‘ਕਰਤਾਰਪੁਰ, ਕਰਤਾ, ਕਿਰਤ ਦੀ ਕਰਾਮਾਤ’

ਡਾ. ਗੁਰਨਾਮ ਕੌਰ, ਕੈਨੇਡਾ
ਕੇਂਦਰ ਵੱਲੋਂ ਲਿਆਂਦੇ ਤਿੰਨ ਖੇਤੀ ਅਤੇ ਕਿਸਾਨ ਵਿਰੋਧੀ ਕਾਲੇ ਕਾਨੂੰਨ, ਨਾਲ ਹੀ ਬਿਜਲੀ ਕਾਨੂੰਨ 2020 ਲਈ ਪਿਛਲੇ ਕਰੀਬ ਦੋ ਮਹੀਨੇ ਤੋਂ ਪੰਜਾਬ ਦਾ ਕਿਸਾਨ ਪੂਰੇ ਸ਼ਾਂਤਮਈ ਤਰੀਕੇ ਨਾਲ ਧਰਨੇ ‘ਤੇ ਬੈਠਾ ਹੈ ਅਤੇ ਉਸ ਨਾਲ ਸਮਾਜ ਦਾ ਕਰੀਬ ਹਰ ਵਰਗ ਸਹਿਯੋਗ ਦੇ ਰਿਹਾ ਹੈ। ਕੇਂਦਰ ਦੀ ਭਾਜਪਾ ਸਰਕਾਰ ਨੇ ਕਾਨੂੰਨ ਤਾਂ ਕੀ ਵਾਪਸ ਲੈਣੇ ਸੀ, ਪਰ ਨਾਲ ਹੀ ਪਰਾਲੀ ਸਾੜਨ ‘ਤੇ ਇੱਕ ਕਰੋੜ ਦਾ ਜ਼ੁਰਮਾਨਾ ਜਾਂ ਪੰਜ ਸਾਲ ਦੀ ਕੈਦ ਦਾ ਕਾਨੂੰਨ ਲੈ ਆਂਦਾ। ਇੰਨੇ ਲੰਬੇ ਸੰਘਰਸ਼ ਨਾਲ ਵੀ ਕੇਂਦਰ ਸਰਕਾਰ ਦੇ ਕੰਨਾਂ ‘ਤੇ ਬਿਲਕੁਲ ਜੂੰ ਨਹੀਂ ਰੀਂਘੀ। ਕਿਸਾਨ ਦੇ ਹੱਥਾਂ ਵਿਚੋਂ ਕਿਰਤ ਅਤੇ ਜ਼ਮੀਨ ਖੋਹਣ ਦਾ ਕੇਂਦਰ ਸਰਕਾਰ ਨੇ ਪੂਰੀ ਤਰ੍ਹਾਂ ਨਾਲ ਪੱਕਾ ਮਨ ਬਣਾ ਲਿਆ ਹੈ। ਇਸੇ ਲਈ ਏਨੇ ਸ਼ਾਂਤਮਈ ਅੰਦੋਲਨ ਨਾਲ ਉਸ ਦੇ ਹਠੀ ਰਵੱਈਏ ਨੂੰ ਕੋਈ ਫਰਕ ਨਹੀਂ ਪੈ ਰਿਹਾ।

ਬਾਬੇ ਨਾਨਕ ਨੇ ਸਾਡੇ ਹੱਥ ਵਿਚ ਹੱਲ ਦੀ ਮੁੰਨੀ ਫੜਾ ਕੇ ਸਾਨੂੰ ਕਿਰਤ ਕਰਨ ਦਾ ਇੱਕ ਮਾਡਲ ਸਿਰਜ ਕੇ ਦਿੱਤਾ। ਗੁਰੂ ਨਾਨਕ ਸਾਹਿਬ ਨੇ ਜੇ ਮਹਿਜ ਖੇਤੀ ਕਰਨ ਲਈ ਹੀ ਖੇਤੀ ਕਰਨੀ ਹੁੰਦੀ ਤਾਂ ਰਾਏ ਬੁਲਾਰ ਨੇ ਗੁਰੂ ਨਾਨਕ ਸਾਹਿਬ ਨੂੰ ਸੱਤ ਸੌ ਪੰਜਾਹ (750) ਮੁਰੱਬਾ ਜ਼ਮੀਨ ਰਾਏ ਭੋਇੰ ਦੀ ਤਲਵੰਡੀ (ਹੁਣ ਨਨਕਾਣਾ ਸਾਹਿਬ, ਪਾਕਿਸਤਾਨ) ਵਿਚ ਦਿੱਤੀ ਸੀ, ਜੋ ਅੱਜ ਵੀ ਗੁਰੂ ਨਾਨਕ ਦੇ ਨਾਮ ‘ਤੇ ਬੋਲਦੀ ਹੈ। ਗੁਰੂ ਨਾਨਕ ਸਾਹਿਬ ਨੇ ਖੇਤੀ ਉਥੇ ਨਹੀਂ ਕੀਤੀ। ਉਨ੍ਹਾਂ ਨੇ ਬਾਬਾ ਦੋਧਾ ਜੀ ਰਾਹੀਂ ਕਰੋੜੀ ਮੱਲ ਅਤੇ ਅਜਿੱਤਾ ਰੰਧਾਵਾ ਤੋਂ ਆਪਣੇ ਨਵੇਂ ਵਸਾਏ ਨਗਰ ਕਰਤਾਰਪੁਰ (ਹੁਣ ਪਾਕਿਸਤਾਨ) ਵਿਚ ਖਰੀਦੀ ਜ਼ਮੀਨ ‘ਤੇ ਖੇਤੀ ਕੀਤੀ, ਜਿੱਥੇ ਸਿੱਖ ਵਾਸਤੇ ਕਿਰਤ ਕਰਨ ਦਾ ਇੱਕ ਨਵਾਂ ਮਾਡਲ ਸਿਰਜਿਆ। ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨ ਸੰਗਤਿ ਦੂਰੋਂ ਦੂਰੋਂ ਆਉਂਦੀ ਰਹਿੰਦੀ ਸੀ, ਜਿੱਥੇ ਵਿਚਾਰ-ਚਰਚਾ ਵੀ ਹੁੰਦੀ ਰਹਿੰਦੀ ਸੀ।
ਉਦਾਸੀਆਂ ਸਮੇਂ ਗੁਰੂ ਨਾਨਕ ਸਿੱਧਾਂ ਨਾਲ ਗੋਸ਼ਟਿ ਕਰਨ ਸੁਮੇਰ ਪਰਬਤ ‘ਤੇ ਗਏ ਅਤੇ ਕਰਤਾਰਪੁਰੋਂ ਅਚਲ ਬਟਾਲੇ ਵੀ ਸ਼ਿਵਰਾਤਰੀ ਦੇ ਮੇਲੇ ‘ਤੇ ਗਏ। ਕਿਹਾ ਜਾਂਦਾ ਹੈ ਕਿ ਯੋਗੀਆਂ ਦੀ ਇੱਕ ਮੰਡਲੀ ਕਰਤਾਰਪੁਰ ਆਈ ਤਾਂ ਉਨ੍ਹਾਂ ਦੇਖਿਆ ਕਿ ਕਰਤਾਰਪੁਰ ਦੇ ਲੋਕ ਭਾਰੇ ਭਾਰੇ ਕੰਮਾਂ ਵਿਚ ਜੁੱਟੇ ਹੋਏ ਨੇ। ਕਿਧਰੇ ਕੋਈ ਰੁੱਖ ਵੱਢ ਰਿਹਾ ਹੈ ਅਤੇ ਕੋਈ ਰੁੱਖ ਨੂੰ ਮੋਛੇ ਪਾ ਰਿਹਾ ਹੈ ਤਾਂ ਕੋਈ ਸਿਰ ‘ਤੇ ਭਾਰ ਚੁੱਕੀ ਜਾਂਦਾ ਹੈ। ਯੋਗੀ ਗੁਰੂ ਨਾਨਕ ਪਾਤਿਸ਼ਾਹ ਕੋਲ ਪਹੁੰਚ ਕੇ ਉਨ੍ਹਾਂ ਵੱਲ ਇਸ਼ਾਰਾ ਕਰਕੇ ਬੋਲੇ ਕਿ ਬਾਬਾ! ਤੁਸੀਂ ਤਾਂ ਇਨ੍ਹਾਂ ਨੂੰ ‘ਸਾਨ੍ਹ’ (ਜ਼ੋਰ ਦਾ ਕੰਮ ਕਰਨ ਵਾਲੇ ਧੱਕੜ) ਬਣਾ ਦਿੱਤਾ ਹੈ। ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ ਕਿ ਦੋ ਚਾਰ ਦਿਨ ਠਹਿਰੋ। ਫਿਰ ਯੋਗੀਆਂ ਨੇ ਲੋਕਾਂ ਨੂੰ ਖੇਤਾਂ ਵਿਚ ਕੰਮ ਕਰਦੇ ਦੇਖਿਆ ਤਾਂ ਬੋਲੇ ਤੁਸੀਂ ਇਨ੍ਹਾਂ ਨੂੰ ਇਨਸਾਨ ਬਣਾ ਦਿੱਤਾ ਹੈ। ਬਾਬਾ ਨਾਨਕ ਨੇ ਯੋਗੀਆਂ ਨੂੰ ਹੋਰ ਠਹਿਰਨ ਲਈ ਕਿਹਾ ਤਾਂ ਉਨ੍ਹਾਂ ਨੇ ਲੋਕਾਂ ਨੂੰ ਲੰਗਰ ਤਿਆਰ ਕਰਦੇ ਅਤੇ ਵਰਤਾਉਂਦੇ ਦੇਖਿਆ ਤਾਂ ਬੋਲੇ ਕਿ ਇਨ੍ਹਾਂ ਨੂੰ ਤੁਸੀਂ ਮਹਾਨ ਬਣਾ ਦਿੱਤਾ ਹੈ। ਬਾਬਾ ਜੀ ਨੇ ਹੋਰ ਰੁਕਣ ਲਈ ਕਿਹਾ ਤਾਂ ਯੋਗੀਆਂ ਨੇ ਕਰਤਾਰਪੁਰ ਦੇ ਵਸਨੀਕਾਂ ਨੂੰ ਜਪੁਜੀ ਅਤੇ ਸੋਦਰ ਦਾ ਕੀਰਤਨ ਕਰਦੇ ਦੇਖਿਆ ਅਤੇ ਬੋਲੇ ਕਿ ਬਾਬਾ! ਤੂੰ ਤਾਂ ਇਨ੍ਹਾਂ ਨੂੰ ਭਗਵਾਨ ਬਣਾ ਦਿੱਤਾ ਹੈ।
ਇਹ ਵਾਰਤਾ ਇਤਿਹਾਸ ਦਾ ਇੱਕ ਨੌਜੁਆਨ ਵਿਦਵਾਨ ਜਨਮ ਸਾਖੀ ਦੇ ਹਵਾਲੇ ਨਾਲ ਧਰਨੇ ਤੇ ਕਿਸਾਨਾਂ ਨੂੰ ਸੁਣਾ ਰਿਹਾ ਸੀ ਅਤੇ ਦੱਸ ਰਿਹਾ ਸੀ ਕਿ ਇਹ ਕਿਰਤ ਦੀ ਕਰਾਮਾਤ ਹੈ, ਜੋ ਬਾਬੇ ਨਾਨਕ ਨੇ ਸਾਨੂੰ ਸਿਖਾਈ। ਨਾਮ ਜਪਣਾ ਅਤੇ ਵੰਡ ਕੇ ਛਕਣਾ ਇਸੇ ਕਿਰਤ ਦੀ ਕਰਾਮਾਤ ਦਾ ਹਿੱਸਾ ਹੈ। ਗੁਰੂ ਨਾਨਕ ਸਾਹਿਬ ਨੇ ਕਿਰਤ ਕਰਨ, ਵੰਡ ਛਕਣ ਅਤੇ ਨਾਮ ਦੇ ਸਿਮਰਨ ਰਾਹੀਂ ਮਨੁੱਖ ਦੇ ਅੰਦਰ ਵੱਸ ਰਹੇ ਕਰਤੇ ਨੂੰ ਜਗਾਉਣ ਦੀ ਜਾਚ ਦੱਸੀ। ਪੰਜਾਬ ਦੇ ਕਿਸਾਨ ਮਹਿਸੂਸ ਕਰਦੇ ਹਨ ਕਿ ਕੇਂਦਰ ਸਰਕਾਰ ਸਾਥੋਂ ਜ਼ਮੀਨਾਂ ਅਤੇ ਖੇਤੀ ਖੋਹ ਕੇ ਸਾਡੇ ਕੋਲੋਂ ਬਾਬੇ ਨਾਨਕ ਦਾ ਬਖਸ਼ਿਸ਼ ਕੀਤਾ ਕਿਰਤ ਦਾ ਫਲਸਫਾ ਵੀ ਖੋਹ ਲਵੇਗੀ।
ਮਾਲ ਗੱਡੀਆਂ ਚਲਾਉਣ ਲਈ ਕੇਂਦਰ ਨੇ ਜਿਵੇਂ ‘ਗੱਡੇ ਨਾਲ ਕੱਟਾ ਬੰਨ੍ਹਿਆ’ ਅਰਥਾਤ ਮਾਲ ਗੱਡੀਆਂ ਨਾਲ ਮੁਸਾਫਰ ਗੱਡੀਆਂ ਚਲਾਉਣ ਦੇਣ ਦੀ ਸ਼ਰਤ ਰੱਖ ਦਿੱਤੀ। ਰੇਲ ਟਰੈਕ, ਸਟੇਸ਼ਨ ਖਾਲੀ ਕਰ ਦੇਣ ‘ਤੇ ਵੀ ਮਾਲ ਗੱਡੀਆਂ ਨਹੀਂ ਚਲਾਈਆਂ ਅਤੇ ਪੰਜਾਬ ਦੇ ਮੁੱਖ ਮੰਤਰੀ ਨੇ ਕਿਸਾਨਾਂ ਨਾਲ ਮੀਟਿੰਗ ਕਰਕੇ ਬੇਨਤੀ ਕੀਤੀ ਅਤੇ ਪੰਜਾਬ ਦੇ ਡਿਗ ਰਹੇ ਅਰਥਚਾਰੇ ਦਾ ਵਾਸਤਾ ਪਾਇਆ ਤਾਂ ਕਿਸਾਨਾਂ ਨੇ ਸੀਮਤ ਸਮੇਂ ਤੱਕ ਮਾਲ ਗੱਡੀਆਂ ਦੇ ਨਾਲ ਮੁਸਾਫਰ ਗੱਡੀਆਂ ਚਲਾਉਣ ਦੀ ਵੀ ਸਹਿਮਤੀ ਦੇ ਦਿੱਤੀ। ਕਿਸਾਨਾਂ ਨੇ ਇੱਕ ਮਹੀਨੇ ਤੋਂ ਐਲਾਨ ਕਰ ਰੱਖਿਆ ਸੀ ਕਿ 26 ਅਤੇ 27 ਨਵੰਬਰ ਨੂੰ ਉਹ ਦਿੱਲੀ ਰਾਮਲੀਲ੍ਹਾ ਮੈਦਾਨ ਵਿਚ ਸ਼ਾਂਤਮਈ ਰੋਸ-ਦਿਖਾਵਾ ਕਰਨ ਜਾਣਗੇ ਅਤੇ ਕਿਸਾਨ ਜਥੇਬੰਦੀਆਂ ਨੇ ਦਿੱਲੀ ਕਮਿਸ਼ਨਰ ਤੋਂ ਸ਼ਾਂਤੀਮਈ ਰੋਸ-ਦਿਖਾਵਾ ਕਰਨ ਦੀ ਇਜਾਜ਼ਤ ਮੰਗੀ; ਦਿੱਲੀ ਪੁਲਿਸ ਕੇਂਦਰ ਸਰਕਾਰ ਦੇ ਅਧੀਨ ਹੈ, ਜਿਸ ਨੇ ਕੋਵਿਡ-19 ਦਾ ਬਹਾਨਾ ਲਾ ਕੇ ਆਗਿਆ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਸਾਰੇ ਭਾਰਤੀ ਜਾਣਦੇ ਹਨ ਕਿ ਇਸ ਕੋਵਿਡ-19 ਦੇ ਚੱਲਦੇ ਸਮੇਂ ਲੌਕਡਾਊਨ ਦਾ ਫਾਇਦਾ ਉਠਾਉਂਦਿਆਂ ਹੀ ਪਹਿਲਾਂ ਖੇਤੀ ਆਰਡੀਨੈਂਸ ਲਿਆਂਦੇ ਅਤੇ ਫਿਰ ਗੈਰਜ਼ਮੂਹਰੀ ਤਰੀਕੇ ਨਾਲ ਉਨ੍ਹਾਂ ਨੂੰ ਪਾਸ ਕਰਕੇ ਕਾਨੂੰਨ ਬਣਾਇਆ; ਕੋਵਿਡ-19 ਦੀ ਪ੍ਰਵਾਹ ਕੀਤੇ ਬਿਨਾ ਬਿਹਾਰ ਵਿਚ ਚੋਣ ਰੈਲੀਆਂ ਕੀਤੀਆਂ, ਜਿਨ੍ਹਾਂ ਵਿਚ ਲੱਖਾਂ ਦੀ ਗਿਣਤੀ ਵਿਚ ਲੋਕਾਂ ਦੇ ਇਕੱਠ ਹੋਏ ਅਤੇ ਚੋਣਾਂ ਕਰਵਾਈਆ; ਹੁਣ ਸਿਮ੍ਰਤੀ ਇਰਾਨੀ ਹੈਦਰਾਬਾਦ ਵਿਚ ਮਿਉਂਸਪਲ ਕਮੇਟੀ ਦੀਆਂ ਚੋਣਾਂ ਲਈ ਪ੍ਰਚਾਰ ਕਰਕੇ ਆਈ ਹੈ ਅਤੇ ਭਾਜਪਾ ਦਾ ਪ੍ਰਧਾਨ ਨਾਡਾ ਮਿਉਂਸਿਪਲ ਕਮੇਟੀ ਦੀਆਂ ਚੋਣਾਂ ਦਾ ਪ੍ਰਚਾਰ ਕਰਨ ਹੈਦਰਾਬਾਦ ਗਿਆ ਹੋਇਆ ਹੈ ਤੇ ਰੈਲੀਆਂ ਕਰ ਰਿਹਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਚੋਣ ਮੁਹਿੰਮ ‘ਤੇ ਚੜ੍ਹਿਆ ਹੋਇਆ ਸੀ, ਜੋ ਵਾਪਸ ਦਿੱਲੀ ਆ ਗਿਆ ਹੈ। ਅੱਜ ਤੱਕ ਕਦੇ ਸੁਣਿਆ ਨਹੀਂ ਸੀ ਕਿ ਕੇਂਦਰ ਪੱਧਰ ਦੇ ਲੀਡਰ ਸਥਾਨਕ ਪੱਧਰ ਦੀਆਂ ਚੋਣਾਂ ਵਿਚ ਪ੍ਰਚਾਰ ਕਰਨ ਲਈ ਗਏ ਹੋਣ।
ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰਨ ਲਈ ਪੰਜਾਬ-ਹਰਿਆਣਾ ਬਾਰਡਰ ਤੋਂ ਚਾਰ-ਪੰਜ ਰਸਤੇ ਚੁਣੇ ਜਿਵੇਂ ਪਟਿਆਲੇ ਵਿਚੋਂ ਗੂਹਲਾ-ਚੀਗਾ ਅਤੇ ਲਾਲੜੂ (ਸ਼ੰਭੂ ਬਾਰਡਰ), ਸੰਗਰੂਰ ਵਿਚੋਂ ਖਨੌਰੀ ਅਤੇ ਬਠਿੰਡਾ ਵਾਲੇ ਪਾਸੇ ਤੋਂ ਡੱਬਵਾਲੀ, ਜੋ ਸਿਰਸਾ, ਰੋਹਤਕ ਰਾਹੀਂ ਹੋ ਕੇ ਦਿੱਲੀ ਪਹੁੰਚਦਾ ਹੈ। ਦਿੱਲੀ ਭਾਰਤ ਦੀ ਰਾਜਧਾਨੀ ਹੈ, ਜਿੱਥੇ ਕਿਸੇ ਨੂੰ ਜਾਣ ਤੋਂ ਕਿਸੇ ਸਰਕਾਰ ਵੱਲੋਂ ਰੋਕਿਆ ਨਹੀਂ ਜਾ ਸਕਦਾ। ਹਰਿਆਣਾ ਵਿਚ ਖੱਟਰ ਸਰਕਾਰ ਕਿਉਂਕਿ ਭਾਜਪਾ ਦੀ ਸਰਕਾਰ ਹੈ, ਇਸ ਲਈ ਹਰਿਆਣਾ ਸਰਕਾਰ ਨੇ ਪੰਜਾਬ ਨਾਲ ਲੱਗਦੇ ਬਾਰਡਰ ਨੂੰ ਸੀਲ ਕਰ ਦਿੱਤਾ, ਜਦੋਂ ਕਿ ਇਹ ਅੰਦੋਲਨ ਹਰਿਆਣਾ ਦੀ ਖੱਟਰ ਸਰਕਾਰ ਦੇ ਵਿਰੁੱਧ ਜਾਂ ਕਿਸੇ ਵੀ ਸਰਕਾਰ ਦੇ ਵਿਰੁੱਧ ਨਾ ਹੋ ਕੇ ਕੇਂਦਰ ਵੱਲੋਂ ਪਾਸ ਕੀਤੇ ਗਏ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ ਹੈ। ਖੱਟਰ ਸਰਕਾਰ ਨੇ, ਜਿੰਨੇ ਵੀ ਰਸਤੇ ਪੰਜਾਬ ਤੋਂ ਹਰਿਆਣਾ ਰਾਹੀਂ ਦਿੱਲੀ ਨੂੰ ਜਾਂਦੇ ਹਨ, ਸਭ ਬੁਰੀ ਤਰ੍ਹਾਂ ਸੀਲ ਕਰ ਦਿੱਤੇ। ਬਹੁਤੇ ਪਾਠਕਾਂ ਨੇ ਵੱਖ ਵੱਖ ਚੈਨਲਾਂ ਤੇ ਚੱਲਦੀਆਂ ਖਬਰਾਂ ਵਿਚ ਦੇਖਿਆ ਹੋਵੇਗਾ ਕਿ ਕਿਸ ਤਰ੍ਹਾਂ ਸ਼ੰਭੂ ਬਾਡਰ ਤੇ ਪੰਜਾਬ ਵਾਲੇ ਪਾਸੇ ਕਰੇਨਾਂ ਨਾਲ ਪਹਿਲਾਂ ਵੱਡੇ ਵੱਡੇ ਪੱਥਰ ਲਿਆ ਕੇ ਰੱਖੇ ਗਏ ਜਿਨ੍ਹਾਂ ਨੂੰ ਸੰਗਲਾਂ ਨਾਲ ਨੂੜ ਕੇ ਤਾਲੇ ਲਗਾਏ ਹੋਏ ਸਨ। ਪੱਥਰਾਂ ਦੇ ਨਾਲ ਕਰਕੇ ਫਿਰ ਬੈਰੀਕੇਡ ਲਗਾਏ ਹੋਏ ਸਨ। ਸ਼ੰਭੂ ਬਾਰਡਰ ਤੋਂ ਦਿੱਲੀ ਤੱਕ ਸੱਤ ਥਾਂਵਾਂ ‘ਤੇ ਬੈਰੀਕੇਡਾਂ ਨਾਲ ਸੜਕ ਬੰਦ ਕਰਕੇ ਸੰਗਲਾਂ ਨਾਲ ਨੂੜੇ ਵੱਡੇ ਵੱਡੇ ਪੱਥਰ, ਖਤਰਨਾਕ ਕੰਡਿਆਲੀਆਂ ਤਾਰਾਂ, ਜਿਨ੍ਹਾਂ ਨੂੰ ਜੇ ਕੋਈ ਕਿਸਾਨ ਅਵਾਰਾ ਪਸੂਆਂ ਤੋਂ ਬਚਾਅ ਲਈ ਖੇਤ ਦੁਆਲੇ ਲਾ ਦੇਵੇ ਤਾਂ ਉਸ ਨੂੰ ਪੰਜ ਹਜ਼ਾਰ ਰੁਪਏ ਤੱਕ ਦਾ ਜ਼ੁਰਮਾਨਾ ਹੋ ਸਕਦਾ ਹੈ, ਮਿੱਟੀ ਨਾਲ ਭਰੇ ਟਿੱਪਰ ਖੜ੍ਹੇ ਕਰਕੇ ਸੜਕ ਬੰਦ ਕਰਨ ਦੇ ਨਾਲ ਨਾਲ ਰਾਹ ਜਾਂਦੇ ਪ੍ਰਾਈਵੇਟ ਟਰੱਕਾਂ ਨੂੰ ਹਾਈਵੇ ‘ਤੇ ਖੜ੍ਹੇ ਕਰਕੇ ਟਰੱਕਾਂ ਦੇ ਡਰਾਈਵਰਾਂ ਤੋਂ ਚਾਬੀਆਂ ਲੈ ਲਈਆਂ ਗਈਆਂ। ਪੰਜਾਬ ਦੇ ਕਿਸਾਨਾਂ ਨੇ ਨੰਗੇ ਹੱਥਾਂ ਨਾਲ ਪਾਣੀ ਦੀਆਂ ਤੋਪਾਂ ਦੀਆਂ ਬੁਛਾਰਾਂ ਅਤੇ ਅੱਥਰੂ ਗੈਸ ਦੇ ਵਰਦੇ ਗੋਲਿਆਂ ਵਿਚ ਇਨ੍ਹਾਂ ਪੱਥਰਾਂ ਨੂੰ ਹਟਾਇਆ, ਮਣਾਂ ਮੂੰਹੀ ਮਿੱਟੀ ਨੂੰ ਆਪਣੇ ਹੱਥਾਂ ਅਤੇ ਪੱਲਿਆਂ ਵਿਚ ਪਾ ਕੇ ਪਾਸੇ ਸੁੱਟਿਆ, ਨੌਜੁਆਨਾਂ ਨੇ ਬੈਰੀਕੇਡ ਚੁੱਕ ਚੁੱਕ ਕੇ ਨਹਿਰ ਵਿਚ ਸੁੱਟੇ। ਹਰਿਆਣੇ ਦੇ ਕਿਸਾਨ, ਜੋ ਪਹਿਲਾਂ ਹੀ ਆਪਣੇ ਪੰਜਾਬੀ ਭਰਾਵਾਂ ਦੀ ਮਦਦ ਕਰਨ ਲਈ ਪਹੁੰਚੇ ਹੋਏ ਸਨ, ਉਨ੍ਹਾਂ ਨੇ ਆਪਣੇ ਟਰੈਕਟਰਾਂ ਅਤੇ ਕਰਾਹਾਂ ਨਾਲ ਆਪਣੇ ਪੰਜਾਬੀ ਭਰਾਵਾਂ ਦੀ ਮਦਦ ਕੀਤੀ। ਮਸ਼ੀਨਾਂ ਨਾਲ ਰੱਖੇ ਪੱਥਰ, ਰੇਤੇ ਨਾਲ ਭਰੇ ਹੋਏ ਟਿੱਪਰ, ਸੜਕਾਂ ਤੇ ਹਰਿਆਣਾ ਪ੍ਰਸ਼ਾਸਨ ਵੱਲੋਂ ਜਬਰੀ ਰੋਕੀਆਂ ਗੱਡੀਆਂ ਅਤੇ ਟਰੱਕ ਕਿਸਾਨਾਂ ਨੇ ਹਿੰਮਤ ਅਤੇ ਹੌਂਸਲੇ ਨਾਲ ਰਸਤੇ ਵਿਚੋਂ ਆਪਣੇ ਹੱਥਾਂ ਨਾਲ ਚੁੱਕ ਚੁੱਕ ਕੇ ਹਟਾਏ। ਸ਼ੰਭੂ ਮੋਰਚੇ ‘ਤੇ ਜਿਸ ਨੌਜੁਆਨ ਕਿਸਾਨ ਨਵਦੀਪ ਨੇ ਫੁਰਤੀ ਨਾਲ, ਫਿਲਮਾਂ ਵਿਚ ਕੰਮ ਕਰਦੇ ਸਟੰਟਮੈਨ ਦੀ ਤਰ੍ਹਾਂ, ਛਾਲ ਮਾਰ ਕੇ ਪਾਣੀ ਦੀਆਂ ਤੋਪਾਂ ਦਾ ਮੂੰਹ ਬੰਦ ਕੀਤਾ ਅਤੇ ਪੁਲਿਸ ਵਾਲੇ ਪਾਸੇ ਘੁਮਾ ਕੇ ਫਿਰ ਮਸ਼ੀਨ ਤੋਂ ਛਾਲ ਮਾਰ ਕੇ ਟਰੈਕਟਰ ਦੀ ਟਰਾਲੀ ਵਿਚ ਆਇਆ, ਉਹ ਹਰਿਆਣਾ ਦੇ ਅੰਬਾਲਾ ਜਿਲੇ ਦਾ ਹੈ। ਇਸੇ ਤਰ੍ਹਾਂ ਡੱਬਵਾਲੀ ਬਾਰਡਰ ‘ਤੇ ਵੀ ਜਿਸ ਲੜਕੇ ਨੇ, ਸ਼ਾਇਦ ਉਸ ਦਾ ਨਾਮ ਨਰਿੰਦਰ ਭੁੱਲਰ ਹੈ, ਨੇ ਪਾਣੀ ਦੀਆਂ ਤੋਪਾਂ ਦਾ ਮੂੰਹ ਘੁਮਾਇਆ, ਉਹ ਵੀ ਹਰਿਆਣੇ ਦਾ ਹੈ। ਡੱਬਵਾਲੀ ਬਾਰਡਰ ‘ਤੇ ਸੀਵਰੇਜ ਦੀਆਂ ਵੱਡੀਆਂ ਵੱਡੀਆਂ ਪਾਈਪਾਂ ਪਾ ਕੇ ਉੱਤੇ ਮਿੱਟੀ ਪਾਈ ਹੋਈ ਸੀ। ਕਿਸਾਨਾਂ ਨੇ ਆਪਣੇ ਝੰਡਿਆਂ ਦੇ ਡੰਡਿਆਂ ਨਾਲ ਪਾਈਪਾਂ ਤੋਂ ਮਿੱਟੀ ਲਾਹੀ ਅਤੇ ਪਾਈਪਾਂ ਪਾਸੇ ਕੀਤੀਆਂ। ਪੰਜਾਬ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਜੇ ਹਰਿਆਣੇ ਦੇ ਕਿਸਾਨ ਜੇ. ਸੀ. ਬੀ. ਮਸ਼ੀਨਾਂ, ਸੰਗਲ, ਟਰੈਕਟਰ ਅਤੇ ਕਰਾਹਾਂ ਨਾਲ ਵੱਖ ਵੱਖ ਥਾਂਵਾਂ ‘ਤੇ ਲਾਏ ਨਾਕਿਆਂ ‘ਤੇ ਹਾਜ਼ਰ ਨਾ ਹੁੰਦੇ ਤਾਂ ਸ਼ਾਇਦ ਉਨ੍ਹਾਂ ਲਈ ਇਹ ਸਭ ਕੁਝ ਏਨੀ ਛੇਤੀ ਪਾਸੇ ਹਟਾ ਦੇਣਾ ਸੰਭਵ ਨਾ ਹੁੰਦਾ। ਪੰਜਾਬ ਤੋਂ ਕਿਸਾਨ ਆਪਣੀਆਂ ਟਰਾਲੀਆਂ ਵਿਚ ਭਾਵੇਂ ਤਿੰਨ ਤਿੰਨ ਮਹੀਨੇ ਦਾ ਰਾਸ਼ਣ, ਗੈਸ ਸਲੰਡਰ, ਚੁੱਲ੍ਹੇ, ਸਟੋਵ ਸਭ ਕੁਝ ਨਾਲ ਲੈ ਕੇ ਤੁਰੇ ਹਨ, ਫਿਰ ਵੀ ਹਰਿਆਣੇ ਦੇ ਕਿਸਾਨ ਅਤੇ ਲੋਕ ਉਨ੍ਹਾਂ ਦੀ ਲੰਗਰ ਪਾਣੀ ਨਾਲ ਹਰ ਤਰ੍ਹਾਂ ਦੀ ਸੇਵਾ ਕਰ ਰਹੇ ਹਨ।
ਪੰਜਾਬ ਹਰਿਆਣਾ ਵਿਚ ਇਸ ਵੇਲੇ ਆਮ ਨਾਲੋਂ ਜ਼ਿਆਦਾ ਸਰਦੀ ਪੈ ਰਹੀ ਹੈ ਅਤੇ ਇਸ ਸਰਦੀ ਵਿਚ ਕਿਸਾਨਾਂ ‘ਤੇ ਬੇਤਹਾਸ਼ਾ ਪਾਣੀ ਦੀਆਂ ਤੋਪਾਂ ਦੀਆਂ ਬੁਛਾਰਾਂ ਮਾਰੀਆਂ ਗਈਆਂ। ਸ਼ੰਭੂ ਬਾਰਡਰ ‘ਤੇ ਸੜਕ ਇਵੇਂ ਲੱਗ ਰਹੀ ਸੀ ਜਿਵੇਂ ਪਾਣੀ ਦੀ ਨਹਿਰ ਵੱਗ ਰਹੀ ਹੋਵੇ। ਕਿਸਾਨਾਂ ਦੇ ਕੱਪੜੇ ਹਰ ਥਾਂ ਹੀ ਬੁਰੀ ਤਰ੍ਹਾਂ ਪਾਣੀ ਨਾਲ ਭਿੱਜੇ, ਪਰ ਉਨ੍ਹਾਂ ਨੇ ਪਰਵਾਹ ਨਹੀਂ ਕੀਤੀ। ਅੱਥਰੂ ਗੈਸ ਦੇ ਗੋਲੇ ਕਿਸਾਨਾਂ ਦੀਆਂ ਅੱਖਾਂ ਵਿਚ ਜਲੂਣ ਛੇੜ ਰਹੇ ਸਨ। ਵੀਡੀਓ ਵਿਚ ਕਿਸਾਨ ਆਪਣੀ ਟਰਾਲੀ ਵਿਚ ਡਿਗੇ ਹੰਝੂ ਗੋਲੇ ਨੂੰ ਵਗਾਹ ਕੇ ਪਰ੍ਹੇ ਸੁੱਟਦੇ ਵੀ ਦੇਖੇ ਗਏ ਅਤੇ ਉਨ੍ਹਾਂ ਦੇ ਹੱਥਾਂ ‘ਤੇ ਜ਼ਖਮ ਹੋ ਗਏ। ਇਨ੍ਹਾਂ ਸਾਰੀਆਂ ਸਰੀਰਕ ਅਤੇ ਮਾਨਸਿਕ ਤਕਲੀਫਾਂ ਦੇ ਬਾਵਜੂਦ ਕਿਸਾਨਾਂ ਨੇ ਆਪਣੇ ਸਬਰ, ਆਪਣੀ ਤਹੱਮਲਬਾਜ਼ੀ, ਆਪਣੇ ਸਲੀਕੇ, ਸ਼ਾਂਤੀ ਅਤੇ ਅਨੁਸ਼ਾਸਨ ਨੂੰ ਭੰਗ ਨਹੀਂ ਹੋਣ ਦਿੱਤਾ। ਕਿਸੇ ਪੁਲਿਸ ਵਾਲੇ ਨੂੰ ਜਾਂ ਕਿਸੇ ਨੂੰ ਵੀ ਕੋਈ ਉੱਚਾ ਜਾਂ ਮੰਦਾ ਬੋਲ ਨਹੀਂ ਬੋਲਿਆ; ਸਗੋਂ ਹਰਿਆਣੇ ਦੀ ਪੁਲਿਸ ਨੂੰ ਵੀ ਲੰਗਰ-ਪਾਣੀ ਛਕਾਇਆ ਅਤੇ ਤਸਲੀਮ ਕੀਤਾ ਕਿ ਉਹ ਉਪਰੋਂ ਮਿਲੇ ਹੁਕਮ ਨੂੰ ਵਜਾ ਰਹੇ ਹਨ, ਕਿਉਂਕਿ ਉਹ ਸਰਕਾਰ ਦੇ ਨੌਕਰ ਹਨ; ਰਾਹਗੀਰਾਂ ਦੀ ਮਦਦ ਕੀਤੀ। ਸਮਾਲਖਾ ਤੋਂ ਅੱਗੇ ਦਿੱਲੀ ਦੇ ਬਾਰਡਰ ਤੋਂ ਪਹਿਲਾਂ ਹਰਿਆਣਾ ਪ੍ਰਸ਼ਾਸਨ ਵੱਲੋਂ ਜਰਨੈਲੀ ਸੜਕ, ਜੋ ਉਥੋਂ ਕਰੀਬ 40 ਫੁੱਟ ਚੌੜੀ ਹੈ, ਡੂੰਘੀ ਪੱਟ ਕੇ ਕੰਡੇਦਾਰ ਤਾਰ ਦੇ ਵੱਡੇ ਵੱਡੇ ਰੋਲ ਵਿਚ ਸੁੱਟੇ ਹੋਏ ਸਨ ਅਤੇ ਅੱਗੇ ਬੈਰੀਕੇਡਾਂ ਦੇ ਨਾਲ ਹੀ ਰੇਤੇ ਦੇ ਭਰੇ ਟਿੱਪਰ ਸੜਕ ਵਿਚ ਖੜ੍ਹੇ ਕੀਤੇ ਹੋਏ ਸਨ ਤਾਂ ਕਿ ਕਿਸਾਨ ਅੱਗੇ ਨਾ ਜਾ ਸਕਣ। ਇਸ ਲਈ ਕਿਸਾਨਾਂ ਨੂੰ 26 ਨਵੰਬਰ ਦੀ ਰਾਤ ਉਥੇ ਹੀ ਗੁਜ਼ਾਰਨ ਲਈ ਮਜ਼ਬੂਰ ਹੋਣਾ ਪਿਆ। 27 ਨਵੰਬਰ ਦੀ ਸਵੇਰ ਨੂੰ ਕਿਸਾਨਾਂ ਨੇ ਹੱਥਾਂ ਨਾਲ ਏਡੇ ਡੂੰਘੇ ਟੋਇਆਂ ਨੂੰ ਭਰਿਆ, ਟਿੱਪਰ, ਟਰੱਕ ਹਟਾਏ ਅਤੇ ਦਿੱਲੀ ਵੱਲ ਵਧੇ।
