ਜੰਗ-ਏ-ਆਜ਼ਾਦੀ ਹਿੰਦੋਸਤਾਨ: ਦਸੰਬਰ ਮਹੀਨੇ ਦੇ ਸੰਗਰਾਮੀ ਅਤੇ ਸ਼ਹੀਦ ਯੋਧੇ

ਗਰ ਬਾਜ਼ੀ ਇਸ਼ਕ ਕੀ ਬਾਜ਼ੀ ਹੈ
ਜੋ ਚਾਹੋ ਲਗਾ ਦੋ ਡਰ ਕੈਸਾ,
ਗਰ ਜੀਤ ਗਏ ਤੋ ਕਿਆ ਕਹਿਨਾ
ਹਾਰੇ ਭੀ ਤੋ ਬਾਜ਼ੀ ਮਾਤ ਨਹੀਂ। (ਫੈਜ਼ ਅਹਿਮਦ ਫੈਜ਼)
ਜਦ ‘ਅਣਖ ਅਤੇ ਵੰਗਾਰ’ ਦੀ ਗੱਲ ਕਰਦੇ ਹਾਂ ਤਾਂ ਹਿੰਦੋਸਤਾਨ ਦੀ ਆਜ਼ਾਦੀ ਦੀ ਲੜਾਈ ਦਾ ਜ਼ਿਕਰ ਕੀਤਾ ਜਾਂਦਾ ਹੈ। ਇਸ ਵਿਚ ਸਾਰੇ ਦੇਸ਼ ਦੇ ਬਹੁਕੌਮੀ ਅਣਖੀ ਯੋਧਿਆਂ ਨੇ ਆਪਣਾ ਯੋਗਦਾਨ ਪਾਇਆ। ਇਨ੍ਹਾਂ ਯੋਧਿਆਂ ਬਾਰੇ ਇੰਜ ਵੀ ਕਿਹਾ ਜਾ ਸਕਦਾ ਹੈ ਕਿ ਇਹ ਮਾਨਵ ਦੀ ਆਜ਼ਾਦ- ਖਿਆਲੀ ਪ੍ਰਤਿਭਾ ਨੂੰ ਦਾਬੇ ਤੋਂ ਰਹਿਤ ਰੱਖਣ ਵਾਲੇ ਸੂਰਮੇ ਸਨ।

ਇਹ ਸੂਰਮੇ, ਸੈਂਕੜਿਆਂ ਦੀ ਗਿਣਤੀ ਵਿਚ ਫਾਂਸੀਆਂ ‘ਤੇ ਚੜ੍ਹੇ, ਹਜ਼ਾਰਾਂ ਦੀ ਤਾਦਾਦ ਵਿਚ ਜੇਲ੍ਹਾਂ ਵਿਚ ਤਾੜੇ ਗਏ, ਜਾਇਦਾਦਾਂ ਦੀਆਂ ਕੁਰਕੀਆਂ ਅਤੇ ਬੇਗਿਣਤ ਘਰੋਂ ਬੇਘਰ ਕਰਕੇ ਜਲਾਵਤਨ ਕਰ ਦਿੱਤੇ। ਇਹ ਸੂਰਮਗਤੀ ਬਾਰੇ ਇਤਿਹਾਸ ਦੇ ਪੰਨ੍ਹੇ ਭਰੇ ਪਏ ਹਨ, ਜਿਨ੍ਹਾਂ ਨੂੰ ਪੜ੍ਹਦਿਆਂ ਲੂੰ-ਕੰਡੇ ਖੜ੍ਹੇ ਹੋ ਜਾਂਦੇ ਹਨ ਅਤੇ ਆਜ਼ਾਦੀ ਦੇ ਅਕੀਦੇ-ਇਸ਼ਕ ਮੋਹਰੇ ਆਪਣੇ ਆਪ ਸਿਰ ਝੁਕ ਜਾਂਦਾ ਹੈ। ਅੰਗਰੇਜ਼ ਸਾਮਰਾਜ ਨੇ ਛੋਟੀ ਉਮਰ ਦੇ ਆਜ਼ਾਦੀ ਪਸੰਦ ਮਰਜੀਵੜਿਆਂ ਨੂੰ ਫੜ ਕੇ ਦਿਨਾਂ ‘ਚ ਹੀ ਫਾਂਸੀਆਂ ਦਿੱਤੀਆਂ। ਡਰ ਅਤੇ ਦਹਿਸ਼ਤ ਦਾ ਇਰਾਦਾ ਸਫਲ ਨਹੀਂ ਹੋ ਸਕਿਆ, ਅੰਤ ਨੂੰ ਹਿੰਦੋਸਤਾਨ ਨੂੰ ਛੱਡ ਕੇ ਜਾਣਾ ਪਿਆ।
ਗੁਰੂਆਂ, ਪੀਰਾਂ ਅਤੇ ਯੋਧਿਆਂ ਦੀ ਧਰਤੀ ਨੂੰ ਸਦੀਆਂ ਹੀ ਬਾਹਰਲੀਆਂ ਹਕੂਮਤਾਂ ਨੇ ਲੁੱਟਿਆ ਅਤੇ ਬੇਪੱਤ ਕੀਤਾ। ਉਨ੍ਹਾਂ ਵਿਚੋਂ ਬਹੁਤਿਆਂ ਦੀਆਂ ਕਬਰਾਂ ਉੱਤੇ ਅੱਜ ਦੀਵੇ ਵੀ ਨਹੀਂ ਜਗਦੇ।
“ਕੋਈ ਵੀ ਕੌਮ ਆਜ਼ਾਦ ਨਹੀਂ ਹੋ ਸਕਦੀ, ਜੇ ਇਹ ਦੂਜੀਆਂ ਕੌਮਾਂ ਨੂੰ ਦਬਾਉਣਾ ਚਾਹੁੰਦੀ ਹੈ।”
“ਜਿਹੜੀ ਕੌਮ ਦੂਜੀ ਕੌਮ ਨੂੰ ਦਬਾਉਂਦੀ ਹੈ, ਉਹ ਆਪਣੀਆਂ ਜੰਜ਼ੀਰਾਂ ਆਪ ਘੜਦੀ ਹੈ।”
ਹਿੰਦੋਸਤਾਨ ਦੀ ਗੁਲਾਮੀ ਦੇ ਸਦੀਆਂ ਪੁਰਾਣੇ ਇਤਿਹਾਸ ਨੂੰ ਫਰੋਲਦੇ ਸਮੇਂ ਪਤਾ ਚੱਲਦਾ ਹੈ ਕਿ ਸਮੇਂ ਸਮੇਂ ਪੈਦਾ ਹੋਏ ਅਣਖੀ ਯੋਧਿਆਂ ਨੇ ਮੂੰਹ ਤੋੜਵੇਂ ਜਵਾਬ ਦਿੱਤੇ, ਲੜੇ ਅਤੇ ਅਮਰ ਸ਼ਹੀਦੀਆਂ ਪਾ ਕੇ ਦੇਸ਼ ਦਾ ਨਾਮ ਉੱਚਾ ਕੀਤਾ।
ਦਸੰਬਰ ਮਹੀਨੇ ਦੇ ਸ਼ਹੀਦਾਂ ਅਤੇ ਸੰਗਰਾਮੀਆਂ ਦੀ ਯਾਦ ਵਿਚ ਜਾਣਕਾਰੀ ਦਿੰਦਿਆਂ ਸ਼ਰਧਾਂਜਲੀ ਪੇਸ਼ ਕਰਦੇ ਹਾਂ:

3 ਦਸੰਬਰ 1915 ਨੂੰ ਬਿਸ਼ਨ ਸਿੰਘ ਗਾਖਲ ਨੂੰ ਮੋਮਬਾਸਾ, ਕੀਨੀਆਂ ਦੀ ਮਾਕਾਡਾਰਾ ਮੰਡੀ ਵਿਚ ਸ਼ੱਰੇਆਮ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ। ਉਹ ਗਦਰ ਪਾਰਟੀ ਆਗੂ ਅੰਗਰੇਜ਼ ਰਾਜ ਵਿਰੁੱਧ ਆਜ਼ਾਦੀ ਘੁਲਾਟੀਏ ਸਨ।
3 ਦਸੰਬਰ 1956 ਨੂੰ ਸਮੁੰਦ ਸਿੰਘ ਪੁੱਤਰ ਲਾਲ ਸਿੰਘ ਪਿੰਡ ਤੇ ਡਾਕਖਾਨਾ ਮੋਰਾਂਵਾਲੀ, ਤਹਿਸੀਲ ਗੜ੍ਹਸ਼ੰਕਰ (ਹੁਸ਼ਿਆਰਪੁਰ) ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਜੈਤੋਂ ਦੇ ਅਤੇ ਗੁਰੂ ਕੇ ਬਾਗ ਦੇ ਮੋਰਚੇ ‘ਚ ਸ਼ਮੂਲੀਅਤ ਕੀਤੀ। 21 ਮਹੀਨੇ ਲਾਹੌਰ ਅਤੇ ਨਾਭਾ ਬੀੜ ਜੇਲ੍ਹਾਂ ਦੀ ਯਾਤਰਾ ਕੀਤੀ।
4 ਦਸੰਬਰ 1924 ਨੂੰ ਬੰਤਾ ਸਿੰਘ ਪੁੱਤਰ ਕਾਲਾ ਸਿੰਘ, ਜਿਲਾ ਕਪੂਰਥਲਾ ਨਾਭਾ ਬੀੜ ਜੇਲ੍ਹ ਵਿਚ ਸਦੀਵੀ ਵਿਛੋੜਾ ਦੇ ਗਏ। ਉਹ ਜੈਤੋਂ ਦੇ ਮੋਰਚੇ#7 ‘ਚ ਸ਼ਾਮਲ ਹੋਏ।
4 ਦਸੰਬਰ 1924 ਨੂੰ ਬਤਨ ਸਿੰਘ ਪੁੱਤਰ ਫਕੀਰਾ ਸਿੰਘ ਅਤੇ ਮਾਤਾ ਹਰੋ, ਪਿੰਡ ਵਿਛੌੜੀ ਤਹਿਸੀਲ ਗੜ੍ਹਸ਼ੰਕਰ (ਹੁਸ਼ਿਆਰਪੁਰ) ਸਦੀਵੀ ਵਿਛੋੜਾ ਦੇ ਗਏ। ਉਹ ਫੌਜ ਦੀ ਨੌਕਰੀ ਛੱਡ ਕੇ ਜੈਤੋਂ ਤੇ ਗੁਰੂ ਕੇ ਬਾਗ ਦੇ ਮੋਰਚੇ ਅਤੇ ਬੱਬਰ ਮੂਵਮੈਟਾਂ ‘ਚ ਸ਼ਾਮਲ ਰਹੇ। ਸਾਢੇ ਤਿੰਨ ਸਾਲ ਨਾਭਾ ਜੇਲ੍ਹ, ਮੁਲਤਾਨ ਅਤੇ ਬਹਾਵਲਪੁਰ ਜੇਲ੍ਹਾਂ ਦੀ ਯਾਤਰਾ ਕੀਤੀ।
