ਮੈਂ ਤੇ ਮੇਰੀ ਕਲਮ: ਸੰਵਾਦ

ਅੰਮ੍ਰਿਤ ਕੌਰ ਬਡਰੁੱਖਾਂ
ਫੋਨ: 91-98767-14004
ਮੈਂ ਮੇਰੀ ਕਲਮ ਨੂੰ ਆਖਿਆ, “ਸਰਬ ਸਾਂਝੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਸਾਰੀ ਦੁਨੀਆਂ ਗੁਰੂ ਸਾਹਿਬ ਦੇ ਸਨੇਹ ਵਿਚ ਭਿੱਜੀ ਉਨ੍ਹਾਂ ਬਾਰੇ ਕੁਝ ਨਾ ਕੁਝ ਆਖ ਰਹੀ ਹੈ, ਚੱਲ ਆਪਾਂ ਵੀ ਆਪਣੇ ਵੱਲੋਂ ਕੁਝ ਲਿਖੀਏ।”

ਮੇਰੀ ਕਲਮ ਹੱਸ ਪਈ ਤੇ ਸਵਾਲ ਕੀਤਾ, “ਔਕਾਤ ਹੈ ਆਪਣੀ ਲਿਖਣ ਦੀ?”
“ਮਤਲਬ?” ਮੈਂ ਪੁੱਛਿਆ।
“ਮਤਲਬ…ਗੁਰੂ ਨਾਨਕ ਸਾਹਿਬ ਨੂੰ ਪੜ੍ਹਿਐ?” ਉਸ ਨੇ ਸਵਾਲ ਕੀਤਾ।
“ਹਾਂ! ਗੁਰੂ ਨਾਨਕ ਸਾਹਿਬ ਤਾਂ ਸਭ ਦੇ ਸਾਂਝੇ ਨੇ। ਉਨ੍ਹਾਂ ਨੂੰ ਤਾਂ ਸਾਰੇ ਪੜ੍ਹਦੇ ਨੇ।”
“ਤੂੰ ਪੜ੍ਹਿਆ?”
“ਹਾਂ, ਬਚਪਨ ਤੋਂ ਪੜ੍ਹਦੇ ਆ ਰਹੇ ਆਂ। ਜਦੋਂ ਤੋਂ ਅੱਖਰਾਂ ਦੀ ਪਛਾਣ ਹੋਈ ਜਾਂ ਫਿਰ ਇਹ ਵੀ ਆਖ ਸਕਦੇ ਆਂ ਕਿ ਜਦੋਂ ਅੱਖਰਾਂ ਦੀ ਪਛਾਣ ਵੀ ਨਹੀਂ ਸੀ ਹੋਈ, ਉਦੋਂ ਵੀ; ਬਾਪੂ ਜੀ ਆਪਣੇ ਢਿੱਡ ‘ਤੇ ਬਿਠਾ ਕੇ ਕੰਠ ਕਰਵਾਉਂਦੇ ਸੀ ਗੁਰੂ ਸਾਹਿਬ ਦੀ ਬਾਣੀ।” ਮੈਂ ਆਖਿਆ।
“ਵਾਹ ਜੀ ਵਾਹ! ਚਲੋ ਇਹ ਵੀ ਦੱਸ ਦਿਓ ਕਿ ਗੁਰੂ ਨਾਨਕ ਸਾਹਿਬ ਨੂੰ ਅੰਦਰ ਕਿੰਨਾ ਉਤਾਰਿਆ?”
