ਪੰਜਾਬ ਪੁਲਿਸ ਨੂੰ ਪਿਆ ਝਾਲਰ ਵਾਲੀ ਪੱਗ ਦਾ ਗੇੜ

ਚੰਡੀਗੜ੍ਹ (ਬਿਊਰੋ): ਵਿਦੇਸ਼ਾਂ ਵਿਚ ਵਸਦੇ ਸਿੱਖਾਂ ਨੂੰ ਡਿਊਟੀ ਸਮੇਂ ਦਸਤਾਰ ਸਜਾਉਣ ਦੀ ਇਜਾਜ਼ਤ ਦਿਵਾਉਣ ਲਈ ਜ਼ੋਰ-ਸ਼ੋਰ ਨਾਲ ਆਵਾਜ਼ ਉਠਾਉਣ ਵਾਲੀ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਪੰਜਾਬ ਪੁਲਿਸ ਦੇ ਸਿੱਖ ਮੁਲਾਜ਼ਮਾਂ ਨਾਲ ਹੋ ਰਹੀ ਧੱਕੇਸ਼ਾਹੀ ਬਾਰੇ ਖਾਮੋਸ਼ ਹੈ। ਸੂਬਾ ਸਰਕਾਰ ਵੱਲੋਂ ਝਾਲਰ ਵਾਲੀ ਪੱਗ (ਟੋਪੀ) ਨੂੰ ਵਰਦੀ ਦਾ ਹਿੱਸਾ ਬਣਾਉਣ ਕਰਕੇ ਸਿੱਖ ਪੁਲਿਸ ਮੁਲਾਜ਼ਮ ਖਫਾ ਹਨ ਪਰ ਅਨੁਸ਼ਾਸਨ ਦੇ ਡੰਡੇ ਤੋਂ ਡਰਦੇ ਉਹ ਆਪਣੇ ਨਾਲ ਹੋ ਰਹੀ ਧੱਕਾਸ਼ਾਹੀ ਬਾਰੇ ਚੁੱਪ ਹਨ।
ਸ਼ੁਰੂ ਵਿਚ ਸਿੱਖ ਪੁਲਿਸ ਮੁਲਾਜ਼ਮਾਂ ਨੂੰ ਝਾਲਰ ਵਾਲੀ ਪੱਗ ਤੇ ਮੋਨੇ ਮੁਲਾਜ਼ਮਾਂ ਨੂੰ ਕੁੱਲੇ ਦੇ ਨਾਲ-ਨਾਲ ਮੋਟੇ ਕਪੜੇ ਦੀਆਂ ਕਮੀਜ਼ਾਂ ਨਿੱਕਰਾਂ, ਮੋਟੇ ਚਮੜੇ ਦੀਆਂ ਬੈਲਟਾਂ ਤੇ ਬੇਹੱਦ ਮੋਟੇ ਤਲੇ ਵਾਲੇ ਖੁਰੀਆਂ ਲੱਗੇ ਬੂਟ ਵਰਦੀ ਦਾ ਹਿੱਸਾ ਸਨ। ਸਮਾਂ ਬਦਲਿਆ ਤਾਂ ਪੁਲਿਸ ਦੀ ਵਰਦੀ ਨੇ ਵੀ ਹੌਲੀ-ਹੌਲੀ ਨਿੱਕਰਾਂ ਤੋਂ ਬਦਲ ਕੇ ਪੈਂਟਾਂ, ਮੋਟੇ ਤਲੇ ਵਾਲੇ ਖੁਰੀਆਂ ਲੱਗੇ ਜੁੱਤਿਆਂ ਤੋਂ ਬਦਲ ਕੇ ਚਮੜੇ ਦੇ ਜੁੱਤੇ ਤੇ ਇਥੋਂ ਤੱਕ ਕਿ ਪੁਲਿਸ ਦੀਆਂ ਮੋਟੇ ਚਮੜੇ ਦੀਆਂ ਬੈਲਟਾਂ ਨੂੰ ਵੀ ਪਤਲੇ ਚਮੜੇ ਵਿਚ ਬਦਲ ਦਿੱਤਾ ਗਿਆ ਪਰ ਪੁਲਿਸ ਮੁਲਾਜ਼ਮ ਦੀ ਝਾਲਰ ਵਾਲੀ ਪੱਗ ਨੂੰ ਨਹੀਂ ਬਦਲਿਆ ਗਿਆ।
