ਗੁਰੂ ਨਾਨਕ ਪ੍ਰਕਾਸ਼ ਪੁਰਬ

ਸੰਪਾਦਕ ਜੀ,
‘ਪੰਜਾਬ ਟਾਈਮਜ਼’ ਦੇ 28 ਨਵੰਬਰ ਦੇ ਅੰਕ ਵਿਚ ਡਾ. ਆਸਾ ਸਿੰਘ ਘੁੰਮਣ ਨੇ ਆਪਣੇ ਸਵਾਲ, “ਗੁਰੂ ਨਾਨਕ ਪ੍ਰਕਾਸ਼ ਪੁਰਬ ਇਸ ਸਾਲ ਮੱਘਰ ਦੀ ਪੂਰਨਮਾਸ਼ੀ ਨੂੰ ਕਿਉਂ?”, ਦਾ ਆਪ ਹੀ ਜਵਾਬ ਦਿੱਤਾ ਹੈ। ਉਨ੍ਹਾਂ ਦਾ ਜਵਾਬ ਪੜ੍ਹ ਕੇ ਹੈਰਾਨੀ ਹੋਈ ਹੈ ਕਿ ਲੇਖਕ ਨੇ ਬਿਨਾ ਕਿਸੇ ਦਲੀਲ ਦੇ ਗੁਰੂ ਨਾਨਕ ਜੀ ਦਾ ਜਨਮ ਦਿਹਾੜਾ, ਜੋ ਪ੍ਰਚੱਲਤ ਰਵਾਇਤ ਮੁਤਾਬਕ ਕੱਤਕ ਦੀ ਪੁੰਨਿਆ ਨੂੰ ਮਨਾਇਆ ਜਾਂਦਾ ਹੈ, ਇਸ ਸਾਲ ਮੱਘਰ ਦੀ ਪੁੰਨਿਆ ਦਾ ਮੰਨ ਲਿਆ ਹੈ।

ਲੇਖਕ ਦਾ ਇਹ ਲਿਖਣਾ, “ਪਰ ਇਸ ਸਾਲ ਇਕ ਹੋਰ ਵਰਤਾਰਾ ਨਜ਼ਰ ਆ ਰਿਹਾ ਹੈ, ਗੁਰੂ ਜੀ ਦਾ ਗੁਰਪੁਰਬ ਕੱਤਕ ਦੀ ਪੂਰਨਮਾਸ਼ੀ ਨੂੰ ਨਹੀਂ, ਸਗੋਂ ਮੱਘਰ ਦੀ ਪੂਰਨਮਾਸ਼ੀ ਨੂੰ ਮਾਇਆ ਜਾ ਰਿਹਾ ਹੈ। ਪਿਛਲੇ ਸਾਲ ਗੁਰੂ ਜੀ ਦਾ 550 ਸਾਲ ਬੜੇ ਉਤਸ਼ਾਹ ਨਾਲ ਸਾਰੇ ਸਿੱਖ ਜਗਤ ਨੇ ਕੱਤਕ ਪੂਰਨਮਾਸ਼ੀ, 13 ਨਵੰਬਰ ਨੂੰ ਮਨਾਇਆ ਸੀ, ਪਰ ਇਸ ਸਾਲ ਕੱਤਕ ਦੀ ਪੂਰਨਮਾਸ਼ੀ ਭਾਵੇਂ ਕਿ ਦੀਵਾਲੀ ਤੋਂ ਪਹਿਲਾਂ 15 ਕੱਤਕ ਨੂੰ ਆ ਗਈ ਸੀ, ਪਰ ਇਹ ਦਿਹਾੜਾ ਉਸ ਦਿਨ ਨਹੀਂ ਮਨਾਇਆ ਗਿਆ”, ਕੈਲੰਡਰ ਦੀ ਮੁੱਢਲੀ ਜਾਣਕਾਰੀ ਤੋਂ ਸੱਖਣੇ ਹੋਣ ਦਾ ਸਬੂਤ ਹੈ।
