ਆਖਰਕਾਰ ਜਮਹੂਰੀਅਤ ਜਿੱਤੀ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਖਰਕਾਰ ਆਪਣੀ ਹਾਰ ਸਵੀਕਾਰ ਕਰ ਲਈ ਹੈ ਅਤੇ ਆਪਣੇ ਪ੍ਰਸ਼ਾਸਨ ਨੂੰ ਇਹ ਸੁਨੇਹਾ ਦੇ ਦਿੱਤਾ ਹੈ ਕਿ ਇਹ ਸੱਤਾ ਤਬਦੀਲੀ ਦੀ ਪ੍ਰਕਿਰਿਆ ਹੁਣ ਚਾਲੂ ਕਰ ਦੇਵੇ। ਯਾਦ ਰਹੇ ਕਿ ਡੋਨਲਡ ਟਰੰਪ ਵੋਟਾਂ ਦੀ ਗਿਣਤੀ ਦੇ ਮਸਲੇ ਨੂੰ ਲੈ ਕੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ ਤੋਂ ਹਾਰ ਸਵੀਕਾਰਨ ਤੋਂ ਆਕੀ ਹੋ ਗਿਆ ਸੀ। ਕੁਝ ਕੁ ਰਿਪਬਲਿਕਨ ਆਗੂਆਂ ਨੇ ਇਸ ਮਸਲੇ ‘ਤੇ ਉਸ ਦੀ ਸਹਿੰਦੀ-ਸਹਿੰਦੀ ਨੁਕਤਾਚੀਨੀ ਕੀਤੀ ਸੀ ਪਰ ਕੁਝ ਰਿਬਪਲਿਕਨ ਟਰੰਪ ਦੀ ਹਮਾਇਤ ‘ਤੇ ਵੀ ਆ ਗਏ ਸਨ। ਇਸ ਮੋੜ ‘ਤੇ ਆ ਕੇ ਅਮਰੀਕਾ ਦੀ ਜਮਹੂਰੀਅਤ ਉਤੇ ਸਵਾਲ ਉਠਣੇ ਸ਼ੁਰੂ ਹੋ ਗਏ ਸਨ। ਮੀਡੀਆ ਅੰਦਰ ਪਿਛਲੇ ਸਮੇਂ ਦੌਰਾਨ ਵਾਪਰੀਆਂ ਅਜਿਹੀਆਂ ਘਟਨਾਵਾਂ ਦੇ ਜ਼ਿਕਰ ਦੇ ਨਾਲ-ਨਾਲ ਭਵਿੱਖ ਦੀਆਂ ਨੀਤੀਆਂ-ਰਣਨੀਤੀਆਂ ਬਾਰੇ ਵੀ ਬਹਿਸ-ਮੁਬਾਹਿਸੇ ਆਰੰਭ ਹੋ ਗਏ ਸਨ।

ਉਂਜ, ਇਨ੍ਹਾਂ ਚੋਣਾਂ ਤੋਂ ਐਨ ਪਹਿਲਾਂ ਵੀ ਸਿਆਸੀ ਵਿਸ਼ਲੇਸ਼ਕ ਇਹ ਖਦਸ਼ਾ ਜ਼ਾਹਿਰ ਕਰ ਰਹੇ ਸਨ ਕਿ ਪੂਰੇ ਚਾਰ ਸਾਲ ਆਪਣੇ ਕਾਰਜਕਾਲ ਦੌਰਾਨ ਆਪਣੀ ਮਨਮਰਜ਼ੀ ਕਰਨ ਵਾਲਾ ਟਰੰਪ ਥੋੜ੍ਹੀ ਕੀਤੇ ਵ੍ਹਾਈਟ ਹਾਊਸ ਛੱਡੇਗਾ ਨਹੀਂ। ਬਹੁਤ ਸਾਰੇ ਅਜਿਹੇ ਤੱਥ ਵਾਰੀ-ਵਾਰੀ ਸਾਹਮਣੇ ਆ ਰਹੇ ਸਨ ਜਿਸ ਤੋਂ ਇਨ੍ਹਾਂ ਵਿਸ਼ਲੇਸ਼ਕਾਂ ਦਾ ਖਦਸ਼ਾ ਨਿਰਮੂਲ ਨਹੀਂ ਸੀ ਜਾਪਦਾ। ਚੋਣ ਮੁਹਿੰਮ ਦੌਰਾਨ ਹੀ ਸੁਪਰੀਮ ਕੋਰਟ ਦੀ ਇਕ ਜੱਜ ਦੀ ਮੌਤ ਤੋਂ ਬਾਅਦ ਟਰੰਪ ਨੇ ਜਿੰਨੀ ਤੇਜ਼ੀ ਨਾਲ ਨਵੀਂ ਜੱਜ ਦੀ ਨਿਯੁਕਤੀ ਕੀਤੀ, ਉਸ ਨੂੰ ਵੀ ਟਰੰਪ ਦੇ ਸੱਤਾ ਨਾਲ ਚਿੰਬੜੇ ਰਹਿਣ ਦੀ ਕੋਸ਼ਿਸ਼ ਨਾਲ ਹੀ ਜੋੜ ਕੇ ਦੇਖਿਆ ਜਾ ਰਿਹਾ ਸੀ। ਉਂਜ, ਇਸ ਦੇ ਨਾਲ ਹੀ ਇਹ ਵਿਚਾਰ ਵੀ ਆ ਰਹੇ ਸਨ ਕਿ ਅਮਰੀਕਾ ਅੰਦਰ ਵੱਖ-ਵੱਖ ਸੰਸਥਾਵਾਂ ਅੰਦਰ ਇੰਨੀ ਕੁ ਜਮਹੂਰੀਅਤ ਅਜੇ ਹੈ ਕਿ ਟਰੰਪ ਅਜਿਹੀ ਤਾਨਾਸ਼ਾਹੀ ਚਲਾ ਨਹੀਂ ਸਕੇਗਾ। ਹੁਣ ਵੀ ਇਨ੍ਹਾਂ ਜਮਹੂਰੀ ਸੰਸਥਾਵਾਂ ਦਾ ਹੀ ਦਬਾਅ ਸੀ ਕਿ ਉਸ ਨੂੰ ਆਪਣੀ ਹਾਰ ਸਵੀਕਾਰ ਕਰਨੀ ਪਈ।
ਡੋਨਲਡ ਟਰੰਪ ਦੀ ਥਾਂ ਜੋਅ ਬਾਇਡਨ ਵਲੋਂ ਕਮਾਨ ਸੰਭਾਲਣ ਨਾਲ ਭਾਵੇਂ ਸਮੁੱਚੇ ਅਮਰੀਕੀ ਸਿਸਟਮ ਨੂੰ ਤਾਂ ਬਹੁਤਾ ਫਰਕ ਨਹੀਂ ਪਵੇਗਾ ਪਰ ਪਿਛਲੇ ਚਾਰ ਦੌਰਾਨ ਟਰੰਪ ਨੇ ਆਪਣੀ ਸੱਜੇ ਪੱਖੀ ਸਿਆਸਤ ਰਾਹੀਂ ਅਮਰੀਕੀ ਸਮਾਜ ਵਿਚ ਜੋ ਵੰਡੀਆਂ ਪਾ ਦਿੱਤੀਆਂ ਸਨ, ਉਸ ਨੂੰ ਠੱਲ੍ਹ ਜ਼ਰੂਰ ਪਵੇਗੀ। ਇਸੇ ਕਰ ਕੇ ਸਿਆਸੀ ਵਿਸ਼ਲੇਸ਼ਕਾਂ ਵਲੋਂ ਵਾਰ-ਵਾਰ ਇਹੀ ਰਾਏ ਆ ਰਹੀ ਸੀ ਕਿ ਇਸ ਵਾਰ ਟਰੰਪ ਦੇ ਹਾਰਨ ਅਤੇ ਬਾਇਡਨ ਦੀ ਜਿੱਤ ਦੇ ਮਾਅਨੇ ਪਹਿਲੀਆਂ ਚੋਣਾਂ ਤੋਂ ਬਹੁਤ ਵੱਖਰੇ ਹਨ। ਮੁਲਕ ਪੱਧਰ ਉਤੇ ਹੀ ਨਹੀਂ, ਟਰੰਪ ਨੇ ਕੌਮਾਂਤਰੀ ਪੱਧਰ ਉਤੇ ਵੀ ਆਪਣੇ ਕਈ ਫੈਸਲਿਆਂ ਨਾਲ ਗੜਬੜਾਂ ਪੈਦਾ ਕੀਤੀਆਂ ਜਾਂ ਘੱਟੋ-ਘੱਟ ਅਗਾਂਹ ਗੜਬੜਾਂ ਹੋਣ ਲਈ ਰਾਹ ਖੋਲ੍ਹਿਆ। ਸੰਸਾਰ ਸਿਹਤ ਸੰਸਥਾ (ਡਬਲਿਊ.ਐਚ.ਓ.) ਅਤੇ ਵਾਤਾਵਰਨ ਨਾਲ ਜੁੜੀ ਪੈਰਿਸ ਸੰਧੀ ਵਿਚੋਂ ਬਾਹਰ ਆਉਣ ਨੂੰ ਇਸ ਖਾਨੇ ਵਿਚ ਸਹਿਜੇ ਹੀ ਰੱਖਿਆ ਜਾ ਸਕਦਾ ਹੈ। ਪਰਮਾਣੂ ਮੁੱਦੇ ਉਤੇ ਇਰਾਨ ਨਾਲ ਜਿਸ ਤਰ੍ਹਾਂ ਨਜਿੱਠਣ ਦਾ ਯਤਨ ਕੀਤਾ ਗਿਆ, ਉਸ ਨਾਲ ਵੀ ਸੰਸਾਰ ਪੱਧਰ ‘ਤੇ ਤਣਾਅ ਵਧਣ ਦੇ ਖਦਸ਼ੇ ਸਨ ਜੋ ਅਜੇ ਵੀ ਖਤਮ ਨਹੀਂ ਹੋਏ। ਇਹੀ ਨਹੀਂ, ਚੀਨ ਨਾਲ ਵਪਾਰਕ ਪੱਧਰ ‘ਤੇ ਜਿਸ ਢੰਗ ਨਾਲ ਵਿਹਾਰ ਕਰਨਾ ਚਾਹੀਦਾ ਸੀ, ਉਹ ਕੀਤਾ ਹੀ ਨਹੀਂ ਗਿਆ ਸਗੋਂ ਕਰੋਨਾ ਵਾਇਰਸ ਦਾ ਬਹਾਨਾ ਬਣਾ ਕੇ ਲੋਕਾਂ ਨੂੰ ਗੁਮਰਾਹ ਕਰਨ ਅਤੇ ਆਪਣੀ ਪਿਛਾਂਹਖਿੱਚੂ ਸਿਆਸਤ ਕਰਨ ਦਾ ਯਤਨ ਹੀ ਕੀਤਾ ਗਿਆ। ਹੁਣ ਜਦੋਂ ਜੋਅ ਬਾਇਡਨ 20 ਜਨਵਰੀ ਨੂੰ ਸਹੁੰ ਚੁੱਕ ਕੇ ਮੁਲਕ ਦੀ ਕਮਾਨ ਸੰਭਾਲਣਗੇ ਤਾਂ ਇਸ ਲਿਹਾਜ਼ ਨਾਲ ਨਵੀਂ ਸ਼ੁਰੂਆਤ ਹੋਵੇਗੀ। ਦੂਜੇ ਬੰਨੇ ਸੱਤਾ ਤੋਂ ਵੱਖ ਹੋਣ ਤੋਂ ਬਾਅਦ ਡੋਨਲਡ ਟਰੰਪ ਦੀਆਂ ਸਮੱਸਿਆਵਾਂ ਵਿਚ ਵਾਧਾ ਹੋ ਸਕਦਾ ਹੈ। ਕੁਝ ਕਾਰੋਬਾਰੀ ਮਸਲਿਆਂ ‘ਤੇ ਉਨ੍ਹਾਂ ਖਿਲਾਫ ਕੇਸ ਚੱਲ ਸਕਦਾ ਹੈ ਕਿਉਂਕਿ ਰਾਸ਼ਟਰਪਤੀ ਹੁੰਦਿਆਂ ਉਨ੍ਹਾਂ ਖਿਲਾਫ ਕੇਸ ਚਲਾਉਣ ਤੋਂ ਛੋਟ ਮਿਲੀ ਹੋਈ ਸੀ। ਦੂਜੇ, ਉਸ ਦੀਆਂ ਆਮਦਨ ਰਿਟਰਨਾਂ ਦਾ ਮਸਲਾ ਚਾਰ ਸਾਲ ਬਾਅਦ ਵੀ ਜਿਉਂ ਦਾ ਤਿਉਂ ਹੈ। ਇਹ ਮਸਲਾ ਵੀ ਹੁਣ ਉਸ ਨੂੰ ਨਜਿੱਠਣਾ ਪਵੇਗਾ।
ਨਵੇਂ ਰਾਸ਼ਟਰਪਤੀ ਬਾਇਡਨ ਨੇ ਆਪਣੇ ਕਾਰਜਕਾਲ ਦੀ ਤਿਆਰੀ ਚੋਣ ਨਤੀਜੇ ਆਉਣ ਦੇ ਨਾਲ ਹੀ ਆਰੰਭ ਕਰ ਦਿੱਤੀ ਸੀ। ਕਰੋਨਾ ਸੰਕਟ ਨੂੰ ਉਸ ਨੇ ਬਾਕਾਇਦਾ ਤਰਜੀਹ ਦਿੱਤੀ ਹੈ ਅਤੇ ਆਪਣੀ ਟੀਮ ਨਾਲ ਕੰਮ ਵੀ ਸ਼ੁਰੂ ਕਰ ਦਿੱਤਾ ਹੈ। ਕਰੋਨਾ ਮਹਾਮਾਰੀ ਦੀ ਸਭ ਤੋਂ ਵੱਧ ਅਮਰੀਕਾ ਵਿਚ ਹੀ ਪਈ ਹੈ। ਮੁਲਕ ਵਿਚ ਹੁਣ ਤੱਕ ਸਵਾ ਕਰੋੜ ਤੋਂ ਉਪਰ ਮਰੀਜ਼ ਰਿਕਾਰਡ ‘ਤੇ ਆ ਚੁੱਕੇ ਹਨ ਅਤੇ ਮੌਤਾਂ ਦੀ ਗਿਣਤੀ ਵੀ ਢਾਈ ਲੱਖ ਤੋਂ ਉਪਰ ਚਲੀ ਗਈ ਹੈ। ਇਸ ਨਾਲ ਮੁਲਕ ਦੀ ਆਰਥਕਿਤਾ ਨੂੰ ਵੀ ਵੱਡੀ ਢਾਹ ਲੱਗੀ ਹੈ। ਜ਼ਾਹਿਰ ਹੈ ਕਿ ਨਵੇਂ ਰਾਸ਼ਟਰਪਤੀ ਬਾਇਡਨ ਅੱਗੇ ਕਈ ਫਰੰਟਾਂ ‘ਤੇ ਚੁਣੌਤੀਆਂ ਹਨ। ਉਹ ਬਰਾਕ ਓਬਾਮਾ ਦੇ ਅੱਠ ਸਾਲਾਂ ਦੇ ਕਾਰਜਕਾਲ ਦੌਰਾਨ ਮੁਲਕ ਦੇ ਉਪ ਰਾਸ਼ਟਰਪਤੀ ਰਹੇ ਹਨ। ਇਸ ਲਈ ਕਿਹਾ ਜਾ ਰਿਹਾ ਹੈ ਕਿ ਬਰਾਕ ਓਬਾਮਾ ਵਾਲਾ ਯੁੱਗ ਇਕ ਵਾਰ ਫਿਰ ਬਦਲਵੇਂ ਰੂਪ ਵਿਚ ਆ ਰਿਹਾ ਹੈ। ਬਾਇਡਨ ਨੇ ਉਸ ਦੌਰਾਨ ਨਾਲ ਜੁੜੇ ਆਗੂਆਂ ਦੀਆਂ ਸੇਵਾਵਾਂ ਲੈ ਕੇ ਇਸ ਬਾਰੇ ਸਪਸ਼ਟ ਸੁਨੇਹਾ ਵੀ ਦੇ ਦਿੱਤਾ ਹੈ। ਬਿਨਾ ਸ਼ੱਕ, ਬਰਾਕ ਓਬਾਮਾ ਨੇ ਆਪਣੇ ਕਾਰਜਕਾਲ ਦੌਰਾਨ ਆਪਣੀ ਵੱਖਰੀ ਪਛਾਣ ਬਣਾਈ ਸੀ। ਹੁਣ ਦੇਖਣਾ ਇਹ ਹੈ ਕਿ ਜੋਅ ਬਾਇਡਨ ਆਪਣੇ ਆਕਾ ਤੋਂ ਕਿੰਨੇ ਕਦਮ ਅਗਾਂਹ ਜਾਂਦੇ ਹਨ! ਉਂਜ, ਬਹੁਤ ਸਾਰੇ ਮਾਮਲਿਆਂ ਵਿਚ ਇਹ ਤੱਥ ਤਾਂ ਸਾਫ ਹੈ ਕਿ ਡੋਨਲਡ ਟਰੰਪ ਨੇ ਪਿਛਲੇ ਚਾਰ ਸਾਲਾਂ ਦੌਰਾਨ ਜਿਸ ਤਰ੍ਹਾਂ ਜਮਹੂਰੀ ਸੰਸਥਾਵਾਂ ਨੂੰ ਆਪਣੇ ਢੰਗ ਨਾਲ ਚਲਾਉਣ ਸੀ ਕੋਸ਼ਿਸ਼ ਕੀਤੀ ਸੀ, ਉਸ ਨਿਘਾਰ ਨੂੰ ਠੱਲ੍ਹ ਪਵੇਗੀ। ਤੱਥ ਇਹ ਵੀ ਹੈ ਕਿ ਅਮਰੀਕੀ ਸਿਸਟਮ ਅੰਦਰ ਬਹੁਤ ਸਾਰੇ ਫੈਸਲਿਆਂ ਉਤੇ ਕਾਰਪੋਰੇਟ ਜਗਤ ਦਾ ਸਿੱਧਾ-ਅਸਿੱਧਾ ਅਸਰ ਹੁੰਦਾ ਹੈ ਪਰ ਆਸ ਕਰਨੀ ਚਾਹੀਦੀ ਹੈ ਕਿ ਜੋਅ ਬਾਇਡਨ ਅਹਿਮ ਕੌਮੀ ਅਤੇ ਕੌਮਾਂਤਰੀ ਮਸਲਿਆਂ ਨੂੰ ਰਵਾਂ ਕਰਨਗੇ ਅਤੇ ਅਵਾਮ ਨੂੰ ਕਰੋਨਾ ਤੇ ਹੋਰ ਅਜਿਹੀਆਂ ਔਕੜਾਂ ਤੋਂ ਰਾਹਤ ਮਿਲੇਗੀ।