ਤਾਨਾਸ਼ਾਹ ਦਾ ਖਾਕਾ: ਦਿ ਗਰੇਟ ਡਿਕਟੇਟਰ

ਡਾ. ਕੁਲਦੀਪ ਕੌਰ ਇਸ ਕਾਲਮ ਰਾਹੀਂ ਸੰਸਾਰ ਸਿਨੇਮਾ ਦੇ ਉਨ੍ਹਾਂ ਫਿਲਮਸਾਜ਼ਾਂ ਦੀ ਸਿਰਜਣਾ ਬਾਰੇ ਸੰਵਾਦ ਰਚਾ ਰਹੇ ਹਨ ਜਿਨ੍ਹਾਂ ਲਈ ਫਿਲਮਾਂ ਬਣਾਉਣਾ ਸਾਹ ਲੈਣ ਵਾਂਗ ਹੈ। ਐਤਕੀਂ ਸੰਸਾਰ ਪ੍ਰਸਿੱਧ ਫਿਲਮਸਾਜ਼ ਚਾਰਲੀ ਚੈਪਲਿਨ ਦੀ ਫਿਲਮ ‘ਦਿ ਗਰੇਟ ਡਿਕਟੇਟਰ’ ਬਾਰੇ ਚਰਚਾ ਕੀਤੀ ਗਈ ਹੈ। ਇਹ ਫਿਲਮ ਫਾਸ਼ੀਵਾਦ ‘ਤੇ ਤਿੱਖੀ ਟਿੱਪਣੀ ਹੈ ਅਤੇ ਫਿਲਮਸਾਜ਼ ਨੇ ਫਾਸ਼ੀਵਾਦ ਬਾਰੇ ਸਵਾਲ-ਦਰ-ਸਵਾਲ ਖੜ੍ਹੇ ਕੀਤੇ ਹਨ।

-ਸੰਪਾਦਕ

ਡਾ. ਕੁਲਦੀਪ ਕੌਰ
ਫੋਨ: +91-98554-04330

ਸੰਸਾਰ ਪ੍ਰਸਿੱਧ ਕਾਮੇਡੀਅਨ ਚਾਰਲੀ ਚੈਪਲਿਨ ਅਤੇ ਐਡੋਲਫ ਹਿਟਲਰ ਦਾ ਜਨਮ 1899 ਵਿਚ ਇਕੋ ਹਫਤੇ ਵਿਚ ਹੋਇਆ। ਉਹਨਾਂ ਵਿਚ ਸਭ ਤੋਂ ਵੱਡੀ ‘ਸਾਂਝ’ ਉਹਨਾਂ ਦੀਆਂ ਮੁੱਛਾਂ ਅਤੇ ਉਹਨਾਂ ਦਾ ਕੱਦ ਸੀ ਜਿਸ ਕਾਰਨ 1938 ਵਿਚ ਜਦੋਂ ਅਮਰੀਕੀ ਹਾਲੇ ਨਾਜ਼ੀ ਜਰਮਨੀ ਨਾਲ ਪਾਈ ਨਾਪਾਕ ਦੋਸਤੀ ਦਾ ਨਿੱਘ ਮਾਣ ਰਹੇ ਸਨ, ਚਾਰਲੀ ਚੈਪਲਿਨ ਨੇ ਆਪਣੇ ਕਰੀਅਰ ਅਤੇ ਜ਼ਿੰਦਗੀ ਵਿਚ ਫਿਲਮ ‘ਦਿ ਗਰੇਟ ਡਿਕਟੇਟਰ’ ਬਣਾ ਕੇ ਨਾ ਸਿਰਫ ਜਲਾਵਤਨੀ ਨੂੰ ਸੱਦਾ ਦਿੱਤਾ ਸਗੋਂ ਨਾਜ਼ੀਆਂ ਨੇ ਉਸ ਦੀ ਫਿਲਮਾਂ, ਦਫਤਰ ਤੇ ਘਰ ਨੂੰ ਵੀ ਤਹਿਸ-ਨਹਿਸ ਕਰ ਦਿੱਤਾ। ਇਸ ਫਿਲਮ ਨੂੰ ਬਣਾਉਣ ਤੱਕ ਚਾਰਲੀ ਚੈਪਲਿਨ ਅਦਾਕਾਰ, ਨਿਰਮਾਤਾ ਤੇ ਫਿਲਮਸਾਜ਼ ਵਜੋਂ ਸਿਨੇਮਾ ਵਿਚ ਇਤਿਹਾਸ ਰਚ ਚੁੱਕੇ ਸਨ ਅਤੇ ਉਹਨਾਂ ਨੂੰ ਸੁਹਿਰਦ ਤੇ ਮਾਨਵਤਾਵਾਦੀ ਕਲਾਕਾਰ ਦੇ ਤੌਰ ‘ਤੇ ਜਾਣਿਆ ਜਾਂਦਾ ਸੀ। ਫਿਰ ਉਹਨਾਂ ਨੇ ਇਸ ਫਿਲਮ ਰਾਹੀ ਆਪਣਾ ਕੀਮਤੀ ਕਰੀਅਰ ਇੱਥੋਂ ਤੱਕ ਕਿ ਆਪਣੀ ਜਾਨ ਤੱਕ ਨੂੰ ਖਤਰੇ ਵਿਚ ਕਿਉਂ ਪਾਇਆ? ਅੱਜ ਦੇ ਦੌਰ ਵਿਚ ਜਦੋਂ ਵੱਖੋ-ਵੱਖ ਮੁਲਕਾਂ ਵਿਚ ਫਿਰ ਤੋਂ ਨਵ-ਫਾਸ਼ੀਵਾਦ ਦੀ ਆਮਦ ਹੋ ਰਹੀ ਹੈ ਜਾਂ ਹੋ ਚੁੱਕੀ ਹੈ, ਤਾਂ ਚਾਰਲੀ ਚੈਪਲਿਨ ਦੀ ਇਸ ਫਿਲਮ ਨੂੰ ਯਾਦ ਕਰਨਾ ਫਾਸ਼ੀਵਾਦ ਦੀਆਂ ਪਰਤਾਂ ਨੂੰ ਸਮਝਣ ਅਤੇ ਉਸ ਖਿਲਾਫ ਸਾਂਝਾ ਮੁਹਾਜ਼ ਖੜ੍ਹਾ ਕਰਨ ਲਈ ਬੇਹੱਦ ਮਹੱਤਵਪੂਰਨ ਹੈ।
ਇਸ ਫਿਲ਼ਮ ਵਿਚ ਚਾਰਲੀ ਚੈਪਲਿਨ ਨੇ ਦੋ ਕਿਰਦਾਰ ਅਦਾ ਕੀਤੇ ਹਨ। 1938 ਤੱਕ ਅਜੇ ਹਿਟਲਰ ਦਾ ਖੂੰਖਾਰ ਤੇ ਤਾਨਾਸ਼ਾਹੀ ਵਾਲਾ ਰੂਪ ਉਘੜਨਾ ਸ਼ੁਰੂ ਨਹੀਂ ਹੋਇਆ ਸੀ। ਅਮਰੀਕਾ ਤੇ ਬਾਕੀ ਮੋਹਰੀ ਮੁਲਕਾਂ ਨੂੰ ਹਿਟਲਰ ਦੀ ਰਾਸ਼ਟਰੀਵਾਦੀ ਪਾਰਟੀ ਦੀਆਂ ਨੀਤੀਆਂ ਅਤੇ ਯੋਜਨਾਵਾਂ ਵਿਚ ਕੋਈ ਜ਼ਿਆਦਾ ਦਿੱਕਤ ਨਜ਼ਰ ਸੀ ਆ ਰਹੀ ਅਤੇ ਉਥੇ ਦੇ ਨਸਲਵਾਦੀ ਤੇ ਉਚ ਤਬਕਿਆਂ ਦਾ ਮੰਨਣਾ ਸੀ ਕਿ ਜਰਮਨੀ ਤੇ ਇਟਲੀ ਵਿਚ ਕੋਈ ਦਖਲ ਦੇਣ ਦੀ ਜ਼ਰੂਰਤ ਨਹੀਂ। ਇਸ ਫਾਸ਼ੀਵਾਦ ਦੇ ਉਭਰਨ ਦੀ ਸ਼ੁਰੂ ਦੇ ਦਿਨਾਂ ਵਿਚ ਹੀ ਚਾਰਲੀ ਚੈਪਲਿਨ ਨੇ ਇਸ ਫਿਲਮ ਬਣਾ ਕੇ ਸਾਬਿਤ ਕਰ ਦਿੱਤਾ ਕਿ ਉਸ ਨੇ ਦੂਰ-ਅੰਦੇਸ਼ ਕਲਾਕਾਰ ਵਾਂਗ ਆਉਣ ਵਾਲੇ ਭਿਅੰਕਰ ਦੌਰ ਨੂੰ ਪਹਿਲਾ ਹੀ ਭਾਂਪ ਲਿਆ ਸੀ। ਬਾਅਦ ਵਿਚ ਇੰਟਰਵਿਊ ਵਿਚ ਉਹ ਕਹਿੰਦਾ ਹੈ, “ਮੈਨੂੰ ਇਸ ਗੱਲ ਦਾ ਬਿਲਕੁਲ ਅੰਦਾਜ਼ਾ ਨਹੀਂ ਸੀ, ਇਹ ਸਭ ਇੰਨੇ ਬੁਰੇ ਰੂਪ ਵਿਚ ਵਾਪਰੇਗਾ। ਮੈਂ ਇਸ ਸਿਆਸਤ ਨੂੰ ਸਮਝਦਾ ਸੀ ਪਰ ਬਾਅਦ ਵਿਚ ਨਾਜ਼ੀ ਕੈਂਪਾਂ ਵਿਚ ਵਾਪਰੀਆਂ ਤਰਾਸਦੀਆਂ ਤੇ ਤਸੀਹਿਆਂ ਬਾਰੇ ਪੜ੍ਹਣ-ਸੁਣਨ ਤੋਂ ਬਾਅਦ ਮੈਨੂੰ ਲੱਗਿਆ ਕਿ ਮੈਂ ਤਾਂ ਇਸ ਦੇ ਖਿਲਾਫ ਕੁਝ ਵੀ ਨਹੀਂ ਕਰ ਸਕਿਆ।”
ਇਹ ਫਿਲਮ ਰਿਲੀਜ਼ ਹੁੰਦੇ ਸਾਰ ਹੀ ਸਪੇਨ, ਇਟਲੀ ਅਤੇ ਆਇਰਲੈਂਡ ਵਿਚ ਇਸ ਉਤੇ ਪਾਬੰਦੀ ਲੱਗ ਗਈ। ਪਾਬੰਦੀ ਦਾ ਸਭ ਤੋਂ ਵੱਡਾ ਕਾਰਨ ਇਸ ਵਿਚ ਮੌਜੂਦ ਇੱਕ ਖਾਸ ਭਾਸ਼ਣ ਸੀ ਜਿਹੜਾ ਟੁਕੜਿਆਂ-ਟੁਕੜਿਆਂ ਵਿਚ ਰੇਡੀਓ ਰਾਹੀ ਸਾਰੀ ਦੁਨੀਆ ਦੇ ਕੋਨਿਆਂ ਵਿਚ ਪਹੁੰਚਿਆ। ਇਸ ਭਾਸ਼ਣ ਨੇ ਸਿਆਸੀ ਤੌਰ ‘ਤੇ ਨਵੀਂ ਉਭਰ ਰਹੀ ਤਾਨਾਸ਼ਾਹੀ ਦੇ ਚਿੰਨ੍ਹਾਂ, ਬਿੰਬਾਂ ਤੇ ਸੰਕੇਤਾਂ ਤੇ ਨਾ ਸਿਰਫ ਸਿੱਧਾ ਵਾਰ ਕੀਤਾ ਸਗੋਂ ਇਹਨਾਂ ਦੇ ਪਿੱਛੇ ਕੰਮ ਕਰਦੀ ਵਿਚਾਰਧਾਰਾ ਤੇ ਸੋਚ ਨੂੰ ਵੀ ਨੰਗਿਆਂ ਕੀਤਾ। ਫਿਲਮ ਵਿਚ ਪਹਿਲੀ ਵਿਸ਼ਵ ਜੰਗ ਦੌਰਾਨ ਇੱਕ ਸੈਨਿਕ ਜਿਸ ਦਾ ਮੂਲ ਪੇਸ਼ਾ ਨਾਈ ਹੈ, ਇੱਕ ਜਰਮਨ ਪਾਇਲਟ ਸਚਿਉਲਿਟ ਦੀ ਜਾਨ ਬਚਾਉਂਦਾ ਹੈ ਜਦੋਂ ਕਿ ਉਸ ਨੂੰ ਇਸ ਗੱਲ ਦਾ ਇਲਮ ਤੱਕ ਨਹੀਂ ਕਿ ਉਹ ਅਸਲ ਵਿਚ ਉਸ ਦਾ ਦੁਸ਼ਮਣ ਹੈ। ਜਾਨ ਬਚਾਉਣ ਦੇ ਇਸ ਚੱਕਰ ਵਿਚ ਉਸ ਦੀ ਯਾਦ ਸ਼ਕਤੀ ਖੋ ਜਾਂਦੀ ਹੈ। ਪੂਰੇ ਵੀਹ ਸਾਲ ਤਕ ਉਸ ਨੂੰ ਪਤਾ ਹੀ ਨਹੀਂ ਸੀ ਕਿ ਉਹ ਕੌਣ ਹੈ। ਜਦੋਂ ਉਹ ਠੀਕ ਹੁੰਦਾ ਹੈ ਕਿ ਉਹ ਆਪਣੀ ਦੁਕਾਨ ਤੇ ਵਾਪਿਸ ਆਉਂਦਾ ਹੈ। ਉਥੇ ਆ ਕੇ ਆ ਕੇ ਉਸ ਨੂੰ ਪਤਾ ਲੱਗਦਾ ਹੈ ਕਿ ਮੁਲਕ ਵਿਚ ਹੈਕਲ ਨਾਮ ਦਾ ਤਾਨਾਸ਼ਾਹ ਸੱਤਾ ਹਥਿਆ ਚੁੱਕਾ ਹੈ ਅਤੇ ਉਸ ਦੀਆਂ ਫੌਜੀ ਟੁਕੜੀਆਂ ਸਾਰੇ ਮੁਲਕ ਵਿਚ ਹਰਲ-ਹਰਲ ਕਰਦੀਆਂ ਸ਼ਿਕਾਰੀ ਕੁੱਤਿਆਂ ਵਾਂਗ ਯਹੂਦੀਆਂ ਦਾ ਖੁਰਾ-ਖੋਜ ਮਿਟਾਉਣ ਲਈ ਤਾਹੂ ਹਨ। ਉਹਨਾਂ ਨੇ ਸ਼ਹਿਰਾਂ ਵਿਚ ਯਹੂਦੀਆਂ ਦੇ ਘਰਾਂ ਦੀ ਨਿਸ਼ਾਨਦੇਹੀ ਕਰ ਲਈ ਹੈ ਅਤੇ ਉਹ ਉਹਨਾਂ ਦੀ ਜੜ੍ਹ ਮੂਲੋਂ ਹੀ ਨਾਸ ਕਰਨ ਤੇ ਉਤਾਰੂ ਹਨ। ਜਰਮਨ ਪਾਇਲਟ ਸਚਿਉਲਿਟ ਉਸ ਦੀ ਦੁਕਾਨ ਤੇ ਹਮਲੇ ਸਮੇਂ ਉਸ ਨੂੰ ਪਛਾਣ ਲੈਂਦਾ ਹੈ ਅਤੇ ਉਸ ਦੀ ਜਾਨ ਬਚਾ ਲੈਂਦਾ ਹੈ। ਅੰਤ ਵਿਚ ਉਹਨਾਂ ਦੀ ਦੋਸਤੀ ਉਹਨਾਂ ਨੂੰ ਨਾਜ਼ੀ ਤਸੀਹਾ ਕੇਂਦਰ ਵਿਚ ਪੁਚਾ ਦਿੰਦਾ ਹੈ। ਇਸ ਦੌਰਾਨ ਹੀ ਕਿਸ਼ਤੀ ਦੀ ਇੱਕ ਦੁਰਘਟਨਾ ਹੋਣ ਦੌਰਾਨ ਤਾਨਾਸ਼ਾਹ ਗੁੰਮ ਹੋ ਜਾਂਦਾ ਹੈ ਤੇ ਉਸ ਨਾਈ ਨੂੰ ਸੈਨਿਕ ਤਾਨਾਸ਼ਾਹ ਸਮਝ ਲੈਂਦੇ ਹਨ। ਉਸ ਨੂੰ ਸੈਨਿਕਾਂ ਨੂੰ ਸੰਬੋਧਿਤ ਕਰਨ ਲਈ ਬੁਲਾਇਆ ਜਾਂਦਾ ਹੈ। ਇੱਥੇ ਉਹ ਅਜਿਹਾ ਭਾਸ਼ਣ ਦਿੰਦਾ ਹੈ ਜਿਹੜਾ ਤਾਨਾਸ਼ਾਹੀ ਦੇ ਖਿਲਾਫ ਨਵਾਂ ਵਿਰੋਧਾਤਮਿਕ ਸਿਧਾਂਤਕ ਢਾਂਚਾ ਖੜਾ੍ਹ ਕਰ ਦਿੰਦਾ ਹੈ। ਉਹ ਆਖਦਾ ਹੈ, “ਮੈਨੂੰ ਮੁਆਫ ਕਰਿਉ, ਮੈਂ ਬਾਦਸ਼ਾਹ ਨਹੀਂ ਬਣਨਾ ਚਾਹੁੰਦਾ। ਅਸਲ ਵਿਚ ਇਹ ਮੇਰਾ ਕੰਮ ਹੀ ਨਹੀਂ। ਮੈਂ ਕਿਸੇ ਨੂੰ ਜਿੱਤਣਾ ਨਹੀਂ ਚਾਹੁੰਦਾ, ਨਾ ਹੀ ਮੈਂ ਕਿਸੇ ਤੇ ਰਾਜ ਕਰਨਾ। ਮੈਂ ਤਾਂ ਸਭ ਦੀ ਮਦਦ ਕਰਨਾ ਚਾਹੁੰਦਾ। ਅਸੀਂ ਸਾਰੇ ਇੱਕ-ਦੂਜੇ ਦੀ ਮਦਦ ਕਰਨਾ ਚਾਹੁੰਦੇ ਹਾਂ। ਅਸੀਂ ਇਨਸਾਨ ਤਾਂ ਹੁੰਦੇ ਹੀ ਇੱਦਾਂ ਦੇ ਹਾਂ। ਅਸੀਂ ਦੂਜਿਆਂ ਦੀ ਖੁਸ਼ੀ ਜਿਊਣਾ ਚਾਹੁੰਦੇ ਹਾਂ, ਉਸ ਨੂੰ ਗਮਗੀਨ ਨਹੀਂ ਕਰ ਸਕਦੇ। ਅਸੀਂ ਇੱਕ-ਦੂਜੇ ਨਾਲ ਨਫਰਤ ਜਾਂ ਰੰਜ਼ ਰੱਖਣ ਲਈ ਪੈਂਦਾ ਹੀ ਨਹੀਂ ਹੋਏ। ਧਰਤੀ ਸਾਰਿਆਂ ਦੀ ਹੈ ਤੇ ਸਾਰਿਆਂ ਲਈ ਕਾਫੀ ਹੈ। ਜਿਊਣ ਦਾ ਰਸਤਾ ਤਾਂ ਬਹੁਤ ਖੂਬਸੂਰਤ ਹੈ ਪਰ ਸ਼ਾਇਦ ਅਸੀਂ ਹੀ ਰਸਤਾ ਭਟਕ ਚੁੱਕੇ ਹਾਂ। ਹਵਸ ਤੇ ਲਾਲਚ ਨੇ ਬੰਦੇ ਦੀ ਆਤਮਾ ਵਿਚ ਜ਼ਹਿਰ ਖੋਲ੍ਹ ਦਿੱਤਾ ਹੈ, ਦੁਨੀਆ ਵਿਚ ਨਫਰਤਾਂ ਦੀ ਵਾੜ ਕਰ ਦਿੱਤੀ ਹੈ, ਸਾਨੂੰ ਸਾਰਿਆਂ ਨੂੰ ਆਪਸੀ ਖੂਨ ਖਰਾਬੇ ਤੇ ਦਲਿੱਦਰਪੁਣੇ ਵਿਚ ਧੱਕ ਦਿੱਤਾ ਹੈ। ਸਾਡੇ ਕੋਲ ਮਸ਼ੀਨਾਂ ਨੇ ਪਰ ਅਸੀਂ ਧੜਾ-ਧੜ ਹੋਰ ਬਣਾ ਰਹੇ ਹਾਂ। ਸਾਡੇ ਗਿਆਨ ਨੇ ਸਾਨੂੰ ਸਨਕੀ ਬਣਾ ਧਰਿਆ ਹੈ। ਸਾਡੇ ਝੂਠਾਂ ਨੇ ਸਾਨੂੰ ਪੱਥਰ ਦਿਲ ਤੇ ਸਖਤ ਬਣਾ ਧਰਿਆ ਹੈ। ਅਸੀਂ ਸੋਚਦੇ ਬਹੁਤ ਹਾਂ, ਮਹਿਸੂਸ ਕੁਝ ਵੀ ਨਹੀਂ ਕਰਦੇ। ਮਸ਼ੀਨਾਂ ਤੋਂ ਵੱਧ ਸਾਨੂੰ ਮਾਨਵਤਾ ਦੀ ਜ਼ਰੂਰਤ ਹੈ। ਸਾਨੂੰ ਕੋਮਲਤਾ ਦੀ ਲੋੜ ਹੈ। ਸਾਨੂੰ ਸੁਹਿਰਦਤਾ ਦੀ ਲੋੜ ਹੈ। ਇਹਨਾਂ ਤੋਂ ਬਿਨਾ ਅਸੀਂ ਅਧੂਰੇ ਹਾਂ, ਹਿੰਸਕ ਹਾਂ ਤੇ ਸਾਰਾ ਕੁਝ ਗੁਆ ਬੈਠੇ ਹਾਂ। ਅੱਜ ਰੇਡੀਓ ਤੇ ਹਵਾਈ ਜ਼ਹਾਜ਼ ਨੇ ਸਾਨੂੰ ਆਪਸ ਵਿਚ ਜੋੜਿਆ ਹੈ। ਇਹ ਸਾਰੀਆਂ ਨਵੀਆਂ ਤਕਨੀਕਾਂ ਸਾਡੇ ਤੋਂ ਚੰਗਿਆਈ ਦੀ, ਆਪਸੀ ਸਾਂਝਾਂ ਦੀ ਤੇ ਏਕਤਾ ਦੀ ਮੰਗ ਕਰਦੀਆਂ ਹਨ। ਤੁਸੀਂ ਸਾਰੇ ਜੋ ਮੇਰੀ ਆਵਾਜ਼ ਸੁਣ ਰਹੇ ਹੋ: ਨਿਰਾਸ਼ ਨਾ ਹੋਵੇ। ਇਹ ਨਫਰਤਾਂ ਗੁਜ਼ਰ ਜਾਣਗੀਆਂ। ਤਾਨਾਸ਼ਾਹਾਂ ਨੇ ਮਰ ਜਾਣਾ ਤੇ ਲੋਕਾਂ ਦੀ ਤਾਕਤ ਵਾਪਸ ਉਹਨਾਂ ਕੋਲ ਮੁੜ ਆਉਂਣੀ ਹੈ। ਜਦੋਂ ਤੱਕ ਬੰਦਾ ਜਿਊਂਦਾ ਹੈ … ਆਜ਼ਾਦੀ ਦੀ ਚਿਣਗ ਨਹੀਂ ਬੁਝ ਸਕਦੀ।
ਪਿਆਰੇ ਸਿਪਾਹੀਓ, ਖੁਦ ਨੂੰ ਨਿਰੁੰਕਸ਼ਾਂ ਦੇ ਹਵਾਲੇ ਨਾ ਕਰੋ, ਜਿਹਨਾਂ ਨੇ ਤੁਹਾਨੂੰ ਗੁਲਾਮ ਬਣਾਇਆ ਹੋਇਆ ਹੈ, ਤੁਹਾਡੀਆਂ ਜ਼ਿੰਦਗੀਆਂ ਨੂੰ ਖਾਨਿਆਂ ਵਿਚ ਵੰਡ ਧਰਿਆ ਹੈ, ਜਿਹੜੇ ਦਿਨ-ਰਾਤ ਤੁਹਾਨੂੰ ਦੱਸਦੇ ਨੇ ਕਿ ਤੁਸੀਂ ਕੀ ਕਰਨਾ ਤੇ ਕੀ ਨਹੀਂ ਕਰਨਾ, ਕੀ ਸੋਚਣਾ ਤੇ ਕੀ ਨਹੀਂ ਸੋਚਣਾ। ਉਹ ਤੁਹਾਡੇ ਕੋਲੋਂ ਮੁਸ਼ੱਕਤਾਂ ਕਰਵਾਉਂਦੇ ਨੇ, ਖਾਲੀ ਪੇਟ ਰੱਖਦੇ ਨੇ, ਤੁਹਾਡੇ ਨਾਲ ਡੰਗਰਾਂ ਵਾਲਾ ਵਰਤਾਉ ਕਰਦੇ ਨੇ। ਇਹਨਾਂ ਗੈਰ-ਮਨੁੱਖੀ ਖਸਲਤ ਵਾਲੇ ਬੰਦਿਆਂ ਸਾਹਮਣੇ ਨਾ ਝੁਕੋ, ਇਹ ਮਸ਼ੀਨੀ ਨੇ, ਇਹਨਾਂ ਦੇ ਦਿਲ ਮਸ਼ੀਨੀ ਨੇ। ਤੁਸੀਂ ਮਸ਼ੀਨਾਂ ਨਹੀਂ ,ਤੁਸੀ ਡੰਗਰ ਨਹੀਂ, ਤੁਸੀਂ ਜਿਊਂਦੇ ਜਾਗਦੇ ਇਨਸਾਨ ਹੋ। ਨਫਰਤ ਸਿਰਫ ਉਹ ਕਰਦੇ ਨੇ ਜਿਹਨਾਂ ਨੇ ਕਦੇ ਪਿਆਰ ਨਹੀਂ ਕੀਤਾ। ਸਿਰਫ ਗੈਰ-ਮਨੁੱਖੀ ਦਿਲ ਪਿਆਰ ਨਹੀਂ ਕਰਦੇ।’
ਕਿਸੇ ਤਾਨਾਸ਼ਾਹ ਲਈ ਗੈਰ-ਮਨੁੱਖੀ ਹੋਣ ਤੋਂ ਵੱਡੀ ਗਾਲ ਕੀ ਹੋ ਸਕਦੀ ਹੈ? (ਨੋਟ: ਪੂਰਾ ਭਾਸ਼ਣ ਸੁਣਨ ਲਈ ਫਿਲਮ ਦੇਖੋ)