ਇਸ ਸਬੰਧੀ ਬੇਨਤੀ ਇਹ ਹੈ ਕਿ ਉੱਤਰੀ ਭਾਰਤ ਵਿਚ ਚੰਦ ਦਾ ਮਹੀਨਾ ਪੁੰਨਿਆ ਤੋਂ ਪੁੰਨਿਆ, ਜਿਸ ਨੂੰ ਪੂਰਨਮੰਤਾ ਕਹਿੰਦੇ ਹਨ, ਦਾ ਅਰੰਭ ਪੁੰਨਿਆ ਤੋਂ ਅਗਲੇ ਦਿਨ ਭਾਵ ਵਦੀ ਏਕਮ ਨੂੰ ਹੁੰਦਾ ਹੈ। ਇਸ ਸਾਲ ਚੰਦ ਦੇ ਕੈਲੰਡਰ ਮੁਤਾਬਕ, ਕੱਤਕ ਦੇ ਮਹੀਨੇ ਦਾ ਅਰੰਭ ਭਾਵ ਕੱਤਕ ਵਦੀ ਏਕਮ, 16 ਕੱਤਕ (ਬਿਕ੍ਰਮੀ-ਦ੍ਰਿਕਗਿਣਤ ਸਿਧਾਂਤ) ਦਿਨ ਐਤਵਾਰ ਨੂੰ ਹੋਇਆ ਸੀ। ਕੱਤਕ ਦੀ ਮੱਸਿਆ 1 ਮੱਘਰ (15 ਨਵੰਬਰ) ਦਿਨ ਐਤਵਾਰ ਨੂੰ ਆਈ ਸੀ, ਪਰ ਦਿਨ ਦੀਵਾਲੀ ਨਹੀਂ ਸੀ। ਇਸ ਸਾਲ ਦੀਵਾਲੀ ਕੱਤਕ ਵਦੀ ਚੌਦਸ, 14 ਨਵੰਬਰ ਦਿਨ ਸ਼ਨਿਚਰਵਾਰ ਨੂੰ ਸੀ। ਕੱਤਕ ਦੀ ਪੁੰਨਿਆ 16 ਮੱਘਰ (30 ਨਵੰਬਰ) ਨੂੰ ਦਿਨ ਸੋਮਵਾਰ ਨੂੰ ਸੀ। ਪ੍ਰਚੱਲਤ ਰਵਾਇਤ ਅਨੁਸਾਰ ਇਸ ਦਿਨ ਗੁਰੂ ਨਾਨਕ ਜੀ ਦਾ ਪ੍ਰਕਾਸ਼ ਪੁਰਬ ਸੀ। ਲੇਖਕ ਵੱਲੋਂ ਲਿਖੀ ਗਈ ਮੱਘਰ ਦੀ ਪੂਰਨਮਾਸ਼ੀ ਤਾਂ 16 ਪੋਹ (30 ਦਸੰਬਰ) ਦਿਨ ਬੁਧਵਾਰ ਨੂੰ ਆਵੇਗੀ।
ਲੇਖਕ ਦੇ ਇਨ੍ਹਾਂ ਸ਼ਬਦਾਂ, “ਪਰ ਇਸ ਸਾਲ ਕੱਤਕ ਦੀ ਪੂਰਨਮਾਸ਼ੀ ਭਾਵੇਂ ਕਿ ਦੀਵਾਲੀ ਤੋਂ ਪਹਿਲਾਂ 15 ਕੱਤਕ ਨੂੰ ਆ ਗਈ ਸੀ”, ਸਬੰਧੀ ਬੇਨਤੀ ਹੈ ਕਿ 15 ਕੱਤਕ ਦਿਨ ਸ਼ਨਿਚਰਵਾਰ ਨੂੰ ਕੱਤਕ ਦੀ ਪੂਰਨਮਾਸ਼ੀ ਨਹੀਂ ਸੀ, ਇਸ ਦਿਨ ਤਾਂ ਦੂਜੇ ਅੱਸੂ (ਸ਼ੁਭ) ਦੀ ਪੂਰਨਮਾਸ਼ੀ ਸੀ। ਇਸ ਸਾਲ ਅੱਸੂ ਦੇ ਦੋ ਮਹੀਨੇ ਸਨ। ਪਹਿਲੇ ਅੱਸੂ ਦੇ ਸ਼ੁਭ ਪੱਖ (ਵਦੀ ਪੱਖ) ਦਾ ਅਰੰਭ 19 ਭਾਦੋਂ (3 ਸਤੰਬਰ) ਨੂੰ ਹੋਇਆ ਸੀ, ਪਹਿਲੇ ਅੱਸੂ ਦੇ ਅਸ਼ੁਭ ਪੱਖ (ਸੁਦੀ ਪੱਖ) ਦਾ ਅਰੰਭ 3 ਅੱਸੂ (18 ਸਤੰਬਰ) ਨੂੰ ਹੋਇਆ ਸੀ। ਦੂਜੇ ਅੱਸੂ (ਅਸ਼ੁਭ ਪੱਖ) ਦਾ ਅਰੰਭ 17 ਅੱਸੂ (2 ਅਕਤੂਬਰ) ਨੂੰ ਅਤੇ ਦੂਜੇ ਅੱਸੂ (ਸ਼ੁਭ ਪੱਖ) ਦਾ ਅਰੰਭ 1 ਕੱਤਕ (17 ਸਤੰਬਰ) ਨੂੰ ਹੋਇਆ ਸੀ, ਅਤੇ ਅੱਸੂ ਦੀ ਪੁੰਨਿਆ 15 ਕੱਤਕ (31 ਸਤੰਬਰ) ਨੂੰ ਆਈ ਸੀ। ਇਸ ਲਈ ਲੇਖਕ ਦਾ ਇਹ ਲਿਖਣਾ ਕਿ, “ਪਰ ਇਸ ਸਾਲ ਕੱਤਕ ਦੀ ਪੂਰਨਮਾਸ਼ੀ ਭਾਵੇਂ ਕਿ ਦੀਵਾਲੀ ਤੋਂ ਪਹਿਲਾਂ 15 ਕੱਤਕ ਨੂੰ ਆ ਗਈ ਸੀ” ਸਹੀ ਨਹੀਂ ਹੈ। ਕੱਤਕ ਦੀ ਪੁੰਨਿਆ ਦੀਵਾਲੀ ਤੋਂ ਪਹਿਲਾਂ ਆ ਹੀ ਨਹੀਂ ਸਕਦੀ। ਮੇਰੇ ਖਿਆਲ ਅਨੁਸਾਰ ਲੇਖਕ, ਚੰਦ ਦਾ ਮਹੀਨਾ, ਜੋ ਪੁੰਨਿਆ ਤੋਂ ਪੁੰਨਿਆ ਹੁੰਦਾ ਹੈ ਅਤੇ ਸੂਰਜੀ ਮਹੀਨਾ ਜੋ ਸੰਗਰਾਂਦ ਤੋਂ ਸੰਗਰਾਂਦ ਤਾਈ ਹੁੰਦਾ ਹੈ, ਵਿਚ ਉਲਝ ਗਿਆ ਹੈ। ਕੱਤਕ ਦੀ ਪੁੰਨਿਆ ਦਾ, ਸੂਰਜੀ ਮੱਘਰ ਮਹੀਨੇ ਆਉਣਾ ਕੋਈ ਨਵਾਂ ਵਰਤਾਰਾ ਨਹੀਂ ਹੈ। 2015 ਵਿਚ ਵੀ ਕੱਤਕ ਦੀ ਪੁੰਨਿਆ 10 ਮੱਘਰ ਨੂੰ ਹੀ ਆਈ ਸੀ। 2018 ਵਿਚ ਵੀ ਕੱਤਕ ਦੀ ਪੁੰਨਿਆ 8 ਮੱਘਰ ਨੂੰ ਹੀ ਆਈ ਸੀ। ਇਸ ਸਾਲ ਇਹ 16 ਮੱਘਰ ਨੂੰ ਸੀ, 2021 ਵਿਚ 6 ਮੱਘਰ, 2023 ਵਿਚ 12 ਮੱਘਰ, 2026 ਵਿਚ 9 ਮੱਘਰ ਅਤੇ 2029 ਵਿਚ ਕੱਤਕ ਦੀ ਪੁੰਨਿਆ 6 ਮੱਘਰ ਨੂੰ ਆਵੇਗੀ।