4 ਦਸੰਬਰ 1924 ਨੂੰ ਜੋਤਿਸ਼ ਚੰਦਰ ਪਾਲ ਸਦੀਵੀ ਵਿਛੋੜਾ ਦੇ ਗਏ। ਉਹ ਅੰਗਰੇਜ਼ ਰਾਜ ਵਿਰੁੱਧ ਬਾਘਾ ਯਤਨ ਸੰਸਥਾ ਦੇ ਮੈਂਬਰ ਸਨ।
4 ਦਸੰਬਰ 1945 ਨੂੰ ਕਰਤਾਰ ਸਿੰਘ ਜਿਲਾ ਸ਼ੇਖੂਪੁਰਾ ਫਰੰਗੀਆਂ ਨੇ ਸਿਆਲਕੋਟ ‘ਚ ਫਾਂਸੀ ਦੇ ਕੇ ਸ਼ਹੀਦ ਕੀਤਾ। ਉਹ ਆਈ. ਐਨ. ਏ. ਦੇ ਸਿਪਾਹੀ ਸਨ।
4 ਦਸੰਬਰ 1954 ਨੂੰ ਮਨਫੂਲ ਪੁੱਤਰ ਹਰਖਾ ਰਾਮ, ਪਿੰਡ ਧਨੀ ਜੱਟਾਂ ਹਰਚੰਦ ਬਨ ਡਾਕਖਾਨਾ ਈਲਾਨਾਬਾਦ (ਹਿਸਾਰ) ਸਦੀਵੀ ਵਿਛੋੜਾ ਦੇ ਗਏ। ਉਹ ਸਿੰਗਾਪੁਰ ਹਾਂਗਕਾਂਗ ਰਾਇਲ ਆਰਟਿਲਰੀ ਦੇ ਲੈਸ ਨਾਇਕ ਸਨ। ਵਾਰ ਦੇ ਕੈਦੀ ਤੇ ਇੱਕ ਸਾਲ ਮੁਲਤਾਨ ‘ਚ ਕੈਦ ਕੱਟੀ।
4 ਦਸੰਬਰ 1982 ਨੂੰ ਬਾਬਾ ਹਰਭਜਨ ਸਿੰਘ ਚਮਿੰਡਾ ਪੁੱਤਰ ਫਤਿਹ ਸਿੰਘ, ਮਾਤਾ ਬੀਬੀ ਭੋਲੀ ਸਦੀਵੀ ਵਿਛੋੜਾ ਦੇ ਗਏ। ਉਹ ਭਾਈ ਰਣਧੀਰ ਸਿੰਘ ਦੇ ਕੀਰਤਨੀ ਜਥੇ ਰਾਹੀਂ ਗਦਰ ਪਾਰਟੀ ਨਾਲ ਜੁੜੇ। ਸਰਦੂਲ ਸਿੰਘ ਦੀ ਪ੍ਰੈਸ ਵਿਚ ਕੰਪੋਜ਼ਟਰੀ ਕੀਤੀ। ਗਦਰੀਆਂ ਦੇ ਸਮਾਗਮਾਂ ਦੀ ਕਲਮ ਨਾਲ ਸੇਵਾ ਕੀਤੀ।
5 ਦਸੰਬਰ 1957 ਨੂੰ ਗਦਰੀ ਬਾਬਾ ਸੰਤ ਵਿਸਾਖਾ ਸਿੰਘ ਦਦੇਹਰ ਪੁੱਤਰ ਦਿਆਲ ਸਿੰਘ ਤੇ ਮਾਤਾ ਬੀਬੀ ਇੰਦ ਕੌਰ, ਪਿੰਡ ਦਦੇਹਰ (ਅੰਮ੍ਰਿਤਸਰ) ਤਰਨ ਤਾਰਨ ਵਿਖੇ ਸਦੀਵੀ ਵਿਛੋੜਾ ਦੇ ਗਏ। ਉਹ ਇੰਡੀਅਨ ਆਰਮੀ ਦੇ ਗਿਆਰਾਂ ਨੰਬਰ ਘੋੜ ਰਸਾਲੇ ਵਿਚ ਭਰਤੀ ਹੋਏ। ‘ਪੱਗੜੀ ਸੰਭਾਲ ਜੱਟਾ’ ਮੂਵਮੈਂਟ ਵਿਚ ਅਜੀਤ ਸਿੰਘ ਦਾ ਲੈਕਚਰ ਸੁਣ ਕੇ ਰਸਾਲੇ ਦੀ ਨੌਕਰੀ ਤੋਂ ਤਿਆਗ ਕਰ ਦਿੱਤਾ। ਘਰ ਦੀ ਸੁਰੱਗੀ ਲਈ ਸ਼ੰਘਾਈ ਚਲ ਗਏ, ਪੁਲਿਸ ਦੀ ਨੌਕਰੀ ਕੀਤੀ। ਵੱਢੀ ਖੋਰੀ ਤੋਂ ਤੰਗ ਹੋ ਕੇ ਨੌਕਰੀ ਤੋਂ ਅਸਤੀਫਾ ਦੇ ਕੇ ਅਮਰੀਕਾ ਪਹੁੰਚ ਗਏ। ਖੇਤੀ ਕੀਤੀ, ਗਦਰ ਪਾਰਟੀ ਬਣਾਈ ਅਤੇ ਚੰਗੀ ਸੁੱਖ ਭਰੀ ਜ਼ਿੰਦਗੀ ਛੱਡ ਹਿੰਦੋਸਤਾਨ ਆਜ਼ਾਦ ਕਰਾਉਣ ਵਾਪਿਸ ਦੇਸ਼ ਪਰਤੇ। ਜਲਾਵਤਨੀ ਅਤੇ ਜੇਲ੍ਹਾਂ ਨੇ ਸਿਹਤ ਖਰਾਬ ਕਰ ਦਿੱਤੀ। ਅੰਤਿਮ ਸਾਹ ਤੱਕ ਦੇਸ਼ ਹਿਤੈਸ਼ੀ ਰਹਿਣ ਦਾ ਰੁਤਬਾ ਪਾ ਗਏ।
5 ਦਸੰਬਰ 1988 ਨੂੰ ਪੰਡਿਤ ਦੁਰਗਾ ਦਾਸ ਉਰਫ ਦੋਆਬਾ ਗਾਂਧੀ, ਪਿੰਡ ਬਜਵਾੜਾ (ਹੁਸ਼ਿਆਰਪੁਰ) ਸਦੀਵੀ ਵਿਛੋੜਾ ਦੇ ਗਏ। ਉਹ ਲਾਲਾ ਲਾਜਪਤ ਰਾਏ ਦੇ ਨਜ਼ਦੀਕੀ ਸਨ। ਉਨ੍ਹਾਂ 1920 ਵਿਚ ਗਾਂਧੀ ਮੂਵਮੈਂਟ ‘ਚ ਸ਼ਿਰਕਤ ਕੀਤੀ ਅਤੇ ਜੇਲ੍ਹ ਯਾਤਰਾ ਕੀਤੀ। ਉਹ ਸਿਰ ਚੁੱਕ ਕੇ ਜਿਉਣ ਲਈ ਮਾਣ ਮਹਿਸੂਸ ਕਰਦੇ ਸਨ।
6 ਦਸੰਬਰ 1922 ਨੂੰ ਬਿਸ਼ਨ ਸਿੰਘ ਪੁੱਤਰ ਦਿਆਲ ਸਿੰਘ ਅਤੇ ਮਾਤਾ ਮਹਿਤਾਬ ਕੌਰ, ਪਿੰਡ ਸੋਹਲ (ਗੁਰਦਾਸਪੁਰ) ਪੁਲਿਸ ਦੀ ਅਸਹਿ ਕੁੱਟ ਕਾਰਨ ਅਟਕ ਜੇਲ੍ਹ ‘ਚ ਦਮ ਤੋੜ ਗਏ। ਉਹ ਗੁਰੂ ਕੇ ਬਾਗ ਮੋਰਚੇ ‘ਚ ਸ਼ਾਮਲ ਹੋਏ।
6 ਦਸੰਬਰ 1934 ਨੂੰ ਬਾਬਾ ਨਿਧਾਨ ਸਿੰਘ ਪੁੱਤਰ ਸੁੰਦਰ ਸਿੰਘ ਪਿੰਡ ਚੁੱਗਾ, ਜਿਲਾ ਫਿਰੋਜ਼ਪੁਰ ਸਦੀਵੀ ਵਿਛੋੜਾ ਦੇ ਗਏ। ਉਹ ਖਾਲਸਾ ਦੀਵਾਨ ਸਟਾਕਟਨ ਦੇ ਪ੍ਰਧਾਨ ਸਨ, ਗਦਰ ਲਹਿਰ ਦੇ ਆਗੂ ਦੇਸ਼ ਹਿਤੈਸ਼ੀ ਸਨ ਅਤੇ ਪਹਿਲੇ ਲਾਹੌਰ ਸਾਜਿਸ਼ ਕੇਸ ‘ਚ ਸਜ਼ਾ-ਏ-ਮੌਤ ਤੇ ਜਾਇਦਾਦ ਕੁਰਕੀ ਦੀ ਸਜ਼ਾ ਹੋਈ ਸੀ, ਜੋ ਬਦਲ ਕੇ ਕਾਲੇ ਪਾਣੀ ਕੀਤੀ।
6 ਦਸੰਬਰ 1945 ਨੂੰ ਚਰਨ ਸਿੰਘ ਪੁੱਤਰ ਕਿਸ਼ਨ ਸਿੰਘ, ਪਿੰਡ ਰਾਮਗੜ੍ਹ ਡੇਕਵਾਲਾ, ਤਹਿਸੀਲ ਰੁਪਾਰ (ਅੰਬਾਲਾ) ਸਦੀਵੀ ਵਿਛੋੜਾ ਦੇ ਗਏ। ਉਹ ਆਈ. ਐਨ. ਏ. ਅਤੇ ਫੌਜ ‘ਚ ਸਨ। ਕੱਚਾ ਕੈਂਪ ‘ਚ ਪੀ. ਓ. ਵਾਰ ਦੇ ਕੈਦੀ ਰਹੇ।