ਝਾਲਰ ਵਾਲੀ ਇਸ ਪੱਗ ਬਾਰੇ ਪੁਲਿਸ ਮੁਲਾਜ਼ਮਾਂ ਨੂੰ ਸਿਖਲਾਈ ਦੇਣ ਵਾਲੇ ਉਸਤਾਦ ਦਾ ਕਹਿਣਾ ਹੈ ਕਿ ਪੱਗ ਬੰਨ੍ਹਣ ਲੱਗਿਆਂ ਤਿੰਨ ਬੰਦਿਆਂ ਦੀ ਲੋੜ ਪੈਂਦੀ ਹੈ। ਦੋ ਬੰਦੇ ਪੱਗ ਦੇ ਦੋਵੇਂ ਸਿਰੇ ਫੜਦੇ ਹਨ ਤੇ ਇਕ ਬੰਦਾ ਵਿਚੋਂ ਪੱਗ ਦੀ ਸਫ਼ਾਈ ਕਰਦਾ ਹੈ ਤੇ ਤਕਰੀਬਨ ਅੱਧੇ ਪੌਣੇ ਘੰਟੇ ਵਿਚ ਇਸ ਪੱਗ ਨੂੰ ਬੰਨ੍ਹਿਆ ਜਾਂਦਾ ਹੈ। ਪੱਗ ਬੰਨ੍ਹਣ ਲੱਗਿਆਂ ਹੀ ਪੁਲਿਸ ਮੁਲਾਜ਼ਮ ਇੰਨਾ ਦੁਖੀ ਹੋ ਜਾਂਦਾ ਹੈ ਕਿ ਉਹ ਮੁੜ ਕੇ ਇਹ ਕੋਸ਼ਿਸ਼ ਕਰਦਾ ਹੈ ਕਿ ਬੰਨ੍ਹੀ ਹੋਈ ਪੱਗ ਦੁਬਾਰਾ ਨਾ ਖੁੱਲ੍ਹੇ ਤੇ ਇਸੇ ਪੱਗ ਨੂੰ ਹੀ ਲੋੜ ਪੈਣ ‘ਤੇ ਟੋਪੀ ਵਾਂਗ ਬੰਨ੍ਹਿਆ ਤੇ ਉਤਾਰਿਆ ਜਾ ਸਕੇ।
ਇਸ ਪੁਲਿਸ ਟਰੇਨਰ ਨੇ ਦੱਸਿਆ ਕਿ ਪੁਲਿਸ ਟ੍ਰੇਨਿੰਗ ਦੌਰਾਨ ਝਾਲਰ ਵਾਲੀ ਪੱਗ ਬੰਨ੍ਹਣ ਦਾ ਤਰੀਕਾ ਵੀ ਸਿਖਾਇਆ ਜਾਂਦਾ ਹੈ ਜਿਸ ਵਿਚ ਪੱਗ ਦੇ ਦੋਵਾਂ ਅੱਖਾਂ ਕੋਲੋਂ ਲੰਘਦੇ ਲੜਾਂ ਵਿਚ ਅਖ਼ਬਾਰ ਦੇ ਟੁਕੜੇ ਪੁਆਏ ਜਾਂਦੇ ਹਨ ਤਾਂ ਜੋ ਵੇਖਣ ਵਿਚ ਇਹ ਸੋਹਣੀ ਲੱਗੇ ਤੇ ਕੱਸੀ ਹੋਈ ਰਹੇ ਤੇ ਇਹ ਖੁੱਲ੍ਹੇ ਨਾ ਪਰ ਇਸ ਕਾਰਨ ਕਈ ਪੁਲਿਸ ਮੁਲਾਜ਼ਮਾਂ ਦੀ ਸੁਣਨ ਸ਼ਕਤੀ ਵੀ ਘਟ ਜਾਂਦੀ ਹੈ। ਪੁਲਿਸ ਮੁਲਾਜ਼ਮ ਬੰਨ੍ਹੀ ਹੋਈ ਪੱਗ ਨੂੰ ਉਤਾਰਨ ਲੱਗਿਆਂ, ਉਸ ਉਪਰ ਇਕ ਚੌੜਾ ਕੱਪੜਾ ਬੰਨ੍ਹ ਲੈਂਦੇ ਹਨ ਤਾਂ ਜੋ ਪੱਗ ਢਿੱਲੀ ਹੋ ਕੇ ਖੁੱਲ੍ਹ ਨਾ ਜਾਵੇ ਤੇ ਟੋਪੀ ਵਾਂਗ ਹੀ ਪੱਗ ਨੂੰ ਉਤਾਰ ਕੇ ਉਸ ਦੇ ਅੰਦਰਲੇ ਪਾਸੇ ਮੋਟਾ ਕੱਪੜਾ ਤੁੰਨ ਦਿੱਤਾ ਜਾਂਦਾ ਹੈ ਤੇ ਫਿਰ ਇਸ ਪੱਗ ਨੂੰ ਲਿਫ਼ਾਫ਼ੇ ਵਿਚ ਪਾ ਕੇ ਸੰਭਾਲਿਆ ਜਾਂਦਾ ਹੈ।
