ਜਪੁਜੀ ਅਧਿਐਨ-ਸਿੱਟੇ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਜਪੁਜੀ ਦੇ ਅਧਿਐਨ ਤੋਂ ਫਿਰ ਕੀ ਸਮਝੀਏ? ਜੋ ਕੁਝ ਦੂਜਿਆਂ ਤੋਂ ਸੁਣਿਆ ਤੇ ਜੋ ਕੁਝ ਗੁਰੂ ਸਾਹਿਬ ਦੀ ਲਿਖਤ ‘ਚੋਂ ਪੜ੍ਹਿਆ, ਉਸ ਵਿਚ ਕੀ ਫਰਕ ਕਰੀਏ? ਗੁਰੂ ਸਾਹਿਬ ਦੀ ਸਿਖਿਆ ‘ਤੇ ਵਿਚਾਰ ਕਰ ਕੇ ਕੀ ਲੱਖਣ ਲਾਈਏ ਕਿ ਕੀ ਠੀਕ ਤੇ ਕੀ ਗਲਤ ਹੈ, ਅਰਥਾਤ ਜੀਵਨ ਵਿਚ ਕੀ ਰੁਖ ਅਪਨਾਈਏ? ਕਿਸੇ ਵੀ ਪੁਸਤਕ, ਖਾਸ ਕਰ ਕੇ ਜਪੁਜੀ ਜਿਹੀ ਮਹਾਨ ਕ੍ਰਿਤ ਦੇ ਅਧਿਐਨ ਪਿਛੋਂ ਇਸ ਤਰ੍ਹਾਂ ਦੇ ਪ੍ਰਸ਼ਨ ਆਮ ਉੱਠਦੇ ਹਨ। ਉੱਠਣੇ ਚਾਹੀਦੇ ਵੀ ਹਨ, ਕਿਉਂਕਿ ਸਹੀ ਮੁਲੰਕਣ ਤੋਂ ਬਿਨਾ ਕੋਈ ਵੀ ਅਧਿਐਨ ਅਧੂਰਾ ਹੈ। ਉਂਜ ਇਹ ਸਿੱਟੇ ਹਰੇਕ ਪਾਠਕ ਨੂੰ ਆਪ ਕੱਢਣੇ ਬਣਦੇ ਹਨ, ਕਿਉਂਕਿ ਹਰੇਕ ਆਪਣੀ ਜ਼ਿੰਦਗੀ ਦਾ ਆਪ ਚਾਲਕ ਹੈ ਤੇ ਹਰੇਕ ਨੇ ਇਸ ਨੂੰ ਚਲਾਉਣ ਲਈ ਆਪ ਰਾਹ ਬਣਾਉਣਾ ਹੈ।

ਸਿੱਖੀ ਦਾ ਮਾਰਗ ਵਿਧੀ ਆਧਾਰਿਤ ਹੈ, ਇਸ ਲਈ ਇਹ ਵਿਧੀ ਸਿੱਖਣ ਦੀ ਜ਼ਿੰਮੇਵਾਰੀ ਹਰ ਇਕ ਦੀ ਆਪਣੀ ਹੈ, ਪਰ ਇਸ ਪ੍ਰਕ੍ਰਿਆ ਦੀ ਮੋਟੀ ਰਾਹ ਜੋ ਸਿੱਖੀ ਉਦੇਸ਼ ਵਲ ਸਭ ਨੂੰ ਸਿੱਧਾ ਲੈ ਕੇ ਜਾ ਸਕਦੀ ਹੈ, ਸਾਰਿਆਂ ਲਈ ਇਕੋ ਹੈ। ਬਸ ਇਸੇ ਮੁਢਲੀ ਸਿਖਿਆ ਦਾ ਲੇਖਾ-ਜੋਖਾ ਤੇ ਇਸ ਤੋਂ ਬਣਦੇ ਸਿੱਟਿਆਂ ਦਾ ਜ਼ਿਕਰ ਇੱਥੇ ਕੀਤਾ ਗਿਆ ਹੈ।
ਜਪੁਜੀ ਦੇ ਇਸ ਅਧਿਐਨ ਤੋਂ ਬਾਅਦ ਸਭ ਤੋਂ ਵੱਡੀ ਗੱਲ ਇਹ ਸਮਝ ਵਿਚ ਆਉਂਦੀ ਹੈ ਕਿ ਗੁਰੂ ਸਾਹਿਬ ਕੋਈ ਆਮ ਵਿਅਕਤੀ ਨਹੀਂ ਸਨ ਤੇ ਨਾ ਹੀ ਉਨ੍ਹਾਂ ਦੀ ਬਾਣੀ ਕੋਈ ਆਮ ਲਿਖਤ ਹੈ। ਉਹ ਕੋਈ ਆਮ ਮਾਲਾ ਫੇਰਨ ਵਾਲੇ ਸੰਤ ਮਹਾਤਮਾ ਨਹੀਂ ਸਨ, ਸਗੋਂ ਵਿਸ਼ਵ ਚਿੰਤਨ ਦੀ ਉੱਚੀ ਸੋਝੀ ਵਾਲੇ ਵਿਦਵਾਨ ਸਨ। ਉਹ ਯਥਾਰਥ ਤੋਂ ਉੱਪਰ ਉੱਠੇ ਹਵਾਈ ਗੱਲਾਂ ਕਰਨ ਵਾਲੇ ਪੂਜਾ ਪਾਠੀ ਨਹੀਂ ਸਨ, ਜੋ ਅਧਿਆਤਮਵਾਦ ਦੇ ਰਸਤੇ ਜੀਵਨ ਮੁਕਤੀ ਦੇ ਰਾਹ ਪਏ ਹੋਣ। ਉਨ੍ਹਾਂ ਦੀ ਪ੍ਰਤਿਭਾ ਦਾ ਸੱਚਾ ਬਿਆਨ ਇਹ ਹੈ ਕਿ ਉਹ ਬਹੁਪੱਖੀ ਸ਼ਖਸੀਅਤ ਦੇ ਮਾਲਕ ਸਨ ਅਤੇ ਉਸ ਤੋਂ ਵੀ ਉੱਪਰ ਡੂੰਘੀ ਸਮਝ ਤੇ ਵਿਗਿਆਨਕ ਸੋਚ ਦੇ ਧਾਰਨੀ ਸਨ। ਉਹ ਹਰ ਗੱਲ ਬਿਨਾ ਕਿਸੇ ਊਚ ਨੀਚ ਅਤੇ ਬਿਨਾ ਕਿਸੇ ਲਾਭ-ਹਾਣ ਜਾਂ ਆਪਣੇ-ਪਰਾਏ ਦੇ ਭੇਦ ਭਾਵ ਤੋਂ ਵਿਚਾਰਦੇ ਸਨ। ਉਨ੍ਹਾਂ ਦੀ ਹਰ ਗੱਲ ਸੱਚ ਦੇ ਤਰਾਜੂ ਵਿਚੋਂ ਤੁਲ ਕੇ ਨਿਕਲੀ ਤੇ ਵਿਗਿਆਨੀ ਮਿਆਰ ਦੀ ਹੁੰਦੀ ਸੀ। ਇਹ ਸੱਚ ਕਿਸੇ ਸਿਰ-ਨਰੜ ਮਿਲਾਪੜੀ ਸੰਧੀ ਜਾਂ ਮਧੱਯਸਤੀ ਫੈਸਲੇ ਵਾਂਗ ਨਹੀਂ ਸੀ ਹੁੰਦਾ, ਸਗੋਂ ਜਮੀਨੀ ਹਕੀਕਤਾਂ ਤੋਂ ਉੱਭਰਿਆ, ਤਿੱਖੀ ਪਰਖ ਪੜਚੋਲ ਨਾਲ ਕਸ਼ੀਦਿਆ ਅਤੇ ਯਥਾਰਥ ਦੀ ਕਸਵੱਟੀ ‘ਤੇ ਖਰਾ ਉਤਰਨ ਵਾਲਾ ਦੁਰਾਡਾ ਤੇ ਸਦੀਵੀ ਸੱਚ ਹੁੰਦਾ ਸੀ। ਇੰਜ ਆਖੋ, ਉਨ੍ਹਾਂ ਦੀ ਦੱਸੀ ਰਾਹ ਆਪ ਵਿਗਿਆਨਕ ਸੇਧ ਸੀ, ਜਿਸ ਨੂੰ ਜਿਵੇਂ ਵੀ ਪਰਖੋ, ਸਹੀ ਸਿੱਧ ਹੁੰਦੀ ਸੀ। ਆਪਣੀ ਪ੍ਰਬਲ ਆਮ ਸੋਚ (ਛੋਮਮੋਨਸeਨਸe) ਤੇ ਡੂੰਘੇ ਹਕੀਕੀ ਅਨੁਭਵਾਂ ਰਾਹੀਂ ਉਨ੍ਹਾਂ ਨੇ 15ਵੀਂ-16ਵੀਂ ਸਦੀ ਦੇ ਅੰਧ-ਵਿਸ਼ਵਾਸੀ ਯੁਗ ਵਿਚ ਚੌਕਾਉਣ ਵਾਲੇ ਅਗਾਂਹਵਧੂ ਦਾਰਸ਼ਨਿਕ ਵਿਚਾਰ ਦਿੱਤੇ, ਜੋ ਹਮੇਸ਼ਾ ਲਈ ਚਿੰਤਕਾਂ ਤੇ ਵਿਗਿਆਨੀਆਂ ਦਾ ਮਾਰਗ-ਦਰਸ਼ਨ ਕਰਦੇ ਰਹਿਣਗੇ।