6 ਦਸੰਬਰ 1971 ਨੂੰ ਤੇਜਵੰਤ ਸਿੰਘ ਰੰਧਾਵਾ ਪੁੱਤਰ ਪ੍ਰਭਾਕਰ ਸਿੰਘ ਰੰਧਾਵਾ ਤੇ ਮਾਤਾ ਗੁਰਨਾਮ ਕੌਰ, ਪਿੰਡ ਮੋਗਾ (ਫਿਰੋਜ਼ਪੁਰ) ਸਦੀਵੀ ਵਿਛੋੜਾ ਦੇ ਗਏ। ਉਹ ਸ਼੍ਰੋਮਣੀ ਕਮੇਟੀ ਦੇ ਖਾਤਾਕਾਰ ਸਨ। ਦੇਸ਼ ਆਜ਼ਾਦੀ ਲਈ ਆਗੂ ਰੋਲ ਕੀਤਾ ਅਤੇ ਛੇ ਮਹੀਨੇ ਜੇਲ੍ਹ ਯਾਤਰਾ ਕੀਤੀ।
8 ਦਸੰਬਰ 1930 ਨੂੰ ਬਾਦਲ ਗੁਪਤਾ ਉਰਫ ਸੁਧੀਰ ਗੁਪਤਾ, ਪਿੰਡ ਪੁਰਬਾ ਸ਼ੀਮੁਲੀਆ, ਬਿਕਰਮ ਪੁਰ (ਬੰਗਾਲ) ਹੁਣ ਦਾ ਬੰਗਲਾ ਦੇਸ਼ ‘ਚ ਸਦੀਵੀ ਵਿਛੋੜਾ ਦੇ ਗਏ। ਉਹ ਅੰਗਰੇਜ਼ ਰਾਜ ਵਿਰੋਧੀ ਸਨ। ਲਿਖਾਰੀ ਇਮਾਰਤ ਉੱਤੇ ਹਮਲੇ ‘ਚ ਘਿਰੇ।
8 ਦਸੰਬਰ 1945 ਨੂੰ ਚੰਦਗੀ ਰਾਮ ਪੁੱਤਰ ਰਾਮ ਲਾਲ, ਪਿੰਡ ਗੜ੍ਹੀ (ਹਿਸਾਰ) ਸਦੀਵੀ ਵਿਛੋੜਾ ਦੇ ਗਏ। ਉਹ ਆਈ. ਏ. ਅਤੇ ਆਈ. ਐਨ. ਏ. ਦੇ ਗੁਰੀਲਾ ਸਨ।
8 ਦਸੰਬਰ 1953 ਨੂੰ ਭੋਜਾ ਸਿੰਘ ਪੁੱਤਰ ਛੇਲੂ, ਪਿੰਡ ਖਰਕਾਰੀ ਸੋਹਨ, ਤਹਿਸੀਲ ਭਵਾਨੀ (ਹਿਸਾਰ) ਸਦੀਵੀ ਵਿਛੋੜਾ ਦੇ ਗਏ। ਉਹ ਹਿੰਦੋਸਤਾਨੀ ਫੌਜ ਦੀ ਹੈਦਰਾਬਾਦ ਰੈਜ਼ੀਮੈਂਟ ਅਤੇ ਆਈ. ਐਨ. ਏ. ਦੀ 950 ਰੈਜ਼ੀਮੈਂਟ ‘ਚ ਬਤੌਰ ਲੈਸ ਨਾਇਕ ਸਨ।
8 ਦਸੰਬਰ 1959 ਨੂੰ ਦੁਰਗਾ ਦਾਸ ਪੁੱਤਰ ਮਹੰਤੂ, ਪਿੰਡ ਅਜੌਲੀ, ਤਹਿਸੀਲ ਊਨਾ (ਹੁਸ਼ਿਆਰਪੁਰ) ਸਦੀਵੀ ਵਿਛੋੜਾ ਦੇ ਗਏ। ਉਹ ਗਵਰਨਰ ਨਿਵਾਸ ਸ਼ਿਮਲਾ ਦੇ ਘਿਰਾਉ ‘ਚ ਸ਼ਾਮਲ ਹੋਏ ਤੇ ਤਿੰਨ ਮਹੀਨੇ ਅਟਕ ਜੇਲ੍ਹ ਯਾਤਰਾ ਕੀਤੀ।
8 ਦਸੰਬਰ 1975 ਨੂੰ ਰਾਮ ਕ੍ਰਿਸ਼ਨ ਭੜੋਲੀਆਂ, ਪਿੰਡ ਭੜੋਲੀਆਂ ਤਹਿਸੀਲ ਊਨਾ (ਹੁਸ਼ਿਆਰਪੁਰ) ਸਦੀਵੀ ਵਿਛੋੜਾ ਦੇ ਗਏ। ਉਹ ਪੰਜਾਬ ਵਿਧਾਨ ਸਭਾ ਦੇ ਮੈਂਬਰ ਅਤੇ ਮਜ਼ਦੂਰ ਕਿਸਾਨਾਂ ਦੇ ਹਰਮਨ ਪਿਆਰੇ ਆਗੂ ਸਨ।
10 ਦਸੰਬਰ 1953 ਨੂੰ ਨਜ਼ੀਰ ਉਰਫ ਧਰਮ ਸਿੰਘ ਪੁੱਤਰ ਸੁਚੇਤ ਸਿੰਘ ਪਿੰਡ ਤੇ ਡਾਕਖਾਨਾ ਰਵੇਲੀ, ਜਿਲਾ ਫਿਰੋਜ਼ਪੁਰ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਜੈਤੋਂ ਦੇ ਮੋਰਚੇ ‘ਚ ਸ਼ਮੂਲੀਅਤ ਕੀਤੀ ਅਤੇ ਪੰਦਰਾ ਮਹੀਨੇ ਨਾਭਾ ਬੀੜ ਤੇ ਕਮਾਲਪੁਰ ਦੀ ਜੇਲ੍ਹ ਕੱਟੀ।
11 ਦਸੰਬਰ 1924 ਨੂੰ ਗੰਗਾ ਸਿੰਘ ਪੁੱਤਰ ਸਮਰ ਸਿੰਘ, ਪਿੰਡ ਕੁੱਕੜ ਮਜਾਰਾ (ਹੁਸ਼ਿਆਰਪੁਰ) ਜੈਤੋਂ ਦੇ ਮੋਰਚੇ ‘ਚ ਸ਼ਾਮਲ ਹੋਏ। ਨਾਭਾ ਬੀੜ ਜੇਲ੍ਹ ‘ਚ ਸਦੀਵੀ ਵਿਛੋੜਾ ਦੇ ਗਏ।
11 ਦਸੰਬਰ 1924 ਨੂੰ ਹਰੀ ਸਿੰਘ ਪਿੰਡ ਧਮੋਟ, ਤਹਿਸੀਲ ਨਾਭਾ (ਪਟਿਆਲਾ) ਨਾਭਾ ਬੀੜ ਜੇਲ੍ਹ ‘ਚ ਸ਼ਹੀਦੀ ਪਾ ਗਏ। ਉਨ੍ਹਾਂ ਜੈਤੋਂ ਦੇ ਮੋਰਚਾ#11 ‘ਚ ਸ਼ਮੂਲੀਅਤ ਕੀਤੀ।
11 ਦਸੰਬਰ 1924 ਨੂੰ ਹਰੀ ਸਿੰਘ ਪਿੰਡ ਕੰਦੋਲਾ, ਜਿਲਾ ਜਲੰਧਰ ਨਾਭਾ ਬੀੜ ਜੇਲ੍ਹ ‘ਚ ਦਮ ਤੋੜ ਗਏ। ਉਨ੍ਹਾਂ ਜੈਤੋਂ ਮੋਰਚਾ#12 ‘ਚ ਸ਼ਮੂਲੀਅਤ ਕੀਤੀ।
12 ਦਸੰਬਰ 1923 ਨੂੰ ਬੰਤਾ ਸਿੰਘ ਧਾਮੀਆਂ ਅਤੇ ਜੁਆਲਾ ਸਿੰਘ ਫਤਿਹਪੁਰ, ਪਿੰਡ ਮੁੰਡੇਰ (ਨੇੜੇ ਆਦਮਪੁਰ ਕਠਾਰ) ਜਿਲਾ ਜਲੰਧਰ ਪੁਲਿਸ ਮੁਕਾਬਲੇ ਵਿਚ ਸ਼ਹੀਦ ਹੋ ਗਏ। ਉਹ ਬੱਬਰ ਅਕਾਲੀ ਸਨ।
12 ਦਸੰਬਰ 1950 ਨੂੰ ਦੱਖਣ ਬਾਈ ਪੁੱਤਰ ਉੱਦਮੀ, ਪਿੰਡ ਤੇ ਡਾਕਖਾਨਾ ਥਾਨਾ ਕਲਾਂ, ਤਹਿਸੀਲ ਸੋਨੀਪਤ (ਰੋਹਤਕ) ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਕਾਂਗਰਸ ਮੂਵਮੈਂਟਾਂ ‘ਚ ਹਿੱਸਾ ਲਿਆ, ਪੁਲਿਸ ਤਸ਼ੱਦਦ ਸਹੇ ਅਤੇ ਛੇ ਮਹੀਨੇ ਲਾਹੌਰ ਜੇਲ੍ਹ ਦੀ ਯਾਤਰਾ ਕੀਤੀ।
12 ਦਸੰਬਰ 1955 ਨੂੰ ਬਖਸ਼ੀਸ਼ ਸਿੰਘ ਪੁੱਤਰ ਵਧਾਵਾ ਸਿੰਘ, ਪਿੰਡ ਧਰੋਰਾਂ, ਜਿਲਾ ਲੁਧਿਆਣਾ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਜੈਤੋਂ ਦੇ ਅਤੇ ਗੁਰੂ ਕੇ ਬਾਗ ਦੇ ਮੋਰਚੇ ‘ਚ ਸ਼ਮੂਲੀਅਤ ਕੀਤੀ। ਗੈਰ-ਮਨੁੱਖੀ ਲਾਠੀਚਾਰਜ ਦੇ ਸ਼ਿਕਾਰ ਹੋਏ, ਡੇਢ ਸਾਲ ਜੇਲ੍ਹ ਯਾਤਰਾ ਕੀਤੀ।
13 ਦਸੰਬਰ 1913 ਨੂੰ ਬਿਨੈ ਬੰਧੂ ਅਤੇ ਹੇਮੰਤ ਬੰਧੂ ਸ਼ਹੀਦੀ ਰੁਤਬਾ ਪਾ ਗਏ। (ਪੂਰੀ ਜਾਣਕਾਰੀ ਨਹੀਂ ਮਿਲ ਸਕੀ)
13 ਦਸੰਬਰ 1930 ਨੂੰ ਬਨੋਏ ਬਾਸੂ ਜਾਂ ਬੋਸ ਪੁੱਤਰ ਰੇਬਤੀ ਮੋਹਨ ਬਾਸੂ ਪਿੰਡ ਰੋਹਤਭੋਗ ਜਿਲਾ ਮੁਨਸ਼ੀ ਗੰਜ (ਹੁਣ ਬੰਗਲਾ ਦੇਸ਼) ਕਲਕੱਤਾ ਸ਼ਹੀਦੀ ਪਾ ਗਏ। ਉਹ ਯੁਗਾਂਤਰ ਪਾਰਟੀ ਅਤੇ ਮੁਕਤੀ ਸੰਘ ਖੁਫੀਆ ਸੁਸਾਇਟੀ ਦੇ ਮੈਂਬਰ ਸਨ।
13 ਦਸੰਬਰ 1957 ਨੂੰ ਫਕੀਰ ਚੰਦ ਪੁੱਤਰ ਕਰਮ ਚੰਦ, ਪਿੰਡ ਬਿਲਗਾ ਤਹਿਸੀਲ ਫਿਲੌਰ (ਜਲੰਧਰ) ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ 1930 ‘ਚ ਸਿਵਲ ਨਾ-ਫੁਰਮਾਨੀ ਲਹਿਰ ‘ਚ ਹਿੱਸਾ ਲਿਆ। ਫਰੰਗੀ ਵਿਰੁੱਧ ਸਤਿਆਗ੍ਰਹਿ ‘ਚ ਸ਼ਮੂਲੀਅਤ ਕੀਤੀ, ਅੱਠ ਮਹੀਨੇ ਜੇਲ੍ਹ ਕੱਟੀ।
13 ਦਸੰਬਰ 1960 ਨੂੰ ਹਰਬੰਸ ਸਿੰਘ ਪੁੱਤਰ ਨਰੈਣ ਸਿੰਘ ਪਿੰਡ ਤੇ ਡਾਕਖਾਨਾ ਬੱਚੀ ਪਿੰਡ, ਤਹਿਸੀਲ ਅਜਨਾਲਾ (ਅੰਮ੍ਰਿਤਸਰ) ਸਦੀਵੀ ਵਿਛੋੜਾ ਦੇ ਗਏ। ਉਹ ਆਈ. ਐਨ. ਏ. ਦੇ ਸਿਪਾਹੀ ਸਨ ਤੇ ਪੀ. ਓ. ਡਬਲਿਊ. ਹੋਏ, 11 ਮਹੀਨੇ ਕੈਦੀ ਰਹੇ।
13 ਦਸੰਬਰ 1979 ਨੂੰ ਪ੍ਰਤਾਪ ਸਿੰਘ ਬਾਂਸਲ ਪੁੱਤਰ ਉੱਤਮ ਸਿੰਘ ਬਾਂਸਲ ਤੇ ਬੀਬੀ ਨਿਰੰਜਨ ਕੌਰ, ਕਸਬਾ ਹਰਿਆਣਾ (ਹੁਸ਼ਿਆਰਪੁਰ) ਸਦੀਵੀ ਵਿਛੋੜਾ ਦੇ ਗਏ। 1902 ‘ਚ ਜਨਮੇ ਬਾਂਸਲ ਵੱਡੇ ਹੋ ਕੇ ਮਹਾਨ ਗਦਰੀ ਬਾਬਾ ਪੰਡਿਤ ਜਗਤ ਰਾਮ ਹਰਿਆਣਾ ਦੇ ਉਪਾਸ਼ਕ ਬਣੇ ਅਤੇ ਅੰਗਰੇਜ਼ ਹਕੂਮਤ ਵਿਰੁੱਧ ਗਰਮ ਤਕਰੀਰਾਂ ਕਰਨ ਦੇ ਦੋਸ਼ ਵਿਚ ਜਲੰਧਰ, ਕਸੂਰ ਅਤੇ ਲਾਹੌਰ ਜੇਲ੍ਹਾਂ ਦੀ ਯਾਤਰਾ ਕੀਤੀ।
14 ਦਸੰਬਰ 1947 ਨੂੰ ਰਘਬੀਰ ਸਿੰਘ ਪੁੱਤਰ ਛੱਜੂ ਰਾਮ, ਪਿੰਡ ਸਿੱਧਪੁਰ, ਜਿਲਾ ਕਾਂਗੜਾ ਸਦੀਵੀ ਵਿਛੋੜਾ ਦੇ ਗਏ। ਉਹ ਆਈ. ਏ. ਵਿਚ ਲੈਸ ਨਾਇਕ ਅਤੇ ਆਈ. ਐਨ. ਏ. ਦੇ ਲੈਫਟੀਨੈਂਟ ਸਨ। ਪੀ. ਓ. ਡਬਲਿਊ. ਹੋਏ। ਕਲਕੱਤਾ, ਦਿੱਲੀ ਅਤੇ ਮੁਲਤਾਨ ਦੀਆਂ ਜੇਲ੍ਹਾਂ ਦੀ ਯਾਤਰਾ ਕੀਤੀ। ਫਰੰਗੀਆਂ ਦੇ ਵਿਰੋਧ ‘ਚ ਨੌਕਰੀ ਤੋਂ ਡਿਸਚਾਰਜ ਤੇ ਬਲੈਕ ਲਿਸਟਿਡ ਰਹੇ।
15 ਦਸੰਬਰ 1947 ਨੂੰ ਚੰਦਰ ਸਿੰਘ ਪੁੱਤਰ ਮੋਤੀ ਰਾਮ, ਪਿੰਡ ਭਰਥਲਾ, ਜਿਲਾ ਰੋਹਤਕ ਸਦੀਵੀ ਵਿਛੋੜਾ ਦੇ ਗਏ। ਉਹ ਫੌਜ ‘ਚ ਲੈਫਟੀਨੈਂਟ ਸਨ।
16 ਦਸੰਬਰ 1956 ਨੂੰ ਆਤਮਾ ਰਾਮ ਪੁੱਤਰ ਝੰਡੂ ਲਾਲ, ਜਿਲਾ ਅੰਬਾਲਾ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਕਾਂਗਰਸ ਦੀਆਂ ਕਈ ਮੂਵਮੈਂਟਾਂ ‘ਚ ਹਿੱਸਾ ਲਿਆ ਅਤੇ ਡੇਢ ਸਾਲ ਜੇਲ੍ਹ ਯਾਤਰਾ ਕੀਤੀ।
16 ਦਸੰਬਰ 1961 ਨੂੰ ਰਾਮ ਚਰਨ ਦਾਸ ਪੁੱਤਰ ਮੂਲਾ ਰਾਮ, ਪਿੰਡ ਕਕਰੋਲੀ ਹੱਥੀ, ਤਹਿਸੀਲ ਚਰਖੀ ਦਦਰੀ, ਜਿਲਾ ਮਹਿੰਦਰਗੜ੍ਹ ਸਦੀ ਵਿਛੋੜਾ ਦੇ ਗਏ। ਉਹ ਹਾਂਂਗਕਾਂਗ ਸਿੰਗਾਪੁਰ ਰੌਇਲ ਆਰਟਿਲਰੀ ਵਿਚ ਸਰਵੇਅਰ ਅਤੇ ਆਈ. ਐਨ. ਏ. ਦੇ ਸਿਪਾਹੀ ਰਹੇ। ਪੀ. ਓ. ਡਬਲਿਊ. ਹੋਏ। ਰੰਗੂਨ ਤੇ ਜਿਗਰ ਕੱਚਾ ਕੈਂਪ ਕਲਕੱਤਾ ‘ਚ ਜੇਲ੍ਹ ਯਾਤਰਾ ਕੀਤੀ।
17 ਦਸੰਬਰ 1927 ਨੂੰ ਰਜਿੰਦਰ ਲਹਿਰੀ ਗੌਂਡਾ ਜੇਲ੍ਹ ‘ਚ ਫਾਂਸੀ ਦੇ ਕੇ ਸ਼ਹੀਦ ਕੀਤਾ, ਉਨ੍ਹਾਂ ਉੱਤੇ ਕਕੋਰੀ ਕਾਂਡ ‘ਚ ਸ਼ਮੂਲੀਅਤ ਦੇ ਦੋਸ਼ ਸਨ।
18 ਦਸੰਬਰ 1924 ਨੂੰ ਕਿਸ਼ਨ ਸਿੰਘ ਪੁੱਤਰ ਸਮੁੰਦਰ ਸਿੰਘ, ਪਿੰਡ ਬਦਾਨਪੁਰ ਜਿਲਾ ਪਟਿਆਲਾ, ਜੇਲ੍ਹ ਵਿਚ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਜੈਤੋਂ ਦੇ ਮੋਰਚੇ ‘ਚ ਸ਼ਮੂਲੀਅਤ ਕੀਤੀ।
19 ਦਸੰਬਰ 1927 ਨੂੰ ਅਸ਼ਫਾਕ ਉੱਲ੍ਹਾ ਨੂੰ ਫੈਜ਼ਾਬਾਦ ਜੇਲ੍ਹ ‘ਚ ਫਾਂਸੀ ਦੇ ਕੇ ਸ਼ਹੀਦ ਕੀਤਾ। ਉਹ ਸਹਾਰਨਪੁ (ਯੂ. ਪੀ.) ਤੋਂ ਸਨ। ਉਨ੍ਹਾਂ ‘ਤੇ ਕਕੋਰੀ ਕਾਂਡ ‘ਚ ਸ਼ਾਮਲ ਹੋਣ ਦੇ ਦੋਸ਼ ਸਨ।