ਕਈ ਪੁਲਿਸ ਮੁਲਾਜ਼ਮ ਛੇ ਮਹੀਨਿਆਂ ਦੀ ਸਿਖਲਾਈ ਦੌਰਾਨ ਇਕ ਵਾਰ ਪੱਗ ਬੰਨ੍ਹਣ ਤੋਂ ਬਾਅਦ ਮੁੜ ਖੋਲ੍ਹ ਕੇ ਨਹੀਂ ਬੰਨ੍ਹਦੇ। ਉਨ੍ਹਾਂ ਦਾਅਵਾ ਕੀਤਾ ਕਿ ਪੁਲਿਸ ਦੇ ਕਈ ਇੰਸਪੈਕਟਰ ਰੈਂਕ ਤੱਕ ਦੇ ਅਧਿਕਾਰੀ ਅਜਿਹੇ ਵੀ ਹਨ ਜਿਨ੍ਹਾਂ ਕਈ-ਕਈ ਸਾਲ ਤੋਂ ਇਕੋ ਪੱਗ ਬੰਨ੍ਹ ਕੇ ਰੱਖੀ ਹੋਈ ਹੈ ਤੇ ਪਰੇਡ ਜਾਂ ਕਿਸੇ ਹੋਰ ਥਾਂ ‘ਤੇ ਜਾਣ ਲਈ ਉਸੇ ਪੱਗ ਨੂੰ ਕੱਢ ਕੇ ਟੋਪੀ ਵਾਂਗ ਰੱਖ ਲੈਂਦੇ ਹਨ।
ਜ਼ਿਕਰਯੋਗ ਹੈ ਕਿ 2002 ਤੋਂ ਲੈ ਕੇ 2007 ਦੌਰਾਨ ਪੰਜਾਬ ਵਿਚ ਰਹੀ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਦ ਪਟਿਆਲਾ ਵਿਚ ਪੁਲਿਸ ਮੁਲਾਜ਼ਮਾਂ ਲਈ ਸੰਗਤ ਦਰਸ਼ਨ ਰੱਖਿਆ ਸੀ ਤਾਂ ਉਸ ਸਮੇਂ ਵੀ ਮੁਲਾਜ਼ਮਾਂ ਦਾ ਵਫ਼ਦ ਝਾਲਰ ਵਾਲੀ ਇਸ ਪਗੜੀ ਨੂੰ ਬਦਲਾਉਣ ਲਈ ਮੁੱਖ ਮੰਤਰੀ ਨੂੰ ਮਿਲਿਆ ਸੀ। ਇਸ ਬਾਰੇ ਪੰਜਾਬ ਦੇ ਸਾਬਕਾ ਡੀਜੀਪੀ ਬੀਰਬਲ ਨਾਥ ਨੇ ਤਾਂ ਆਪਣੇ ਕਾਰਜਕਾਲ ਦੌਰਾਨ ਪੁਲਿਸ ਥਾਣਿਆਂ ਵਿਚ ਆਮ ਪੱਗ ਬੰਨ੍ਹੇ ਜਾਣ ਲਈ ਕੱਪੜਾ ਵੀ ਭੇਜ ਦਿੱਤਾ ਸੀ ਪਰ ਇਸ ਤੋਂ ਬਾਅਦ ਗੱਲ ਅਚਾਨਕ ਠੱਪ ਹੋ ਗਈ।
ਹਾਸਲ ਜਾਣਕਾਰੀ ਮੁਤਾਬਕ 6 ਦਸੰਬਰ, 2000 ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਇਕ ਮਤਾ ਨੰਬਰ ਅੱਠ ਰਾਹੀਂ ਪੰਜਾਬ ਸਰਕਾਰ ਨੂੰ ਕਿਹਾ ਸੀ ਕਿ ਪੰਜਾਬ ਪੁਲਿਸ ਦੇ ਸਿਪਾਹੀ ਤੇ ਹੌਲਦਾਰ ਕਰਮਚਾਰੀਆਂ ਨੂੰ ਅੰਗਰੇਜ਼ੀ ਹਕੂਮਤ ਸਮੇਂ ਤੋਂ ਝਾਲਰ ਵਾਲੀ ਪਗੜੀ ਬੰਨ੍ਹਣ ਲਈ ਦਿੱਤੀ ਜਾਂਦੀ ਹੈ ਕਿਉਂਕਿ ਇਹ ਪਗੜੀ ਹਰ ਰੋਜ਼ ਨਹੀਂ ਬੰਨ੍ਹੀ ਜਾ ਸਕਦੀ, ਇਸ ਲਈ ਇਹ ਟੋਪੀ ਦਾ ਰੂਪ ਧਾਰਨ ਕਰ ਲੈਂਦੀ ਹੈ ਜੋ ਸਿੱਖ ਰਹਿਤ ਮਰਿਆਦਾ ਅਨੁਸਾਰ ਠੀਕ ਨਹੀਂ। ਇਸ ਲਈ ਪਗੜੀ ਦੀ ਜਗ੍ਹਾ ‘ਤੇ ਚੰਡੀਗੜ੍ਹ ਪੁਲਿਸ ਦੀ ਤਰ੍ਹਾਂ ਹਰ ਰੋਜ਼ ਬੰਨ੍ਹੀ ਜਾਣ ਵਾਲੀ ਪਗੜੀ ਦੀ ਪ੍ਰਵਾਨਗੀ ਦਿੱਤੀ ਜਾਵੇ।
