ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
ਇਹ ਗੱਲ ਉਨ੍ਹਾਂ ਦਿਨਾਂ ਦੀ ਹੈ ਜਦੋਂ ਮੈਂ ‘ਪੰਜਾਬ ਟਾਈਮਜ਼’ ਦੇ ਕਾਫ਼ਲੇ ਵਿਚ ਨਵਾਂ ਨਵਾਂ ਸ਼ਾਮਲ ਹੋਇਆ ਸੀ ਤੇ ‘ਪੰਜਾਬ ਟਾਈਮਜ਼’ ਦੇ ਸੰਪਾਦਕ ਬਾਈ ਅਮਲੋਕ ਸਿੰਘ ਜੰਮੂ ਨੇ ਮੇਰੀਆਂ ਲਿਖਤਾਂ ਨੂੰ ਪਿਆਰ ਦਿੰਦਿਆਂ ‘ਮੂੰਹ ਆਈ ਬਾਤ’ ਨਾਂ ਦਾ ਕਾਲਮ ਮੇਰੀ ਝੋਲੀ ਵਿਚ ਪਾਇਆ ਸੀ। ਕਾਲਮ ਨੂੰ ਸ਼ਗਨਾਂ ਦੇ ਗਾਨੇ ਵਾਂਗ ਮੈਂ ਵੀ ਦਿਲ ਵਿਚ ਬੰਨ੍ਹਿਆ ਹੀ ਨਹੀਂ, ਸਗੋਂ ਸਾਂਭ ਕੇ ਰੱਖ ਲਿਆ ਸੀ। ਇਸ ਕਾਲਮ ਦਾ ਪਹਿਲਾ ਲੇਖ ਛਪਿਆ ਦੇਖ ਕੇ ਮੈਨੂੰ ਬੇਅੰਤ ਖੁਸ਼ੀ ਹੋਈ। ਮੇਰੀ ਬਚਪਨ ਦੀ ਤਮੰਨਾ ਨੂੰ ਬੂਰ ਹੀ ਨਹੀਂ ਸੀ ਪਿਆ, ਸਗੋਂ ਫਲ ਲੱਗਣਾ ਸ਼ੁਰੂ ਹੋ ਗਿਆ ਸੀ। ਇਸ ਲੇਖ ਦਾ ਸਿਰਲੇਖ ਸੀ ‘ਇਕ ਨੇ ਪੰਜ ਪਾਲੇ, ਪੰਜਾਂ ਤੋਂ ਇਕ ਨਾ ਪਲਿਆ।’ ਇਸ ਲੇਖ ਨੂੰ ਪਾਠਕਾਂ ਨੇ ਅਥਾਹ ਪਿਆਰ ਬਖ਼ਸ਼ਿਆ। ਇਕ ਬਾਬਾ ਜੀ ਤਾਂ ਛੇ ਮੀਲ ਸਾਇਕਲ ਚਲਾ ਕੇ ਮੈਨੂੰ ਪੰਜਾਹ ਡਾਲਰ ਦਾ ਚੈਕ ਵੀ ਦੇ ਕੇ ਗਏ। ਉਹ ਚੈਕ ਅੱਜ ਵੀ ਮੈਂ ਸੋਨੇ ਦੇ ਗਹਿਣਿਆਂ ਵਾਂਗ ਸਾਂਭ ਕੇ ਰੱਖਿਆ ਹੋਇਆ ਹੈ। ਇਹ ਬਾਬਾ ਜੀ ਸਾਬਕਾ ਫੌਜੀ ਸਨ ਅਤੇ ਮੇਰੇ ਪਿੰਡ ਵਿਚ ਦੀ ਲੰਘ ਕੇ ਆਪਣੇ ਨਾਨਕੇ ਪਿੰਡ ਜਾਂਦੇ ਸਨ। ਇਸ ਦੇ ਨਾਲ ਹੀ ਸਾਡੇ ਵਿਚਕਾਰ ਬੜੀ ਪੀਡੀ ਸਾਂਝ ਪੈ ਗਈ। ਬਾਬਾ ਜੀ ਲੇਖ ਪੜ੍ਹ ਕੇ ਸ਼ਾਬਾਸ਼ੇ ਦਿੰਦੇ ਤੇ ਨਾਲ ਕਹਿ ਛੱਡਦੇ, “ਹੁਣ ਤਾਂ ਚੈਕ ਕੈਸ਼ ਕਰਵਾ ਲੈ।” ਮੈਂ ਕਹਿ ਛੱਡਦਾ, “ਬਾਬਾ ਜੀ, ਇਹ ਚੈਕ ਨਹੀਂ, ਮੇਰੇ ਲਈ ਸਨਮਾਨ ਚਿੰਨ੍ਹ ਹੈ ਜੋ ਕਦੇ ਕੈਸ਼ ਨਹੀਂ ਕਰਵਾਏ ਜਾਂਦੇ।” ਇਸ ਚੈਕ ਦਾ ਜ਼ਿਕਰ ਮੈਂ ਅਪਰੈਲ 2012 ਦੀ ‘ਪੰਜਾਬ ਟਾਈਮਜ਼ ਨਾਈਟ’ ਮੌਕੇ ਸਟੇਜ ਤੋਂ ਬੋਲਦਿਆਂ ਵੀ ਕੀਤਾ ਸੀ। ਇਸ ਯਾਦ ਨੂੰ ਦੁਬਾਰਾ ਇਸ ਲਈ ਖੋਲ੍ਹ ਲਿਆ ਕਿਉਂਕਿ ਪਿਛਲੇ ਛੇ ਮਹੀਨਿਆਂ ਤੋਂ ਬਾਬਾ ਜੀ ਦਾ ਕੋਈ ਫੋਨ ਨਹੀਂ ਆਇਆ। ਮੈਨੂੰ ਇੰਜ ਲੱਗੇ ਜਿਵੇਂ ਕੋਈ ਮੇਰਾ ਆਪਣਾ ਮੈਥੋਂ ਬਹੁਤ ਦੂਰ ਚਲਾ ਗਿਆ ਹੋਵੇ। ਫੋਨ ਨੰਬਰ ਵੀ ਕੱਟਿਆ ਗਿਆ ਸੀ, ਫਿਰ ਚੈਕ ‘ਤੇ ਦਿੱਤਾ ਐਡਰੈਸ ਗੂਗਲ ‘ਤੇ ਪਾ ਕੇ ਸਰਚ ਕੀਤੀ।
ਐਡਰੈਸ ਕਿਸੇ ਅਪਾਰਟਮੈਂਟ ਦਾ ਸੀ। ਡੋਰ ਬੈਲ ਵਜਾਈ ਤਾਂ ਕੋਈ ਮੈਕਸੀਕਨ ਬਾਹਰ ਆਇਆ। ਉਸ ਨੇ ਦੱਸਿਆ ਕਿ ਉਹ ਉਥੇ ਚਾਰ ਮਹੀਨਿਆਂ ਤੋਂ ਰਹਿ ਰਿਹਾ ਹੈ। ਉਸ ਤੋਂ ਪਹਿਲਾਂ ਕੋਈ ਸਿੰਘ ਰਹਿੰਦਾ ਸੀ। ਉਸ ਨੇ ਮੇਰੇ ਪੁੱਛਣ ਤੋਂ ਪਹਿਲਾਂ ਹੀ ਦੱਸ ਦਿੱਤਾ।
“ਉਸ ਦੇ ਨਾਂ ਦਾ ਕੋਈ ਲੈਟਰ ਹੈ ਤੇਰੇ ਕੋਲੇ ਜੋ ਇਸ ਪਤੇ ‘ਤੇ ਆਇਆ ਹੋਵੇ।” ਮੈਂ ਬਾਬਾ ਜੀ ਦਾ ਟਿਕਾਣਾ ਪੱਕਾ ਸਮਝਦਿਆਂ ਪੁੱਛਿਆ। ਉਸ ਨੇ ਮੈਨੂੰ ਇਕ ਲੈਟਰ ਦਿੱਤਾ ਜਿਸ ਨਾਲ ਮੈਨੂੰ ਪੱਕਾ ਯਕੀਨ ਹੋ ਗਿਆ ਕਿ ਬਾਬਾ ਜੀ ਇਥੇ ਹੀ ਰਹਿੰਦੇ ਸੀ। ਉਸ ਦਿਨ ਤਾਂ ਕੁਝ ਪੱਲੇ ਨਾ ਪਿਆ, ਮੈਂ ਅਗਲੇ ਐਤਵਾਰ ਫਿਰ ਅਪਾਰਟਮੈਂਟ ਵਿਚ ਗੇੜਾ ਦਿੱਤਾ। ਪਾਰਕ ਕੀਤੀਆਂ ਕਾਰਾਂ ਤੋਂ ਪਤਾ ਲੱਗਿਆ ਕਿ ਉਥੇ ਹੋਰ ਪੰਜਾਬੀ ਵੀ ਰਹਿੰਦੇ ਹਨ। ਗੁਰਦੁਆਰਿਆਂ ਵਿਚ ਝੂਲਦੇ ਝੰਡੇ ਤੇ ਕਾਰਾਂ ਵਿਚ ਲਮਕਦੇ ਖੰਡੇ ਪੰਜਾਬੀਆਂ ਦੀ ਰਿਹਾਇਸ਼ ਦਾ ਪੱਕਾ ਸਬੂਤ ਹਨ। ਤੀਜੇ ਗੇੜੇ ਇਕ ਮਾਤਾ ਜੀ ਨੂੰ ਜਾ ਫਤਿਹ ਬੁਲਾਈ। ਪਹਿਲਾਂ ਤਾਂ ਮਾਤਾ ਜੀ ਇੰਜ ਡਰ ਗਏ ਜਿਵੇਂ ਪੰਜਾਬ ਵਿਚ ਪੰਜਾਬ ਪੁਲਿਸ ਕਿਸੇ ਤੋਂ ਕਿਸੇ ਦਾ ਘਰ ਪੁੱਛਦੀ ਹੁੰਦੀ ਹੈ ਤੇ ਬੰਦਾ ਦੱਸਣ ਲੱਗਿਆ ਡਰ ਜਾਂਦਾ ਹੈ। ਫਿਰ ਹੌਲੀ ਹੌਲੀ ਮਾਤਾ ਜੀ ਨੇ ਦੱਸਿਆ ਕਿ ਪੁੱਤ ਜਿਹੜੇ ਬਾਬੇ ਦੀ ਤੂੰ ਗੱਲ ਕਰਦਾ ਏਂ, ਉਹ ਤਾਂ ਪਿੰਡ ਗਿਆ ਸੁਰਗਵਾਸ ਹੋ ਗਿਆ ਹੈ। ਮਾਤਾ ਜੀ ਦੀ ਗੱਲ ਸੁਣ ਕੇ ਮੈਂ ਜਿਵੇਂ ਸੁੰਨ ਹੀ ਹੋ ਗਿਆ ਹੋਵਾਂ। ਮੈਨੂੰ ਲੱਗਿਆ ਜਿਵੇਂ ਦਾਦਾ ਜੀ ਅੱਜ ਫਿਰ ਸੁਰਗਵਾਸ ਹੋ ਗਏ ਹੋਣ। ਹੋਸ਼ ਗਵਾਚਣ ਤੋਂ ਬਚਾਉਂਦਾ ਹੋਇਆ ਮੈਂ ਫਿਰ ਮਾਤਾ ਜੀ ਤੋਂ ਪੁੱਛਿਆ, “ਤੁਸੀਂ ਬਾਬਾ ਜੀ ਬਾਰੇ ਕੀ ਜਾਣਦੇ ਹੋ, ਮੈਨੂੰ ਜ਼ਰੂਰ ਦੱਸੋ?” ਫਿਰ ਮਾਤਾ ਜੀ ਨੇ ਮੈਨੂੰ ਇੰਜ ਦੱਸਿਆ, “ਪੁੱਤ! ਬਾਬੇ ਦੇ ਇਥੇ ਤਿੰਨ ਪੁੱਤ ਹਨ ਤੇ ਦੋ ਧੀਆਂ। ਸਾਰੇ ਆਪੋ-ਆਪਣੀਂ ਥਾਈਂ ਰੰਗੀਂ ਵੱਸਦੇ ਹਨ। ਬਾਬਾ ਪੁਰਾਣਾ (ਸਾਬਕਾ) ਫੌਜੀ ਸੀ। ਇਕ ਤਾਂ ਇਸ ਦੀ ਆਪਣੀ ਜਨਾਨੀ ਸੀ, ਦੂਜੀ ਇਸ ਦੇ ਭਰਾ ਦੀ ਜਨਾਨੀ ਵੀ ਇਸ ਦੇ ਸਿਰ ਧਰ ਦਿੱਤੀ ਗਈ ਸੀ।
ਬਾਬਾ ਦੱਸਦਾ ਹੁੰਦਾ ਸੀ ਕਿ ਜਦੋਂ ਉਹ ਫੌਜ ਵਿਚ ਸੀ ਤਾਂ ਉਸ ਦਾ ਵਿਆਹ ਹੋ ਗਿਆ। ਛੋਟਾ ਭਰਾ ਥੋੜ੍ਹਾ ਜਿਹਾ ਝੱਲਾ ਸੀ, ਵਿਆਹ ਦੇ ਲਾਇਕ ਤਾਂ ਨਹੀਂ ਸੀ ਪਰ ਬੇਬੇ-ਬਾਪੂ ਨੇ ਧੱਕੇ ਨਾਲ ਹੀ ਕਿਸੇ ਗਰੀਬ ਘਰ ਦੀ ਧੀ ਵਿਆਹ ਲਿਆਂਦੀ। ਕੁੜੀ ਉਹ ਬਹੁਤ ਸੁਨੱਖੀ ਸੀ। ਰੱਬ ਦੀ ਮਰਜ਼ੀ ਸਾਲ ਪਿੱਛੋਂ ਭਰਾ ਖੂਹ ਵਿਚ ਡੁੱਬ ਕੇ ਮਰ ਗਿਆ ਤੇ ਉਸ ਦੀ ਘਰ ਵਾਲੀ ਉਸ (ਬਾਬੇ) ਸਿਰ ਬਿਠਾ ਦਿੱਤੀ। ਦੋਹਾਂ ਜਨਾਨੀਆਂ ਤੋਂ ਪੰਜ ਨਿਆਣੇ ਹੋਏ। ਉਸ ਫੌਜ ਦੀ ਨੌਕਰੀ ਪੂਰੀ ਵੀ ਨਾ ਕੀਤੀ ਤੇ ਪਿੰਡ ਆ ਕੇ ਵਾਹੀ ਕਰਨ ਲੱਗ ਪਿਆ। ਘਰ ਦੇ ਸਿਆੜਾਂ ਨਾਲ ਮਾਮਲੇ ‘ਤੇ ਲੈ ਕੇ ਗੱਡੀ ਤੋਰੀ ਗਿਆ। ਪੰਜ ਨਿਆਣੇ, ਦੋ ਤੀਵੀਆਂ! ਗੁਜ਼ਾਰਾ ਕਰਨ ਨੂੰ ਇਕੱਲੀ ਖੇਤੀ। ਹਾੜ੍ਹੀ-ਸਾਉਣੀ ਹਿਸਾਬ ਬਰਾਬਰ ਹੀ ਰਹਿੰਦਾ। ਸੋਚਦਾ, ਨਿਆਣੇ ਪਾਲ ਕੇ ਪੜ੍ਹਾ ਲਈਏ, ਫਿਰ ਆਪੇ ਸੁੱਖ ਦਾ ਸਾਹ ਦਿਵਾਉਣਗੇ। ਬੇਬੇ-ਬਾਪੂ ਥੋੜ੍ਹੇ ਸਮੇਂ ਵਿਚ ਹੀ ਪੂਰੇ ਹੋ ਗਏ। ਭੈਣਾਂ ਨੇ ਧੱਕੇ ਨਾਲ ਜਲੇਬੀਆਂ ਕਢਵਾਈਆਂ। ਸਵਾ ਸਵਾ ਕਿਲੋ ਜਲੇਬੀ, ਜੋ ਵੀ ਭੋਗ ‘ਤੇ ਆਇਆ, ਹਰ ਇਕ ਬੰਦੇ ਨੂੰ ਦਿੱਤੀ। ਭੈਣਾਂ ਨੇ ਤਾਂ ਸ਼ਰੀਕੇ ਵਿਚ ਆਪਣਾ ਨੱਕ ਰੱਖ ਲਿਆ, ਪਰ ਉਸ ਦਾ ਖਰਚੇ ਨੇ ਲੱਕ ਤੋੜ ਦਿੱਤਾ। ਉਲਟਾ ਕਹਿੰਦੀਆਂ ਅਸੀਂ ਕਿਹੜਾ ਬੇਬੇ-ਬਾਪੂ ਦੀ ਜ਼ਮੀਨ ਵੰਡਾ ਲਈ ਐ! ਫਿਰ ਭੈਣਾਂ ਦੇ ਜੰਮਣੇ-ਮਰਨੇ ਪੂਰਦਾ ਰਿਹਾ ਤਾਂ ਆਪਣੀ ਕਬੀਲਦਾਰੀ ਕੰਧਾਂ ਨਾਲੋਂ ਉਚੀ ਹੋ ਗਈ। ਵੱਡੇ ਪੁੱਤ ਸ਼ਿੰਦੇ ਨੂੰ ਕਿਹਾ-ਪੜ੍ਹ ਲੈ, ਕੋਈ ਅਫ਼ਸਰ ਲੱਗ ਜਾਈਂ। ਉਹ ਦਸ ਨਾ ਟੱਪਿਆ। ਆਖੇ-ਬਾਹਰ ਭੇਜੋ। ਫਿਰ ਦਿਲ ‘ਤੇ ਪੱਥਰ ਰੱਖ ਕੇ ਇਕ ਕਿੱਲੇ ‘ਤੇ ਕਾਟੀ ਫੇਰ ਦਿੱਤੀ ਤੇ ਸ਼ਿੰਦਾ ਇਥੇ ਆ ਗਿਆ। ਇਸ ਨੂੰ ਕਿਹਾ ਕਿ ਭਾਈ, ਆਪਣੇ ਸਾਰੇ ਛੋਟੇ ਭੈਣ ਭਰਾਵਾਂ ਨੂੰ ਆਪਣੇ ਕੋਲ ਸੱਦ ਲੈ। ਸ਼ਿੰਦਾ ਪਹਿਲਾਂ ਆਪ ਪੱਕਾ ਹੋਇਆ, ਫਿਰ ਇਥੇ ਹੀ ਵਿਆਹ ਕਰਵਾ ਲਿਆ। ਫਿਰ ਦੋਵੇਂ ਛੋਟੇ ਪੁੱਤ ਗੋਰਾ ਤੇ ਰਾਜੂ ਵੀ ਇਥੇ ਆ ਗਏ। ਦੋਵਾਂ ਧੀਆਂ ਦਾ ਵਿਆਹ ਉਥੇ ਕਰ ਦਿੱਤਾ। ਅਜੇ ਸ਼ਗਨਾਂ ਦੀਆਂ ਸ਼ਹਿਨਾਈਆਂ ਵੱਜਣ ਹੀ ਲੱਗੀਆਂ ਸਨ ਕਿ ਉਸ ਦੀ ਘਰ ਵਾਲੀ, ਦੂਜੀ ਨੂੰ ਕਬੀਲਦਾਰੀ ਦੀ ਕੁੰਜੀ ਸੰਭਾਲ ਕੇ ‘ਹੈ’ ਤੋਂ ‘ਸੀ’ ਹੋ ਗਈ। ਨਿਆਣਿਆਂ ਨੇ ਪਹਿਲਾਂ ਤਾਂ ਕਦੇ ਨਹੀਂ ਸੀ ਕਿਹਾ ਕਿ ਤੇਰੀ ਬੀਬੀ, ਮੇਰੀ ਬੀਬੀ ਪਰ ਵੱਡੀ ਬੀਬੀ ਦੇ ਜਾਣ ਤੋਂ ਬਾਅਦ ਨਿਆਣਿਆਂ ਵਿਚਾਲੇ ਜਿਵੇਂ ਚੰਡੀਗੜ੍ਹ ਦਾ ਮਸਲਾ ਖੜ੍ਹਾ ਹੋ ਗਿਆ ਸੀ। ਖ਼ੈਰ! ਥੋੜ੍ਹਾ ਬਹੁਤਾ ਤਾਂ ਘਰਾਂ ਵਿਚ ਚੱਲਦਾ ਹੀ ਹੈ। ਵੱਡੇ ਸ਼ਿੰਦੇ ਨੂੰ ਕਹਿ ਕੇ ਕੁੜੀਆਂ ਦੇ ਕਾਗ਼ਜ਼ ਵੀ ਭਰਾ ਦਿੱਤੇ। ਦੋਵੇਂ ਛੋਟੇ ਵੀ ਵਿਆਹ ਲਏ।