19 ਦਸੰਬਰ 1927 ਨੂੰ ਰਾਮ ਪ੍ਰਸਾਦ ਬਿਸਮਿਲ ਨੂੰ ਕਕੋਰੀ ਕਾਂਡ ‘ਚ ਸ਼ਮੂਲੀਅਤ ਦੇ ਦੋਸ਼ ਵਿਚ ਗੋਰਖਪੁਰ ਜੇਲ੍ਹ ‘ਚ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ। ਉਹ ਆਜ਼ਾਦੀ ਘੁਲਾਟੀਏ ਅਤੇ ਇਨਕਲਾਬੀ ਕਵੀ ਸਨ। ‘ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ, ਦੇਖਨਾ ਹੈ ਜ਼ੋਰ ਕਿਤਨਾ ਬਾਜੂ-ਏ ਕਾਤਲ ਮੇਂ ਹੈਂ’ ਗੀਤ ਦੇ ਰਚੈਤਾ ਸਨ।
19 ਦਸੰਬਰ 1944 ਨੂੰ ਅਮਰ ਸਿੰਘ ਪੁੱਤਰ ਸਨ੍ਹੇਹੀ ਰਾਮ, ਪਿੰਡ ਭੰਡਾਣਾ, ਤਹਿਸੀਲ ਚਰਖੀ ਦਦਰੀ, ਜਿਲਾ ਮਹਿੰਦਰਗੜ੍ਹ ਸਦੀਵੀ ਵਿਛੋੜਾ ਦੇ ਗਏ। ਉਹ ਆਈ. ਐਨ. ਏ. ਦੇ ਸਿਪਾਹੀ ਸਨ। ਪੀ. ਓ. ਡਬਲਿਊ. ਹੋਏ ਅਤੇ ਸਿੰਗਾਪੁਰ ਜੇਲ੍ਹ ਅਤੇ ਨੇਸੂਨ ਕੈਂਪ ‘ਚ ਕੈਦੀ ਰਹੇ।
19 ਦਸੰਬਰ 1944 ਨੂੰ ਭਜਨ ਸਿੰਘ ਪੁੱਤਰ ਦਿਆਲ ਸਿੰਘ ਤੇ ਮਾਤਾ ਅਤਰ ਕੌਰ, ਪਿੰਡ ਰਾਠੀ ਰੌਰੀ, ਜਿਲਾ ਬਠਿੰਡਾ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਗੁਰੂ ਕੇ ਬਾਗ ਮੋਰਚੇ ‘ਚ ਸ਼ਮੂਲੀਅਤ ਕੀਤੀ। ਉਨ੍ਹਾਂ ‘ਤੇ ਬੇਰਹਿਮ ਪੁਲਿਸ ਤਸ਼ੱਦਦ ਹੋਇਆ ਅਤੇ ਅਟਕ ਜੇਲ੍ਹ ‘ਚ ਸਾਢੇ ਛੇ ਮਹੀਨੇ ਕੈਦ ਕੱਟੀ।
20 ਦਸੰਬਰ 1968 ਨੂੰ ਗਦਰੀ ਬਾਬਾ ਸੋਹਨ ਸਿੰਘ ਭਕਨਾ ਪੁੱਤਰ ਕਰਮ ਸਿੰਘ ਸਦੀਵੀ ਵਿਛੋੜਾ ਦੇ ਕੇ ਦੇਸ਼ ਪ੍ਰੇਮੀਆਂ ਦੀ ਮਾਲਾ ਦੇ ਮਣਕੇ ਬਣੇ। ਉਹ ਗਦਰ ਪਾਰਟੀ ਦੇ ਮੋਢੀ ਅਤੇ ਗਦਰ ਲਹਿਰ ਦੇ ਆਗੂ ਸਨ। ਉਹ ਕਹਿੰਦੇ ਸਨ ਕਿ ਅੰਗਰੇਜ਼ ਨਾਲ ਡੱਟ ਕੇ ਲੜੇ, ਪਰ ਆਪਣਿਆਂ ਨਾਲ ਲੜਦਿਆਂ ਕੁੱਬ ਪੈ ਗਿਆ। ਸਾਰਾ ਜੀਵਨ ਦੇਸ਼ ਦੇ ਲੇਖੇ ਲਾਇਆ।
21 ਦਸੰਬਰ 1920 ਨੂੰ ਗੇਂਦਾ ਲਾਲ ਦੀਕਸ਼ਤ ਸ਼ਹਿਰ ਔਰਾਯਾ, ਜਿਲਾ ਇਟਾਵਾ ਬੀਮਾਰੀ ਕਾਰਨ ਸਰਕਾਰੀ ਹਸਪਤਾਲ ਦਿੱਲੀ ‘ਚ ਸਦੀਵੀ ਵਿਛੋੜਾ ਦੇ ਗਏ। ਉਹ ਸਕੂਲ ਅਧਿਆਪਕ ਅਤੇ ਅੰਗਰੇਜ਼ ਰਾਜ ਵਿਰੋਧੀ ਸਰਗਰਮ ਆਗੂ ਸਨ।
21 ਦਸੰਬਰ 1927 ਨੂੰ ਠਾਕਰ ਰੌਸ਼ਨ ਸਿੰਘ ਨੂੰ ਅਲਾਹਾਬਾਦ ਜੇਲ੍ਹ ‘ਚ ਫਾਂਸੀ ਦੇ ਕੇ ਸ਼ਹੀਦ ਕੀਤਾ। ਉਹ ਕਕੋਰੀ ਕਾਂਡ ਦੇ ਦੋਸ਼ੀ ਸਨ।
21 ਦਸੰਬਰ 1955 ਨੂੰ ਸੰਤੋਖ ਸਿੰਘ ਪੁੱਤਰ ਕਰਮ ਸਿੰਘ, ਪਿੰਡ ਨੀਲਾ ਚੱਕਵਾਲ, ਜਿਲਾ ਜ਼ੇਹਲਮ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਫੌਜ ਦੀ ਨੌਕਰੀ ਛੱਡ ਕੇ ਗੁਰਦੁਆਰਾ ਸੁਧਾਰ ਲਹਿਰ ‘ਚ, ਗੁਰੂ ਕੇ ਬਾਗ, ਖਡੂਰ ਸਾਹਿਬ ਅਤੇ ਭਾਈ ਦੇ ਮੋਰਚੇ ‘ਚ ਹਿੱਸਾ ਲਿਆ। ਸੱਤ ਮਹੀਨੇ ਕੈਦ ਕੱਟੀ।
22 ਦਸੰਬਰ 1957 ਨੂੰ ਬੰਤਾ ਸਿੰਘ ਪੁੱਤਰ ਤੇਜਾ ਸਿੰਘ, ਪਿੰਡ ਤਾਹਿਰਪੁਰਾ, ਜਿਲਾ ਅੰਮ੍ਰਿਤਸਰ ਸਦੀਵੀ ਵਿਛੋੜਾ ਦੇ ਗਏ। ਉਹ ਆਈ. ਐਨ. ਏ. ਅਤੇ ਆਈ. ਏ. ‘ਚ ਰਹੇ। ਬ੍ਰਿਟਿਸ਼ ਆਰਮੀ ਦੇ ਪੀ. ਓ. ਡਬਲਿਊ. ਸਨ।
22 ਦਸੰਬਰ 1958 ਨੂੰ ਤਾਰਕਨਾਥ ਦਾਸ ਪੁੱਤਰ ਕਾਲੀ ਮੋਹਨ ਦਾਸ ਤੇ ਮਾਤਾ ਬ੍ਰਿਜ ਮੋਹਨੀ ਪਿੰਡ ਮਾਝੀਪਾਰਾ ਕਲਕੱਤਾ (ਬੰਗਾਲ) ਨਿਊ ਯਾਰਕ ਵਿਚ ਦਿਲ ਦਾ ਦੌਰਾ ਪੈਣ ਕਾਰਨ ਸਦੀਵੀ ਵਿਛੋੜਾ ਦੇ ਗਏ। ਉਹ ਅੰਗਰੇਜ਼ ਸਾਮਰਾਜ ਵਿਰੁੱਧ ਹਿੰਦੋਸਤਾਨੀਆਂ ਨੂੰ ਜਾਗ੍ਰਿਤ ਕਰਨ ਅਮਰੀਕਾ ਆਏ। ਉਨ੍ਹਾਂ ਨੇ ਪ੍ਰਚਾਰ ਕਰਨ ਲਈ ‘ਫਰੀ ਹਿੰਦੋਸਤਾਨ’ ਅਖਬਾਰ ਕੱਢੀ, ਜਿਸ ਦੇ ਪਹਿਲੇ ਸਫੇ ਉੱਤੇ ਲਿਖਿਆ ਸੀ, “ਜ਼ੁਲਮ ਵਿਰੁੱਧ ਲੜਨਾ ਰੱਬ ਦਾ ਹੁਕਮ ਮੰਨਣਾ ਹੈ।” ਬਾਕਮਾਲ ਬੁਲਾਰਾ ਸੀ, 30 ਅਤੂਬਰ 1909 ਨੂੰ ਵੈਨਕੂਵਰ ‘ਚ ਅੰਗਰੇਜ਼ ਰਾਜ ਦੇ ਸਾਬਕਾ ਫੌਜੀਆਂ ਨੇ ਮੈਡਲ, ਤਮਗੇ ਅਤੇ ਸਰਟੀਫਿਕੇਟ ਲਾਹ ਸੁੱਟੇ ਸਨ। ਉਸ ਨੇ ਜਰਮਨ ਸਾਜਿਸ਼ ਕੇਸ ‘ਚ 22 ਮਹੀਨੇ ਜੇਲ੍ਹ ਯਾਤਰਾ ਕੀਤੀ।
23 ਦਸੰਬਰ 1912 ਨੂੰ ਪ੍ਰਤਾਪ ਸਿੰਘ ਪੁੱਤਰ ਕੇਸਰੀ ਸਿੰਘ (ਰਾਜਸਥਾਨ) ਨੂੰ ਚਾਂਦਨੀ ਚੌਂਕ ਦਿੱਲੀ ਵਿਖੇ ਲਾਰਡ ਹਾਰਡਿੰਗ ਉੱਪਰ ਬੰਬ ਸੁੱਟਣ ਦੇ ਦੋਸ਼ ‘ਚ ਫਾਂਸੀ ਦੇ ਕੇ ਸ਼ਹੀਦ ਕੀਤਾ।
