ਓਬਾਮਾ ਦੀ ਕਿਤਾਬ ‘ਏ ਪ੍ਰੌਮਿਸਡ ਲੈਂਡ’ ਵਿਚ ਭਾਰਤ ਦਾ ਅਕਸ

ਅੱਬਾਸ ਧਾਲੀਵਾਲ, ਮਲੇਰਕੋਟਲਾ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਹੁਸੈਨ ਓਬਾਮਾ, ਜੋ ਅਮਰੀਕਾ ਦੇ ਦੋ ਵਾਰ (2008 ਤੋਂ 2016 ਤੱਕ) 44ਵੇਂ ਰਾਸ਼ਟਰਪਤੀ ਰਹਿ ਚੁਕੇ ਹਨ, ਅਮਰੀਕਾ ਦੇ ਉਚ ਅਹੁਦੇ ‘ਤੇ ਬਿਰਾਜਮਾਨ ਹੋਣ ਵਾਲੇ ਪਹਿਲੇ ਅਫਰੀਕੀ-ਅਮਰੀਕਨ ਮੂਲ ਦੇ ਸ਼ਖਸ ਸਨ। ਰਾਸ਼ਟਰਪਤੀ ਬਣਨ ਤੋਂ ਪਹਿਲਾਂ ਉਹ ਇਲੀਨਾਏ ਵਿਚ ਜਨਵਰੀ 2005 ਤੋਂ ਬਤੌਰ ਸੈਨੇਟਰ ਦੇ ਪਦ ‘ਤੇ ਰਹੇ। ਸਾਲ 2008 ਵਿਚ ਰਾਸ਼ਟਰਪਤੀ ਚੋਣਾਂ ਦੀ ਜਿੱਤ ਤੋਂ ਬਾਅਦ ਉਨ੍ਹਾਂ ਨੇ ਇਸ ਪਦਵੀ ਤੋਂ ਅਸਤੀਫਾ ਦੇ ਦਿੱਤਾ ਸੀ।

ਅਮਰੀਕਾ ਦੇ ਇਹ ਸਾਬਕਾ ਰਾਸ਼ਟਰਪਤੀ ਅੱਜ ਕੱਲ੍ਹ ਆਪਣੀ ਨਵੀਂ ਕਿਤਾਬ ‘ਏ ਪ੍ਰੌਮਿਸਡ ਲੈਂਡ’ ਨੂੰ ਲੈ ਕੇ ਚਰਚਾ ਵਿਚ ਹਨ। ਦਰਅਸਲ 768 ਪੰਨਿਆਂ ਦੀ ਉਕਤ ਕਿਤਾਬ ਓਬਾਮਾ ਦਾ ਇਕ ਅਜਿਹਾ ਸੰਸਮਰਣ ਹੈ, ਜਿਥੇ ਇਹ ਕਿਤਾਬ ਉਨ੍ਹਾਂ ਦੇ ਸਿਆਸਤ ‘ਚ ਰੱਖੇ ਕਦਮਾਂ ਅਤੇ ਸਿਖਰ ਤੱਕ ਪਹੁੰਚਣ ਦੇ ਸਫਰ ਦਾ ਤੱਥਾਂ ਆਧਾਰਿਤ ਬਿਰਤਾਂਤ ਹੈ, ਉਥੇ ਹੀ ਇਹ ਵਿਸ਼ਵ ਦੇ ਵੱਖ ਵੱਖ ਦੇਸ਼ਾਂ, ਲੀਡਰਾਂ ਸਬੰਧੀ ਓਬਾਮਾ ਜਾਤੀ ਵਿਸ਼ਲੇਸ਼ਣ ਦੀ ਅੱਕਾਸੀ ਕਰਦੀ ਹੈ।
ਦਰਅਸਲ ਉਕਤ ਕਿਤਾਬ ਵਿਚ ਓਬਾਮਾ ਨੇ ਦੁਨੀਆਂ ਦੇ ਅਲੱਗ ਅਲੱਗ ਲੀਡਰਾਂ ਅਤੇ ਉਦਯੋਗਿਕ ਹਸਤੀਆਂ ਦੇ ਰਹਿਣ-ਸਹਿਣ ਨੂੰ ਲੈ ਕੇ ਆਪਣੀ ਬੇਬਾਕ ਰਾਏ ਰੱਖਦਿਆਂ ਉਨ੍ਹਾਂ ਦੀਆਂ ਨੀਅਤਾਂ ਅਤੇ ਨੀਤੀਆਂ ਸਬੰਧੀ ਖੁੱਲ੍ਹ ਕੇ ਆਪਣੀ ਰਾਏ ਰੱਖੀ ਹੈ।