ਪੰਜਾਬ ਅਤੇ ਹਰਿਆਣੇ ਦੇ ਕਿਸਾਨਾਂ ਦਾ ਆਪਸੀ ਸਹਿਯੋਗ, ਇੱਕ ਦੂਜੇ ਦੀ ਤਕਲੀਫ ਦਾ ਖਿਆਲ, ਪ੍ਰੇਮ-ਮੁਹੱਬਤ ਇੱਕ ਨਵਾਂ ਸੁਨੇਹਾ ਦਿੰਦਾ ਹੈ। ਜਿੰਨੇ ਠਰੰਮੇ, ਸ਼ਾਂਤੀ ਅਤੇ ਜ਼ਾਬਤੇ ਵਿਚ ਰਹਿ ਕੇ ਏਨੇ ਮਹੀਨਿਆਂ ਤੋਂ ਕਿਸਾਨ ਸੜਕਾਂ ‘ਤੇ ਲੜ ਰਿਹਾ ਹੈ ਅਤੇ ਇਸ ਸਭ ਕੁਝ ਨੂੰ ਕਾਇਮ ਰੱਖਦਿਆਂ ਦਿੱਲੀ ਪਹੁੰਚਿਆ ਹੈ, ਇਸ ਦੀ ਦਾਦ ਦੇਣੀ ਬਣਦੀ ਹੈ। ਕਿਸਾਨ ਆਪਣੀ ਅਤੇ ਦੇਸ਼ ਦੀ ਭੁੱਖ ਲਈ ਲੜ ਰਿਹਾ ਹੈ; ਆਪਣੀ ਹੋਂਦ ਨੂੰ ਬਚਾਉਣ ਦੀ ਲੜਾਈ ਲੜ ਰਿਹਾ ਹੈ ਅਤੇ ਕਿਸਾਨਾਂ ਦੇ ਹੀ ਫੌਜੀ ਪੁੱਤਰ ਸਰਹੱਦਾਂ ਤੇ ਆਪਣੀਆਂ ਜਾਨਾਂ ਦੇ ਰਹੇ ਹਨ। ਭੁੱਖਾ ਰਹਿ ਕੇ ਤਾਂ ਮਨੁੱਖ ਭਗਤੀ ਵੀ ਨਹੀਂ ਕਰ ਸਕਦਾ। ਭਗਤ ਕਬੀਰ ਜੀ ਆਪ ਕਿਰਤ ਨੂੰ ਅਪਨਾਏ ਹੋਏ ਸਨ, ਜੋ ਕੱਪੜਾ ਬੁਣਨ ਦਾ ਕੰਮ ਕਰਦੇ ਸਨ। ਉਹ ਤਾਂ ਆਪਣੇ ਰੱਬ ਨੂੰ ਵੀ ਕਹਿੰਦੇ ਹਨ ਕਿ “ਭੂਖੇ ਭਗਤਿ ਨ ਕੀਜੈ॥ ਯਹ ਮਾਲਾ ਅਪਨੀ ਲੀਜੈ॥” ਭਗਤ ਧੰਨਾ ਜੀ ਪਰਵਦਗਾਰ ਅੱਗੇ ਅਰਦਾਸ ਕਰਦੇ ਹਨ ਕਿ ਮੈਂ ਤੇਰੇ ਕੋਲੋਂ ਬਹੁਤਾ ਕੁਝ ਨਹੀਂ ਮੰਗਦਾ, ਸਿਰਫ ਆਪਣੀ ਲੋੜ ਜੋਗਾ ਹੀ ਮੰਗਦਾ ਹਾਂ-ਦਾਲ, ਆਟਾ, ਘਿਉ, ਜਿਹਦੇ ਨਾਲ ਮੇਰੀ ਜ਼ਿੰਦ ਸੁਖੀ ਰਹੇ; ਪਾਉਣ ਲਈ ਜੁੱਤੀ ਅਤੇ ਸੁਹਣਾ ਕੱਪੜਾ ਹੋਵੇ, ਅਨਾਜ ਹੋਵੇ, ਦੁੱਧ ਪੀਣ ਲਈ ਘਰ ਵਿਚ ਗਾਂ, ਮੱਝ ਲਵੇਰੀ ਹੋਵੇ; ਸਵਾਰੀ ਲਈ ਚੰਗੀ ਅਰਬੀ ਘੋੜੀ ਹੋਵੇ ਅਤੇ ਤੇਰਾ ਦਾਸ ਧੰਨਾ ਤੇਰੇ ਕੋਲੋਂ ਘਰ ਦੀ ਚੰਗੀ ਇਸਤਰੀ ਵੀ ਮੰਗਦਾ ਹੈ, “ਗਊ ਭੈਸ ਮਗਉ ਲਾਵੇਰੀ॥ ਇਕ ਤਾਜਨਿ ਤੁਰੀ ਚੰਗੇਰੀ॥ ਘਰ ਕੀ ਗੀਹਨਿ ਚੰਗੀ॥ ਜਨੁ ਧੰਨਾ ਲੇਵੈ ਮੰਗੀ॥”
ਇੱਥੇ ਜ਼ਿਕਰ ਇਸ ਲਈ ਕੀਤਾ ਹੈ ਕਿ ਕਿਸੇ ਵੀ ਮਨੁੱਖ ਦੇ ਜ਼ਿੰਦਾ ਰਹਿਣ ਲਈ ਇਹ ਆਮ ਅਤੇ ਘੱਟੋ ਘੱਟ ਮੁਢਲੀਆਂ ਲੋੜਾਂ ਹਨ, ਜੋ ਹਰ ਇਨਸਾਨ ਨੂੰ ਲੋੜੀਂਦੀਆਂ ਹਨ ਅਤੇ ਪੂਰੀਆਂ ਹੋਣੀਆਂ ਚਾਹੀਦੀਆਂ ਹਨ। ਫਿਰ ਕਿਸਾਨ ਤਾਂ ਆਪ ਭੁੱਖਾ ਰਹਿ ਕੇ ਵੀ ਸਾਰੇ ਮੁਲਕ ਕੀ, ਸੰਸਾਰ ਦਾ ਢਿੱਡ ਭਰਦਾ ਹੈ। ਕੋਵਿਡ-19 ਦੇ ਮੱਦੇਨਜ਼ਰ ਕੇਂਦਰੀ ਸਰਕਾਰ ਵੱਲੋਂ ਬਿਨਾ ਕੋਈ ਚਿਤਾਵਨੀ ਦਿੱਤਿਆਂ ਸਾਰੇ ਮੁਲਕ ਵਿਚ ਜਦੋਂ ਲੌਕਡਾਊਨ ਕੀਤਾ ਗਿਆ, ਉਦੋਂ ਗਲੀ-ਮੁਹੱਲਿਆਂ ਵਿਚ, ਸੜਕ ‘ਤੇ ਪੈਦਲ ਸਮਾਨ ਚੁੱਕੀ ਤੁਰੇ ਜਾਂਦੇ ਭੁੱਖੇ ਮਜ਼ਦੂਰਾਂ ਦੀ ਜੇ ਕਿਸੇ ਨੇ ਸਾਰ ਲਈ ਤਾਂ ਉਹ ਕਿਸਾਨ ਹੀ ਸੀ, ਕੋਈ ਕੇਂਦਰੀ ਜਾਂ ਸੂਬਾ ਸਰਕਾਰ ਨਹੀਂ ਸੀ। ਪੰਜਾਬ ਨੇ ਆਪਣੇ ਗੁਦਾਮਾਂ ਵਿਚੋਂ ਅਨਾਜ ਭੇਜਿਆ, ਜੋ ਲੋਕਾਂ ਵਿਚ ਵੰਡਿਆ ਗਿਆ। ਜਿਵੇਂ ਨਵੇਂ ਕਾਨੂੰਨਾਂ ਵਿਚ ਕਾਰਪੋਰੇਸ਼ਨਾਂ ਨੂੰ ਅਨਾਜ ਜ਼ਖੀਰਾ ਕਰਨ ਦੀ ਖੁੱਲ੍ਹ ਦੇ ਦਿੱਤੀ ਗਈ ਹੈ ਤਾਂ ਕੱਲ੍ਹ ਨੂੰ ਕੋਈ ਬਿਪਤਾ ਆ ਪਵੇ, ਫਿਰ ਸਰਕਾਰਾਂ ਕਿੱਥੋਂ ਮੁਫਤ ਅਨਾਜ ਵੰਡਣਗੀਆਂ? ਇਸ ਕਿਸਮ ਦੀਆਂ ਹੋਰ ਪਤਾ ਨਹੀਂ ਕਿੰਨੀਆਂ ਕੁ ਸਮੱਸਿਆਵਾਂ ਗਰੀਬਾਂ ਲਈ ਪੈਦਾ ਹੋ ਜਾਣਗੀਆਂ?
ਕੇਂਦਰ ਸਰਕਾਰਾਂ ਖਿਲਾਫ ਸਮੇਂ ਸਮੇਂ ਵੱਖ ਵੱਖ ਜਥੇਬੰਦੀਆਂ ਅਤੇ ਆਮ ਜਨਤਾ ਵੱਲੋਂ ਧਰਨੇ ਦਿੱਤੇ ਜਾਂਦੇ ਰਹੇ ਹਨ। ਕਦੇ ਕਿਸੇ ਜਥੇਬੰਦੀ ਨੂੰ ਰਾਮਲੀਲ੍ਹਾ ਮੈਦਾਨ ਜਾਂ ਜੰਤਰ-ਮੰਤਰ ਵਿਚ ਆ ਕੇ ਰੋਸ ਦਿਖਾਵਾ ਕਰਨ ਤੋਂ ਨਹੀਂ ਰੋਕਿਆ ਗਿਆ। ਸਭ ਰੋਸ ਦਿਖਾਵੇ ਇਨ੍ਹਾਂ ਥਾਂਵਾਂ ‘ਤੇ ਹੀ ਹੁੰਦੇ ਰਹੇ ਹਨ। ਅੰਨਾ ਹਜ਼ਾਰੇ ਨੇ ਵੀ ਇੱਥੇ ਹੀ ਧਰਨਾ ਦਿੱਤਾ ਸੀ, ਜਦੋਂ ਬਾਬਾ ਰਾਮਦੇਵ ਜਨਾਨਾ ਪੁਸ਼ਾਕ ਸਲਵਾਰ-ਕਮੀਜ਼ ਪਾ ਕੇ ਸਿਰ ‘ਤੇ ਜਨਾਨੀਆਂ ਵਾਂਗ ਚੁੰਨੀ ਲੈ ਕੇ ਭੱਜਿਆ ਸੀ। ਉਦੋਂ ਭਾਜਪਾ ਨੇ ਮਹਾਤਮਾ ਗਾਂਧੀ ਦੀ ਸਮਾਧ ‘ਤੇ ਬੈਠ ਕੇ ਸਰਕਾਰ ਦੇ ਖਿਲਾਫ ਰੋਸ ਦਿਖਾਵਾ ਕੀਤਾ ਸੀ। ਇਸ ਵਾਰ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਨਾਲ ਜਦੋਂ ਮਹਾਤਮਾ ਗਾਂਧੀ ਦੀ ਸਮਾਧੀ ‘ਤੇ ਬੈਠਣ ਲਈ ਆਇਆ ਤਾਂ ਦਿੱਲੀ ਪੁਲਿਸ, ਜੋ ਕੇਂਦਰ ਅਧੀਨ ਹੈ, ਨੇ ਉਸ ਨੂੰ ਬੈਠਣ ਨਹੀਂ ਦਿੱਤਾ। ਕਿਸਾਨਾਂ ਨੂੰ ਵੀ ਦਿੱਲੀ ਵਿਚ ਦਾਖਲ ਹੋ ਕੇ ਰਾਮਲੀਲ੍ਹਾ ਮੈਦਾਨ ਜਾਂ ਜੰਤਰ ਮੰਤਰ ‘ਤੇ ਜਾ ਕੇ ਰੋਸ-ਦਿਖਾਵਾ ਕਰਨ ਦੀ ਇਜ਼ਾਜਤ ਨਹੀਂ ਦਿੱਤੀ। ਦਿੱਲੀ ਅੰਦਰ ਵੜਨ ਤੋਂ ਰੋਕਣ ਲਈ ਰੋਕਾਂ ਲਾਈਆਂ ਗਈਆਂ, ਅੰਨਦਾਤੇ ਤੇ ਲਾਠੀਆਂ, ਪਾਣੀ ਦੀਆਂ ਬੁਛਾਰਾਂ ਵਰਸਾਈਆਂ ਗਈਆਂ, ਅੱਥਰੂ ਗੈਸ ਦੇ ਗੋਲੇ ਛੱਡੇ ਗਏ ਅਤੇ ਅਖੀਰ ਵਿਚ ਇਹ ਕਿਹਾ ਗਿਆ ਕਿ ਦਿੱਲੀ ਦੇ ਉੱਤਰ ਵਿਚ ਬਰਾੜੀ ਮੈਦਾਨ ਵਿਚ ਬੈਠ ਜਾਣ, ਜੋ ਨਿਰੰਕਾਰੀ ਸੰਸਥਾ ਦੇ ਸਮਾਗਮ ਕਰਨ ਦਾ ਸਥਾਨ ਹੈ। ਇਹ ਸਥਾਨ ਨਾ ਸਿਰਫ ਰਿੰਗ ਰੋਡ ਜਾਂ ਆਮ ਦੇਖੇ ਜਾਣ ਤੋਂ ਬਹੁਤ ਪਾਸੇ ਹੈ, ਸਗੋਂ ਇਸ ਦੇ ਦੁਆਲੇ ਕਈ ਕਈ ਫੁੱਟ ਉੱਚੀ ਕੰਧ ਉਸਰੀ ਹੋਈ ਹੈ, ਜਿੱਥੇ ਬੈਠਾ ਬਾਹਰੋਂ ਕੋਈ ਨਜ਼ਰ ਨਹੀਂ ਆਉਂਦਾ। ਬਹੁਤੀਆਂ ਕਿਸਾਨ ਜਥੇਬੰਦੀਆਂ ਇਥੇ ਜਾ ਕੇ ਪ੍ਰਦਰਸ਼ਨ ਕਰਨ ਦੇ ਹੱਕ ਵਿਚ ਨਹੀਂ ਹਨ। ਉੱਪਰ ਦੱਸੇ ਕਾਰਨਾਂ ਤੋਂ ਇਲਾਵਾ ਕਿਸਾਨਾਂ ਨੂੰ ਇਹ ਵੀ ਖਦਸ਼ਾ ਹੈ ਕਿ ਇੱਥੇ ਉਨ੍ਹਾਂ ਦੇ ਰੋਸ-ਦਿਖਾਵੇ ਦਾ, ਜਿਵੇਂ ਕੋਵਿਡ-19 ਦਾ ਬਹਾਨਾ ਕਰਕੇ ਸ਼ਾਹੀਨ ਬਾਗ ਦੇ ਸਿਟੀਜ਼ਨਸ਼ਿਪ ਐਕਟ ਦੇ ਖਿਲਾਫ ਚੱਲ ਰਹੇ ਸ਼ਾਂਤਮਈ ਧਰਨੇ ਦਾ ਜੋ ਹਸ਼ਰ ਕੀਤਾ ਗਿਆ ਸੀ, ਵੀ ਉਹੀ ਹਸ਼ਰ ਕਿਸਾਨਾਂ ਦਾ ਵੀ ਕੀਤਾ ਜਾਵੇਗਾ।
ਉਗਰਾਹਾਂ ਜਥੇਬੰਦੀ ਨੇ ਡੱਬਵਾਲੀ ਅਤੇ ਖਨੌਰੀ ਰਸਤੇ ਦਿੱਲੀ ਬਾਰਡਰ ‘ਤੇ ਬਹਾਦਰਗੜ੍ਹ ਪਹੁੰਚਣਾ ਸੀ ਅਤੇ ਉਨ੍ਹਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਉਹ ਬਰਾੜੀ ਨਹੀਂ ਜਾਣਗੇ। ਕੇਂਦਰ ਸਰਕਾਰ ਨੇ ਬਾਕੀ ਮੰਤਰੀਆਂ ਨੂੰ ਪਾਸੇ ਕਰਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਕਿਹਾ ਹੈ। ਅਮਿਤ ਸ਼ਾਹ ਦਾ ਕਹਿਣਾ ਹੈ ਕਿ ਪਹਿਲਾਂ ਰਸਤੇ ਖਾਲੀ ਕਰਕੇ ਜਿੱਥੇ ਕਿਹਾ ਹੈ (ਭਾਵ ਬਰਾੜੀ), ਉਥੇ ਜਾਉ, ਫਿਰ ਗੱਲਬਾਤ ਹੋਵੇਗੀ। ਨੈਸ਼ਨਲ ਮੀਡੀਏ ਦੀ ਬੇਸ਼ਰਮੀ ਦੀ ਹੱਦ ਹੈ ਕਿ ਉਹ ਹਾਲੇ ਵੀ ਕਹੀ ਜਾਂਦਾ ਹੈ ਕਿ ਇਸ ਵਿਚ ਖਾਲਿਸਤਾਨੀਆਂ ਦੀ ਘੁਸਪੈਠ ਹੈ ਜਾਂ ਇਸ ਨੂੰ ਰਾਜਸੀ ਪਾਰਟੀਆਂ ਸਪਾਂਸਰ ਕਰ ਰਹੀਆਂ ਹਨ ਅਤੇ ਇਹ ਵੋਟਾਂ ਲਈ ਹੈ। ਅੱਜ ਤੱਕ ਇੱਕ ਦਿਨ ਵੀ ਕਿਸਾਨਾਂ ਨੇ ਕਿਸੇ ਰਾਜਸੀ ਨੇਤਾ ਨੂੰ ਆਪਣੀ ਸਟੇਜ ਤੋਂ ਨਾ ਹੀ ਬੋਲਣ ਦਿੱਤਾ ਹੈ ਅਤੇ ਨਾ ਹੀ ਕਿਸੇ ਧਰਨੇ ‘ਤੇ ਕਿਧਰੇ ਵੀ ਅਗਵਾਈ ਕਰਨ ਦਿੱਤੀ ਹੈ। ਦਿੱਲੀ ਅੰਦਰ ਦਾਖਲ ਹੋ ਕੇ ਪ੍ਰਦਰਸ਼ਨ ਨਾ ਕਰਨ ਦੇਣ ਕਰਕੇ ਕਿਸਾਨਾਂ ਨੇ ਬਹਾਦਰਗੜ੍ਹ, ਸਿੰਗੂ, ਕੁੰਡਲੀ ਅਤੇ ਟਿੱਕਰੀ ਵਰਗੇ ਥਾਂਵਾਂ ‘ਤੇ ਸੜਕਾਂ ‘ਤੇ ਡੇਰੇ ਲਾ ਲਏ ਹਨ। ਜੇ ਲੋਕਾਂ ਨੂੰ ਆਵਾਜਾਈ ਦੀ ਜਾਂ ਕਿਸੇ ਵੀ ਕਿਸਮ ਦੀ ਦਿੱਕਤ ਆ ਰਹੀ ਹੈ, ਪ੍ਰੇਸ਼ਾਨੀ ਹੋ ਰਹੀ ਹੈ ਤਾਂ ਉਸ ਵਿਚ ਕਿਸਾਨਾਂ ਦਾ ਦੋਸ਼ ਨਹੀਂ ਹੈ। ਇਸ ਸਾਰੀ ਖੱਜਲ-ਖੁਆਰੀ ਲਈ ਦੋਸ਼ ਕੇਂਦਰੀ ਪ੍ਰਸ਼ਾਸਨ ਦਾ ਹੈ, ਜਿਸ ਨੇ ਬੈਰੀਕੇਡ ਲਾ ਕੇ ਦਿੱਲੀ ਵਿਚ ਦਾਖਲ ਹੋਣਾ ਬੰਦ ਕਰ ਦਿੱਤਾ ਹੈ।
ਹਰਿਆਣੇ ਦੇ ਮੁੱਖ ਮੰਤਰੀ ਖੱਟਰ ਦੀ ਪੁਲਿਸ ਨੇ ਲਾਂਘਾ ਤੋੜਨ ਦੇ ਦੋਸ਼ ਵਿਚ ਅੱਠ-ਦਸ ਹਜ਼ਾਰ ਕਿਸਾਨਾਂ ‘ਤੇ ਵੱਖ ਵੱਖ ਧਾਰਾ ਹੇਠ ਪਰਚੇ ਦਰਜ ਕੀਤੇ ਹਨ। ਪਾਣੀ ਦੀਆਂ ਤੋਪਾਂ ਦੇ ਮੂੰਹ ਬੰਦ ਕਰਨ ਵਾਲੇ ਕਿਸਾਨਾਂ ‘ਤੇ ਵੀ ਧਾਰਾ 307 ਅਧੀਨ ਕੇਸ ਕੀਤਾ ਹੈ। ਖੱਟਰ ਦਾ ਇਹ ਵੀ ਕਹਿਣਾ ਹੈ ਕਿ ਸਾਰੇ ਕਿਸਾਨ ਪੰਜਾਬ ਦੇ ਹਨ, ਹਰਿਆਣੇ ਦੇ ਕਿਸਾਨ ਰੋਸ-ਦਿਖਾਵੇ ਦਾ ਹਿੱਸਾ ਨਹੀਂ ਹਨ। ਕਿਸਾਨਾਂ ਵਿਚ ਬਹੁਤ ਸਾਰੇ ਬਜੁਰਗ ਬੰਦੇ ਅਤੇ ਔਰਤਾਂ ਵੀ ਸ਼ਾਮਲ ਹਨ। ਜੇ ਸਰਦੀ ਦੇ ਮਹੀਨੇ ਪਾਣੀ ਦੀਆਂ ਬੁਛਾੜਾਂ ਅਤੇ ਅੱਥਰੂ ਗੈਸ ਦੇ ਗੋਲਿਆਂ ਨਾਲ ਉਨ੍ਹਾਂ ਵਿਚੋਂ ਕਿਸੇ ਦਾ ਨੁਕਸਾਨ ਹੋ ਜਾਂਦਾ, ਫਿਰ ਕੌਣ ਜ਼ਿੰਮੇਵਾਰ ਹੁੰਦਾ? ਏਡੀ ਡੂੰਘੀ ਪੁੱਟੀ ਹੋਈ ਸੜਕ ਵਿਚ ਹਨੇਰੇ ਸਵੇਰੇ ਕਿਸੇ ਦਾ ਵਹੀਕਲ ਡਿੱਗ ਪੈਂਦਾ ਜਾਂ ਕੋਈ ਗਿਰ ਕੇ ਮਰ ਜਾਂਦਾ ਜਾਂ ਤਾਰਾਂ ਨਾਲ ਜ਼ਖਮੀ ਹੋ ਜਾਂਦਾ ਤਾਂ ਜ਼ਿੰਮੇਵਾਰੀ ਕਿਸ ਦੇ ਸਿਰ ਪੈਣੀ ਸੀ? ਸੜਕਾਂ ਜਨਤਾ ਦੇ ਦਿੱਤੇ ਟੈਕਸ ਨਾਲ ਬਣਦੀਆਂ ਹਨ, ਇਹ ਜਨਤਾ ਦਾ ਪੈਸਾ ਹੈ, ਜਿਨ੍ਹਾਂ ਨੂੰ ਬਣਨ ਲਈ ਵਰ੍ਹੇ ਲੱਗ ਜਾਂਦੇ ਹਨ। ਕਿਸੇ ਨੂੰ ਵੀ ਪਬਲਿਕ ਜਾਇਦਾਦ ਨੂੰ ਤਬਾਹ ਕਰਨ ਦਾ ਅਧਿਕਾਰ ਨਹੀਂ ਹੈ। ਕੀ ਜਰਨੈਲੀ ਸੜਕ ਖੱਟਰ ਨੇ ਮੱਕੀ ਵੇਚ ਕੇ ਬਣਾਈ ਹੈ, ਜੋ ਉਸ ਨੇ 40 ਫੁੱਟ ਚੌੜੀ ਜਰਨੈਲੀ ਸੜਕ ‘ਤੇ ਟੋਏ ਪੁਟਵਾਏ? ਪਬਲਿਕ ਪ੍ਰਾਪਰਟੀ ਨੂੰ ਤਬਾਹ ਕਰਨ ਦਾ ਖੱਟਰ ‘ਤੇ ਮੁਕੱਦਮਾ ਹੋਣਾ ਚਾਹੀਦਾ ਹੈ। ਇਹ ਰੁਕਾਵਟਾਂ ਹਰ ਜਥੇ ਲਈ ਮੁੜ ਮੁੜ ਖੜ੍ਹੀਆਂ ਕੀਤੀਆਂ ਗਈਆਂ।
ਬਹਾਦਰਗੜ੍ਹ ਬੈਠੇ ਹਰਿਆਣਾ ਦੇ ਕਿਸਾਨਾਂ ਦੇ ਗਰੁੱਪਾਂ ਨੇ ਮੀਡੀਆ ਨੂੰ ਦੱਸਿਆ ਕਿ ਹਰਿਆਣੇ ਦਾ ਇੱਥੇ ਚਾਰ ਹਜ਼ਾਰ (4000) ਟਰੈਕਟਰ ਖੜ੍ਹਾ ਹੈ ਅਤੇ ਹੋਰ ਜਥੇ ਵੀ ਆ ਰਹੇ ਹਨ। ਉਨ੍ਹਾਂ ਨੇ ਆਪਣੇ ਆਧਾਰ ਕਾਰਡ ਵੀ ਦਿਖਾਏ ਅਤੇ ਕਹਿੰਦੇ “ਮਾਰ੍ਹਾ ਕਲਚਰ ਵੀ ਦਿਖਾ ਦੀਉ” ਕਿਉਂਕਿ ਉਹ ਸਾਰੇ ਜਣੇ ਬੈਠੇ ਵਾਰੀ ਵਾਰੀ ਹੁੱਕਾ ਪੀ ਰਹੇ ਸਨ, ਜੋ ਹਰਿਆਣੇ ਦੇ ਜਾਟ ਭਾਈਚਾਰੇ ਦਾ ਆਮ ਰਿਵਾਜ਼ ਹੈ। ਹਰਿਆਣੇ ਦੇ ਕਿਸਾਨ ਇੱਕਸੁਰ ਹੋ ਕੇ ਕਹਿ ਰਹੇ ਸਨ ਕਿ “ਪੰਜਾਬ ਤੋ ਮਾਰ੍ਹਾ ਬੜਾ ਭਾਈ ਸੈ। ਹਮ ਤੋ ਇਨ ਕੇ ਗੈਲ ਸੈਂ। ਜੂ ਤੋ ਰਾਮ ਲਛਮਣ ਕੀ ਜੋੜੀ ਸੈ। ਹਮਾਰੇ ਗੋਤਰ ਏਕ ਸੈਂ। 1966 ਸੇ ਪਹਲੇ ਤੋ ਹਰਿਆਣਾ ਪੰਜਾਬ ਕਾ ਹਿੱਸਾ ਥਾ। ਹਮਾਰੇ ਅਧਾਰ ਕਾਰਡ ਦੇਖ ਲਵੇ, ਹਮਾਰੇ ਖਲਿਆਨੋਂ ਕੇ ਨੰਬਰ ਦੇਖ ਲਵੇ ਹਮ ਤੋ ਹਰਿਆਣੇ ਕੇ ਹੈਂ, ਖੱਟਰ ਬਤਾਵੇ ਬੋਹ ਕਹਾਂ ਕਾ ਹੈ?”