23 ਦਸੰਬਰ 1960 ਨੂੰ ਕਪੂਰ ਰਾਮ ਨਾਥ ਪੁੱਤਰ ਹਰ ਭਗਵਾਨ ਕਪੂਰ, ਪਿੰਡ ਭੇਰਾ, ਜਿਲਾ ਸਰਗੋਧਾ ਸਦੀਵੀ ਵਿਛੋੜਾ ਦੇ ਗਏ। ਉਹ ਅੰਗਰੇਜ਼ ਰਾਜ ਵਿਰੁੱਧ ਲਾਮਬੰਦੀ ਦੇ ਦੋਸ਼ ਵਿਚ ਛੇ ਮਹੀਨੇ ਰਾਵਲ ਪਿੰਡੀ, ਸਿਆਲਕੋਟ ਅਤੇ ਲਾਹੌਰ ਜੇਲ੍ਹਾਂ ‘ਚ ਕੈਦੀ ਰਹੇ।
24 ਦਸੰਬਰ 1924 ਨੂੰ ਕਰਤਾਰ ਸਿੰਘ ਪੁੱਤਰ ਸੰਤਾ ਸਿੰਘ ਤੇ ਮਾਤਾ ਬੀਬੀ ਜੁਆਲੀ, ਪਿੰਡ ਬਾਗਾ (ਨੇੜੇ ਗੜ੍ਹਦੀਵਾਲਾ), ਜਿਲਾ ਹੁਸ਼ਿਆਰਪੁਰ ਨਾਭਾ ਬੀੜ ਜੇਲ੍ਹ ‘ਚ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਜੈਤੋਂ ਦੇ ਮੋਰਚੇ ‘ਚ ਸ਼ਮੂਲੀਅਤ ਕੀਤੀ।
25 ਦਸੰਬਰ 1959 ਨੂੰ ਸਨਮ ਰਾਏ ਪੁੱਤਰ ਕਾਂਸ਼ੀ ਰਾਮ, ਮਾਤਾ ਸ਼ੋਭਨ ਬਾਈ, ਪਿੰਡ ਫਾਜ਼ਿਲਕਾ (ਫਿਰੋਜ਼ਪੁਰ) ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਕਈ ਡੀ. ਏ. ਵੀ. ਸਕੂਲ ਬਣਾਏ, ਉਹ ਐਮ. ਏ. ਸਨ ਤੇ ਹੈਡ ਮਾਸਟਰ ਰਹੇ। ਕਾਲੇ ਕਾਨੂੰਨਾਂ ਵਿਰੁੱਧ ਭਾਸ਼ਨ, ਕੁਇਟ ਇੰਡੀਆਂ ਮੂਵਮੈਂਟ ‘ਚ ਹਿੱਸਾ ਅਤੇ ਸਾਢੇ ਚਾਰ ਸਾਲ ਰੋਹਤਕ, ਮੀਆਂਵਾਲੀ, ਗੁਜਰਾਤ, ਮੁਲਤਾਨ, ਸਿਆਲਕੋਟ, ਫਿਰੋਜ਼ਪੁਰ ਤੇ ਜਲੰਧਰ ਜੇਲ੍ਹਾਂ ਦੀ ਯਾਤਰਾ ਕੀਤੀ।
25 ਦਸੰਬਰ 1994 ਨੂੰ ਗਿਆਨੀ ਜ਼ੈਲ ਸਿੰਘ ਪੁੱਤਰ ਕਿਸ਼ਨ ਸਿੰਘ ਪਿੰਡ ਸੰਧਵਾਂ ਜਿਲਾ ਫਰੀਦ ਕੋਟ ਇੱਕ ਸੜਕ ਹਾਦਸੇ ‘ਚ ਸਦੀਵੀ ਵਿਛੋੜਾ ਦੇ ਗਏ। ਉਹ ਅੰਗਰੇਜ਼ ਰਾਜ ਵਿਰੁੱਧ ਲੜੇ, ਰਿਆਸਤੀ ਰਾਜਿਆਂ ਵਿਰੁੱਧ ਅਤੇ ਪਰਜਾ ਤੰਤਰ ਲਹਿਰ ‘ਚ ਆਗੂ ਰੋਲ ਕੀਤੇ। ਆਜ਼ਾਦੀ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਅਤੇ ਦੇਸ਼ ਦੇ ਰਾਸ਼ਟਰਪਤੀ ਰਹੇ।
26 ਦਸੰਬਰ 1966 ਨੂੰ ਗੋਪੀ ਚੰਦ ਭਾਰਗਵ ਪੁੱਤਰ ਮੁਨਸ਼ੀ ਬਦਰੀ ਪ੍ਰਸਾਦ, ਪਿੰਡ ਸਿਰਸਾ (ਹਿਸਾਰ) ਸਦੀਵੀ ਵਿਛੋੜਾ ਦੇ ਗਏ। ਉਹ ਇੰਡੀਅਨ ਨੈਸ਼ਨਲ ਕਾਂਗਰਸ ਦੇ 1921 ‘ਚ ਮੈਂਬਰ ਬਣੇ। ਲਾਲਾ ਲਾਜਪਤ ਰਾਏ ਤੋਂ ਪ੍ਰਭਾਵਿਤ ਸਨ। ਪੜ੍ਹਾਈ ਐਮ. ਬੀ. ਬੀ. ਐਸ਼ ਸਨ। ਉਨ੍ਹਾਂ ਕਾਂਗਰਸ ਦੀਆਂ ਕਈ ਮੂਵਮੈਂਟਾਂ ‘ਚ ਹਿੱਸਾ ਲਿਆ ਤੇ ਆਗੂ ਰੋਲ ਕੀਤਾ। 1927 ‘ਚ ਪੰਜਾਬ ਵਿਧਾਨ ਸਭਾ ਦੇ ਮੈਂਬਰ ਬਣੇ। ਚੜ੍ਹਦੇ ਪੰਜਾਬ ਦੇ ਚੀਫ ਮਨਿਸਟਰ ਬਣੇ। ਲੋਕਾਂ ਦੀ ਸੇਵਾ ਕਰਦੇ ਤਰੱਕੀਆਂ ਦੇ ਪੰਧ ਨੂੰ ਪੂਰਾ ਕਰਦਿਆਂ ਆਖਰੀ ਸਾਹ ਲਿਆ।
28 ਦਸੰਬਰ 1979 ਨੂੰ ਲਛਮਣ ਸਿੰਘ ਪੁੱਤਰ ਚੰਦਾ ਸਿੰਘ, ਪਿੰਡ ਫਾਹੇਵਾਲ, ਜਿਲਾ ਲੁਧਿਆਣਾ ਸਦੀਵੀ ਵਿਛੋੜਾ ਦੇ ਗਏ। ਉਹ ਛੋਟੀ ਉਮਰ ਵਿਚ ਕਲਕੱਤਾ ਚਲ ਗਏ ਸਨ। ਪੰਜਾਬ ਅਤੇ ਬੰਗਾਲ ਦਾ ਆਪਸੀ ਸਬੰਧ ਗੁਰੂ ਨਾਨਕ ਸਾਹਿਬ ਤੋਂ ਹੀ ਚੱਲਦਾ ਆ ਰਿਹਾ ਹੈ। ਕਲਕੱਤਾ ‘ਚ ਵੱਸਦੇ ਪੰਜਾਬੀ ਸਿੰਘਾਂ ਨੇ ਅਕਾਲੀ ਦਲ ਬੰਗਾਲ ਬਣਾਇਆ ਅਤੇ ਗੁਰਦੁਆਰਾ ਸੁਧਾਰ ਲਹਿਰ ‘ਚ ਹਿੱਸਾ ਪਾਇਆ। ਜਿਸ ਵਿਚ ਛੋਟੀ ਉਮਰ ਦੇ ਲਛਮਣ ਸਿੰਘ ਨੇ ਹਿੱਸਾ ਪਾਇਆ। ਉਨ੍ਹਾਂ ਵੱਡੇ ਹੋ ਕੇ ਕਲਕੱਤੇ ਦੀ ਰਾਜਨੀਤੀ ‘ਚ ਵੀ ਹਿੱਸਾ ਲਿਆ।
29 ਦਸੰਬਰ 1919 ਨੂੰ ਮੱਖਣ ਲਾਲ ਹਜ਼ਾਰੀ ਬਾਗ ਜੇਲ੍ਹ ‘ਚ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ। ਉਹ ਆਜ਼ਾਦੀ ਘੁਲਾਟੀਏ ਸਨ।
29 ਦਸੰਬਰ 1923 ਨੂੰ ਸਾਧਾ ਸਿੰਘ ਬੱਬਰ ਨੂੰ ਲਾਹੌਰ ਜੇਲ੍ਹ ‘ਚ ਫਾਂਸੀ ਦੇ ਕੇ ਸ਼ਹੀਦ ਕੀਤਾ। ਉਹ ਪਿੰਡ ਪੰਡੋਰੀ ਨਿੱਝਰਾਂ (ਜਲੰਧਰ) ਤੋਂ ਸਨ।
29 ਦਸੰਬਰ 1924 ਨੂੰ ਵਰਿਆਮ ਸਿੰਘ ਪੁੱਤਰ ਨਰਾਇਣ ਸਿੰਘ, ਪਿੰਡ ਕੋਟ ਫਤੂਹੀ, ਜਿਲਾ ਹੁਸ਼ਿਆਰਪੁਰ ਪੁਲਿਸ ਵਲੋਂ ਮਾਰੇ ਰੇਡ ਵਿਚ ਫੜੇ ਗਏ। ਉਹ ਬੱਬਰ ਅਕਾਲੀ ਸਨ। ਤਿੰਨ ਸਾਲ ਜੇਲ੍ਹ ਯਾਤਰਾ ਕੀਤੀ।