ਆਪਣੀ ਕਿਤਾਬ ‘ਚ ਉਨ੍ਹਾਂ ਹਾਲ ਹੀ ਵਿਚ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਦਾ ਜ਼ਿਕਰ ਕਰਦਿਆਂ ਲਿਖਿਆ ਹੈ ਕਿ ਬਾਇਡਨ ਇਕ ਸੱਭਿਅਕ ਵਿਅਕਤੀ ਹਨ।
ਜਦੋਂ ਕਿ ਕਿਸੇ ਸਮੇਂ ਵਿਚ ਵਿਸ਼ਵ ਦੀ ਦੂਜੀ ਮਹਾਂ ਸ਼ਕਤੀ ਸਮਝੇ ਜਾਂਦੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਤੁਲਨਾ ਓਬਾਮਾ ਨੇ ਸਟ੍ਰੀਟ-ਸਮਾਰਟ ਬਾਸੇਜ ਨਾਲ ਕੀਤੀ ਹੈ। ਉਨ੍ਹਾਂ ਲਿਖਿਆ ਕਿ ਪੁਤਿਨ ਇਕ ਸਮੇਂ ਸ਼ਿਕਾਗੋ ਨੂੰ ਚਲਾਉਣ ਵਾਲੇ ਸਟ੍ਰੀਟ ਸਮਾਰਟ ਬਾਸੇਜ ਦੀ ਯਾਦ ਦਿਵਾਉਂਦੇ ਹਨ।
ਬਰਾਕ ਓਬਾਮਾ ਨੇ ਆਪਣੀ ਇਸ ਕਿਤਾਬ ‘ਚ ਰਾਹੁਲ ਗਾਂਧੀ ਦੇ ਨਾਲ ਨਾਲ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਵੀ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ ਹੈ। ਉਨ੍ਹਾਂ ਮਨਮੋਹਨ ਸਿੰਘ ਦੀ ਤਾਰੀਫ ਕਰਦਿਆਂ ਲਿਖਿਆ ਕਿ ਉਨ੍ਹਾਂ ‘ਚ ਇੱਕ ਦ੍ਰਿੜ ਨਿਸ਼ਠਾ ਹੈ।
ਜਦੋਂ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਬਾਰੇ ਟਿੱਪਣੀ ਕਰਦਿਆਂ ਉਨ੍ਹਾਂ ਨੂੰ ਘੱਟ ਯੋਗਤਾ ਤੇ ਜਨੂੰਨ ਦੀ ਕਮੀ ਵਾਲਾ ਲੀਡਰ ਗਰਦਾਨਿਆ ਹੈ। ਕਿਤਾਬ ‘ਚ ਉਨ੍ਹਾਂ ਰਾਹੁਲ ਗਾਂਧੀ ਦੀ ਤੁਲਨਾ ਇਕ ਅਜਿਹੇ ਵਿਦਿਆਰਥੀਆਂ ਨਾਲ ਕੀਤੀ ਹੈ, ਜਿਸ ਨੇ ਕੋਰਸਵਰਕ ਤਾਂ ਕਰ ਲਿਆ ਹੈ ਤੇ ਸਿਖਿਆਰਥੀ ਨੂੰ ਪ੍ਰਭਾਵਿਤ ਕਰਨ ਲਈ ਉਤਸੁਕ ਵੀ ਰਹਿੰਦਾ ਹੈ, ਪਰ ਵਿਸ਼ੇ ‘ਚ ਮੁਹਾਰਤ ਹਾਸਲ ਕਰਨ ਲਈ ਜਾਂ ਤਾਂ ਯੋਗਤਾ ਨਹੀਂ ਜਾਂ ਫਿਰ ਜਨੂੰਨ ਦੀ ਕਮੀ ਹੈ। ਇਸ ਦੇ ਨਾਲ ਹੀ ਓਬਾਮਾ ਨੇ ਰਾਹੁਲ ਗਾਂਧੀ ਨੂੰ ਨਰਵਸ ਵੀ ਦੱਸਿਆ ਹੈ।