ਇਸ ਲਈ ਜਦੋਂ ਕੋਈ ਵਿਅਕਤੀ ਇਹ ਕਹਿੰਦਾ ਹੈ ਕਿ ਉਹ ਗੁਰੂ ਸਾਹਿਬ ਨੂੰ ਮੰਨਦਾ ਹੈ, ਉਸ ਨੂੰ ਆਪਣੇ ਅੰਦਰ ਇਹ ਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਗੁਰੂ ਸਾਹਿਬ ਨੂੰ ਕਿਵੇਂ ਮੰਨਦਾ ਹੈ? ਗੁਰੂ ਸਾਹਿਬ ਦੀ ਪ੍ਰਤੀਬੱਧਤਾ ਸਤਿ ਨਾਲ ਸੀ ਤੇ ਸਤਿ ਨੂੰ ਪ੍ਰਾਪਤ ਕਰਨ ਦੀ ਵਿਧੀ ਨਾਲ ਸੀ। ਜੋ ਗੱਲ ਸਤਿ ਨਹੀਂ ਸੀ ਜਾਂ ਜੋ ਸੱਚ ਤੋਂ ਦੂਰ ਲੈ ਕੇ ਜਾਣ ਵਾਲੀ ਸੀ, ਉਹ ਉਨ੍ਹਾਂ ਲਈ ਪਰਾਈ ਤੇ ਵਿਅਰਥ ਸੀ। ਇਸ ਲਈ ਗੁਰੂ ਸਾਹਿਬ ਨੂੰ ਮੰਨਣ ਦਾ ਭਾਵ ਮੁੱਖ ਤੌਰ ‘ਤੇ ਉਨ੍ਹਾਂ ਦੇ ਇਸ ਗੁਰ ਨੂੰ ਮੰਨਣਾ ਹੈ ਤੇ ਇਹੀ ਉਨ੍ਹਾਂ ਦੀ ਸਿੱਖਿਆ ਦਾ ਨਿਚੋੜ ਹੈ। ਇਸ ਨੂੰ ਕਿਸੇ ਹੋਰ ਢੰਗ ਨਾਲ ਮੰਨਣਾ ਕਰਮ ਕਾਂਡ ਤੇ ਪਖੰਡ ਹੈ।
ਅਜੋਕੇ ਸਿੱਖ ਵਿਦਵਾਨ ਜੋ ਗੁਰੂ ਸਾਹਿਬ ਦੀ ਤਾਰੀਫ ਕਰਦੇ ਲਿਖਦੇ ਹਨ ਕਿ ਉਨ੍ਹਾਂ ਨੇ ਲੋਕਾਂ ਦੀ ਬੋਲੀ ਵਿਚ ਆਮ ਲੋਕਾਂ ਨੂੰ ਆਪਣਾ ਗਿਆਨ ਦਿੱਤਾ, ਉਹ ਬੱਸ ਇਥੋਂ ਤੀਕ ਹੀ ਠੀਕ ਹਨ। ਤਹਿ ਵਿਚ ਜਾਉ ਤਾਂ ਸਿੱਟੇ ਭਿੰਨ ਨਿਕਲਦੇ ਹਨ। ਲੋਕਾਂ ਦੀ ਬੋਲੀ ਪੰਜਾਬੀ ਵਿਚ ਤਾਂ ਹਿਸਾਬ, ਵਿਗਿਆਨ ਤੇ ਅਰਥ-ਸਾਸ਼ਤਰ ਦੀਆਂ ਪੁਸਤਕਾਂ ਵੀ ਹਨ, ਪਰ ਕਿੰਨੇ ਕੁ ਆਮ ਲੋਕ ਇਨ੍ਹਾਂ ਦੇ ਮਾਹਿਰ ਹਨ, ਕਿੰਨੇ ਪੜ੍ਹਨ ਵਿਚ ਦਿਲਚਸਪੀ ਰੱਖਦੇ ਹਨ ਤੇ ਕਿੰਨੇ ਕੁ ਇਨ੍ਹਾਂ ਨੂੰ ਸਮਝ ਸਕਦੇ ਹਨ? ਅਨਪੜ੍ਹ ਤਾਂ ਚਲੋ ਪੜ੍ਹ ਨਹੀਂ ਸਕਦੇ, ਪਰ ਇਕ ਵਿਸ਼ੇ ਦੇ ਡਿਗਰੀ ਪਾਸ ਵੀ ਦੂਜੇ ਵਿਸ਼ੇ ਵਿਚ ਅਨਪੜ੍ਹ ਸਮਾਨ ਹੀ ਹੁੰਦੇ ਹਨ। ਹਰ ਵਿਸ਼ੇ ਦੀ ਆਪਣੀ ਸ਼ਬਦਾਵਲੀ ਤੇ ਆਪਣੀਆਂ ਸਬੰਧਤ ਧਾਰਨਾਵਾਂ ਹੁੰਦੀਆਂ ਹਨ, ਜੋ ਸਿੱਖੀ ਸਿਧਾਂਤ ਦੀਆਂ ਵੀ ਹਨ। ਸਰਲ ਬੋਲੀ ਜਾਂ ਮਾਂ ਬੋਲੀ ਵਿਚ ਉੱਲਥਾ ਕਰਨ ਨਾਲ ਇਹ ਸਰਲ ਨਹੀਂ ਹੋ ਜਾਂਦੀਆਂ ਤੇ ਨਾ ਹੀ ਇਨ੍ਹਾਂ ਨਾਲ ਜੁੜੇ ਵਿਚਾਰ ਸਰਲ ਹੁੰਦੇ ਹਨ। ਜੇ ਸਰਲ ਕਰ ਵੀ ਲਏ ਜਾਣ ਤਾਂ ਇਹ ਗਿਆਨ ਉਸਾਰੀ ਦੇ ਕੰਮ ਨਹੀਂ ਆ ਸਕਦੇ। ਜੇ ਸਰਲ ਰੂਪ ਵਿਚ ਇਹ ਗਿਆਨ ਵਿਚ ਰੁਕਾਵਟ ਬਣਦੇ ਸਨ ਤਾਂ ਹੀ ਇਨ੍ਹਾਂ ਨੂੰ ਸਰਬ-ਸੰਕਲਪਿਤ ਰੂਪ ਦੇਣਾ ਪਿਆ। ਇਸ ਲਈ ਜਦੋਂ ਤੀਕ ਸਿੱਖ ਜਗਿਆਸੂ ਸਿੱਖ ਮੱਤ ਨੂੰ ਰੁਚੀ ਨਾਲ ਨਾ ਸਿੱਖਣ, ਇਸ ਦਾ ਲੋਕ ਬੋਲੀ ਪੰਜਾਬੀ ਵਿਚ ਲਿਖੇ ਹੋਣਾ ਕਾਫੀ ਨਹੀਂ। ਗੁਰੂ ਸਾਹਿਬ ਦੀ ਦਰਸਾਈ ਸੇਧ ਅਨੁਸਾਰ ਸਿੱਖਣ ਤੋਂ ਬਿਨਾ ਸਿੱਖੀ ਵਿਚਾਰਾਂ ਦੀ ਸਮਝ ਪੈਣੀ ਔਖੀ ਹੈ।
ਇਸ ਲਈ ਇਹ ਜਰੂਰੀ ਨਹੀਂ ਕਿ ਹਰ ਵਿਅਕਤੀ ਹੀ ਕੁਦਰਤੀ ਤੌਰ ‘ਤੇ ਸਿੱਖੀ ਨੂੰ ਸਿੱਖਣ ਵਿਚ ਰੁਚੀ ਰੱਖਦਾ ਹੋਵੇ। ਉਹ ਦੂਜੇ ਕਿਸੇ ਵੀ ਵਿਸ਼ੇ ਨੂੰ ਸਿੱਖਣ ਵਿਚ ਵਧੇਰੇ ਦਿਲਚਸਪੀ ਰੱਖਦਾ ਹੋ ਸਕਦਾ ਹੈ। ਬਹੁਤ ਸਾਰੇ ਵਿਦਿਆਰਥੀਆਂ ਨੂੰ ਗਣਿੱਤ ਤੇ ਵਿਗਿਆਨ ਦੀ ਥਾਂ ਸੰਗੀਤ ਤੇ ਸਾਹਿਤ ਪੜ੍ਹਨ ਦੀ ਵਧੇਰੇ ਚਾਹ ਹੋ ਸਕਦੀ ਹੈ। ਹਰ ਇਕ ਵਿਸ਼ੇ ਵਲ ਜਾਣ ਦੀ ਹਰ ਇਕ ਦੀ ਰੁਚੀ ਨਹੀਂ ਹੋ ਸਕਦੀ। ਫਿਰ ਇਹ ਤਵੱਕੋ ਕਿਵੇਂ ਰੱਖੀ ਜਾ ਸਕਦੀ ਹੈ ਕਿ ਵਿਗਿਆਨ ਤੇ ਦਰਸ਼ਨ ਦੇ ਉੱਚ ਸੁਮੇਲ ਵਾਲੀ ਸਿੱਖੀ ਨੂੰ ਹਰ ਵਿਅਕਤੀ ਆਸਾਨੀ ਨਾਲ ਸਿੱਖ ਸਕੇ ਤੇ ਇਸ ਨੂੰ ਸਮਝਣ ਵਿਚ ਮੁਹਾਰਤ ਕਰ ਸਕੇ। ਬਹੁਤ ਸਾਰੇ ਲੋਕ ਸਿਰਫ ਉਪਚਾਰਕ ਕਾਰਨਾਂ ਕਰ ਕੇ ਹੀ ਸਿੱਖੀ ਦਾ ਦਮ ਭਰਦੇ ਹੋ ਸਕਦੇ ਹਨ। ਇਹ ਵੀ ਉਚਿੱਤ ਗੱਲ ਨਹੀਂ ਕਿ ਆਮ ਲੋਕਾਂ ਨੂੰ ਭਰਮਾਉਣ ਲਈ ਸਿੱਖੀ ਸਿਧਾਂਤਾਂ ਨੂੰ ਪਤਲਾ (ਧਲੁਟe) ਤੇ ਹੱਦੋਂ ਵੱਧ ਸਰਲ ਕਰਕੇ ਅਧਿਆਤਮਵਾਦ ਦੀ ਥਾਲੀ ਵਿਚ ਪਰੋਸਿਆ ਜਾਵੇ। ਇਸ ਢੰਗ ਨਾਲ ਜਾਗਰੂਕ ਸਿੱਖਾਂ ਦੀ ਥਾਂ ਅੰਧ-ਵਿਸ਼ਵਾਸੀ ਤੇ ਕਰਮ-ਕਾਂਡੀ ਸ਼ਰਧਾਲੂ ਪੈਦਾ ਹੋਣਗੇ। ਇਹ ਵਿਧੀ ਅਨੈਤਿਕ ਤਾਂ ਹੈ ਹੀ, ਨਾਲ ਸਿੱਖ ਤੇ ਸਿੱਖੀ-ਦੋਹਾਂ ਲਈ ਹਾਨੀਕਾਰਕ ਵੀ ਹੈ।
ਇਕ ਵੱਡਾ ਸਿੱਟਾ ਉੱਭਰ ਕੇ ਇਹ ਸਾਹਮਣੇ ਆਉਂਦਾ ਹੈ ਕਿ ਸਿੱਖੀ ਵਿਚ ਰੁਚੀ ਰੱਖਣ ਵਾਲੇ ਸ਼ਰਧਾਲੂਆਂ ਲਈ ਗਣਿੱਤ ਤੇ ਵਿਗਿਆਨ ਦਾ ਅਧਿਐਨ ਬੜਾ ਜਰੂਰੀ ਹੈ। ਇਹ ਇਸ ਲਈ ਕਿ ਸਿੱਖੀ ਵੀ ਇਨ੍ਹਾਂ ਵਿਸ਼ਿਆਂ ਵਾਂਗ ਤਰਕ (.ੋਗਚਿ), ਬੁੱਧੀ (ੀਨਟeਲਲeਚਟ) ਤੇ ਸੰਖੇਪਤਾ ਉੱਤੇ ਆਧਾਰਿਤ ਹੈ। ਗੁਰੂ ਸਾਹਿਬ ਔਰਤਾਂ ਨਾਲ ਵਿਤਕਰੇ ਨੂੰ ਨਿਖੇਧਦੇ ਹਨ, ਕਰਮ-ਕਾਂਡਾਂ ਨੂੰ ਨਿੰਦਦੇ ਹਨ, ਸੱਚ ਦਾ ਰਾਹ ਅਪਨਾਉਣ ‘ਤੇ ਜੋਰ ਦਿੰਦੇ ਹਨ, ਕਿਰਤ ਕਰਨ ਦੀ ਸਿੱਖਿਆ ਦਿੰਦੇ ਸਨ ਤੇ ਵੰਡ ਛਕਣ ਲਈ ਕਹਿੰਦੇ ਹਨ। ਇਹ ਕੋਈ ਬੇਤੁਕੀਆਂ ਤੇ ਬੇਬੁਨਿਆਦ ਗੱਲਾਂ ਨਹੀਂ, ਸਗੋਂ ਦਲੀਲਾਂ ਨਾਲ ਪਰੋਏ ਵਿਚਾਰ ਹਨ। ਇਨ੍ਹਾਂ ਦਲੀਲਾਂ ਦੀਆਂ ਤਾਰਾਂ ਉਸੇ ਅਗਾਂਹਵਧੂ ਤਰਕ-ਬੁੱਧੀ ਨਾਲ ਜੁੜੀਆਂ ਹੋਈਆਂ ਹਨ, ਜੋ ਗਣਿੱਤ ਤੇ ਵਿਗਿਆਨ ਦੇ ਸੂਤਰਾਂ ਵਿਚ ਮਿਲਦੀ ਹੈ। ਸਿੱਖੀ ਦੇ ਸਭ ਸੰਕਲਪ ਤਰਕ, ਬੁੱਧੀ ਤੇ ਨਿਰਪੇਖ ਨਦਰ ਤੇ ਉੱਸਰੇ ਹੋਏ ਹਨ ਅਤੇ ਇਨ੍ਹਾਂ ਰਾਹੀਂ ਹੀ ਇਨ੍ਹਾਂ ਦਾ ਸਹੀ ਸਹੀ ਸਪਸ਼ਟੀਕਰਣ ਕੀਤਾ ਜਾ ਸਕਦਾ ਹੈ।
ਮਿਸਾਲ ਵਜੋਂ ਜਦੋਂ ਗੁਰੂ ਸਾਹਿਬ “ਬੂਝੈ” ਸ਼ਬਦ ਵਰਤਦੇ ਹਨ ਤਾਂ ਉਨ੍ਹਾਂ ਦਾ ਭਾਵ ਖੋਜ ਤੋਂ ਹੈ। ਖੋਜ ਵਿਚ ਸਰਵੇਖਣ ਕਰਨਾ, ਅਕਲ ਦੌੜਾਉਣਾ, ਪ੍ਰਮਾਣ ਇੱਕਠੇ ਕਰਨਾ, ਅਨੁਭਵ ਵਰਤਣਾ ਤੇ ਪਰਿਖਣ ਕਰਨਾ ਸ਼ਾਮਲ ਹਨ। ਇਹ ਬਾਹਰਮੁਖੀ ਕ੍ਰਿਆ ਹੈ, ਜੋ ਦੂਜੇ ਜਗਿਆਸੂਆਂ ਨੂੰ ਸਮਝਾਈ ਜਾ ਸਕਦੀ ਹੈ; ਪਰ ਆਮ ਸ਼ਰਧਾਲੂ ਇਸ ਨੂੰ ਬੁਝਾਰਤ ਬੁੱਝਣ ਵਾਂਗ ਅੰਦਾਜ਼ਾ ਲਾਉਣ ਵਾਲੀ ਅੰਤਰਮੁਖੀ ਕ੍ਰਿਆ ਸਮਝ ਕੇ ਪੂਜਾ ਪਾਠ ਦੇ ਰਸਤੇ ਹੱਲ ਕਰਨਾ ਸਮਝ ਲੈਂਦੇ ਹਨ। ਇਸੇ ਤਰ੍ਹਾਂ ਹੀ ਸ਼ਬਦ “ਧਿਆਉਣ” ਦਾ ਅਰਥ ਧਿਆਨ ਲਾਉਣਾ ਅਰਥਾਤ ਦਿਮਾਗ ਵਰਤਣਾ ਹੈ, ਪਰ ਗਣਿੱਤ-ਵਿਗਿਆਨ ਦੀ ਸਮਝ ਤੋਂ ਕੋਰੇ ਸ਼ਰਧਾਲੂ ਇਸ ਨੂੰ ਵੀ ਪੂਜਾ ਪਾਠ ਜਾਂ ਸ਼ਾਂਤ ਸਮਾਧੀ ਹੀ ਮੰਨੀ ਜਾਂਦੇ ਹਨ। ਇਸ ਲਈ ਵਿਗਿਆਨਕ ਵਿਸ਼ਿਆ ਦੀ ਸਿੱਖਿਆ ਹਰ ਸਿੱਖ ਲਈ ਅਤਿ ਜਰੂਰੀ ਹੈ। ਇਸ ਮੰਤਵ ਲਈ ਸਿੱਖ ਵਿਦਵਾਨ, ਗ੍ਰੰਥੀ, ਪ੍ਰਚਾਰਕ ਤੇ ਪ੍ਰਬੰਧਕ ਵੀ ਗਣਿੱਤ ਤੇ ਵਿਗਿਆਨ ਦੀ ਜਾਣਕਾਰੀ ਰੱਖਦੇ ਹੋਣੇ ਚਾਹੀਦੇ ਹਨ। ਚੰਗਾ ਹੋਵੇ ਜੇ ਅਜਿਹੇ ਗਿਆਨ ਤੋਂ ਵਿਜੋਗਿਆ ਵਿਅਕਤੀ ਆਪ ਹੀ ਗ੍ਰੰਥੀ, ਪ੍ਰਚਾਰਕ ਤੇ ਪ੍ਰਬੰਧਕ ਬਣਨਾ ਸਵੀਕਾਰ ਨਾ ਕਰੇ।