ਇੱਕ ਕਿਸਾਨ ਨੇਤਾ ਸ਼ਾਇਦ, ਜਿਸ ਦਾ ਨਾਮ ਓਮ ਪ੍ਰਕਾਸ਼ ਸੀ, ਜੋ ਖਾਪ ਪੰਚਾਇਤ ਦਾ ਮੁਖੀਆ ਵੀ ਸੀ, ਕਹਿ ਰਿਹਾ ਸੀ, “ਮੈਂ ਦੋ ਦਿਨ ਜੇਲ੍ਹ ਮਾਂ ਰਹਿ ਕੇ ਆਇਆ ਹੂੰ। ਮੰਨੇ ਕਿਉਂ ਦੋ ਦਿਨ ਰਖਾ ਕਿਆ ਮੈਂ ਉਨਕਾ ਕੋਈ ਰਿਸ਼ਤੇਦਾਰ ਹੂੰ। ਬਾਤ ਨਿਊਂ ਥੀ ਕਿ ਮੈਂ ਗਾਉਂ ਸੇ ਜਾਦਾ ਸੇ ਜਾਦਾ ਆਦਮੀਓਂ ਕੋ ਨਾ ਲਾ ਸਕੂੰ। ਗਲ੍ਹਤੀ ਮੇਰੀ ਵੀ ਹੈ। ਮੈਂ ਗਾਉਂ ਮੇਂ ਰਹਿਤਾ ਤੋ ਸਭ ਠੀਕ ਹੋਤਾ, ਮੈਂ ਕਿਉਂ ਰੋਹਤਕ ਚਲਾ ਗਿਆ? ਮੰਨੇ ਗਾਉਂ ਮੇਂ ਫੋਨ ਕਰ ਦਿਆ ਅਰ ਵੋ ਮਾਰਾ ਫੋਨ ਟੇਪ ਕਰ ਰਹੇ ਥੇ ਔਰ ਮਾਰੇ ਕੋ ਰਾਤ ਮੇਂ ਅਰੈਸਟ ਕਰ ਲਿਆ।”
ਇੱਕ ਹੋਰ ਹਰਿਆਣਵੀ ਵੀਰ ਕਹਿ ਰਿਹਾ ਸੀ, “ਰਹਿਬਰ-ਏ-ਆਜ਼ਮ ਸਰ ਛੋਟੂ ਰਾਮ ਨੇ 1939 ਮੇਂ ਮੰਡੀ ਕਾਨੂੰਨ ਪਾਸ ਕੀਆ ਥਾ, ਹਮ ਉਸ ਕੋ ਮਾਨਤੇ ਹੈਂ। ਯੇਹ ਚਾਹੇ ਕੇਂਦਰ ਸਰਕਾਰ ਹੈ, ਚਾਹੇ ਹਰਿਆਣਾ ਕੀ, ਕਿਸਾਨ ਕੋ ਅਡਾਨੀ-ਅੰਬਾਨੀ ਕੇ ਪਾਸ ਗਿਰਵੀ ਰਖਣੇ ਜਾ ਰਹੀ ਹੈ। ਰਾਸਤਾ ਪੰਜਾਬ ਕੇ ਲਿਯੇ ਨਹੀਂ ਬੰਦ ਕੀਯਾ ਥਾ, ਕਿਸਾਨ ਕੇ ਲਿਯੇ ਬੰਦ ਕਿਆ ਥਾ। ਕਿਸਾਨ ਆਜ ਏਕ ਹੈ ਚਾਹੇ ਪੰਜਾਬ ਕਾ ਹੋ, ਹਰਿਆਣੇ ਕਾ ਹੋ, ਰਾਜਸਥਾਨ ਕਾ ਹੋ, ਉਤਰ ਪ੍ਰਦੇਸ ਕਾ ਹੋ ਜਾ ਤਾਮਿਲਨਾਡੂ ਕਾ-ਕਿਸਾਨ ਏਕ ਹੈ। ਯੇ ਪੰਜਾਬ ਕਾ ਅੰਦੋਲਨ ਨਹੀਂ, ਜਨ-ਅੰਦੋਲਨ ਹੈ। ਹਮ ਸਭ ਏਕ ਹੈਂ।” ਇੱਕ ਹੋਰ ਹਰਿਆਣਵੀ ਨੌਜੁਆਨ ਕਹਿ ਰਿਹਾ ਸੀ, “ਹਮ ਪੰਜਾਬ ਕੇ ਕਿਸਾਨੋਂ ਕੇ ਪਾਉਂ ਤਲੇ ਬਾਹੇਂ ਵਿਛਾਵੈਂ। ਹਮ ਸਭ ਏਕ ਹੈਂ। ਭਾਈ! ਹਾਥ ਜੋੜ ਕੇ ਬਿਨਤੀ ਕਰੈਂ ਹਮਾਰਾ ਯੇ ਜੋ ਸਾਥ ਬਨਾ ਹੈ, ਮੁਹੱਬਤ ਹੈ ਇਸ ਕੋ ਤੋੜੇਂ ਮਤ।”
ਪੰਜਾਬ ਭਾਵੇਂ ਸੰਤਾਲੀ ਵਿਚ ਵੰਡਿਆ ਗਿਆ ਤੇ ਭਾਵੇਂ 1966 ਵਿਚ, ਪਰ ਗਲਤ ਫੈਸਲੇ ਸਰਕਾਰਾਂ ਨੇ ਕੀਤੇ; ਹਰਿਆਣਾ ਅਤੇ ਪੰਜਾਬ ਦੇ ਲੋਕਾਂ ਨੇ ਨਹੀਂ ਕੀਤੇ। ਹਰਿਆਣਾ ਅਤੇ ਪੰਜਾਬ ਦੇ ਲੋਕਾਂ ਵਿਚ ਆਪਸੀ ਨਫਰਤਾਂ ਪੈਦਾ ਕਰਕੇ ਇੱਕ ਦੂਜੇ ਨਾਲ ਲੜਾਉਂਦੇ ਵੀ ਰਾਜਨੀਤਕ ਲੀਡਰ ਰਹੇ। ਅੱਜ ਉਹ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ ਅਤੇ ਆਪਣੀਆਂ ਸਮੱਸਿਆਵਾਂ ਸਾਂਝੀਆਂ ਕਰ ਰਹੇ ਹਨ। ਇਹ ਪ੍ਰੇਮ, ਇਹ ਸਹਿਯੋਗ, ਮਿਲਵਰਤਣ, ਸੇਵਾ ਬਾਬੇ ਨਾਨਕ ਦੇ ਦਿੱਤੇ ਕਿਰਤ ਦੇ ਸਿਧਾਂਤ ਦੀ ਹੀ ਕਰਾਮਾਤ ਹੈ।