ਪੰਜਾਬ ਦਾ ਕੈਪਟਨ ਬਨਾਮ ਭਾਰਤ ਦਾ ਮੋਦੀ

ਗੁਲਜ਼ਾਰ ਸਿੰਘ ਸੰਧੂ
ਸਾਡਾ ਦੇਸ਼ ਇੱਕ ਵਾਰ ਫਿਰ ਇਤਿਹਾਸ ਦੇ ਬਹੁਤ ਨਾਜ਼ੁਕ ਦੌਰ ਵਿਚੋਂ ਲੰਘ ਰਿਹਾ ਹੈ। ਜਿੱਥੇ ਕੋਵਿਡ-19 ਦੀ ਮਹਾਮਾਰੀ ਵਿਚ ਲੱਖਾਂ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ, ਦੇਸ਼ ਦੇ ਨੇਤਾ ਇਸ ਦਾ ਲਾਭ ਉਠਾ ਕੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਦੇ ਆਹਰ ਲੱਗੇ ਹੋਏ ਹਨ। ਦੇਸ਼ ਦਾ ਪ੍ਰਧਾਨ ਮੰਤਰੀ ਪੂੰਜੀਪਤੀਆਂ ਦਾ ਪੱਖ ਪੂਰਨ ਹਿੱਤ ਕਿਰਤੀ-ਕਿਸਾਨਾਂ ਤੇ ਉਨ੍ਹਾਂ ਵਰਗੇ ਹੋਰ ਅਨੇਕਾਂ ਨੂੰ ਦੇਸ਼ ਦੇ ਕਰੋੜਪਤੀਆਂ ਦੇ ਚੁੰਗਲ ਵਿਚ ਸਿੱਟ ਕੇ ਦੁਨੀਆਂ ਦੀ ਸਭ ਤੋਂ ਵੱਡੀ ਸੈਕੂਲਰ ਡੈਮੋਕਰੇਸੀ (ਧਰਮ ਨਿਰਪੇਖ ਲੋਕਤੰਤਰ) ਨੂੰ ਇੱਕ ਰਾਸ਼ਟਰ, ਇੱਕ ਭਾਸ਼ਾ ਅਤੇ ਇੱਕ ਰਹਿਣੀ-ਸਹਿਣੀ ਤੇ ਸਭਿਆਚਾਰ ਦੇ ਕੈਪਸਿਊਲ ਵੰਡੀ ਜਾ ਰਿਹਾ ਹੈ।

ਬੇਰੁਜ਼ਗਾਰੀ, ਅਨਪੜ੍ਹਤਾ ਤੇ ਗਰੀਬੀ ਦਾ ਇੱਕੋ ਇੱਕ ਹੱਲ ਕਿਰਤੀ, ਕਿਸਾਨਾਂ ਤੇ ਗਰੀਬਾਂ ਨੂੰ ਚੋਣਵੇਂ ਪੂੰਜੀਪਤੀਆਂ ਦੇ ਰਹਿਮ-ਓ-ਕਰਮ ਦਾ ਸ਼ਿਕਾਰ ਬਣਾਉਣਾ ਤਾਂ ਇੱਕ ਪਾਸੇ ਰਿਹਾ, ਧਾਰਮਿਕ ਘਟ ਗਿਣਤੀਆਂ, ਦਲਿਤਾਂ, ਔਰਤਾਂ ਅਤੇ ਆਦਿਵਾਸੀਆਂ ਨੂੰ ਵੀ ਲੋੜੀਂਦੀ ਸੁਰੱਖਿਆ ਨਹੀਂ ਦੇ ਰਿਹਾ। ਰਾਜ ਸਰਕਾਰਾਂ ਦੇ ਸੰਵਿਧਾਨਿਕ ਹੱਕਾਂ ਨੂੰ ਛਿੱਕੇ ਉੱਤੇ ਟੰਗ ਕੇ ਆਰਡੀਨੈਂਸਾਂ ਤੇ ਐਕਟਾਂ ਦਾ ਜਾਮਾ ਪਹਿਨਾ ਕੇ ਬਹੁਗਿਣਤੀ ਸਰਕਾਰ ਦਾ ਲਾਭ ਲੈ ਰਿਹਾ ਹੈ।
ਸਭ ਤੋਂ ਮਾੜੀ ਗੱਲ ਇਹ ਕਿ ਖੇਤੀ ਪ੍ਰਧਾਨ ਦੇਸ਼ ਕਿਸਾਨਾਂ ਕੋਲੋਂ ਵੀ ਉਨ੍ਹਾਂ ਦੇ ਹੱਕ ਖੋਹ ਕੇ ਧਨਾਢਾਂ ਦੇ ਹਵਾਲੇ ਕੀਤੇ ਜਾ ਰਹੇ ਹਨ। ਸ਼ਾਇਦ ਉਸ ਨੂੰ ਪੰਜਾਬੀਆਂ ਦੀ ਜਾਂਬਾਜ਼ੀ ਤੇ ਬੰਗਾਲੀਆਂ ਦੀ ਬੁੱਧੀ ਦੀ ਪੂਰੀ ਸਾਰ ਨਹੀਂ। ਉਹ ਭੁੱਲ ਚੁਕਾ ਹੈ ਕਿ ਮੁੱਢ ਕਦੀਮੋ ਭਾਰਤ ਉੱਤੇ ਹਮਲਾ ਕਰਨ ਵਾਲੇ ਜਰਵਾਣਿਆਂ ਨੂੰ ਪੰਜਾਬੀ ਸੂਰਮੇ ਹੀ ਆੜੇ ਹੱਥੀਂ ਲੈਂਦੇ ਆਏ ਹਨ। ਉਹ ਇਨ੍ਹਾਂ ਮਰਜੀਵੜਿਆਂ ਦੇ ਉੱਦਮ, ਸਿਰੜ ਤੇ ਹੌਸਲੇ ਨੂੰ ਭੁੱਲ ਚੁਕਾ ਜਾਪਦਾ ਹੈ। ਇਹ ਕਿੰਨੀਆਂ ਕੁਰਬਾਨੀਆਂ ਦੇ ਸਦਕੇ ਹਨ, ਉਸ ਨੂੰ ਚੇਤੇ ਨਹੀਂ। ਉਸ ਨੂੰ ਪੰਜਾਬੀ ਬੀਬੀਆਂ ਦੇ ਹੌਸਲਾ ਤੇ ਸਿਰੜ ਬਾਰੇ ਵੀ ਨਹੀਂ ਪਤਾ। ਸਥਿਤੀ ਕਿੰਨੀ ਗੰਭੀਰ ਹੈ, ਉਹ ਨਹੀਂ ਜਾਣਦਾ ਤੇ ਨਾ ਹੀ ਜਾਣਨ ਦਾ ਯਤਨ ਕਰ ਰਿਹਾ ਹੈ।
ਇਹ ਤਸੱਲੀ ਵਾਲੀ ਗੱਲ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਅਮਰਿੰਦਰ ਸਿੰਘ ਸਮੇਂ ਦੀ ਨਜ਼ਾਕਤ ਤੋਂ ਜਾਣੂ ਹੈ। ਉਸ ਨੂੰ ਜਾਣੂ ਕਰਵਾਉਣ ਵਾਲੇ ਪੰਜਾਬ ਦੇ ਕਿਸਾਨ ਹੀ ਨਹੀਂ, ਬੁੱਧੀਜੀਵੀ ਤੇ ਮੀਡੀਆ ਮਹਾਰਥੀ ਵੀ ਹਨ। ਅਖੰਡ ਹਿੰਦੁਸਤਾਨ ਦੇ ਕਿਸਾਨ ਮਸੀਹਾ ਸਰ ਛੋਟੂ ਰਾਮ ਨੂੰ ਠੀਕ ਮਾਰਗ ਦਿਖਾਉਣ ਵਾਲੇ ਵੀ ਪਸ਼ਾਵਰ ਤੋਂ ਦਿੱਲੀ ਪਾਰ ਦੇ ਕਿਰਸਾਨ ਹੀ ਸਨ। ਉਨ੍ਹਾਂ ਦੀ ਭਾਵਨਾ ਪਛਾਣਦਿਆਂ ਛੋਟੂ ਰਾਮ ਨੇ ਉਸ ਵੇਲੇ ਦੀ ਗੋਰੀ ਸਰਕਾਰ ਤੋਂ ਕਿਸਾਨਾਂ ਦੇ ਹੱਕ ਵਿਚ ਏਨੇ ਵਧੀਆ ਤੇ ਪ੍ਰਭਾਵੀ ਕਾਨੂੰਨ ਪਾਸ ਕਰਵਾ ਲਏ ਸਨ ਕਿ ਜ਼ਮਾਨਾ ਜਾਣਦਾ ਹੈ। ਸ਼੍ਰੋਮਣੀ ਅਕਾਲੀ ਦਲ ਤੇ ਪੰਜਾਬ ਦੀਆਂ ਟੁੱਟੀਆਂ ਭੱਜੀਆਂ ਬਾਕੀ ਪਾਰਟੀਆਂ ਕੁਝ ਵੀ ਕਹਿਣ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਜਾਂਬਾਜ਼ ਕਿਸਾਨਾਂ ਦੀ ਬਾਂਹ ਫੜ ਲਈ ਹੈ ਤੇ ਉਨ੍ਹਾਂ ਨੇ ਵੀ ਦਰਿਆ ਦਿਲੀ ਤੋਂ ਕੰਮ ਲੈਂਦਿਆਂ ਦੋ ਹਫਤੇ ਲਈ ਮਾਲ ਤੇ ਯਾਤਰੀ ਰੇਲ ਗੱਡੀਆਂ ਲਈ ਪਟੜੀਆਂ ਖਾਲੀ ਕਰ ਦਿੱਤੀਆਂ ਹਨ।