ਜਪੁਜੀ ਅਨੁਸਾਰ ਸਹੀ ਗੱਲ ਇਹ ਹੈ ਕਿ ਸਭ ਸਿੱਖ ਗਣਿੱਤ ਤੇ ਵਿਗਿਆਨ ਨੂੰ ਪੜ੍ਹਾਈ ਲਿਖਾਈ ਵਿਚ ਉਹੀ ਮਹੱਤਵ ਦੇਣ, ਜੋ ਉਹ ਮਾਂ ਬੋਲੀ ਪੰਜਾਬੀ ਨੂੰ ਦਿੰਦੇ ਹਨ। ਸਭ ਵਿਅਕਤੀ ਸਕੂਲ-ਕਾਲਜ ਵਿਚ ਆਪਣੀ ਆਮ ਸਿੱਖਿਆ ਹਾਸਲ ਕਰਨ ਤੇ ਫਿਰ ਜਿਹੜੇ ਸ਼ੌਕ ਰੱਖਦੇ ਹੋਣ, ਉਹ ਭਾਈ ਲਹਿਣਾ ਵਾਂਗ ਸਿੱਖੀ ਦੇ ਅਧਿਐਨ ਵਿਚ ਜੁਟ ਜਾਣ। ਜੇ ਉਨ੍ਹਾਂ ਦੇ ਮਨ ਵਿਚ ਬਚਪਨ ਵਿਚ ਗ੍ਰਹਿਣ ਕੀਤੇ ਕੋਈ ਗੈਰ ਵਿਗਿਆਨਕ, ਪੱਖਪਾਤੀ ਤੇ ਕਰਮ-ਕਾਂਡੀ ਵਿਚਾਰ ਹੋਣ, ਤਾਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦੇ ਸਨਮੁੱਖ ਉਨ੍ਹਾਂ ਦਾ ਤੁਰੰਤ ਨਿਖੇਧ ਕਰਨ। ਉਹ ਆਪ ਅਗਾਂਹ ਲਈ ਇਹ ਸਮਝਣ ਤੇ ਦੂਜਿਆਂ ਨੂੰ ਦੱਸਣ ਕਿ ਅਜਿਹੇ ਵਿਚਾਰ ਮਾਸੂਮਾਂ ਦੇ ਮਨਾਂ ਵਿਚ ਭਰਨਾ ਉਨ੍ਹਾਂ ਨਾਲ ਵਿਸਾਹਘਾਤ ਕਰਨ ਦੇ ਬਰਾਬਰ ਹੈ।
ਗੁਰੂ ਨਾਨਕ ਦੇ ਜਨੇਊ ਸਵੀਕਾਰ ਨਾ ਕਰਨ ਵਾਂਗ ਹਰ ਬਾਲ ਦਾ ਜਮਾਂਦਰੂ ਹੱਕ ਹੈ ਕਿ ਉਸ ਦਾ ਬਚਪਨ ਨਿਰੋਲ ਸੱਚ ਤੋਂ ਬਿਨਾ ਸਭ ਵਿਚਾਰਧਾਰਕ ਪ੍ਰਭਾਵਾਂ ਤੋਂ ਮਹਿਫੂਜ਼ ਰਹੇ। ਯੂਨਾਨੀ ਵਿਦਵਾਨ ਪਲੈਟੋ ਨੇ ਵੀ ਆਪਣੀ ਸਿੱਖਿਆ ਸਬੰਧੀ ਵਿਚਾਰਾਂ ਵਿਚ ਇਹੀ ਕਿਹਾ ਹੈ ਕਿ ਮਨੁੱਖ ਦੀ ਸਿੱਖਿਆ ਹਮੇਸ਼ਾ ਸੱਚ ਨੂੰ ਸਾਹਮਣੇ ਰੱਖ ਕੇ ਹੋਣੀ ਚਾਹੀਦੀ ਹੈ, ਵੱਡਿਆਂ ਦੀ ਤਥਾਤਮਿਕ ਸੱਚ ਨੂੰ ਤੇ ਛੋਟਿਆਂ ਦੀ ਸਿਧਾਂਤਕ ਸੱਚ ਨੂੰ। ਚਾਹੇ ਅਜੋਕੇ ਸਿੱਖ ਵਿਦਵਾਨ ਇਸ ਸੁਝਾਅ ਨੂੰ ਵਿਰਸਾ ਵਿਸਾਰਨ ਵਾਲਾ ਹੀ ਸਮਝਣ, ਪਰ ਅਸਲ ਸਿੱਖੀ ਵਿਰਸਾ ਵਿਗਿਆਨ ਤੋਂ ਬੇਮੁਖ ਹੋਣਾ ਨਹੀਂ, ਸਗੋਂ ਭਰਮ-ਭੁਲੇਖਿਆਂ ਤੋਂ ਦੂਰ ਰਹਿਣਾ ਹੈ।
ਜਪੁਜੀ ਦਾ ਅਧਿਐਨ ਇਹ ਭਰਮ ਤੋੜਦਾ ਹੈ ਕਿ ਗੁਰੂ ਨਾਨਕ ਸਭ ਕੁਝ ਜਾਣਦੇ ਸਨ। ਜੋ ਲੋਕ ਇਹ ਭੁਲੇਖਾ ਪਾਲਦੇ ਹਨ, ਉਹ ਬਹੁਤ ਹੱਦ ਤੀਕ ਠੀਕ ਹਨ ਤੇ ਬਹੁਤ ਹੱਦ ਤੀਕ ਠੀਕ ਨਹੀਂ ਵੀ ਹਨ। ਗੁਰੂ ਸਾਹਿਬ ਇਹ ਜਾਣਦੇ ਸਨ ਕਿ ਮਨੁੱਖਤਾ ਦਾ ਮਨੋਰਥ ਪਰਮ-ਸਤਿ ਨੂੰ ਜਾਣਨਾ ਹੈ। ਉਨ੍ਹਾਂ ਨੂੰ ਪਰਮ-ਸਤਿ ਦੀਆਂ ਕੁਝ ਇਕ ਵਿਸ਼ੇਸ਼ਤਾਈਆਂ ਦਾ ਵੀ ਪਤਾ ਸੀ ਤੇ ਬਾਕੀਆਂ ਨੂੰ ਪ੍ਰਾਪਤ ਕਰਨ ਦੀ ਵਿਧੀ ਪਤਾ ਸੀ, ਪਰ ਉਨ੍ਹਾਂ ਦੀ ਸਭ ਤੋਂ ਮਹਾਨ ਗੱਲ ਇਹ ਸੀ ਕਿ ਉਹ ਪ੍ਰਕਿਰਤੀ ਦੇ ਸਾਰੇ ਨਿਯਮਾਂ ਨੂੰ ਜਾਣਨਾ ਚਾਹੁੰਦੇ ਸਨ। ਉਹ ਚਾਹੁੰਦੇ ਸਨ ਕਿ ਸਾਰਾ ਗਿਆਨ ਹਾਸਲ ਕਰ ਕੇ ਪਰਮ-ਸਤਿ ਦੀ ਛਵੀ ਦੀ ਅਸਲ ਰੂਪ ਰੇਖਾ ਸਾਹਮਣੇ ਆਵੇ ਤੇ ਇਸ ਦੇ ਹੁਕਮਾਂ ਦੇ ਗਿਆਨ ਦਾ ਲਾਭ ਮਨੁੱਖਤਾ ਨੂੰ ਮਿਲੇ। ਇਸ ਲਈ ਉਨ੍ਹਾਂ ਦੇ ਗਿਆਨ ਸਬੰਧੀ ਵਿਚਾਰਾਂ ਨੂੰ ਇਕ ਸਰਬ ਗਿਆਤਾ ਪੈਗੰਬਰ ਦੇ ਇਲਹਾਮ ਦੇ ਰੂਪ ਵਿਚ ਨਹੀਂ, ਸਗੋਂ ਇਕ ਸੱਚ ਦੀ ਖੋਜ ਵਿਚ ਰੁਝੇ ਵਿਗਿਆਨੀ ਦੇ ਤਪਸਰਿਆਂ ਦੇ ਰੂਪ ਵਿਚ ਲਿਆ ਜਾਣਾ ਚਾਹੀਦਾ ਹੈ। ਵਿਗਿਆਨ ਪੈਗੰਬਰੀ ਗਿਆਨ ਨੂੰ ਝੁਠਲਾ ਸਕਦਾ ਹੈ, ਪਰ ਗੁਰੂ ਸਾਹਿਬ ਦੇ ਸਿੱਖੀ ਸਿਧਾਂਤ ਨੂੰ ਨਹੀਂ। ਕਾਰਨ ਇਹ ਕਿ ਗੁਰੂ ਸਾਹਿਬ ਉਸ ਮੁੱਖ ਉਦੇਸ ਨੂੰ ਸੰਕਲਪ ਰੂਪ ਵਿਚ ਜਾਣਦੇ ਸਨ, ਜਿਸ ਦੀ ਵਿਗਿਆਨ ਹਾਲੇ ਭੂਮਿਕਾ ਤਿਆਰ ਕਰ ਰਿਹਾ ਹੈ।
ਇਹ ਗੱਲ ਸਿੱਖੀ ਨੂੰ ਵਿਗਿਆਨ ਦੇ ਸਮਾਨੰਤਰ ਰੱਖਦੀ ਹੈ ਤੇ ਇਕ ਤਰ੍ਹਾਂ ਇਸ ਤੋਂ ਅੱਗੇ ਵੀ ਲੈ ਜਾਂਦੀ ਹੈ। ਅੱਗੇ ਇਸ ਲਈ ਕਿ ਜਿਨ੍ਹਾਂ ਕੂੜ ਸੰਕਲਪਾਂ ਨੂੰ ਗੁਰੂ ਸਾਹਿਬ ਨੇ 15ਵੀਂ ਸਦੀ ਵਿਚ ਨਕਾਰਿਆ, ਵਿਗਿਆਨ ਨੇ ਉਨ੍ਹਾਂ ਨੂੰ ਬਾਅਦ ਵਿਚ ਹੋਲੀ ਹੌਲੀ ਨਕਾਰਿਆ। ਜੋ ਖੋਜ ਵਿਧੀ ਗੁਰੂ ਸਾਹਿਬ ਨੇ 16ਵੀਂ ਸਦੀ ਵਿਚ ਨਿਰਧਾਰਤ ਕੀਤੀ, ਉਹ ਵਿਗਿਆਨ ਨੇ ਬੜੀ ਬਾਅਦ ਵਿਚ ਅਪਨਾਈ। ਖੋਜ-ਉਦੇਸ਼ ਦੀ, ਜੋ ਰੂਪ ਰੇਖਾ ਜਪੁਜੀ ਵਿਚ ਮੱਧ ਕਾਲ ਦੀ ਦਿੱਤੀ ਹੋਈ ਹੈ, ਵਿਗਿਆਨ ਨੇ ਉਹ 20ਵੀਂ ਸਦੀ ਵਿਚ ਆ ਕੇ ਪਾਈ ਹੈ। ਇਸੇ ਤਰ੍ਹਾਂ ਜੋ ਹੋਰ ਪੂਰਨੇ ਗੁਰੂ ਸਾਹਿਬ ਨੇ ਪਹਿਲਾਂ ਦੇ ਪਾਏ ਹੋਏ ਹਨ, ਵਿਗਿਆਨ ਉਨ੍ਹਾਂ ਨੂੰ ਹੁਣ ਚੱਲ ਕੇ ਸਾਕਾਰ ਕਰ ਰਿਹਾ ਹੈ। ਸਮਾਨੰਤਰ ਇਸ ਲਈ ਕਿ ਜਿਵੇਂ ਜਿਵੇਂ ਵਿਗਿਆਨ ਵਿਚ ਵਾਧਾ ਹੋ ਰਿਹਾ ਹੈ, ਤਿਵੇਂ ਤਿਵੇਂ ਹੀ ਗੁਰੂ ਸਾਹਿਬ ਦੀਆਂ ਉੱਕਤੀਆਂ ਪ੍ਰਮਾਣਿਤ ਹੋ ਰਹੀਆਂ ਹਨ।
ਇੰਜ ਲਗਦਾ ਹੈ ਕਿ ਜੋ ਕੁਝ ਗੁਰੂ ਸਾਹਿਬ ਆਪਣੀ ਸਮਝ ਤੇ ਅਨੁਭਵ ਅਨੁਸਾਰ ਘੜ੍ਹ ਕੇ ਰੱਖ ਗਏ, ਵਿਗਿਆਨ ਉਸ ਨੂੰ ਪਰਖ ਕੇ ਪੱਕਾ ਕਰ ਰਿਹਾ ਹੈ। ਮਿਸਾਲ ਵਜੋਂ ਗੁਰੂ ਸਾਹਿਬ ਨੇ ਨਾਮਕਰਣ ਦੀ ਮਹਿਮਾ 16ਵੀਂ ਸਦੀ ਵਿਚ ਦੱਸ ਦਿੱਤੀ ਸੀ, ਜਦੋਂ ਉਨ੍ਹਾਂ ਨੇ ਪਰਮ-ਸਤਿ ਦਾ ਸੱਚਾ ਨਾਮ ਜਾਣਨ ‘ਤੇ ਜੋਰ ਦਿੱਤਾ ਸੀ। ਇਕ ਤਰ੍ਹਾਂ ਨਾਲ ਉਨ੍ਹਾਂ ਨੇ ਦੁਨੀਆਂ ਦੇ ਰੱਖੇ ਕੱਚੇ ਨਾਂਵਾਂ ਨੂੰ ਵਿਅਰਥ ਸਮਝ ਕੇ ਗੁਣ-ਵਡਿਆਈਆਂ ਆਧਾਰਤ ਪੱਕਾ ਨਾਮ ਢੂੰਡਣ ਦੀ ਗੱਲ ਕੀਤੀ। ਵਿਗਿਆਨ ਵਿਚ ਵੀ ਨਾਮ ਦੀ ਬੜੀ ਮਹੱਤਤਾ ਹੈ। ਐਟਮ, ਇਲੈਕਟ੍ਰਾਨ, ਤਾਰੇ, ਸਿਤਾਰੇ, ਆਕਾਸ਼-ਗੰਗਾਵਾਂ, ਆਕਾਸ਼ ਦੇ ਖੰਡਾਂ (੍ਰeਗਿਨਸ) ਦੇ ਖਾਸ ਨਾਮ ਰੱਖੇ ਹੋਏ ਹਨ। ਚੰਦਰਮਾ, ਮੰਗਲ ਗ੍ਰਹਿ ਆਦਿ ਦੇ ਖੇਤਰਾਂ ਦੇ ਵੀ ਨਾਮ ਹਨ। ਨਾਮ ਤੋਂ ਬਿਨਾ ਗਿਆਨ ਤੇ ਵਿਗਿਆਨ ਅੱਗੇ ਨਹੀਂ ਚਲਦੇ। ਇੱਥੇ ਅਗਿਆਤ ਰੇਡੀਆਈ ਕਿਰਨ ਐਕਸਰੇ ਦਾ ਵੀ ਨਾਮ ਰੱਖਣਾ ਪਿਆ ਹੈ। ਫਿਰ ਸਭ ਤੋਂ ਪਾਰਲੇ ਤੱਤ ਪਰਮ-ਤੱਤ ਦਾ ਅਸਲ ਨਾਮ ਲੱਭਣਾ ਤਾਂ ਅਤਿ-ਮਹੱਤਵਪੂਰਨ ਬਣਦਾ ਹੀ ਹੈ; ਪਰ ਨਾਮ ਦੇਣ ਤੋਂ ਪਹਿਲਾਂ ਨਾਮ ਵਾਲੇ ਦਾ ਪਤਾ ਵੀ ਹੋਣਾ ਚਾਹੀਦਾ ਹੈ। ਇਸ ਲਈ ਉਸ ਦੀ ਭਾਲ ਉਸ ਦੇ ਨਾਮ ਤੋਂ ਵੀ ਪਹਿਲਾਂ ਜਰੂਰੂ ਹੈ।
ਇਸ ਲਈ ਜਪੁਜੀ ਦੀ ਬਾਣੀ ਜਿਸ ਮੰਤਵ ਨੂੰ ਲੈ ਕੇ ਚਲਦੀ ਹੈ, ਉਹ ਸਤਿ ਨਾਮ ਦੀ ਖੋਜ ਹੈ। ਭਾਲ ਉਸ ਦੇ ਸੱਚੇ ਨਾਮ ਦੀ ਕਰਨੀ ਹੈ, ਜੋ ਬ੍ਰਹਿਮੰਡ ਦਾ ਚਾਲਕ ਹੈ। ਉਸ ਦੇ ਅਸਲ ਨਾਮ ਦੀ ਭਾਲ ਇਸ ਲਈ ਕਰਨੀ ਹੈ ਕਿ ਉਸ ਨੂੰ ਜਾਣਨਾ ਹੈ। ਸਹੀ ਨਾਮ ਉਸ ਦੀਆਂ ਵਡਿਆਈਆਂ ਅਨੁਸਾਰ ਹੋਵੇਗਾ। ਉਸ ਦੇ ਗੁਣ ਵਡਿਆਈਆਂ ਦੀ ਭਾਲ ਅੰਤ ਵਿਚ ਉਸ ਦੇ ਆਪਣੇ ਵਜੂਦ ਦੀ ਭਾਲ ਹੈ। ਇਸ ਲਈ ਸਤਿ ਨਾਮ ਦੀ ਖੋਜ ਸਿਰਫ ਨਾਮ ਦੀ ਖੋਜ ਨਹੀਂ, ਸਗੋਂ ਸਰਬ-ਪ੍ਰਥਮ ਸੱਚੇ ਨਾਮ ਦੇ ਧਾਰਕ ਦੀ ਖੋਜ ਹੈ। ਵੱਖ ਵੱਖ ਵਡਿਆਈਆਂ ਦੀ ਖੋਜ ਵਿਗਿਆਨ ਦੇ ਵੱਖ ਵੱਖ ਵਿਸ਼ਿਆਂ ਰਾਹੀ ਹੁੰਦੀ ਹੈ। ਇਸ ਲਈ ਇਹ ਖੋਜ ਵਿਗਿਆਨਕ ਵਿਧੀ ਰਾਹੀਂ ਕਰਨੀ ਹੈ ਤਾਂ ਜੋ ਸਤਿ ਨੂੰ ਅਸਤਿ ਤੋਂ ਨਿਖੇੜਿਆ ਜਾਵੇ। ਇਹ ਖੋਜ ਸਿੱਧੀ, ਜ਼ਿੱਦੀ ਤੇ ਕਰਮ-ਕਾਂਡੀ ਕਿਸਮ ਦੀ ਨਹੀਂ, ਸਗੋਂ ਸਹਿਜ, ਨਿਰਲੇਪਤਾ ਤੇ ਸਮਝਦਾਰੀ ਦੀ ਵਰਤੋਂ ਵਾਲੀ ਹੈ। ਸਤਿ ਨਾਮ ਦੀ ਇਹ ਖੋਜ ਪੂਜਾ ਪਾਠ, ਆਰਤੀਆਂ, ਯੱਗਾਂ, ਹਵਨਾਂ ਤੇ ਮਾਲਾ ਦੇ ਗੇੜਿਆਂ ਰਾਹੀਂ ਜਿਹਬਾ-ਰਟਨ ਜਿਹੀ ਨਹੀਂ ਤੇ ਨਾ ਹੀ ਕਿਸੇ ਗਵਾਚੇ ਨੂੰ ਭਾਲਣ ਵਾਲੀ ਹੈ। ਇਹ ਅਕਲ, ਧਿਆਨ, ਅਨੁਭਵ, ਦਲੀਲ ਤੇ ਪ੍ਰਮਾਣ ਰਾਹੀਂ, ਅਰਥਾਤ ਵਿਗਿਆਨਕ ਤਰਕੀਬ ਰਾਹੀਂ, ਸਾਹਮਣੇ ਪਈ ਅਦਿੱਖ ਵਸਤੂ ਨੂੰ ਦੇਖਣ ਵਾਲੀ ਹੈ।
ਇਹ ਗੱਲ ਜਪੁਜੀ ਦੀਆਂ ਮੁਢਲੀਆਂ ਕੁਝ ਪੰਕਤੀਆਂ ਵਿਚ ਹੀ ਸਮਝਾਈ ਗਈ ਹੈ ਕਿ ਜਿਸ ਪੱਧਰ ‘ਤੇ ਪਰਮ-ਸਤਿ ਦੀ ਹੋਂਦ ਹੈ, ਉਸ ਉਤੇ ਉਸ ਦੀ ਪੂਜਾ ਹੋ ਹੀ ਨਹੀਂ ਸਕਦੀ। ਉਹ ਅਜੂਨੀ, ਸੈਭੰ ਤੇ ਅਕਾਲ ਮੂਰਤਿ ਹੈ। ਉਹ ਨਾ ਮਨੁੱਖ ਰੂਪ, ਨਾ ਜੀਵ ਰੂਪ, ਨਾ ਦਿਖਣਯੋਗ ਤੇ ਨਾ ਛੂਹਣਯੋਗ ਹੈ। ਉਸ ਨੂੰ ਪੂਜਾ ਕਰਨ ਦੀ ਗੱਲ ਕੋਈ ਸੋਚੇਗਾ ਕਿਉਂ ਤੇ ਪੂਜਾ ਕਰ ਕੇ ਕੋਈ ਕਰੇਗਾ ਕੀ? ਭਗਤਜਨ ਪੂਜਾ ਕਰਦੇ ਹਨ ਉਸ ਨੂੰ ਮਿਲਣ ਲਈ, ਮੁਕਤੀ ਲਈ ਤੇ ਮੁਰਾਦਾਂ ਲਈ; ਪਰ ਜਪੁਜੀ ਅਨੁਸਾਰ ਉਹ ਉਦਾਸੀਨ ਹੈ। ਨਾ ਉਹ ਪੱਖਪਾਤ ਕਰਦਾ ਹੈ, ਨਾ ਤਰਸ ਕਰਦਾ ਹੈ; ਨਾ ਭਲਾ ਕਰਦਾ ਹੈ ਤੇ ਨਾ ਬੁਰਾ ਕਰਦਾ ਹੈ। ਨਾ ਉਹ ਮੁਰਾਦਾਂ ਦੇ ਸਕਦਾ ਹੈ, ਨਾ ਮੁਕਤੀ। ਉਹ ਕਿਸੇ ਦੇ ਕਹੇ ਕੁਝ ਨਹੀਂ ਕਰਦਾ। ਕਰਦਾ ਉਹ ਸਭ ਕੁਝ ਆਪ ਹੀ ਹੈ, ਪਰ ਮਰਜ਼ੀ ਨਾਲ ਕੁਝ ਨਹੀਂ ਕਰਦਾ। ਉਹ ਹਰ ਚੀਜ਼ ਆਪਣੇ ਨਿਯਮਾਂ ਅਨੁਸਾਰ ਕਰਦਾ ਹੈ। ਉਹ ਸਿਰਫ ਖੋਜ ਤੇ ਵਿਚਾਰ ਦਾ ਵਿਸ਼ਾ ਹੈ, ਕਿਉਂਕਿ ਉਹ ਦਿਸਦਾ ਨਹੀਂ। ਅਣਦਿਸਦਾ ਉਹ ਇਸ ਕਰਕੇ ਨਹੀਂ ਕਿ ਉਹ ਛੁਪ ਕੇ ਰਹਿੰਦਾ ਹੈ, ਸਗੋਂ ਇਸ ਲਈ ਕਿ ਉਸ ਨੂੰ ਦੇਖਣ ਵਾਲੀਆਂ ਅੱਖਾਂ ਕਿਸੇ ਕੋਲ ਨਹੀਂ। ਉਹ ਇੰਨਾ ਛੋਟਾ ਹੈ ਕਿ ਕੋਲ ਪਿਆ ਵੀ ਹਜ਼ਾਰਾਂ ਕੋਹ ਦੂਰ ਪਈ ਵਸਤ ਵਾਂਗ ਲੱਗੇ। ਇਕ ਹਜ਼ਾਰ ਮੀਲ ਦੂਰ ਪਏ ਰੇਤ ਦੇ ਕਿਣਕੇ ਨੂੰ ਦੇਖਣ ਵਾਲੀ ਨਿਗਾਹ ਜਿਸ ਕੋਲ ਹੋਵੇ, ਉਹ ਉਸ ਨੂੰ ਦੇਖੇ। ਇਸ ਲਈ ਮੌਜੂਦਾ ਅੱਖਾਂ ਨਾਲ ਉਸ ਦੇ ਦਰਸ਼ਨ ਅਸੰਭਵ ਹਨ। ਭਾਵੇਂ ਮਨੁੱਖ ਕੋਲ ਇੰਨੀ ਬਾਰੀਕ ਨਜ਼ਰ ਨਹੀਂ, ਜੋ ਉਸ ਨੂੰ ਦੇਖ ਸਕੇ, ਪਰ ਇੰਨਾ ਬਾਰੀਕ ਦਿਮਾਗ ਜਰੂਰ ਹੈ, ਜੋ ਉਸ ਦੇ ਵਜੂਦ ਤੇ ਕ੍ਰਿਆਵਾਂ ਨੂੰ ਤਿਰਛੇ ਢੰਗ ਦਲੀਲਾਂ ਨਾਲ ਸਮਝ ਸਕੇ।
ਸ਼ਾਇਦ ਇਸੇ ਨੂੰ ਕਈ ਲੋਕ ਮਨ ਦੀਆਂ ਅੱਖਾਂ ਨਾਲ ਦਰਸ਼ਨ ਕਰਨਾ ਕਹਿੰਦੇ ਹਨ, ਪਰ ਮਨ ਤਾਂ ਦਿਮਾਗ ਦੀ ਖੇਡ ਹੈ ਤੇ ਦਿਮਾਗ ਦੀਆਂ ਅੱਖਾਂ ਤਰਕ ਤੇ ਵਿਵੇਕ ਹਨ। ਇਨ੍ਹਾਂ ਦੀ ਵਰਤੋਂ ਨਾਲ ਨਿੱਕੀ ਤੋਂ ਨਿੱਕੀ ਚੀਜ਼ ਲੱਭੀ ਜਾ ਸਕਦੀ ਹੈ। ਇਸੇ ਲਈ ਐਟਮ ਤੇ ਇਸ ਦੇ ਅੰਦਰਲੇ ਮਹੀਨ ਕਣ ਭਾਵੇਂ ਕਿਸੇ ਵੱਡੀ ਤੋਂ ਵੱਡੀ ਖੁਰਦਬੀਨ ਨਾਲ ਨਹੀਂ ਦਿਸਦੇ, ਪਰ ਵਿਗਿਆਨਕ ਤੇ ਗਣਿੱਤੀ ਸੰਕਲਪਾਂ ਸਹਾਰੇ ਮਨੁੱਖ ਨੂੰ ਇਨ੍ਹਾਂ ਦੀ ਵਿਸਤ੍ਰਿਤ ਜਾਣਕਾਰੀ ਹੈ। ਤਾਂ ਵੀ ਐਟਮ ਤੇ ਇਲੈਕਟ੍ਰਾਨ ਪੂਜਾ ਦਾ ਵਿਸ਼ਾ ਨਹੀਂ, ਜਾਣਕਾਰੀ ਦਾ ਵਿਸ਼ਾ ਹਨ। ਇਨ੍ਹਾਂ ਤੋਂ ਵੀ ਛੋਟੇ ਆਕਾਰ ਦਾ ਪਰਮ-ਸਤਿ ਤਾਂ ਕਿਸੇ ਲਿਹਾਜ਼ ਵੀ ਪੂਜਿਆ ਨਹੀਂ ਜਾ ਸਕਦਾ। ਗੁਣਾਤਮਕ ਤੌਰ ‘ਤੇ ਵੀ ਪਰਮ-ਸਤਿ ਪਦਾਰਥ ਦੇ ਦੂਜੇ ਪੱਧਰ ‘ਤੇ ਹੈ। ਉੱਥੇ ਪ੍ਰਤੱਖ ਮਾਯਾਵੀ ਸੰਸਾਰ ਦੀਆਂ ਗਿਣਤੀਆਂ-ਮਿਣਤੀਆਂ (ਫਅਰਅਮeਟeਰਸ) ਲਾਗੂ ਨਹੀਂ ਹੁੰਦੀਆਂ। ਜਿਵੇਂ ਬਰਫ ਨੂੰ ਪੀਣਾ ਤੇ ਭਾਪ ਉੱਤੇ ਜਹਾਜਰਾਨੀ ਕਰਨਾ ਅਰਥ-ਭਰਪੂਰ ਪ੍ਰਯੋਜਨ ਨਹੀਂ ਹੋ ਸਕਦੇ, ਤਿਵੇਂ ਹੀ ਪਰਮ-ਸਤਿ ਨੂੰ ਪੂਜਣ ਦੀ ਪ੍ਰੇਰਣਾ ਦੇ ਵੀ ਅਰਥਹੀਣ ਸੁਝਾਅ ਹੈ।
ਇਸ ਲਈ ਜਪੁਜੀ ਦਾ ਇਕ ਅਹਿਮ ਸਿੱਟਾ ਇਹ ਨਿਕਲਦਾ ਹੈ ਕਿ ਸਿੱਖੀ ਕੋਈ ਧਰਮ ਨਹੀਂ, ਇਹ ਜੀਵਨ ਜਿਉਣ ਦੀ ਵਿਗਿਆਨਕ ਜਾਚ ਹੈ। ਇਸ ਵਿਚ ਖੋਜ ਹੈ, ਵਿਧੀ ਹੈ ਤੇ ਸੱਚ ਹੈ। ਇਸ ਵਿਚ ਪ੍ਰਮੇਸ਼ਰ ਨਹੀਂ, ਪੂਜਾ ਨਹੀਂ, ਤੇ ਕਰਮ-ਕਾਂਡ ਨਹੀਂ। ਜੇ ਕੋਈ ਪਰਮੇਸ਼ਰ, ਪੂਜਾ ਤੇ ਕਰਮ-ਕਾਂਡ ਦਿਖਾਈ ਦਿੰਦੇ ਹਨ, ਉਹ ਗੁਰੂ ਸਾਹਿਬ ਵਲੋਂ ਨਹੀਂ ਆਏ, ਸਗੋਂ ਉਨ੍ਹਾਂ ਦੇ ਸ਼ਰਧਾਲੂਆਂ ਦੇ ਬ੍ਰਾਹਮਣਵਾਦੀ ਦਿਮਾਗੀ ਜੁਗਾੜ ਕਰ ਕੇ ਆਏ ਹਨ। ਸਦੀਆਂ ਦੇ ਕਰਮ-ਕਾਂਡੀ ਰੁਝਾਨ ਨੇ ਉਨ੍ਹਾਂ ਦਾ ਅਧਿਆਤਮਵਾਦੀ ਸੋਚ ਨੂੰ ਤਿਆਗਣਾ ਮੁਸ਼ਕਿਲ ਕਰ ਦਿੱਤਾ ਹੋਇਆ ਹੈ। ਗੁਰੂ ਸਾਹਿਬ ਦੀ ਵਿਗਿਆਨਕ ਸਿੱਖਿਆ ਨੂੰ ਉਨ੍ਹਾਂ ਨੇ ਆਪਣੀ ਚਲਦੀ ਵਿਚਾਰਧਾਰਾਤਮਕ ਰੌਂ ਵਿਚ ਰਲਗੱਡ ਕਰ ਲਿਆ। ਹੁਣ ਜਦੋਂ ਉਹ ਆਪਣਾ ਸਿੱਖੀ ਦਾ ਵਿਗਿਆਨਕ ਵਿਰਸਾ ਭੁੱਲ-ਵਿਸਰ ਗਏ ਹਨ ਤਾਂ ਉਨ੍ਹਾਂ ਨੂੰ ਡਰ ਲਗਦਾ ਹੈ ਕਿ ਉਨ੍ਹਾਂ ਦੇ “ਧਰਮ” ਨੂੰ ਹਿੰਦੂ ਧਰਮ ਨਿਗਲ ਜਾਵੇਗਾ। ਅਜਿਹਾ ਖਦਸ਼ਾ ਸਿੱਖ ਬੁੱਧੀਜੀਵੀ ਕਈ ਵਾਰ ਕਰ ਚੁਕੇ ਹਨ ਤੇ ਕਰਦੇ ਹੀ ਰਹਿੰਦੇ ਹਨ। ਇਸ ਦਾ ਸਿੱਟਾ ਇਹ ਨਿਕਲਦਾ ਹੈ ਕਿ ਇਕ ਪਾਸੇ ਸਮਾਜ ਵਿਚ ਸੰਪਰਦਾਇਕ ਖਿੱਚੋਤਾਣ ਦਾ ਮਾਹੌਲ ਬਣਦਾ, ਜੋ ਮਨੁੱਖਤਾ ਵਿਰੋਧੀ ਹੈ।
ਦੂਜੇ ਪਾਸੇ ਸ਼ਰਧਾਲੂਆਂ ਦੀ ਸਿੱਖੀ ਸਿਧਾਂਤ ਦੁਆਲੇ ਨਹੀਂ, “ਸਿੱਖ ਧਰਮ” ਬਾਰੇ ਨਿਸ਼ਚਾ ਪੱਕੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੱਚ ਦੀ ਖੋਜ ਛੱਡ ਕੇ ਸ਼ਰਧਾਲੂਆਂ ਦਾ ਪੂਰਾ ਜੋਰ ਸਿੱਖੀ ਵਿਚਾਰਧਾਰਾ ਨੂੰ ਇਕ “ਵੱਖਰਾ ਧਰਮ” ਮੰਨਵਾਉਣ ‘ਤੇ ਲੱਗਿਆ ਹੋਇਆ ਹੈ। ਪਰ ਜੇ ਉਹ ਆਪ ਹੀ ਸਿੱਖੀ ਨੂੰ ਧਰਮ ਮੰਨਦੇ ਹਨ ਤਾਂ ਇਸ ਨੂੰ ਕਿਸੇ ਦੂਜੇ ਧਰਮ ਦੇ ਨਿਗਲਣ ਤੋਂ ਕਿਉਂ ਘਬਰਾਉਂਦੇ ਹਨ, ਕਿਉਂਕਿ ਧਰਮ ਨੇ ਧਰਮ ਨੂੰ ਹੀ ਖਾਣਾ ਹੈ। ਕੋਈ ਧਰਮ ਵਿਗਿਆਨ ਨੂੰ ਨਹੀਂ ਖਾਂਦਾ। ਬੜੀ ਹੈਰਾਨੀ ਦੀ ਗੱਲ ਹੈ ਕਿ ਸਮੁੱਚਾ ਸਿੱਖ ਜਗਤ ਵਿਗਿਆਨਕ ਸਿੱਖੀ ਨੂੰ ਸਿੱਖ ਧਰਮ ਬਣਾ ਕੇ ਦੂਜੇ ਧਰਮਾਂ ਅੱਗੇ ਪੇਸ਼ ਕਰ ਰਿਹਾ ਹੈ। ਉਹ ਇਸ ਨੂੰ ਨਿਗਲਣਗੇ ਨਾ ਤਾਂ ਹੋਰ ਕੀ ਕਰਨਗੇ? ਇਸ ਲਈ ਸਿੱਖ ਵਿਦਵਾਨ, ਪੁਜਾਰੀ ਤੇ ਪ੍ਰਚਾਰਕ ਸਿੱਖੀ ਨੂੰ ਸਹੀ ਸੇਧ ਵਿਚ ਵਿਚਾਰ ਕੇ ਇਸ ਦੇ ਵਿਗਿਆਨਕ ਖਾਸੇ ਨੂੰ ਸਮਝਣ ਤੇ ਉਜਾਗਰ ਕਰਨ। ਇਸੇ ਵਿਚ ਹੀ ਸਿੱਖੀ ਦੀ ਸਹੀ ਸ਼ਾਨ ਤੇ ਸੁਰਖਿਆ ਹੈ।
