ਰਮੇਸ਼ਵਰ ਸਿੰਘ
ਫੋਨ: 91-99148-80392
ਆਜ਼ਾਦੀ ਤੋਂ ਪਹਿਲਾਂ ਆਕਾਸ਼ਵਾਣੀ ਜਲੰਧਰ ਦਾ ਪ੍ਰਸਾਰਨ ਚਾਲੂ ਹੋ ਗਿਆ ਸੀ, ਪਰ ਜਿਸ ਦੀ ਪਹੁੰਚ ਬਹੁਤ ਦੂਰ ਤੱਕ ਨਹੀਂ ਸੀ ਤੇ ਰੇਡੀਓ ਕੀ ਹੈ, ਇਸ ਬਾਰੇ ਲੋਕਾਂ ਨੂੰ ਬਹੁਤੀ ਜਾਣਕਾਰੀ ਨਹੀਂ ਸੀ। ਆਜ਼ਾਦੀ ਤੋਂ ਬਾਅਦ ਉੱਚ ਪੱਧਰ ਦੇ ਟਰਾਂਸਮੀਟਰ ਰਾਹੀਂ ਇਸ ਦਾ ਪ੍ਰਸਾਰਨ ਚਾਲੂ ਕੀਤਾ ਗਿਆ ਹੈ। ਸ਼ੁਰੂ ਵਿਚ ਖਬਰਾਂ ਅਤੇ ਮਨੋਰੰਜਨ ਲਈ ਸੰਗੀਤ ਦੇ ਪ੍ਰੋਗਰਾਮ ਹੁੰਦੇ ਸਨ। ਪੰਜਾਬ ਸੂਬੇ ਦਾ ਮੁੱਖ ਕਿੱਤਾ ਖੇਤੀਬਾੜੀ ਹੈ, ਜਿਸ ਲਈ ਖੇਤੀਬਾੜੀ ਦੇ ਪ੍ਰੋਗਰਾਮ ਸ਼ੁਰੂ ਕੀਤੇ ਗਏ, ਜਿਸ ਨਾਲ ਕਿਸਾਨਾਂ ਨੂੰ ਆਧੁਨਿਕ ਤਰੀਕਿਆਂ ਨਾਲ ਸਾਇੰਸ ਦੇ ਆਧਾਰ ‘ਤੇ ਖੇਤੀ ਕਰਨ ਦੇ ਤਰੀਕੇ ਦੱਸੇ ਤੇ ਸਮਝਾਏ ਜਾਂਦੇ ਸਨ।
1970 ਦਹਾਕੇ ਦੌਰਾਨ ਹਰੀ ਕ੍ਰਾਂਤੀ ਜ਼ੋਰ ਫੜ ਰਹੀ ਸੀ, ਜਿਸ ਲਈ ਖੇਤੀਬਾੜੀ ਨੂੰ ਉੱਨਤ ਕਰਨ ਲਈ ਦਿਹਾਤੀ ਪ੍ਰੋਗਰਾਮ ਨਾਂ ਨਾਲ ਪ੍ਰੋਗਰਾਮ ਚਾਲੂ ਕੀਤਾ ਗਿਆ, ਜੋ ਬਹੁਤ ਸੋਹਣੇ ਤਰੀਕੇ ਨਾਲ ਅੱਜ ਤੱਕ ਪੇਸ਼ ਹੋ ਰਿਹਾ ਹੈ। ਰੇਡੀਓ ਨਵੀਂ ਤਕਨੀਕ ਡਿਜ਼ੀਟਲ ਵਿਚ ਆ ਗਿਆ। ਐਫ਼ ਐਮ. ਲਈ ਵੱਖ ਵੱਖ ਥਾਂਵਾਂ ‘ਤੇ ਨਵੇਂ ਟਰਾਂਸਮੀਟਰ ਸਥਾਪਿਤ ਕੀਤੇ ਗਏ, ਜਿਸ ਨਾਲ ਬਹੁਤ ਸਾਫ ਅਵਾਜ਼ ਦੂਰ ਤੱਕ ਪਹੁੰਚਦੀ ਹੈ।
ਸਾਲ ਦੋ ਹਜ਼ਾਰ ਵਿਚ ਪੂਰੇ ਭਾਰਤ ਵਿਚ ਡੀ. ਟੀ. ਐੱਚ. ਸੇਵਾ ਚਾਲੂ ਕੀਤੀ ਗਈ, ਜਿਸ ਵਿਚ ਟੈਲੀਵਿਜ਼ਨ ਸੈੱਟ ਉੱਤੇ ਰੇਡੀਓ ਲਈ ਅਲੱਗ ਚੈਨਲ ਚਾਲੂ ਕੀਤੇ ਗਏ। ਇਸ ਰਾਹੀਂ ਪੂਰੀ ਦੁਨੀਆਂ ਵਿਚ ਆਕਾਸ਼ਵਾਣੀ ਜਲੰਧਰ ਦੇ ਮੁੱਖ ਚੈਨਲ ਦੀ ਅਵਾਜ਼ ਪਹੁੰਚਣ ਲੱਗ ਗਈ। ਸਾਲ, ਡੇਢ ਸਾਲ ਪਹਿਲਾਂ ਸਮਾਰਟਫੋਨ ਦੀ ਐਪ ਦੁਆਰਾ ਵੀ ਇਸ ਦਾ ਪ੍ਰਸਾਰਨ ਚਾਲੂ ਹੋ ਗਿਆ। ਮੁੱਖ ਚੈਨਲ ਆਕਾਸ਼ਵਾਣੀ ਜਲੰਧਰ ਦੀ ਸੇਵਾ ਚੌਵੀ ਘੰਟੇ ਐਪ ‘ਤੇ ਡੀ. ਟੀ. ਐੱਚ. ਸਰਵਿਸ ‘ਤੇ ਚਾਲੂ ਰਹਿੰਦੀ ਹੈ।
ਪ੍ਰਸਾਰ ਭਾਰਤੀ ਨੇ ਇਕ ਹੋਰ ਚੈਨਲ ‘ਰੇਨਬੋ’ ਪਤਾ ਨਹੀਂ ਕਿਸ ਮਨੋਰਥ ਨੂੰ ਮੁੱਖ ਰੱਖ ਕੇ ਚਾਲੂ ਕੀਤਾ ਹੈ, ਜਦ ਕਿ ਮੁੱਖ ਚੈਨਲ ਨਾਲ ਹੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਸੇਵਾ ਕੀਤੀ ਜਾ ਸਕਦੀ ਹੈ। ਰੇਨਬੋ ‘ਤੇ ਗੀਤ ਸੰਗੀਤ ਦਾ ਜ਼ਿਆਦਾ ਪ੍ਰਸਾਰਨ ਹੁੰਦਾ ਹੈ, ਜਿਸ ਵਿਚ ਪਹਿਲ ਅਜੋਕੀ ਗਾਇਕੀ ਨੂੰ ਦਿੱਤੀ ਜਾਂਦੀ ਹੈ। ਇਸ ਨੂੰ ਪੇਸ਼ ਕਰਨ ਵਾਲੇ ਐਂਕਰ ਆਪਣੇ ਆਪ ਨੂੰ ਆਰ. ਜੇ. ਕਹਿ ਕੇ ਸੰਬੋਧਨ ਕਰਦੇ ਹਨ। ਗੀਤ ਨੂੰ ਟ੍ਰੈਕ ਕਹਿੰਦੇ ਹਨ ਤੇ ਗੀਤ ਚਾਲੂ ਕਰਨ ਤੋਂ ਪਹਿਲਾਂ ਕਹਿੰਦੇ ਹਨ, ‘ਬਾਕੀ ਗੱਲਾਂ ਗੀਤ ਦੇ ਉਸ ਪਾਰ।’ ਪਤਾ ਨਹੀਂ ਗੀਤ ਨੇ ਕਿਹੜੀ ਨਦੀ ਟੱਪਣੀ ਹੁੰਦੀ ਹੈ! ਕੁੱਲ ਮਿਲਾ ਕੇ ਸਾਡੀ ਮਾਂ ਬੋਲੀ ਪੰਜਾਬੀ ਦੀ ਖਿਚੜੀ ਉਸ ਚੈਨਲ ਦੇ ਉੱਤੇ ਪਕਾਈ ਜਾਂਦੀ ਹੈ। ਅਜਿਹੇ ਪ੍ਰਸਾਰਨ ਸਬੰਧੀ ਜਦੋਂ ਕੋਈ ਸੁਆਲ ਪੁੱਛਿਆ ਜਾਂਦਾ ਹੈ, ਉਸ ਦਾ ਜਵਾਬ ਹੁੰਦਾ ਹੈ ਕਿ ਰੇਨਬੋ ਚੈਨਲ ਨੌਜਵਾਨ ਪੀੜ੍ਹੀ ਲਈ ਹੈ। ਕੀ ਬੱਚੇ ਅਤੇ ਬੁੱਢੇ ਅਜਿਹੇ ਘਟੀਆ ਪ੍ਰੋਗਰਾਮ ਸੁਣਨੇ ਬੰਦ ਕਰ ਦੇਣ? ਇਸ ਬਾਰੇ ਵੀ ਚੈਨਲ ਤੋਂ ਦੱਸ ਦੇਣਾ ਚਾਹੀਦਾ ਹੈ। ਹਰ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਇਕ ਪ੍ਰੋਮੋ ਚਾਲੂ ਕਰ ਲੈਣਾ ਚਾਹੀਦਾ ਹੈ ਕਿ ਹੁਣ ਅਸੀਂ ਨੌਜਵਾਨਾਂ ਨੂੰ ਵਿਗਾੜਨ ਦਾ ਬਹੁਤ ਸੋਹਣਾ ਉਪਰਾਲਾ ਕਰ ਰਹੇ ਹਾਂ। ਬਾਕੀ ਘਰ ਦੇ ਮੈਂਬਰ ਚੁੱਪ ਚਾਪ ਰੇਡੀਓ ਤੋਂ ਪਾਸੇ ਹਟ ਜਾਵੋ। ਜਿੰਨੇ ਵੀ ਇਸ ਕੇਂਦਰ ‘ਤੇ ਐਂਕਰ ਹਨ, ਉਨ੍ਹਾਂ ਨੂੰ ਪੰਜਾਬੀ ਮਾਂ ਬੋਲੀ ਦਾ ਕੋਈ ਖਾਸ ਗਿਆਨ ਨਹੀਂ। ਸੌ ਨੂੰ ਸੋ, ਚੌਲਾਂ ਨੂੰ ਚੋਲ; ਪ੍ਰੋਗਰਾਮ ਬੰਦ ਹੋ ਰਿਹਾ ਹੈ, ਉਸ ਲਈ ਪਤਾ ਨਹੀਂ ਕਿਹੜੀ ਭਾਸ਼ਾ ਦਾ ਸ਼ਬਦ ਬੋਲਿਆ ਜਾਂਦਾ ਹੈ, ‘ਹੁਣ ਅਸੀਂ ਪ੍ਰੋਗਰਾਮ ਨੂੰ ਵੈਡ ਅੱਪ ਕਰ ਰਹੇ ਹਾਂ।’ ਪੂਰਾ ਦਿਨ ਹਿੰਦੀ ਤੇ ਪੰਜਾਬੀ ਦੇ ਗੀਤ ਚੱਲਦੇ ਰਹਿੰਦੇ ਹਨ, ਉਹ ਵੀ ਸਮਝ ਤੋਂ ਬਾਹਰ ਹੀ ਹੁੰਦੇ ਹਨ।
ਪ੍ਰੋਗਰਾਮ ‘ਦੇਸ਼ ਪੰਜਾਬ’, ਜੋ ਨਾਮ ਤੋਂ ਹੀ ਪਤਾ ਲੱਗਦਾ ਹੈ ਕਿ ਪੰਜਾਬੀ ਭਾਸ਼ਾ ਤੇ ਵਿਰਸੇ ਦੀ ਗੱਲ ਇਸ ਪ੍ਰੋਗਰਾਮ ਵਿਚ ਹੁੰਦੀ ਹੋਵੇਗੀ। ਕਿਉਂਕਿ ਇਹ ਵਿਦੇਸ਼ੀ ਸਰਵਿਸ ਹੈ, ਵਿਦੇਸ਼ੀ ਸਰੋਤਿਆਂ ਦਾ ਮਨੋਰੰਜਨ, ਤੇ ਸਾਡੀ ਮਾਂ ਬੋਲੀ ਦਾ ਮਾਣ ਸਨਮਾਨ ਕੀ ਹੈ? ਵਿਦੇਸ਼ੀ ਸਰੋਤਿਆਂ ਨੂੰ ਦੱਸਿਆ ਜਾਂਦਾ ਹੈ। ਦੋ ਕੁ ਦਹਾਕਿਆਂ ਤੋਂ ਦੇਸ਼ ਪੰਜਾਬ ਸਿਰਫ ਨਾਮ ਹੀ ਰਹਿ ਗਿਆ ਹੈ, ਇਸ ਵਿਚ ਸਿਰਫ ਖਬਰਾਂ ਤੇ ਗੀਤ ਪੇਸ਼ ਕੀਤੇ ਜਾਂਦੇ ਹਨ। ਪੰਜਾਬੀ ਸਾਹਿਤ ਦੇ ਅਨੇਕਾਂ ਰੂਪ ਹਨ, ਜਿਸ ਦੇ ਪ੍ਰਚਾਰ ਤੇ ਪ੍ਰਸਾਰ ਲਈ ਮੁੱਖ ਚੈਨਲ ਦੇ ਪ੍ਰੋਗਰਾਮਾਂ ਨੂੰ ਮੁੜ ਪ੍ਰਸਾਰਨ ਦੇ ਰੂਪ ਵਿਚ ਪੇਸ਼ ਕੀਤਾ ਜਾ ਸਕਦਾ ਹੈ, ਪਰ ਅਜਿਹਾ ਬਿਲਕੁਲ ਨਹੀਂ। ਇੱਕ ਸੁਖਵਿੰਦਰ ਸੁੱਖੀ ਹੀ ਇਸ ਦਾ ਐਂਕਰ, ਨਿਰਮਾਤਾ ਤੇ ਕਮਾਂਡਰ ਹੈ। ਉਸ ਦੇ ਆਪਣੇ ਹੀ ਤਰੀਕੇ ਹਨ। ‘ਚਿੱਠੀਆਂ ਦੇ ਜਵਾਬ’ ਪ੍ਰੋਗਰਾਮ ਵਿਚ ਚਿੱਠੀ ਪੜ੍ਹਨ ਵੇਲੇ ਅਜੀਬ ਤਰ੍ਹਾਂ ਦੇ ਸਰੋਤਿਆਂ ਵੱਲੋਂ ਲਿਖੀਆਂ ਗੱਲਾਂ ਨੂੰ ਚੁਟਕਲਾ ਰੂਪੀ ਬਣਾ ਦਿੱਤਾ ਜਾਂਦਾ ਹੈ।
ਆਕਾਸ਼ਵਾਣੀ ਜਲੰਧਰ ਦੇ ਹੋਰ ਸਾਰੇ ਪ੍ਰੋਗਰਾਮਾਂ ਵਿਚ ਐਂਕਰ ਪ੍ਰੋਗਰਾਮ ਵਿਚ ਨਵਾਂ ਰੰਗ ਭਰਨ ਲਈ ਬਦਲ ਦਿੱਤੇ ਜਾਂਦੇ ਹਨ, ਪਰ ਇਸ ਲਈ ਇੱਕ ਹੀ ਕਰਤਾ ਧਰਤਾ ਬਹੁਤ ਸਾਲਾਂ ਤੋਂ ਪ੍ਰੋਗਰਾਮ ਪੇਸ਼ ਨਹੀਂ, ਘੜੀਸ ਰਿਹਾ ਹੈ। ਸਵੇਰ ਵੇਲੇ ਮੁੱਖ ਪ੍ਰੋਗਰਾਮ ਸਵੇਰੇ ਸਵੇਰੇ ਹੁੰਦਾ ਹੈ, ਜਿਸ ਵਿਚ ਕਿਸੇ ਖਾਸ ਵਿਸ਼ੇ ‘ਤੇ ਗੱਲਬਾਤ ਹੁੰਦੀ ਹੈ ਅਤਟ ਗੀਤ ਸੰਗੀਤ ਤੇ ਅੱਜ ਦੀਆਂ ਖਬਰਾਂ ਦਾ ਵੇਰਵਾ ਦਿੱਤਾ ਜਾਂਦਾ ਹੈ। ਇਸ ਪ੍ਰੋਗਰਾਮ ਨੂੰ ਸਾਲ ਕੁ ਪਹਿਲਾਂ ਦੋ ਐਂਕਰ ਪੇਸ਼ ਕਰਦੇ ਸਨ ਅਤੇ ਪ੍ਰੋਗਰਾਮ ਦਾ ਵਧੀਆ ਨਿਭਾਅ ਹੋ ਜਾਂਦਾ ਸੀ। ਅੱਜ ਕੱਲ੍ਹ ਇੱਕ ਐਂਕਰ ਪ੍ਰੋਗਰਾਮ ਪੇਸ਼ ਕੀ ਕਰਦਾ ਹੈ, ਬੱਸ ਟਾਈਮ ਪੂਰਾ ਕਰਨ ਵਾਲੀ ਗੱਲ ਹੀ ਹੈ। ਸਰੋਤਿਆਂ ਦੀ ਪਸੰਦ ਦੇ ਗੀਤ ਪੇਸ਼ ਕਰਨ ਲਈ ਸਵੇਰੇ ਦਸ ਵਜੇ ਤੋਂ ਬਾਰਾਂ ਵਜੇ ਤੱਕ ਇੱਕ ਇੱਕ ਘੰਟੇ ਲਈ ਹਿੰਦੀ ਤੇ ਪੰਜਾਬੀ ਗੀਤ ਪੇਸ਼ ਕੀਤੇ ਜਾਂਦੇ ਹਨ, ਜਿਸ ਵਿਚ ਫਰਮਾਇਸ਼ ਫੋਨ ਕਾਲ ਤੇ ਐੱਸ਼ ਐੱਮ. ਐੱਸ਼ ਰਾਹੀਂ ਹੁੰਦੀ ਹੈ। ਖੇਤੀ ਕਰਨ ਵਾਲੇ ਕਿਸਾਨ, ਮਜ਼ਦੂਰ, ਨੌਕਰੀ ਵਾਲੇ ਤੇ ਵਿਦਿਆਰਥੀ ਵਰਗ ਸਵੇਰੇ ਹੀ ਆਪਣੇ ਕੰਮ ਕਾਰ ਲਈ ਨਿੱਕਲ ਜਾਂਦੇ ਹਨ, ਕੌਣ ਸੁਣਦਾ ਹੋਵੇਗਾ, ਇਨ੍ਹਾਂ ਪ੍ਰੋਗਰਾਮਾਂ ਨੂੰ? ਕਿਸ ਦੀ ਪਸੰਦ ਪੂਰੀ ਹੁੰਦੀ ਹੋਵੇਗੀ?