ਸਮੇਂ ਦੀ ਨਜ਼ਾਕਤ ਨੂੰ ਪਛਾਣਦਿਆਂ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਦਰਿਆ ਦਿਲੀ ਤੋਂ ਕੰਮ ਲੈਣਾ ਚਾਹੀਦਾ ਹੈ। ਕਿਰਸਾਣੀ ਨਾਲ ਸਬੰਧਤ ਕਾਨੂੰਨਾਂ ਉੱਤੇ ਮੁੜ ਵਿਚਾਰ ਕਰਨ ਦੀ ਲੋੜ ਹੈ। ਆਪਣੇ ਹੱਕਾਂ ਲਈ ਜੂਝ ਰਹੀ ਦੇਸ਼ ਦੀ ਕਿਸਾਨੀ ਨੇ ਇਕ ਵਾਰੀ ਫਿਰ ਸਰ ਛੋਟੂ ਰਾਮ ਦੇ ਬੋਲ ਚੇਤੇ ਕਰਵਾ ਦਿੱਤੇ ਹਨ, “ਪੰਜਾਬ ਦੀ ਸਿਆਸਤ ਲਈ ਅਤਿਅੰਤ ਜ਼ਰੂਰੀ ਹੈ ਕਿ ਸਾਰੇ ਦੇ ਸਾਰੇ ਕਿਸਾਨ ਧਰਮਾਂ ਨੂੰ ਭੁੱਲਾ ਕੇ ਇੱਕਜੁੱਟ ਹੋ ਜਾਣ।”
ਇਹ ਚੰਗੀ ਗੱਲ ਹੈ ਕਿ ਭਾਰਤ ਸਰਕਾਰ ਨੇ ਤਿੰਨ ਦਸੰਬਰ 2020 ਨੂੰ ਕਿਸਾਨ ਜਥੇਬੰਦੀਆਂ ਨਾਲ ਗੱਲ ਕਰਨੀ ਮੰਨ ਲਈ ਹੈ। ਦੇਖੋ ਕੀ ਨਤੀਜਾ ਨਿਕਲਦਾ ਹੈ!
ਅੰਤਿਕਾ: ਸਰ ਛੋਟੂ ਰਾਮ ਦੇ ਮਨਪਸੰਦ ਸ਼ਿਅਰ
ਮੇਰਾ ਰੋਨਾ ਨਹੀਂ,
ਰੋਨਾ ਹੈ ਯੇਹ ਸਾਰੇ ਗੁਲਿਸਤਾਂ ਕਾ।
ਵਹ ਗੁਲ ਹੂੰ ਮੈਂ, ਖਿਜ਼ਾਂ
ਹਰ ਗੁਲ ਕੀ ਹੈ ਖਿਜ਼ਾਂ ਮੇਰੀ,
ਜਿਸ ਖੇਤ ਸੇ ਦਹਿਕਾਂ
ਕੋ ਮੁਈਸਰ ਨਹੀਂ ਰੋਜ਼ੀ
ਉਸ ਖੇਤ ਕੇ ਹਰ
ਖੋਸ਼-ਏ-ਗੰਦਮ ਕੋ ਜਲਾ ਦੋ।
ਯਹੀ ਆਈਨ-ਏ-ਕੁਦਰਤ ਹੈ,
ਯਹੀ ਅਸਲੂਬ-ਏ-ਫਿਤਰਤ ਹੈ।
ਜੋ ਹੈ ਰਾਹ-ਏ-ਅਮਲ ਮੇਂ ਗਾਮਜ਼ਨ,
ਵਹੀ ਮਹਿਬੂਬ-ਏ-ਫਿਤਰਤ ਹੈ।
ਚਮਨ ਜ਼ੋਰ ਸਿਆਸਤ ਸੇਂ
ਖਾਮੋਸ਼ੀ ਮੌਤ ਹੈ ਬੁਲਬੁਲ,
ਯਹਾਂ ਕੀ ਜ਼ਿੰਦਗੀ
ਪਾਬੰਦੀ-ਏ-ਰਸਮ-ਏ-ਫੁਗਾਂ ਤੱਕ ਹੈ।
-ਸਰ ਮੁਹੰਮਦ ਇਕਬਾਲ