ਜਪੁਜੀ ਦੇ ਅਧਿਐਨ ਤੋਂ ਇਸ ਦੇ ਨਾਲ ਲਗਵਾਂ ਇਕ ਸਿੱਟਾ ਇਸ ਦੀ ਸ਼ਬਦਾਵਲੀ ਬਾਰੇ ਹੈ। ਸਿੱਖੀ ਵਿਗਿਆਨ ਤਾਂ ਹੈ, ਪਰ ਜਪੁਜੀ, ਜਿਸ ਵਿਚ ਇਸ ਦਾ ਕੇਂਦ੍ਰਿਤ ਵਰਨਣ ਹੈ, 15ਵੀਂ ਸਦੀ ਦੀ ਲਿਖਤ ਹੈ। ਇਸ ਲਈ ਇਸ ਵਿਚ ਉਸ ਸਦੀ ਦੀ ਵਿਗਿਆਨਕ ਸ਼ਬਦਾਵਲੀ ਵਰਤੀ ਹੋਈ ਹੈ। ਪੁਰਾਣੀ ਸ਼ਬਦਾਵਲੀ ਉੱਤੇ ਅਧਿਆਤਮਕ ਪਰਤਾਂ ਚੜ੍ਹ ਗਈਆਂ ਹਨ। ਇਸ ਦੇ ਕਈ ਕਾਰਨ ਹੋ ਸਕਦੇ ਹਨ, ਪਰ ਇਸ ਨੂੰ ਉਸ ਭਾਵ ਅਨੁਸਾਰ ਪਰਿਭਾਸ਼ਤ ਕੀਤਾ ਜਾਣਾ ਬਣਦਾ ਹੈ, ਜਿਸ ਵਿਚ ਗੁਰੂ ਸਾਹਿਬ ਨੇ ਇਸ ਨੂੰ ਵਰਤਿਆ ਹੈ। ਜੇ ਇਸ ਨੂੰ ਵਿਗਿਆਨਕ ਯੁਗ ਦੇ ਮਨੁੱਖ ਨੇ ਪੜ੍ਹਨਾ ਹੈ ਤਾਂ ਇਸ ਨੂੰ ਆਧੁਨਿਕ ਗਿਆਨ ਨਾਲ ਜੋੜ ਕੇ ਆਧੁਨਿਕ ਕਾਲ ਦੇ ਸੰਵਾਦ ਅਨੁਸਾਰ ਉਲਥਾਇਆ ਜਾਣਾ ਜਰੂਰੀ ਹੈ। ਇਹ ਬਾਣੀ ਆਪਣੇ ਸਹੀ ਸੰਦਰਭ ਵਿਚ ਸਹੀ ਤੌਰ ‘ਤੇ ਤਾਂ ਹੀ ਸਮਝੀ ਜਾ ਸਕਦੀ ਹੈ, ਜੇ ਇਸ ਦੀ ਸ਼ਬਦਾਵਲੀ ਦੇ ਅਰਥ ਵਿਗਿਆਨ ਯੁਗ ਦੇ ਹਾਣ ਦੇ ਹੋਣ।
ਜਿਵੇਂ ਉਪਰ ਜ਼ਿਕਰ ਕੀਤਾ ਗਿਆ ਹੈ, ਧਿਆਉਣ ਦਾ ਸਿੱਧਾ ਅਰਥ ਧਿਆਨ ਦੇਣਾ ਜਾਂ ਦਿਮਾਗ ਲਾਉਣਾ ਹੈ, ਪਰ ਸਭ ਸਿੱਖ ਵਿਦਵਾਨ, ਪੁਜਾਰੀ ਤੇ ਪ੍ਰਚਾਰਕ ਇਸ ਦਾ ਅਰਥ ਪੂਜਾ ਪਾਠ ਕਰਨਾ ਕਰਦੇ ਹਨ। ਇਹ ਉਨ੍ਹਾਂ ਦਾ ਪਾਇਆ ਵਿਗਾੜ ਹੈ। ਇਸ ਨੂੰ ਇਸ ਦੇ ਮੌਲਿਕ ਅਰਥ ਦੇਣ ਲਈ ਇਸ ਦਾ ਅਨੁਵਾਦ ਦਿਮਾਗ ਨਾਲ ਸੋਚਣਾ ਕਰਨਾ ਬਣਦਾ ਹੈ। ਤਦੇ ਹੀ ਗੁਰੂ ਸਾਹਿਬ ਦੀ ਬਾਣੀ ਦੇ ਤਾਰਕਿਕ ਤੇ ਸਾਰਥਿਕ ਅਰਥ ਨਿਕਲ ਸਕਦੇ ਹਨ। ਇਸੇ ਤਰ੍ਹਾਂ ਸਿਮਰਨ ਕਰਨਾ ਦਾ ਭਾਵ ਭੁਲਾ ਨਾ ਦੇਣਾ; ਗੁਰ ਦਾ ਅਰਥ ਲਘੁ-ਸੂਤਰ; ਮੁਕਤੀ ਦਾ ਅਰਥ ਅਗਿਆਨ ਤੋਂ ਛੁਟਕਾਰਾ; ਹੁਕਮ ਦਾ ਭਾਵ ਕੁਦਰਤੀ ਨਿਯਮ; ਹਉਮੈ ਦਾ ਅਰਥ ਮਨਘੜ੍ਹਤ ਵਿਚਾਰ ਅਤੇ ਸਤਿ ਨਾਮੁ ਦਾ ਭਾਵ ਗੁਣਾਂ ਅਨੁਸਾਰ ਗਿਆਨ ਸ਼੍ਰਿੰਖਲਾ ਵਿਚ ਵਰਤਿਆ ਜਾ ਸਕਣ ਵਾਲਾ ਪੱਕਾ ਤੇ ਸਦੀਵੀ ਨਾਮ, ਆਦਿ ਵਧੇਰੇ ਸਾਰਥਕ ਹੋਣਗੇ। ਵਿਦਵਾਨਾਂ ਨੂੰ ਮੁਕਤੀ, ਅਜੂਨੀ, ਪ੍ਰਸਾਦਿ, ੴ, ਜਿਨਸੀ, ਮੰਨੈ, ਕਪੜਾ, ਅਮ੍ਰਿਤ ਵੇਲਾ, ਵਡਿਆਈ, ਸੋਚੈ, ਨਦਰੁ ਆਦਿ ਦੇ ਅਰਥ ਵੀ ਯਥਾਰਥਕ ਪੱਖ ਤੋਂ ਕਰਨੇ ਚਾਹੀਦੇ ਹਨ ਤਾਂ ਜੋ ਗੁਰੂ ਸਾਹਿਬ ਦੀ ਬਾਣੀ ਦੀ ਵਿਆਖਿਆ ਉਨ੍ਹਾਂ ਦੀ ਆਪਣੀ ਸਮਝ ਮੁਤਾਬਿਕ ਕੀਤੀ ਜਾ ਸਕੇ।
ਸਭ ਤੋਂ ਅਹਿਮ ਸਬਕ ਇਹ ਕਿ ਜਪੁਜੀ ਗੁਰੂ ਸਾਹਿਬ ਦੀ ਮੁਢਲੀ, ਸਿਧਾਂਤਕ ਤੇ ਸਿਰਮੌਰ ਬਾਣੀ ਹੈ, ਇਸ ਲਈ ਉਨ੍ਹਾਂ ਦੀ ਹੋਰ ਬਾਣੀ ਤੇ ਗ੍ਰੰਥ ਸਾਹਿਬ ਵਿਚ ਦਰਜ ਸਮੁੱਚੀ ਬਾਣੀ ਨੂੰ ਇਸ ਦੀ ਲੋਅ ਵਿਚ ਵਿਚਾਰਿਆ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਗੁਰਬਾਣੀ ਦੀਆਂ ਤੁਕਾਂ ਦੇ ਸਾਰਥਕ ਅਰਥ ਨਿਕਲਣਗੇ ਤੇ ਇਨ੍ਹਾਂ ਦੇ ਆਤਮ-ਵਿਰੋਧੀ ਅਰਥ ਕਰਨ ਦੇ ਰੁਝਾਨ ਨੂੰ ਠੱਲ੍ਹ ਪਵੇਗੀ। ਸਭ ਤੋਂ ਮਹੱਤਵਪੂਰਨ ਸਬਕ ਇਹ ਕਿ ਜਪੁਜੀ ਗੁਰੂ ਸਾਹਿਬ ਦੀ ਮੁਢਲੀ, ਸਿਧਾਂਤਕ ਤੇ ਸਿਰਮੌਰ ਬਾਣੀ ਹੈ। ਇਸ ਵਿਚ ਉਨ੍ਹਾਂ ਨੇ ਆਪਣੇ ਉਦੇਸ਼ ਤੇ ਵਿਧੀ ਨਿਸ਼ਚਿਤ ਕੀਤੇ ਹੋਏ ਹਨ। ਇਸ ਨੂੰ ਉਨ੍ਹਾਂ ਨੇ ਆਪਣੀ ਰਚਨਾਤਮਕ ਆਯੂ ਦੇ ਆਖਰੀ ਦੌਰ ਵਿਚ ਆਪਣੇ ਤਜ਼ਰਬਿਆਂ ਦੇ ਨਿਚੋੜ ਦੇ ਰੂਪ ਵਿਚ ਬੜੇ ਹੀ ਉੱਦਮ ਤੇ ਉਚੇਚ ਨਾਲ ਆਪਣੇ ਸਿੱਖਾਂ ਲਈ ਤਿਆਰ ਕਰਵਾਇਆ। ਇਹ ਬਾਣੀ ਉਨ੍ਹਾਂ ਦੀ ਦਿੱਤੀ ਸੇਧ ਦਾ ਸਾਰਤੱਤ ਹੈ। ਇਸ ਲਈ ਉਨ੍ਹਾਂ ਦੀ ਸਾਰੀ ਬਾਣੀ ਤੇ ਗ੍ਰੰਥ ਸਾਹਿਬ ਵਿਚ ਦਰਜ ਸਮੁੱਚੀ ਬਾਣੀ ਨੂੰ ਇਸ ਦੀ ਲੋਅ ਵਿਚ ਵਿਚਾਰਿਆ ਜਾਣਾ ਚਾਹੀਦਾ ਹੈ। ਨਤੀਜਾ ਇਹ ਕਿ ਜਪੁਜੀ ਨੂੰ ਗ੍ਰੰਥ ਸਾਹਿਬ ਦੀ ਸਿਧਾਂਤਿਕ ਵਿਆਕਰਣ ਸਮਝਿਆ ਜਾਣਾ ਚਾਹੀਦਾ ਹੈ।
(ਚਲਦਾ)