ਇਸ ਦੇ ਇਲਾਵਾ ਕਿਤਾਬ ‘ਚ ਉਨ੍ਹਾਂ ਕਾਂਗਰਸ ਦੇ ਅੰਦਰੂਨੀ ਮਾਮਲਿਆਂ ਬਾਰੇ ਵੀ ਆਪਣੀ ਰਾਏ ਰੱਖੀ ਹੈ। ਉਨ੍ਹਾਂ ਲਿਖਿਆ ਹੈ ਕਿ ਸੋਨੀਆ ਗਾਂਧੀ ਨੇ ਡਾ. ਮਨਮੋਹਨ ਸਿੰਘ ਨੂੰ ਇਸ ਲਈ ਪ੍ਰਧਾਨ ਮੰਤਰੀ ਬਣਾਇਆ ਸੀ, ਕਿਉਂਕਿ ਉਨ੍ਹਾਂ ਨੂੰ ਡਾ. ਮਨਮੋਹਨ ਸਿੰਘ ਤੋਂ ਕੋਈ ਖਤਰਾ ਮਹਿਸੂਸ ਨਹੀਂ ਹੁੰਦਾ ਸੀ। ਸਾਬਕਾ ਰਾਸ਼ਟਰਪਤੀ ਨੇ ਲਿਖਿਆ ਕਿ ਸੋਨੀਆ ਗਾਂਧੀ ਨੇ ਡਾ. ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਕਾਫੀ ਸੋਚ-ਵਿਚਾਰ ਕੀਤਾ।
ਬਰਾਕ ਓਬਾਮਾ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਮੁਲਾਕਾਤ ਤੇ ਗੈਰ-ਰਸਮੀ ਗੱਲਬਾਤ ਦਾ ਵੀ ਜ਼ਿਕਰ ਕੀਤਾ। ਓਬਾਮਾ ਨੇ ਲਿਖਿਆ ਕਿ ਭਾਰਤ ਦੇ ਅਰਥਚਾਰੇ ‘ਚ ਬੁਨਿਆਦੀ ਬਦਲਾਅ ਦੇ ਮੁੱਖ ਸ਼ਿਲਪਕਾਰ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸਨ ਤੇ ਉਹ ਤਰੱਕੀ ਦੇ ਇਸ ਰਾਹ ਦੇ ਸਹੀ ਪ੍ਰਤੀਕ ਹਨ। ਉਹ ਇਕ ਛੋਟੇ ਤੇ ਸਤਾਏ ਗਏ ਸਿੱਖ ਭਾਈਚਾਰੇ ਦੇ ਮੈਂਬਰ ਹਨ, ਜੋ ਦੇਸ਼ ਦੇ ਸਰਬੋਤਮ ਅਹੁਦੇ ‘ਤੇ ਪਹੁੰਚੇ। ਉਹ ਇਕ ਨਰਮ ਸੁਭਾਅ ਦੇ ‘ਟੈਕਨੋਕ੍ਰੇਟ’ ਵਿਅਕਤੀ ਹਨ, ਜਿਨ੍ਹਾਂ ਜ਼ਿੰਦਗੀ ਜਿਉਣ ਲਈ ਉੱਚ ਮਾਪਦੰਡਾਂ ਨੂੰ ਪੇਸ਼ ਕੀਤਾ ਤੇ ਭ੍ਰਿਸ਼ਟਾਚਾਰ ਮੁਕਤ ਛਵੀ ਨਾਲ ਮਾਣ-ਸਨਮਾਨ ਹਾਸਲ ਕਰਦਿਆਂ ਜਨਤਾ ਦਾ ਭਰੋਸਾ ਜਿੱਤਿਆ।
ਅਮਰੀਕੀ ਰਾਸ਼ਟਰਪਤੀ ਨੇ ਚੈਕ ਨੇਤਾ ਵਾਕਲੇਵ ਹੈਵੇਲ ਦੇ ਨਾਲ ਹੋਈ ਗੱਲਬਾਤ ਦਾ ਜ਼ਿਕਰ ਕਰਦਿਆਂ ਕਿਤਾਬ ‘ਚ ਲਿਖਿਆ ਹੈ ਕਿ ਜੇ ਅਮੀਰ ਦੇਸ਼ਾਂ ਦੇ ਮੁਕਾਬਲੇ ਵਿਸ਼ਵੀਕਰਨ ਅਤੇ ਇਤਿਹਾਸਕ ਆਰਥਕ ਸੰਕਟ ਦੇ ਕਾਰਨ ਇਹ ਚੀਜ਼ਾਂ ਉਭਾਰ ਮਾਰ ਰਹੀਆਂ ਹਨ, ਅਗਰ ਮੈਂ ਇਹ ਚੀਜ਼ਾਂ ਅਮਰੀਕਾ ਵਿਚ ਟੀ-ਪਾਰਟੀ ਵਿਚ ਵੇਖ ਰਿਹਾ ਹਾਂ ਤਾਂ ਭਾਰਤ ਕਿਵੇਂ ਅਲੱਗ ਰਹਿ ਸਕਦਾ ਹੈ! ਜ਼ਬਰਦਸਤ ਆਰਥਕ ਪ੍ਰਦਰਸ਼ਨ ਅਤੇ ਲੋਕਤੰਤਰ ਵਿਚ ਲਚਕੀਲੇਪਨ ਦੇ ਬਾਵਜੂਦ ਸੱਚਾਈ ਇਹ ਹੈ ਕਿ ਉਹ ਗਾਂਧੀ ਦੇ ਪੱਖਪਾਤਹੀਣ, ਸ਼ਾਂਤੀਪੂਰਨ ਅਤੇ ਆਦਰਸ਼ ਸਮਾਜ ਨੂੰ ਪਾ ਸਕਣਾ ਹਾਲੇ ਦੂਰ ਹੈ। ਓਬਾਮਾ ਨੇ ਲਿਖਿਆ ਹੈ ਕਿ ਭਾਰਤ ਦੀ ਰਾਜਨੀਤੀ ਹਾਲੇ ਵੀ ਧਰਮ, ਜਾਤੀ ਅਤੇ ਵੰਸ਼ਵਾਦ ਦੇ ਇਰਦ-ਗਿਰਦ ਘੁੰਮਦੀ ਹੈ।
ਕਿਤਾਬ ਵਿਚ ਉਨ੍ਹਾਂ ਮੌਜੂਦਾ ਸਮੇਂ ਦੇਸ਼ ਦੀ ਵਾਗਡੋਰ ਸੰਭਾਲ ਰਹੀ ਭਾਜਪਾ ਦੇ ਸੰਦਰਭ ਵਿਚ ‘ਭਾਜਪਾ ਦੇ ਵਿਭਾਜਨਕਾਰੀ ਰਾਸ਼ਟਰਵਾਦ’ ਨੂੰ ਲੈ ਕੇ ਗਹਿਰੀ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਨੇ ਇਸ ‘ਤੇ ਹੈਰਾਨੀ ਪ੍ਰਗਟਾਈ ਕਿ ਹਿੰਸਾ, ਲਾਲਚ, ਭ੍ਰਿਸ਼ਟਾਚਾਰ, ਰਾਸ਼ਟਰਵਾਦ, ਨਸਲਵਾਦ ਅਤੇ ਧਾਰਮਿਕ ਅਸਹਿਣਸ਼ੀਲਤਾ ਜਿਹੀਆਂ ਭਾਵਨਾਵਾਂ ਇੰਨੀਆਂ ਮਜਬੂਤ ਹਨ ਕਿ ਉਹ ਕਿਸੇ ਲੋਕਤੰਤਰ ਵਿਚ ਸਥਾਈ ਤੌਰ ‘ਤੇ ਪੈਂਠ ਜਮਾ ਸਕਦੀਆਂ ਹਨ।
ਕਿਤਾਬ ਵਿਚ ਉਨ੍ਹਾਂ ਭਾਰਤੀ ਉਦਯੋਗਪਤੀਆਂ ਨੂੰ ਨਿਸ਼ਾਨਾ ਬਣਾਉਂਦਿਆਂ ਇਹ ਲਿਖਿਆ ਹੈ ਕਿ ਉਨ੍ਹਾਂ ਦੇ ਠਾਠ-ਬਾਠ ਨੇ ਬਾਦਸ਼ਾਹਾਂ ਅਤੇ ਮੁਗਲਾਂ ਨੂੰ ਪਿਛਾੜ ਕੇ ਰੱਖ ਦਿੱਤਾ ਹੈ, ਜਦੋਂਕਿ ਦੇਸ਼ ਦੇ ਲੱਖਾਂ ਲੋਕ ਬੇਘਰ ਹਨ। ਉਨ੍ਹਾਂ ਲਿਖਿਆ ਹੈ ਕਿ ਦੇਸ਼ ਭਰ ਵਿਚ ਲੱਖਾਂ ਲੋਕ ਗੰਦਗੀ ਤੇ ਭੁੱਖਮਰੀ ਦਾ ਸ਼ਿਕਾਰ ਹਨ, ਪਰ ਭਾਰਤੀ ਸਨਅਤਕਾਰ ਰਾਜਿਆਂ ਮਹਾਰਾਜਿਆਂ ਤੋਂ ਵੀ ਵੱਧ ਸ਼ਾਨਦਾਰ ਜ਼ਿੰਦਗੀ ਜੀ ਰਹੇ ਹਨ।