ਆਕਾਸ਼ਵਾਣੀ ਜਲੰਧਰ ਵਾਲਿਆਂ ਦੀ ਸੋਚ ਕੁਝ ਵੱਖਰੀ ਹੀ ਹੈ। ਤਿੰਨ ਵਜੇ ਚਿੱਠੀਆਂ ਰਾਹੀਂ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ, ਡਾਕ ਘਰ ਵਿਚੋਂ ਪੋਸਟ ਕਾਰਡ ਤੇ ਲਿਫਾਫੇ ਮਿਲਦੇ ਨਹੀਂ, ਪਤਾ ਨਹੀਂ ਅਕਾਸ਼ਵਾਣੀ ਜਲੰਧਰ ਕੋਲ ਕਿੱਥੋਂ ਚਿੱਠੀਆਂ ਆ ਜਾਂਦੀਆਂ ਹਨ? ਹਰ ਰੋਜ਼ ਇੱਕੋ ਜਿਹੇ ਨਾਮ ਵਾਰ ਵਾਰ ਦੁਹਰਾਏ ਜਾਂਦੇ ਹਨ। ਆਕਾਸ਼ਵਾਣੀ ਤੇ ਬਠਿੰਡਾ ਵਾਲੇ ਈ-ਮੇਲ ਜਾਂ ਵੱਟਸਐਪ ਰਾਹੀਂ ਵੀ ਫਰਮਾਇਸ਼ਾਂ ਪ੍ਰਾਪਤ ਕਰਦੇ ਹਨ। ਇਹ ਦੋਨੋਂ ਚੈਨਲ ਹੁਣ ਆਨ ਲਾਈਨ ਹੋਣ ਕਰਕੇ ਪੂਰੀ ਦੁਨੀਆਂ ਵਿਚ ਸੁਣਾਈ ਦਿੰਦੇ ਹਨ ਤੇ ਇੱਥੋਂ ਦੇ ਅਧਿਕਾਰੀਆਂ ਦੀ ਸੋਚ ਤੇ ਕੜੀ ਮਿਹਨਤ ਸਦਕਾ ਆਕਾਸ਼ਵਾਣੀ ਜਲੰਧਰ ਨੂੰ ਉਹ ਦੋਨੋਂ ਚੈਨਲ ਮਾਤ ਪਾ ਰਹੇ ਹਨ।
ਆਕਾਸ਼ਵਾਣੀ ਦਾ ਇੱਕ ਖਾਸ ਆਧਾਰ ਹੁੰਦਾ ਹੈ, ਜਿੱਥੋਂ ਖਾਸ ਇਮਤਿਹਾਨ ਰਾਹੀਂ ਨਵੇਂ ਗਾਇਕ ਸਥਾਪਤ ਕੀਤੇ ਜਾਂਦੇ ਹਨ। ਹਰ ਸਾਲ ਨਵੇਂ ਗਾਇਕਾਂ ਲਈ ਇਸ ਆਧਾਰ ‘ਤੇ ਇਮਤਿਹਾਨ ਹੁੰਦਾ ਹੈ, ਪਰ ਉਹ ਗਾਇਕ ਕਦੋਂ ਤੇ ਕਿੱਥੇ ਗਾਉਂਦੇ ਹਨ, ਕਦੇ ਸੁਣਾਈ ਨਹੀਂ ਦਿੱਤੇ। ਜਦੋਂ ਤਵਿਆਂ ਦਾ ਯੁੱਗ ਸੀ, ਆਕਾਸ਼ਵਾਣੀ ਜਲੰਧਰ ਤੋਂ ਪੰਜਾਬੀ ਰੰਗ ਰੂਪ ਨਾਲ ਰੰਗਤ ਹਰ ਮਹਾਨ ਗਾਇਕ ਦੇ ਗੀਤ ਪੇਸ਼ ਕੀਤੇ ਜਾਂਦੇ ਸਨ। ਜਦੋਂ ਦੀ ਨਵੀਂ ਤਕਨੀਕ ਕੰਪਿਊਟਰ ਵਿਚ ਗੀਤ ਭਰ ਦਿੱਤੇ ਗਏ ਤਾਂ ਮੁਹੰਮਦ ਸਦੀਕ, ਦੀਦਾਰ ਸੰਧੂ, ਚਾਂਦੀ ਰਾਮ ਸਮੇਤ ਹੋਰ ਅਨੇਕਾਂ ਗਾਇਕ ਜੋੜੀਆਂ ਦੇ ਅੱਧੇ ਕੁ ਗੀਤ ਹੀ ਇਨ੍ਹਾਂ ਕੋਲ ਮੌਜੂਦ ਹਨ। ਕਰਮਜੀਤ ਧੂਰੀ, ਗੁਰਦਿਆਲ ਨਿਰਮਾਣ, ਕਰਨੈਲ ਗਿੱਲ, ਸਵਰਨ ਲਤਾ, ਰਾਜਿੰਦਰ ਰਾਜਨ, ਰੀਪੂ ਦਮਨ ਸ਼ੈਲੀ ਦਾ ਕੋਈ ਵੀ ਰਿਕਾਰਡ ਇਨ੍ਹਾਂ ਦੇ ਖਜਾਨੇ ਵਿਚ ਨਹੀਂ। ਨਵੀਆਂ ਗਾਇਕ ਜੋੜੀਆਂ ਆਤਮਾ ਸਿੰਘ ਬੁੱਢੇਵਾਲੀਆ, ਬਿੱਟੂ ਖੰਨੇ ਵਾਲਾ, ਸੋਨੂੰ ਵਿਰਕ ਹੋਰ ਅਨੇਕਾਂ ਗਾਇਕ ਜੋੜੀਆਂ ਦੇ ਗੀਤ ਮਾਰਕੀਟ ਵਿਚ ਆ ਚੁੱਕੇ ਹਨ, ਜੋ ਕਿ ਮਾਂ ਬੋਲੀ ਪੰਜਾਬੀ ਦਾ ਮਾਣ ਵਧਾਉਣ ਵਾਲੇ ਹਨ, ਪਰ ਕਦੇ ਵੀ ਸੁਣਾਈ ਨਹੀਂ ਦਿੱਤੇ।
ਪੰਜਾਬੀ ਲੋਕ ਗਾਇਕੀ ਕਿੱਸਾ ਕਾਵਿ ਤੇ ਢਾਡੀ ਵਾਰਾਂ ਨਾਲ ਸ਼ੁਰੂ ਹੋਈ ਸੀ। ਦੀਦਾਰ ਸਿੰਘ ਰਟੈਂਡਾ, ਅਮਰ ਸਿੰਘ ਸ਼ੌਂਕੀ ਆਦਿ ਅਨੇਕਾਂ ਢਾਡੀਆਂ ਦੀ ਰਿਕਾਰਡਿੰਗ, ਜੋ ਐਚ. ਐਮ. ਵੀ. ਕੰਪਨੀ ਦੀ ਹੈ, ਜਿਸ ਨਾਲ ਪ੍ਰਸਾਰ ਭਾਰਤੀ ਦਾ ਸਮਝੌਤਾ ਹੈ, ਪਰ ਆਕਾਸ਼ਵਾਣੀ ਜਲੰਧਰ ਨੂੰ ਚੰਗੇ ਤੇ ਵਧੀਆ ਗੀਤ ਵਜਾਉਣ ਲਈ ਪਤਾ ਨਹੀਂ ਕਿਸ ਨਾਲ ਸਮਝੌਤਾ ਕਰਨਾ ਹੈ। ਹਰ ਰੇਡੀਓ ਕੇਂਦਰ ਦਾ ਆਧਾਰ ਸਰੋਤੇ ਹੁੰਦੇ ਹਨ, ਜਿਸ ਵਿਚ ਪਹਿਲਾਂ ਸਰੋਤਿਆਂ ਦੀਆਂ ਚਿੱਠੀਆਂ ਆਉਂਦੀਆਂ ਸਨ, ਉਨ੍ਹਾਂ ਦੇ ਜਵਾਬ ਦਿੱਤੇ ਜਾਂਦੇ ਸਨ। ਪ੍ਰੋਗਰਾਮਾਂ ਵਿਚ ਸਮਤੋਲ ਬਣਿਆ ਰਹਿੰਦਾ ਸੀ। ਹੁਣ ਇਹ ਪ੍ਰੋਗਰਾਮ ਬੰਦ ਕਰ ਕੇ ਸਰੋਤਿਆਂ ਦੇ ਮੂੰਹ ‘ਤੇ ਵੀ ਪੱਟੀ ਲਾ ਦਿੱਤੀ ਹੈ। ਪਟਿਆਲਾ ਤੇ ਬਠਿੰਡਾ ਆਕਾਸ਼ਵਾਣੀ ਕੇਂਦਰ ਸਰੋਤਿਆਂ ਦੀ ਮੰਗ ਨੂੰ ਮੁੱਖ ਰੱਖਦਿਆਂ ਹਰ ਤਰ੍ਹਾਂ ਦੇ ਪ੍ਰੋਗਰਾਮ ਬਹੁਤ ਸੋਹਣੇ ਤਰੀਕੇ ਨਾਲ ਨਿਭਾਉਂਦੇ ਹਨ। ਸਰੋਤਿਆਂ ਨੂੰ ਆਪਣੀ ਪਸੰਦ ਦੱਸਣ ਲਈ ਖਾਸ ਪ੍ਰੋਗਰਾਮ ਕੇਂਦਰ ਮੁਖੀ ਵੱਲੋਂ ਪੇਸ਼ ਕੀਤੇ ਜਾਂਦੇ ਹਨ, ਜਿਸ ਵਿਚ ਸਰੋਤੇ ਆਪਣੀਆਂ ਮੰਗਾਂ ਤੇ ਪਸੰਦ ਚਿੱਠੀਆਂ, ਈ-ਮੇਲ ਤੇ ਫੋਨ ਕਾਲ ਰਾਹੀਂ ਭੇਜਦੇ ਹਨ। ਹਰ ਸਰੋਤੇ ਦੀ ਮੰਗ ਪੂਰੀ ਕੀਤੀ ਜਾਂਦੀ ਹੈ।
ਗੀਤਾਂ ਦੀ ਰਿਕਾਰਡਿੰਗ ਦੁਨੀਆਂ ਵਿਚ ਪੱਥਰ ਦੇ ਤਵਿਆਂ ਤੋਂ ਚਾਲੂ ਹੋਈ ਸੀ, ਦੋਹਾਂ ਕੇਂਦਰਾਂ ਕੋਲ ਪੱਥਰ ਦੇ ਤਵਿਆਂ ਤੋਂ ਲੈ ਕੇ ਹੁਣ ਤਕ ਨਵੀਂ ਤਕਨੀਕ ਨਾਲ ਜਿੰਨੇ ਵੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਹਾਮੀ ਭਰਦੇ ਗੀਤ ਹਨ, ਸਭ ਮੌਜੂਦ ਹਨ ਤੇ ਪੇਸ਼ ਕੀਤੇ ਜਾਂਦੇ ਹਨ। ਪ੍ਰੋਗਰਾਮਾਂ ਸਬੰਧੀ ਮੈਂ ਗੱਲਬਾਤ ਕਰਨ ਲਈ ਪ੍ਰੋਗਰਾਮ ਮੁਖੀ ਸ੍ਰੀਮਤੀ ਸੰਤੋਸ਼ ਰਿਸ਼ੀ ਨੂੰ ਕੇਂਦਰ ਵਿਚ ਜਾ ਕੇ ਮਿਲਿਆ ਤਾਂ ਉਨ੍ਹਾਂ ਨੇ ਪ੍ਰੋਗਰਾਮਾਂ ਸਬੰਧੀ ਹਰ ਗੱਲ ਵਿਚ ‘ਹਾਂ, ਹੂੰ’ ਕਰਕੇ ਟਾਲ ਦਿੱਤਾ।
ਕੁਝ ਖਾਸ ਤੇ ਜ਼ਰੂਰੀ ਗੱਲਾਂ: ਅਜੋਕੀ ਤਕਨੀਕ ਐਫ਼ ਐਮ. ਰਾਹੀਂ ਜੋ ਪ੍ਰਸਾਰਨ ਹੁੰਦਾ ਹੈ, ਉਹ ਸਟੀਰੀਓ ਫੋਨਿਕ ਸਿਸਟਮ ਰਾਹੀਂ ਹੁੰਦਾ ਹੈ। ਇਹ ਪ੍ਰਸਾਰਨ ਦੋ ਸਪੀਕਰਾਂ ਜਾਂ ਏਅਰ ਫੋਨ ਰਾਹੀਂ ਜੇ ਸੁਣਿਆ ਜਾਵੇ, ਤਾਂ ਬਹੁਤ ਅਨੰਦ ਭਰਪੂਰ ਹੁੰਦਾ ਹੈ, ਪਰ ਹੁਣ ਆਕਾਸ਼ਵਾਣੀ ਜਲੰਧਰ ਨੇ ਇਹ ਸਿਸਟਮ ਆਪਣੀ ਮਰਜ਼ੀ ਨਾਲ ਬੰਦ ਕਰ ਦਿੱਤਾ ਹੈ। ਪ੍ਰੋਗਰਾਮਾਂ ਦੌਰਾਨ ਐਂਕਰ ਇਕ ਖਾਸ ਤਕਨੀਕ ਰਾਹੀਂ ਪ੍ਰੋਗਰਾਮ ਪੇਸ਼ ਕਰਨ ਦੀ ਗੱਲ ਕਰਦੇ ਹਨ, ਜਿਸ ਨੂੰ ਡੀ. ਆਰ. ਐੱਮ. ਕਹਿੰਦੇ ਹਨ। ਇਸ ਚੈਨਲ ‘ਤੇ ਬਹੁਤ ਸਾਫ ਪ੍ਰੋਗਰਾਮ ਸੁਣਾਈ ਦੇਣਗੇ, ਉਹ ਕੀ ਰੇਂਜ ਹੈ, ਕੋਈ ਨਵੀਂ ਤਰ੍ਹਾਂ ਦਾ ਰੇਡੀਓ ਸੈੱਟ ਹੈ? ਇਸ ਬਾਰੇ ਕੇਂਦਰ ਵਾਲਿਆਂ ਨੂੰ ਵੀ ਕੋਈ ਜਾਣਕਾਰੀ ਨਹੀਂ। ਆਕਾਸ਼ਵਾਣੀ ਜਲੰਧਰ ਖੇਤਰੀ ਚੈਨਲ ਦੇ ਤੌਰ ‘ਤੇ ਸਥਾਪਤ ਕੀਤਾ ਗਿਆ ਸੀ, ਜਿਸ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਹਰ ਰੂਪ ਵਿਚ ਰੱਜ ਕੇ ਸੇਵਾ ਕੀਤੀ, ਪਰ ਇਸ ਦਾ ਮੁੱਖ ਮਨੋਰਥ ਲੋਕ ਪ੍ਰਸਾਰਨ ਸੇਵਾ ਹੈ। ਇਹ ਉਸ ਲਾਇਨ ਤੋਂ ਹੌਲੀ ਹੌਲੀ ਉਤਰਦਾ ਜਾ ਰਿਹਾ ਹੈ। ਉਹ ਦਿਨ ਦੂਰ ਨਹੀਂ, ਜਦੋਂ ਇਸ ਨੂੰ ਬੰਦ ਕਰ ਦਿੱਤਾ ਜਾਵੇਗਾ ਤੇ ਅਸੀਂ ਸਾਡੀ ਮਾਂ ਬੋਲੀ ਪੰਜਾਬੀ ਦੇ ਪ੍ਰਸਾਰ ਤੇ ਪ੍ਰਚਾਰ ਤੋਂ ਵਾਂਝੇ ਹੋ ਜਾਵਾਂਗੇ। ਪੰਜਾਬ ਕਲਾ ਪ੍ਰੀਸ਼ਦ, ਸਾਹਿਤ ਸਭਾਵਾਂ ਤੇ ਪੰਜਾਬ ਦੇ ਸੱਭਿਆਚਾਰਕ ਮੰਤਰੀ ਦਾ ਫਰਜ਼ ਬਣਦਾ ਹੈ ਕਿ ਬਿਜਲਈ ਮਾਧਿਅਮ ਰਾਹੀਂ ਜੋ ਆਪਣੀ ਪੰਜਾਬੀ ਮਾਂ ਬੋਲੀ ਦੀ ਸੇਵਾ ਹੈ, ਇਸ ਨੂੰ ਪੂਰਨ ਰੂਪ ਵਿਚ ਬਹਾਲ ਕਰਵਾਇਆ ਜਾਵੇ।