“ਉਹ ਤਾਂ ਸਭ ਦੇ ਦਿਲਾਂ ਦੇ ਅੰਦਰ ਵਸਦੇ ਨੇ, ਸਭ ਦੇ ਸਾਂਝੇ; ਜਿਵੇਂ ਸੂਰਜ ਨੂੰ ਬੁੱਕਲ ਵਿਚ ਨਹੀਂ ਲੁਕੋਇਆ ਜਾ ਸਕਦਾ, ਇਸੇ ਤਰ੍ਹਾਂ ਗੁਰੂ ਸਾਹਿਬ ਦੀ ਰੂਹਾਨੀ ਰੌਸ਼ਨੀ ਨੂੰ ਵੀ ਕੋਈ ਲੁਕੋ ਨਹੀਂ ਸਕਦਾ ਕੋਈ। ਉਹ ਕਿਸੇ ਖਾਸ ਦੀ ਜਾਗੀਰ ਨਹੀਂ, ਸਭ ਦੇ ਸਾਂਝੇ ਨੇ…।”
ਮੈਂ ਅਜੇ ਗੱਲ ਪੂਰੀ ਵੀ ਨਹੀਂ ਸੀ ਕੀਤੀ, ਉਸ ਨੇ ਖਿਝ ਕੇ ਆਖਿਆ, “ਮੈਂ ਸਿਰਫ ਤੇਰੀ ਗੱਲ ਕਰਦੀ ਆਂ, ਤੂੰ ਸਿਰਫ ਆਪਣੀ ਸਮਝ ਦੇ ਆਧਾਰ ‘ਤੇ ਜਵਾਬ ਦਿਆ ਕਰ।”
ਮੈਂ ਸੰਭਲਣ ਦੀ ਕੋਸ਼ਿਸ਼ ਕੀਤੀ। ਮੈਨੂੰ ਲੱਗਿਆ, ਕਲਮ ਮੈਨੂੰ ਉਲਝਾ ਰਹੀ ਹੈ।
“ਗੁਰੂ ਨਾਨਕ ਸਾਹਿਬ ਬਾਰੇ ਤੁਸੀਂ ਕਾਫੀ ਕੁਝ ਜਾਣਦੇ ਓ।” ਉਸ ਨੇ ਫਿਰ ਕਿਹਾ।
“ਨਹੀਂ, ਥੋੜ੍ਹਾ ਜਿਹਾ।” ਮੈਂ ਸੋਚ ਕੇ ਕਿਹਾ। ਮੈਂ ਸਮਝ ਲਿਆ ਸੀ ਕਿ ਮੈਨੂੰ ਓਨਾ ਕੁਝ ਨਹੀਂ ਪਤਾ, ਜਿੰਨਾ ਮੈਂ ਸੋਚ ਰੱਖਿਆ ਸੀ।
“ਗੁਰੂ ਨਾਨਕ ਸਾਹਿਬ ਨੂੰ ਕਿਵੇਂ ਜਾਣਿਆ ਜਾ ਸਕਦਾ ਹੈ?”
ਉਹ ਤਾਂ ਖੁਦ ਲਿਖ ਗਏ ਨੇ, “ਏਵਡੁ ਊਚਾ ਹੋਵੈ ਕੋਇ ਤਿਸੁ ਊਚੇ ਕੋ ਜਾਣੈ ਸੋਇ॥’ ਮੈਂ ਕਿਹਾ।
ਉਹ ਸਿਰਫ ਮੁਸਕਰਾਈ। ਮੈਨੂੰ ਪਤਾ ਸੀ ਉਹ ਕੀ ਸਵਾਲ ਕਰੇਗੀ। ਮੈਂ ਆਪਣੇ ਆਪ ਹੀ ਕਹਿਣਾ ਸ਼ੁਰੂ ਕਰ ਦਿੱਤਾ, “ਗੁਰੂ ਸਾਹਿਬ ਭਾਵੇਂ ਇੱਥੇ ਪਰਮਾਤਮਾ ਦੀ ਗੱਲ ਕਰਦੇ ਨੇ, ਪਰ ਮੈਂ ਇਸ ਲਈ ਆਖਿਆ ਹੈ ਕਿ ਗੁਰੂ ਸਾਹਿਬ ਨੂੰ ਸਮਝਣ ਲਈ ਵੀ ਉਨ੍ਹਾਂ ਵਰਗੀ ਉਚ ਅਵਸਥਾ ਦੀ ਜ਼ਰੂਰਤ ਐ। ਉਸ ਅਵਸਥਾ ਦੇ ਨੇੜੇ-ਤੇੜੇ ਵੀ ਨਹੀਂ ਢੁਕ ਸਕਦੀ ਮੈਂ।”
“ਚਲੋ! ਇਹ ਦੱਸੋ, ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਦੇ ਓ?”
“ਹਾਂ!” ਮੈਂ ਕਿਹਾ।
“ਕਿੱਥੋਂ?” ਉਸ ਫਿਰ ਪੁੱਛਿਆ।
“ਧਾਰਮਿਕ ਸਥਾਨਾਂ ‘ਤੇ, ਦੁਕਾਨਾਂ ‘ਤੇ, ਘਰਾਂ ਦੀਆਂ ਕੰਧਾਂ ‘ਤੇ, ਕਿਤਾਬਾਂ ਵਿਚੋਂ, ਮੋਬਾਈਲ ਵਿਚੋਂ ਨੈੱਟ ਖੋਲ੍ਹ ਕੇ ਕਰ ਲਈਦੇ ਨੇ ਰੋਜ਼।”
“ਉਨ੍ਹਾਂ ਦੇ ਅਸਲ ਦਰਸ਼ਨ ਪਤੈ ਕਿੱਥੋਂ ਹੁੰਦੇ ਨੇ?” ਉਹ ਗੰਭੀਰ ਹੋ ਕੇ ਬੋਲੀ। ਮੈਂ ਚੁੱਪ ਕਰ ਕੇ ਉਸ ਵੱਲ ਵੇਖ ਰਹੀ ਸੀ।
“ਉਨ੍ਹਾਂ ਦੇ ਅਸਲ ਦਰਸ਼ਨ ਉਨ੍ਹਾਂ ਦੀ ਬਾਣੀ ਵਿਚੋਂ ਹੁੰਦੇ ਨੇ। ਦੂਸਰੇ ਉਨ੍ਹਾਂ ਬਾਰੇ ਕੀ ਲਿਖਦੇ ਨੇ, ਕੀ ਬੋਲਦੇ ਨੇ, ਕੀ ਤਸਵੀਰਾਂ ਵਿਚ ਦਿਖਾਉਂਦੇ ਨੇ, ਇਹੀ ਦੇਖਦੇ ਓ ਨਾ ਤੁਸੀਂ? ਪਰ ਜੋ ਉਹ ਕਹਿ ਗਏ ਨੇ, ਉਸ ਬਾਣੀ ਵਿਚੋਂ ਦਰਸ਼ਨ ਕੀਤੇ ਕਦੀ?” ਮੈਂ ਚੁੱਪ ਸਾਂ, ਕੁਝ ਨਹੀਂ ਸੀ ਸੁੱਝ ਰਿਹਾ।
“ਗੁਰੂ ਨਾਨਕ ਸਾਹਿਬ ਦੀ ਬਾਣੀ ਕੰਠ ਹੋਵੇਗੀ…ਪੜ੍ਹਦੇ-ਸੁਣਦੇ ਵੀ ਹੋਵੋਗੇ। ਆਪਣੀ ਸੁਵਿਧਾ ਅਨੁਸਾਰ ਮਤਲਬ ਵੀ ਕੱਢ ਲੈਂਦੇ ਹੋਵੋਗੇ।”
“ਹਾਂ।” ਮੇਰੀਆਂ ਨਜ਼ਰਾਂ ਝੁਕੀਆਂ ਹੋਈਆਂ ਸਨ। ਉਸ ਨੇ ਸ਼ਾਇਦ ਮੇਰੀ ਹਾਲਤ ਭਾਂਪ ਲਈ ਸੀ।
“ਚਲੋ ਛੱਡੋ! ਬਹੁਤੇ ਲੋਕਾਂ ਦਾ ਇਹੀ ਹਾਲ ਐ। ਲੋਕਾਂ ਦਾ ਈ ਨਹੀਂ, ਕਈ ਵੱਡੇ ਵੱਡੇ ਭਾਸ਼ਣ ਦੇਣ ਵਾਲੇ ਵੀ ਅਮਲਾਂ ਵਾਲੇ ਪਾਸਿਓਂ ਖੋਖਲੇ ਹੁੰਦੇ ਨੇ। ਤੈਨੂੰ ਸ਼ਾਇਦ ਇਹ ਵੀ ਨਹੀਂ ਪਤਾ ਹੋਣਾ, ਜਿਹੜੇ ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਦੇ ਬਹੁਤੇ ਨੇੜੇ ਹੋਣ ਦਾ ਦਿਖਾਵਾ ਕਰਦੇ ਨੇ, ਉਹ ਵੀ ਖਾਲੀ ਪੀਪਿਆਂ ਦੀ ਤਰ੍ਹਾਂ ਖੜਕਣਾ ਹੀ ਜਾਣਦੇ ਨੇ ਬਸ। ਉਨ੍ਹਾਂ ਨੇ ਜੋ ਬੋਲਣਾ ਹੁੰਦੈ, ਉਹ ਵੀ ਉਨ੍ਹਾਂ ਦੇ ਆਪਣੇ ਵਿਚਾਰ ਨਹੀਂ ਹੁੰਦੇ, ਕਿਸੇ ਹੋਰ ਦੇ ਹੁੰਦੇ ਨੇ।” ਉਸ ਦੀਆਂ ਗੱਲਾਂ ਸੁਣ ਕੇ ਮੈਂ ਵੀ ਨਜ਼ਰਾਂ ਉਪਰ ਨੂੰ ਚੁੱਕੀਆਂ।
“ਸਾਰੇ ਇੱਕ ਵਰਗੇ ਨਹੀਂ ਹੁੰਦੇ, ਬਥੇਰੇ ਬਹੁਤ ਚੰਗੇ ਵੀ ਹੁੰਦੇ ਨੇ।” ਮੈਂ ਕਿਹਾ।
“ਹਾਂ ਹੁੰਦੇ ਨੇ, ਤੈਨੂੰ ਪਤੈ ਅਸੀਂ ਬੜੀਆਂ ਟੌਹਰਾਂ ਮਾਰਦੇ ਆਂ ਕਿ ਗੁਰੂ ਨਾਨਕ ਸਾਹਿਬ ਸਾਡੇ ਨੇ; ਪਰ ਅਸੀਂ ਉਨ੍ਹਾਂ ਦੇ ਬਣੀਏ ਤਾਂ ਗੱਲ ਬਣੇ। ਜੇ ਅਸੀਂ ਉਨ੍ਹਾਂ ਦੇ ਬਣੇ ਹੁੰਦੇ ਤਾਂ ਕਿਰਤ ਦਾ ਮੁੱਲ ਪੈਂਦਾ। ਕਿਰਤ ਸੱਭਿਆਚਾਰ ਨੂੰ ਖੋਰਾ ਨਾ ਲੱਗਦਾ। ਕਿਰਤ ਕਰਨ ਵਾਲੇ ਆਪਣੇ ਹੱਕਾਂ ਲਈ ਸੰਘਰਸ਼ ਦੇ ਰਾਹ ‘ਤੇ ਤੁਰ ਹੋਏ ਨੇ। ਗਰਮੀਆਂ ਸਰਦੀਆਂ ਸੜਕਾਂ ‘ਤੇ ਗੁਜ਼ਾਰਨ ਲਈ ਮਜ਼ਬੂਰ ਨੇ। ਬਾਬੇ ਨਾਨਕ ਨੂੰ ਸਿਰ ਝੁਕਾਉਣ ਵਾਲੇ, ਉਨ੍ਹਾਂ ਦੇ ਜਨਮ ਦਿਨ ‘ਤੇ ਸਾਰੇ ਜਗਤ ਨੂੰ ਵਧਾਈਆਂ ਦੇਣ ਵਾਲੇ ਉਨ੍ਹਾਂ ਦੇ ਕਿਰਤੀਆਂ ਨੂੰ ਰੋਲ ਰਹੇ ਨੇ…ਹੈ ਨਾ ਕਮਾਲ ਦੀ ਗੱਲ।”
“ਹਾਂ, ਦੁਖਦਾਈ ਵੀ ਐ ਇਹ ਸਭ।” ਮੈਂ ਕਿਹਾ।
“ਦੁਨੀਆਂ ਦੀ ਕਹਿਣੀ ਤੇ ਕਰਨੀ ਵਿਚ ਫਰਕ ਆ ਗਿਆ। ਲੋਕ ਦਿਖਾਵਾ ਕੁਝ ਹੋਰ ਕਰਦੇ ਨੇ, ਹੁੰਦੇ ਕੁਝ ਹੋਰ ਨੇ। ਕਈ ਵਾਰ ਤਾਂ ਸਾਰੀ ਉਮਰ ਆਪਣੇ ਆਪ ਨੂੰ ਉਹੀ ਸਮਝ ਬੈਠਦੇ ਨੇ, ਜੋ ਉਹ ਨਹੀਂ ਹੁੰਦੇ। ਜਦੋਂ ਸੁਰਤ ਆਉਂਦੀ ਐ, ਉਦੋਂ ਪਛਤਾਉਂਦੇ ਨੇ।” ਉਹ ਗੰਭੀਰ ਸੀ।
“ਆਪਾਂ ਲਿਖੀਏ ਹੁਣ ਕੁਸ਼…!” ਮੈਂ ਮੁਸਕਰਾਉਂਦਿਆਂ ਕਿਹਾ। ਉਸ ਨੇ ਹੈਰਾਨੀ ਨਾਲ ਵੇਖਿਆ ਤੇ ਬੋਲੀ, “ਅਜੇ ਵੀ ਲਿਖਣ ਦਾ ਸੋਚ ਰਹੀ ਏਂ?”
“ਹਾਂ!” ਮੈਂ ਕਿਹਾ।
“ਕੀ ਲਿਖਣਾ ਚਾਹੁੰਦੀ ਏਂ?”
“ਸੱਚ।”
“ਹਿੰਮਤ ਹੈ?” ਉਸ ਦਾ ਸਵਾਲ ਸੀ।
“ਹਾਂ! ਸੱਚ ਲਿਖਣਾ ਔਖਾ ਨਹੀਂ, ਝੂਠ ਨੂੰ ਸੱਚ ਦੇ ਲੇਪ ਚੜ੍ਹਾ ਕੇ ਲਿਖਣਾ ਔਖਾ ਹੁੰਦੈ।” ਮੈਂ ਕਿਹਾ।
“ਕੀ ਲਿਖੀਏ?”
“ਉਹੀ ਜੋ ਹੁਣੇ ਗੱਲਬਾਤ ਕੀਤੀ।”
“ਮਤਲਬ?” ਉਹ ਹੈਰਾਨੀ ਨਾਲ ਤੱਕ ਰਹੀ ਸੀ।
“ਮਤਲਬ ਕਿ ਅਸੀਂ ਫੋਕੀਆਂ ਫੜ੍ਹਾਂ ਮਾਰਨ ਵਾਲੇ ਆਂ…ਅਸੀਂ ਗੁਰੂ ਬਾਬੇ ਦੀ ਗੱਲ ਮੰਨਣ ਨੂੰ ਤਿਆਰ ਨਹੀਂ। ਅਸੀਂ ਕਹਿੰਦੇ ਕੁਝ ਹੋਰ ਤੇ ਕਰਦੇ ਕੁਝ ਹੋਰ ਹਾਂ। ਦਿਖਾਵੇ ਤੇ ਸ਼ਹੁਰਤ ਲਈ ਬਹੁਤ ਕੁਝ ਅਜਿਹਾ ਕਹਿੰਦੇ ਜਾਂ ਕਰਦੇ ਹਾਂ, ਜੋ ਸਾਨੂੰ ਖੁਦ ਨੂੰ ਵੀ ਠੀਕ ਨਹੀਂ ਲੱਗਦਾ ਹੁੰਦਾ ਕਈ ਵਾਰ। ਪਤਾ ਵੀ ਹੋਵੇ ਕਿ ਗਲਤ ਬੋਲ ਰਹੇ ਹਾਂ ਤਾਂ ਵੀ ਬੋਲੀ ਜਾਂਦੇ ਹਾਂ। ਪਤਾ ਹੋਵੇ ਕਿ ਗਲਤ ਬੰਦੇ ਦੀ ਤਾਰੀਫ ਕਰਦੇ ਹਾਂ ਤਾਂ ਵੀ ਕਰੀ ਜਾਂਦੇ ਆਂ। ਪਤਾ ਹੋਵੇ, ਗਲਤ ਬੰਦੇ ਦੇ ਨਾਲ ਤੁਰਦੇ ਹਾਂ, ਫਿਰ ਵੀ ਨਹੀਂ ਰੁਕਦੇ। ਆਪਣੇ ਆਪ ਨੂੰ ਦੁਨੀਆਂ ਤੋਂ ਵੱਖਰਾ ਰੱਖ ਕੇ ਸੋਚਦੇ ਹਾਂ ਕਿ ਗੁਰੂ ਸਾਹਿਬ ਦੇ ਸਿਧਾਂਤਾਂ ‘ਤੇ ਆਪਣੇ ਆਪ ਨੂੰ ਤੋਰਨਾ ਜ਼ਰੂਰੀ ਨਹੀਂ ਸਮਝਦੇ। ਇਹੀ ਸੋਚਦੇ ਆਂ ਕਿ ਬਾਕੀ ਦੁਨੀਆਂ ਨੂੰ ਚੱਲਣਾ ਚਾਹੀਦਾ ਹੈ। ਗੁਰੂ ਸਾਹਿਬ ਦੇ ਉਪਦੇਸ਼ ਪੜ੍ਹ ਕੇ ਸੁਣਾਉਣ ਨਾਲ ਹੀ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋ ਜਾਂਦੇ ਹਾਂ। ਅਮਲ ਕਰਨ ਲਈ ਦੂਸਰਿਆਂ ਨੂੰ ਆਖਦੇ ਹਾਂ…।” ਮੈਂ ਪਤਾ ਨਹੀਂ ਕਿੰਨਾ ਕੁ ਬੋਲਦੀ। ਉਸ ਨੇ ਮੈਨੂੰ ਰੋਕਦਿਆਂ ਆਖਿਆ, “ਚਲ ਬਸ ਕਰ।”
ਉਸ ਦੇ ਬੁੱਲ੍ਹਾਂ ‘ਤੇ ਵੱਡੀ ਸਾਰੀ ਮੁਸਕਾਨ ਆਈ। ਮੈਂ ਉਸ ਦੇ ਚਿਹਰੇ ਵੱਲ ਦੇਖਿਆ, ਉਸ ਦੀਆਂ ਅੱਖਾਂ ਵੀ ਮੁਸਕਰਾ ਰਹੀਆਂ ਸਨ। ਅਸੀਂ ਘੁੱਟ ਕੇ ਜੱਫੀ ਪਾਈ। ਮੈਂ ਉਸ ਦਾ ਮੱਥਾ ਚੁੰਮਿਆ ਤੇ ਉਹ ਕਾਗਜ਼ਾਂ ਨੂੰ ਸਜਦਾ ਕਰ ਕੇ ਅੱਖਰਾਂ ਨੂੰ ਮੋਤੀਆਂ ਵਾਂਗ ਪਰੋਣ ਲੱਗੀ।