ਜਥੇਦਾਰਾਂ ਦਾ ਕਬਿੱਤ!

ਖਾਣ ਲਈ ‘ਬੁਰਕੀਆਂ’ ਦੀ ਕੁੱਤਾ-ਝਾਕ ਰੱਖਦੇ ਜੋ, ਉਨ੍ਹਾਂ ਨੇ ‘ਗੁਲਾਮੀ-ਜੂਲ਼ਾ’ ਹੱਸ ਹੱਸ ਸਹਿਣਾ ਏ।
ਪੰਥ ਤੇ ਪੰਜਾਬ ਨਾਲ ਕਰਨਾ ਪਿਆਰ ਜਿਨ੍ਹਾਂ, ਉਨ੍ਹਾਂ ਕੌਮਘਾਤੀਆਂ ਦੇ ਨਾਲ ਸਦਾ ਖਹਿਣਾ ਏ।
ਖੂਹ ਦੇ ਵਿਚੋਂ ਡਿੱਗੀ ਬਿੱਲੀ ਜਦੋਂ ਤਾਈਂ ਕੱਢੀਏ ਨਾ, ਉਦੋਂ ਤੱਕ ਪਾਣੀ ‘ਚੋਂ ਮੁਸ਼ਕ ਆਉਂਦਾ ਰਹਿਣਾ ਏ।
‘ਸਿੰਘ ਹਰਪ੍ਰੀਤ’ ਕੋਈ ਬਣੇ ‘ਲਵਪ੍ਰੀਤ’ ਨਵਾਂ, ਉਹਨੂੰ ‘ਗੁਰਬਚਨ ਸਿੰਘ’ ਬਣਨਾ ਹੀ ਪੈਣਾ ਏ।
ਕੌਮ ਦਾ ‘ਹਿਤੈਸ਼ੀ’ ਚਾਹੇ ਬਣ ਬਣ ਦੱਸੀ ਜਾਵੇ, ਅੰਦਰੋਂ ਸਮਝ ਲਿਉ ‘ਬਾਦਲਾਂ ਦਾ ਗਹਿਣਾ’ ਏ।
ਸੱਤਵੇਂ ਆਕਾਸ਼ ਤੱਕ ਚੜ੍ਹਿਆ ਗਰੂਰ ਜਿਹੜਾ, ‘ਕੱਠੇ ਹੋਣ ਦਰਦੀ ਤਦੇ ਹੀ ਥੱਲੇ ਲਹਿਣਾ ਏਂ!