__________________________________
ਸ਼੍ਰੋਮਣੀ ਕਮੇਟੀ ਹੋਈ ਸਰਗਰਮ
ਚੰਡੀਗੜ੍ਹ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਢਾਲਰ ਵਾਲੀ ਪੱਗ ਬਾਰੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕਰਕੇ ਮਸਲੇ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਦੂਜੇ ਪਾਸੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ 96 ਕਰੋੜੀ ਬਾਬਾ ਬਲਬੀਰ ਸਿੰਘ ਅਕਾਲੀ ਮੁਤਾਬਕ ਝਾਲਰ ਵਾਲੀ ਪੱਗ ਅੰਗਰੇਜ਼ਾਂ ਦੇ ਜ਼ਮਾਨੇ ਵਿਚ ਭਾਰਤੀਆਂ ਨੂੰ ਗ਼ੁਲਾਮ ਵਿਖਾਉਣ ਦਾ ਇਕ ਡਰੈਸ ਕੋਡ ਹੋਇਆ ਕਰਦੀ ਸੀ ਜਿਸ ਦੀ ਅੱਜ ਆਜ਼ਾਦ ਭਾਰਤ ਵਿਚ ਕੋਈ ਲੋੜ ਨਹੀਂ।ਉਨ੍ਹਾਂ ਸਵਾਲ ਕੀਤਾ ਕਿ ਜੇ ਭਾਰਤੀ ਫ਼ੌਜ ਤੇ ਹੋਰ ਪੈਰਾ ਮਿਲਟਰੀ ਫ਼ੋਰਸਾਂ ਤੋਂ ਇਲਾਵਾ ਚੰਡੀਗੜ੍ਹ ਪੁਲਿਸ ਵਿਚ ਸਿੱਖ ਮੁਲਾਜ਼ਮਾਂ ਨੂੰ ਸਾਧਾਰਨ ਪਗੜੀ ਬੰਨ੍ਹਣ ਦੀ ਇਜਾਜ਼ਤ ਦਿਤੀ ਜਾ ਸਕਦੀ ਹੈ ਤਾਂ ਪੰਜਾਬ ਪੁਲਿਸ ਮੁਲਾਜ਼ਮਾਂ ਨੂੰ ਕਿਉਂ ਨਹੀਂ। ਉਨ੍ਹਾਂ ਕਿਹਾ ਕਿ ਉਦੋਂ ਤੱਕ ਸਿੱਖ ਮਸਲਿਆਂ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਚੁੱਕਣ ਦਾ ਕੋਈ ਹੱਕ ਨਹੀਂ ਜਦ ਤੱਕ ਅਪਣੇ ਸੂਬੇ ਦੇ ਸਿੱਖਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਨਹੀਂ ਦੇ ਦਿੰਦੇ।

Be the first to comment

Leave a Reply

Your email address will not be published.