ਧਰਤੀ ਪੁੱਤਰ ਦੀ ਗਰਜ

ਕਮਲਜੀਤ ਸਿੰਘ ਟਿੱਬਾ
ਫੋਨ: 91-98554-70128
ਭਗਤੀ ਲਹਿਰ ਦੀ ਉਪਰਲੀ ਚਾਦਰ ਹੇਠਾਂ ਜਾਤੀਵਾਦ ਦੇ ਖਿਲਾਫ ਸਮਾਜਕ ਨਿਆਂ ਅਤੇ ਧਰਮ ਦੇ ਪਾਖੰਡਵਾਦ, ਭੇਖਵਾਦ ਤੇ ਪੁਜਾਰੀਵਾਦ ਦੇ ਵਿਰੋਧ ਵਿਚ ਨੈਤਿਕ ਕ੍ਰਾਂਤੀ ਦੀ ਅੱਗ ਸੁਲਘਦੀ ਸੀ। ਰੋਸ ਦੀ ਇਹ ਲਹਿਰ ਸਾਮੰਤਵਾਦੀ ਰਾਜਾਸ਼ਾਹੀ ਨੂੰ ਬਹੁਤ ਚੁਭਦੀ ਰਹੀ। ਭਾਰਤ-ਭੂਮੀ ਦੇ ਵੱਖ-ਵੱਖ ਖੇਤਰਾਂ ਵਿਚੋਂ ਉਚੀ-ਨੀਵੀਂ ਚਾਲੇ ਚੱਲਦੀ ਇਹ ਲਹਿਰ ਪੰਜਾਬ ਵਿਚ ਗੁਰੂ ਨਾਨਕ ਦੀ ਅਗਵਾਈ ਵਿਚ ਸਮਾਜਕ ਕ੍ਰਾਂਤੀ ਦੀ ਲਹਿਰ ਬਣ ਗਈ। ਇਹ ਲਗਾਤਾਰ ਆਪਣੀਆਂ ਉਚਾਈਆਂ ‘ਤੇ ਅੱਪੜਨ ਲੱਗੀ। ਗੁਰੂ ਨਾਨਕ ਦੇਵ ਜੀ ਦੀ ਦਾਰਸ਼ਨਿਕ ਬਾਣੀ ਜਪੁਜੀ ਸਿੱਖ ਇਨਕਲਾਬ ਦਾ ਆਧਾਰ ਬਣ ਗਈ। ਸਿੱਖ ਇਨਕਲਾਬ ਅਸਲੀ ਅਰਥਾਂ ਵਿਚ ਕਿਸਾਨੀ ਇਨਕਲਾਬ ਹੀ ਸੀ, ਜਿਸ ਦੀ ਤਾਕਤ ਵੱਖ-ਵੱਖ ਕਿੱਤੇ, ਕੰਮ ਕਰਨ ਵਾਲੇ ਮਿਹਨਤੀ ਲੋਕ ਹੀ ਸਨ।

ਇਸੇ ਲਹਿਰ ਦਾ ਸਿੱਖਰ ਬੰਦਾ ਸਿੰਘ ਬਹਾਦਰ ਦੀ ਸਰਹਿੰਦ ਦੀ ਫਤਿਹ ਵਿਚ ਨਿਕਲਿਆ, ਜਦੋਂ ਉਸ ਨੇ ਅਤਿ ਗਰੀਬ ਜਾਤੀਆਂ ਵਿਚੋਂ ਭਾਈ ਬਾਜ਼ ਸਿੰਘ ਨੂੰ ਸਹਰਿੰਦ ਦਾ ਸੂਬੇਦਾਰ ਨਿਯੁਕਤ ਕੀਤਾ ਤੇ ਸੂਬੇਦਾਰ ਨੇ ਹਲਵਾਹਕਾਂ ਨੂੰ ਜ਼ਮੀਨਾਂ ਦੇ ਮਾਲਕ ਹੋਣ ਦੇ ਐਲਾਨ ਕਰ ਦਿੱਤਾ। ਸਮਾਂ ਪਾ ਕੇ ਜ਼ਮੀਨਾਂ ਦੇ ਮਾਲਕ ਮੁੜ ਜਗੀਰਦਾਰ ਫਿਰ ਬਣ ਗਏ। ਅੰਗਰੇਜ਼ ਹਕੂਮਤ ਨੇ ਜਗੀਰਦਾਰੀ ਪ੍ਰਬੰਧ ਨੂੰ ਹੋਰ ਵੀ ਮਜ਼ਬੂਤ ਕਰ ਦਿੱਤਾ।