ਡਾ. ਆਸਾ ਸਿੰਘ ਘੁੰਮਣ ਦਾ ਇਹ ਲਿਖਣਾ, “ਸੰਨ 1469 ਵਿਚ ਕੱਤਕ ਦੀ ਪੂਰਨਮਾਸ਼ੀ 20 ਅਕਤੂਬਰ ਨੂੰ ਸੀ। ਇਸ ਲਈ ਪਾਲ ਸਿੰਘ ਪੁਰੇਵਾਲ ਦੇ ਮੁਤਾਬਕ ਗੁਰੂ ਜੀ ਦੇ ਪ੍ਰਕਾਸ਼ ਪੁਰਬ ਦੀ ਤਾਰੀਖ ਪੱਕੇ ਤੌਰ ‘ਤੇ 20 ਅਕਤੂਬਰ ਨਿਸ਼ਚਿਤ ਕੀਤੀ ਜਾ ਸਕਦੀ ਹੈ; ਪਰ ਅਜਿਹਾ ਹੋ ਨਾ ਸਕਿਆ”, ਵੀ ਸੱਚਾਈ ਤੋਂ ਕੋਹਾਂ ਦੂਰ ਹੈ। ਬੜੇ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਜੇ ਲੇਖਕ ਨੇ ਨਾਨਕਸ਼ਾਹੀ ਕੈਲੰਡਰ ਦੀ ਭੂਮਿਕਾ ਪੜ੍ਹੀ ਹੁੰਦੀ ਤਾਂ ਉਨ੍ਹਾਂ ਨੂੰ ਪਤਾ ਹੋਣਾ ਸੀ ਕਿ ਨਾਨਕਸ਼ਾਹੀ ਕੈਲੰਡਰ ਵਿਚ ਵਦੀ-ਸੁਦੀ ਨੂੰ ਬਦਲੀ ਕਰਨ ਵੇਲੇ ਅੰਗਰੇਜ਼ੀ ਤਾਰੀਖਾਂ ਨੂੰ ਨਹੀਂ, ਸਗੋਂ ਪ੍ਰਵਿਸ਼ਟਿਆਂ ਨੂੰ ਮੁਖ ਰੱਖਿਆ ਗਿਆ ਹੈ। ਦੂਜੀ ਬੇਨਤੀ ਇਹ ਹੈ ਕਿ ਸ਼ ਪਾਲ ਸਿੰਘ ਪੁਰੇਵਾਲ ਨੇ ਤਾਂ ਇਹ ਸਾਬਿਤ ਕੀਤਾ ਹੈ ਕਿ ਗੁਰੂ ਦਾ ਜਨਮ 1 ਵੈਸਾਖ, ਸੰਮਤ 1526 ਬਿਕ੍ਰਮੀ ਦਿਨ ਸੋਮਵਾਰ ਦਾ ਹੈ। ਇਸ ਦਿਨ ਚੇਤ ਦੀ ਪੁੰਨਿਆ ਸੀ। 1 ਵੈਸਾਖ ਹੀ 1999 ਈ: ਵਿਚ ਸ਼੍ਰੋਮਣੀ ਕਮੇਟੀ ਵੱਲੋਂ ਪਹਿਲੀ ਵਾਰ ਛਾਪੇ ਗਏ ਕੈਲੰਡਰ ਵਿਚ ਦਰਜ ਹੈ।
-ਸਰਵਜੀਤ ਸਿੰਘ ਸੈਕਰਾਮੈਂਟੋ