ਇਕ ਹੋਰ ਬੈਂਕ ਵਿੱਤੀ ਸੰਕਟ ‘ਚ ਘਿਰਿਆ

ਨਵੀਂ ਦਿੱਲੀ: ਨਿੱਜੀ ਖੇਤਰ ਦੇ ਇਕ ਹੋਰ ਬੈਂਕ ਲਕਸ਼ਮੀ ਵਿਲਾਸ ਬੈਂਕ ਨੂੰ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੇਸ਼ ਦੇ ਕੇਂਦਰੀ ਬੈਂਕ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਬੈਂਕ ਨੂੰ ਪੇਸ਼ ਆ ਰਹੀਆਂ ‘ਗੰਭੀਰ ਵਿੱਤੀ ਮੁਸ਼ਕਲਾਂ’ ਦਾ ਜ਼ਿਕਰ ਕਰਦਿਆਂ ਬੈਂਕ ਦੇ ਕੰਮ ਕਰਨ ਉਤੇ ਇਕ ਮਹੀਨੇ ਦੀ ਪਾਬੰਦੀ ਲਗਾ ਦਿੱਤੀ ਗਈ ਹੈ। ਆਰ.ਬੀ.ਆਈ. ਦੁਆਰਾ ਕੇਨਰਾ ਬੈਂਕ ਦੇ ਚੇਅਰਮੈਨ ਟੀਐਨ ਮਨੋਹਰਨ ਨੂੰ ਲਕਸ਼ਮੀ ਵਿਲਾਸ ਬੈਂਕ ਦਾ ਪ੍ਰਬੰਧਕ ਨਿਯੁਕਤ ਕਰਦਿਆਂ ਇਹ ਨਿਰਦੇਸ਼ ਦਿੱਤੇ ਗਏ ਹਨ ਕਿ

ਖਾਤਾਧਾਰਕ ਇਕ ਮਹੀਨੇ ਵਿਚ 25,000 ਰੁਪਏ ਤੋਂ ਜ਼ਿਆਦਾ ਪੈਸੇ ਨਹੀਂ ਕਢਵਾ ਸਕਣਗੇ। ਆਰ.ਬੀ.ਆਈ. ਨੇ ਇਸ ਬੈਂਕ ਦੇ ਡੀ.ਬੀ.ਐਸ਼ ਬੈਂਕ ਆਫ ਇੰਡੀਆ (ਜੋ ਡੀ.ਬੀ.ਐਸ਼ ਬੈਂਕ ਆਫ ਸਿੰਗਾਪੁਰ ਦੀ ਮਲਕੀਅਤ ਹੈ) ਨਾਲ ਏਕੀਕਰਨ ਨੂੰ ਮਨਜ਼ੂਰੀ ਵੀ ਦਿੱਤੀ ਹੈ। 1926 ਤੋਂ ਚੱਲ ਰਹੇ ਇਸ ਬੈਂਕ ਦਾ ਮੁੱਖ ਦਫਤਰ ਚੇਨਈ ਵਿਚ ਹੈ ਅਤੇ ਇਸ ਦਾ ਮੁੱਢਲਾ ਕਾਰਜ-ਖੇਤਰ ਤਾਮਿਲਨਾਡੂ ਵਿਚ ਸੀ। 1960ਵਿਆਂ ਤੋਂ ਇਸ ਬੈਂਕ ਦਾ ਕਾਰੋਬਾਰ ਵਧਣਾ ਸ਼ੁਰੂ ਹੋਇਆ ਅਤੇ 1970ਵਿਆਂ ਵਿਚ ਇਹ ਗੁਆਂਢੀ ਸੂਬਿਆਂ ਕੇਰਲ, ਕਰਨਾਟਕ ਅਤੇ ਆਂਧਰਾ ਪ੍ਰਦੇਸ਼ (ਹੁਣ ਤਿਲੰਗਾਨਾ ਤੇ ਸੀਮਾਂਧਰਾ) ਵਿਚ ਵੱਡੇ ਪੱਧਰ ਉਤੇ ਫੈਲਿਆ। ਇਸ ਨੇ ਵਿੱਤੀ ਪੱਖ ਤੋਂ ਮਹੱਤਵਪੂਰਨ ਕੇਂਦਰਾਂ ਮੁੰਬਈ, ਦਿੱਲੀ, ਕੋਲਕਾਤਾ ਅਤੇ ਹੋਰ ਸ਼ਹਿਰਾਂ ਵਿਚ ਵੀ ਕਾਰੋਬਾਰ ਸ਼ੁਰੂ ਕੀਤਾ। ਇਸ ਸਮੇਂ ਇਸ ਬੈਂਕ ਦੀਆਂ ਵੱਖ ਵੱਖ ਸੂਬਿਆਂ ਵਿਚ 550 ਤੋਂ ਜ਼ਿਆਦਾ ਬਰਾਂਚਾਂ ਅਤੇ 1000 ਤੋਂ ਜ਼ਿਆਦਾ ਏ.ਟੀ.ਐਮ. ਹਨ। 2019 ਵਿਚ ਇਸ ਬੈਂਕ ਅਤੇ ਘਰ ਖਰੀਦਣ ਤੇ ਬਣਾਉਣ ਲਈ ਕਰਜ਼ੇ ਦੇਣ ਵਾਲੀ ਉੱਘੀ ਕੰਪਨੀ ‘ਇੰਡੀਆ ਬੁੱਲਜ਼’ ਦਾ ਏਕੀਕਰਨ ਹੋ ਗਿਆ।
ਪਿਛਲੇ ਸਮੇਂ ਵਿਚ ਨਾ ਸਿਰਫ ਪੰਜਾਬ ਐਂਡ ਮਹਾਰਾਸ਼ਟਰਾ ਕੋਆਪਰੇਟਿਵ ਬੈਂਕ ਅਤੇ ਯੈੱਸ ਬੈਂਕ ਜਿਹੇ ਬੈਂਕਾਂ, ਜਿਨ੍ਹਾਂ ਦਾ ਪ੍ਰਬੰਧ ਨਿੱਜੀ ਖੇਤਰ ਦੇ ਪ੍ਰਬੰਧਕਾਂ ਕੋਲ ਹੈ, ਨੂੰ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਗੋਂ ਆਈ.ਸੀ.ਆਈ.ਸੀ.ਆਈ. ਬੈਂਕ ਦੀ ਇਕ ਪ੍ਰਮੁੱਖ ਅਧਿਕਾਰੀ ਨਿਵੇਸ਼ ਕਰਨ ਦੇ ਘਪਲੇ ਵਿਚ ਦੋਸ਼ਾਂ ਦਾ ਸਾਹਮਣਾ ਵੀ ਕਰ ਰਹੀ ਹੈ। ਸਭ ਤੋਂ ਵੱਡੀ ਮੁਸ਼ਕਲ ਮੱਧ ਅਤੇ ਨਿਮਨ ਵਰਗ ਦੇ ਖਾਤਾਧਾਰਕਾਂ ਨੂੰ ਪੇਸ਼ ਆਉਂਦੀ ਹੈ ਜਿਨ੍ਹਾਂ ਨੇ ਆਪਣੀ ਮਿਹਨਤ ਦੀ ਕਮਾਈ ਅਜਿਹੇ ਬੈਂਕਾਂ ਵਿਚ ਜਮ੍ਹਾਂ ਕਰਾਈ ਹੁੰਦੀ ਹੈ। ਆਰ.ਬੀ.ਆਈ. ਇਨ੍ਹਾਂ ਬੈਂਕਾਂ ‘ਤੇ ਨਿਗਾਹਬਾਨੀ ਕਰਨ ਵਾਲੀ ਸੰਸਥਾ ਹੈ। ਮੁੱਖ ਪ੍ਰਸ਼ਨ ਇਹ ਹੈ ਕਿ ਹੁਣ ਤੱਕ ਅਜਿਹੇ ਵਿੱਤੀ ਸੰਦ ਜਾਂ ਮਾਪਦੰਡ ਕਿਉਂ ਨਹੀਂ ਬਣਾਏ ਜਾ ਸਕੇ ਜਿਨ੍ਹਾਂ ਤੋਂ ਨਿੱਜੀ ਜਾਂ ਜਨਤਕ ਖੇਤਰ ਦੇ ਬੈਂਕਾਂ ਉਤੇ ਆਉਣ ਵਾਲੇ ਵਿੱਤੀ ਸੰਕਟਾਂ ਦਾ ਅਗਾਊਂ ਪਤਾ ਲੱਗ ਸਕੇ।