ਸਰਦਾਰ ਭਗਤ ਸਿੰਘ ਤੇ ਉਨ੍ਹਾਂ ਦੀ ਕ੍ਰਾਂਤੀਕਾਰੀ ਪਾਰਟੀ ਨੇ ਸਮਾਜਵਾਦੀ ਵਿਚਾਰਾਂ ਨੂੰ ਉਭਾਰਿਆ ਤੇ ਇਨਕਲਾਬ-ਜਿੰਦਾਬਾਦ ਦੇ ਨਾਹਰੇ ਨੂੰ ਬੁਲੰਦ ਕਰਕੇ ਅੰਗਰੇਜ਼ਾਂ ਦੇ ਪੈਰਾਂ ਹੇਠ ਭਾਂਬੜ ਬਾਲ ਦਿੱਤੇ। ਲੋਕ ਜਾਗੇ, ਉਠੇ ਤੇ ਸੰਗਠਿਤ ਹੋਣ ਲੱਗੇ। ਭਾਰਤੀ ਕਮਿਊਨਿਸਟ ਪਾਰਟੀ ਦੀ ਅਗਵਾਈ ਵਿਚ ਪੂਰੇ ਭਾਰਤ ਵਿਚ ਮੁਜਾਰਿਆਂ ਨੂੰ ਜ਼ਮੀਨਾਂ ਦੇ ਮਾਲਕ ਬਣਾਉਣ ਲਈ ਜਗੀਰਦਾਰੀ ਪ੍ਰਬੰਧ ਨੂੰ ਖਤਮ ਕਰਨ ਵਾਸਤੇ ਸਖਤ ਘੋਲ ਲੜਿਆ ਗਿਆ। ਇਹ ਘੋਲ ਵੀ ਪੰਜਾਬ ਵਿਚ ਸਿਖਰਾਂ ਛੋਹ ਗਿਆ। ਆਖਰ ਨਹਿਰੂ ਸਰਕਾਰ ਨੂੰ ਮੁਜਾਰਿਆਂ ਦੇ ਮਾਲਕੀ ਹੱਕ ਮੰਨਣੇ ਪਏ। ਪੰਜਾਬ ਦੀ ਕਿਸਾਨੀ ਨੂੰ ਕੈਰੋਂ ਸਰਕਾਰ ਨਾਲ ਖੁਸ਼ਹੈਸੀਅਤ ਟੈਕਸ ਨੂੰ ਖਤਮ ਕਰਨ ਲਈ ਬਣੇ ਕਾਲੇ ਕਾਨੂੰਨਾਂ ਦੇ ਵਿਰੁੱਧ ਸਿਰੜੀ ਘੋਲ ਲੜਨਾ ਪਿਆ। ਜਿੱਤ ਪੰਜਾਬ ਦੀ ਕਿਸਾਨੀ ਦੀ ਹੋਈ।
ਕੇਂਦਰ ਦੀ ਮੋਦੀ ਸਰਕਾਰ ਨੇ ਹੁਣ ਫਿਰ ਤਿੰਨ ਖੇਤੀ ਕਾਨੂੰਨ ਬਣਾ ਕੇ ਭਾਰਤ ਦੀ ਕਿਸਾਨੀ ਨੂੰ ਤਬਾਹ ਕਰਨ ਲਈ ਸਾਰਾ ਜ਼ੋਰ ਲਾ ਦਿੱਤਾ ਹੈ। ਇਨ੍ਹਾਂ ਤਿੰਨਾਂ ਖੇਤੀ ਕਾਨੂੰਨਾਂ ਦੇ ਖਿਲਾਫ ਰੋਸ ਤਾਂ ਸਾਰੇ ਭਾਰਤ ਵਿਚ ਹੈ, ਪਰ ਇਹ ਰੋਸ ਪੰਜਾਬ ਤੇ ਹਰਿਆਣਾ (ਪੁਰਾਣਾ ਪੰਜਾਬ) ਵਿਚ ਭਾਂਬੜ ਬਣਦਾ ਜਾ ਰਿਹਾ ਹੈ। ਕਿਸਾਨ ਇਨ੍ਹਾਂ ਤਿੰਨਾਂ ਖੇਤੀ ਕਾਨੂੰਨਾਂ ਨੂੰ ‘ਮੌਤ ਦੇ ਵਾਰੰਟ’ ਆਖ ਰਹੇ ਹਨ। ਇਹ ਪਹਿਲੀ ਵਾਰ ਹੈ ਕਿ ਤਿੰਨਾਂ ਖੇਤੀ ਕਾਨੂੰਨਾਂ ਦੇ ਖਿਲਾਫ ਸਾਰੀਆਂ ਕਿਸਾਨ ਜਥੇਬੰਦੀਆਂ ਆਪਣੀ-ਆਪਣੀ ਸਮਰੱਥਾ ਅਨੁਸਾਰ ਡਟੀਆਂ ਖੜ੍ਹੀਆਂ ਹਨ।
ਪੰਜਾਬ ਦਾ ਕਿਸਾਨ-ਘੋਲ ਹਿੰਦ-ਪੰਜਾਬ ਦੀ ਜੰਗ ਵੀ ਨਹੀਂ ਤੇ ਇਹ ਸਿੱਖਾਂ ਦੀ ਕੇਂਦਰ ਖਿਲਾਫ ਲੜਾਈ ਵੀ ਨਹੀਂ, ਸਗੋਂ ਭਾਰਤ ਦੇ ਕਿਸਾਨਾਂ ਤੇ ਉਨ੍ਹਾਂ ਦੇ ਸਹਿਯੋਗੀਆਂ ਦਾ ਆਪਣੀ ਆਰਥਕ, ਸੱਭਿਆਚਾਰਕ ਤੇ ਸਮਾਜਕ ਹੋਂਦ ਨੂੰ ਬਚਾਉਣ ਤੇ ਵਿਕਸਿਤ ਕਰਨ ਦਾ ਜੋਰਦਾਰ ਯਤਨ ਹੈ। 26-27 ਨਵੰਬਰ ਨੂੰ ਦਿੱਲੀ ਪਹੁੰਚ ਕੇ ਭਾਰਤ ਦੇ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਕੇਂਦਰ ਸਰਕਾਰ ਦੇ ਸਾਹਮਣੇ ਰੱਖਿਆ ਹੈ। ਹਰਿਆਣਾ ਅਤੇ ਦਿੱਲੀ ਦੀ ਪੁਲਿਸ ਵੱਲੋਂ ਲਾਈਆਂ ਰੋਕਾਂ ਨੂੰ ਤੋੜਦਿਆਂ ਕਿਸਾਨ ਦਿੱਲੀ ਵਿਚ ਜਾ ਗਰਜੇ ਹਨ।
ਜਿਵੇਂ ਭਗਤੀ ਲਹਿਰ ਦੀ ਰੋਸ ਲਹਿਰ ਦੀ ਅਗਵਾਈ ਪੰਜਾਬ ਵਿਚ ਆਪਣੀਆਂ ਸਿਖਰਾਂ ‘ਤੇ ਪਹੁੰਚੀ ਸੀ, ਉਵੇਂ ਹੀ ਭਾਰਤ ਦੀ ਕਿਸਾਨੀ ਲਹਿਰ ਦੀ ਸਿਖਰ ਵੀ ਪੰਜਾਬ ਵਿਚ ਬਣਦੀ ਜਾ ਰਹੀ ਹੈ। ਕਿਸਾਨਾਂ ਦੀ ਸਮਝਦਾਰ ਲੀਡਰਸ਼ਿਪ ਭਾਰਤੀ ਸਮਾਜ ਨੂੰ ਇਨਕਲਾਬ ਦੀਆਂ ਬਰੂਹਾਂ ਵੱਲ ਨੂੰ ਲਗਾਤਾਰ ਵਧਾ ਰਹੀ ਹੈ। ਜਦੋਂ ਭਾਰਤ ਦੀਆਂ ਕੱਟੜ ਹਿੰਦੂਤਵੀ ਤਾਕਤਾਂ ਗੰਗਾ-ਜਮਨੀ ਸਾਂਝੀ ਤਹਿਜੀਬ ਵਾਲੀ ਵਸੋਂ ਨੂੰ ‘ਹਿੰਦੂ ਰਾਸ਼ਟਰ’ ਬਣਾਉਣ ਵੱਲ ਧੱਕ ਰਹੀਆਂ ਹਨ, ਬਿਲਕੁਲ ਉਸੇ ਸਮੇਂ ਭਾਰਤ ਦਾ ਕਿਸਾਨੀ ਘੋਲ ਦਿੱਲੀ ਵਿਚ ਪਹੁੰਚ ਕੇ ਭਾਰਤ ਦੇ ਸਾਂਝੇ ਭਾਈਚਾਰੇ ਨੂੰ ਮਜ਼ਬੂਤ ਕਰਦਾ ਹੋਇਆ ਭਾਰਤ ਨੂੰ ਬਹੁ-ਧਰਮੀ, ਬਹੁ-ਸੱਭਿਆਚਾਰੀ ਤੇ ਬਹੁ-ਭਾਸ਼ਾਈ ਦੇਸ਼ ਬਣਾਈ ਰੱਖਣ ਲਈ ਗੰਭੀਰ ਜੱਦੋ-ਜਹਿਦ ਵਿਚ ਹੈ। ਇਸ ਲਹਿਰ ਦੀ ਹਮਦਰਦੀ, ਤਾਕਤ ਤੇ ਕੀਮਤ ਲਗਾਤਾਰ ਵਧ ਰਹੀ ਹੈ।
ਪੰਜਾਬ ਦਾ ਕਿਸਾਨ ਧਰਤੀ ਪੁੱਤਰ ਵੀ ਹੈ ਤੇ ਭਾਰਤ ਦੀ ਭੁੱਖ ਮਿਟਾਉਣ ਵਾਲਾ ਅੰਨਦਾਤਾ ਵੀ। ਰਾਜੇ-ਰਾਣੇ ਸਭ ਦੌਲਤਾਂ ਵਾਲੇ ਹੀਰਿਆਂ ਦੇ ਵਪਾਰੀ ਤੇ ਪਹਾੜਾਂ ਜਿੱਡੇ ਕਾਰੋਬਾਰੀ ਅਤੇ ਹੋਰ ਸਾਰੇ ਇਸ ਦਾ ਦਿੱਤਾ ਹੀ ਖਾਂਦੇ ਹਨ, ਪਰ ਇਸ ਦੀ ਸਾਰ ਕੋਈ ਨਹੀਂ ਲੈ ਰਿਹਾ। ਇਸ ਦੀ ਤਾਕਤ ਸ਼ੇਰ ਵਰਗੀ ਹੈ। ਹੁਣ ਇਹ ਜਾਗ ਰਿਹਾ ਹੈ, ਜੁੜ ਰਿਹਾ ਹੈ ਤੇ ਲੜਾਈ ਦੇ ਰਾਹ ਪੈ ਗਿਆ ਹੈ। ਸਾਂਭ ਲਿਆ ਜਾਵੇ, ਨਹੀਂ ਤਾਂ ਸੰਭਾਲਣਾ ਔਖਾ ਹੋ ਜਾਵੇਗਾ। ਜੇ ਇਹ ਆਪਣੀ ਆਈ ‘ਤੇ ਆ ਗਿਆ ਤਾਂ ਦਿੱਲੀ ਤਖਤ ਦੇ ਚਾਰੇ ਪਾਵੇ ਹਿਲਾ ਦੇਵੇਗਾ।
ਆਓ, ਦੁਆ ਕਰੀਏ ਕਿ ਹੱਕ ਲੈਣ ਲਈ ਨਿਕਲੇ ਕਿਸਾਨਾਂ ਨੂੰ ਫਤਹਿ ਨਸੀਬ ਹੋਵੇ ਤੇ ਪੰਜਾਬ ਸਦਾ ਵੱਸਦਾ ਰਹੇ।