਰਬ ਅਤੇ ਪ੍ਰਗਮਨ ਦਿਨ। ਕੁਝ ਵਿਦਵਾਨਾਂ ਦੀ ਇਹ ਰਾਏ ਹੈ ਕਿ ਰਾਇ ਭੋਇੰ ਦੀ ਤਲਵੰਡੀ ਵਿਖੇ ਤਾਂ ਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਉਨ੍ਹਾਂ ਦੇ ਜਿਉਂਦਿਆ ਹੀ ਰਾਏ ਬੁਲਾਰ ਨੇ ਉਨ੍ਹਾਂ ਦੀ ਯਾਦ ਵਿਚ ਮਨਾਉਣਾ ਸ਼ੁਰੂ ਕਰ ਦਿੱਤਾ ਸੀ। ਕਰਤਾਰਪੁਰ ਵਿਖੇ ਜੋਤੀ ਜੋਤ ਸਮਾਉਣ ਦਾ ਦਿਹਾੜਾ ਬਹੁਤ ਮਹੱਤਵਪੂਰਨ ਸੀ, ਕਿਉਂਕਿ ਸੰਗਤਾਂ ਨੇ ਗੁਰੂ ਜੀ ਦਾ ਆਖਰੀ ਮੌਕਾ ਅੱਖੀਂ ਦੇਖਿਆ ਸੀ; ਪਰ ਸੁਲਤਾਨਪੁਰ ਲੋਧੀ ਵਿਖੇ ਗੁਰੂ ਜੀ ਦਾ ਪੁਨਰ ਜਨਮ ਦਿਹਾੜਾ ਅਥਵਾ ਪ੍ਰਭੂ-ਮਿਲਨ ਦਿਹਾੜਾ ਬਹੁਤ ਅਹਿਮ ਸੀ। ਜਦੋਂ ਸਾਰੇ ਪਾਸੇ ਇਹ ਸਮਝਿਆ ਜਾਣ ਲੱਗ ਪਿਆ ਕਿ ਗੁਰੂ ਜੀ ਸਵੇਰੇ ਇਸ਼ਨਾਨ ਕਰਨ ਗਏ ਦਰਿਆ ਵਿਚ ਡੁੱਬ ਗਏ ਹਨ ਤਾਂ ਸਾਰੇ ਪਾਸੇ ਹਾਹਾਕਾਰ ਮੱਚ ਗਈ। ‘ਤਬ ਜੈ ਰਾਮ ਕਉ ਖਬਰਿ ਭਈ, ਉਨਿ ਲਾਹਿ ਪਗ ਭੁਇੰ ਨਾਲ ਮਾਰੀ, ਸਿਆਪਾ ਹੂਆ।’ ਤਿੰਨ ਦਿਨ ਬਾਅਦ ਜਦ ਪ੍ਰਭੂ ਮਿਲਾਪ ਪਿਛੋਂ ਉਹ ‘ਗੁਰੂ ਪਰਮੇਸ਼ਰ’ ਦੇ ਰੱਬੀ ਰੂਪ ਵਿਚ ਉਹ ਪਰਗਟ ਹੋਏ; ਉਸੇ ਹੀ ਘਾਟ ਤੋਂ, ਸਵੇਰੇ ਸਾਝਰੇ, ਅੰਮ੍ਰਿਤ ਵੇਲੇ, ਇੱਕ ਵੱਖਰੇ ਅਨੂਪ-ਸਰੂਪ ਵਿਚ, ਭੈ-ਮੁਕਤ, ਬੰਧਨ ਮੁਕਤ ਅਵੱਸਥਾ ਵਿਚ, ਅਨੋਖੇ ਜਾਹੋ-ਜਲਾਲ ਵਿਚ, ਨੂਰੋ-ਨੂਰ।
ਜਨਮ ਸਾਖੀਆਂ ਅਨੁਸਾਰ ਉਹ ਸਵੇਰ ਕੱਤਕ ਪੂਰਨਮਾਸ਼ੀ ਦੀ ਸ਼ੁਭ ਸਵੇਰ ਸੀ। ਉਸ ਦਿਨ ਤੋਂ ਬਾਅਦ ਆਲੇ-ਦੁਆਲੇ ਦੀਆਂ ਸੰਗਤਾਂ ਨੇ ਹਰ ਸਾਲ ਇਹ ਦਿਹਾੜਾ ਮਨਾਉਣਾ ਸ਼ੁਰੂ ਕਰ ਦਿੱਤਾ। ਇਹ ਦਿਹਾੜਾ ਕਿਵੇਂ ਭੁਲਾਇਆ ਜਾ ਸਕਦਾ ਸੀ, ਜਦੋਂ ਉਨ੍ਹਾਂ ਦੇ ਦੁੱਖ-ਸੁੱਖ ਦਾ ਭਾਈਵਾਲ, ਦੈਵੀ ਗੁਣਾਂ ਦਾ ਧਾਰਨੀ, ਤੇਰਾਂ ਤੇਰਾਂ ਤੋਲਣ ਵਾਲਾ, ਮਿੱਠਾ-ਮਿੱਠਾ ਬੋਲਣ ਵਾਲਾ, ਭੈਣ ਨਾਨਕੀ ਦਾ ਵੀਰ ਵੇਈਂ ਦੇ ਪਾਣੀਆਂ ਵਿਚੋਂ ਮੁੜ ਪਰਗਟ ਹੋਇਆ ਸੀ ਅਤੇ ਉਸ ਦੇ ਅਗੰਮੀ ਬੋਲਾਂ ਸਾਹਮਣੇ ਸ਼ਾਹੀ ਕਾਜ਼ੀ ਅਤੇ ਨਵਾਬ ਦੌਲਤ ਖਾਨ ਲੋਧੀ ਵੀ ਅੰਤਰ-ਝਾਤ ਮਾਰਨ ਨੂੰ ਮਜਬੂਰ ਹੋ ਗਏ ਸਨ ਤੇ ਗੁਰੂ ਜੀ ਦੇ ਰੱਬੀ ਸ਼ਬਦਾਂ ਅੱਗੇ ਝੁਕ ਗਏ ਸਨ।
ਜਨਮ ਸਾਖੀਆਂ ਦੇ ਲਿਖਣ ਵੇਲੇ ਤੱਕ ਕਈ ਸਾਲ ਬੀਤ ਚੁਕੇ ਸਨ। ਗੱਲ ਮੌਖਿਕ ਰੂਪ ਵਿਚ ਤੁਰਦੀ ਤੁਰਦੀ ਦੋਹਾਂ ਤਾਰੀਖਾਂ ਦੇ ਭੁਲੇਖੇ ਵਿਚ ਪੈ ਗਈ। ਅਸਲੀਅਤ ਇਹੀ ਹੈ ਕਿ ਸਿੱਖ ਸੰਗਤਾਂ ਦੋਵੇਂ ਦਿਹਾੜੇ ਮਨਾਉਂਦੀਆਂ ਆਈਆਂ ਹਨ।