29 ਦਸੰਬਰ 1947 ਨੂੰ ਰਾਮ ਚਰਨ ਦਾਸ ਪੁੱਤਰ ਸੀਤਾ ਰਾਮ ਪਿੰਡ ਤੇ ਡਾਕਖਾਨਾ ਜੱਸੋਵਾਲ, ਜਿਲਾ ਲੁਧਿਆਣਾ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਅੰਗਰੇਜ਼ ਰਾਜ ਵਿਰੁੱਧ ਸਤਿਆਗ੍ਰਹਿ ਵਿਚ ਹਿੱਸਾ ਲਿਆ ਅਤੇ ਮਿੰਟਗੁਮਰੀ ਵਿਚ ਛੇ ਮਹੀਨੇ ਜੇਲ੍ਹ ਯਾਤਰਾ ਕੀਤੀ।
30 ਦਸੰਬਰ 1931 ਨੂੰ ਰੂਪ ਸਿੰਘ ਪੁੱਤਰ ਗੰਡਾ ਸਿੰਘ, ਪਿੰਡ ਕੋਟ ਕਰਮ ਚੰਦ, ਡਾਕਖਾਨਾ ਬਟਾਲਾ, ਜਿਲਾ ਗੁਰਦਾਸਪੁਰ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਗੁਰੂ ਕੇ ਬਾਗ, ਫੇਰੂ ਅਤੇ ਡਸਕਾ ਮੋਰਚਿਆਂ ‘ਚ ਹਿੱਸਾ ਲਿਆ।
31 ਦਸੰਬਰ 1924 ਨੂੰ ਚੰਨਣ ਸਿੰਘ ਪਿੰਡ ਸੁੱਗਾ (ਅੰਮ੍ਰਿਤਸਰ) ਸਦੀਵੀ ਵਿਛੋੜਾ ਦੇ ਗਏ। ਉਨ੍ਹਾਂੇ ਜੈਤੋਂ ਦੇ ਮੋਰਚੇ ‘ਚ ਸ਼ਮੂਲੀਅਤ ਕੀਤੀ ਤੇ ਨਾਭਾ ਬੀੜ ਜੇਲ੍ਹ ਦੀ ਯਾਤਰਾ ਕੀਤੀ।
31 ਦਸੰਬਰ 2006 ਨੂੰ ਸਦਾ ਰਾਮ ਬਾੜੀਆਂ ਪਿੰਡ ਬਾੜੀਆਂ, ਜਿਲਾ ਹੁਸ਼ਿਆਰਪੁਰ ਸਦੀਵੀ ਵਿਛੋੜਾ ਦੇ ਗਏ। ਉਹ ਖੇਤ ਮਜ਼ਦੂਰ ਆਗੂ ਸਨ। ਖੱਬੀ ਲਹਿਰ ਦੇ ਪ੍ਰਣਾਏ ਹੋਏ ਮੁਜੱਸਮੇ ਸਨ, ਜਿਨ੍ਹਾਂ ਆਖਰੀ ਸਾਹ ਤੱਕ ਮਜ਼ਦੂਰ ਕਿਸਾਨ ਦੇ ਹੱਕ ਹਕੂਕਾਂ ਲਈ ਖੜਨ ਅਤੇ ਲੜਨ ਲਈ ਸੰਘਰਸ਼ ਕੀਤਾ।
ਦਸੰਬਰ ਮਹੀਨੇ ਦੇ ਹੋਰ ਸ਼ਹੀਦ ਅਤੇ ਸੰਗਰਾਮੀ:
ਸ਼ਹੀਦ ਕੀ ਜੋ ਮੌਤ ਹੈ ਵੋ ਕੌਮ ਕੀ ਹਯਾਤ ਹੈ,
ਸ਼ਹੀਦ ਕਾ ਜੋ ਹੈ ਲਹੂ ਵੋ ਕੌਮ ਕੀ ਜ਼ਕਾਤ ਹੈ।
ਕਟੇਂ ਜੇ ਚੰਦ ਡਾਲੀਆਂ ਤੋਂ ਚਮਨ ਹੋ ਹਰਾ ਭਰਾ,
ਕਟੇਂ ਜੋ ਚੰਦ ਗ਼ਰਦਨੇ ਤੋ ਕੌਮ ਕੀ ਹਯਾਤ ਹੈ। (ਮੌਲਾਨਾ ਜ਼ਫਰ ਅਲੀ)
1916 ਦਸੰਬਰ ਨੂੰ ਰੂੜ ਸਿੰਘ ਪੁੱਤਰ ਪਾਲ ਸਿੰਘ, ਪਿੰਡ ਸੰਘਵਾਲ, ਜਿਲਾ ਜਲੰਧਰ ਸਦੀਵੀ ਵਿਛੋੜਾ ਦੇ ਗਏ। ਉਹ ਗਦਰ ਪਾਰਟੀ ਦੇ ਮੈਂਬਰ ਸਨ। ਦੇਸ਼ ਆਜ਼ਾਦੀ ਦੀ ਲੜਾਈ ਵਿਚ ਕਈ ਪੁਲਿਸ ਵਾਲਿਆਂ ਨੂੰ ਸਬਕ ਸਿਖਾਇਆ। ਲਾਹੌਰ ਜੇਲ੍ਹ ‘ਚ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ।
1924 ਦਸੰਬਰ ਨੂੰ ਅਮਰ ਸਿੰਘ ਪੁੱਤਰ ਸੰਤ ਸਿੰਘ, ਪਿੰਡ ਪੰਡੋਰੀ ਨਿੱਝਰਾਂ, ਜਿਲਾ ਜਲੰਧਰ ਸਦੀਵੀ ਵਿਛੋੜਾ ਦੇ ਗਏ। ਉਹ ਬੱਬਰ ਸਨ। 1923 ਦੇ ਕਤਲ ਕੇਸ ਦੇ ਟਰਾਇਲ ‘ਚ ਦਮ ਤੋੜ ਗਏ।
1924 ਦਸੰਬਰ ਨੂੰ ਗੰਗਾ ਸਿੰਘ ਪੁੱਤਰ ਜਵਾਲਾ ਸਿੰਘ ਤੇ ਮਾਤਾ ਕਰਮੋ, ਪਿੰਡ ਤਲਵੈਣੀ ਝੇਵਰਾਂ ਵਾਲੀ, ਜਿਲਾ ਗੁਰਦਾਸਪੁਰ ਨਾਭਾ ਬੀੜ ਜੇਲ੍ਹ ‘ਚ ਸ਼ਹੀਦੀ ਪਾ ਗਏ। ਉਹ ਜੈਤੋਂ ਦੇ ਮੋਰਚਾ#10 ‘ਚ ਸਨ।
1927 ਦਸੰਬਰ ਨੂੰ ਸੁੰਦਰ ਸਿੰਘ ਪੁੱਤਰ ਕਰਮ ਸਿੰਘ, ਪਿੰਡ ਚੱਕ# 260 ਜਿਲਾ ਲਾਇਲਪੁਰ ਨੂੰ ਲਾਹੌਰ ਜੇਲ੍ਹ ‘ਚ ਫਾਂਸੀ ਦੇ ਕੇ ਸ਼ਹੀਦ ਕੀਤਾ। ਉਨ੍ਹਾਂ ਬੱਬਰ ਅਕਾਲੀ ਮੂਵਮੈਂਟ ‘ਚ ਹਿੱਸਾ ਲਿਆ।
1940 ਦਸੰਬਰ ਨੂੰ ਨਰੰਜਣ ਸਿੰਘ ਪੁੱਤਰ ਇੰਦਰ ਸਿੰਘ ਤੇ ਮਾਤਾ ਰਲੀ, ਪਿੰਡ ਤੇ ਡਾਕਖਾਨਾ ਰਾਏਪੁਰ ਰਸੂਲਪੁਰ (ਜਲੰਧਰ) ਸਦੀਵੀ ਵਿਛੋੜਾ ਦੇ ਗਏ। Aਨ੍ਹਾਂ ਬੱਬਰ ਮੂਵਮੈਂਟ, ਅਕਾਲੀ ਮੋਰਚਾ, ਜੈਤੋਂ ਦੇ, ਗੁਰੂ ਕੇ ਬਾਗ ਅਤੇ ਫੇਰੂ ਦੇ ਮੋਰਚੇ ਹਿੱਸਾ ਲਿਆ। ਦੋ ਸਾਲ, ਦੋ ਮਹੀਨੇ ਅੰਬਾਲਾ ਅਤੇ ਮੁਲਤਾਨ ਜੇਲ੍ਹ ਦੀ ਯਾਤਰਾ ਕੀਤੀ।
1941 ਦਸੰਬਰ ਨੂੰ ਸਵਰਨ ਸਿੰਘ ਪੁੱਤਰ ਬਸੰਤ ਸਿੰਘ, ਪਿੰਡ ਚੱਬੇਵਾਲ, ਡਾਕਖਾਨਾ ਬੱਸੀ ਕਲਾਂ ਆਈ. ਐਨ. ਏ. ਦੇ ਐਕਸ਼ਨ ‘ਚ ਸ਼ਹੀਦੀ ਹੋਏ।
1945 ਦਸੰਬਰ ਨੂੰ ਪ੍ਰਿਥੀ ਸਿੰਘ ਪੁੱਤਰ ਤੋਖ ਰਾਮ, ਪਿੰਡ ਤੇ ਡਾਕਖਾਨਾ ਪਾਹਰੀਪੁਰ, ਤਹਿਸੀਲ ਝੱਜਰ, ਜਿਲਾ ਰੋਹਤਕ ਸਦੀਵੀ ਵਿਛੋੜਾ ਦੇ ਗਏ। ਉਹ ਆਈ. ਏ. ਅਤੇ ਆਈ. ਐਨ. ਏ. ‘ਚ ਬਤੌਰ ਲੈਸ ਨਾਇਕ ਸਨ।
1946 ਦਸੰਬਰ ਨੂੰ ਬਹਾਦਰ ਸਿੰਘ ਪੁੱਤਰ ਬੂਟਾ ਸਿੰਘ, ਪਿੰਡ ਕੋਟ ਧੰਡਾਲ ਡਾਕਖਾਨਾ, ਕੋਟ ਟੋਡਰ ਮੱਲ, ਜਿਲਾ ਗੁਰਦਾਸਪੁਰ ਸਦੀਵੀ ਵਿਛੋੜਾ ਦੇ ਗਏ। ਉਹ ਆਈ. ਐਨ. ਏ. ਦੇ ਲੈਸ ਨਾਇਕ ਸਨ। ਪੀ. ਓ. ਡਬਲਿਊ. ਹੋਏ, ਰੰਗੂਨ ਜੇਲ੍ਹ ਯਾਤਰਾ ਕੀਤੀ ਅਤੇ ਸਿਹਤ ਖਰਾਬੀ ਕਾਰਨ ਅੰਮ੍ਰਿਤਸਰ ਹਸਪਤਾਲ ‘ਚ ਚੜ੍ਹਾਈ ਕਰ ਗਏ।
1950 ਦਸੰਬਰ ਨੂੰ ਰਿਸ਼ੀ ਰਾਮ ਪੁੱਤਰ ਦੇਵੀ ਚੰਦ, ਪਿੰਡ ਭਾਮੀਪੁਰ, ਤਹਿਸੀਲ ਜਗਰਾਉਂ (ਲੁਧਿਆਣਾ) ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਗਾਂਧੀ ਸਤਿਆਗ੍ਰਹਿ ‘ਚ ਅਤੇ ਕੁਇਟ ਇੰਡੀਆ ਮੂਵਮੈਂਟ ‘ਚ ਹਿੱਸਾ ਲਿਆ। ਲਗਭਗ ਤਿੰਨ ਸਾਲ ਲੁਧਿਆਣਾ, ਸ਼ਾਹਪੁਰ ਅਤੇ ਮੁਲਤਾਨ ਜੇਲ੍ਹਾਂ ਦੀ ਯਾਤਰਾ ਕੀਤੀ।
1951 ਦਸੰਬਰ ਨੂੰ ਅਮਰਾਓ ਸਿੰਘ ਪੁੱਤਰ ਨਿਹਾਲ ਸਿੰਘ, ਪਿੰਡ ਤੇ ਡਾਕਖਾਨਾ ਜੱਬੋਵਾਲ, ਜਿਲਾ ਅੰਮ੍ਰਿਤਸਰ ਸਦੀਵੀ ਵਿਛੋੜਾ ਦੇ ਗਏ। ਉਹ ਜਲ੍ਹਿਆਂ ਵਾਲੇ ਮੋਰਚੇ ‘ਚ ਜਖਮੀ ਹੋਏ। ਠੀਕ ਹੋ ਕੇ ਜੈਤੋਂ ਦੇ ਮੋਰਚੇ ‘ਚ ਸ਼ਮੂਲੀਅਤ ਕੀਤੀ ਅਤੇ ਨੌ ਮਹੀਨੇ ਨਾਭਾ ਬੀੜ ਜੇਲ੍ਹ ਦੀ ਯਾਤਰਾ ਕੀਤੀ।

ਜਬ ਧਰਤੀ ਕਰਵਟ ਬਦਲੇਗੀ,
ਜਬ ਕੈਦ ਸੇ ਕੈਦੀ ਛੂਟੇਂਗੇ।
ਜਬ ਪਾਪ ਘਰੌਂਦੇ ਫੂਟੇਂਗੇ,
ਜਬ ਜ਼ੁਲਮ ਕੇ ਬੰਧਨ ਟੂਟੇਂਗੇ।
ਉਸ ਸੁਬਹਾ ਕੋ ਹਮ ਹੀ ਲਾਏਂਗੇ,
ਵੋ ਸੁਬਹਾ ਹਮ ਸੇ ਆਏਗੀ। (ਸਾਹਿਰ ਲੁਧਿਆਣਵੀ)
ਹਿੰਦੋਸਤਾਨ ਬਹੁ-ਕੌਮੀ ਦੇਸ਼ ਹੈ, ਇਸ ਦੇ ਲੋਕਾਂ ਨੂੰ ਆਪਣੇ ਹੱਕ-ਹਕੂਕਾਂ ਲਈ, ਲੁੱਟ ਦੇ ਵਿਰੋਧ ਵਿਚ ਅਤੇ ਸੰਪੂਰਨ ਆਜ਼ਾਦੀ ਵਾਲਾ ਸਮਾਜ ਸਿਰਜਣ ਲਈ ਇੱਕ ਵਿਸ਼ਾਲ ਪਲੈਟਫਾਰਮ ਬਣਾਉਣ ਦੀ ਲੋੜ ਹੈ।
ਹਿੰਦੋਸਤਾਨ ਨੂੰ ਬਾਹਰਲੀਆਂ ਤਾਕਤਾਂ ਤੋਂ ਆਜ਼ਾਦ ਕਰਾਉਣ ਲਈ ਵੱਖ ਵੱਖ ਜਥੇਬੰਦੀਆਂ, ਲਹਿਰਾਂ, ਸੰਸਥਾਵਾਂ ਅਤੇ ਮੋਰਚਿਆਂ ਦੇ ਪਾਏ ਯੋਗਦਾਨ ਨੂੰ ਯਾਦ ਕਰਨਾ ਚਾਹੀਦਾ ਹੈ। ਸੰਗਰਾਮੀਆਂ ਅਤੇ ਸ਼ਹੀਦਾਂ ਨੂੰ ਯਾਦ ਕਰਨ ਦਾ ਅਰਥ ਹੈ ਕਿ ਅਸੀਂ ਉਨ੍ਹਾਂ ਪ੍ਰਤੀ ਜਾਣੀਏ ਕਿ ਉਹ ਕਿਹੋ ਜਿਹੀ ਸੋਚ ਅਤੇ ਕਿਹੋ ਜਿਹਾ ਦ੍ਰਿਸ਼ਟੀਕੋਣ ਰੱਖਦੇ ਸਨ।
ਇੰਡੋ-ਅਮੈਰੀਕਨ ਹੈਰੀਟੇਜ ਫਾਊਂਡੇਸ਼ਨ ਨਿਊ ਯਾਰਕ ਉਸ ਹਰ ਚਿੰਤਕ ਦੀ ਕਦਰ ਕਰਦੀ ਹੈ, ਜੋ ਲੁੱਟੇ ਜਾ ਰਹੇ ਸਮਾਜ ਦੇ ਵਿਰੁੱਧ ਹਾਅ ਦਾ ਨਾਅਰਾ ਮਾਰਦਾ ਹੈ ਤੇ ਆਪਣੀ ਮਾਂ ਬੋਲੀ ਨੂੰ ਤਰਜੀਹ ਦਿੰਦਾ ਹੈ। ਜਿਹੜੇ ਭੈਣਾਂ, ਭਰਾਵਾਂ, ਦੋਸਤਾਂ ਅਤੇ ਚਿੰਤਕਾਂ ਨੇ ਦਸੰਬਰ ਮਹੀਨੇ ਦੇ ਲੇਖ ਨੂੰ ਪੂਰਾ ਕਰਨ ‘ਚ ਮਦਦ ਕੀਤੀ ਅਤੇ ਹੌਂਸਲਾ ਦਿੱਤਾ ਅਸੀਂ ਉਨ੍ਹਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਅੱਗੇ ਤੋਂ ਵੀ ਸਾਥ ਲਈ ਆਸ ਰੱਖਦੇ ਹਾਂ।
ਦੇਸ਼ ਭਗਤਾਂ, ਸ਼ਹੀਦਾਂ ਅਤੇ ਸੰਗਰਾਮੀਆਂ ਦੇ ਜੀਵਨ ਦਰਸ਼ਨ ਕਰਾਉਣ ਲਈ ਯਤਨ ਜਾਰੀ ਹਨ। ਅਸੀਂ ਹਮੇਸ਼ਾ ਬੇਨਤੀ ਕਰਦੇ ਹਾਂ ਕਿ ਹਿੰਦੋਸਤਾਨ ਦੀ ਆਜ਼ਾਦੀ ਲਈ ਜੂਝੇ ਸੰਗਰਾਮੀ ਅਤੇ ਜਿਨ੍ਹਾਂ ਸ਼ਹੀਦਾਂ ਨੇ ਆਜ਼ਾਦੀ ਦੇ ਹਵਨਕੁੰਡ ਨੂੰ ਪ੍ਰਚੰਡ ਕਰਨ ਲਈ ਜਾਨਾਂ ਦੇ ਕੇ ਆਹੂਤੀਆਂ ਪਾਈਆਂ, ਉਨ੍ਹਾਂ ਵਿਚੋਂ ਬਹੁਤ ਭੁੱਲੇ ਅਤੇ ਵਿਸਰੇ ਹੋਏ ਹਨ। ਜੇ ਕਿਸੇ ਕੋਲ ਭੁੱਲੇ ਵਿਸਰੇ ਸ਼ਹੀਦਾਂ ਜਾਂ ਸੰਗਰਾਮੀਆਂ ਦੀ ਜਾਣਕਾਰੀ ਹੋਵੇ ਤਾਂ ਸਾਡੇ ਨਾਲ ਫੋਨ: 1-347-753-5940 ਰਾਹੀਂ ਸਾਂਝੀ ਕੀਤੀ ਜਾ ਸਕਦੀ ਹੈ ਤਾਂ ਜੋ ਉਨ੍ਹਾਂ ਨੂੰ ਇਤਿਹਾਸ ਨਾਲ ਜੋੜ ਕੇ ਕੁਰਬਾਨੀਆਂ ਦਾ ਰਿਣ ਉਤਾਰਿਆ ਜਾ ਸਕੇ। (ਨੋਟ: ਫੋਨ ਨਾ ਚੁੱਕ ਹੋਣ ਕਰਕੇ ਨੰਬਰ ਅਤੇ ਮੈਸੇਜ ਛੱਡ ਦੇਵੋ, ਅਸੀਂ ਤੁਹਾਡੇ ਨਾਲ ਰਾਬਤਾ ਕਰਾਂਗੇ।)
ਐਸੇ ਨਦਾਂ ਭੀ ਨ ਥੇ ਜਾਂ ਸੇ ਗੁਜ਼ਰਨੇ ਵਾਲੇ,
ਨਾਸੇਹ-ਓ ਪੰਦਗਾਰੋ ਰਾਹਗੁਜ਼ਰ ਤੋ ਦੇਖੋ। (ਫੈਜ਼ ਅਹਿਮਦ ਫੈਜ਼)