ਉਸ ਦੱਸਿਆ ਕਿ ਬਾਬੇ ਨੂੰ ਇੰਜ ਲੱਗਣ ਲੱਗਿਆ ਮੈਂ 65 ਤੇ 71 ਦੀਆਂ-ਦੋਵੇਂ ਲੜਾਈਆਂ ਹੀ ਜਿੱਤ ਗਿਆ ਹਾਂ। ਲੱਗੇ ਵੀ ਕਿਉਂ ਨਾ? ਤਿੰਨ ਪੁੱਤ ਅਮਰੀਕਾ ਵਿਚ ਤੇ ਦੋ ਧੀਆਂ ਅਮਰੀਕਾ ਆਉਣ ਲਈ ਪੂਰੀ ਤਿਆਰੀ ਵਿਚ ਬੈਠੀਆਂ ਸਨ। ਸ਼ਿੰਦੇ ਨੇ ਕਈ ਵਾਰ ਆਖਿਆ ਸੀ ਕਿ ਬਾਪੂ ਆ ਜਾæææਪੋਤੇ, ਪੋਤੀਆਂ ਦੇਖ ਜਾ। ਉਹ ਕਹਿ ਦਿੰਦਾ-ਦੋਹਤੇ, ਦੋਹਤੀਆਂ ਭੇਜ ਕੇ ਫਿਰ ਆਊਂਗਾ। ਫਿਰ ਬਾਬਾ ਜੀ ਨੇ ਸਾਰੀ ਕਬੀਲਦਾਰੀ ਅਮਰੀਕਾ ਭੇਜ ਦਿੱਤੀ ਤੇ ਦੋਵੇਂ ਜਣੇ ਇਥੇ ਆ ਗਏ। ਥੋੜ੍ਹਾ ਸਮਾਂ ਤਾਂ ਨਿਆਣਿਆਂ ਨੇ ਚੰਗਾ ਸਾਂਭੇ; ਫਿਰ ਵਿਚਾਰੇ ਬੋਰੀ-ਬਿਸਤਰਾ ਚੁੱਕ ਕੇ ਕਦੇ ਸ਼ਿੰਦੇ ਵੱਲ, ਤੇ ਕਦੇ ਗੋਰੇ ਵੱਲ ਤੁਰੇ ਰਹਿੰਦੇ। ਧੀਆਂ ਨੇ ਤਾਂ ਆਖ ਦਿੱਤਾ ਸੀ ਕਿ ਜਿਨ੍ਹਾਂ ਨੇ ਜ਼ਮੀਨ ਲੈਣੀ ਹੈ, ਉਹ ਆਪੇ ਸਾਂਭਣ ਮਾਪੇ। ਬਾਬੇ ਦੀ ਘਰ ਵਾਲੀ ਤਾਂ ਬਹੁਤਾ ਸਮਾਂ ਨਾ ਕੱਢ ਸਕੀ; ਉਹ ਤਾਂ ਵਿਚਾਰੀ ਇਥੇ ਹੀ ਪੂਰੀ ਹੋ ਗਈ।” ਮਾਤਾ ਜੀ ਨੇ ਅੱਖਾਂ ਪੂੰਝਦਿਆਂ ਮੈਨੂੰ ਚਾਹ ਦਾ ਕੱਪ ਫੜਾਇਆ।
“ਮਾਤਾ ਜੀ! ਬਾਬਾ ਜੀ, ਫਿਰ ਇਥੇ ਕਦੋਂ ਤੋਂ ਰਹਿੰਦੇ ਸੀ।” ਮੈਂ ਮਾਤਾ ਜੀ ਤੋਂ ਅਗਲੀ ਕਹਾਣੀ ਸੁਣਨ ਲਈ ਕਾਹਲਾ ਪੈਂਦਿਆਂ ਪੁੱਛਿਆ।
“ਆਥਣੇ ਬਾਬਾ ਜੀ ਇੱਥੇ ਸਾਡੇ ਕੋਲ ਆ ਕੇ ਦੁੱਖ-ਸੁੱਖ ਸਾਂਝਾ ਕਰ ਲੈਂਦੇ ਸਨ। ਘਰਵਾਲੀ ਦੀ ਮੌਤ ਨੇ ਬਾਬਾ ਜੀ ਨੂੰ ਜਿਵੇਂ ਮਾਰ ਹੀ ਸੁੱਟਿਆ ਹੋਵੇ। ਇਕ ਉਹ ਹੀ ਤਾਂ ਵਿਚਾਰੀ ਉਸ ਨਾਲ ਹਰ ਦੁੱਖ-ਸੁੱਖ ਵਿਚ ਨਾਲ ਖੜ੍ਹਦੀ ਰਹੀ। ਪੁੱਤਾਂ ਦੇ ਬੁਰੇ ਵਿਹਾਰ ਤੋਂ ਤੰਗ ਆ ਕੇ ਉਹ ਵੀ ਛੇਤੀ ਹੀ ਹੱਡ ਛੁਡਾ ਗਈ। ਜੇ ਉਹ ਸ਼ਿੰਦੇ ਘਰ ਰਹਿੰਦਾ ਤਾਂ ਉਸ ਦੇ ਬੱਚੇ ਕਹਿ ਦਿੰਦੇ, “ਓਲਡਮੈਨ ਬਹੁਤ ਖੰਘਦਾ ਹੈ।” ਉਸ ਦੀ ਘਰਵਾਲੀ ਕਹਿ ਦਿੰਦੀ, “ਸ਼ਿੰਦੇ ਦੇ ਡੈਡ ਵਿਚੋਂ ਬੜੀ ਗੰਦੀ ‘ਸਮੈਲ’ ਆਉਂਦੀ ਹੈ।” ਫਿਰ ਉਹ ਕਸੀਸ ਜਿਹੀ ਵੱਟ ਕੇ ਗੋਰੇ ਦੇ ਘਰ ਜਾਂਦਾ। ਉਸ ਦੇ ਬੱਚੇ ਕਹਿ ਦਿੰਦੇ ਕਿ ‘ਓਲਡਮੈਨ’ ਤੋਂ ਅਸੀਂ ਡਰਦੇ ਹਾਂ, ਇਹ ਪਤਾ ਨਹੀਂ ਮੂੰਹ ਵਿਚ ਕੀ ਪੜ੍ਹਦਾ ਰਹਿੰਦਾ ਹੈ? ਉਸ ਦੀ ਘਰਵਾਲੀ ਕਹਿ ਦਿੰਦੀ ਗੋਰੇ ਨੂੰ-ਜਾਂ ਤਾਂ ਬਾਪੂ ਰੱਖ ਲੈ, ਜਾਂ ਫਿਰ ਸਾਨੂੰ? ਗੋਰਾ ਬਾਪੂ ਵੱਲ ਪਿੱਠ ਕਰ ਲੈਂਦਾ। ਰਾਜੂ ਨੂੰ ਕਹਿੰਦਾ-ਪੁੱਤਰਾ! ਤੂੰ ਤਾਂ ਖਿਆਲ ਰੱਖ ਮੇਰਾ। ਉਹ ਅੱਗਿਓਂ ਕਹਿੰਦਾ-ਬਾਪੂ! ਇਹ ਅਮਰੀਕਾ ਹੈ। ਇੱਥੇ ਆਪ ਦਾ ਖਿਆਲ ਨਹੀਂ ਰੱਖ ਹੁੰਦਾ। ਪਤਾ ਨਹੀਂ ਲੱਗਦਾ ਕਦੋਂ ਸੰਡੇ ਲੰਘ ਗਿਆ ਤੇ ਕਦੋਂ ਫਰਾਈਡੇ ਆ ਗਿਆ। ਪੁੱਤਰਾਂ ਦੇ ਘਰਾਂ ਦੇ ਦਰਾਂ ਤੋਂ ਉਹ ਕੁੱਤਿਆਂ ਵਾਂਗ ਫਿਟਕਾਰਿਆਂ ਜਾਂਦਾ ਰਿਹਾ। ਕਿਸੇ ਸੱਜਣ ਦੀ ਮੱਦਦ ਨਾਲ ਉਹ ਸਿਟੀਜ਼ਨ ਹੋ ਗਿਆ ਤੇ ਉਹਨੂੰ ਥੋੜ੍ਹੇ ਬਹੁਤੇ ਪੈਸੇ ਮਿਲਣ ਲੱਗ ਗਏ। ਸਾਇਕਲ ‘ਤੇ ਹੀ ਹਰ ਥਾਂ ਜਾ ਆਉਂਦਾ। ਪਾਰਕ ਵਿਚ ਬੈਠ ਕੇ, ਤੇ ਘਰ ਵਿਚ ਅਖ਼ਬਾਰਾਂ ਪੜ੍ਹ ਕੇ ਦਿਨ ਲੰਘਾਉਂਦਾ ਰਹਿੰਦਾ। ਜ਼ਮੀਨ ਦੇ ਮਾਮਲੇ ਨਾਲ ਪਿੰਡ ਗੇੜਾ ਕੱਢ ਆਉਂਦਾ। ਸਾਇਕਲ ‘ਤੇ ਹੀ ਜਾ ਕੇ ਪੁੱਤ-ਧੀਆਂ ਨੂੰ ਦੇਖ ਆਉਂਦਾ ਤਾਂ ਮਨ ਟਿਕਿਆ ਰਹਿੰਦਾ। ਮਾਲੀ ਨੇ ਕਦੇ ਫੁੱਲਾਂ ਨਾਲ ਕੰਡਿਆਂ ਨੂੰ ਦੋਸ਼ੀ ਨਹੀਂ ਠਹਿਰਾਇਆ। ਬਜ਼ੁਰਗਾਂ ਨੇ ਪੁੱਤਾਂ ਨਾਲ ਨੂੰਹਾਂ ਨੂੰ ਵੀ ਧੀਆਂ ਸਮਝਿਆ ਹੈ ਪਰ ਨੂੰਹ ਧੀ ਬਣ ਹੀ ਨਾ ਸਕੀ। ਤਾਹੀਓਂ ਤਾਂ ਪੂਰੇ ਅਮਰੀਕਾ ਵਿਚ ਰਿਵਾਜ਼ ਹੀ ਪੈ ਗਿਆ, ਨੂੰਹ ਆਪਣੀ ਸੱਸ ਸਹੁਰਾ ਨਾਲ ਨਹੀਂ ਰੱਖਦੀ ਅਤੇ ਆਪਣੇ ਮਾਤਾ-ਪਿਤਾ ਨੂੰ ਅੱਖੋਂ ਪਰ੍ਹੇ ਨਹੀਂ ਕਰਨ ਦਿੰਦੀ। ਪਤਾ ਨਹੀਂ ਕਿਹੋ ਜਿਹਾ ਸਮਾਂ ਆ ਗਿਆ, ਜਿਵੇਂ ਆਪ ਬੁੱਢੇ ਨਾ ਹੋਣਾ ਹੋਵੇ।æææ” ਮਾਤਾ ਜੀ ਨੇ ਸਾਹ ਲੈਂਦਿਆਂ ਲੰਮਾ ਹਉਕਾ ਭਰਿਆ।
ਮਾਤਾ ਕਹਿਣ ਲੱਗੀ, ਬਾਬਾ ਜੀ ਦੱਸਦੇ ਸੀæææ”ਜਦੋਂ ਉਹ 75 ਸਾਲ ਦਾ ਹੋਇਆ ਤਾਂ ਸਾਰੇ ਪੁੱਤਾਂ ਦੇ ਫੋਨ ਆਏ ਕਿ ਬਾਪੂ ਜੀ ਤੁਹਾਡਾ ਜਨਮ ਦਿਨ ਮਨਾਉਣਾ ਹੈ, ਅਸੀਂ ਸਾਰਿਆਂ ਨੇ ਰਲ ਕੇ। ਤੁਸੀਂ ਤਿਆਰ ਰਹਿਣਾ। ਉਸ ਨੂੰ ਕੀ ਪਤਾ ਸੀ, 20 ਡਾਲਰ ਦੇ ਕੇਕ ਵਿਚ ਜ਼ਹਿਰ ਭਰੀ ਹੋਈ ਹੈ, ਜਿਹੜੀ ਉਸ ਦੀ ਜਿੰਦ ਜਾਨ ਜ਼ਮੀਨ ਨੂੰ ਖ਼ਤਮ ਕਰ ਦੇਵੇਗੀ। ਤਿੰਨਾਂ ਭਰਾਵਾਂ ਨੇ ਉਸ ਕੋਲੋਂ ਜ਼ਮੀਨ ਦੇ ਕਾਗਜ਼ਾਂ ‘ਤੇ ਦਸਤਖ਼ਤ ਕਰਵਾ ਲਏ। ਖਾਲੀ ਲਿਫ਼ਾਫੇ ਵਾਂਗ ਉਹ ਖੂੰਜਿਆਂ ਵਿਚ ਵੱਜਦਾ, ਉਥੇ ਪਹੁੰਚਿਆ ਜਿਥੇ ਉਹ ਇਕ ਫਿਜ਼ੀ ਦੇ ਪਰਿਵਾਰ ਨਾਲ ਰਹਿੰਦਾ ਸੀ। ਜਦੋਂ ਉਨ੍ਹਾਂ ਨੂੰ ਪੁੱਤਾਂ ਦੀ ਕਰਤੂਤ ਦੱਸੀ ਤਾਂ ਉਹ ਵੀ ਮੂੰਹ ਘੁੰਮਾ ਗਏ ਤੇ ਉਸ ਫਿਰ ਆਹ ‘ਲੋ-ਇਨਕਮ’ ਵਾਲੀ ਅਪਾਰਟਮੈਂਟ ਲੈ ਲਈ।” ਮਾਤਾ ਜੀ ਨੇ ਦੱਸਦਿਆਂ ਚੁੰਨੀ ਦਾ ਪੱਲਾ ਜਿਵੇਂ ਪਾਣੀ ਵਿਚ ਡੁੱਬੋ ਲਿਆ ਹੋਵੇ।
“ਮਾਤਾ ਜੀ, ਫਿਰ ਬਾਬਾ ਜੀ ਪਿੰਡ ਕਦੋਂ ਗਏ ਤੇ ਉਥੇ ਕੀ ਭਾਣਾ ਵਾਪਰਿਆ।” ਮੈਂ ਬਾਬਾ ਜੀ ਦੇ ਅੰਤਮ ਦਰਸ਼ਨਾਂ ਵਿਚ ਸ਼ਰੀਕ ਹੋਣਾ ਚਾਹੁੰਦਾ ਸੀ।
“ਪੁੱਤ! ਜਿਵੇਂ ਅਸੀਂ ਸੁਣਿਆ ਹੈ ਕਿ ਜਦੋਂ ਤੋਂ ਪੁੱਤਾਂ ਨੇ ਜ਼ਮੀਨ ਲਿਖਵਾ ਲਈ ਸੀ, ਉਦੋਂ ਤੋਂ ਹੀ ਮਰਨ ਦੇ ਰਾਹ ਤੁਰ ਪਿਆ ਸੀ। ਪਹਿਲਾਂ ਵਾਂਗ ਕੁਝ ਵੀ ਨਾ ਰਿਹਾ। ਪਾਰਕ ਜਾਣੋਂ ਹਟ ਗਿਆ ਅਖ਼ਬਾਰ ਲੈ ਆਉਂਦਾ ਤੇ ਪੜ੍ਹਦਾ ਰਹਿੰਦਾ। ਫਿਰ ਪਤਾ ਨਹੀਂ, ਦਿਲ ਵਿਚੋਂ ਕੀ ਉਬਾਲ ਉਠਿਆ, ਟਿਕਟ ਕਟਾ ਲਈ ਤੇ ਜਾਂਦਾ ਹੋਇਆ ਕਹਿ ਗਿਆ ਕਿ ਹੁਣ ਦੁਬਾਰਾ ਮੇਲੇ ਨਹੀਂ ਹੋਣਗੇ। ਮੈਂ ਆਪਣੀ ਮਿੱਟੀ ਵਿਚ ਹੀ ਮਿੱਟੀ ਹੋ ਜਾਣਾ ਹੈ। ਬੱਸ ਪੁੱਤ! ਦੋ ਮਹੀਨਿਆਂ ਬਾਅਦ ਪਤਾ ਲੱਗਿਆ ਕਿ ਰਾਤ ਨੂੰ ਸੁੱਤਾ ਤੇ ਫਿਰ ਉਠਿਆ ਨਹੀਂ। ਇਨ੍ਹਾਂ ‘ਚੋਂ ਤਾਂ ਕੋਈ ਨਹੀਂ ਗਿਆ ਸਸਕਾਰ ‘ਤੇ। ਭੋਗ ‘ਤੇ ਇਕ ਪੁੱਤ ਤੇ ਧੀ ਗਏ ਜਿਹੜੇ ਦੂਜੀ ਜਨਾਨੀ ਵਿਚੋਂ ਸਨ। ਫਿਰ ਇਕ ਦਿਨ ਬਾਬਾ ਜੀ ਦਾ ਪੁੱਤ ਅਪਾਰਟਮੈਂਟ ਵਿਚੋਂ ਸਾਮਾਨ ਚੁੱਕਣ ਆਇਆ। ਮੈਂ ਅਫਸੋਸ ਕਰਨ ਅੱਗੇ ਵਧੀ ਤਾਂ ਉਹ ਹੋਰ ਪਿੱਛੇ ਹਟ ਗਿਆ।” ਮਾਤਾ ਜੀ ਦਾ ਰੋਣ ਰੁਕ ਨਹੀਂ ਰਿਹਾ ਸੀ।
ਮੈਨੂੰ ਫਿਰ ਸਮਝ ਆਈ ਕਿ ਬਾਬਾ ਜੀ ਨੂੰ ਉਹ ਲੇਖ ਕਿਉਂ ਜ਼ਿਆਦਾ ਪਸੰਦ ਸੀ, ਕਿਉਂਕਿ ਜੋ ਕੁਝ ਬਾਬਾ ਜੀ ਨਾਲ ਵਾਪਰ ਰਿਹਾ ਸੀ, ਉਹੋ ਕੁਝ ਉਸ ਲੇਖ ਵਿਚ ਲਿਖਿਆ ਹੋਇਆ ਸੀ। ਮਾਤਾ ਜੀ ਤੋਂ ਆਗਿਆ ਲੈ ਕੇ ਉਠਣ ਲੱਗਿਆ ਤਾਂ ਮੂੰਹੋਂ ਅਚਾਨਕ ਨਿਕਲ ਗਿਆ, “ਮਾਤਾ ਜੀ, ਤੁਸੀਂ ਵੀ ਇੱਥੇ ਇਕੱਲੇ ਰਹਿੰਦੇ ਹੋ?”
“ਨਹੀਂ ਪੁੱਤ, ਉਹ ਦੇਖ ਮੇਰੇ ਸਿਰ ਦਾ ਸਾਈਂ ਅੰਦਰ ਪਿਆ।” ਅੰਦਰ ਸੱਤਰ ਸਾਲ ਦਾ ਬਜ਼ੁਰਗ ਬਿਸਤਰੇ ਉਤੇ ‘ਕੱਠਾ ਹੋਇਆ ਪਿਆ ਸੀ। ਮੈਨੂੰ ਸਮਝ ਹੀ ਨਹੀਂ, ਪੱਕਾ ਯਕੀਨ ਹੋ ਗਿਆ ਕਿ ਇਹ ਬੇਬੇ-ਬਾਪੂ ਵੀ ਬਾਬਾ ਜੀ ਵਾਲੀ ਧੁਰ ਦੀ ਟਿਕਟ ਦੀ ਉਡੀਕ ਵਿਚ ਦਿਨ ਕਟੀ ਕਰ ਰਹੇ ਹਨ। ਮਾਤਾ ਜੀ ਨੂੰ ਫਿਰ ਮਿਲਣ ਦਾ ਵਾਅਦਾ ਕਰ ਕੇ ਮੁੜਦਿਆਂ ਮੈਨੂੰ ਆਪਣੀ ਮਾਂ ਦੀ ਗੋਦੀ ਤੇ ਪਿਉ ਦਾ ਮੋਢਾ ਯਾਦ ਆ ਗਿਆ, ਜਿਨ੍ਹਾਂ ਨੇ ਮੇਰੇ ਲਈ ਸੰਘਰਸ਼ਮਈ ਜ਼ਿੰਦਗੀ ਨੂੰ ਪਿੱਠ ਨਹੀਂ ਦਿਖਾਈ। ਆਪਣੇ ਮਾਪਿਆਂ ਦਾ ਕਰਜ਼ ਉਤਾਰਨ ਲਈ ਸਾਨੂੰ ਕਈ ਜਨਮ ਲੈਣੇ ਪੈਣਗੇ।
Leave a Reply